BhupindervirSingh7“ਜੇਕਰ ਅੱਜ ਅਸੀਂ ਆਪਣੇ ਦੇਸ਼ ਨੂੰ ਤਰੱਕੀ ’ਤੇ ਲੈਕੇ ਜਾਣਾ ਚਾਹੁੰਦੇ ਹਾਂ ਤਾਂ  ...”
(3 ਮਾਰਚ 2017)

 

Malala2ਹਰ ਸਾਲ ਭਾਰਤ ਵਿਚ ਔਰਤਾਂ ਉੱਤੇ ਜ਼ੁਲਮ ਅਤੇ ਅੱਤਿਆਚਾਰ ਦੀ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਅੱਜ ਪੂਰੇ ਭਾਰਤ ਵਿਚ ਅੰਕੜਿਆਂ ਮੁਤਾਬਿਕ ਹਰ 3 ਮਿੰਟ ਵਿਚ ਕੋਈ ਔਰਤ ਬਲਾਤਕਾਰ ਜਾਂ ਕਿਸੇ ਜਿਸਮਾਨੀ ਛੇੜਛਾੜ ਦਾ ਸ਼ਿਕਾਰ ਹੁੰਦੀ ਹੈ, ਜਿਸ ਕਾਰਨ ਹੀ ਅੱਜ ਭਾਰਤ ਦੀਆਂ ਜ਼ਿਆਦਾਤਰ ਔਰਤਾਂ ਦੀ ਜ਼ਿੰਦਗੀ ਵਿਚ ਡਰ ਅਤੇ ਸਹਿਮ ਤੋਂ ਇਲਾਵਾ ਗੁਲਾਮੀ ਹੀ ਦੇਖਣ ਨੂੰ ਮਿਲਦੀ ਹੈ। ਜੇਕਰ ਨਿਡਰਤਾ ਦੀ ਗੱਲ ਕੀਤੀ ਜਾਵੇ ਤਾਂ ਹਜ਼ਾਰਾਂ ਵਿੱਚੋਂ ਕੋਈ ਇੱਕ ਇਸਤਰੀ ਹੋਵੇਗੀ ਜੋ ਆਪਣੇ ਹੱਕਾਂ ਲਈ ਨਿਡਰ ਹੋਕੇ ਆਪਣੀ ਆਵਾਜ਼ ਬੁਲੰਦ ਕਰਦੀ ਹੈ। ਕਈ ਵਾਰ ਅਜਿਹੀਆਂ ਔਰਤਾਂ ਨੂੰ ਨਿਡਰਤਾ ਦਿਖਾਉਣ ਕਾਰਨ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ। ਜ਼ਿਆਤਰ ਔਰਤਾਂ ਅਜਿਹੇ ਸੰਭਾਵਿਤ ਖਤਰਿਆਂ ਕਾਰਨ ਹੱਕਾਂ ਪ੍ਰਤੀ ਆਵਾਜ਼ ਉਠਾਉੁਣ ਤੋਂ ਜ਼ਿਆਦਾ ਆਪਣੇ ਉੱਪਰ ਜ਼ੁਲਮ ਸਹਿਣ ਨੂੰ ਪਹਿਲ ਦਿੰਦੀਆਂ ਹਨ। ਅਜਿਹੇ ਜ਼ੁਲਮਾਂ ਪ੍ਰਤੀ ਆਵਾਜ਼ ਬੁਲੰਦ ਕਰਕੇ ਆਪਣੀ ਜਾਨ ਖਤਰੇ ਵਿਚ ਪਾਉਣ ਵਾਲੀ ਸਭ ਤੋਂ ਛੋਟੀ ਉਮਰ, 17 ਸਾਲ ਵਿੱਚ, ‘ਨੋਬਲ ਸ਼ਾਂਤੀ ਪੁਰਸਕਾਰ’ ਪ੍ਰਾਪਤ ਕਰਨ ਵਾਲੀ ਪਿਆਰੀ ਬੱਚੀ ਮਲਾਲਾ ਦਾ ਨਾਮ ਅੱਜ ਸੰਸਾਰ ਭਰ ਦੇ ਹਰ ਇੱਕ ਬੱਚੇ-ਬੱਚੇ ਨੂੰ ਵੀ ਪਤਾ ਹੈ।

ਮਲਾਲਾ ਯੂਸਫਜਾਈ ਕੁੜੀਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕਰਨ ਵਾਲੀ ਉਹ ਕੁੜੀ ਹੈ ਜਿਸਨੇ ਆਪਣੀ ਹੱਸਣ ਖੇਡਣ ਦੀ ਉਮਰ ਵਿੱਚ ਕੁੜੀਆਂ ਦੇ ਹੱਕਾਂ ਲਈ ਆਪਣੀ ਨਿਡਰਤਾ ਨੂੰ ਦਿਖਾਉਂਦੇ ਹੋਏ ਤਾਲਿਬਾਨ ਅੱਤਵਾਦੀਆਂ ਦੇ ਵਿਰੁੱਧ ਜਾਕੇ ਸਿੱਖਿਆ ਅਤੇ ਹੱਕਾਂ ਲਈ ਆਵਾਜ਼ ਉਠਾਈ ਤੇ ਜਿਸ ਨੂੰ ਬਦਲੇ ਵਿੱਚ ਅੱਤਵਾਦੀਆਂ ਦੇ ਹਮਲੇ ਦਾ ਸ਼ਿਕਾਰ ਹੋਣਾ ਪਿਆ। ਪਰ ਖੁਸ਼ਕਿਸਮਤੀ ਨਾਲ ਇਸ ਅੱਤਵਾਦੀ ਹਮਲੇ ਵਿਚ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾਈ ਗਈ ਮਲਾਲਾ ਦੇ ਸਿਰ ਵਿੱਚ ਗੋਲੀ ਲੱਗਣ ਤੋਂ ਬਾਅਦ ਪ੍ਰਮਾਤਮਾ ਦੀ ਕ੍ਰਿਪਾ ਨਾਲ ਉਹ ਬਚ ਗਈ। ਇਸ ਘਟਨਾ ਤੋਂ ਬਾਅਦ ਵੀ ਮਲਾਲਾ ਨੇ ਕੁੜੀਆਂ ਦੀ ਸਿੱਖਿਆ ਤੇ ਹੱਕਾਂ ਪ੍ਰਤੀ ਸੰਘਰਸ਼ ਕਰਨਾ ਨਹੀਂ ਛੱਡਿਆ। ਅੱਜ ਵੀ ਉਹ ਔਰਤਾਂ ਦੀ ਸਿੱਖਿਆ, ਹੱਕਾਂ ਤੇ ਔਰਤਾਂ ਦੀ ਗੁਲਾਮੀ ਪ੍ਰਤੀ ਸੰਘਰਸ਼ ਕਰ ਰਹੀ ਹੈ।

ਮਲਾਲਾ ਯੂਸਫਜਾਈ ਦਾ ਜਨਮ ਪਾਕਿਸਤਾਨ ਦੇ ਸਵਾਤ ਜ਼ਿਲ੍ਹੇ ਦੇ ਪਿੰਡ ਮੀਨਗੋਰਾ ਵਿੱਚ 12 ਜੁਲਾਈ 1997 ਨੂੰ ਹੋਇਆ। ਛੋਟੀ ਉਮਰ ਵਿੱਚ ਹੀ ਡਾਇਰੀ ਲਿਖਣ ਦੀ ਸ਼ੌਕੀਨ ਮਲਾਲਾ ਪੜ੍ਹਾਈ ਪ੍ਰਤੀ ਬਹੁਤ ਹੀ ਹੁਸ਼ਿਆਰ ਸੀ। ਉਹ ਹਰ ਇੱਕ ਪਲ ਡਾਇਰੀ ਵਿੱਚ ਉਤਾਰਦੀ ਸੀ। ਮਲਾਲਾ ਦੀ ਸਕੂਲੀ ਪੜ੍ਹਾਈ ਦੇ ਦੌਰਾਨ ਮੀਨਗੋਰਾ ਵਿੱਚ 2009 ਵਿੱਚ ਤਾਲਿਬਾਨੀ ਅੱਤਵਾਦੀਆਂ ਦਾ ਕਬਜ਼ਾ ਸੀ। ਉਸ ਸਮੇਂ ਦੌਰਾਨ ਅੱਤਵਾਦੀਆਂ ਵਲੋਂ ਕੁੜੀਆਂ ਨੂੰ ਸਕੂਲ ਵਿੱਚ ਪੜ੍ਹਨ ਲਈ ਭੇਜਣ ’ਤੇ ਰੋਕ ਲਾ ਦਿੱਤੀ ਸੀ। ਮਲਾਲਾ ਵੀ ਉਨ੍ਹਾਂ ਪੀੜਤ ਲੜਕੀਆਂ ਵਿੱਚ ਸ਼ਾਮਲ ਸੀ। ਇਸ ਤੋਂ ਬਿਨ੍ਹਾਂ ਲੜਕੀਆਂ ਨੂੰ ਟੀ.ਵੀ ਦੇਖਣ ਤੇ ਖੁੱਲ੍ਹੇ ਵਿੱਚ ਖੇਡਣ ਅਤੇ ਘੁੰਮਣ ’ਤੇ ਵੀ ਰੋਕ ਲਾ ਦਿੱਤੀ ਸੀ। ਲੜਕੀਆਂ ਦੇ ਸਕੂਲ ਬੰਦ ਕਰ ਦਿੱਤੇ ਗਏ ਸਨ। ਇਸ ਸਭ ਦੇ ਚਲਦੇ ਹੀ ਮਲਾਲਾ ਨੇ 11 ਸਾਲ ਦੀ ਛੋਟੀ ਉਮਰ ਵਿੱਚ ਹੀ ਆਪਣੀ ਡਾਇਰੀ ਵਿੱਚ ਅੱਤਵਾਦੀਆਂ ਦੀ ਸਭ ਕਰਤੂਤਾਂ ਅਤੇ ਲੜਕੀਆਂ ’ਤੇ ਹੋ ਰਹੇ ਅੱਤਿਆਚਾਰਾਂ ਬਾਰੇ ਲਿਖਣਾ ਸ਼ੁਰੂ ਕੀਤਾ ਤੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ। ਇਸਤੋਂ ਬਾਅਦ ਉਸਦੀ ਲਿਖੀ ਡਾਇਰੀ ਨੂੰ ਬੀ.ਬੀ.ਸੀ ਨਿਊਜ਼ ਨੇ ਪ੍ਰਕਾਸ਼ਤ ਕੀਤਾ ਤੇ ਜਿਸ ਸਦਕਾ ਮਲਾਲਾ ਕੁੜੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਹੱਕਾਂ ਪ੍ਰਤੀ ਉਠਾਈ ਆਵਾਜ਼ ਕਾਰਨ ਚਰਚਾ ਵਿੱਚ ਆ ਗਈ। ਮਲਾਲਾ ਫਿਰ ਬੇਖੌਫ ਹੋ ਕੇ ਤਾਲਿਬਾਨ ਦੇ ਖਿਲਾਫ ਲਿਖਣ ਲੱਗੀ। ਉਸਦੇ ਆਰਟੀਕਲ ਤੇ ਸਟੇਟਮੈਂਟਾਂ ਕਾਫੀ ਲੋਕਲ ਅਖਬਾਰ ਅਤੇ ਅੰਤਰਰਾਸ਼ਟਰੀ ਅਖਬਾਰ ਵੀ ਛਾਪਣ ਲੱਗੇ। ਪਰ ਕੱਟੜ ਤਾਲਿਬਾਨ ਅੱਤਵਾਦੀ ਵਿਸ਼ੇਸ਼ ਤੌਰ ’ਤੇ ਕੁੜੀਆਂ ਦੀ ਪੜ੍ਹਾਈ ਕਰਨ ਦੇ ਵਿਰੋਧ ਵਿੱਚ ਸਨ। ਇਸੇ ਕਰਕੇ ਹੀ ਮਲਾਲਾ ਯੂਸਫਜਾਈ ਅੱਤਵਾਦੀਆਂ ਦੀ ਹਿੱਟ ਲਿਸਟ ’ਤੇ ਆ ਗਈ।

2009 ਵਿਚ ਸਵਾਤ ਵਿੱਚ ਅੱਤਵਾਦੀਆਂ ਵਲੋਂ ਕੁੜੀਆਂ ਦੇ ਸਕੂਲ ਜਾਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ ਤੇ ਐਲਾਨੀਆਂ ਕਹਿ ਦਿੱਤਾ ਸੀ ਕਿ ਜੇ ਕੋਈ ਇਸ ਫਰਮਾਨ ਦੇ ਉਲਟ ਜਾਵੇਗਾ ਤਾਂ ਉਹ ਆਪਣੀ ਮੌਤ ਦਾ ਖੁਦ ਜ਼ਿੰਮੇਵਾਰ ਹੋਵੇਗਾ। ਅੱਤਵਾਦੀ ਖਤਰਾ ਘਟਣ ਤੱਕ ਆਪਣੇ ਸੰਘਰਸ਼ ਕਾਰਨ ਮਲਾਲਾ ਕਾਫੀ ਚਰਚਾ ਵਿੱਚ ਆ ਚੁੱਕੀ ਸੀ। ਅੱਤਵਾਦੀਆਂ ਵਲੋਂ ਪਹਿਲਾਂ ਹੀ ਉਸ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆ ਸਨ ਪਰ ਉਹ ਇਨ੍ਹਾਂ ਪ੍ਰਤੀ ਪੂਰੀ ਤਰ੍ਹਾਂ ਨਾਲ ਨਿਡਰ ਸੀ। ਸਾਲ 2009 ਵਿੱਚ ਨਿਊਯਾਰਕ ਟਾਇਮਜ਼ ਨੇ ਮਲਾਲਾ ’ਤੇ ਇੱਕ ਫਿਲਮ ਵੀ ਬਣਾਈ, ਜਿਸ ਵਿੱਚ ਅੱਤਵਾਦੀਆਂ ਦੇ ਆਤੰਕ ਅਤੇ ਔਰਤਾਂ ਪ੍ਰਤੀ ਹੋ ਰਹੇ ਅੱਤਿਆਚਾਰਾਂ ਦਾ ਪਰਦਾ ਫਾਸ਼ ਕੀਤਾ ਗਿਆ ਸੀ।

ਇਸ ਨਿਡਰ ਸੰਘਰਸ਼ ਲਈ ਮਲਾਲਾ ਨੂੰ 2013 ਵਿੱਚ “ਇੰਨਰਨੈਸ਼ਨਲ ਚਿਲਡਰਨ ਪੀਸ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਮਲਾਲਾ ਦੇ ਸੰਘਰਸ਼ ਦੇ ਸਾਹਮਣੇ ਆਪਣੀ ਹੋ ਰਹੀ ਹਾਰ ਨੂੰ ਦੇਖਕੇ ਤਾਲਿਬਾਨ ਅੱਤਵਾਦੀਆਂ ਨੇ ਮਲਾਲਾ ਨੂੰ ਮਾਰਨ ਦੀ ਯੋਜਨਾ ਬਣਾਈ। 9 ਅਕਤੂਬਰ 2012 ਵਿੱਚ ਮਲਾਲਾ ਸਕੂਲ ਤੋਂ ਆਪਣੇ ਸਹਿਪਾਠੀਆਂ ਨਾਲ ਘਰ ਵਾਪਸ ਜਾ ਰਹੀ ਸੀ। ਇਸੀ ਦੌਰਾਨ ਹੀ ਤਾਲਿਬਾਨ ਅੱਤਵਾਦੀਆਂ ਨੇ ਮਲਾਲਾ ਨੂੰ ਆਪਣੀ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣਾਇਆ। ਗੋਲੀ ਮਲਾਲਾ ਦੇ ਸਿਰ ਵਿੱਚ ਮਾਰੀ ਗਈ। ਇਸ ਘਟਨਾ ਵਿੱਚ ਕੁਝ ਹੋਰ ਲੜਕੀਆਂ ਵੀ ਜ਼ਖਮੀ ਹੋਈਆਂ। ਇਸ ਹਮਲੇ ਵਿੱਚ ਮਲਾਲਾ ਬਹੁਤ ਹੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੇਸ਼ਾਵਰ ਦੇ ਮਿਲਟਰੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ। ਉਸਦੇ ਸਿਰ ਦਾ ਆਪ੍ਰੇਸ਼ਨ ਕੀਤਾ ਗਿਆ। ਇਸ ਘਟਨਾ ਦਾ ਪੂਰੀ ਦੁਨੀਆ ਵਿੱਚ ਅਫਸੋਸ ਮਨਾਇਆ ਗਿਆ। ਇਸ ਘਟਨਾ ਤੋਂ ਬਾਅਦ ਹਰ ਇੱਕ ਇਨਸਾਨ ਨੇ ਅੱਤਵਾਦੀਆਂ ਦੇ ਹਮਲੇ ਵਿੱਚ ਜ਼ਖਮੀ ਹੋਈ ਬੱਚੀ ਲਈ ਦੁਆ ਕੀਤੀ ਤੇ ਇਸ ਘਟਨਾ ਨਾਲ ਮਲਾਲਾ ਪੂਰੀ ਦੁਨੀਆਂ ’ਤੇ ਛਾ ਕੇ ਚਰਚਾ ਵਿੱਚ ਆ ਗਈ। ਬਾਅਦ ਵਿੱਚ ਮਲਾਲਾ ਨੂੰ ਅਗਲੇ ਇਲਾਜ ਲਈ ਰਾਣੀ ਇਲਿਜ਼ਬੈਥ ਹਸਪਤਾਲ ਬਰਮਿੰਗਮ ਇੰਗਲੈਂਡ ਭੇਜ ਦਿੱਤਾ ਗਿਆ। ਲੰਬੇ ਇਲਾਜ ਤੇ ਕਾਫੀ ਆਪ੍ਰੇਸ਼ਨਾਂ, ਸਰਜਰੀਆਂ ਅਤੇ ਸਿਰ ਵਿੱਚ ਟਾਈਟੇਨੀਅਮ ਦੀ ਪਲੇਟ ਪਾਉਣ ਤੋਂ ਬਾਅਦ ਮਲਾਲਾ ਦੀ ਹਾਲਤ ਵਿੱਚ ਸੁਧਾਰ ਆਇਆ।

ਮਾਰਚ 2013 ਮੌਤ ਦੇ ਮੂੰਹ ਵਿੱਚੋਂ ਵਾਪਸ ਆਕੇ ਠੀਕ ਹੋਣ ਤੋਂ ਬਾਅਦ ਬਰਿੰਗਘਮ ਦੇ ਸਕੂਲ ਵਿੱਚ ਆਪਣੀ ਪੜ੍ਹਾਈ ਦੀ ਦੁਬਾਰਾ ਸ਼ੁਰੂਆਤ ਕਰਕੇ ਮਲਾਲਾ ਨੇ ਪੂਰੀ ਦੁਨੀਆ ਵਿੱਚ ਕੁੜੀਆਂ ਦੇ ਹੱਕਾਂ ਪ੍ਰਤੀ ਉਠਾਈ ਆਵਾਜ਼ ਨੂੰ ਹੋਰ ਮਜ਼ਬੂਤ ਕੀਤਾ। ਇਸ ਸੰਘਰਸ਼ ਦੇ ਰਾਹ ’ਤੇ ਚਲਦੇ ਹੀ ਸਾਲ 2013 ਵਿੱਚ ਮਲਾਲਾ ਯੂਸਫਜਾਈ ਨੇ ਆਪਣੀ ਲਿਖੀ ਕਿਤਾਬ “I Am Malala” ਲੋਕ ਅਰਪਣ ਕੀਤੀ, ਜਿਸ ਨੂੰ ਯੂਰਪ ਅਤੇ ਦੂਜੇ ਸਾਰੇ ਮੁਲਕਾਂ ਵਿੱਚ ਪਸੰਦ ਕੀਤਾ ਜਾ ਰਿਹਾ ਹੈ।

ਇਸ ਕਿਤਾਬ ਨੂੰ ਅਲੱਗ ਅਲੱਗ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਇਸ ਵਿੱਚ ਉੱਘੀ ਜਰਨਲਿਸਟ ਕ੍ਰਿਸਤੀਨਾ ਲਾਮਬ ਨੇ ਸਹਿ ਲੇਖਕ ਵਲੋਂ ਆਪਣੀ ਭੂਮਿਕਾ ਨਿਭਾਈ ਹੈ। ਇਸ ਪੁਸਤਕ ਰਾਹੀਂ ਮਲਾਲਾ ਨੇ ਲੜਕੀਆਂ ਦੇ ਹੱਕਾਂ ਤੇ ਆਪਣੇ ਨਾਲ ਬੀਤੀਆਂ ਘਟਨਾਵਾਂ ਸਾਂਝੀਆਂ ਕੀਤੀਆਂ ਹਨ। ਫਿਰ ਸਾਲ 2014 ਵਿੱਚ ਮਲਾਲਾ ਯੂਸਫਜਾਈ ਬਾਲ ਅਧਿਆਕਾਰਾਂ ਖਿਲਾਫ ਕੰਮ ਕਰਨ ਵਾਲੇ ਕੈਲਾਸ਼ ਸਤਿਆਰਥੀ ਦੇ ਨਾਲ “ਨੋਬਲ ਸ਼ਾਤੀ ਪੁਰਸਕਾਰ” ਜਿੱਤਣ ਵਿੱਚ ਸਫਲ ਹੋਈ। ਇਸ ਤੋਂ ਬਿਨਾਂ ਪਾਕਿਸਤਾਨ ਸਰਕਾਰ ਵਲੋਂ ਵੀ ਮਲਾਲਾ ਦੇ ਸਨਮਾਨ ਲਈ ਕਈ ਅਵਾਰਡ ਉਸ ਨੂੰ ਦਿੱਤੇ ਗਏ ਸਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਮਲਾਲਾ ਨੂੰ ਪਾਕਿਸਤਾਨ ਦਾ ਮਾਣ ਕਿਹਾ ਗਿਆ।

ਅੱਜ ਵੀ ਹਮਲੇ ਦਾ ਖਤਰਾ ਹੋਣ ਦੀ ਸ਼ੰਕਾ ਕਾਰਨ ਮਲਾਲਾ ਨੂੰ ਹਥਿਆਰਬੰਦ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਹ ਸਭ ਅੱਜ ਵੀ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਲੜਕੀਆਂ ਦੀ ਹਾਲਤ ਅੱਜ ਵੀ ਗੁਲਾਮੀ ਵਾਲੀ ਹੀ ਹੈ ਭਾਰਤ ਵਿੱਚ ਵੀ ਲੜਕੀਆਂ ਦੇ ਹੱਕਾਂ ਪ੍ਰਤੀ ਕੋਈ ਮਜਬੂਤ ਰਾਹ ਨਹੀਂ ਹੈ। ਹਜ਼ਾਰਾਂ ਹੀ ਕੁੜੀਆਂ ਹਨ ਜਿਨ੍ਹਾਂ ਤੋਂ ਉਨ੍ਹਾਂ ਦੇ ਹੱਕ ਖੋਹੇ ਜਾ ਰਹੇ ਹਨ। ਲੋਕਾਂ ਵਿੱਚ ਨੀਵੀਂ ਸੋਚ ਹੋਣ ਕਾਰਨ ਅਤੇ ਹੋਰ ਕਾਫੀ ਕਾਰਨਾਂ ਕਰਕੇ ਅੱਜ ਹਜ਼ਾਰਾਂ ਹੀ ਕੁੜੀਆਂ ਪੜ੍ਹਾਈ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਕੁੜੀਆਂ ਪ੍ਰਤੀ ਵਧ ਰਿਹਾ ਅੱਤਿਆਚਾਰ ਕੁੜੀਆਂ ਦੇ ਗੁਲਾਮ ਹੋਣ ਦੀ ਪੂਰੀ ਗਵਾਹੀ ਭਰਦਾ ਹੈ।

ਪੰਜਾਬ ਵਿੱਚ ਵੀ ਲੜਕੀਆਂ ਨੂੰ ਕਾਫੀ ਜ਼ੁਲਮ ਸਹਿਣਾ ਪੈ ਰਿਹਾ ਹੈ। ਲੜਕੀਆਂ ਦੀ ਗਿਣਤੀ ਘਟਣਾ ਇਸਦਾ ਵੱਡਾ ਸਬੂਤ ਹੈ। ਆਜ਼ਾਦੀ ਦੀ ਲਗਭਗ ਪੌਣੀ ਸਦੀ ਬੀਤ ਜਾਣ ’ਤੇ ਵੀ ਔਰਤਾਂ ਗੁਲਾਮੀ ਦਾ ਸ਼ਿਕਾਰ ਬਣਕੇ ਜੀ ਰਹੀਆਂ ਹਨ। ਜੇ ਸਭ ਤੱਥਾਂ ਨੂੰ ਦੇਖਿਆ ਜਾਵੇ ਤਾਂ ਔਰਤਾਂ ਸਿਰਫ ਸਤੀ ਪ੍ਰਥਾ ਖਤਮ ਕਰਨ ਵਿੱਚ ਹੀ ਕਾਮਯਾਬ ਹੋਈਆਂ ਹਨ ਬਾਕੀ ਗੁਲਾਮੀ ਦੀਆਂ ਪ੍ਰਥਾਵਾਂ ਤਾਂ ਅਜੇ ਵੀ ਜਾਰੀ ਹਨ। ਔਰਤ ਦੀ ਹਾਲਤ ਅੱਜ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਆਜ਼ਾਦੀ ਸਿਰਫ ਨਾਮ ਦੀ ਹੀ ਹੈ, ਸਭ ਕੰਮਾਂ ਵਿੱਚ ਤਾਂ ਔਰਤਾਂ ਅਜੇ ਵੀ ਗੁਲਾਮੀ ਭੁਗਤ ਰਹੀਆਂ ਹਨ। ਵਿਗਿਆਨਕ ਯੁੱਗ ਹੋਣ ’ਤੇ ਵੀ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਆਵਾਜ਼ ਉਠਾਉਣ ਨਹੀਂ ਦਿੱਤੀ ਜਾਂਦੀ। ਜੇ ਕੋਈ ਔਰਤ ਬੋਲਦੀ ਵੀ ਹੈ ਤਾਂ ਉਸ ਨੂੰ ਮਰਿਯਾਦਾ ਭੰਗ ਕਰਨ ਦਾ ਝੂਠਾ ਦੋਸ਼ ਲਾ ਕੇ ਖਾਮੋਸ਼ ਕਰ ਦਿੱਤਾ ਜਾਂਦਾ ਹੈ।

ਜੇਕਰ ਅੱਜ ਅਸੀਂ ਆਪਣੇ ਦੇਸ਼ ਨੂੰ ਤਰੱਕੀ ’ਤੇ ਲੈਕੇ ਜਾਣਾ ਚਾਹੁੰਦੇ ਹਾਂ ਤਾਂ ਲੋੜ ਹੈ ਸਭ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਦੀ, ਔਰਤਾਂ ਦੇ ਸਭ ਹੱਕ ਬਹਾਲ ਕਰਨ ਦੀ, ਔਰਤਾਂ ਪ੍ਰਤੀ ਮਾੜੀ ਸੋਚ ਨੂੰ ਬਦਲਣ ਦੀ, ਤਾਂ ਜੋ ਅੱਜ ਹਰ ਇੱਕ ਲੜਕੀ ਮਲਾਲਾ ਜਿਹੀ ਸੋਚ ਅਪਣਾਕੇ ਆਪਣੇ ਹੱਕਾਂ ਪ੍ਰਤੀ ਆਵਾਜ਼ ਉਠਾ ਕੇ ਉਨ੍ਹਾਂ ਨੂੰ ਪ੍ਰਾਪਤ ਕਰ ਸਕੇ। ਇਸ ਸਦਕਾ ਸਾਡੇ ਦੇਸ਼ ਵਿੱਚ ਔਰਤਾਂ ’ਤੇ ਹੋ ਰਹੇ ਅੱਤਿਆਚਾਰ ਤੇ ਗੁਲਾਮੀ ਵਿੱਚ ਕਮੀ ਆਵੇ ਤੇ ਸਭ ਔਰਤਾਂ ਨੂੰ ਖੁੱਲ੍ਹ ਕੇ ਜ਼ਿੰਦਗੀ ਜੀਉਣ ਦਾ ਮੌਕਾ ਮਿਲੇ, ਤੇ ਦੇਸ਼ ਦੀ ਤਰੱਕੀ ਕਰੇ।

*****

(620)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਭੁਪਿੰਦਰਵੀਰ ਸਿੰਘ

ਭੁਪਿੰਦਰਵੀਰ ਸਿੰਘ

Patiala, Punjab, India.
Phone: (91 - 99149 - 57073)
Email: (bhupindervirsingh87@gmail.com)