BalrajSidhu72012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਉੱਤਰ ਪ੍ਰਦੇਸ਼ ਵਿੱਚ 577 ਅਪਰਾਧੀਆਂ ਨੇ ਚੋਣ ਲੜੀ ਸੀ ...
(18 ਫਰਵਰੀ 2017)

 

ਬਿਹਾਰ ਅਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਸਾਰੇ ਦੇਸ਼ ਤੋਂ ਅਲੋਕਾਰ ਹੁੰਦੀਆਂ ਹਨ। ਜ਼ਾਤ ਪਾਤ ਦੇ ਨਾਲ ਨਾਲ ਇੱਥੋਂ ਦੀ ਸਿਆਸਤ ਵਿੱਚ ਬਾਹੂਬਲੀ ਨੇਤਾਵਾਂ ਦੀ ਵੀ ਤੂਤੀ ਬੋਲਦੀ ਹੈ। ਬਿਹਾਰ ਵਿੱਚ ਤਾਂ ਸਖਤੀ ਕਾਰਨ ਸ਼ਹਾਬੂਦੀਨ ਵਰਗੇ ਬਹੁਤੇ ਬਾਹੂਬਲੀ ਜੇਲ੍ਹਾਂ ਵਿੱਚ ਬੰਦ ਹਨ ਤੇ ਬਾਕੀ ਡਰਦੇ ਮਾਰੇ ਦੜੇ ਬੈਠੇ ਹਨ ਪਰ ਯੂ.ਪੀ. ਦੀਆਂ 2017 ਵਿਧਾਨ ਸਭਾ ਚੋਣਾਂ ਵਿੱਚ ਅਨੇਕਾਂ ਬਾਹੂਬਲੀ ਕਿਸਮਤ ਅਜ਼ਮਾ ਰਹੇ ਹਨ। ਅਸਲ ਵਿੱਚ ਬਾਹੂਬਲੀ ਸ਼ਬਦ ਹੀ ਯੂ.ਪੀ.-ਬਿਹਾਰ ਦੀ ਦੇਣ ਹੈ। ਕੁਝ ਸਾਲ ਪਹਿਲਾਂ ਤਾਂ ਇਹ ਹਾਲ ਸੀ ਕਿ ਬਾਹੂਬਲੀਆਂ ਦਾ ਮੁਕਾਬਲਾ ਕਰਨ ਲਈ ਵਿਰੋਧੀ ਪਾਰਟੀਆਂ ਨੂੰ ਉਮੀਦਵਾਰ ਹੀ ਨਹੀਂ ਸਨ ਲੱਭਦੇ। ਬਾਹੂਬਲੀ ਦੇ ਬਰਾਬਰ ਚੋਣ ਲੜਨ ਦਾ ਸਿੱਧਾ ਮਤਲਬ ਹੁੰਦਾ ਸੀ ਆਪਣੀ ਮੌਤ ਆਪ ਸਹੇੜਨੀ। ਇਸ ਲਈ ਟੱਕਰ ਦੇਣ ਵਾਸਤੇ ਕੋਈ ਬਰਾਬਰ ਦਾ ਬਾਹੂਬਲੀ ਹੀ ਮੈਦਾਨ ਵਿੱਚ ਉਤਾਰਿਆ ਜਾਂਦਾ ਸੀ। ਪਰ ਹੁਣ ਸਮਾਜ ਅਤੇ ਮੀਡੀਆ ਦੇ ਚੇਤੰਨ ਅਤੇ ਸ਼ਕਤੀਸ਼ਾਲੀ ਹੋ ਜਾਣ ਕਾਰਨ ਬਾਹੂਬਲੀ ਹੋਣਾ ਜਿੱਤ ਦੀ ਗਰੰਟੀ ਨਹੀਂ ਰਿਹਾ।

ਯੂ.ਪੀ. ਦੇ ਪ੍ਰਮੁੱਖ ਬਾਹੂਬਲੀ ਨੇਤਾ:

ਯੂ.ਪੀ. ਦੀ ਸਿਆਸਤ ਦਾ ਅਪਰਾਧੀਕਰਣ ਗੋਰਖਪੁਰ ਤੋਂ ਸ਼ੁਰੂ ਹੋਇਆ ਸੀ ਤੇ ਰਾਜਨੀਤੀ ਵਿੱਚ ਕੁੱਦਣ ਵਾਲਾ ਪਹਿਲਾ ਬਾਹੂਬਲੀ ਹਰੀ ਸ਼ੰਕਰ ਤਿਵਾੜੀ ਸੀ। ਉਸ ਨੂੰ ਪੂਰਬੀ ਉੱਤਰ ਪ੍ਰਦੇਸ਼ ਦਾ ਸਭ ਤੋਂ ਲੋਕਪ੍ਰਿਯ ਬ੍ਰਾਹਮਣ ਨੇਤਾ ਸਮਝਿਆ ਜਾਂਦਾ ਹੈ। ਇੱਕ ਜ਼ਮਾਨਾ ਸੀ ਕਿ ਸਾਰੇ ਪੂਰਵਾਂਚਲ ਵਿੱਚ ਤਿਵਾੜੀ ਦੀ ਤੂਤੀ ਬੋਲਦੀ ਸੀ। ਰੇਲਵੇ ਤੋਂ ਲੈ ਕੇ ਸੜਕਾਂ ਆਦਿ ਦੇ ਸਾਰੇ ਠੇਕਿਆਂ ’ਤੇ ਤਿਵਾੜੀ ਗਰੁੱਪ ਦਾ ਕਬਜ਼ਾ ਸੀ। ਪਰ ਹੌਲੀ ਹੌਲੀ ਮੁਖਤਾਰ ਅੰਸਾਰੀ ਗੈਂਗ ਨੇ ਉਸ ਨੂੰ ਗੁੱਠੇ ਲਗਾ ਦਿੱਤਾ। ਉਸ ਦੇ ਖਿਲਾਫ ਕਤਲ, ਕਤਲ ਦੀ ਕੋਸ਼ਿਸ਼, ਅਗਵਾ ਅਤੇ ਧਮਕਾਉਣ ਆਦਿ ਦੇ ਦਰਜਨਾਂ ਮੁਕੱਦਮੇ ਦਰਜ ਹਨ। ਜੇਲ੍ਹ ਵਿੱਚ ਰਹਿ ਕੇ ਵਿਧਾਨ ਸਭਾ ਚੋਣ (ਚਿੱਲੂਪੁਰ, 1985) ਜਿੱਤਣ ਵਾਲਾ ਉਹ ਪਹਿਲਾ ਭਾਰਤੀ ਨੇਤਾ ਹੈ। ਉਹ ਚਿੱਲੂਪੁਰ ਵਿਧਾਨ ਸਭਾ ਹਲਕੇ ਤੋਂ ਲਗਾਤਾਰ 23 ਸਾਲ ਐੱਮ.ਐੱਲ.ਏ. ਅਤੇ ਕਲਿਆਣ ਸਿੰਘ (1997-1999), ਮੁਲਾਇਮ ਸਿੰਘ ਯਾਦਵ (2003-2007) ਆਦਿ ਕਈ ਸਰਕਾਰਾਂ ਵਿੱਚ ਮੰਤਰੀ ਰਿਹਾ ਹੈ। ਉਸ ਦਾ ਲੜਕਾ ਭੀਸ਼ਮ ਸ਼ੰਕਰ ਤਿਵਾੜੀ ਬਹੁਜਨ ਸਮਾਜ ਪਾਰਟੀ ਵੱਲੋਂ ਸੰਤ ਕਬੀਰ ਨਗਰ ਦੀ ਪਾਰਲੀਮੈਂਟ ਚੋਣ ਜਿੱਤ ਚੁੱਕਾ ਹੈ। ਉਸ ਦਾ ਭਤੀਜਾ ਗਣੇਸ਼ ਸ਼ੰਕਰ ਤਿਵਾੜੀ ਯੂ.ਪੀ. ਵਿਧਾਨ ਪ੍ਰੀਸ਼ਦ ਦਾ ਚਾਰ ਵਾਰ ਤੋਂ ਮੈਂਬਰ ਹੈ ਤੇ ਹੁਣ ਸਪੀਕਰ ਹੈ।

ਅਖਿਲੇਸ਼ ਯਾਦਵ ਸਰਕਾਰ ਵਿੱਚ ਫੂਡ ਐਂਡ ਸਿਵਲ ਸਪਲਾਈ ਮੰਤਰੀ ਰਘੂਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਈਆ ਇਸ ਵੇਲੇ ਬਾਹੂਬਲੀਆਂ ਵਿੱਚ ਅੱਵਲ ਦਰਜ਼ੇ ’ਤੇ ਹੈ। ਉਸ ਦਾ ਦਾਦਾ ਬਜਰੰਗ ਬਹਾਦਰ ਸਿੰਘ ਭਾਦਰੀ ਰਿਆਸਤ ਦਾ ਰਾਜਾ ਸੀ। 49 ਸਾਲ ਦਾ ਰਾਜਾ ਭਈਆ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਕੁੰਡਾ ਵਿਧਾਨ ਸਭਾ ਹਲਕੇ ਤੋਂ 1993 ਤੋਂ ਲਗਤਾਰ ਅਜ਼ਾਦ ਐੱਮ.ਐੱਲ.ਏ ਚਲਿਆ ਆ ਰਿਹਾ ਹੈ। ਹੁਣ ਤੱਕ ਉਹ ਕਈ ਪਾਰਟੀਆਂ ਦੀਆਂ ਸਰਕਾਰਾਂ ਨੂੰ ਹਮਾਇਤ ਦੇ ਕੇ ਅਨੇਕਾਂ ਵਾਰ ਸੱਤਾ ਦਾ ਸੁੱਖ ਭੋਗ ਚੁੱਕਾ ਹੈ। ਉਹ ਭਾਜਪਾ ਦੇ ਮੁੱਖ ਮੰਤਰੀਆਂ ਕਲਿਆਣ ਸਿੰਘ, ਰਾਮ ਪ੍ਰਕਾਸ਼ ਗੁਪਤਾ ਅਤੇ ਰਾਜਨਾਥ ਸਿੰਘ ਦੀਆਂ ਸਰਕਾਰਾਂ ਵਿੱਚ ਕ੍ਰਮਵਾਰ 1997, 1999 ਅਤੇ 2000 ਵਿੱਚ ਮੰਤਰੀ ਸੀ। 2002 ਵਿੱਚ ਬਹੁਜਨ ਸਮਾਜ ਪਾਰਟੀ ਸਰਕਾਰ ਬਣਦੇ ਹੀ ਉਸ ਦੇ ਖਿਲਾਫ ਦੱਬੇ ਹੋਏ ਪੁਰਾਣੇ ਮੁਕੱਦਮੇ ਖੁੱਲ੍ਹ ਗਏ। ਉਸ ਨੂੰ ਕਤਲ, ਅਗਵਾ ਅਤੇ ਪੋਟਾ ਆਦਿ ਅਧੀਨ ਜੇਲ੍ਹ ਵਿੱਚ ਠੂਸ ਦਿੱਤਾ ਗਿਆ। ਪਰ ਉਹ ਹੌਲੀ ਹੌਲੀ ਸਾਰੇ ਮੁਕੱਦਮਿਆਂ ਵਿੱਚੋਂ ਬਰੀ ਹੋ ਗਿਆ। 3 ਮਾਰਚ 2013 ਨੂੰ ਕੁੰਡਾ ਦੇ ਡੀ.ਐੱਸ.ਪੀ. ਜ਼ਿਆ ਉਲ ਹੱਕ ਦਾ ਚਿੱਟੇ ਦਿਨ ਤਿੰਨ ਹੋਰ ਵਿਅਕਤੀਆਂ ਸਮੇਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਰਾਜਾ ਭਈਆ ਨੂੰ ਵੀ ਇਸ ਮੁਕੱਦਮੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਤੇ ਮੀਡੀਆ ਵਿੱਚ ਰੌਲਾ ਮੱਚਣ ’ਤੇ ਉਸ ਨੂੰ ਮੰਤਰੀ ਪਦ ਤੋਂ ਵੀ ਅਸਤੀਫਾ ਦੇਣਾ ਪਿਆ। ਇਸ ਕੇਸ ਦੀ ਤਫਤੀਸ਼ ਕਰ ਰਹੀ ਸੀ.ਬੀ.ਆਈ. ਨੇ ਰਾਜਾ ਭਈਆ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਰਾਜਾ ਭਈਆ ਦਾ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਇੰਨਾ ਪ੍ਰਭਾਵ ਹੈ ਕਿ ਉਹ ਕੁੰਡਾ ਤੋਂ ਇਲਾਵਾ 5 ਹੋਰ ਵਿਧਾਨ ਸਭਾ ਹਲਕਿਆਂ ਤੋਂ ਐੱਮ.ਐੱਲ.ਏ ਜਿਤਾਉਂਦਾ ਹੈ। ਉਹ ਇਸ ਵਾਰ ਵੀ ਕੁੰਡਾ ਤੋਂ ਚੋਣ ਲੜ ਰਿਹਾ ਹੈ ਤੇ ਉਸ ਦੇ ਜਿੱਤਣ ਦੇ ਪੂਰੇ ਆਸਾਰ ਹਨ।

1996 ਤੋਂ ਲਗਾਤਾਰ ਚਾਰ ਵਾਰ ਮਊ ਹਲਕੇ ਤੋਂ ਐੱਮ.ਐੱਲ.ਏ. ਚੁਣਿਆ ਜਾ ਰਿਹਾ ਮੁਖਤਾਰ ਅੰਸਾਰੀ ਵੀ ਪੂਰਵਾਂਚਲ ਦਾ ਮਸ਼ਹੂਰ ਬਾਹੂਬਲੀ ਹੈ। ਉਸ ਦੇ ਖਿਲਾਫ 4 ਕਤਲਾਂ ਤੋਂ ਇਲਾਵਾ ਇਰਾਦਾ ਕਤਲ, ਅਗਵਾ, ਧਮਕੀਆਂ ਦੇਣ ਅਤੇ ਫਿਰੌਤੀਆਂ ਉਗਰਾਹੁਣ ਦੇ ਦਰਜ਼ਨਾਂ ਮੁਕੱਦਮੇ ਦਰਜ਼ ਹਨ ਤੇ ਇਸ ਵੇਲੇ ਉਹ ਜੇਲ੍ਹ ਵਿੱਚ ਬੰਦ ਹੈ। 1970ਵਿਆਂ ਵਿੱਚ ਸਰਕਾਰ ਨੇ ਪੱਛੜੇ ਪੂਰਬੀ ਯੂ.ਪੀ. ਦੇ ਵਿਕਾਸ ਲਈ ਪ੍ਰੋਜੈਕਟ ਸ਼ੁਰੂ ਕੀਤੇ ਤਾਂ ਬਾਹੂਬਲੀਆਂ ਦਰਮਿਆਨ ਫਾਇਦਾ ਲੁੱਟਣ ਦੀ ਹੋੜ ਮੱਚ ਗਈ। ਮੁਖਤਾਰ ਅੰਸਾਰੀ ਗੈਂਗ ਨੇ ਵੀ ਇਸ ਵਿੱਚ ਹੱਥ ਰੰਗਣੇ ਸ਼ੁਰੂ ਕਰ ਦਿੱਤੇ। ਸਰਕਾਰੀ ਠੇਕਿਆਂ ’ਤੇ ਕਬਜ਼ੇ ਕਰਨ ਲਈ ਉਸ ਦੀਆਂ ਬ੍ਰਿਜੇਸ਼ ਸਿੰਘ ਗੈਂਗ ਨਾਲ ਖੂਨੀ ਲੜਾਈਆਂ ਸ਼ੁਰੂ ਹੋ ਗਈਆਂ। ਦੋਵਾਂ ਧਿਰਾਂ ਦੇ ਅਨੇਕਾਂ ਵਿਅਕਤੀ ਨਿੱਤ ਦੇ ਝਗੜਿਆਂ ਕਾਰਨ ਮਾਰੇ ਗਏ। ਮੁਖਤਾਰ ਅੰਸਾਰੀ ਗੈਂਗ ਨੇ ਬ੍ਰਿਜੇਸ਼ ਸਿੰਘ ਦੇ ਹਮਾਇਤੀ ਐੱਮ.ਐੱਲ.ਏ. ਕ੍ਰਿਸ਼ਨਾ ਨੰਦ ਰਾਏ ਸਮੇਤ ਅਨੇਕਾਂ ਵਿਰੋਧੀਆਂ ਦੀ ਹੱਤਿਆ ਕਰ ਕੇ ਪੂਰਵਾਂਚਲ ਦੇ ਜਾਇਜ਼ ਨਜਾਇਜ਼ ਕਾਰੋਬਾਰ ’ਤੇ ਕਬਜ਼ਾ ਜਮਾ ਲਿਆ। ਕ੍ਰਿਸ਼ਨਾ ਨੰਦ ਰਾਏ ਦੀ ਹੱਤਿਆ ਵੇਲੇ ਯੂ.ਪੀ. ਵਿੱਚ ਪਹਿਲੀ ਵਾਰ ਏ.ਕੇ. 47 ਰਾਈਫਲ ਦੀ ਵਰਤੋਂ ਕੀਤੀ ਗਈ ਸੀ। ਇਸ ਕੇਸ ਵਿੱਚ ਮੁਖਤਾਰ ਅੰਸਾਰੀ ਅਤੇ ਸ਼ੂਟਰ ਮੁੰਨਾ ਬਜਰੰਗੀ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਉਸ ਨੇ 1996 ਵਿੱਚ ਪਹਿਲੀ ਚੋਣ ਬਹੁਜਨ ਸਮਾਜ ਪਾਰਟੀ, 2002, 2007 ਅਤੇ 2012 ਦੀ ਚੋਣ ਕੌਮੀ ਏਕਤਾ ਦਲ ਦੇ ਉਮੀਦਵਾਰ ਵਜੋਂ ਜਿੱਤੀ ਹੈ। ਉਹ 2007 ਅਤੇ 2012 ਦੀ ਚੋਣ ਜੇਲ੍ਹ ਵਿੱਚੋਂ ਹੀ ਜਿੱਤਿਆ ਸੀ। ਉਸ ਦਾ ਭਰਾ ਅਫਜ਼ਲ ਅੰਸਾਰੀ ਵੀ ਮੁਹੰਮਦਪੁਰ ਸੀਟ ਤੋਂ 5 ਵਾਰ ਐੱਮ.ਐੱਲ.ਏ. ਬਣ ਚੁੱਕਿਆ ਹੈ। ਮੁਖਤਾਰ ਅੰਸਾਰੀ ਦਾ ਇੰਨਾ ਦਬਦਬਾ ਹੈ ਕਿ ਉਹ 2009 ਵਿੱਚ ਬੀ.ਐੱਸ.ਪੀ ਉਮੀਦਵਾਰ ਵਜੋਂ ਵਾਰਾਣਸੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਮੁਰਲੀ ਮਨੋਹਰ ਜੋਸ਼ੀ ਵਰਗੇ ਸੀਨੀਅਰ ਲੀਡਰ ਤੋਂ ਸਿਰਫ 1721 ਵੋਟਾਂ ਨਾਲ ਹਾਰਿਆ ਸੀ। ਅਪਰਾਧਿਕ ਸਰਗਰਮੀਆਂ ਕਾਰਨ 2010 ਵਿੱਚ ਉਸ ਨੂੰ ਬਸਪਾ ਤੋਂ ਕੱਢ ਦਿੱਤਾ ਗਿਆ ਪਰ ਹੁਣ ਦੁਬਾਰਾ ਸ਼ਾਮਲ ਕਰ ਲਿਆ ਗਿਆ ਹੈ। ਇਸ ਵਾਰ ਉਹ ਅਤੇ ਉਸ ਦਾ ਭਰਾ ਅਫਜ਼ਲ ਅੰਸਾਰੀ ਬਸਪਾ ਵੱਲੋਂ ਚੋਣ ਮੈਦਾਨ ਵਿੱਚ ਹਨ।

ਮੂਲ ਰੂਪ ਵਿੱਚ ਇਲਾਹਾਬਾਦ ਦੇ ਚਕੀਆ ਪਿੰਡ ਦਾ ਰਹਿਣ ਵਾਲਾ ਬਾਹੂਬਲੀ ਅਤੀਕ ਅਹਿਮਦ 2004 ਤੋਂ 2009 ਤੱਕ ਸਮਾਜਵਾਦੀ ਪਾਰਟੀ ਵੱਲੋਂ ਐੱਮ.ਪੀ. ਰਿਹਾ ਹੈ। 2014 ਦੀਆਂ ਪਾਰਲੀਮੈਂਟ ਚੋਣਾਂ ਦੌਰਾਨ ਚੋਣ ਕਮਿਸ਼ਨ ਨੂੰ ਦਿੱਤੇ ਉਸ ਦੇ ਐਫੀਡੈਵਿਟ ਵਿੱਚ ਦਰਜ਼ ਹੈ ਕਿ ਉਸ ਦੇ ਖਿਲਾਫ 6 ਕਤਲ, 6 ਇਰਾਦਾ ਕਤਲ ਅਤੇ 4 ਅਗਵਾ ਕੇਸਾਂ ਸਮੇਤ 48 ਮੁਕੱਦਮੇ ਦਰਜ਼ ਹਨ। ਇਹਨਾਂ ਵਿੱਚ ਸਭ ਤੋਂ ਵੱਧ ਸਨਸਨੀਖੇਜ਼ ਕੇਸ ਬਸਪਾ ਨੇਤਾ ਰਾਜੂਪਾਲ ਦੇ ਕਤਲ ਦਾ ਹੈ ਜਿਸ ਨੇ ਅਤੀਕ ਅਹਿਮਦ ਦੇ ਭਰਾ ਅਸ਼ਰਫ ਨੂੰ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਹਰਾਇਆ ਸੀ। ਉਸ ਨੇ 2009 ਦੀਆਂ ਲੋਕ ਸਭਾ ਚੋਣਾਂ ਸਮੇਤ ਅਨੇਕਾਂ ਚੋਣਾਂ ਜੇਲ੍ਹ ਵਿੱਚੋਂ ਹੀ ਲੜੀਆਂ ਹਨ। 2008 ਵਿੱਚ ਉਸ ਨੂੰ ਸਮਾਜਵਾਦੀ ਪਾਰਟੀ ਨੇ ਕੱਢ ਦਿੱਤਾ ਤਾਂ ਉਸ ਨੇ ‘ਅਪਨਾ ਦਲ’ ਨਾਮਕ ਪਾਰਟੀ ਬਣਾ ਲਈ। ਇਸੇ ਦਲ ਦੇ ਝੰਡੇ ਹੇਠ ਉਸ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ। 2014 ਵਿੱਚ ਉਸ ਨੇ ਫਿਰ ਸਮਾਜਵਾਦੀ ਪਾਰਟੀ ਦੇ ਝੰਡੇ ਹੇਠ ਸ਼ਰਾਵਸਤੀ ਲੋਕ ਸਭਾ ਹਲਕੇ ਤੋਂ ਚੋਣ ਲੜੀ ਪਰ ਬੀ.ਜੇ.ਪੀ. ਦੇ ਦਦਨ ਮਿਸ਼ਰਾ ਤੋਂ ਇੱਕ ਲੱਖ ਵੋਟ ਨਾਲ ਹਾਰ ਗਿਆ। ਇਸ ਵਾਰ ਉਹ ਦੁਬਾਰਾ ਜੇਲ੍ਹ ਵਿੱਚੋਂ ਹੀ ਵਿਧਾਨ ਸਭਾ ਚੋਣ ਲੜ ਰਿਹਾ ਹੈ।

ਕਿਸੇ ਸਮੇਂ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਾ ਹੁਣ ਡੀ.ਪੀ ਯਾਦਵ ਅੱਜ ਯੂ.ਪੀ. ਦਾ ਸਭ ਤੋਂ ਅਮੀਰ ਬਾਹੂਬਲੀ ਹੈ। 2014 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਉਸ ਨੇ ਆਪਣੀ ਜਾਇਦਾਦ 30 ਕਰੋੜ ਰੁਪਏ ਦੀ ਐਲਾਨੀ ਸੀ। ਉਸ ਦਾ ਲੜਕਾ ਵਿਕਾਸ ਯਾਦਵ ਮਸ਼ਹੂਰ ਨਿਤੀਸ਼ ਕਟਾਰਾ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ। ਡੀ.ਪੀ ਯਾਦਵ ਦੇ ਖਿਲਾਫ 10 ਕਤਲਾਂ ਤੋਂ ਇਲਾਵਾ ਟਾਡਾ ਸਮੇਤ 40-50 ਹੋਰ ਅਗਵਾ, ਫਿਰੌਤੀ ਅਤੇ ਡਾਕਿਆਂ ਆਦਿ ਦੇ ਸੰਗੀਨ ਕੇਸ ਦਰਜ਼ ਹਨ। 1990 ਵਿੱਚ ਉਸ ਦੀ ਸਪਲਾਈ ਕੀਤੀ ਜ਼ਹਿਰੀਲੀ ਸ਼ਰਾਬ ਪੀ ਕੇ ਹਰਿਆਣਾ ਵਿੱਚ 350 ਲੋਕ ਮਰ ਗਏ ਸਨ। ਉਹ ਚਾਰ ਵਾਰ ਐੱਮ.ਐੱਲ.ਏ. ਅਤੇ ਦੋ ਵਾਰ ਐੱਮ.ਪੀ. ਰਹਿ ਚੁੱਕਾ ਹੈ। ਉਸ ਦੀ ਪਤਨੀ ਤੇ ਭਤੀਜਾ ਵੀ ਐੱਮ.ਐੱਲ.ਏ. ਹਨ। ਹੁਣ ਤੱਕ ਉਹ ਕਈ ਪਾਰਟੀਆਂ ਬਦਲ ਚੁੱਕਾ ਹੈ ਤੇ ਇਸ ਵੇਲੇ ਦਾਦਰੀ ਦੇ ਐੱਮ.ਐੱਲ.ਏ. ਮਹਿੰਦਰ ਸਿੰਘ ਭਾਟੀ ਦੇ ਕਤਲ ਕੇਸ ਕਾਰਨ ਦੇਹਰਾਦੂਨ ਜੇਲ੍ਹ ਵਿੱਚ ਉਮਰ ਕੈਦ ਭੁਗਤ ਰਿਹਾ ਹੈ। ਇਸ ਵਾਰ ਉਹ ਆਪਣੀ ਪਤਨੀ ਅਤੇ ਭਤੀਜੇ ਨੂੰ ਵਿਧਾਨ ਸਭਾ ਚੋਣ ਲੜਾ ਰਿਹਾ ਹੈ। ਉਸ ਦਾ ਪਰਿਵਾਰ ਅਨੇਕਾਂ ਖੰਡ ਮਿੱਲਾਂ, ਸ਼ਰਾਬ ਦੀਆਂ ਡਿਸਟਿੱਲਰੀਆਂ, ਹੋਟਲਾਂ ਟੀਵੀ ਚੈਨਲਾਂ, ਪਾਵਰ ਪ੍ਰੋਜੈਕਟਾਂ, ਕੰਸਟਰੱਕਸ਼ਨ ਕੰਪਨੀਆਂ ਅਤੇ ਖਾਣਾਂ ਦਾ ਮਾਲਕ ਹੈ।

ਕਿਸੇ ਸਮੇਂ ਬਸਪਾ ਵੱਲੋਂ ਐੱਮ.ਪੀ. ਰਹੇ ਬਾਹੂਬਲੀ ਧਨੰਜਯ ਸਿੰਘ ਖਿਲਾਫ ਲਖਨਊ ਤੋਂ ਲੈ ਕੇ ਜੌਨਪੁਰ ਤੱਕ ਕਤਲ ਆਦਿ ਦੇ 30 ਮਾਮਲੇ ਦਰਜ਼ ਹਨ। ਪਰ ਦਿੱਲੀ ਵਿੱਚ ਆਪਣੀ ਘਰੇਲੂ ਨੌਕਰਾਨੀ ’ਤੇ ਜ਼ੁਲਮ ਕਰਨ ਦੇ ਮਾਮਲੇ ਵਿੱਚ ਉਸ ਨੂੰ ਪਤਨੀ ਸਮੇਤ ਜੇਲ੍ਹ ਦੀ ਹਵਾ ਖਾਣੀ ਪਈ। ਜਿਸ ਨੇਤਾ ਨੂੰ ਵੱਡੇ ਤੋਂ ਵੱਡੇ ਜ਼ੁਰਮ ਵਿੱਚ ਜੇਲ੍ਹ ਨਹੀਂ ਭੇਜਿਆ ਜਾ ਸਕਿਆ, ਉਹ ਨੌਕਰਾਨੀ ਨੂੰ ਕੁੱਟਣ ਦੇ ਦੋਸ਼ ਵਿੱਚ ਜੇਲ੍ਹ ਕੱਟ ਰਿਹਾ ਹੈ। ਧਨੰਜਯ ਸਿੰਘ ਚੜ੍ਹਦੀ ਜਵਾਨੀ ਵਿੱਚ ਹੀ ਜ਼ੁਰਮ ਦੀ ਦੁਨੀਆਂ ਵਿੱਚ ਕੁੱਦ ਪਿਆ ਸੀ। 1990 ਵਿੱਚ ਦਸਵੀਂ ਜਮਾਤ ਵਿੱਚ ਉਸ ਨੇ ਆਪਣੇ ਮਾਸਟਰ ਅਤੇ ਕਾਲਜ ਦੀ ਪੜ੍ਹਾਈ ਦੌਰਾਨ ਇੱਕ ਸਹਿਪਾਠੀ ਦੀ ਹੱਤਿਆ ਕਰ ਦਿੱਤੀ, ਪਰ ਦੋਵਾਂ ਕੇਸਾਂ ਵਿੱਚ ਵੀ ਬਰੀ ਹੋ ਗਿਆ। ਉਸ ਨੇ ਰਾਬਿਨਹੁੱਡ ਟਾਈਪ ਕੰਮ ਕਰ ਕੇ ਗਰੀਬਾਂ ਵਿੱਚ ਆਪਣਾ ਵਿਸ਼ਾਲ ਅਧਾਰ ਤਿਆਰ ਕਰ ਲਿਆ ਹੈ। ਇਸ ਵਾਰ ਉਹ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਮੈਦਾਨ ਵਿੱਚ ਹੈ।

ਉਪਰੋਕਤ ਤੋਂ ਇਲਾਵਾ ਬ੍ਰਿਜੇਸ਼ ਸਿੰਘ, ਧਨੰਜਯ ਸਿੰਘ, ਰਮਾਂਕਾਂਤ ਯਾਦਵ, ਅਜਯ ਰਾਏ, ਵਰਿੰਦਰ ਪ੍ਰਤਾਪ ਸ਼ਾਹੀ, ਮੁੰਨਾ ਬਜਰੰਗੀ, ਵਿਨੇ ਤਿਆਗੀ, ਸੁਸ਼ੀਲ ਸਿੰਘ, ਰਮੇਸ਼ਵਰ ਸਿੰਘ, ਵੀਰ ਸਿੰਘ, ਭਗਵਾਨ ਸ਼ਰਮਾ ਗੁੱਡੂ ਆਦਿ ਅਨੇਕਾਂ ਬਾਹੂਬਲੀ ਖੁਦ ਜਾਂ ਆਪਣੀਆਂ ਪਤਨੀਆਂ-ਪੁੱਤਰਾਂ ਰਾਹੀਂ ਸੱਤਾ ਵਿੱਚ ਹਿੱਸਾ ਪ੍ਰਾਪਤ ਕਰਨ ਲਈ ਵੱਖ ਵੱਖ ਪਾਰਟੀਆਂ ਰਾਹੀਂ ਜਾਂ ਅਜ਼ਾਦ ਕਿਸਮਤ ਅਜ਼ਮਾ ਰਹੇ ਹਨ। 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਉੱਤਰ ਪ੍ਰਦੇਸ਼ ਵਿੱਚ 577 ਅਪਰਾਧੀਆਂ ਨੇ ਚੋਣ ਲੜੀ ਸੀ, ਉਹ ਗਿਣਤੀ ਇਸ ਵਾਰ ਹੋਰ ਵਧ ਸਕਦੀ ਹੈ।

*****

(603)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 98151 - 24449)

More articles from this author