ShamSingh7ਸੱਭਿਆ ਹੋਣ ਦਾ ਦਾਅਵਾ ਕਰਨ ਵਾਲੇ ਦੇਸ ਦੇ ਨੇਤਾ ਹੀ ਜੇ ਸੱਭਿਅਕਸ਼ਾਲੀਨਸਦਾਚਾਰਕ ਅਤੇ ..
(19 ਫਰਵਰੀ 2017)

 

ਨਸੀਹਤਾਂ, ਸਲਾਹਾਂ, ਸੁਝਾਵਾਂ ਅਤੇ ਰਾਵਾਂ ਵੱਲ ਜਿਹੜੀ ਲੋੜੀਂਦੀ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ, ਉਹ ਦਿੱਤੀ ਨਹੀਂ ਜਾਂਦੀ। ਹਿੰਦੋਸਤਾਨ ਵਿੱਚ ਜੋ ਸ਼ਕਤੀਆਂ ਅਸਲੀ ਮੁਖੀਏ (ਪ੍ਰਧਾਨ ਮੰਤਰੀ) ਕੋਲ ਹਨ, ਉਹ ਸੰਵਿਧਾਨ ਦੇ ਨਾਂਅ ’ਤੇ ਬਣੇ ਮੁਖੀਏ (ਰਾਸ਼ਟਰਪਤੀ) ਕੋਲ ਨਹੀਂ, ਜਿਸ ਕਾਰਨ ਅਸਲੀ ਮੁਖੀਆ ਕਈ ਵਾਰ ਉਸ ਰਾਹ ’ਤੇ ਪੈ ਜਾਂਦਾ ਹੈ, ਜਿਸ ’ਤੇ ਉਸ ਨੂੰ ਨਹੀਂ ਪੈਣਾ ਚਾਹੀਦਾ। ਅਹੁਦੇ ’ਤੇ ਬੈਠਣ ਪਿੱਛੋਂ ਪ੍ਰਧਾਨ ਮੰਤਰੀ ਸਭ ਦਾ ਸਾਂਝਾ, ਪੂਰੇ ਦੇਸ ਦਾ ਹੁੰਦਾ ਹੈ, ਕਿਸੇ ਇੱਕ ਪਾਰਟੀ ਜਾਂ ਧਿਰ ਦਾ ਨਹੀਂ। ਇਸ ਲਈ ਉਸ ਨੂੰ ਕਿਸੇ ਵੀ ਥਾਂ ਕਦੇ ਵੀ ਅਜਿਹਾ ਕੁਝ ਨਹੀਂ ਬੋਲਣਾ ਚਾਹੀਦਾ, ਜਿਸ ਦੀ ਝਲਕ ਹਿੰਸਕ, ਧਮਕੀ ਭਰੀ ਅਤੇ ਡਰਾਉਣੀ ਹੋਵੇ। ਉਸ ਨੂੰ ਹਿੰਸਕ ਭਾਸ਼ਾ ਵਰਤ ਕੇ ਆਨੰਦ ਲੈਣ ਦੀ ਰੁਚੀ ਦਾ ਸ਼ਿਕਾਰ ਹੋਣ ਦੀ ਬਜਾਏ ਸੰਜੀਦਾ, ਸਦਾਚਾਰਕ, ਪ੍ਰਸੰਗਕ ਅਤੇ ਸਲੀਕੇ ਵਾਲੀ ਭਾਸ਼ਾ ਵਰਤ ਕੇ ਉਹ ਮਾਪਦੰਡ ਅਪਣਾਈ ਰੱਖਣੇ ਚਾਹੀਦੇ ਹਨ, ਜਿਹੜੇ ਵਰਤਮਾਨ ਦਾ ਦਿਸ਼ਾ-ਨਿਰਦੇਸ਼ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਲੱਖਣ ਪੈੜਾਂ ਪਾਉਣ ਦਾ ਕਾਰਜ ਵੀ ਕਰਨ। ਅਜਿਹਾ ਤਾਂ ਹੀ ਸੰਭਵ ਹੈ, ਜੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅਹੁਦੇ ’ਤੇ ਰਹਿਣ ਤੱਕ ਸਿਆਸੀ ਚੁਹਲਬਾਜ਼ੀ, ਜੁਮਲੇਬਾਜ਼ੀ ਅਤੇ ਹਲਕੀ ਜੁਗਲਬੰਦੀ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸਭ ਨੂੰ ਇੱਕ ਅੱਖ ਨਾਲ ਦੇਖਣ ਦਾ ਨਜ਼ਰੀਆ ਪ੍ਰਫੁੱਲਤ ਕੀਤਾ ਜਾਵੇ।

ਸਲੀਕਾ ਅਤੇ ਸ਼ਾਂਤੀ ਬਣਾਈ ਰੱਖਣ ਲਈ ਓਹੀ ਸ਼ਬਦ ਵਰਤਣੇ ਜ਼ਰੂਰੀ ਹਨ, ਜਿਹੜੇ ਸਲੀਕੇਦਾਰ ਹੋਣ ਅਤੇ ਹਿੰਸਕ ਹੋ ਜਾਣ ਦਾ ਸੰਕੇਤ ਤੱਕ ਨਾ ਦੇਣ। ਜਿਹੜੇ ਸ਼ਬਦ ਜੀਭ ’ਤੇ ਆ ਜਾਣ, ਉਹ ਬਾਹਰ ਆਉਣ ਤੋਂ ਵੀ ਨਹੀਂ ਰੁਕਦੇ। ਹਵਾ ’ਤੇ ਸਵਾਰ ਹੋਏ ਹਿੰਸਕ ਸ਼ਬਦ ਹੌਲੀ-ਹੌਲੀ ਕਰਨੀ ਵਿੱਚ ਜਾ ਘੁਸਦੇ ਹਨ, ਜਿਸ ਨਾਲ ਹੋਣ ਵਾਲੀ ਬੁਰਛਾਗਰਦੀ, ਦਹਿਸ਼ਤਗਰਦੀ ਅਤੇ ਹਨੇਰਗਰਦੀ ਨਹੀਂ ਰੋਕੀ ਜਾ ਸਕਦੀ। ਓਹੀ ਬੁਲਾਰੇ ਸਮਾਜ ਅਤੇ ਮਾਨਵਤਾ ਦੇ ਹਿੱਤ ਵਿੱਚ ਸਮਝੇ ਜਾ ਸਕਦੇ ਹਨ, ਜਿਹੜੇ ਮੌਕੇ ਮੁਤਾਬਕ ਅਨੁਸ਼ਾਸਨੀ, ਢੁੱਕਵੇਂ ਸ਼ਬਦਾਂ ਦੀ ਵਰਤੋਂ ਕਰ ਕੇ ਅਜਿਹਾ ਮਾਹੌਲ ਸਿਰਜਣ ਦਾ ਜਤਨ ਕਰਨ, ਜਿਹੜਾ ਸ਼ਾਂਤ ਵੀ ਹੋਵੇ, ਸੰਜੀਦਾ ਵੀ।

ਜੇ ਦੇਸ ਜਾਂ ਸੂਬੇ ਦੇ ਮੁਖੀਆ ਮਦਾਰੀਆਂ ਵਾਲੀਆਂ ਅਦਾਵਾਂ-ਮੁਦਰਾਵਾਂ ਕਰ ਕੇ ਹਰੇਕ ਥਾਂ ਸਿਆਸੀ ਭਾਸ਼ਣਬਾਜ਼ੀ ਕਰਨ ਲੱਗ ਪੈਣ ਤਾਂ ਸੰਵਿਧਾਨ ਦੀ ਚੁੱਕੀ ਸਹੁੰ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਉਹ ਸੰਵਿਧਾਨਕ ਦਾਇਰੇ ਤੋਂ ਬਾਹਰ ਨਹੀਂ ਜਾ ਸਕਦੇ, ਜਿਸ ਮੁਤਾਬਕ ਉਹ ਦੇਸ, ਰਾਜਾਂ ਅਤੇ ਲੋਕਾਂ ਵਿਰੁੱਧ ਨਹੀਂ ਬੋਲ ਸਕਦੇ।

ਦੇਸ ਦਾ ਸੰਵਿਧਾਨਕ ਮੁਖੀਆ (ਰਾਸ਼ਟਰਪਤੀ) ਜੇ ਕੁਝ ਚੰਗਾ, ਦੇਸ ਦੇ ਹਿੱਤ ਵਿੱਚ ਬੋਲਦਾ ਵੀ ਹੈ ਤਾਂ ਉਸ ਨੂੰ ਸੰਜੀਦਗੀ ਨਾਲ ਲੈ ਕੇ ਉਸ ਉੱਤੇ ਅਮਲ ਨਹੀਂ ਕੀਤਾ ਜਾਂਦਾ। ਸਮੇਂ-ਸਮੇਂ ਉਸ ਵੱਲੋਂ ਕੀਤੀਆਂ ਜਾਂਦੀਆਂ ਕੀਮਤੀ ਟਿੱਪਣੀਆਂ ਦਾ ਲਾਹਾ ਨਹੀਂ ਲਿਆ ਜਾਂਦਾ, ਜਦੋਂ ਕਿ ਹੇਠਲੇ ਮੁਖੀਆਂ ਦੇ ਭਾਸ਼ਣਾਂ ਨੂੰ ਏਨੀ ਅਹਿਮੀਅਤ ਦਿੱਤੀ ਜਾਂਦੀ ਹੈ, ਜਿਸ ਦੀ ਲੋੜ ਹੀ ਨਹੀਂ ਹੁੰਦੀ। ਹਲਕੀਆਂ ਗੱਲਾਂ ਅਤੇ ਸਸਤੇ ਮਸੌਦੇ ਨੂੰ ਬਹੁਤੀ ਤੂਲ ਦੇਣੀ ਕਿਸੇ ਤਰ੍ਹਾਂ ਕਦੇ ਵੀ ਦਰੁਸਤ ਨਹੀਂ ਹੁੰਦੀ।

ਚੋਣਾਂ ਦੇ ਮੇਲੇ ਅਤੇ ਵੋਟਾਂ ਖਿੱਚਣ ਦੇ ਝਮੇਲੇ ਵਿੱਚ ਸਿਆਸੀ ਦਲਾਂ ਦੇ ਬੁਲਾਰੇ ਭਾਸ਼ਾ ਅਤੇ ਸਲੀਕੇ ਦੇ ਮਿਆਰ ਨੂੰ ਕਾਇਮ ਨਹੀਂ ਰੱਖਦੇ। ਉਹ ਦੂਸ਼ਣਬਾਜ਼ੀ ਕਰਨ ਸਮੇਂ ਭਾਸ਼ਾ ਦਾ ਮਿਆਰ, ਸਲੀਕੇ ਦਾ ਸੱਭਿਆਚਾਰ ਭੁੱਲ ਜਾਂਦੇ ਹਨ ਅਤੇ ਅਜਿਹੀ ਸ਼ਬਦਾਵਲੀ ਵਰਤਦੇ ਹਨ, ਜਿਹੜੀ ਇੱਥੇ ਇਸ ਕਰ ਕੇ ਨਹੀਂ ਵਰਤੀ ਜਾ ਸਕਦੀ, ਕਿਉਂਕਿ ਉਸ ਹਲਕੇ ਮਿਆਰ ਤੱਕ ਜਾਣਾ ਠੀਕ ਨਹੀਂ। ਚੋਣਾਂ ਵਿੱਚ ਚਿੱਕੜ ਉਛਾਲਣਾ ਜ਼ਰੂਰੀ ਨਹੀਂ, ਚੀਰ-ਹਰਣ ਕਰਨਾ ਜ਼ਰੂਰੀ ਨਹੀਂ ਅਤੇ ਬਖੀਏ ਉਧੇੜਨੇ ਅਵੱਸ਼ਕ ਨਹੀਂ, ਸਗੋਂ ਜ਼ਰੂਰੀ ਇਹ ਹੈ ਕਿ ਸਿਆਸੀ ਪਾਰਟੀਆਂ ਆਪੋ-ਆਪਣੀਆਂ ਨੀਤੀਆਂ ਦੱਸਣ, ਏਜੰਡੇ ਦੇ ਵੇਰਵੇ ਦੇਣ ਅਤੇ ਮੈਨੀਫੈਸਟੋ ਦਾ ਖੁਲਾਸਾ ਕਰਨਲੋਕ ਆਪੇ ਦੇਖ ਲੈਣਗੇ ਕਿ ਉਹਨਾਂ ਦੇ ਹਿੱਤ ਵਿੱਚ ਕੌਣ ਹੈ, ਕੌਣ ਨਹੀਂ।

ਕਾਨਫ਼ਰੰਸਾਂ, ਪ੍ਰਚਾਰ ਸਮਾਗਮਾਂ ’ਤੇ ਬਿਲਕੁੱਲ ਪਾਬੰਦੀ ਲੱਗਣੀ ਚਹੀਦੀ ਹੈ ਤਾਂ ਜੁ ਸਿਆਸੀ ਨੇਤਾਵਾਂ ਨੂੰ ਪਹਿਲਵਾਨਾਂ ਵਾਂਗ ਡੌਲੇ ਫਰਕਾ ਕੇ, ਬੋਲ ਚਮਕਾ ਕੇ ਥਾਂ-ਥਾਂ ਗੁਰਜ ਘੁਮਾਉਣ ਲਈ ਨਾ ਜਾਣਾ ਪਵੇ ਅਤੇ ਆਪਣੇ ਫੁੰਕਾਰੇ ਮਾਰਦੇ ਬੋਲਾਂ ਨੂੰ ਬੰਬਾਂ ਵਾਂਗ ਨਾ ਚਲਾਉਣਾ ਪਵੇ। ਮੰਚਾਂ ’ਤੇ ਲੋਕਾਂ ਦੇ ਸਾਹਮਣੇ ਮੂੰਹ-ਜ਼ੁਬਾਨੀ ਲਾਰਿਆਂ ਅਤੇ ਨਾ ਪੂਰੇ ਕੀਤੇ ਜਾਣ ਵਾਲੇ ਵਾਅਦਿਆਂ ਦੀ ਇਬਾਰਤ ਨਾ ਲਿਖਣੀ ਪਵੇ, ਮੁਹਾਰਨੀ ਨਾ ਰਟਣੀ ਪਵੇ।

ਪ੍ਰਧਾਨ ਮੰਤਰੀ ’ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸ਼ਬਦਾਂ ਦੇ ਸਹੀ ਅਰਥਾਂ ਵਿੱਚ ਦੇਸ ਦੀ ਪ੍ਰਤੀਨਿਧਤਾ ਕਰਦਾ ਲੱਗੇ। ਜੇ ਉਹ ਚੋਣਾਂ ਸਮੇਂ ਜਾਂ ਸਰਕਾਰੀ ਸਮਾਗਮਾਂ ਵਿੱਚ ਸੂਬਿਆਂ, ਸੂਬਿਆਂ ਦੀਆਂ ਸਰਕਾਰਾਂ ਅਤੇ ਵੱਖ-ਵੱਖ ਪਾਰਟੀਆਂ ਵਿਰੁੱਧ ਭੜਾਸ ਕੱਢਣ ਦਾ ਚਸਕਾ ਹੀ ਲੈਣ ਲੱਗ ਪਵੇ ਤਾਂ ਉਸ ਨੂੰ ਸਮੁੱਚੇ ਦੇਸ ਦਾ ਰਾਖਾ ਨਹੀਂ ਮੰਨਿਆ ਜਾ ਸਕਦਾ। ਦੇਸ ਦਾ ਅਸਲੀ ਪ੍ਰਤੀਨਿਧ ਅਤੇ ਰਾਖਾ ਦੇਸ ਦੇ ਰਾਜਾਂ ਅਤੇ ਨੇਤਾਵਾਂ ਵਿਰੁੱਧ ਕਿਵੇਂ ਬੋਲ ਸਕਦਾ ਹੈ? ਅਜਿਹਾ ਕਰਨ ਦਾ ਹੱਕ ਵੀ ਨਹੀਂ ਦਿੱਤਾ ਜਾ ਸਕਦਾ ਅਤੇ ਉਸ ਦੇ ਰੁਤਬੇ ਲਈ ਸੋਭਦਾ ਵੀ ਨਹੀਂ, ਕਿਉਂਕਿ ਉਹ ਵੀ ਉੰਨਾ ਹੀ ਜਵਾਬਦੇਹ ਹੈ, ਜਿੰਨਾ ਕਿਸੇ ਸੂਬੇ ਦਾ ਮੁੱਖ ਮੰਤਰੀ। ਜੇ ਫੇਰ ਵੀ ਉਹ ਥਾਂ-ਥਾਂ ਜਾ ਕੇ ਤੱਤੇ, ਜ਼ਹਿਰੀ, ਧਮਕੀਲੇ ਅਤੇ ਉੱਬਲਦੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਤਾਂ ਉਹ ਸਲੀਕੇ ਨੂੰ ਖੋਰਾ ਲਾਉਂਦਾ ਲੱਗੇਗਾ ਅਤੇ ਸ਼ਾਂਤੀ ਵਿੱਚ ਵਿਘਨ ਪਾਉਂਦਾ ਭਾਸੇਗਾ। ਉਸ ਨੂੰ ਆਪਣੀ ਸੀਮਾ ਅੰਦਰ ਰਹਿ ਕੇ ਹੀ ਚੱਲਣਾ ਪਵੇਗਾ, ਨਹੀਂ ਤਾਂ ਦੇਸ ਦਾ ਮਾਹੌਲ ਸਲੀਕਾ-ਰਹਿਤ ਹੋ ਕੇ ਰਹਿ ਜਾਵੇਗਾ।

ਕਿਸੇ ਵੀ ਰੁਤਬੇਦਾਰ ਨੂੰ ਹਿੰਸਕ ਭਾਸ਼ਾ ਵਰਤਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਪਰ ਇੱਥੇ ਕੌਣ ਕਿਸ ਨੂੰ ਅੱਗਾ ਢੱਕਣ ਵਾਸਤੇ ਆਖੇ! ਸੱਭਿਆ ਹੋਣ ਦਾ ਦਾਅਵਾ ਕਰਨ ਵਾਲੇ ਦੇਸ ਦੇ ਨੇਤਾ ਹੀ ਜੇ ਸੱਭਿਅਕ, ਸ਼ਾਲੀਨ, ਸਦਾਚਾਰਕ ਅਤੇ ਸੁਥਰੇ ਤੌਰ-ਤਰੀਕਿਆਂ ਦੇ ਜਾਣੂ ਨਹੀਂ ਤਾਂ ਦੇਸ ਦੇ ਨਾਗਰਿਕਾਂ ਦਾ ਕੀ ਬਣੇਗਾ? ਪੜ੍ਹੇ-ਲਿਖੇ ਸੂਝ-ਬੂਝ ਰੱਖਣ ਵਾਲੇ, ਲੋਕ-ਹਿਤੈਸ਼ੀ ਅਤੇ ਦੇਸ ਨੂੰ ਪਿਆਰ ਕਰਨ ਵਾਲੇ ਜੇ ਜਾਗ ਪੈਣ ਤਾਂ ਕਿਸੇ ਦੀ ਵੀ ਹਿੰਮਤ ਨਹੀਂ ਪਵੇਗੀ ਕਿ ਉਹ ਹਿੰਸਕ ਭੜਾਸ ਕੱਢ ਕੇ ਮਾਹੌਲ ਨੂੰ ਦੂਸ਼ਿਤ ਕਰੇ ਅਤੇ ਹਿੰਸਕ ਭਾਸ਼ਾ ਦੀ ਵਰਤੋਂ ਕਰ ਕੇ ਸਲੀਕੇ ਨੂੰ ਸੱਟ ਮਾਰੇ ਅਤੇ ਸ਼ਾਂਤੀ ਭੰਗ ਕਰੇ। ਜੇ ਨਾਗਰਿਕ ਜਾਗ ਪੈਣ, ਸੰਭਲ ਜਾਣ, ਦੇਸ ਦੇ ਵਿਕਾਸ ਲਈ ਚਿੰਤਤ ਹੋਣ, ਦੇਸ ਦੇ ਸਦਾਚਾਰਕ ਸੱਭਿਆਚਾਰ ਨੂੰ ਅੱਗੇ ਲਿਜਾਣ ਵਾਸਤੇ ਵਚਨਬੱਧ ਹੋਣ, ਤਾਂ ਸੰਜੀਦਾ ਭਾਸ਼ਾ ਵੱਲ ਵੀ ਮੁੜਿਆ ਜਾ ਸਕਦਾ ਹੈ ਅਤੇ ਦੇਸ-ਹਿੱਤ ਦੇ ਨਾਹਰਿਆਂ ਵੱਲ ਵੀ, ਜਿਸ ਨਾਲ ਹਿੰਸਕ ਭਾਸ਼ਾ ਨੂੰ ਨਕਾਰਿਆ ਜਾਵੇਗਾ ਅਤੇ ਸਲੀਕੇਦਾਰ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਵੀ ਬਣੀ ਰਹਿ ਸਕਦੀ ਹੈ, ਅਮਨ-ਸ਼ਾਂਤੀ ਲਈ ਲੋੜੀਂਦੀ ਤਰਕੀਬ ਵੀ। ਨੇਤਾ ਸਮਝਣ ਅਤੇ ਸੁਚੇਤ ਹੋਣ ਕਿ ਦੇਸ ਲਈ ਸਲੀਕਾਦਾਰੀ ਵੀ ਜ਼ਰੂਰੀ ਹੈ ਅਤੇ ਅਮਨ-ਸ਼ਾਂਤੀ ਦਾ ਮਾਹੌਲ ਵੀ ਲਾਜ਼ਮੀ।

**

ਭੱਠਲ ਯਾਦਗਾਰੀ ਇਨਾਮ

ਕਿਸੇ ਇਕੱਲੇਕਾਰੇ ਵਿਅਕਤੀ ਜਾਂ ਛੋਟੇ-ਮੋਟੇ ਅਦਾਰੇ ਵੱਲੋਂ ਇੱਕ ਲੱਖ ਦੇ ਕਰੀਬ ਆਪਣੀ ਬੋਲੀ ਲਈ ਕੰਮ ਕਰਨ ਵਾਲੇ ਮਾਣ-ਮੱਤਿਆਂ ਨੂੰ ਇਨਾਮ ਦੇਣੇ ਛੋਟੀ ਗੱਲ ਨਹੀਂ। ਇਹ ਨਿੱਕੀ ਰਕਮ ਦੇ ਵੱਡੇ ਇਨਾਮ ਮੰਨੇ ਜਾਣੇ ਚਾਹੀਦੇ ਹਨ, ਕਿਉਂਕਿ ਇਹ ਉਹਨਾਂ ਨੂੰ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਪਹਿਲਾਂ ਕੋਈ ਵੱਡਾ ਇਨਾਮ ਨਾ ਮਿਲਿਆ ਹੋਵੇ, ਜਿਨ੍ਹਾਂ ਦਾ ਸੁਭਾਅ ਇਨਾਮਾਂ ਮਗਰ ਦੌੜਨਾ ਨਹੀਂ ਅਤੇ ਜਿਨ੍ਹਾਂ ਦਾ ਯੋਗਦਾਨ ਐਵਾਰਡ ਦਾ ਹੱਕਦਾਰ ਹੋਵੇ।

ਕਰਨਲ ਨਰੈਣ ਸਿੰਘ ਭੱਠਲ ਯਾਦਗਾਰੀ ਪੁਰਸਕਾਰ ਬਣਾਏ ਗਏ ਬੋਰਡ ਵੱਲੋਂ ਕਰਨਲ ਦੀ ਯਾਦ ਵਿੱਚ ਕੰਵਰਜੀਤ ਭੱਠਲ ਵੱਲੋਂ ਸ਼ੁਰੂ ਕੀਤੇ ਗਏ ਹਨ, ਜਿਸ ਨੇ ਆਪਣੀ ਕਮਾਈ ਦਾ ਦਸਵੰਧ ਕਲਮਕਾਰਾਂ ਦੇ ਭਲੇ ਵਾਸਤੇ ਲਾਉਣ ਦਾ ਤਹੱਈਆ ਕਰ ਲਿਆ। ਇਹ ਕਾਰਜ ਕਦੇ ਖ਼ਤਮ ਹੋਣ ਵਾਲਾ ਨਹੀਂ, ਉਸ ਤੋਂ ਬਾਅਦ ਵੀ ਜਾਰੀ ਰਹੇਗਾ।

ਇਨਾਮ ਦਿੱਤੇ ਜਾਣ ਲਈ ਪਾਰਖੂਆਂ ਦੇ ਵੱਖ ਤੇ ਗੁਪਤ ਟੋਲੇ ਬਣਾਏ ਗਏ ਹਨ, ਤਾਂ ਕਿ ਕੋਈ ਪਹੁੰਚ ਨਾ ਕਰ ਸਕੇ ਅਤੇ ਉਹਨਾਂ ਦੀ ਪਾਰਖੂ ਅੱਖ ਸਹੀ ਨਾਂਅ ਲੱਭਣ ’ਤੇ ਹੀ ਜਾਵੇ। ਇਸ ਵਾਰ 2016 ਸਾਲ ਵਾਸਤੇ ਡਾ: ਗੁਰਮਿੰਦਰ ਸਿੱਧੂ (ਸ਼ਾਇਰੀ), ਮੁਖਤਿਆਰ ਸਿੰਘ (ਕਹਾਣੀ-ਨਾਵਲ), ਬਲਵੀਰ ਪਰਵਾਨਾ (ਪੱਤਰਕਾਰੀ), ਬ੍ਰਹਮ ਜਗਦੀਸ਼ (ਆਲੋਚਨਾ) ਨੂੰ ਚੰਡੀਗੜ੍ਹ ਵਿਖੇ ਸਮਾਗਮ ਕਰ ਕੇ ਇਨਾਮ ਦਿੱਤੇ ਜਾਣਗੇ, ਜਿਨ੍ਹਾਂ ਵਿਚ ਇੱਕੀ-ਇੱਕੀ ਹਜ਼ਾਰ ਰੁਪਏ, ਦੋਸ਼ਾਲਾ ਅਤੇ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤੇ ਜਾਣਗੇ।

ਕੰਵਰਜੀਤ ਨੇ ਇੱਕ ਸੰਪਾਦਕ ਵਜੋਂ ਇਹ ਨਵੀਂ ਪੈੜ ਉਲੀਕ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੁਰਖਿਆਂ ਨੂੰ ਯਾਦ ਕਰਨ ਦਾ ਤਰੀਕਾ ਇਸ ਤੋਂ ਵਧੀਆ ਹੋਰ ਕੋਈ ਨਹੀਂ ਅਤੇ ਇਹ ਵੀ ਕਿ ਦਸਵੰਧ ਚੰਗੇ ਅਤੇ ਨਿਵੇਕਲੇ ਪਾਸੇ ਖ਼ਰਚਿਆ ਜਾਵੇ।

ਬੁੱਧੀਜੀਵੀਆਂ ਬਾਰੇ ਟਿੱਪਣੀ

ਪਿਛਲੇ ਹਫ਼ਤੇ ਬੁੱਧੀਜੀਵੀਆਂ ਬਾਰੇ ਸੰਖੇਪ ਜਿਹੀ ਟਿੱਪਣੀ ਪੜ੍ਹ ਕੇ ਕੁਝ ਪਾਠਕਾਂ ਨੇ ਰਲਵਾਂ-ਮਿਲਵਾਂ ਜਿਹਾ ਸਵਾਲ ਉਠਾਇਆ ਕਿ ਪੰਜਾਬ ਵਿੱਚ ਬੁੱਧੀਜੀਵੀ ਹਨ, ਜੇ ਹਨ ਤਾਂ ਕਿੱਥੇ? ਸਵਾਲ ਨੇ ਮੈਨੂੰ ਉਦਾਸ ਕਰ ਦਿੱਤਾ ਅਤੇ ਸੋਚਣ ਲਈ ਮਜਬੂਰ ਵੀ। ਸਵਾਲ ਓਧਰ ਨੂੰ ਤੁਰਿਆ ਕਿ ਜੇ ਪੰਜਾਬ ਦੇ ਕਿਸੇ ਵੀ ਵਰਗ, ਤਬਕੇ ਵਿੱਚ ਬੁੱਧੀਜੀਵੀ ਹੁੰਦੇ ਤਾਂ ਇੱਥੋਂ ਦੇ ਹਰੇਕ ਖੇਤਰ ਦੀ ਅੱਜ ਵਰਗੀ ਹਾਲਤ ਨਾ ਹੁੰਦੀ।

ਕਿਸੇ ਜਾਗਦੇ ਮੱਥੇ ਵਾਲੇ, ਸੋਚਣ-ਵਿਚਾਰਨ ਵਾਲੇ, ਦੂਜਿਆਂ ਦਾ ਫ਼ਿਕਰ ਕਰਨ ਵਾਲੇ ਅਤੇ ਮਸਲਿਆਂ ਦਾ ਹੱਲ ਕੱਢਣ ਵਾਲੇ ਕਿਸੇ ਨੇ ਵੀ ਗ਼ਰੀਬੀ, ਬੇਰੁਜ਼ਗਾਰੀ, ਨਸ਼ਾਖੋਰੀ, ਭ੍ਰਿਸ਼ਟਾਚਾਰ ਅਤੇ ਸਿਫਾਰਸ਼ੀ ਸੱਭਿਆਚਾਰ ਜਿਹੀਆਂ ਅਲਾਮਤਾਂ ਵਿਰੁੱਧ ਨਾ ਕੋਈ ਆਵਾਜ਼ ਉਠਾਈ ਅਤੇ ਨਾ ਅਮਲ ਵਿੱਚ ਕੁਝ ਕਰਨ ਲਈ ਕੋਈ ਕਦਮ ਪੁੱਟਿਆ। ਅਸੀਂ ਦਰਿਆਵਾਂ ਦੀ ਸਫ਼ਾਈ ਲਈ ਜ਼ਿਆਦਾ ਫ਼ਿਕਰਮੰਦ ਹਾਂ, ਜਿਨ੍ਹਾਂ ਕਦੇ ਸਾਫ਼ ਹੋਣਾ ਹੀ ਨਹੀਂ, ਪਰ ਮਾਨਵਤਾ ਦੇ ਸਾਫ਼-ਸੁਥਰੇਪਣ ਦੀ ਕਦੇ ਵਾਰਤਾ ਹੀ ਨਹੀਂ ਛੇੜਦੇ। ਅਸੀਂ ਸਭ ਜਾਤਾਂ-ਪਾਤਾਂ, ਖਾਨਦਾਨਾਂ ਦੇ ਹੰਕਾਰੀ ਮੋਢਿਆਂ ’ਤੇ ਸਵਾਰ ਹੋ ਕੇ ਨਵੀਂਆਂ ਸੋਚਾਂ ਵੱਲ ਝਾਕਦੇ ਤੱਕ ਨਹੀਂ। ਆਟਾ-ਦਾਲ ਦੀ ਭੈੜੀ ਵੰਡ ਦਾ ਕੋਈ ਵਿਰੋਧ ਨਹੀਂ ਕਰਦਾ, ਉਸ ਦੀ ਥਾਂ ਸਮਾਜਕ ਸੁਰੱਖਿਆ ਦੀ ਮੰਗ ਨਹੀਂ ਕਰਦਾ। ਇਹ ਮਸਲੇ ਬੁੱਧੀਜੀਵੀ ਨਿਰੰਤਰ ਉਠਾਉਂਦੇ ਰਹਿਣ ਤਾਂ ਇੱਕ ਦਿਨ ਸਰਕਾਰਾਂ ਜ਼ਰੂਰ ਜਾਗਣਗੀਆਂ ਅਤੇ ਅੱਜ ਦੇ ਵਕਤਾਂ ਦੇ ਬੁੱਧੀਜੀਵੀਆਂ ਦਾ ਨਾਂਅ ਵੀ ਰਹੇਗਾ।

*****

(604)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author