BalrajSidhu7“ਭਾਰਤੀਆਂ ਵਾਸਤੇ ਰਾਹਤ ਦੀ ਗੱਲ ਇਹ ਹੈ ਕਿ ਆਮ ਅਮਰੀਕਨ ਉਹਨਾਂ ਨੂੰ ...”
(14 ਮਾਰਚ 2017)

 

ਅਮਰੀਕਾ ਵਿੱਚ ਭਾਰਤੀਆਂ ਖਾਸ ਤੌਰ ’ਤੇ ਸਿੱਖਾਂ ਖਿਲਾਫ 9-11 ਦੇ ਹਮਲਿਆਂ ਬਾਅਦ ਸ਼ੁਰੂ ਹੋਈ ਹਿੰਸਾ ਹੁਣ ਵਿਕਰਾਲ ਰੂਪ ਧਾਰਨ ਕਰ ਗਈ ਹੈ। ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਅਤੇ ਮੁਸਲਮਾਨਾਂ ਦੇ ਖਿਲਾਫ ਅੱਗ ਉੱਗਲਦੇ ਬਿਆਨਾਂ ਕਾਰਨ ਨਸਲਵਾਦੀ ਗ੍ਰੋਹਾਂ ਦੇ ਹਮਲਿਆਂ ਵਿੱਚ ਕਈ ਗੁਣਾ ਵਾਧਾ ਹੋ ਗਿਆ ਹੈ। ਰੋਜ਼ਾਨਾ ਕਿਸੇ ਨਾ ਕਿਸੇ ਭਾਰਤੀ ’ਹਮਲੇ ਦੀ ਖਬਰ ਆ ਰਹੀ ਹੈ। 23 ਫਰਵਰੀ ਨੂੰ ਸਾਫਟਵੇਅਰ ਇੰਜੀਨੀਅਰ ਸ੍ਰੀਨਿਵਾਸ ਕੁੱਚੀਭੋਤਲਾ ਨੂੰ ਕਤਲ ਅਤੇ ਉਸ ਦੇ ਦੋਸਤ ਅਲੋਕ ਨੂੰ ਜ਼ਖਮੀ ਨੂੰ ਕਰ ਦਿੱਤਾ ਗਿਆ। ਹਮਲਾਵਰ ਨੇ ਉਹਨਾਂ ਨੂੰ ਗੋਲੀਆਂ ਮਾਰਨ ਤੋਂ ਪਹਿਲਾਂ ਨਸਲਵਾਦੀ ਟਿੱਪਣੀਆਂ ਕੀਤੀਆਂ ਤੇ ਗਾਲ੍ਹਾਂ ਦਿੱਤੀਆਂ ਕਿ ਮੇਰੇ ਦੇਸ਼ ਵਿੱਚੋਂ ਦਫਾ ਹੋ ਜਾਉ। ਇਸ ਤੋਂ 10 ਦਿਨ ਬਾਅਦ 3 ਮਾਰਚ ਨੂੰ ਸਾਊਥ ਕੈਰੋਲਾਈਨਾ ਦੇ ਲੈਂਕੈਸਟਰ ਸ਼ਹਿਰ ਵਿੱਚ ਜਨਰਲ ਸਟੋਰ ਚਲਾਉਣ ਵਾਲੇ ਹਾਰਨਿਸ਼ ਪਟੇਲ ਦੀ ਉਸ ਦੇ ਘਰ ਦੇ ਨਜ਼ਦੀਕ ਹੱਤਿਆ ਕਰ ਦਿੱਤੀ ਗਈ ਅਤੇ ਹੁਣ 4 ਫਰਵਰੀ ਨੂੰ ਵਾਸ਼ਿੰਗਟਨ ਨੇੜਲੇ ਕੈਂਟ ਸ਼ਹਿਰ ਵਿੱਚ ਇੱਕ ਸਿੱਖ ਨੌਜਵਾਨ ਨੂੰ ਇੱਕ ਗੋਰੇ ਹਮਲਾਵਰ ਨੇ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ।

ਅਮਰੀਕਾ ਵਿੱਚ ਭਾਰਤੀ ਸਦੀਆਂ ਤੋਂ ਰਹਿ ਰਹੇ ਹਨ ਤੇ ਉਦੋਂ ਤੋਂ ਹੀ ਨਸਲੀ ਹਿੰਸਾ ਦੇ ਸ਼ਿਕਾਰ ਹਨ। ਭਾਵੇਂ ਸਾਰੇ ਗੋਰੇ ਵੀ ਪ੍ਰਵਾਸੀ ਹੀ ਹਨ ਪਰ ਉਹ ਅਮਰੀਕਾ ’ਤੇ ਆਪਣਾ ਵੱਧ ਅਧਿਕਾਰ ਸਮਝਦੇ ਹਨ। 1917 ਦੇ ਵਿਤਕਰੇ ਭਰੇ ਇੰਮੀਗਰੇਸ਼ਨ ਐਕਟ ਨੇ ਭਾਰਤੀਆਂ ਲਈ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨੀ ਬਹੁਤ ਮੁਸ਼ਕਿਲ ਕਰ ਦਿੱਤੀ ਸੀ। 1923 ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਭਾਰਤੀਆਂ ਦੇ ਅਮਰੀਕਨ ਨਾਗਰਿਕਤਾ ਹਾਸਲ ਕਰਨ ’ਤੇ ਪਾਬੰਦੀ ਲਗਾ ਦਿੱਤੀ ਕਿ ਉਹ ਆਪਣੀ ਨਸਲ ਅਤੇ ਰੰਗਤ ਕਾਰਨ ਅਮਰੀਕੀ ਨਾਗਰਿਕ ਬਣਨ ਦੇ ਯੋਗ ਨਹੀਂ ਹਨ। ਉਸ ਸਮੇਂ ਅਨੇਕਾਂ ਅਮਰੀਕੀ ਅਖਬਾਰਾਂ ਨੇ ਵੱਡੀ ਗਿਣਤੀ ਵਿੱਚ ਭਾਰਤੀਆਂ ਦੇ ਅਮਰੀਕਾ ਪ੍ਰਵਾਸ ਕਰਨ ਨੂੰ ਹਿੰਦੂ ਇਨਵੇਸ਼ਨ ਅਤੇ ਟਰਬਨ ਟਾਈਡ ਦਾ ਨਾਮ ਦੇ ਦਿੱਤਾ ਸੀ। ਇਸ ਤਰ੍ਹਾਂ ਦਰਸਾਇਆ ਗਿਆ ਜਿਵੇਂ ਹਿੰਦੂ-ਸਿੱਖ ਅਮਰੀਕਾ ’ਤੇ ਕਬਜ਼ਾ ਕਰਨ ਲਈ ਆ ਰਹੇ ਹੋਣ। ਇਸ ਦਾ ਆਮ ਅਮਰੀਕੀਆਂ ਦੇ ਮਨ ’ਤੇ ਬੁਰਾ ਪ੍ਰਭਾਵ ਪਿਆ। ਫਲਸਵਰੂਪ ਭਾਰਤੀਆਂ ਨੂੰ ਸ਼ਹਿਰਾਂ ਵਿੱਚੋਂ ਦਰ ਬਦਰ ਕੀਤਾ ਗਿਆ, ਜਗ੍ਹਾ ਜਗ੍ਹਾ ’ਤੇ ਕੁੱਟਿਆ ਗਿਆ ਤੇ ਗੋਰੀਆਂ ਔਰਤਾਂ ਨਾਲ ਵਿਆਹ ਕਰਾਉਣ ਵਾਲੇ ਭਾਰਤੀਆਂ ਨੂੰ ਕੈਦ ਕਰ ਦਿੱਤਾ ਗਿਆ। ਉਹਨਾਂ ਨੂੰ ਮਜਬੂਰਨ ਕਾਲੀ ਵਸੋਂ ਵਾਲੇ ਇਲਾਕਿਆਂ ਵਿੱਚ ਸ਼ਰਣ ਲੈ ਕੇ ਰਹਿਣਾ ਪਿਆ। 1980ਵਿਆਂ ਵਿੱਚ ਨਿਊ ਜਰਸੀ ਸੂਬੇ ਵਿੱਚ ਇੱਕ ਡਾਟ ਬਸਟਰ ਨਾਮਕ ਨਸਲਵਾਦੀ ਗ੍ਰੋਹ ਕੰਮ ਕਰਦਾ ਸੀ। ਉਹ ਭਾਰਤੀ ਔਰਤਾਂ ਦੀ ਬਿੰਦੀ ਨੂੰ ਡਾਟ ਕਹਿੰਦੇ ਸਨ ਤੇ ਭਾਰਤੀ ਘਰਾਂ ਦੀ ਪਹਿਚਾਣ ਕਰ ਕੇ ਕਾਰਾਂ ਅਤੇ ਘਰਾਂ ਦੇ ਸ਼ੀਸ਼ੇ ਭੰਨ ਦੇਂਦੇ ਸਨ। ਭਾਰਤੀਆਂ ਵੱਲੋਂ ਕੀਤੇ ਜਾਣ ਵਾਲੇ ਵਿਆਹ ਆਦਿ ਸਮਾਗਮਾਂ ਵਿੱਚ ਖੱਲਲ ਪਾਇਆ ਜਾਂਦਾ ਸੀ ਤੇ ਬਿੰਦੀ ਲਗਾਉਣ ਵਾਲੀਆਂ ਔਰਤਾਂ ਨੂੰ ਛੇੜਖਾਨੀ ਕਰ ਕੇ ਪਰੇਸ਼ਾਨ ਕੀਤਾ ਜਾਂਦਾ ਸੀ। ਉਹ ਚਾਹੁੰਦੇ ਸਨ ਕਿ ਭਾਰਤੀ ਨਿਊ ਜਰਸੀ ਸੂਬਾ ਛੱਡ ਜਾਣ।

ਪਰ ਹੌਲੀ ਹੌਲੀ ਅਮਰੀਕੀ ਇੰਮੀਗਰੇਸ਼ਨ ਕਾਨੂੰਨ ਨਰਮ ਹੋਣ ਲੱਗੇ ਤੇ ਕੰਪਿਊਟਰ ਯੁੱਗ ਆਉਣ ਕਾਰਨ ਭਾਰਤੀ ਸਾਫਟਵੇਅਰ, ਸਿਆਸਤ, ਵਪਾਰ ਅਤੇ ਨੌਕਰੀਆਂ ਆਦਿ ’ਤੇ ਛਾ ਗਏ। ਪਰ ਉਸਾਮਾ ਬਿਨ ਲਾਦੇਨ ਦੇ ਅੱਤਵਾਦੀਆਂ ਵੱਲੋਂ ਵਰਲਡ ਟਰੇਡ ਸੈਂਟਰ ’ਤੇ 9 ਸਤੰਬਰ 2001 (9-11) ਨੂੰ ਕੀਤੇ ਹਮਲੇ ਤੋਂ ਬਾਅਦ ਸਥਿਤੀ ਖਾਸ ਤੌਰ ’ਤੇ ਸਿੱਖਾਂ ਲਈ ਬਹੁਤ ਮੁਸ਼ਕਿਲ ਹੋ ਗਈਪਗੜੀ ਅਤੇ ਦਾੜ੍ਹੀ ਕੇਸਾਂ ਕਾਰਨ ਸਿੱਖਾਂ ਨੂੰ ਅਰਬੀ ਸਮਝਿਆ ਜਾਣ ਲੱਗਾ। ਇਸ ਹਿੰਸਾ ਦਾ ਸਭ ਤੋਂ ਪਹਿਲਾ ਸ਼ਿਕਾਰ ਹੋਣ ਵਾਲਾ ਵਿਅਕਤੀ 52 ਸਾਲਾ ਪੈਟਰੌਲ ਪੰਪ ਮਾਲਕ ਬਲਬੀਰ ਸਿੰਘ ਸੋਢੀ ਸੀ। ਉਸ ਦੀ ਅਰਬੀ ਸਮਝ ਕੇ 42 ਸਾਲਾ ਨਸਲਵਾਦੀ ਗੋਰੇ ਫਰੈਂਕ ਸਿਲਵਾ ਨੇ 15 ਸਤੰਬਰ 2001 ਵਾਲੇ ਦਿਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਫਰੈਂਕ ਸਿਲਵਾ ਹੁਣ ਇਸ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਹਿੰਦੂ ਮੰਦਰਾਂ ਅਤੇ ਗੁਰਦਵਾਰਿਆਂ ’ਤੇ ਹਮਲੇ ਆਮ ਹਨ। ਅਗਸਤ 2012 ਨੂੰ ਇੱਕ ਨਸਲਵਾਦੀ ਗੋਰੇ ਨੇ ਹਮਲਾ ਕਰ ਕੇ ਵਿਸਕਾਨਸਨ ਗੁਰੁਦਵਾਰੇ ਵਿੱਚ 6 ਸਿੱਖਾਂ ਨੂੰ ਕਤਲ ਕਰ ਦਿੱਤਾ ਤੇ ਆਪ ਵੀ ਆਤਮ ਹੱਤਿਆ ਕਰ ਲਈ।

ਹੁਣ ਤੱਕ ਨਸਲੀ ਹਮਲਿਆਂ ਵਿੱਚ 15 ਤੋਂ ਵੱਧ ਭਾਰਤੀ ਹਿੰਦੂ-ਸਿੱਖ ਮਾਰੇ ਜਾ ਚੁੱਕੇ ਹਨ ਤੇ ਦਰਜ਼ਨਾਂ ਜ਼ਖਮੀ ਹੋਏ ਹਨ। ਸਕੂਲਾਂ ਵਿੱਚ ਭਾਰਤੀ ਬੱਚਿਆਂ ਨੂੰ ਗੋਰੇ ਬੱਚਿਆਂ ਤੋਂ ਮਜ਼ਾਕ ਅਤੇ ਅਪਮਾਨ ਸਹਿਣਾ ਪੈਂਦਾ ਹੈ। ਅਨੇਕਾਂ ਮੰਦਰ ਅਤੇ ਗੁਰਵਾਰਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਉਹਨਾਂ ’ਤੇ ਨਸਲੀ ਨਾਹਰੇ ਅਤੇ ਗੈੱਟ ਆਊਟ ਆਦਿ ਲਿਖਿਆ ਜਾ ਚੁੱਕਾ ਹੈ। ਆਮ ਗੋਰਿਆਂ ਨੂੰ ਐਨੀ ਸਮਝ ਨਹੀਂ ਕਿ ਸਿੱਖ ਅਤੇ ਅਰਬੀ ਅਲੱਗ ਅਲੱਗ ਹਨ। ਇੱਥੋਂ ਤੱਕ ਕਿ ਕਈ ਹਾਲੀਵੱਡ ਫਿਲਮਾਂ ਵਿੱਚ ਕੰਮ ਕਰਨ ਵਾਲੇ ਮਸ਼ਹੂਰ ਅਮਰੀਕਨ ਸਿੱਖ ਮਾਡਲ ਵਾਰਸ ਆਹਲੂਵਾਲੀਆ ਨੂੰ ਵੀ ਅਰਬੀ ਸਮਝਿਆ ਜਾਂਦਾ ਹੈ। ਉਸ ਦੇ ਪੋਸਟਰਾਂ ’ਤੇ ਵੀ ਨਸਲਵਾਦੀ ਨਾਅਰੇ ਲਿਖੇ ਜਾ ਚੁੱਕੇ ਹਨ।

ਅਜਿਹੇ ਹਮਲੇ ਵਧਣ ਵਿੱਚ ਟਰੰਪ ਦੀਆਂ ਗਲਤ ਨੀਤੀਆਂ ਦਾ ਬਹੁਤ ਵੱਡਾ ਹੱਥ ਹੈ। ਪਰ ਸ੍ਰੀਨਿਵਾਸ ਦੇ ਕਤਲ ਨੇ ਇਸ ਸਬੰਧੀ ਅੰਤਰ ਰਾਸ਼ਟਰੀ ਬਹਿਸ ਛੇੜ ਦਿੱਤੀ ਹੈ ਤੇ ਟਰੰਪ ਦੀਆਂ ਨੀਤੀਆਂ ਦੀ ਨਿਖੇਧੀ ਹੋ ਰਹੀ ਹੈ। ਅਮਰੀਕਾ ਦੀ ਨਸਲੀ ਹਮਲਿਆਂ ’ਤੇ ਨਿਗਾਹ ਰੱਖਣ ਵਾਲੀ ਇੱਕ ਸੰਸਥਾ ਸਾਊਦਰਨ ਪਾਵਰਟੀ ਲਾਅ ਸੈਂਟਰ ਨੇ ਰਿਪੋਰਟ ਦਿੱਤੀ ਹੈ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਨਸਲੀ ਹਮਲਿਆਂ ਵਿੱਚ 10% ਦਾ ਵਾਧਾ ਹੋਇਆ ਹੈ। ਅਮਰੀਕਾ ਵਿੱਚ ਪਹਿਲਾਂ ਨਸਲੀ ਝਗੜਿਆਂ-ਹਮਲਿਆਂ ਦੀ ਔਸਤ 7-8 ਰੋਜ਼ਾਨਾ ਸੀ ਜੋ ਹੁਣ 200 ਤੱਕ ਵਧ ਗਈ ਹੈ। ਟਰੰਪ ਦੇ ਸੌਂਹ ਚੁੱਕਣ ਦੇ ਪਹਿਲੇ 9 ਦਿਨਾਂ ਵਿੱਚ ਪ੍ਰਵਾਸੀਆਂ ’ਤੇ (ਭਾਰਤੀਆਂ ਸਮੇਤ) 867 ਹਮਲੇ ਹੋਏ। ਕਈ ਕੇਸਾਂ ਵਿੱਚ ਫਸਾਦੀਆਂ ਨੇ ਟਰੰਪ ਦਾ ਨਾਮ ਖੁੱਲ੍ਹ ਕੇ ਜਪਿਆ। ਨਿਊ ਯਾਰਕ ਪੁਲਿਸ ਦੇ ਚੀਫ ਡਿਟੈਕਟਿਵ ਰਾਬਰਟ ਬੌਇਸ ਨੇ ਕਿਹਾ ਹੈ ਕਿ ਟਰੰਪ ਦੇ ਸਹੁੰ ਚੁੱਕਣ ਤੋਂ ਬਾਅਦ ਨਿਊਯਾਰਕ ਵਿੱਚ ਨਸਲੀ ਹਮਲਿਆਂ ਵਿੱਚ 115% ਦਾ ਵਾਧਾ ਹੋਇਆ ਹੈ। ਪਰ ਇਹ ਅੰਕੜਾ ਹੁਣ ਘਟ ਰਿਹਾ ਹੈ ਤੇ ਟਰੰਪ ਪੱਖੀ ਨਸਲਵਾਦੀ ਗ੍ਰੋਹਾਂ ਦਾ ਜੋਸ਼ ਵੀ ਮੱਠਾ ਪੈਂਦਾ ਜਾ ਰਿਹਾ ਹੈ।

ਟਰੰਪ ਨੇ ਭਾਵੇਂ ਨਸਲਵਾਦੀ ਹਮਲਿਆਂ ਦੀ ਨਿਖੇਧੀ ਕੀਤੀ ਹੈ ਪਰ ਉਸ ਦੇ ਮੁਸਲਮਾਨਾਂ ਖਿਲਾਫ ਲਗਾਤਰ ਅੱਗ ਉਗਲਣ ਕਾਰਨ ਅਜਿਹੇ ਗ੍ਰੋਹਾਂ ਨੂੰ ਭਾਰੀ ਉਤਸ਼ਾਹ ਪ੍ਰਾਪਤ ਹੋਇਆ ਹੈ। ਮੁਸਲਮਾਨਾਂ ਨੂੰ ਨਫਰਤ ਕਰਨ ਵਾਲੇ ਗ੍ਰੋਹਾਂ ਦੀ ਗਿਣਤੀ ਤਿੰਨ ਗੁਣਾ ਵਧ ਗਈ ਹੈ ਤੇ ਮੁਸਲਮਾਨਾਂ ਦੇ ਖਿਲਾਫ ਹਮਲਿਆਂ ਵਿੱਚ ਵੀ 67% ਦਾ ਵਾਧਾ ਹੋਇਆ ਹੈ। ਉਹ ਹਰ ਭੂਰੀ ਰੰਗਤ ਅਤੇ ਪਗੜੀ ਵਾਲੇ ਆਦਮੀ ਨੂੰ ਅਰਬੀ ਅੱਤਵਾਦੀ ਸਮਝਣ ਲੱਗ ਪਏ ਹਨ। ਟਰੰਪ ਨੇ ਆਪਣੇ ਸਟਾਫ ਵਿੱਚ ਨਸਲਵਾਦੀ ਵਿਚਾਰਾਂ ਵਾਲੇ ਕਈ ਲੋਕਾਂ ਨੂੰ ਜਗ੍ਹਾ ਦਿੱਤੀ ਹੈ। ਉਸ ਦਾ ਮੁੱਖ ਸਲਾਹਕਾਰ ਸਟੀਵ ਬੈਨਨ ਮੰਨਿਆ ਹੋਇਆ ਨਸਲਵਾਦੀ ਹੈ। ਨਸਲੀ ਹਮਲਿਆਂ ਦੇ ਨਜਾਇਜ਼ ਇੰਮੀਗਰੇਸ਼ਨ, ਧਾਰਮਿਕ ਵਖਰੇਵਾਂ, ਸਮਾਜਿਕ ਅਤੇ ਆਰਥਿਕ ਕਾਰਨ ਹਨ। ਪਰ ਹੁਣ ਆਰਥਿਕ ਕਾਰਨ ਸਭ ਤੋਂ ਵੱਡਾ ਮਸਲਾ ਬਣਦਾ ਜਾ ਰਹੇ ਹਨ। ਅਮਰੀਕਨ ਪ੍ਰਵਾਸੀਆਂ ਨੂੰ ਬੇਰੋਜ਼ਗਾਰੀ ਦਾ ਸਭ ਤੋਂ ਵੱਡਾ ਕਾਰਨ ਸਮਝਦੇ ਹਨ ਕਿਉਂਕਿ ਪ੍ਰਵਾਸੀ ਘੱਟ ਤਨਖਾਹ ’ਤੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ। ਅਮਰੀਕਨਾਂ ਨੂੰ ਲੱਗ ਰਿਹਾ ਹੈ ਕਿ ਪ੍ਰਵਾਸੀ ਸਾਡੇ ਟੈਕਸਾਂ ’ਤੇ ਐਸ਼ ਕਰ ਰਹੇ ਹਨ ਤੇ ਬੁਢਾਪਾ ਪੈਨਸ਼ਨਾਂ, ਇਲਾਜ ਅਤੇ ਹੋਰ ਸਹੂਲਤਾਂ ਮਾਣ ਰਹੇ ਹਨ। ਜਦੋਂ ਪ੍ਰਵਾਸੀ ਆਲੀਸ਼ਾਨ ਮਕਾਨਾਂ ਵਿੱਚ ਰਹਿੰਦੇ ਹਨ ਤੇ ਮਹਿੰਗੀਆਂ ਗੱਡੀਆਂ ਵਿੱਚ ਘੁੰਮਦੇ ਹਨ ਤਾਂ ਨਸਲਵਾਦੀਆਂ ਨੂੰ ਤਕਲੀਫ ਹੁੰਦੀ ਹੈ। ਅਮਰੀਕਾ ਵਿੱਚ ਆਰਥਿਕ ਪਾੜਾ ਵਧਦਾ ਜਾ ਰਿਹਾ ਹੈ ਤੇ ਲੋਕ ਗਾਹੇ ਬਗਾਹੇ ਹੋਣ ਵਾਲੇ ਅੱਤਵਾਦੀ ਹਮਲਿਆਂ ਤੋਂ ਡਰੇ ਪਏ ਹਨ। ਇਸ ਕਾਰਨ ਨੇੜ ਭਵਿੱਖ ਵਿੱਚ ਨਸਲਵਾਦੀ ਨਫਰਤ ਖਤਮ ਹੋਣੀ ਮੁਸ਼ਕਿਲ ਲੱਗਦੀ ਹੈ। ਲੋਕ ਆਪਣੀਆਂ ਸੁਰੱਖਿਆ ਸਬੰਧੀ ਮੁਸ਼ਕਲਾਂ ਦਾ ਕਾਰਨ ਅਰਬੀਆਂ ਨੂੰ ਸਮਝਣ ਲੱਗ ਪਏ ਹਨ। ਇਸੇ ਕਾਰਨ ਭਾਰਤੀ ਅਤੇ ਸਿੱਖ ਵੀ ਲਪੇਟੇ ਵਿੱਚ ਆ ਰਹੇ ਹਨ।

ਭਾਰਤੀਆਂ ਵਾਸਤੇ ਰਾਹਤ ਦੀ ਗੱਲ ਇਹ ਹੈ ਕਿ ਆਮ ਅਮਰੀਕਨ ਉਹਨਾਂ ਨੂੰ ਬਹੁਤ ਮਿਹਨਤੀ, ਅਤੇ ਸ਼ਰੀਫ ਮੰਨਦੇ ਹਨ। ਸ੍ਰੀਨਿਵਾਸਨ ਦੀ ਹੱਤਿਆ ਵੇਲੇ ਇੱਕ ਗੋਰੇ ਨੇ ਹੀ ਹਮਲਾਵਰ ਨੂੰ ਪਕੜਨ ਵਿੱਚ ਮਦਦ ਕੀਤੀ ਸੀ ਤੇ ਉਹ ਆਪ ਵੀ ਜ਼ਖਮੀ ਹੋ ਗਿਆ ਸੀ। 2013 ਵਿੱਚ ਅਮਰੀਕੀ ਸੈਨੇਟ ਨੇ ਇਹ ਕਾਨੂੰਨ ਪਾਸ ਕਰ ਦਿੱਤਾ ਹੈ ਕਿ ਸਿੱਖਾਂ, ਹਿੰਦੂਆਂ, ਬੋਧੀਆਂ ਅਤੇ ਅਰਬਾਂ ’ਤੇ ਹੋਣ ਵਾਲੇ ਹਮਲੇ ਨਸਲਵਾਦੀ ਹਿੰਸਾ ਗਿਣੀ ਜਾਵੇਗੀ। ਇਸ ਕਾਰਨ ਅਮਰੀਕਨ ਪੁਲਿਸ ਅਤੇ ਅਦਾਲਤਾਂ ਹੁਣ ਨਸਲਵਾਦੀ ਜੁਰਮਾਂ ਨਾਲ ਬਹੁਤ ਸਖਤੀ ਨਾਲ ਨਿਪਟ ਰਹੀਆਂ ਹਨ। ਟਰੰਪ ਦੀ ਚੋਣ ਤੋਂ ਬਾਅਦ ਨਿਊਯਾਰਕ ਵਿੱਚ ਹੋਣ ਵਾਲੇ ਅੱਧੇ ਨਸਲੀ ਹਮਲੇ ਯਹੂਦੀਆਂ ਦੇ ਖਿਲਾਫ ਸਨ ਜਦਕਿ ਟਰੰਪ ਦਾ ਜਵਾਈ ਵੀ ਯਹੂਦੀ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਨਫਰਤ ਅਜਿਹੀ ਬਿਮਾਰੀ ਹੈ ਜੋ ਨਫਰਤ ਕਰਨ ਵਾਲੇ ਨੂੰ ਨਫਰਤ ਦੇ ਸ਼ਿਕਾਰ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। ਹੁਣ ਅਮਰੀਕਾ ਵਿੱਚ ਵੱਖ ਵੱਖ ਥਾਵਾਂ ’ਤੇ ਟਰੰਪ ਦੇ ਖਿਲਾਫ ਸਖਤ ਮੁਜ਼ਾਹਰੇ ਹੋ ਰਹੇ ਹਨ। ਲਗਦਾ ਹੈ ਕਿ ਉਹ ਜ਼ਿਆਦਾ ਦੇਰ ਆਪਣੀਆਂ ਨਸਲਵਾਦੀ ਨੀਤੀਆਂ ਨਹੀਂ ਚਲਾ ਪਾਵੇਗਾ ਤੇ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਵੇਗਾ। ਭਾਰਤੀਆਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਪ੍ਰਚਾਰ ਕਰ ਕੇ ਆਪਣੀ ਵਿਲੱਖਣ ਪਹਿਚਾਣ ਆਮ ਅਮਰੀਕਨਾਂ ਨੂੰ ਦੱਸਣ ਕਿ ਉਹ ਅਰਬੀ ਨਹੀਂ ਬਲਕਿ ਸ਼ਾਂਤੀ ਪਸੰਦ ਭਾਰਤੀ ਹਨ।

*****

(634)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 98151 - 24449)

More articles from this author