GurmitShugli7ਨਵੀਂ ਸੋਚ ਵਾਲੇ ਉਮੀਦਵਾਰਾਂ ਨਾਲ ਵੋਟਰ ਵੱਧ ਜੁੜੇ, ...
(6 ਮਾਰਚ 2017)

 

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਨਤੀਜਿਆਂ ਨੇ ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਸਭ ਦਾ ਅੰਦਾਜ਼ਾ ਸੀ ਕਿ ਅਕਾਲੀ ਦਲ (ਬਾਦਲ) ਦਾ ਜਿਹੜਾ ਹਾਲ ਪੰਜਾਬ ਵਿੱਚ ਹੈ, ਉਹੀ ਦਿੱਲੀ ਵਿੱਚ ਹੋਵੇਗਾ। ਦਿੱਲੀ ਦੀ ਸੰਗਤ ਇਨ੍ਹਾਂ ਨੂੰ ਨੇੜੇ ਨਹੀਂ ਢੁੱਕਣ ਦੇਵੇਗੀ, ਪਰ ਨਤੀਜੇ ਸਾਹਮਣੇ ਆਉਂਦੇ ਸਾਰ ਬਾਜ਼ੀ ਪਲਟ ਗਈ। ਪਹਿਲਾਂ ਸਾਰੇ ਇਹ ਆਖਦੇ ਸਨ ਕਿ ਪੰਜਾਬ ਚੋਣਾਂ ਦਾ ਅਸਰ ਦਿੱਲੀ ਚੋਣਾਂ ’ਤੇ ਪੈਣਾ ਕੁਦਰਤੀ ਹੈ, ਪਰ ਹੁਣ ਬਹੁਤੇ ਆਖ ਰਹੇ ਹਨ ਕਿ ਕਿਤੇ ਦਿੱਲੀ ਨਤੀਜਿਆਂ ਦਾ ਅਸਰ ਪੰਜਾਬ ਦੇ ਨਤੀਜਿਆਂ ਵਰਗਾ ਨਾ ਹੋ ਜਾਵੇ। ਇਸ ਜਿੱਤ ਨਾਲ ਅਕਾਲੀ ਦਲ ਦੇ ਹੌਸਲੇ ਇੰਨੇ ਕੁ ਬੁਲੰਦ ਹਨ ਕਿ ਉਨ੍ਹਾਂ ਕਹਿਣਾ ਸ਼ੁਰੂ ਕਰ ਦਿੱਤਾ ਹੈ, “ਅਸੀਂ ਹੋਰਨਾਂ ਵਾਂਗ ਰੌਲਾ ਪਾਉਣ ਵਿਚ ਨਹੀਂ, ਕੰਮ ਕਰਨ ਵਿਚ ਯਕੀਨ ਰੱਖਦੇ ਹਾਂ। 11 ਮਾਰਚ ਦੇ ਪੰਜਾਬ ਨਤੀਜੇ ਬੜਾ ਕੁਝ ਸੋਚਣ ਲਈ ਮਜਬੂਰ ਕਰਨਗੇ।”

ਬੜੇ ਪਾਠਕਾਂ ਦੇ ਮੈਨੂੰ ਨਿੱਜੀ ਤੌਰ ’ਤੇ ਫ਼ੋਨ ਆਏ ਕਿ ਕਿਤੇ ਦਿੱਲੀ ਵਾਲੀ ਗੱਲ ਪੰਜਾਬ ਵਿਚ ਤਾਂ ਨਹੀਂ ਹੁੰਦੀ। ਮੈਂ ਕੋਈ ਸਪਸ਼ਟ ਜਵਾਬ ਨਹੀਂ ਦਿੰਦਾ। ਕੀ ਪਤਾ ਵੋਟਰ ਕਿਹੜੇ ਪਾਸੇ ਭੁਗਤਿਆ ਹੋਵੇ। ਦਿੱਲੀ ਅਤੇ ਪੰਜਾਬ ਦੇ ਭੂਗੋਲਿਕ ਹਾਲਾਤ ਵਿੱਚ ਕਾਫ਼ੀ ਫ਼ਰਕ ਹੈ, ਪਰ ਪੱਕਾ ਦਾਅਵਾ ਤਾਂ ਕੋਈ ਉਮੀਦਵਾਰ ਵੀ ਨਹੀਂ ਕਰ ਸਕਦਾ, ਹੋਰ ਕਿਸੇ ਨੇ ਕੀ ਕਰਨਾ?

ਹੁਣ ਦਿੱਲੀ ਨਤੀਜਿਆਂ ਦੀ ਪੜਚੋਲ ਦਾ ਕੰਮ ਚੱਲ ਰਿਹਾ ਹੈ। ਸਰਨਾ ਭਰਾਵਾਂ ਨੇ ਕਿਹਾ ਹੈ ਕਿ ਅਸੀਂ ਹਾਰ ਦੇ ਕਾਰਨ ਲੱਭ ਰਹੇ ਹਾਂ ਤੇ ਪੰਥਕ ਸੇਵਾ ਦਲ ਸਮੇਤ ਬਾਕੀ ਹਾਰਨ ਵਾਲੇ ਚੁੱਪ ਵੱਟ ਬੈਠੇ ਹਨ। ਜਿੱਤਣ ਵਾਲਾ ਭਾਵੇਂ ਇੱਕ ਵੋਟ ਨਾਲ ਜਿੱਤੇ, ਭਾਵੇਂ ਲੱਖ ਨਾਲ, ਸਿਕੰਦਰ ਉਹਨੂੰ ਹੀ ਕਿਹਾ ਜਾਂਦਾ ਹੈ। ਇਸ ਵਕਤ ਸਿਕੰਦਰ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਦਾ ਗਰੁੱਪ ਹੈ। ਜਿੱਤ-ਹਾਰ ਦੇ ਨਤੀਜਿਆਂ ਪਿੱਛੇ ਸਾਡੀ ਜਾਚੇ ਕਈ ਕਾਰਨ ਹਨ, ਜਿਨ੍ਹਾਂ ਵਿੱਚੋਂ ਕੁਝ ਇੱਕ ਸਾਂਝੇ ਕੀਤੇ ਜਾ ਸਕਦੇ ਹਨ।

ਸਭ ਤੋਂ ਵੱਡਾ ਕਾਰਨ ਇਹ ਹੈ ਕਿ ਦਿੱਲੀ ਦੇ ਵੋਟਰਾਂ ’ਤੇ ਪੰਜਾਬ ਦੇ ਮੁੱਦਿਆਂ ਨੇ ਭੋਰਾ ਅਸਰ ਨਹੀਂ ਕੀਤਾ। ਪੰਜਾਬ ਵਿਚ ਡੇਰਾ ਸਿਰਸਾ ਦੀ ਹਮਾਇਤ ਅਤੇ ਥਾਂ-ਥਾਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਮੁੱਦੇ ਸਭ ਤੋਂ ਵੱਡੇ ਸਨ। ਸਰਨਾ ਗਰੁੱਪ ਨੇ ਪੂਰਾ ਪ੍ਰਚਾਰ ਇਨ੍ਹਾਂ ਦੋਂਹ ਮੁੱਦਿਆਂ ਦੇ ਅਧਾਰ ’ਤੇ ਕੀਤਾ, ਪਰ ਉਨ੍ਹਾਂ ਦੀਆਂ ਗੱਲਾਂ ਵੋਟਰਾਂ ਨੂੰ ਨਹੀਂ ਜਚੀਆਂ। ਸ਼ਾਇਦ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਹੋਵੇ ਕਿ ਸਰਨਾ ਧੜੇ ’ਤੇ ਕਾਂਗਰਸ ਦੀ ਪੱਕੀ ਛਾਪ ਲੱਗ ਚੁੱਕੀ ਹੈ, ਜੋ ਨਾਲੋਂ ਨਹੀਂ ਲਹਿ ਰਹੀ। ਅਕਾਲੀ ਦਲ ਦੀ ਜਿਹੜੀ ਲੀਡਰਸ਼ਿੱਪ ਦਾ ਸਭ ਤੋਂ ਵੱਧ ਵਿਵਾਦ ਸੀ, ਉਹ ਦਿੱਲੀ ਗਈ ਜ਼ਰੂਰ, ਪਰ ਪ੍ਰਚਾਰ ਵਿਚ ਨਹੀਂ ਪਹੁੰਚੀ। ਉਸ ਨੇ ਹੋਟਲਾਂ ਦੇ ਕਮਰਿਆਂ ਵਿਚ ਬੈਠ ਕੇ ਰਣਨੀਤੀ ਘੜੀ। ਸਰਨਿਆਂ ਦਾ ਹੱਦੋਂ ਵੱਧ ਵਿਰੋਧ ਕਰਨ ਦੀ ਥਾਂ ਉਹ ਉਸਾਰੂ ਮੁੱਦਿਆਂ ਦੀ ਗੱਲ ਕਰਨ ਵਿਚ ਰੁੱਝੀ ਰਹੀ। ਉਨ੍ਹਾਂ ਗੁਰਦੁਆਰਿਆਂ ਦੇ ਵਿਕਾਸ ਨੂੰ ਮੁੱਦਾ ਬਣਾਇਆ। 1984 ਕਤਲੇਆਮ ਦੀ ਯਾਦਗਾਰ ਦਾ ਹਵਾਲਾ ਦਿੱਤਾ। ਕਮੇਟੀ ਵੱਲੋਂ ਚਲਾਏ ਜਾਂਦੇ ਵਿੱਦਿਅਕ ਅਦਾਰਿਆਂ ਦੀ ਪੇਸ਼ਕਾਰੀ ਕੀਤੀ।

ਇੱਕ ਹੋਰ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਬਾਦਲ ਦਲ ਨੇ ਇਸ ਵਾਰ ਵੱਧ ਨੌਜਵਾਨ ਉਮੀਦਵਾਰ ਮੈਦਾਨ ਵਿਚ ਉਤਾਰੇ। ਪੁਰਾਣੇ ਖੁੰਢਾਂ ਦੀ ਥਾਂ ਉਸਾਰੂ ਸੋਚ ਰੱਖਦਿਆਂ ਨੂੰ ਮੂਹਰੇ ਕੀਤਾ। ਨਵੀਂ ਸੋਚ ਵਾਲੇ ਉਮੀਦਵਾਰਾਂ ਨਾਲ ਵੋਟਰ ਵੱਧ ਜੁੜੇ, ਜਦਕਿ ਸਰਨਾ ਗਰੁੱਪ ਕੋਲ ਉਹੀ ਢਲੇ ਸਰੀਰਾਂ ਵਾਲੇ ਬਹੁਤੇ ਉਮੀਦਵਾਰ ਸਨ, ਜੋ ਦੇਖਣ ਵਿੱਚ ਪ੍ਰਸ਼ਾਦ ਛਕਣ ਵਾਲੇ ਵੱਧ ਅਤੇ ਕੰਮ ਕਰਨ ਵਾਲੇ ਘੱਟ ਜਾਪਦੇ ਸਨ। ਸਭ ਤੋਂ ਮਾੜੀ ਭਾਈ ਬਲਦੇਵ ਸਿੰਘ ਵਡਾਲਾ ਅਤੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਰਗਿਆਂ ਨਾਲ ਹੋਈ। ਪੰਥਕ ਸੇਵਾ ਦਲ ਦਾ ਪ੍ਰਚਾਰ ਸੀ ਕਿ ਬਾਦਲ ਅਤੇ ਸਰਨਾ ਦਲ ਨੂੰ ਪਰ੍ਹੇ ਕਰਕੇ ਨਵਿਆਂ ਨੂੰ ਮੂਹਰੇ ਲੈ ਕੇ ਆਓ। ਸੁਣਨ ਵਿਚ ਆ ਰਿਹਾ ਸੀ ਕਿ ਆਮ ਆਦਮੀ ਪਾਰਟੀ ਅਸਿੱਧੇ ਤੌਰ ’ਤੇ ਪੰਥਕ ਦਲ ਨਾਲ ਸੀ। ਦਿੱਲੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਕਈ ਉਮੀਦਵਾਰਾਂ ਦੇ ਹੱਕ ਵਿਚ ਸਨ ਤੇ ਵਿਧਾਇਕ ਅਵਤਾਰ ਸਿੰਘ ਕਾਲਕਾ ਜੀ ਸਿੱਧੇ ਤੌਰ ’ਤੇ ਮੈਦਾਨ ਵਿਚ ਸਨ, ਪਰ ਉਨ੍ਹਾਂ ਦੀਆਂ ਉਮੀਦਾਂ ’ਤੇ ਬੇਹੱਦ ਵੱਡੀ ਸੱਟ ਵੱਜੀ।

ਜੋ ਨਤੀਜੇ ਸਭ ਦੇ ਸਾਹਮਣੇ ਹਨ, ਇਹ ਚਾਰ ਵਰ੍ਹਿਆਂ ਤੱਕ ਰਹਿਣੇ ਹਨ। ਚਾਰ ਵਰ੍ਹਿਆਂ ਮਗਰੋਂ ਕਿਹੜੇ ਰਾਜੇ ਦੀ ਪਰਜਾ ਹੋਵੇਗੀ, ਅੰਦਾਜ਼ਾ ਨਹੀਂ ਲੱਗ ਸਕਦਾ, ਪਰ ਇਹ ਨਤੀਜੇ ਸਰਨਾ ਦਲ ਨੂੰ ਦਿੱਲੀ ਦੀ ਰਾਜਨੀਤੀ ਵਿੱਚੋਂ ਬਾਹਰ ਕਰ ਗਏ ਹਨ। 46 ਵਿੱਚੋਂ 7 ਵਾਰਡਾਂ ਵਿਚ ਜਿੱਤ ਹਾਸਲ ਹੋਣੀ ਕੋਈ ਪ੍ਰਾਪਤੀ ਨਹੀਂ ਤੇ ਪਰਮਜੀਤ ਸਿੰਘ ਸਰਨਾ ਦਾ ਮੁੜ ਹਾਰ ਜਾਣਾ ਛੇਤੀ ਭੁੱਲਣ ਵਾਲੀ ਗੱਲ ਨਹੀਂ। ਹੁਣ ਰਾਜਧਾਨੀ ਦੇ ਗੁਰਦੁਆਰਿਆਂ ਦਾ ਹੋਰ ਕਿੰਨਾ ਵਿਕਾਸ ਹੋਵੇਗਾ, ਸਮਾਂ ਦੱਸੇਗਾ, ਪਰ ਇਹ ਅਸੀਂ ਜ਼ਰੂਰ ਦੱਸ ਸਕਦੇ ਹਾਂ ਕਿ ਇਹ ਨਤੀਜੇ ‘ਆਪ’ ਵਰਕਰਾਂ ਲਈ ਵੀ ਨਮੋਸ਼ੀ ਲੈ ਕੇ ਆਏ ਹਨ। ਸੋਸ਼ਲ ਮੀਡੀਆ ’ਤੇ ਜਿਹੜੇ ਲੋਕ ਦਿਨ ਵਿਚ ਤਿੰਨ-ਤਿੰਨ ਵਾਰ ਮੁੱਖ ਮੰਤਰੀ ਬਦਲਦੇ ਸਨ, ਉਨ੍ਹਾਂ ਅਜਿਹੀ ਚੁੱਪ ਧਾਰੀ ਹੈ ਕਿ ਕੁਸਕ ਵੀ ਨਹੀਂ ਰਹੇ। ਹੁਣ ਉਨ੍ਹਾਂ ਨੂੰ ਹਲੂਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਆਖਦੇ ਹਨ ਕਿ ਦਿੱਲੀ ਵਿਚ ਵੋਟਾਂ ਹੀ ਮਸਾਂ ਸਾਢੇ ਕੁ ਪੰਤਾਲੀ ਫ਼ੀਸਦੀ ਪਈਆਂ ਸਨ। ਇਹ ਨਤੀਜੇ ਇਸੇ ਕਰਕੇ ਆਏ ਹਨ। ਪਰ ਉਨ੍ਹਾਂ ਦੀ ਇਹ ਦਲੀਲ ਪ੍ਰਭਾਵਤ ਕਰਨ ਵਾਲੀ ਨਹੀਂ। ਚਾਰ ਵਰ੍ਹੇ ਪਹਿਲਾਂ ਵੋਟਾਂ ਹੁਣ ਨਾਲੋਂ ਵੀ ਘੱਟ ਪਈਆਂ ਸਨ।

ਖੈਰ, ਹੁਣ 11 ਮਾਰਚ ਦੀ ਉਡੀਕ ਹੈ। ਉਸ ਦਿਨ ਜਿਹੜੀ ਪਾਰਟੀ ਬਾਜ਼ੀ ਮਾਰ ਗਈ, ਹਰ ਪਾਸੇ ਉਸੇ ਦੀ ਮਹਿਮਾ ਹੋਵੇਗੀ ਤੇ ਜਿਹੜੀ ਹਾਰ ਗਈ, ਉਹਦਾ ਵਿਸ਼ਲੇਸ਼ਣ ਹਰ ਕੋਈ ਕਰੇਗਾ।

ਮੁੱਕਦੀ ਗੱਲ ਇਹ ਕਿ ਬਾਦਲ ਅਕਾਲੀ ਦਲ ਨੂੰ ਜਿਹੜੇ ਲੋਕ ਵੈਂਟੀਲੇਟਰ ’ਤੇ ਪਏ ਮਰੀਜ਼ ਵਰਗਾ ਆਖ ਰਹੇ ਸਨ, ਉਹ ਥੋੜ੍ਹੇ ਸੁਰ ਬਦਲਦਿਆਂ ਕਹਿਣ ਲੱਗ ਗਏ ਨੇ ਕਿ ਵੈਂਟੀਲੇਟਰ ਤੋਂ ਉੱਠ ਕੇ ਮਰੀਜ਼ ਬੈਠ ਗਿਆ ਹੈ। ਆਈ ਸੀ ਯੂ ਵਿੱਚੋਂ ਬਾਹਰ ਕੱਢ ਕੇ ਘਰ ਭੇਜਣਾ ਹੈ ਜਾਂ ਇਸ ਨੂੰ ਬਚਾਉਣ ਲਈ ਮੁੜ ਮਸ਼ੀਨ ਚਲਾਉਣੀ ਪਵੇਗੀ, 11 ਤਰੀਕ ਨੂੰ ਪਤਾ ਲੱਗੇਗਾ।

*****

(624)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author