GurmitShugli7“ਧਰਮ ਦੇ ਨਾਂਅ ’ਤੇ ਆਪਣਾ ਨਾਂਅ ਤੇ ਕਾਰੋਬਾਰ ਚਮਕਾਉਣ ਵਾਲੇ ਲੋਕ ...”
(23 ਫਰਵਰੀ 2017)

 

ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੀ ਚਰਚਾ ਜ਼ੋਰਾਂ ’ਤੇ ਹੈ। ਉੱਥੋਂ ਉਹੋ ਜਿਹੀਆਂ ਹੀ ਖ਼ਬਰਾਂ ਆ ਰਹੀਆਂ ਹਨ, ਜਿਹੋ-ਜਿਹੀਆਂ 4 ਫ਼ਰਵਰੀ ਤੋਂ ਪਹਿਲਾਂ ਪੰਜਾਬ ਵਿਚ ਹਰ ਰੋਜ਼ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਸਨ। ਕਹਿਣ ਨੂੰ ਭਾਵੇਂ ਇਹ ਚੋਣਾਂ ਗੁਰਦੁਆਰਿਆਂ ਦੇ ਪ੍ਰਬੰਧ ਸੰਭਾਲਣ ਨਾਲ ਜੁੜੀਆਂ ਹੋਈਆਂ ਹਨ, ਪਰ ਇਨ੍ਹਾਂ ਚੋਣਾਂ ਵਿਚ ਜਿੰਨੀ ਕੁੱਕੜਖੇਹ ਉੱਡ ਰਹੀ ਹੈ, ਉਹ ਹੈਰਾਨ ਵੀ ਕਰਦੀ ਹੈ ਤੇ ਪ੍ਰੇਸ਼ਾਨ ਵੀ। ਦੋਸ਼ਾਂ ਦੀ ਵਾਛੜ ਹੋ ਰਹੀ ਹੈ, ਠੱਗੀਆਂ-ਚੋਰੀਆਂ ਦੇ ਕਿੱਸੇ ਸਾਹਮਣੇ ਆ ਰਹੇ ਹਨ, ਪੈਸਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ। ਕੰਧਾਂ ਪੋਸਟਰਾਂ ਨਾਲ ਭਰੀਆਂ ਪਈਆਂ ਹਨ ਚੋਣ ਮਨੋਰਥ ਪੱਤਰ ਜਾਰੀ ਹੋ ਰਹੇ ਹਨ ਜੋੜ-ਤੋੜ ਸਿਖ਼ਰ ’ਤੇ ਪੁੱਜ ਗਿਆ ਹੈ। ਗੁਰਦੁਆਰਾ ਚੋਣਾਂ ਬਾਰੇ ਆਮ ਧਾਰਨਾ ਤਾਂ ਇਹੀ ਹੈ ਕਿ ਇਨ੍ਹਾਂ ਵਿੱਚ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਮਸਲੇ ਸ਼ਾਮਲ ਕੀਤੇ ਜਾਣਗੇ, ਪਰ ਸੋਚ ਤੋਂ ਉਲਟ ਇਹ ਚੋਣਾਂ ਵਿਧਾਨ ਸਭਾ ਜਾਂ ਲੋਕ ਸਭਾ ਵਾਲੀਆਂ ਜਾਪ ਰਹੀਆਂ ਹਨ।

ਸਭ ਤੋਂ ਤਿੱਖਾ ਮੁਕਾਬਲਾ ਪੰਜਾਬੀ ਬਾਗ ਇਲਾਕੇ ਵਿਚ ਹੈ, ਜਿੱਥੇ ਅਕਾਲੀ ਦਲ ਬਾਦਲ ਦਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਤੇ ਅਕਾਲੀ ਦਲ (ਦਿੱਲੀ) ਦਾ ਪਰਮਜੀਤ ਸਿੰਘ ਸਰਨਾ ਮੈਦਾਨ ਵਿਚ ਹੈ। ਪੰਥਕ ਸੇਵਾ ਦਲ ਦਾ ਉਮੀਦਵਾਰ ਮੁਕਾਬਲਾ ਤਿਕੋਣਾ ਕਰਨ ਦੀ ਕੋਸ਼ਿਸ਼ ਵਿਚ ਹੈ। ਇੱਥੇ ਕੁੱਲ ਨੌਂ ਉਮੀਦਵਾਰ ਮੈਦਾਨ ਵਿਚ ਹਨ। ਪਿਛਲੀ ਵਾਰ ਸਿਰਸਾ ਨੇ ਸਰਨਾ ਨੂੰ ਤਕਰੀਬਨ 3800 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਸੀ। ਇਸ ਵਾਰ ਸਰਨਾ ਦਾ ਰਾਜਨੀਤਕ ਭਵਿੱਖ ਦਾਅ ’ਤੇ ਲੱਗਾ ਹੈ ਤੇ ਸਿਰਸਾ ਚਾਹੁੰਦਾ ਹੈ ਕਿ ਜਿਹੋ ਜਿਹੀ ਪੰਜਾਬ ਵਿਚ ਅਕਾਲੀ ਦਲ ਨਾਲ ਹੋਈ ਹੈ, ਉਹੋ ਜਿਹੀ ਦਿੱਲੀ ਵਿਚ ਨਾ ਹੋਵੇ।

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਦੀ ਚਾਬੀ ਦਹਾਕਿਆਂ ਤੋਂ ਪੰਜਾਬ ਵਿੱਚੋਂ ਘੁੰਮਦੀ ਰਹੀ ਹੈ। ਸਰਨਾ ਧੜਾ ਕਾਂਗਰਸ ਦੀ ਹਮਾਇਤ ਵਾਲਾ ਹੈ ਤੇ ਅਕਾਲੀ ਦਲ ਬਿਨਾਂ ਕਿਸੇ ਲੁਕੋ ਦੇ ਮੈਦਾਨ ਵਿਚ ਆਉਂਦਾ ਹੈ। ਐਤਕੀਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਤੇ ਬਲਦੇਵ ਸਿੰਘ ਵਡਾਲਾ ਨੇ ਵੀ ਗਲਵੱਕੜੀ ਪਾ ਲਈ ਹੈ। ਕਹਿੰਦੇ ਤਾਂ ਇਹ ਵੀ ਹਨ ਕਿ ਪੰਥਕ ਸੇਵਾ ਦਲ ਨੂੰ ਆਮ ਆਦਮੀ ਪਾਰਟੀ ਦੀ ਹਮਾਇਤ ਪ੍ਰਾਪਤ ਹੈ।

ਜੇ ਇਨ੍ਹਾਂ ਚੋਣਾਂ ਵਿਚ ਉੱਠੇ ਮੁੱਦਿਆਂ ਦੀ ਗੱਲ ਕਰੀਏ ਤਾਂ ਪੰਜਾਬ ਚੋਣਾਂ ਮੌਕੇ ਪਿਆ ਰੌਲਾ ਚੇਤੇ ਆਉਂਦਾ ਹੈ। ਅਕਾਲੀ ਦਲ (ਬ) ਗੁਰਦੁਆਰਿਆਂ ਦੇ ਵਿਕਾਸ ਦੇ ਨਾਂਅ ’ਤੇ ਚੋਣਾਂ ਲੜ ਰਿਹਾ ਹੈ। ਬਿਲਕੁੱਲ ਇਵੇਂ ਜਿਵੇਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ ’ਤੇ ਲੜੀਆਂ ਹਨ। ਸਰਨਾ ਧੜਾ ਲੋਟੂ ਕਾਬਜ਼ ਭਜਾਉਣ ਦੇ ਨਾਂਅ ’ਤੇ ਸਰਗਰਮ ਹੈ, ਬਿਲਕੁਲ ਉਵੇਂ ਜਿਵੇਂ ਕਾਂਗਰਸ ਨੇ ਪੰਜਾਬ ਦਾ ਖਹਿੜਾ ਬਾਦਲਾਂ ਤੋਂ ਛੁਡਵਾਉਣ ਦੀ ਅਪੀਲ ਕੀਤੀ ਸੀ। ਪੰਥਕ ਸੇਵਾ ਦਲ ਦੋਹਾਂ ਨੂੰ ਚੋਰ ਆਖਦਿਆਂ ਤੀਜੀ ਧਿਰ ਨੂੰ ਮੌਕਾ ਦੇਣ ਦੀ ਗੱਲ ਕਹਿ ਰਿਹਾ ਹੈ, ਜਿਵੇਂ ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਕਿਹਾ।

ਪਿਛਲੀ ਵਾਰ ਦੀਆਂ ਦਿੱਲੀ ਕਮੇਟੀ ਚੋਣਾਂ ਮੌਕੇ ਖ਼ਬਰਾਂ ਸਨ ਕਿ ਗ਼ਰੀਬ ਵੋਟਰਾਂ ਦੇ ਬਿਜਲੀ ਦੇ ਬਿੱਲ ਜਮ੍ਹਾਂ ਕਰਾ ਦਿੱਤੇ ਗਏ ਸਨ। ਐੱਲ ਈ ਡੀ ਵੰਡੀਆਂ ਗਈਆਂ ਸਨ ਤਾਂ ਜੋ ‘ਗੁਰੂ ਮਹਾਰਾਜ’ ਦੀ ਸੇਵਾ ਕਰਨ ਦਾ ਮੌਕਾ ਹਾਸਲ ਹੋ ਜਾਵੇ। ਇਸ ਵਾਰ ਵੀ ਉਹੀ ਸਭ ਕੀਤਾ ਜਾ ਰਿਹਾ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਕੌੜੇ ਪਾਣੀ ਦੀਆਂ ਘੁੱਟਾਂ ਦਾ ਦੌਰ ਲੁਕਵੇਂ ਰੂਪ ਵਿਚ ਚੱਲ ਰਿਹਾ ਹੈ ਤੇ 26 ਫਰਵਰੀ ਨੂੰ ਵੋਟਾਂ ਵਾਲੇ ਦਿਨ ਤੱਕ ਹਰ ਰੋਜ਼ ਹੋਰ ਬੜਾ ਕੁਝ ਕੀਤਾ ਜਾਣਾ ਬਾਕੀ ਹੈ।

ਅਸੀਂ ਇੱਕ ਵਾਰ ਅੱਗੇ ਵੀ ਲਿਖਿਆ ਸੀ ਕਿ ਧਰਮ ਦੇ ਨਾਂਅ ’ਤੇ ਆਪਣਾ ਨਾਂਅ ਤੇ ਕਾਰੋਬਾਰ ਚਮਕਾਉਣ ਵਾਲੇ ਲੋਕ ਉੰਨਾ ਚਿਰ ਗੁਰਦੁਆਰਿਆਂ ਦੀ ਵਰਤੋਂ ਇਵੇਂ ਹੀ ਕਰਦੇ ਰਹਿਣਗੇ, ਜਿੰਨਾ ਚਿਰ ਗੋਲਕਾਂ ਦਾ ਮਸਲਾ ਹੱਲ ਨਹੀਂ ਹੁੰਦਾ। ਜਿਸ ਦਿਨ ਗੋਲਕਾਂ ਵਿਚ ਚੜ੍ਹਾਵਾ ਬੰਦ ਹੋ ਗਿਆ, ਉਸ ਦਿਨ ਇਹ ਸਾਰੇ ਅਖੌਤੀ ਸੇਵਾਦਾਰ ਆਪਣੇ ਆਪ ਤਿੱਤਰ ਹੋ ਜਾਣਗੇ। ਬਿਨਾਂ ਸ਼ੱਕ ਚੜ੍ਹਾਵੇ ਦੇ ਇਨ੍ਹਾਂ ਪੈਸਿਆਂ ਨਾਲ ਕਈ ਹਸਪਤਾਲ ਤੇ ਵਿੱਦਿਅਕ ਅਦਾਰੇ ਵੀ ਚੱਲਦੇ ਹਨ, ਪਰ ਸੰਗਤ ਉਨ੍ਹਾਂ ਅਦਾਰਿਆਂ ਨੂੰ ਦਾਨ ਸਿੱਧੇ ਰੂਪ ਵਿਚ ਵੀ ਤਾਂ ਦੇ ਸਕਦੀ ਹੈ।

ਦਿੱਲੀ ਕਮੇਟੀ ਦੀਆਂ ਇਹ ਚੋਣਾਂ ਦੱਸਣ ਲਈ ਕਾਫ਼ੀ ਹਨ ਕਿ ‘ਸੇਵਾ’ ਸ਼ਬਦ ਨੂੰ ਰਾਜਨੀਤਕ ਲੋਕਾਂ ਨੇ ਆਪੋ ਆਪਣੇ ਤਰੀਕੇ ਨਾਲ ਵਰਤਣ ਦਾ ਹੱਕ ਸਮਝ ਲਿਆ ਹੈ। ਗੁਰਦੁਆਰੇ ਵੰਡੇ ਵੀ ਗਏ ਤੇ ਵੱਡੇ ਵੀ ਹੋ ਗਏ ਹਨ, ਪਰ ਸਿੱਖੀ ਦਾ ਸਿਧਾਂਤ ਕਿੱਥੇ ਹੈ? ਸਿੱਖੀ ਤਾਂ ਇਨਸਾਨ ਦੇ ਅੰਦਰ ਵਸਦੀ ਹੈ, ਇਮਾਰਤਾਂ ਵਿਚ ਨਹੀਂ। ਇਮਾਰਤਾਂ ਤਾਂ ਬੈਂਕ ਦੀਆਂ ਬ੍ਰਾਂਚਾਂ ਵਰਗੀਆਂ ਹਨ, ਜਿੱਥੇ ਪੈਸਾ ਆਉਂਦਾ ਤੇ ਜਾਂਦਾ ਹੈ। ਇਨ੍ਹਾਂ ਬੈਂਕਾਂ ਦੀ ਗਵਰਨਰੀ ਹਾਸਲ ਕਰਨ ਲਈ ਕਈ ਜੰਗਾਂ ਚੱਲਦੀਆਂ ਆਉਂਦੀਆਂ ਹਨ।

ਸ਼੍ਰੋਮਣੀ ਕਮੇਟੀ ਦੀ ਚਲਾਕੀ

ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਕਈ ਉਮੀਦਵਾਰਾਂ ਨੇ ਸਿਰਸੇ ਡੇਰੇ ਦਾ ਸਮਰਥਨ ਲੈ ਕੇ ਡੁੱਬਦੀ ਬੇੜੀ ਬਚਾਉਣ ਦੀ ਜੋ ਕੋਸ਼ਿਸ਼ ਕੀਤੀ, ਉਸ ਬੇੜੀ ਵਿਚ ਲੋਕਾਂ ਦੇ ਵਿਰੋਧ ਨੇ ਮੋਰੀਆਂ ਕਰ ਦਿੱਤੀਆਂ ਹਨ। ਮਜਬੂਰੀ ਵਿਚ ਸ਼੍ਰੋਮਣੀ ਕਮੇਟੀ ਨੂੰ ਤਿੰਨ ਮੈਂਬਰੀ ਕਮੇਟੀ ਬਣਾਉਣੀ ਪਈ, ਜੋ ਡੇਰੇ ਜਾਣ ਵਾਲੇ ਉਮੀਦਵਾਰਾਂ ਦੀ ਪੜਤਾਲ ਕਰੇਗੀ।

ਜੋ ਆਸ ਸੀ, ਬਿਲਕੁਲ ਉਹੀ ਕੁਝ ਇਸ ਕਮੇਟੀ ਨੇ ਕੀਤਾ ਹੈ। ਕਮੇਟੀ ਦਾ ਕੰਮ ਗੋਂਗਲੂਆਂ ਤੋਂ ਮਿੱਟੀ ਝਾੜਨਾ ਹੈ ਤੇ ਉਹ ਇਹ ਕੰਮ ਬਾਖੂਬੀ ਕਰ ਰਹੀ ਹੈ। ਹੁਣ ਸ਼੍ਰੋਮਣੀ ਕਮੇਟੀ ਨੇ ਜਾਂਚ ਪੜਤਾਲ ਦੀ ਮਿਆਦ ਵਧਾ ਕੇ 7 ਮਾਰਚ ਕਰ ਦਿੱਤੀ ਹੈ। ਕਾਰਨ ਇਹ ਦੱਸਿਆ ਹੈ ਕਿ ਮਸਲਾ ਬੜਾ ਪੇਚੀਦਾ ਹੈ ਤੇ ਸਹੀ ਜਾਂਚ ਲਈ ਵਕਤ ਹੋਰ ਚਾਹੀਦਾ ਹੈ, ਪਰ ਰਾਜਨੀਤਕ ਮਾਹਰ ਆਖ ਰਹੇ ਨੇ ਕਿ ਵਕਤ ਵਧਾਉਣ ਦਾ ਕਾਰਨ ਦਿੱਲੀ ਕਮੇਟੀ ਚੋਣਾਂ ਹਨ। ਜੇ ਕਮੇਟੀ ਉਮੀਦਵਾਰਾਂ ਨੂੰ ਹੁਕਮਨਾਮੇ ਦੀ ਉਲੰਘਣਾ ਦੀ ਕਸੂਰਵਾਰ ਠਹਿਰਾਉਂਦੀ ਤਾਂ ਦਿੱਲੀ ਵਿਚ ਵਿਰੋਧੀਆਂ ਨੂੰ ਗੱਲ ਕਰਨ ਦਾ ਮੌਕਾ ਮਿਲ ਜਾਣਾ ਸੀ।

ਭਾਵੇਂ ਕਮੇਟੀ ਕੱਲ੍ਹ ਨੂੰ ਕੋਈ ਫ਼ੈਸਲਾ ਸੁਣਾ ਦੇਵੇ ਤੇ ਭਾਵੇਂ ਦੋ ਮਹੀਨੇ ਹੋਰ ਠਹਿਰ ਕੇ ਸੁਣਾਵੇ, ਇਹ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ਼ ਹੀ ਹੈ ਕਿ ਕਮੇਟੀ ਮੈਂਬਰਾਂ ਦੀ ਏਨੀ ਜੁਰਅਤ ਨਹੀਂ ਕਿ ਉਹ ਪੰਥਕ ਪਾਰਟੀ ਦੇ ਉਮੀਦਵਾਰਾਂ ਖ਼ਿਲਾਫ਼ ਕੋਈ ਫ਼ੈਸਲਾ ਸੁਣਾ ਸਕੇ।

*****

(611)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸ਼ੁਗਲੀ

ਐਡਵੋਕੇਟ ਗੁਰਮੀਤ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author