JaswantAjit7ਇਤਿਹਾਸ ਨੂੰ ਨਵੇਂ ਸਿਰੇ ਤੋਂ ਲਿਖਵਾਏ ਜਾਣ ਦੇ ਸੁਝਾਅ ਉੱਤੇ ਯੂਨੀਵਰਸਿਟੀ ਪੱਧਰ ’ਤੇ ...
(20 ਫਰਵਰੀ 2017)

 

ਇਉਂ ਜਾਪਦਾ ਹੈ ਜਿਵੇਂ ਕੇਂਦਰ ਵਿੱਚ ਹੋਏ ਸੱਤਾ ਪ੍ਰੀਵਰਤਨ ਤੋਂ ਬਾਅਦ ਕੇਵਲ ਦੇਸ਼ ਹੀ ਨਹੀਂ, ਸਗੋਂ ਦੇਸ਼ ਦੇ ਇਤਿਹਾਸ ਨੂੰ ਵੀ ਬਦਲਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਮਿਲ ਰਹੀਆਂ ਉਨ੍ਹਾਂ ਖਬਰਾਂ ਤੋਂ ਹੁੰਦੀ ਹੈ, ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਰਾਜਸਥਾਨ ਦੀ ਵਿੰਦੀਆ ਰਾਜੇ ਸਿੰਧੀਆ ਦੀ ਸਰਕਾਰ ਦੇ ਤਿੰਨ ਮੰਤਰੀਆਂ, ਹੈਲਥ ਮਨਿਸਟਰ ਕਾਲੀਚਰਨ ਸਰਾਫ, ਸਕੂਲ ਐਜੂਕੇਸ਼ਨ ਮਨਿਸਟਰ ਵਾਸੂਦੇਵਨਾਨੀ ਅਤੇ ਸ਼ਹਿਰੀ ਵਿਕਾਸ ਤੇ ਹਾਊਸਿੰਗ ਮੰਤਰੀ ਰਾਜਪਾਲ ਸਿੰਘ ਸ਼ੇਖਾਵਤ ਦਾ ਸਮਰਥਨ ਪ੍ਰਾਪਤ, ਯੂਨੀਵਰਸਿਟੀ ਸੀਨੇਟ ਦੇ ਮੈਂਬਰ ਅਤੇ ਭਾਜਪਾ ਵਿਧਾਇਕ ਮੋਹਨ ਲਾਲ ਦੇ ਸੁਝਾ ਕਿ 1576 ਵਿਚਲੀ ਹਲਦੀਘਾਟੀ ਦੀ ਲੜਾਈ ਵਿੱਚ ਮਹਾਰਾਣਾ ਪ੍ਰਤਾਪ ਨੂੰ ਜੇਤੂ ਵਜੋਂ ਪੇਸ਼ ਕਰਨ ਲਈ, ਅਰਥਾਤ ਮਹਾਰਾਣਾ ਪ੍ਰਤਾਪ ਨੂੰ ਹਲਦੀਘਾਟੀ ਦੀ ਲੜਾਈ ਵਿੱਚ ਹਾਰ ਨਹੀਂ ਸੀ ਹੋਈ, ਸਗੋਂ ਉਸਨੇ ਬਾਦਸ਼ਾਹ ਅਕਬਰ ਦੇ ਜਰਨੈਲ ਮਾਨ ਸਿੰਘ ਦੀ ਅਗਵਾਈ ਵਿਚਲੀ ਮੁਗਲ ਫੌਜ ਨੂੰ ਕਰਾਰੀ ਹਰਾ ਦੇ ਕੇ ਜਿੱਤ ਪ੍ਰਾਪਤ ਕੀਤੀ ਸੀ, ਰਾਜਸਥਾਨ ਦੇ ਯੂਨੀਵਰਸਿਟੀ ਪੱਧਰ ਤੇ ਪੜ੍ਹਾਏ ਜਾ ਰਹੇ ਇਤਿਹਾਸ ਨੂੰ ਨਵੇਂ ਸਿਰੇ ਤੋਂ ਲਿਖਵਾਏ ਜਾਣ ਦੇ ਸੁਝਾਅ ਉੱਤੇ ਯੂਨੀਵਰਸਿਟੀ ਪੱਧਰ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਤਿਹਾਸ ਅਨੁਸਾਰ 1576 ਵਿੱਚ ਹਲਦੀ ਘਾਟੀ ਵਿੱਚ ਮਹਾਰਾਣਾ ਪ੍ਰਤਾਪ ਅਤੇ ਬਾਦਸ਼ਾਹ ਅਕਬਰ ਦੀਆਂ ਫੌਜਾਂ ਵਿੱਚ ਹੋਈ ਲੜਾਈ ਵਿੱਚ, ਬਾਦਸ਼ਾਹ ਅਕਬਰ ਦੀਆਂ ਫੌਜਾਂ ਸਾਹਮਣੇ ਮਹਾਰਾਣਾ ਪ੍ਰਤਾਪ ਠਹਿਰ ਨਹੀਂ ਸੀ ਸਕਿਆ। ਫਲਸਰੂਪ ਉਸਨੂੰ ਮੇਵਾੜ ਦੀਆਂ ਪਹਾੜੀਆਂ ਵਲ ਨਿਕਲ ਜਾਣ ’ਤੇ ਮਜਬੂਰ ਹੋਣਾ ਪਿਆ ਸੀ। ਖਬਰਾਂ ਅਨੁਸਾਰ ਕਾਲੀਚਰਨ ਦਾ ਕਹਿਣਾ ਹੈ ਕਿ ਅਕਬਰ ਇੱਕ ਵਿਦੇਸ਼ੀ ਹਮਲਾਵਰ ਸੀ, ਉਸਦੇ ਵਿਰੁੱਧ ਬਹਾਦਰ ਤੇ ਦੇਸ਼ਭਗਤ ਮਹਾਰਾਣਾ ਪ੍ਰਤਾਪ ਨੇ ਲੜਾਈ ਜਿੱਤੀ ਸੀ, ਪਰ ਇਤਿਹਾਸ ਦੀ ਇਸ ਮਾਨਤਾ ਨੂੰ ਖਤਮ ਕਰ ਦਿੱਤਾ ਗਿਆ। ਜੇ ਇਸ ਗਲਤੀ ਨੂੰ ਸੁਧਾਰ ਕੇ ਵਿਦਿਆਰਥੀਆਂ ਨੂੰ ਸੱਚਾਈ ਦੱਸੀ ਜਾਏ ਤਾਂ ਇਸ ਵਿੱਚ ਗਲਤ ਹੀ ਕੀ ਹੈ? ਇਸੇ ਤਰ੍ਹਾਂ ਵਾਸੂਦੇਵ ਦੇਵਨਾਨੀ ਨੇ ਕਿਹਾ ਕਿ ਸੱਚਾਈ ਇਹੀ ਹੈ ਕਿ ਮਾਹਾਰਾਣਾ ਪ੍ਰਤਾਪ ਨੇ ਅਕਬਰ ਵਿਰੁੱਧ ਹਲਦੀਘਾਟੀ ਦੀ ਲੜਾਈ ਜਿੱਤੀ ਸੀ।

ਇਸਦੇ ਵਿਰੁੱਧ ਰਾਜਸਥਾਨ ਦੇ ਮੱਧਕਾਲੀਨ ਇਤਿਹਾਸ ਦੀ ਮਾਹਿਰ ਇਤਿਹਾਸਕਾਰ ਤਨੁਜਾ ਕੋਠਿਆਲ ਅਨੁਸਾਰ ਇਹ ਤਬਦੀਲੀ ਇਤਿਹਾਸ ਦਾ ਹੀ ਨਹੀਂ, ਸਗੋਂ ਸਮੁੱਚੇ ਰੂਪ ਵਿੱਚ ਸਿੱਖਿਆ ਪ੍ਰਣਾਲੀ ਦਾ ਹੀ ਅਪਮਾਨ ਹੋਵੇਗਾ। ਉਨ੍ਹਾਂ ਅਨੁਸਾਰ ਸੱਚਾਈ ਇਹੀ ਹੈ ਕਿ ਹਲਦੀਘਾਟੀ ਦੀ ਲੜਾਈ ਵਿੱਚ ਅਕਬਰ ਦੀਆਂ ਫੌਜਾਂ ਨੇ ਮਹਾਰਾਣਾ ਪ੍ਰਤਾਪ ਨੂੰ ਹਰਾਇਆ ਸੀ।

**

ਜੀਉਂਦੇ ਦੇਸ਼:

ਭਾਰਤ ਅਤੇ ਅਮਰੀਕਾ ਦੇ ਵਰਤਮਾਨ ਰਾਜਸੀ ਹਾਲਾਤ ਦੀ ਤੁਲਨਾ ਕਰਦਿਆਂ ਇੱਕ ਰਾਜਸੀ ਮਾਹਿਰ, ਅਰੁਣ ਮਾਹੇਸ਼ਵਰੀ ਨੇ ਫੇਸ-ਬੁੱਕ ਦੀ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਭਾਰਤੀ ਲੋਕਾਂ ਨੂੰ ਲੋਕਸਭਾ ਦੀਆਂ ਆਮ ਚੋਣਾਂ ਤੋਂ ਬਾਅਦ ਜਾਗਣ ਵਿੱਚ ਕੋਈ ਢਾਈ-ਕੁ ਵਰ੍ਹੇ ਲੱਗ ਗਏ। ਉਹ ਵੀ ਨੋਟ-ਬੰਦੀ ਜਿਹੇ ਤੁਗਲਕੀ ਕਦਮਾਂ ਦੇ ਬਾਅਦ ਆਰਥਿਕਤਾ ਵਿਚਲੀ ਤੇਜ਼ੀ ਗੁਆਉਣ ਅਤੇ ਕਿਸਾਨਾਂ-ਮਜ਼ਦੂਰਾਂ ਦੇ ਜੀਵਨ ਵਿੱਚ ਭਾਰੀ ਸਮੱਸਿਆਵਾਂ ਪੈਦਾ ਹੋ ਜਾਣ ਤੋਂ ਬਾਅਦ। ਪਰ ਇਸਦੇ ਵਿਰੁੱਧ ਅਮਰੀਕਾ ਵਿੱਚ ਸਥਿਤੀ ਇਹ ਹੈ ਕਿ ਟਰੰਪ ਦੀ ਜਿੱਤ ਦੇ ਦੂਸਰੇ ਦਿਨ ਤੋਂ ਹੀ ਸਾਰੇ ਦੇਸ਼ ਵਿੱਚ ਇੱਕ ਤਰ੍ਹਾਂ ਦੀ ਨਿਰਾਸ਼ਾ ਦਾ ਵਾਤਾਵਰਣ ਛਾਅ ਗਿਆ ਅਤੇ ਉਸਦੇ ਅਹੁਦੇ ਦੀ ਸਹੁੰ ਚੁੱਕਣ ਦੇ ਨਾਲ ਹੀ ਉਹ ਨਿਰਾਸ਼ਾ ਭਾਰੀ ਗੁੱਸੇ ਦਾ ਰੂਪ ਧਾਰ ਸਾਹਮਣੇ ਆਉਣ ਲੱਗੀ। ਟਰੰਪ ਦੀ ਵੰਡਵਾਦੀ ਅਤੇ ਇਸਤ੍ਰੀ-ਵਿਰੋਧੀ ਮਾਨਸਿਕਤਾ ਤੇ ਅਮਰੀਕੀ ਜਨ-ਤੰਤਰ ਦੇ ਇਤਿਹਾਸ ਪ੍ਰਤੀ ਉਸਦੀ ਤ੍ਰਿਸਕਾਰ ਭਰੀ ਭਾਵਨਾ ਨੇ ਉੱਥੋਂ ਦੇ ਲੋਕਾਂ ਦੇ ਦਿਲ ਵਿੱਚ ਇੱਕ ‘ਹਿਟਲਰ’ ਦੇ ਪੈਦਾ ਹੋਣ ਦਾ ਡਰ ਪੈਦਾ ਕਰ ਦਿੱਤਾ। ‘ਅਮਰੀਕਾ-ਅਮਰੀਕਾ’ ਦੀ ਉਸਦੀ ਥੋਥੀ ਰੱਟ ਦੇ ਪਿੱਛੇ ਦੀ ਸੱਚਾਈ ਨੂੰ ਉੱਥੋਂ ਦੇ ਲੋਕੀ ਹੁਣ ਤੋਂ ਹੀ ਸਮਝਣ ਲੱਗ ਪਏ ਹਨ। ਉਹ ਸਾਫ ਦੇਖ ਰਹੇ ਹਨ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਉਹ ਵਿਅਕਤੀ, ਅਮਰੀਕੀ ਸਮਾਜ ਦੀਆਂ ਹੁਣ ਤਕ ਦੀਆਂ ਸਾਰੀਆਂ ਸਕਾਰਾਤਮਕ ਤੇ ਲੋਕਤਾਂਤ੍ਰਿਕ ਪ੍ਰਾਪਤੀਆਂ ਪ੍ਰਤੀ ਨਫਰਤ ਨਾਲ ਭਰਿਆ ਅਜਿਹਾ ਵਿਅਕਤੀ ਹੈ, ਜੋ ਇਸ ਧਰਤੀ ਉੱਤੇ ਮਾਨਵ-ਮਾਤ੍ਰ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਹੀ ਕਾਰਣ ਹੈ ਕਿ ਅਮਰੀਕਾ ਦਾ ਹਰ ਕੋਨੇ ਦਾ ਜਨ-ਸਮੂਹ ਟਰੰਪ ਵਿਰੁੱਧ ਸੜਕਾਂ ’ਤੇ ਉਤਤਰ ਉਸਨੂੰ ਚਿਤਾਵਨੀ ਦੇ ਰਿਹਾ ਹੈ। ਉਹ ਟਰੰਪ ਦੇ ਥੋਥੇ ਰਾਸ਼ਟਰਵਾਦ ਨੂੰ ਠੁਕਰਾ ਰਿਹਾ ਹੈ, ਉਸਦੀ ਇਸਤ੍ਰੀ-ਵਿਰੋਧੀ ਕਾਮੁਕ ਦ੍ਰਿਸ਼ਟੀ ਦਾ ਵਿਰੋਧ ਕਰ ਰਿਹਾ ਹੈ ਅਤੇ ਸਭ ਤਰ੍ਹਾਂ ਦੀਆਂ ਘੱਟ-ਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਕਸਮ ਚੁੱਕ ਰਿਹਾ ਹੈ।

**

ਜਾਪਾਨੀ ਬਜ਼ੁਰਗ ਜੇਲ੍ਹ ਜਾ ਰਹੇ ਨੇ:

ਣਕਾਰ ਹਲਕਿਆਂ ਅਨੁਸਾਰ ਜਾਪਾਨ ਦੇ ਬਜ਼ੁਰਗ ਆਪਣੀ ਇਕੱਲ ਨੂੰ ਦੂਰ ਕਰਨ ਲਈ ਜੇਲ੍ਹ ਜਾਣ ਦਾ ਰਸਤਾ ਚੁਣ ਰਹੇ ਹਨ। ਇਸਦਾ ਕਾਰਣ ਇਹ ਦੱਸਿਆ ਗਿਆ ਹੈ ਕਿ ਜੇਲ੍ਹ ਵਿੱਚ ਉਨ੍ਹਾਂ ਨੂੰ ਖਾਣਾ, ਕੱਪੜੇ, ਬੀਮਾਰੀ ਦੇ ਇਲਾਜ ਆਦਿ ਦੀਆਂ ਸਾਰੀਆਂ ਸਹੂਲਤਾਂ ਮੁਫਤ ਮਿਲਦੀਆਂ ਹਨ, ਜੋ ਉਨ੍ਹਾਂ ਨੂੰ ਘਰ ਵਿੱਚ ਨਸੀਬ ਨਹੀਂ ਹੁੰਦੀਆਂ। ਆਪਣੀ ਇਸ ਚਾਹਤ ਨੂੰ ਪੂਰਿਆਂ ਕਰਨ ਲਈ ਉਹ (ਬਜ਼ੁਰਗ) ਛੋਟੇ-ਮੋਟੇ ਗੁਨਾਹ ਕਰਕੇ ਆਪ ਹੀ ਗ੍ਰਿਫਤਾਰ ਹੋ ਜੇਲ੍ਹ ਜਾ ਰਹੇ ਹਨ। ਜਾਪਾਨ ਵਿੱਚ ਬਜ਼ੁਰਗਾਂ ਦੀ ਅਬਾਦੀ ਤੇਜ਼ੀ ਨਾਲ ਵਧ ਰਹੀ ਹੈ। ਹਰ ਚੌਂਹ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ 65 ਵਰ੍ਹਿਆਂ ਤੋਂ ਵੱਧ ਉਮਰ ਦਾ ਹੈ। ਪਰਿਵਾਰ ਦੇ ਸਾਰੇ ਜਵਾਨ ਮੈਂਬਰ ਨੌਕਰੀ ਕਰ ਰਹੇ ਹਨ, ਜਿਸ ਕਾਰਣ ਬਜ਼ੁਰਗਾਂ ਨੂੰ ਘਰ ਵਿੱਚ ਇਕੱਲਿਆਂ ਸਮਾਂ ਗੁਜ਼ਾਰਨਾ ਪੈਂਦਾ ਹੈਇਸ ਨਾਲ ਉਨ੍ਹਾਂ ਦੀ ਇਕੱਲਤਾ ਅਤੇ ਬੇਬਸੀ ਵਧ ਜਾਂਦੀ ਹੈ। ਇਸਦੇ ਉਲਟ ਜੇਲ੍ਹ ਵਿੱਚ ਇਨ੍ਹਾਂ ਬਜ਼ੁਰਗਾਂ ਦਾ ਖਿਆਲ ਰੱਖਿਆ ਜਾਂਦਾ ਹੈ। ਚਾਰੇ ਵਕਤ ਦੇ ਖਾਣੇ, ਕੱਪੜੇ, ਦਵਾਈਆਂ ਆਦਿ ਦੀਆਂ ਸਹੂਲਤਾਂ ਮੁਫਤ ਮਿਲਦੀਆਂ ਹਨ। ਇਸ ਲਾਲਚ ਵਿੱਚ ਬਜ਼ੁਰਗ ਅਪਰਾਧ ਕਰਕੇ ਖੁਦ ਹੀ ਗ੍ਰਿਫਤਾਰ ਹੋ ਜਾਂਦੇ ਹਨ। ਜਾਪਾਨ ਦਾ ਜੇਲ੍ਹ ਪ੍ਰਸ਼ਾਸਨ ਇਸ ਸਮੱਸਿਆ ਨਾਲ ਨਿਪਟਣ ਲਈ ਅਪ੍ਰੈਲ ਤਕ ਦੇਸ਼ ਦੀਆਂ 70 ਜੇਲ੍ਹਾਂ ਵਿੱਚ ਨਰਸਿੰਗ ਸਟਾਫ ਦੀ ਤਾਇਨਾਤੀ ਕਰੇਗਾ। ਇਸਦੇ ਨਾਲ ਹੀ ਇਸ ਕੰਮ ਲਈ ਲਗਭਗ ਤਿੰਨ ਕਰੋੜ ਪੰਜਤਾਲੀ ਲੱਖ ਰੁਪਏ ਅਲਾਟ ਕੀਤੇ ਗਏ ਹਨ।

**

ਭਾਰਤ ਸੰਸਾਰ ਦੇ ਇੱਕ ਤਿਹਾਈ ਗਰੀਬਾਂ ਦਾ ਘਰ:

ਵਿਸ਼ਵ ਬੈਂਕ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਦੁਨੀਆ ਵਿੱਚ 2013 ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਭਾਰਤ ਵਿੱਚ ਵਸਦੀ ਸੀ ਅਤੇ ਉਸ ਵਰ੍ਹੇ ਭਾਰਤ ਦੀ 30 ਪ੍ਰਤੀਸ਼ਤ ਆਬਾਦੀ ਦੀ ਔਸਤ ਰੋਜ਼ਾਨਾ ਆਮਦਨ 1.90 ਡਾਲਰ ਤੋਂ ਵੀ ਕਿਤੇ ਘੱਟ ਸੀ। ਇਹ ਗਿਣਤੀ (22.4 ਕਰੋੜ) ਸੰਸਾਰ ਭਰ ਵਿੱਚੋਂ ਸਭ ਤੋਂ ਵੱਧ ਹੈ। ਇਹ ਗਿਣਤੀ ਨਾਈਜੇਰੀਆ ਦੇ 8.6 ਕਰੋੜ ਗਰੀਬਾਂ ਦੀ ਗਿਣਤੀ ਨਾਲੋਂ 2.5 ਗੁਣਾ ਵੱਧ ਹੈ। ਨਾਈਜੇਰੀਆ ਦੁਨੀਆ ਵਿੱਚ ਗਰੀਬਾਂ ਦੀ ਦੂਸਰੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ।

**

ਮੈਟਰੋ ਦੇ ਜੇਬ ਕਤਰਿਆਂ ਵਿੱਚ ਔਰਤਾਂ:

ਰਕਾਰੀ ਅੰਕੜਿਆਂ ਅਨੁਸਾਰ ਦਿੱਲੀ ਮੈਟਰੋ ਵਿੱਚ ਪਕੜੇ ਗਏ ਜੇਬ ਕਤਰਿਆਂ ਵਿੱਚ 91 ਪ੍ਰਤੀਸ਼ਤ ਔਰਤਾਂ ਹਨ। ਸੀਆਈਐੱਸਐੱਫ ਨੇ ਇਸ ਵਰ੍ਹੇ ਕੁੱਲ 479 ਜੇਬ੍ਹ ਕਤਰਿਆਂ ਨੂੰ ਫੜਿਆ ਹੈ, ਜਿਨ੍ਹਾਂ ਵਿੱਚ 438 ਔਰਤਾਂ ਹਨ। ਦੱਸਿਆ ਗਿਆ ਹੈ ਕਿ ਇਹ ਪਹਿਲੀ ਵਾਰ ਨਹੀਂ ਕਿ ਗ੍ਰਿਫਤਾਰ ਕੀਤੇ ਗਏ ਜੇਬ ਕਤਰਿਆਂ ਵਿੱਚ ਔਰਤਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ। ਕਈ ਵਰ੍ਹਿਆਂ ਤੋਂ ਮੈਟਰੋ ਦੇ ਹਾਲਾਤ ਅਜਿਹੇ ਹੀ ਚਲਦੇ ਆ ਰਹੇ ਹਨ। ਪਿਛਲੇ ਵਰ੍ਹੇ ਵੀ ਗ੍ਰਿਫਤਾਰ ਜੇਬ ਕਤਰਿਆਂ ਵਿੱਚ 93 ਪ੍ਰਤੀਸ਼ਤ ਔਰਤਾਂ ਸਨ। ਦੱਸਿਆ ਜਾਂਦਾ ਹੈ ਕਿ ਸੀਆਈਐੱਸਐੱਫ ਨੇ ਅਜਿਹੀਆਂ ਔਰਤਾਂ ਦੇ ਇਕ ਗਰੋਹ ਦਾ ਵੀ ਪਤਾ ਲਾਇਆ ਹੈ ਜਿਨ੍ਹਾਂ ਨੇ ਮੈਟਰੋ ਵਿੱਚ ਆਪਣੇ ਪਤੀ ਨਾਲ ਸਫਰ ਕਰ ਰਹੀ ਭਾਰਤੀ-ਅਮਰੀਕੀ ਔਰਤ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਲੁੱਟ ਲਿਆ ਸੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਔਰਤਾਂ ਬੱਚਿਆਂ ਨੂੰ ਨਾਲ ਲੈ ਕੇ ਭੀੜ ਵਿੱਚ ਚਲਦੀਆਂ ਹਨ ਅਤੇ ਔਰਤਾਂ ਅਤੇ ਆਦਮੀਆਂ ਦੇ ਪਰਸ ਅਤੇ ਹੋਰ ਕੀਮਤੀ ਸਾਮਾਨ ਚੁਰਾ ਲੈਂਦੀਆਂ ਹਨ। ਦਸੰਬਰ ਦੇ ਦੂਸਰੇ ਹਫਤੇ ਤਕ ਸੀਆਈਐੱਸਐੱਫ ਨੇ ਜੇਬ ਕਤਰਿਆਂ ਦੇ ਵਿਰੁੱਧ ਲਗਭਗ 100 ਤੋਂ ਵੱਧ ਮੁਹਿੰਮਾਂ ਛੇੜੀਆਂ ਸਨ। ਇਸ ਦੌਰਾਨ ਪਕੜੇ ਗਏ ਜੇਬ ਕਤਰੇ ਦਿੱਲੀ ਪੁਲਿਸ ਨੂੰ ਸੌਂਪ ਦਿੱਤੇ ਜਾਂਦੇ ਰਹੇ।

**

ਅਤੇ ਅੰਤ ਵਿੱਚ:

ਨੋਟ-ਬੰਦੀ ਤੋਂ ਬਾਅਦ ਟੈਕਸ ਪ੍ਰੋਫਾਈਲ ਨਾਲ ਮੇਲ ਨਾ ਖਾਣ ਵਾਲੇ 18 ਲੱਖ ਖਾਤਾ-ਧਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਟੈਕਸ ਵਿਭਾਗ ਨੇ ਲੱਕ ਬੰਨ੍ਹ ਲਿਆ ਹੈ। ਕੇਂਦਰੀ ਪ੍ਰਤੱਖ ਕਰ ਬੋਰਡ ਨੇ ਨੋਟ-ਬੰਦੀ ਦੇ ਦੌਰਾਨ ਹੀ ਬੈਂਕਾਂ ਨੂੰ ਦਿੱਤੀ ਗਈ ਹਿਦਾਇਤ ਅਨੁਸਾਰ ਢਾਈ ਲੱਖ ਜਾਂ ਉਸ ਤੋਂ ਵੱਧ ਜਮ੍ਹਾਂ ਕਰਵਾਉਣ ਵਾਲਿਆਂ ਦੀ ਪੱਕੀ ਸੂਚਨਾ ਮਿਲ ਜਾਣ ਦੇ ਬਾਵਜੂਦ ਕਰ (ਟੈਕਸ) ਵਿਭਾਗ ਅਜੇ ਤਕ ਇਸ ਨਤੀਜੇ ਤਕ ਨਹੀਂ ਪੁੱਜ ਸਕਿਆ ਕਿ ਕਿੰਨੇ ਖਾਤਿਆਂ ਵਿੱਚ ਆਮਦਨ ਤੋਂ ਵੱਧ ਰਕਮ ਜਮ੍ਹਾਂ ਹੋਈ ਹੈ। ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਅਜੇ ਸ਼ੱਕ ਦੇ ਅਧਾਰ ਤੇ 13 ਲੱਖ ਖਾਤਾਧਾਰੀਆਂ ਨੂੰ ਨੋਟਿਸ ਭੇਜੇ ਗਏ ਹਨ। ਬਾਕੀ ਪੰਜ ਲੱਖ ਖਾਤਾਧਾਰੀਆਂ ਨੂੰ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ, ਪ੍ਰੰਤੂ ਅੰਤਿਮ ਨਤੀਜੇ ਤਕ ਪੁੱਜਣਾ ਸਹਿਜ ਨਹੀਂ। ਇੱਕ ਹੋਰ ਅਧਿਕਾਰੀ ਅਨੁਸਾਰ ਇਨ੍ਹਾਂ ਖਾਤਿਆਂ ਦੀ ਪੁਣ-ਛਾਣ ਕਰਕੇ, ਉਨ੍ਹਾਂ ਵਿਰੁੱਧ ਕਾਰਵਾਈ ਕਰਨ ਵਿੱਚ ਅੱਠ ਤੋਂ ਦਸ ਵਰ੍ਹੇ ਤਕ ਲੱਗ ਸਕਦੇ ਹਨ।

*****

(606)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author