GurmitShugli7ਪਤਾ ਨਹੀਂ ਉਹ ਸੁਲੱਖਣੀ ਘੜੀ ਕਦੋਂ ਆਵੇਗੀ ਜਦੋਂ ਐੱਸ ਵਾਈ ਐੱਲ ਸਮੇਤ ਦਹਾਕਿਆਂ ਪੁਰਾਣੇ ਹੋਰ ਮੁੱਦੇ ...
(1 ਮਾਰਚ 2017)

 

ਸਤਲੁਜ ਯਮੁਨਾ ਲਿੰਕ ਨਹਿਰ ਦਾ ਮਸਲਾ ਪਿੱਛੇ ਦਿਨੀਂ ਇਕਦਮ ਉੱਛਲਿਆ ਤਾਂ ਪੰਜਾਬੀਆਂ ਅਤੇ ਹਰਿਆਣਵੀਆਂ ਦੀ ਚਿੰਤਾ ਵਧਣੀ ਕੁਦਰਤੀ ਸੀ। 23 ਫਰਵਰੀ ਦਾ ਐਲਾਨ ਅਭੈ ਚੌਟਾਲਾ ਨੇ ਕੀਤਾ ਕਿ ਇਸ ਦਿਨ ਅਸੀਂ ਕਪੂਰੀ ਪਿੰਡ ਆ ਕੇ ਨਹਿਰ ਪੁੱਟਾਂਗੇ। ਇੱਕ ਲੱਖ ਵਰਕਰਾਂ ਨਾਲ ਗੱਜ ਵੱਜ ਕੇ ਆਵਾਂਗੇ ਤੇ ਸਾਨੂੰ ਕੋਈ ਰੋਕਣ ਵਾਲਾ ਜੰਮਿਆ ਨਹੀਂ। ਪੰਜਾਬ ਪੁਲਸ ਦੇ ਛੇ ਹਜ਼ਾਰ ਜਵਾਨਾਂ ਤੇ ਸੁਰੱਖਿਆ ਬਲਾਂ ਦੀਆਂ ਦਸ ਕੰਪਨੀਆਂ ਨੇ ਪਹਿਰੇਦਾਰੀ ਕੀਤੀ।

ਚੌਟਾਲਾ ਮੰਡਲੀ ਦੇ ਤਿੰਨ ਕੁ ਹਜ਼ਾਰ ਲੋਕਾਂ ਨੇ ਪੰਜਾਬ ਵਾਲੇ ਪਾਸੇ ਆਉਣ ਦੀ ਕੋਸ਼ਿਸ਼ ਕੀਤੀ, ਪਰ ਪੇਸ਼ ਨਾ ਚੱਲੀ। ਵੱਸ ਨਾ ਚੱਲਿਆ ਤਾਂ ਘੱਗਰ ਦਰਿਆ ’ਤੇ ਕਹੀ ਨਾਲ ਟੱਕ ਲਾ ਕੇ ਫੋਟੋਆਂ ਖਿਚਵਾ ਕੇ ਵਾਪਸ ਤੁਰਦੇ ਬਣੇ।

ਇਹ ਤਣਾਅ ਪੱਕੇ ਤੌਰ ’ਤੇ ਮੁੱਕ ਗਿਆ ਜਾਂ ਥੋੜ੍ਹੇ ਚਿਰ ਲਈ, ਕੁਝ ਕਹਿ ਨਹੀਂ ਸਕਦੇ, ਪਰ ਇੰਡੀਅਨ ਨੈਸ਼ਨਲ ਲੋਕ ਦਲ ਦਾ ਉਹੋ ਜਿਹਾ ਹਾਲ ਹਰਿਆਣੇ ਵਿਚ ਹੈ, ਜੋ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਦਾ। ਮੌਜੂਦਾ ਪੰਜਾਬ ਸਰਕਾਰ ਨੂੰ ਪਾਣੀ ਵਾਲਾ ਮੁੱਦਾ ਦੁੱਧ ਦੇਣ ਵਾਲਾ ਜਾਪਦਾ ਹੈ। ਚੌਟਾਲਾ ਐਂਡ ਕੰਪਨੀ ਹਰਿਆਣੇ ਦੀ ਰਾਜਨੀਤੀ ਵਿਚ ਹਾਸ਼ੀਏ ’ਤੇ ਹੈ, ਇਸੇ ਕਰ ਕੇ ਉਨ੍ਹਾਂ ਨੂੰ ਇਹੋ ਜਿਹੇ ਢਕਵੰਜ ਰਚਣੇ ਪੈਂਦੇ ਹਨ ਤਾਂ ਜੁ ਜਿਊਂਦੇ ਰਹਿ ਸਕਣ। ਜਾਣਦੇ ਉਹ ਵੀ ਹਨ ਤੇ ਜਾਣਦੇ ਪੰਜਾਬ ਵਾਲੇ ਵੀ ਹਨ ਕਿ ਸਤਲੁਜ ਯਮੁਨਾ ਲਿੰਕ ਨਹਿਰ ’ਤੇ ਅਸਲ ਫੈਸਲਾ ਸੁਪਰੀਮ ਕੋਰਟ ਨੇ ਸੁਣਾਉਣਾ ਹੈ। ਪਰ ਸੁਪਰੀਮ ਕੋਰਟ ਦੇ ਮੁਕੰਮਲ ਫੈਸਲੇ ਤੋਂ ਪਹਿਲਾਂ ਰੌਲੇ ਰੱਪੇ ਦਾ ਜੋ ਲਾਹਾ ਲਿਆ ਜਾ ਸਕਦਾ ਹੈ, ਉਹ ਲੈਣ ਦੀ ਦੋਵੇਂ ਧਿਰਾਂ ਹੱਦੋਂ ਵੱਧ ਕੋਸ਼ਿਸ਼ ਵਿਚ ਹਨ।

ਪਿਛਾਂਹ ਵੱਲ ਝਾਤ ਮਾਰੀਏ ਤਾਂ ਕਿੰਨਾ ਕੁਝ ਸਾਡੇ ਸਾਹਮਣੇ ਆ ਖਲੋਂਦਾ ਹੈ। ਨਹਿਰ ਦਾ ਇਹ ਮਸਲਾ ਨਵਾਂ ਨਹੀਂ। ਇਸ ਨਹਿਰ ਦੇ ਮਾਮਲੇ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਰਾਬਰ ਭੂਮਿਕਾ ਹੈ। ਹਰਿਆਣਾ ਵਿਧਾਨ ਸਭਾ ਦਾ ਰਿਕਾਰਡ ਬੋਲਦਾ ਹੈ ਕਿ ਚੌਧਰੀ ਦੇਵੀ ਲਾਲ ਨੇ ਬਾਦਲ ਸਾਹਿਬ ਦਾ ਧੰਨਵਾਦ ਕੀਤਾ ਸੀ ਕਿ ਉਨ੍ਹਾਂ ਨੇ ਨਹਿਰ ਲਈ ਸਰਵੇ ਕਰਨ ਦਾ ਮੌਕਾ ਦਿੱਤਾ ਤੇ ਪੰਜਾਬ ਨੂੰ ਇਸ ਬਦਲੇ ਤਕਰੀਬਨ ਪੰਜ ਕਰੋੜ ਅਦਾ ਕੀਤੇ ਗਏ।

ਅਗਲੀ ਵਾਰੀ ਕਾਂਗਰਸ ਦੀ ਆਉਂਦੀ ਹੈ। ਇੰਦਰਾ ਗਾਂਧੀ ਨੇ ਨਹਿਰ ਲਈ ਟੱਕ ਲਾਉਣ ਵਾਸਤੇ ਕਪੂਰੀ ਪਿੰਡ ਪਹੁੰਚਣਾ ਸੀ ਤਾਂ ਕੈਪਟਨ ਸਾਹਿਬ ਚਾਂਦੀ ਦੀ ਕਹੀ ਚੁੱਕੀ ਮੂਹਰੇ ਖੜ੍ਹੇ ਸਨ। ਇੰਦਰਾ ਗਾਂਧੀ ਦੇ ਕਪੂਰੀ ਪਿੰਡ ਪਹੁੰਚਣ ਬਾਰੇ ਇੱਕ ਅੰਗਰੇਜ਼ੀ ਅਖ਼ਬਾਰ ਵਿਚ ਇਸ਼ਤਿਹਾਰ ਛਾਪਿਆ ਗਿਆ ਸੀ, ਜਿਸ ਵਿਚ ਉਨ੍ਹਾਂ ਦੇ ਆਉਣ ਦਾ ਧੰਨਵਾਦ ਕੈਪਟਨ ਨੇ ਕੀਤਾ ਸੀ। ਇਸ ਇਸ਼ਤਿਹਾਰ ਨੂੰ ਕਈ ਵਾਰ ਆਮ ਆਦਮੀ ਪਾਰਟੀ ਵਾਲਿਆਂ ਨੇ ਸਾਂਝਾ ਵੀ ਕੀਤਾ ਹੈ, ਤਾਂ ਜੁ ਦੋਹਾਂ ਪਾਰਟੀਆਂ ਦੀ ਹਕੀਕਤ ਦਾ ਲੋਕਾਂ ਨੂੰ ਪਤਾ ਲੱਗ ਸਕੇ।

ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਦੋਵੇਂ ਧਿਰਾਂ ਨਹਿਰ ਲਈ ਸਹਿਮਤ ਸਨ ਤਾਂ ਇਕਦਮ ਪੰਜਾਬ ਦੇ ਪਾਣੀ ਦਾ ਫ਼ਿਕਰ ਕਿਹੜੀ ਗੱਲੋਂ ਸ਼ੁਰੂ ਹੋ ਗਿਆ। ਹਕੀਕਤ ਇਹ ਹੈ ਕਿ ਭਾਰਤ ਵਿਚ ਬਹੁਤੇ ਮੁੱਦੇ ਖੁਦ ਜਿਊਂਦੇ ਕਰਕੇ ਖੁਦ ਹੀ ਮਾਰੇ ਜਾਂਦੇ ਹਨ। ਜੇ ਉਦੋਂ ਨਹਿਰ ਵਾਲਾ ਮਸਲਾ ਨਿੱਬੜ ਜਾਂਦਾ ਤਾਂ ਰਾਜਨੀਤੀ ਕਿਵੇਂ ਹੁੰਦੀ? ਵੋਟਾਂ ਕਿਵੇਂ ਮੰਗੀਆਂ ਜਾਂਦੀਆਂ? ਖੁਦ ਨੂੰ ਸੂਬੇ ਦੇ ਹਮਾਇਤੀ ਕਿਵੇਂ ਦਰਸਾਇਆ ਜਾਂਦਾ?

ਮੌਕਾ ਦੇਖ ਇੱਕ ਨੇ ਨਹਿਰ ਦਾ ਵਿਰੋਧ ਸ਼ੁਰੂ ਕੀਤਾ ਤੇ ਮੁੱਦਾ ਹੱਥੋਂ ਨਿਕਲਦਾ ਦੇਖ ਦੂਜੀ ਧਿਰ ਨੇ ਵੀ ਇਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਹ ਮੁੱਦਾ ਇੰਨਾ ਕੁ ਰਿੜਕਿਆ ਗਿਆ ਕਿ ਅਕਾਲੀ ਦਲ (ਬ) ਪਾਣੀ ਖਾਤਰ ਲਹੂ ਦਾ ਕਤਰਾ-ਕਤਰਾ ਵਹਾਉਣ ਦਾ ਰਾਗ ਅਲਾਪਣ ਲੱਗਾ ਅਤੇ ਕਾਂਗਰਸ ਬਾਦਲਾਂ ਦੇ ਐਲਾਨ ਨੂੰ ਡਰਾਮੇਬਾਜ਼ੀ ਕਰਾਰ ਦੇਣ ਲੱਗੀ।

ਹੁਣ ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਪੰਜਾਬ ਖ਼ਿਲਾਫ਼ ਫ਼ੈਸਲਾ ਸੁਣਾਉਂਦਿਆਂ ਨਹਿਰ ਕੱਢਣ ਦੀ ਗੱਲ ਕਹਿ ਦਿੱਤੀ ਹੈ ਤੇ ਅਕਾਲੀ ਦਲ ਤਰਕ ਦੇ ਰਿਹਾ ਹੈ ਕਿ ਕਿਸਾਨਾਂ ਨੂੰ ਵਾਪਸ ਕੀਤੀ ਜ਼ਮੀਨ ਮੁੜ ਹਾਸਲ ਨਹੀਂ ਕੀਤੀ ਜਾ ਸਕਦੀ।

ਦੁਨੀਆ ਭਰ ਵਿਚ ਵਸਦੇ ਪੰਜਾਬੀ ਸੋਚ ਰਹੇ ਹਨ ਕਿ ਇਹੋ ਜਿਹਾ ਕਿਹੜਾ ਮਸਲਾ ਹੈ, ਜਿਹੜਾ ਮਿਲ ਬੈਠ ਕੇ ਹੱਲ ਨਾ ਹੋ ਸਕਦਾ ਹੋਵੇ। ਜਦੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ, ਪੰਜਾਬ ਵਿਚ ਭਾਜਪਾ ਦੀ ਹਿੱਸੇਦਾਰੀ ਹੈ ਤੇ ਹਰਿਆਣੇ ਵਿਚ ਵੀ ਭਾਜਪਾ ਹੈ ਤਾਂ ਰੌਲ਼ਾ ਕਿਹੜੀ ਗੱਲ ਦਾ। ਅਸਲ ਕਹਾਣੀ ਇਹ ਹੈ ਕਿ ਇਹ ਮੁੱਦਾ ਨਹੀਂ ਸੀ, ਇਹਨੂੰ ਮੁੱਦਾ ਬਣਾਇਆ ਗਿਆ ਹੈ। ਖੁਦ ਜਿਊਂਦੇ ਰਹਿਣ ਲਈ ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ।

ਪਤਾ ਨਹੀਂ ਉਹ ਸੁਲੱਖਣੀ ਘੜੀ ਕਦੋਂ ਆਵੇਗੀ ਜਦੋਂ ਐੱਸ ਵਾਈ ਐੱਲ ਸਮੇਤ ਦਹਾਕਿਆਂ ਪੁਰਾਣੇ ਹੋਰ ਮੁੱਦੇ ਕਿਸੇ ਤਣ-ਪੱਤਣ ਲੱਗਣਗੇ। ਇਹ ਸਭ ਕੁਝ ਭਵਿੱਖ ਦੀ ਕੁੱਖ ਵਿੱਚ ਹੈ।

**

ਮੋਦੀ ਦਾ ਗਧਾ ਪ੍ਰੇਮ

ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਗਧਾ ਪ੍ਰੇਮ ਸਾਹਮਣੇ ਆ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਭਾਰਤੀ ਰਾਜਨੀਤੀ ਵੈਸੇ ਵੀ ਗਧਿਆਂ ਦੁਆਲੇ ਕੇਂਦਰਤ ਹੋ ਤੁਰੀ ਹੈ ਤੇ ਮੋਦੀ ਸਾਹਿਬ ਕਿਸੇ ਗੱਲ ’ਤੇ ਚੁੱਪ ਰਹਿਣ, ਇਹ ਕਿਵੇਂ ਹੋ ਸਕਦਾ ਹੈ। ਅਖਿਲੇਸ਼ ਨੇ ਕਿਹਾ, ਗੁਜਰਾਤ ਵਿਚ ਗਧਿਆਂ ਦੀ ਗੱਲ ਹੁੰਦੀ ਹੈ” ਤਾਂ ਮੋਦੀ ਸਾਹਿਬ ਆਖਦੇ ਨੇ “ਗਧਿਆਂ ਤੋਂ ਡਰਨ ਦੀ ਕੀ ਲੋੜ, ਮੈਂ ਤਾਂ ਖੁਦ ਗਧਿਆਂ ਨੂੰ ਪ੍ਰੇਰਣਾ ਸਰੋਤ ਮੰਨਦਾ ਹਾਂ।” ਅਗਲੀ ਗੱਲ ਹਾਰਦਿਕ ਪਟੇਲ ਨੇ ਕਰ ਦਿੱਤੀ, ਜਿਸ ਨੇ ਪਾਟੀਦਾਰ ਵਿਧਾਇਕਾਂ ਨੂੰ ਗਧੇ ਕਰਾਰ ਦੇ ਦਿੱਤਾ।

ਇਹ ਬਿਆਨ ਦੱਸਣ ਲਈ ਕਾਫ਼ੀ ਹਨ ਕਿ ਭਾਰਤੀ ਰਾਜਨੀਤੀ ਦਾ ਪੱਧਰ ਕੀ ਹੈ? ਭਾਰਤ ਨੂੰ ਡਿਜੀਟਲ ਬਣਾਉਣ ਦੇ ਦਾਅਵੇ ਕਰਨ ਵਾਲੇ ਲੀਡਰ ਜਦੋਂ ਗਧਿਆਂ ਵਾਲੀ ਗੱਲ ਹੁੱਬ ਕੇ ਕਰਦੇ ਹੋਣ ਤਾਂ ਤਰੱਕੀ ਦੀਆਂ ਕਿਹੜੀਆਂ ਮੰਜ਼ਲਾਂ ਸਰ ਹੋ ਸਕਦੀਆਂ ਹਨ।

ਅਸੀਂ ਇੱਕ ਵਾਰ ਅੱਗੇ ਵੀ ਲਿਖਿਆ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਅਹੁਦੇ ਦੇ ਸਨਮਾਨ ਦਾ ਖਿਆਲ ਰੱਖ ਦੇ ਬਿਆਨ ਦੇਣਾ ਚਾਹੀਦਾ ਹੈ। ਤੀਜੇ ਕੁ ਦਿਨ ਕਿਸੇ ਵੀ ਵਿਸ਼ੇ ’ਤੇ ਬੋਲ ਕਬੋਲ ਕਰਕੇ ਪ੍ਰਧਾਨ ਮੰਤਰੀ ਅਹੁਦੇ ਦੇ ਸਨਮਾਨ ਨੂੰ ਨਹੀਂ ਘਟਾਉਣਾ ਚਾਹੀਦਾ। ਲੋਕ ਤਾਂ ਇਹ ਵੀ ਆਖ ਰਹੇ ਨੇ ਕਿ ਪ੍ਰਧਾਨ ਮੰਤਰੀ ਨੇ ਗਧਿਆਂ ਦਾ ਪ੍ਰਭਾਵ ਕਬੂਲ ਕੇ ਦੱਸ ਦਿੱਤਾ ਹੈ ਕਿ ਲੰਘੇ ਪੌਣੇ ਤਿੰਨ ਵਰ੍ਹਿਆਂ ਵਿਚ ਭਾਰਤ ਵਾਸੀਆਂ ਦੇ ਦੁਲੱਤੇ ਕਿਉਂ ਵੱਜ ਰਹੇ ਹਨ।

*****

(618)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸ਼ੁਗਲੀ

ਐਡਵੋਕੇਟ ਗੁਰਮੀਤ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author