UjagarSingh7ਸਦਭਾਵਨਾਸ਼ਹਿਣਸ਼ੀਲਤਾ, ਏਕਤਾ ਅਤੇ ਅਖੰਡਤਾ ਦੀ ਜਿਉਂਦੀ ਜਾਗਦੀ ਤਸਵੀਰ ਪੇਸ਼ ਹੋ ਰਹੀ ਸੀ ...
(17 ਫਰਵਰੀ 2017)

 

ਪਟਨਾ ਵਿਖੇ ਬਿਹਾਰ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਉਣਾ ਸ਼ਲਾਘਾਯੋਗ ਪਹਿਲ ਹੈ। ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਇਹ ਪੁਰਬ ਸਰਕਾਰੀ ਤੌਰ ’ਤੇ ਮਨਾਕੇ ਪੰਜਾਬੀਆਂ, ਅਤੇ ਖਾਸ ਤੌਰ ’ਤੇ ਸਿੱਖਾਂ ਦੇ ਦਿਲਾਂ ਨੂੰ ਜਿੱਤ ਲਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਤੋਂ 350 ਸਾਲ ਬਾਅਦ ਪਟਨਾ ਵਿਖੇ ਸਰਕਾਰੀ ਤੌਰ ’ਤੇ ਅਜਿਹੇ ਲਾਜਵਾਬ ਸਮਾਗਮ ਪਹਿਲੀ ਵਾਰ ਸਰਕਾਰੀ ਤੌਰ ’ਤੇ ਕੀਤੇ ਗਏ ਹਨਭਾਵੇਂ ਸਿੱਖ ਹਰ ਸਾਲ ਇਹ ਪ੍ਰਕਾਸ਼ ਉਤਸਵ ਪਟਨਾ ਵਿਖੇ ਮਨਾਉਂਦੇ ਸਨ ਪ੍ਰੰਤੂ ਇਹ ਪਹਿਲਾ ਮੌਕਾ ਹੈ ਕਿ ਸਰਕਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਧਰਮ ਨਿਰਪੱਖ ਵਿਚਾਰਧਾਰਾ ਨੂੰ ਮਾਣਤਾ ਦਿੰਦਿਆਂ ਇਹ ਸਮਾਗਮ ਆਯੋਜਤ ਕਰਕੇ ਸਿੱਖ ਜਗਤ ਨੂੰ ਸਦਾ ਲਈ ਬਿਹਾਰੀਆਂ ਖਾਸ ਤੌਰ ’ਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਿਣੀ ਬਣਾ ਲਿਆ ਹੈ। ਪਿਛਲੇ ਦੋ ਸਾਲਾਂ ਤੋਂ ਬਿਹਾਰ ਸਰਕਾਰ ਇਹ ਪੁਰਬ ਮਨਾਉਣ ਦੇ ਪ੍ਰਬੰਧਾਂ ਦੀ ਤਿਆਰੀ ਕਰ ਰਹੀ ਸੀ ਕਿਉਂਕਿ ਇੰਨੇ ਵੱਡੇ ਪ੍ਰੋਗਰਾਮਾਂ ਨੂੰ ਆਯੋਜਤ ਕਰਨਾ ਬਹੁਤ ਹੀ ਔਖਾ ਕੰਮ ਸੀ। ਹੈਰਾਨੀ ਦੀ ਗੱਲ ਹੈ ਕਿ ਇੱਕ ਗ਼ੈਰ ਸਿੱਖ ਵਿਅਕਤੀ ਵੱਲੋਂ ਸਿੱਖਾਂ ਦੇ ਦਸਵੇਂ ਗੁਰੂ ਦਾ ਪ੍ਰਕਾਸ਼ ਪੁਰਬ ਇੰਨੇ ਵਿਸ਼ਾਲ ਪੱਧਰ ’ਤੇ ਲਾਜਵਾਬ, ਸ਼ਾਨਦਾਰ ਅਤੇ ਬਹੁਤ ਹੀ ਸਲੀਕੇ ਨਾਲ ਪੂਰੇ ਗੁਰ ਮਰਿਆਦਾ ਵਿਚ ਰਹਿਕੇ, ਉਹ ਵੀ ਸਰਕਾਰੀ ਤੌਰ ’ਤੇ ਮਨਾਉਣਾ ਵਾਕਿਆ ਹੀ ਵਿਲੱਖਣ ਯੋਗਦਾਨ ਹੈ। ਇੰਨੇ ਸੁਚੱਜੇ ਢੰਗ ਨਾਲ ਸਾਰੇ ਪ੍ਰੋਗਰਾਮ ਉਲੀਕੇ ਅਤੇ ਸੰਪੂਰਨ ਕੀਤੇ ਗਏ ਕਿ ਕਿਸੇ ਕਿਸਮ ਦੀ ਕੋਈ ਅਵੱਗਿਆ ਜਾਂ ਅਣਵੇਖੀ ਨਹੀਂ ਹੋਈ। ਇੱਥੋਂ ਤੱਕ ਕਿ ਬਿਹਾਰ ਸਰਕਾਰ ਦੇ ਅਧਿਕਾਰੀ ਅਤੇ ਕਰਮਚਾਰੀ ਆਮ ਲੋਕਾਂ ਨੂੰ ਪੁੱਛਦੇ ਰਹੇ ਕਿ ਕੋਈ ਮੁਸ਼ਕਿਲ ਤਾਂ ਨਹੀਂ ਆ ਰਹੀ।

ਇਹ ਸਾਰਾ ਪ੍ਰੋਗਰਾਮ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ ਸੀ। ਅਧਿਕਾਰੀਆਂ ਦੀਆਂ ਡਿਊਟੀਆਂ ਲਗਾਉਂਦਿਆਂ ਵਿਸ਼ੇਸ਼ ਤੌਰ ’ਤੇ ਇਹ ਵੀ ਧਿਆਨ ਰੱਖਿਆ ਗਿਆ ਸੀ ਕਿ ਉਹ ਸਿੱਖ ਗੁਰ ਮਰਿਆਦਾ ਅਤੇ ਪਰੰਪਰਾਵਾਂ ਤੋਂ ਜਾਣੂ ਹੋਣ। ਬਿਹਾਰ ਵਿਚ ਜਿਹੜੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਮਾੜੀ ਮੋਟੀ ਪੰਜਾਬੀ ਬੋਲਣਾ ਜਾਣਦੇ ਸਨ, ਉਨ੍ਹਾਂ ਨੂੰ ਜ਼ਿੰਮੇਵਾਰੀ ਦੇਣ ਨੂੰ ਤਰਜ਼ੀਹ ਦਿੱਤੀ ਗਈ ਇਹ ਵੀ ਕਮਾਲ ਦੀ ਗੱਲ ਹੈ ਕਿ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਿੰਨ ਮਹੀਨੇ ਪਹਿਲਾਂ ਹੀ ਪੰਜਾਬੀ ਭਾਸ਼ਾ ਸਿਖਾਈ ਗਈ ਤਾਂ ਜੋ ਪ੍ਰੋਗਰਾਮ ਨੇਪਰੇ ਚਾੜ੍ਹਨ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੰਤਵ ਲਈ ਸੇਵਾ ਮੁਕਤ ਸਿੱਖ ਅਧਿਕਾਰੀਆਂ ਦੀਆਂ ਸੇਵਾਵਾਂ ਵੀ ਲਈਆਂ ਗਈਆਂ ਸਨ। ਸੇਵਾ ਮੁਕਤ ਬਿਹਾਰ ਦੇ ਮੁੱਖ ਸਕੱਤਰ ਜੀ.ਐੱਸ. ਕੰਗ ਅਤੇ ਆਈ.ਪੀ.ਐੱਸ. ਆਫੀਸਰ ਬਲਜੀਤ ਸਿੰਘ ਵੀ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਸਨ।

ਸਾਰੇ ਪ੍ਰਬੰਧਾਂ ਦਾ ਮੁੱਖ ਕੰਮ ਬਿਹਾਰ ਦੇ ਕਲਾ ਅਤੇ ਸੈਰ ਸਪਾਟਾ ਵਿਭਾਗ ਦੀ ਮੁੱਖ ਸਕੱਤਰ ਹਰਜੋਤ ਕੌਰ ਵੇਖ ਰਹੇ ਸਨ ਕਿਉਂਕਿ ਇਹ ਸਾਰੇ ਪੋਗਰਾਮ ਉਲੀਕੇ ਹੀ ਸੈਰ ਸਪਾਟਾ ਵਿਭਾਗ ਨੇ ਸਨ। ਇਹ ਪ੍ਰੋਗਰਾਮ 10 ਕਿਲੋਮੀਟਰ ਦੇ ਘੇਰੇ ਵਿਚ ਸਨ, ਇਸ ਲਈ ਇਨ੍ਹਾਂ ਥਾਵਾਂ ’ਤੇ ਜਾਣ ਲਈ 250 ਬੱਸਾਂ ਅਤੇ 150 ਥਰੀ ਵੀਲਰਜ਼ ਦਾ ਪ੍ਰਬੰਧ ਕੀਤਾ ਗਿਆ ਸੀ, ਜਿਹੜੇ ਸਾਰੀ ਸੇਵਾ ਮੁਫ਼ਤ ਕਰਦੇ ਸਨ। ਇਹ ਸੇਵਾ 24 ਚਲਦੀ ਰਹਿੰਦੀ ਸੀ।

ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਪਟਨਾ ਸਾਹਿਬ ਤੋਂ 9 ਕਿਲੋਮੀਟਰ ਦੂਰ ਗਾਂਧੀ ਗਰਾਉਂਡ ਵਿਚ ਬਾਕਾਇਦਾ ਇੱਕ ਅਸਥਾਈ ਗੁਰਦੁਆਰਾ ਸਾਹਿਬ ਦਾ ਰੈਪਲਿਕਾ ਸਥਾਪਤ ਕੀਤਾ ਗਿਆ ਸੀ, ਜਿਸਦਾ ਮੁਹਾਂਦਰਾ ਬਿਲਕੁਲ ਹੀ ਪਟਨਾ ਸਾਹਿਬ ਦੇ ਗੁਰੂ ਘਰ ਵਰਗਾ ਸੀ। ਇਸ ਵਿਚ 30 ਹਜ਼ਾਰ ਸੰਗਤ ਦੇ ਬੈਠਣ ਦਾ ਪ੍ਰਬੰਧ ਸੀ। ਸੰਗਤਾਂ ਦੀ ਰਿਹਾਇਸ਼ ਲਈ ਪਟਨਾ ਵਿਖੇ ਸਥਿਤ ਸਾਰੇ ਵਿਸ਼ਰਾਮ ਘਰ, ਹੋਟਲ, ਸਰਾਵਾਂ, ਸਕੂਲ ਕਾਲਜ ਬੁੱਕ ਕਰ ਲਏ ਸਨ। ਇਸ ਤੋਂ ਇਲਾਵਾ ਤਿੰਨ ਥਾਵਾਂ ਤੇ ਟੈਂਟ ਲਗਾਕੇ ਰਿਹਾਇਸ਼ਗਾਹ ਬਣਾਏ ਗਏ ਸਨ ਜਿਨ੍ਹਾਂ ਵਿਚ ਲੱਖਾਂ ਸੰਗਤਾਂ ਦੇ ਮੁਫ਼ਤ ਰਹਿਣ ਸਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਸੀ। ਗਾਂਧੀ ਗਰਾਊਂਡ ਵਿਚ 62 ਏਕੜ, ਮਲਾਈ ਚੌਕ ਬਾਈਪਾਸ 65 ਏਕੜ ਅਤੇ ਕੰਗਣ ਘਾਟ 12 ਏਕੜ ਥਾਂ ਉੱਪਰ ਟੈਂਟ ਲਗਾਕੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੀ। ਸਾਰੇ ਸ਼ਹਿਰ ਅਤੇ ਖਾਸ ਕਰਕੇ ਟੈਂਟ ਹਾਊਸ ਅਤੇ ਗੁਰੂ ਘਰ ਰੰਗਦਾਰ ਰੌਸ਼ਨੀਆਂ ਨਾਲ ਸਜਾਏ ਗਏ ਸਨ।

ਇੱਕ ਕਿਸਮ ਨਾਲ ਪਟਨਾ ਸ਼ਹਿਰ ਮਿੰਨੀ ਪੰਜਾਬ ਲੱਗ ਰਿਹਾ ਸੀ। ਹਰ ਸਰਕਾਰੀ ਮੁਲਾਜ਼ਮ ਅਤੇ ਹਰ ਸ਼ਹਿਰੀ ਸਤਿ ਸ੍ਰੀ ਅਕਾਲ ਬੁਲਾਉਂਦਾ ਸੀ। ਪੁਲਿਸ ਵਾਲੇ ਵੀ ਸਤਿ ਸ਼੍ਰੀ ਅਕਾਲ ਹੀ ਬੁਲਾਉਂਦੇ ਸਨ ਅਤੇ ਇਹ ਵੀ ਕਹਿੰਦੇ ਸਨ ਕਿ ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ। ਸਰਦਾਰ ਸਾਹਿਬ, ਸਿੰਘ ਸਾਹਿਬ ਅਤੇ ਭਾਈ ਸਾਹਿਬ ਕਹਿਕੇ ਵੀ ਬੁਲਾਉਂਦੇ ਸਨ। ਇਹ ਵੀ ਪੁੱਛਦੇ ਸਨ ਕਿ ਪ੍ਰਬੰਧਾਂ ਵਿਚ ਕੋਈ ਘਾਟ ਤਾਂ ਨਹੀਂ ਰਹਿ ਗਈ। ਇਸ ਮੌਕੇ ’ਤੇ ਪੰਜਾਬੀ ਵਿਚ ਇੱਕ ਕਿਤਾਬਚਾ ਪ੍ਰਕਾਸ਼ਤ ਕਰਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਵੰਡਿਆ ਗਿਆ ਤਾਂ ਜੋ ਉਹ ਪੰਜਾਬੀ ਵਿਚ ਗੱਲ ਕਰਨਾ ਸਿੱਖ ਸਕਣ।

ਪੰਜਾਬੀ ਅਤੇ ਖਾਸ ਤੌਰ ’ਤੇ ਸਿੱਖ ਬਿਹਾਰ ਸਰਕਾਰ ਦੇ ਪ੍ਰਬੰਧਾਂ ਤੋਂ ਬਾਗੋ ਬਾਗ ਹੋਏ ਇਹ ਕਹਿੰਦੇ ਸੁਣੇ ਗਏ ਕਿ ਸਾਡੀ ਸਾਰੀ ਬਾਕੀ ਰਹਿੰਦੀ ਉਮਰ ਨਿਤਿਸ਼ ਕੁਮਾਰ ਨੂੰ ਲੱਗ ਜਾਵੇ, ਜਿਸਨੇ ਪ੍ਰਬੰਧਾਂ ਵਿਚ ਕਮਾਲ ਹੀ ਕਰ ਦਿੱਤੀ। ਇੰਨੇ ਚੰਗੇ ਪ੍ਰਬੰਧ ਤਾਂ ਕਿਸੇ ਵੀ ਸ਼ਤਾਬਦੀ ਨੂੰ ਮਨਾਉਣ ਲਈ ਪੰਜਾਬ ਸਰਕਾਰ ਨੇ ਨਹੀਂ ਕੀਤੇ ਹਾਲਾਂ ਕਿ ਇਹ ਸ਼ਤਾਬਦੀਆਂ 1966 ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਵਸ ਤੋਂ ਮਨਾਉਣੀਆਂ ਸ਼ੁਰੂ ਕੀਤੀਆਂ ਸਨ। ਉਸ ਤੋਂ ਬਾਅਦ 1969 ਵਿਚ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਮਨਾਇਆ ਗਿਆ ਸੀ।

ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ ਨੇ ਇਸ ਮੌਕੇ ’ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਟਨਾ ਵਿਖੇ ਇੱਕ ਸਿੱਖ ਸਰਕਟ ਸਥਾਪਤ ਕੀਤਾ ਜਾਵੇਗਾ ਅਤੇ ਗੁਰਦੁਆਰਾ ਗੁਰੂ ਕਾ ਬਾਗ ਦੇ ਨੇੜੇ ਇੱਕ ਬਹੁਮੰਤਵੀ ਕੇਂਦਰ ਸਥਾਪਤ ਕੀਤਾ ਜਾਵੇਗਾ ਜਿਸ ਵਿਚ ਸਿੱਖ ਇਤਿਹਾਸ ਨਾਲ ਸੰਬੰਧਤ ਲਾਇਬਰੇਰੀ ਸਥਾਪਤ ਕੀਤੀ ਜਾਵੇਗੀ। ਇਹ ਸਿੱਖ ਸਰਕਟ ਬਿਹਾਰ ਵਿਚਲੇ ਗੁਰਦੁਆਰਿਆਂ ਜਿਨ੍ਹਾਂ ਵਿਚ ਹਰਿਮੰਦਰ ਸਾਹਿਬ, ਗੁਰਦੁਆਰਾ ਬਾਲ ਲੀਲਾ, ਗੁਰੂ ਕਾ ਬਾਗ, ਹਾਂਜੀ ਸਾਹਿਬ, ਗੁਰੂ ਘਾਟ, ਗੁਰੂ ਨਾਨਕ ਕੁੰਡ ਰਾਜਗੀਰ, ਮੁੰਗੇਰ, ਕਠਿਹਾਰ, ਗਯਾ, ਨਵਾਦਾ, ਸਾਸ ਰਾਮ ਅਤੇ ਭਾਗਲਪੁਰ ਆਦਿ ਦੀ ਸੁੰਦਰੀਕਰਨ ਦਾ ਕੰਮ ਕਰੇਗੀ।

ਸ਼੍ਰੀ ਹਰਿਮੰਦਰ ਸਾਹਿਬ ਪਟਨਾ ਦਾ ਸੁੰਦਰੀਕਰਨ ਗੁਰੂ ਨਾਨਕ ਨਿਸ਼ਕਾਮ ਸੇਵਾ ਜੱਥਾ ਲੰਦਨ ਕਰ ਰਿਹਾ ਹੈ। ਇਸ ਮੌਕੇ ’ਤੇ ਸੰਗਤਾਂ ਨੂੰ ਵੱਖ ਵੱਖ ਗੁਰਧਾਮਾਂ ਦੇ ਦਰਸ਼ਣਾਂ ਲਈ ਸਮੁੰਦਰ ਰਾਹੀਂ ਲਿਜਾਣ ਲਈ 3 ਸਮੁੰਦਰੀ ਬੇੜਿਆਂ ਕਸਤੂਰਬਾ, ਵੀ.ਵੀ.ਗਿਰੀ. ਅਤੇ ਕੌਟਲਿਯਾ ਦਾ ਪ੍ਰਬੰਧ ਕੇਂਦਰ ਸਰਕਾਰ ਦੇ ਅੰਤਰਰਾਜੀ ਜਲ ਮਾਰਗ ਵਿਭਾਗ ਰਾਹੀਂ ਕੀਤਾ ਗਿਆ ਸੀ। ਯਾਤਰੀਆਂ ਨੇ ਇਨ੍ਹਾਂ ਸਮੁੰਦਰੀ ਬੇੜਿਆਂ ਰਾਹੀਂ ਮੁਫ਼ਤ ਸਮੁੰਦਰ ਵਿਚ ਝੂਟੇ ਲਏ। ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਉੱਪਰ ਪੈਰਿਸ ਦੇ ਆਈਫਲ ਟਾਵਰ ਵਰਗਾ ਦਿਲਕਸ਼ ਗੇਟ ਬਣਾਇਆ ਗਿਆ ਸੀ। ਇਹ ਸਾਰੇ ਬਿਹਤਰੀਨ ਪ੍ਰਬੰਧ ਅਤੇ ਬਿਹਾਰੀਆਂ ਦੀ ਨਿਮਰਤਾ, ਪਿਆਰ ਅਤੇ ਸਤਿਕਾਰ ਵੇਖਕੇ ਪੰਜਾਬੀਆਂ ਵਿਚ ਬਿਹਾਰੀਆਂ ਪ੍ਰਤੀ ਸੋਚ ਹੀ ਬਦਲ ਗਈ। ਭਾਈਚਾਰਕ ਸਾਂਝ ਦੀ ਮਿਸਾਲ ਪੈਦਾ ਕਰ ਦਿੱਤੀ। ਇਹ ਪੁਰਬ ਪੰਜਾਬੀਆਂ ਦੇ ਮਨਾਂ ’ਤੇ ਅਮਿੱਟ ਯਾਦਾਂ ਛੱਡ ਗਿਆ।

ਇਹ ਪੁਰਬ ਮਨਾਉਣ ਲਈ 100 ਕਰੋੜ ਰੁਪਇਆ ਬਿਹਾਰ ਸਰਕਾਰ ਅਤੇ 100 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਦਿੱਤਾ ਸੀ, ਜਦੋਂ ਕਿ ਲੋਕਾਂ ਨੇ ਲਗਪਗ 600 ਕਰੋੜ ਰੁਪਏ ਖ਼ਰਚ ਕੀਤੇ ਹਨ। ਚੰਡੀਗੜ੍ਹ ਦੀ ਟਾਰਕ ਫਾਰਮਾਸੂਟੀਕਲਜ਼ ਨੇ ਸਾਰੀਆਂ ਸੰਗਤਾਂ ਨੂੰ ਮਿਨਰਲ ਵਾਟਰ ਸਪਲਾਈ ਕੀਤਾ ਸੀ। ਹੋਰ ਬਹੁਤ ਸਾਰੇ ਦਾਨੀ ਸਿੰਘਾਂ ਨੇ ਆਪਣਾ ਯੋਗਦਾਨ ਪਾਇਆ।

ਬਿਹਾਰ ਨੂੰ ਤਿੰਨ ਗੁਰੂਆਂ, ਸ਼੍ਰੀ ਗੁਰੂ ਨਾਨਕ ਦੇਵ, ਸ਼੍ਰੀ ਗੁਰੂ ਤੇਗ ਬਹਾਦਰ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਛੋਹ ਪ੍ਰਾਪਤ ਹੈ। ਦੇਸ਼ ਵਿਦੇਸ਼ ਤੋਂ 10 ਲੱਖ ਤੋਂ ਉੱਪਰ ਸੰਗਤਾਂ ਨੇ ਹਾਜ਼ਰੀ ਲਗਵਾਈ। ਭਾਵੇਂ ਇਸ ਪੁਰਬ ਵਿਚ ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਸਿਆਸੀ ਪਾਰਟੀ ਦਾ ਮੁੱਖ ਮੰਤਰੀ ਅਤੇ ਪਾਰਟੀ ਦਾ ਪ੍ਰਧਾਨ ਪਹੁੰਚਿਆ ਸੀ ਪ੍ਰੰਤੂ ਕਿਸੇ ਨੇ ਵੀ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਨਹੀਂ ਕੀਤੀ। ਪ੍ਰਧਾਨ ਮੰਤਰੀ ਨੇ 10 ਰੁਪਏ ਦੀ ਡਾਕ ਟਿਕਟ ਵੀ ਜਾਰੀ ਕੀਤੀ।

ਹਰ ਵਿਅਕਤੀ ਨੇ ਕੇਸਰੀ ਪਗੜੀ ਅਤੇ ਇਸਤਰੀਆਂ ਨੇ ਕੇਸਰੀ ਚੁੰਨੀਆਂ ਲਈਆਂ ਹੋਈਆਂ ਸਨ। ਸੰਸਾਰ ਦੇ ਸਾਰੇ ਧਰਮਾਂ ਦੇ ਮੁਖੀ ਪਹੁੰਚੇ ਹੋਏ ਸਨ। ਸਾਰਾ ਬਿਹਾਰ ਖਾਲਸਾਈ ਰੰਗ ਵਿਚ ਰੰਗਿਆ ਹੋਇਆ ਸੀ। ਮਾਨਵਤਾ ਦਾ ਸਮੁੰਦਰ ਚਾਰੇ ਪਾਸੇ ਠਾਠਾਂ ਮਾਰ ਰਿਹਾ ਸੀ। ਸਦਭਾਵਨਾ, ਸ਼ਹਿਣਸ਼ੀਲਤਾ, ਏਕਤਾ ਅਤੇ ਅਖੰਡਤਾ ਦੀ ਜਿਉਂਦੀ ਜਾਗਦੀ ਤਸਵੀਰ ਪੇਸ਼ ਹੋ ਰਹੀ ਸੀ। 4 ਕਰੋੜ ਰੁਪਏ ਦੀ ਲਾਗਤ ਨਾਲ ਸਾਰੇ ਗੁਰੂ ਘਰ ਰੰਗਦਾਰ ਲੜੀਆਂ ਨਾਲ ਸਜਾਏ ਗਏ ਸਨ। ਸਾਰੀ ਬਿਹਾਰ ਸਰਕਾਰ ਸਿੱਖਾਂ ਦੀ ਸੇਵਾ ਵਿਚ ਹਾਜ਼ਰ ਸੀ। ਪਟਨਾ ਇੱਕ ਕਿਸਮ ਨਾਲ ਧਾਰਮਿਕ ਸ਼ਹਿਣਸ਼ੀਲਤਾ ਦਾ ਕੇਂਦਰ ਬਣਿਆ ਹੋਇਆ ਸੀ। ਬਿਹਾਰ ਸਰਕਾਰ ਨੇ ਇੱਕ ਪੁਸਤਕ “ਸਰਬੰਸਦਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ” ਪ੍ਰਕਾਸ਼ਤ ਕਰਕੇ ਲੋਕ ਅਰਪਣ ਕੀਤੀ ਗਈ। ਥਾਂ ਥਾਂ ’ਤੇ ਹੈਲਪ ਡੈਸਕ ਅਤੇ ਐਂਬੂਲੈਂਸਾਂ ਖੜ੍ਹੀਆਂ ਸਨ ਤਾਂ ਜੋ ਸੰਗਤਾਂ ਦੀ ਸਿਹਤ ਅਤੇ ਹੋਰ ਸਹੂਲਤਾਂ ਦਾ ਖਿਆਲ ਰੱਖਿਆ ਜਾ ਸਕੇ। 1 ਜਨਵਰੀ ਤੋਂ 5 ਜਨਵਰੀ ਤੱਕ ਲਗਾਤਾਰ ਰਾਗੀ, ਢਾਡੀ, ਕੀਰਤਨੀਏ, ਕਵੀਸ਼ਰ ਅਤੇ ਕਵੀ ਦਰਬਾਰਾਂ ਦਾ ਪ੍ਰੋਗਰਾਮ ਬੇਰੋਕ ਜਾਰੀ ਰਿਹਾ।

ਸ਼੍ਰੀ ਨਿਤਿਸ਼ ਕੁਮਾਰ ਨੇ ਸਾਰੇ ਦੇਸ਼ ਵਿਚ ਸਿੱਖਾਂ ਦਾ ਵਕਾਰ ਵਧਾਇਆ ਹੈ ਅਤੇ ਦੇਸ਼ ਦੇ ਬਾਕੀ ਸੂਬਿਆਂ ਲਈ ਵੀ ਰਾਹ ਖੋਲ੍ਹ ਦਿੱਤਾ ਹੈ ਤਾਂ ਜੋ ਉਹ ਵੀ ਜਿਹੜੇ ਗੁਰੂ ਸਾਹਿਬਾਨ ਉਨ੍ਹਾਂ ਦੇ ਰਾਜਾਂ ਵਿਚ ਗਏ ਸਨ, ਉਨ੍ਹਾਂ ਵਿਚ ਵੀ ਅਜਿਹੇ ਸਮਾਗਮ ਕਰਕੇ ਧਾਰਮਿਕ ਸੋਚ ਵਿਚ ਤਬਦੀਲੀ ਲਿਆਂਦੀ ਜਾਵੇ ਤਾਂ ਜੋ ਦੇਸ਼ ਵਾਸੀਆਂ ਵਿਚ ਸਦਭਾਵਨਾ ਦਾ ਮਾਹੌਲ ਬਰਕਰਾਰ ਰਹੇ। ਸ਼੍ਰੀ ਨਿਤਿਸ਼ ਕੁਮਾਰ ਤੋਂ ਸਿੱਖਿਆ ਲੈਂਦਿਆਂ ਇਸੇ ਪੈਟਰਨ ਉੱਪਰ ਝਾਰਖੰਡ ਸਰਕਾਰ ਨੇ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਝਾਰਖੰਡ ਦੇ ਕਲਾ ਅਤੇ ਸੈਰ ਸਪਾਟਾ ਮੰਤਰੀ ਸ਼੍ਰੀ ਅਮਰ ਕੁਮਾਰ ਬਾਉਰੀ ਦੀ ਅਗਵਾਈ ਵਿਚ ਉੱਥੋਂ ਦੀ ਕੇਂਦਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਟੀਲ ਨਗਰ ਵੱਜੋਂ ਜਾਣੇ ਜਾਂਦੇ ਜਮਸ਼ੈਦਪੁਰ ਵਿਚ ਤਿੰਨ ਰੋਜ਼ਾ ਸਮਾਗਮ ਆਯੋਜਤ ਕਰਕੇ ਸ਼ਰਧਾ ਨਾਲ ਮਨਾਇਆ। ਝਾਰਖੰਡ ਦੇ ਮੁੱਖ ਮੰਤਰੀ ਸ਼੍ਰੀ ਰਘੁਵਰ ਦਾਸ ਵੀ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਪੁਣੇ ਵਿਖੇ ਸਰਹੱਦ ਫਾਊਂਡੇਸ਼ਨ ਨੇ ਪੰਜਾਬੀ ਭਾਸ਼ਾ ਨਾਲ ਸੰਬੰਧਤ ਪ੍ਰੋਗਰਾਮ ਕੀਤਾ ਸੀ ਜਿਸ ਦੇ ਸਾਰੇ ਪ੍ਰਬੰਧਾਂ ਦੇ ਚੇਅਰਮੈਨ ਪੰਜਾਬੀ ਦੇ ਪ੍ਰਮੁੱਖ ਸ਼ਾਇਰ ਸੁਰਜੀਤ ਪਾਤਰ ਨੂੰ ਬਣਾਇਆ ਗਿਆ ਸੀ। ਨਿਤਿਸ਼ ਕੁਮਾਰ ਨੇ ਸਾਬਤ ਕਰ ਦਿੱਤਾ ਹੈ ਕਿ ਗੁਰੂਆਂ ਤੋਂ ਆਸ਼ੀਰਵਾਦ ਲੈ ਕੇ ਹਰ ਖੇਤਰ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।

*****

(602)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab
Email: (ujagarsingh48@yahoo.com)
Mobile: 94178 - 13072

More articles from this author