ShamSingh7ਸੋਚਣਾ ਇਹ ਬਣਦਾ ਹੈ ਕਿ ਭਾਰਤੀਆਂ ਨੇ ਲੋਕਰਾਜ ਦੇ ਮਿਆਰਾਂ ਨੂੰ ਉੱਪਰ ਚੁੱਕਣਾ ਹੈ ਜਾਂ ...
(10 ਮਾਰਚ 2017)

 

ਸਿਆਸਤ ਦੇ ਨਾਲ-ਨਾਲ ਪਸ਼ੂ ਅਤੇ ਪੰਛੀ ਵੀ ਤੁਰਨ ਤਾਂ ਕੋਈ ਮਾੜੀ ਗੱਲ ਨਹੀਂ। ਇਹਨਾਂ ਦੀ ਮੁਫ਼ਤੋ-ਮੁਫ਼ਤੀ ਚਰਚਾ ਹੋਣ ਨਾਲ ਇਹਨਾਂ ਦੀ ਵੁੱਕਤ ਵੀ ਬਣਦੀ-ਵਧਦੀ ਹੈ ਅਤੇ ਮਨੋਰੰਜਨ ਦਾ ਵਿਸ਼ਾ ਵੀ। ਸਾਈਕਲ ਅਤੇ ਘਿਉ ਵੀ ਨਾਲ ਤੁਰਦੇ ਹਨ, ਲੈਪਟਾਪ ਅਤੇ ਸਮਾਰਟ ਫੋਨ ਵੀ। ਕੀ ਇਹ ਸਾਰਾ ਕੁਝ ਦੇਸ ਤੇ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਦਾ ਮਸੌਦਾ ਬਣਦਾ ਹੈ ਜਾਂ ਨਹੀਂ? ਜਵਾਬ ਤਾਂ ਨਹੀਂ ਵਿੱਚ ਹੀ ਹੋਣਾ ਚਾਹੀਦਾ ਹੈ, ਪਰ ਇਹਨਾਂ ਨੂੰ ਖਾਹਮ-ਖਾਹ ਹੀ ਘਸੀਟ ਲਿਆ ਗਿਆ ਹੈ, ਤਾਂ ਕਿ ਦੇਸ ਦੇ ਸਿਆਸਤਦਾਨ ਲਾਲਚ ਦੀਆਂ ਰੋਟੀਆਂ ਸੇਕ ਕੇ ਆਪਣੇ ਲਈ ਵੋਟਾਂ ਬਟੋਰਨ ਦਾ ਬੁੱਤਾ ਸਾਰ ਸਕਣ।

ਅਜਿਹੀਆਂ ਵਸਤੂਆਂ ਦੇ ਲਾਲਚ ਦੇ ਕੇ ਵੋਟਾਂ ਹਾਸਲ ਕਰਨੀਆਂ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਇਹ ਨਾਜਾਇਜ਼ ਲਾਲਚ ਲੋਕਤੰਤਰ ਦੀ ਸਿਹਤ ਲਈ ਹਾਨੀਕਾਰਕ ਵੀ ਹਨ, ਜਿਨ੍ਹਾਂ ਦੀ ਆਗਿਆ ਹੀ ਨਹੀਂ ਹੋਣੀ ਚਾਹੀਦੀ। ਪਾਬੰਦੀ ਲਾਉਣ ਦਾ ਅਧਿਕਾਰ ਰੱਖਣ ਵਾਲੇ ਹੀ ਲਾਲਚਾਂ ਦੇ ਰਾਹ ਪਏ ਹੋਏ ਹਨ, ਫਿਰ ਜਨਤਾ-ਜਨਾਰਧਨ ਕੀ ਕਰੇਲੋਕਰਾਜ ਦੇ ਚੰਗੇ ਅਕਸ ਨੂੰ ਕਾਇਮ ਰੱਖਣ ਲਈ ਉੱਚ ਕਦਰਾਂ-ਕੀਮਤਾਂ ਨੂੰ ਉਤਸ਼ਾਹਤ ਕਰਨ ਦੀ ਜ਼ਰੂਰਤ ਹੈ, ਤਾਂ ਕਿ ਮਾੜੀਆਂ ਪਿਰਤਾਂ ਨੂੰ ਰਾਹ ਹੀ ਨਾ ਲੱਭੇ।

ਹੁਣ ਦੇਖੋ ਬਲੂੰਗੜੇ ਵਿਚਾਰੇ ਦਾ ਕੀ ਕਸੂਰ ਹੈ, ਜਿਸ ਨੂੰ ਬੰਦੇ ਨਾਲ ਉਪਮਾ ਦੇਣੀ ਉੱਕਾ ਹੀ ਨਹੀਂ ਸੋਭਦੀ। ਭੁੱਖਾ ਲੂੰਬੜ ਵੀ ਕਦੇ ਬੰਦੇ ਨਾਲ ਮਿਲਾਇਆ ਜਾਂ ਤੁਲਨਾਇਆ ਨਹੀਂ ਜਾ ਸਕਦਾ ਹੈ। ਪਸ਼ੂਆਂ ਜਾਂ ਜਾਨਵਰਾਂ ਦੇ ਰੁਤਬਿਆਂ ਨਾਲ ਬੰਦਿਆਂ ਦੀ ਸੋਭਾ ਘਟਾਉਣੀ ਵੀ ਠੀਕ ਨਹੀਂ, ਵਧਾਉਣੀ ਵੀ ਤਰਕ-ਸੰਗਤ ਨਹੀਂ। ਬੰਦੇ ਦਾ ਮੰਦਾਪਣ ਉਸ ਦੇ ਕਰਮ ਵਿੱਚੋਂ ਦੇਖਿਆ ਜਾਵੇ ਅਤੇ ਉਸ ਦੇ ਚੰਗੇਪਣ ਨੂੰ ਉਹ ਤਸ਼ਬੀਹ ਦਿੱਤੀ ਜਾਵੇ, ਜਿਹੜੀ ਮਰਦ-ਪੁਣੇ ਦੇ ਰੁਤਬੇ ਅਤੇ ਸ਼ਾਨ ਨੂੰ ਵਧਾਉਣ ਦਾ ਕਾਰਜ ਕਰੇ।

ਇਸ ਵਾਰ ਕਈ ਰਾਜਾਂ ਦੀਆਂ ਚੋਣਾਂ ਦੌਰਾਨ ਬਗਲੇ-ਭਗਤ ਦੀ ਚਰਚਾ ਹੋਈ, ਤਾਂ ਵੀ ਵੋਟਰ ਸੋਚਣ ਲਈ ਮਜਬੂਰ ਹੋ ਗਿਆ। ਸਿਆਸਤਦਾਨ ਨੂੰ ਬਗਲਾ-ਭਗਤ ਕਹਿਣਾ ਠੀਕ ਨਹੀਂ। ਜੇਕਰ ਇਸ ਤੁਲਨਾ ’ਤੇ ਸਿਆਸਤਦਾਨ ਨੂੰ ਗੁੱਸਾ ਆ ਸਕਦਾ ਹੈ ਤਾਂ ਗੁੱਸਾ ਬਗਲੇ-ਭਗਤ ਨੂੰ ਵੀ ਆ ਸਕਦਾ ਹੈ, ਕਿਉਂਕਿ ਉਸ ਦੀ ਕਿਸੇ ਨਾਲ ਤਸ਼ਬੀਹ ਉਸ ਤੋਂ ਪੁੱਛ ਕੇ ਨਹੀਂ ਦਿੱਤੀ ਜਾਂਦੀ। ਬਾਜ਼ ਅੱਖ ਰੱਖਣ ਵਾਲੇ ਸਿਆਸਤਦਾਨ ਅਜਿਹੀਆਂ-ਅਜਿਹੀਆਂ ਤਸ਼ਬੀਹਾਂ ਦੇ ਜਾਂਦੇ ਹਨ, ਜਿਹੜੀਆਂ ਆਮ ਜਨਤਾ ਦੇ ਗਲੇ ਨਹੀਂ ਉੱਤਰਦੀਆਂ

ਇਸ ਵਾਰ ਗਧੇ ਦੀ ਬਹੁਤ ਚਰਚਾ ਹੋਈ। ਸੂਬੇ ਦੇ ਮੁੱਖ ਮੰਤਰੀ ਨੇ ਇੱਕ ਅਦਾਕਾਰ ਨੂੰ ਕਹਿ ਦਿੱਤਾ ਕਿ ਉਹ ਗਧਿਆਂ ਦਾ ਪ੍ਰਚਾਰ ਨਾ ਕਰੇ ਅਤੇ ਉਹ ਵੀ ਗੁਜਰਾਤ ਦੇ ਗਧਿਆਂ ਦਾ। ਦੇਸ ਦੇ ਵੱਡੇ ਮੰਤਰੀ ਨੇ ਗੁੱਸਾ ਖਾਧਾ ਅਤੇ ਗਧੇ ਨੂੰ ਬਹਿਸ ਦੇ ਕੇਂਦਰ ਵਿੱਚ ਲੈ ਆਂਦਾ। ਉਹ ਇੱਥੋਂ ਤੱਕ ਆਖ ਗਿਆ ਕਿ ਉਸ ਨੇ ਤਾਂ ਗਧਿਆਂ ਤੋਂ ਬਹੁਤ ਕੁਝ ਸਿੱਖਿਆ ਹੈ - ਮਿਹਨਤ, ਵਫ਼ਾਦਾਰੀ ਅਤੇ ਹੋਰ। ਜਿਸ ਪਸ਼ੂ ਯਾਨੀ ਗਧੇ ਦੀ ਚਰਚਾ ਹੋਈ, ਉਸ ਵਿਚਾਰੇ ਦੇ ਦਿਲ ’ਤੇ ਕੀ ਗੁਜ਼ਰਦੀ ਹੋਵੇਗੀ, ਕਿਸੇ ਨੇ ਉਸ ਦੇ ਦਿਲ ਦੀ ਪੁੱਛੀ ਹੀ ਨਹੀਂ।

ਗਧੇ ਨੇ ਕਿਸੇ ਦਾ ਕੁਝ ਨਹੀਂ ਵਿਗਾੜਿਆ, ਉਸ ਦੇ ਗਧੇ-ਪਣ ਦੀ ਵਾਰਤਾ ਛੇੜਨੀ ਬਣਦੀ ਹੀ ਨਹੀਂ। ਕਿਸੇ ਬੰਦੇ ਦੀ ਤੌਹੀਨ ਕਰਨੀ ਹੋਵੇ ਤਾਂ ਉਸ ਨੂੰ ਗਧੇ ਤੋਂ ਬਗ਼ੈਰ ਪੁੱਛੇ ਹੀ ਗਧੇ ਵਰਗਾ ਕਹਿ ਦਿੱਤਾ ਜਾਂਦਾ ਹੈ, ਜਿਸ ਨੂੰ ਗਧੇ ਦੀ ਪ੍ਰਵਾਨਗੀ ਨਹੀਂ ਹੁੰਦੀ। ‘ਇੱਕ ਗਧੇ ਦੀ ਆਤਮਕਥਾ’ ਲਿਖਣ ਵਾਲੇ ਲੇਖਕ ਨੇ ਵੀ ਲਿਖਣ ਵੇਲੇ ਗਧੇ ਤੋਂ ਆਗਿਆ ਤਾਂ ਨਹੀਂ ਲਈ ਹੋਵੇਗੀ, ਪਰ ਉਹ ਕਲਮ ਦੀ ਵਰਤੋਂ ਨਾਲ ਵਧੀਆ ਵਿਅੰਗ ਸਿਰਜ ਕੇ ਅਜਿਹਾ ਕੁਝ ਕਰ ਗਿਆ, ਜੋ ਸਿਆਸਤਦਾਨਾਂ ਦੇ ਵੱਸ ਦਾ ਰੋਗ ਨਹੀਂ।

ਗਧੇ ਨੇ ਕਦੇ ਕਿਸੇ ਦਾ ਬੁਰਾ ਨਹੀਂ ਸੋਚਿਆ, ਕਿਸੇ ਦਾ ਕੋਈ ਕੰਮ ਨਹੀਂ ਵਿਗਾੜਿਆ, ਫੇਰ ਵੀ ਉਸ ਦੇ ਬਾਰੇ ਚੁਟਕੁਲੇ ਘੜਨ ਵਾਲੇ ਕਦੇ ਮੌਕਾ ਨਹੀਂ ਖੁੰਝਣ ਦਿੰਦੇ। ਸੁਣਿਆ ਹੈ ਕਿ ਇੱਕ ਤਬੇਲੇ ਵਿੱਚ ਘੋੜੇ, ਖੱਚਰਾਂ ਅਤੇ ਗਧੇ ਇਕੱਠੇ ਹੀ ਰੱਖੇ ਗਏ ਸਨ, ਤਾਂ ਕਿ ਉਹਨਾਂ ਵਿੱਚ ਕੌਮੀ ਏਕਤਾ ਰਹੇ, ਯਾਨੀ ਪਸ਼ੂ-ਏਕਤਾ। ਦੋ ਨੇਤਾ ਵਾਰੀ-ਵਾਰੀ ਘੋੜਿਆਂ ਨੂੰ ਖੱਚਰਾਂ ਅਤੇ ਗਧਿਆਂ ਸਣੇ ਬਾਹਰ ਕੱਢਣ ਲਈ ਗਏ, ਪਰ ਅਸਫ਼ਲ ਰਹੇ। ਤੀਜਾ ਨੇਤਾ ਗਿਆ ਤਾਂ ਸਾਰੇ ਗਧੇ ਬਾਹਰ ਆ ਗਏ। ਉਸ ਨੂੰ ਪੁੱਛੇ ਜਾਣ ’ਤੇ ਕਿ ਇਹ ਕ੍ਰਿਸ਼ਮਾ ਕਿਵੇਂ ਹੋਇਆ ਤਾਂ ਉਸਨੇ ਕਿਹਾ: ਮੈਂ ਤਾਂ ਸਿਰਫ਼ ਇੰਨਾ ਹੀ ਕਿਹਾ ਸੀ ਕਿ ਚੰਗੇ ਦਿਨ ਆ ਗਏ, ਬਾਹਰ ਆ ਜਾਉ।

ਸੋਚਣਾ ਇਹ ਬਣਦਾ ਹੈ ਕਿ ਭਾਰਤੀਆਂ ਨੇ ਲੋਕਰਾਜ ਦੇ ਮਿਆਰਾਂ ਨੂੰ ਉੱਪਰ ਚੁੱਕਣਾ ਹੈ ਜਾਂ ਗਿਰਾਉਣਾ? ਬੋਲਾਂ ਦੀ ਭਲਵਾਨੀ ਕਰਨੀ, ਤਕਰੀਰਾਂ ਦੀ ਤਰਕਾਰੀ ਵੰਡਣੀ, ਦੋਸ਼ਾਂ ਦੀ ਖਿਚੜੀ ਪਕਾਉਣੀ ਅਤੇ ਇੱਕ ਦੂਜੇ ਦੀ ਭੰਡੀ ਕਰਨੀ ਬਹੁਤ ਹੋ ਗਿਆ। ਹੁਣ ਕੋਈ ਮਤਲਬ ਦੀ ਗੱਲ ਹੋਣੀ ਚਾਹੀਦੀ ਹੈ, ਤਾਂ ਕਿ ਦੇਸ ਨੂੰ ਅੱਗੇ ਵੱਲ ਲਿਜਾਇਆ ਜਾ ਸਕੇ। ਸਭ ਤੋਂ ਅਹਿਮ ਹੈ ਲੋਕਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣਾ, ਜੋ ਅਜੇ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ। ਆਮ ਆਦਮੀ ਜਿੱਥੇ ਖੜ੍ਹਾ ਸੀ, ਅਜੇ ਤੱਕ ਉੱਥੇ ਹੀ ਖੜ੍ਹਾ ਹੈ, ਉਸ ਤੋਂ ਅੱਗੇ ਨਹੀਂ ਤੁਰ ਸਕਿਆ।

ਛੱਡੀਏ ਗੱਲਾਂ ਲਾਲਚਾਂ ਦੀਆਂ, ਭੁੱਲੀਏ ਭੰਡੀ ਪ੍ਰਚਾਰ ਦੀਆਂ। ਆਪੋ-ਆਪਣਾ ਏਜੰਡਾ ਦੱਸੀਏ ਅਤੇ ਉਸ ਉੱਤੇ ਪਹਿਰਾ ਦੇਈਏ, ਕਿਉਂਕਿ ਫੋਕੀਆਂ ਅਦਾਵਾਂ ਵਾਲੇ ਫੋਕੇ ਜਿਹੇ ਭਾਸ਼ਣਾਂ ਦਾ ਕੋਈ ਫ਼ਾਇਦਾ ਨਹੀਂ। ਨੇਤਾਜਨ ਉਹ ਕਹਿਣ, ਜੋ ਕਰ ਸਕਦੇ ਹੋਣ; ਉਹ ਕੁਝ ਨਾ ਕਹਿਣ, ਜੋ ਗਧੇ ਵੀ ਨਾ ਕਰ ਸਕਦੇ ਹੋਣ। ਗਧੇ ਤੇ ਬੰਦੇ ਦਾ ਫ਼ਰਕ ਕਾਇਮ ਰੱਖਿਆ ਜਾਵੇ।

ਉਂਜ ਤਾਂ ਹਰ ਚੀਜ਼ ਵਿੱਚ ਸੁਧਾਰ ਅਤੇ ਨਿਖਾਰ ਦੀ ਗੁੰਜਾਇਸ਼ ਰਹਿੰਦੀ ਹੈ, ਪਰ ਭਾਰਤ ਦੀ ਸਿਆਸਤ ਵਿਚ ਨਿਰਮਲਤਾ ਦੀ ਬਹੁਤ ਜ਼ਿਆਦਾ ਲੋੜ ਹੈ, ਤਾਂ ਕਿ ਕੱਲ੍ਹ ਦੇ ਨੇਤਾਵਾਂ ਨੂੰ ਚੰਗੀ ਬੁਨਿਆਦ ਮਿਲ ਸਕੇ, ਜਿਸ ’ਤੇ ਉਹ ਵਿਕਾਸ ਦੇ ਖੂਬਸੂਰਤ ਮਾਡਲ ਉਸਾਰ ਸਕਣ, ਜਿਨ੍ਹਾਂ ਨੂੰ ਦੇਖ ਕੇ ਦੁਨੀਆ ਅੱਸ਼-ਅੱਸ਼ ਕਰ ਉੱਠੇ। ਜੇ ਗਿੱਦੜਾਂ, ਸ਼ੇਰਾਂ, ਲੂੰਬੜਾਂ, ਬਲੂੰਗੜਿਆਂ, ਬਗਲਿਆਂ ਜਾਂ ਫੇਰ ਮੱਝਾਂ ਵਿੱਚ ਹੀ ਘੁੰਮਦੇ ਰਹੇ ਤਾਂ ਦੇਸ ਦਾ ਕੁਝ ਨਹੀਂ ਬਣ ਸਕਦਾ। ਤੁਰਤ ਜਾਗਣ ਦੀ ਲੋੜ ਹੈ, ਹੁਣ ਜਾਗ ਪਈਏ।

ਉਹ ਕੰਮ ਕਰੀਏ, ਜਿਹੜੇ ਸਮੁੱਚੇ ਸਮਾਜ ਨੂੰ ਫ਼ਾਇਦਾ ਦੇਣ। ਕੇਵਲ ਉਹ ਨਾ ਕਰੀਏ, ਜਿਹੜੇ ਆਪਣਿਆਂ ਲਈ ਹੀ ਹੋਣ, ਜਿਹੜੇ ਮੁੱਠੀ ਭਰ ਲੋਕਾਂ ਲਈ ਹੋਣ, ਸਗੋਂ ਬੰਦਿਆਂ ਤੋਂ ਬਿਨਾਂ ਇਹਨਾਂ ਪਸ਼ੂ-ਪੰਛੀਆਂ ਅਤੇ ਵਾਤਾਵਰਣ ਦੇ ਹੱਕ ਵਿੱਚ ਵੀ ਹੋਣ। ਅਜਿਹਾ ਕੁਝ ਨਾ ਕੀਤਾ ਜਾਵੇ, ਜਿਸ ਨੂੰ ਉਹ ਆਪਣੇ ਵਿਰੁੱਧ ਸਮਝਣ, ਜਿਸ ਨਾਲ ਉਹਨਾਂ ’ਤੇ ਤਨਜ਼ ਕੱਸ ਹੁੰਦੀ ਹੋਵੇ ਅਤੇ ਜਿਸ ਨਾਲ ਉਹਨਾਂ ਦੀ ਤੌਹੀਨ ਹੁੰਦੀ ਹੋਵੇ।

ਸਿਆਸਤ ਵਿਚ ਸੂਝਵਾਨ ਵੀ ਸ਼ਾਮਲ ਹੋਣ, ਕੇਵਲ ਗਿੱਠ-ਮੁਠੀਏ ਹੀ ਨਾ ਛਾਏ ਰਹਿਣ ਦਿੱਤੇ ਜਾਣ। ਜੇ ਸੂਝਵਾਨ ਨਾ ਜਾਗੇ ਤਾਂ ਦੇਸ ਦੀ ਉੱਨਤੀ ਨਹੀਂ ਹੋ ਸਕਦੀ, ਦੇਸ ਦੂਜੇ ਦੇਸਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਅਤੇ ਦੇਸ ਦੇ ਲੋਕ ਖੁਸ਼ਹਾਲ ਨਹੀਂ ਹੋ ਸਕਦੇ। ਸੂਝਵਾਨ ਮੈਦਾਨ ਵਿੱਚ ਨਿੱਤਰ ਪੈਣ ਤਾਂ ਬਗਲੇ-ਭਗਤ ਵੀ ਬਚ ਸਕਦੇ ਹਨ, ਲੂੰਬੜ ਅਤੇ ਖੱਚਰਾਂ ਵੀ ਅਤੇ ਗਧੇ ਵੀ ਬੰਦਿਆਂ ਦੇ ਹਲਕੇ, ਭੱਦੇ, ਤੌਹੀਨ ਭਰੇ ਅਤੇ ਭ੍ਰਿਸ਼ਟ ਵਿਅੰਗਾਂ ਦਾ ਭਾਰ ਚੁੱਕਣ ਤੋਂ ਬਚੇ ਰਹਿਣਗੇ।

**

ਨਤੀਜੇ ਆਏ ਕਿ ਆਏ

ਪੰਜਾਂ ਸੂਬਿਆਂ ਦੇ ਨਤੀਜੇ ਆਉਣ ਵਾਲੇ ਹਨ, ਬੱਸ ਆਏ ਕਿ ਆਏ। ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ। ਇਹਨਾਂ ਪੰਜਾਂ ਰਾਜਾਂ ਦੇ ਹੀ ਨਹੀਂ, ਦੇਸ-ਵਿਦੇਸ਼ ਦੇ ਲੋਕਾਂ ਦੀਆਂ ਅੱਖਾਂ ਇਹਨਾਂ ਨਤੀਜਿਆਂ ’ਤੇ ਹੀ ਹਨ, ਕਿਉਂਕਿ ਸਮਾਂ ਬਹੁਤ ਲੰਘ ਗਿਆ। ਇਸ ਵਾਰ ਚੰਗਾ ਇਹ ਹੋਇਆ ਕਿ ਚੋਣਾਂ ਦੇ ਮਾਹਿਰਾਂ, ਪੰਡਤਾਂ, ਜੋਤਸ਼ੀਆਂ ਨੂੰ ਕੌਤਕ ਦਿਖਾਉਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਇਹ ਸਰਵੇ, ਇਹ ਓਪੀਨੀਅਨ ਪੋਲ ਆਦਿ ਸਭ ਫਰਾਡ ਹੁੰਦੇ ਹਨ ਅਤੇ ਵੋਟਰਾਂ ਨੂੰ ਪ੍ਰਭਾਵਤ ਕਰਨ ਦਾ ਭ੍ਰਿਸ਼ਟ ਤਰੀਕਾ। ਚੰਗਾ ਹੋਇਆ ਇਸ ਵਾਰ ਚੋਣ ਕਮਿਸ਼ਨ ਨੇ ਅਜਿਹੀ ਪਾਬੰਦੀ ਲਾਈ ਕਿ ਸਭ ਦੀ ਬੋਲਤੀ ਬੰਦ ਹੋ ਗਈ।

ਸਭ ਪਾਰਟੀਆਂ ਦੇ ਨੇਤਾ ਆਪੋ-ਆਪਣੇ ਹੱਕ ਵਿੱਚ ਬੋਲਦੇ ਹਨ, ਜੋ ਉਹਨਾਂ ਦਾ ਅਧਿਕਾਰ ਹੈ, ਪਰ ਕਿਸੇ ਨੂੰ ਵੀ ਪੱਕਾ ਭਰੋਸਾ ਨਹੀਂ ਕਿ ਜਿੱਤ ਉਸੇ ਦੀ ਹੀ ਹੋਵੇਗੀ। ਹਰ ਕੋਈ ਤੁੱਕੇਬਾਜ਼ੀ ਦੀ ਛਤਰੀ ਤਾਣ ਕੇ ਆਪਣੀ ਹਉਮੈ ਨੂੰ ਪੱਠੇ ਪਾਉਣ ਦਾ ਕੰਮ ਕਰ ਕੇ ਦਿਨ ਲੰਘਾਈ ਜਾ ਰਿਹਾ ਹੈ। ਇੱਕ ਸੌ ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲਿਆਂ ਨੂੰ 35-40 ਮਿਲ ਜਾਣ, ਤਾਂ ਵੀ ਕਿਸੇ ਜਿੱਤ ਤੋਂ ਘੱਟ ਨਹੀਂ।  60-65 ਦਾ ਦਾਅਵਾ ਕਰਨ ਵਾਲੇ ਜੇ 40-45 ਲੈ ਜਾਣ ਤਾਂ ਇਹ ਅਸਲੀਅਤ ਦੇ ਨੇੜੇ ਦਾ ਆਂਕਣ-ਮੁਲਾਂਕਣ ਕਿਹਾ ਜਾ ਸਕਦਾ ਹੈ। ਪੰਝੀ ਸਾਲ ਤੱਕ ਰਾਜ ਕਰਨ ਦਾ ਦਾਅਵਾ ਕਰਨ ਵਾਲਿਆਂ ਨੇ 70 ਤੋਂ ਵੱਧ ਦਾ ਅੰਕੜਾ ਤਾਂ ਮਿੱਥ ਲਿਆ, ਪਰ ਇਹ ਏਨੀਆਂ ਸੀਟਾਂ ਕਿਹੜੇ ਹਲਕਿਆਂ ਤੋਂ ਆਉਣੀਆਂ ਹਨ, ਇਹ ਉਹ ਅਜੇ ਤੱਕ ਨਹੀਂ ਮਿੱਥ-ਦੱਸ ਸਕੇ। ਉਹ 20-25 ਦੇ ਅੰਕੜੇ ਤੋਂ ਪਾਰ ਲੰਘ ਜਾਣ ਤਾਂ ਵੱਡੀ ਪ੍ਰਾਪਤੀ ਹੋਵੇਗੀ। ਲੋਕ ਇਸ ਵਾਰ ਤੀਜੀ ਧਿਰ ਆਉਣ ਕਰ ਕੇ ਚੁੱਪ ਹੀ ਰਹੇ। ਵੋਟਰਾਂ ਦੀ ਚੁੱਪ ਹਮੇਸ਼ਾ ਖ਼ਤਰਨਾਕ ਹੁੰਦੀ ਹੈ, ਜਿਹੜੀ ਕਿਸੇ ਦਾ ਗੁਣ ਗਾਇਣ ਕਰਦੀ ਹੈ ਅਤੇ ਕਿਸੇ ਦਾ ਘਾਣ। ਦੂਜਾ, ਲੋਕ ਸਰਵੇਖਣਾਂ ਦੇ ਸ਼ੋਰ ਤੋਂ ਵੀ ਬਚੇ ਰਹੇ, ਜਿਸ ਕਾਰਨ ਸਾਰਿਆਂ ਕੋਲ ਆਪੋ-ਆਪਣੇ ਅੰਦਾਜ਼ੇ ਹੀ ਰਹਿ ਗਏ।

ਪਾਰਟੀਆਂ ਦੇ ਉਮੀਦਵਾਰ ਇਸ਼ਟਾਂ ਨੂੰ ਤਾਂ ਧਿਆ ਚੁੱਕੇ ਹਨ, ਪਰ ਵੋਟਿੰਗ ਮਸ਼ੀਨਾਂ ਨੂੰ ਧੂਫ-ਬੱਤੀਆਂ ਨਹੀਂ ਕਰ ਸਕਦੇ, ਜਿੱਥੋਂ ਉਹਨਾਂ ਦੀਆਂ ਕਿਸਮਤਾਂ ਨਿਕਲਣੀਆਂ ਹਨ, ਉਹਨਾਂ ਦੇ ਭਵਿੱਖ ਨਿਕਲਣੇ ਹਨ ਜਾਂ ਫਿਰ ਜਿੱਤ-ਹਾਰ। ਕੱਲ੍ਹ ਨੂੰ ਗਿਆਰਾਂ ਵਜੇ ਤੱਕ ਕਈ ਕੁਝ ਨਿੱਖਰ ਕੇ ਸਾਹਮਣੇ ਆ ਜਾਵੇਗਾ। ਉਦੋਂ ਤੱਕ ਇੰਨਾ ਹੀ ਕਹਿਣਾ ਬਣਦਾ ਹੈ ਕਿ ਨਤੀਜੇ ਆਏ ਕਿ ਆਏ।

**

ਲਤੀਫ਼ੇ ਦਾ ਚਿਹਰਾ-ਮੋਹਰਾ:

ਅਧਿਆਪਕ: ਅੱਜ ਜਿਹੜੀ ਬਹਾਦਰੀ ਤੁਸੀਂ ਦਿਖਾਈ ਹੈ, ਉਸ ਲਈ ਸਾਰੇ ਵਧਾਈ ਦੇ ਪਾਤਰ ਹੋ। ਇੰਜ ਲੱਗਿਆ, ਜਿਵੇਂ ਤੁਸੀਂ ਗਿੱਦੜਾਂ ਤੋਂ ਸ਼ੇਰ ਬਣ ਗਏ ਹੋਵੋਂ।

ਵਿਦਿਆਰਥੀ: ਮਾਸਟਰ ਜੀ, ਚੰਗੀ ਸਿਫ਼ਤ ਕੀਤੀ ਹੈ ਤੁਸੀਂ ਗਿੱਦੜਾਂ ਤੋਂ ਸ਼ੇਰ ਵਾਲੀ, ਪਰ ਕੀ ਤੁਹਾਡੀ ਸਿਫ਼ਤ ਕਰਨ ਨਾਲ ਅਸੀਂ ਸਾਰੇ ਜਾਨਵਰ ਦੇ ਜਾਨਵਰ ਹੀ ਨਹੀਂ ਰਹਿ ਗਏ?

*****

(629)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author