GurmitShugli7ਜਿਹੜੇ ਇਨਸਾਨ ਕੋਲ ਵੱਡਾ ਅਹੁਦਾ ਹੋਵੇਪਰ ਗੱਲ ਉਹ ਵੱਡੀ ਨਾ ਕਰੇ ਤਾਂ ਲੋਕ ਉਸ ਨੂੰ ...”
(15 ਫਰਵਰੀ 2017)

 

ਆਲੋਚਨਾ ਕਰਨੀ ਮਾੜੀ ਗੱਲ ਨਹੀਂ, ਪਰ ਆਲੋਚਨਾ ਦੇ ਪੱਧਰ ਦਾ ਖ਼ਿਆਲ ਰੱਖਣਾ ਵੀ ਜ਼ਰੂਰੀ ਹੈ। ਜੇ ਤੁਸੀਂ ਅਲੋਚਨਾ ਦੇ ਨਾਂਅ ’ਤੇ ਨਿੱਜੀ ਕਿੜਾਂ ਕੱਢੋ, ਮੂਲ ਗੱਲ ਨਾਲੋਂ ਧਿਆਨ ਹਟਾ ਕੇ ਉਰਲੀਆਂ-ਪਰਲੀਆਂ ਵਿਚ ਵਕਤ ਜਾਇਆ ਕਰੋ ਤਾਂ ਲੋਕਾਂ ਦੀ ਨਜ਼ਰ ਵਿਚ ਤੁਸੀਂ ਚੰਗੇ ਬੁਲਾਰੇ, ਚੰਗੇ ਨੇਤਾ, ਚੰਗੇ ਇਨਸਾਨ ਨਹੀਂ ਬਣ ਸਕਦੇ। ਜਿਹੜੇ ਇਨਸਾਨ ਕੋਲ ਵੱਡਾ ਅਹੁਦਾ ਹੋਵੇ, ਪਰ ਗੱਲ ਉਹ ਵੱਡੀ ਨਾ ਕਰੇ ਤਾਂ ਲੋਕ ਉਸ ਨੂੰ ਆਪਣੇ ਤੋਂ ਵੀ ਛੋਟਾ ਸਮਝਣ ਲੱਗਦੇ ਹਨ।

ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹੀ ਦੇਖ ਲਵੋ। ਪਹਿਲਾਂ ਉਨ੍ਹਾਂ ਨੂੰ ਸੰਸਦ ਵਿਚ ਬੋਲਣ ਲਈ ਮਜਬੂਰ ਕਰਨਾ ਪੈਂਦਾ ਹੈ ਤੇ ਜਦੋਂ ਉਹ ਭੰਡਾਂ ਵਾਂਗ ਬੋਲਦੇ ਹਨ ਤਾਂ ਲੋਕ ਉਨ੍ਹਾਂ ’ਤੇ ਗੁੱਸੇ ਹੁੰਦੇ ਹਨ, ਜਿਹੜੇ ਉਨ੍ਹਾਂ ਨੂੰ ਬੋਲਣ ਵਾਸਤੇ ਮਜਬੂਰ ਕਰਦੇ ਹਨ। ਇਸ ਵੇਲੇ ਭਾਰਤ ਦਾ ਬੱਜਟ ਸੈਸ਼ਨ ਚੱਲ ਰਿਹਾ ਹੈ। ਆਸ ਮੁਤਾਬਕ ਬੱਜਟ ਵਿਚ ਕੱਖ ਨਹੀਂ ਸੀ ਤੇ ਰਹਿੰਦੀ ਕਸਰ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਨੇ ਕੱਢ ਦਿੱਤੀ। ਉਹ ਭੁੱਲ ਜਾਂਦੇ ਹਨ ਕਿ ਉਹ ਕਲਾਕਾਰ ਨਹੀਂ, ਦੇਸ਼ ਦੇ ਬਹੁਤ ਉੱਚੇ ਅਹੁਦੇ ’ਤੇ ਬੈਠੇ ਹਨ। ਉਹ ਇਕੱਲੀ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ, ਪੂਰੇ ਦੇਸ਼ ਦੇ ਹਨ। ਉਨ੍ਹਾਂ ਦਾ ਕੰਮ ਸਦਨ ਵਿਚ ਬੈਠੇ ਲੋਕਾਂ ਨੂੰ ਹਸਾਉਣਾ ਨਹੀਂ, ਸੋਚਣ ਲਾਉਣਾ ਹੈ। ਉਹ ਬੋਲਣ ਲਈ ਖੜ੍ਹੇ ਹੁੰਦੇ ਹਨ ਤਾਂ ਪਹਿਲਾਂ ਹੀ ਅੰਦਾਜ਼ਾ ਲੱਗ ਜਾਂਦਾ ਕਿ ‘ਭਾਈਓ ਔਰ ਬਹਿਨੋ’ ਕਹਿ ਕੇ ਦੋਵੇਂ ਬਾਹਾਂ ਖਿਲਾਰਨਗੇ, ਚੱਬ-ਚੱਬ ਗੱਲਾਂ ਕਰਨਗੇ, ਤਾੜੀ ਮਾਰਨਗੇ ਤੇ ਮੁਸਕਰਾਉਣਗੇ। ਹਾਜ਼ਰੀਨ ਨੂੰ ਪੁੱਛਣਗੇ, ‘ਪਹਿਲੀ ਸਰਕਾਰ ਨੇ ਐਸੇ ਕੀਆ ਥਾ ਕਿਆ’ ਅੱਗੋਂ ਕੋਈ ਜਵਾਬ ਨਹੀਂ ਆਵੇਗਾ ਤਾਂ ਆਪੇ ਕਹਿਣਗੇ, ‘ਨਹੀਂ ਕੀਆ ਥਾ, ਸਿਰਫ਼ ਹਮ ਕਰ ਰਹੇ ਹੈਂ।’ ਉਨ੍ਹਾਂ ਦਾ ਝੋਲੀ-ਚੁੱਕ ਮੀਡੀਆ ਸਿਫ਼ਤਾਂ ਦੇ ਪੁਲ ਬੰਨ੍ਹ ਦੇਵੇਗਾ ਤੇ ਜਿਹੜਾ ਕੁਝ ਮੋਦੀ ਸਾਹਿਬ ਨੇ ਸੋਚਣਾ ਹੁੰਦਾ, ਉਹ ਦੇਸ਼ ਵਾਸੀ ਖੁਦ ਸੋਚਣਗੇ।

ਚਾਲੂ ਬੱਜਟ ਸੈਸ਼ਨ ਵਿਚ ਤਾਂ ਪ੍ਰਧਾਨ ਮੰਤਰੀ ਸਾਹਿਬ ਨੀਵਾਣ ਦੀਆਂ ਸਿਖਰਾਂ ਛੋਹ ਗਏ। ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ, ਜਿਹੜੇ ਗੁਸਲਖਾਨਿਆਂ ਵਿਚ ਨਹਾਉਂਦੇ ਲੋਕਾਂ ਨੂੰ ਤੱਕਦੇ ਹਨ। ਉਨ੍ਹਾਂ ਵਾਂਗ ਪਹਿਲਾਂ ਕਿਸੇ ਨੇ ਕਿਸੇ ’ਤੇ ਵਿਅਕਤੀਗਤ ਟਿੱਪਣੀਆਂ ਨਹੀਂ ਸੀ ਕੀਤੀਆਂ। ਉਹ ਹਾਲੇ ਤੱਕ ਮੰਨਣ ਨੂੰ ਤਿਆਰ ਨਹੀਂ ਕਿ ਨੋਟਬੰਦੀ ਵਾਲਾ ਫਾਰਮੂਲਾ ਮਹਾਂ-ਫਲਾਪ ਹੋ ਨਿੱਬੜਿਆ ਹੈ। ਮੁੱਦਿਆਂ ’ਤੇ ਸੰਵਾਦ ਦੀ ਥਾਂ ਉਹ ਤਾਅਨੇ-ਮਿਹਣੇ ਦੇਣ ਵਿਚ ਏਨੀ ਖੁਸ਼ੀ ਮਹਿਸੂਸਦੇ ਹਨ ਕਿ ਰੁਤਬੇ ਨੂੰ ਭੁੱਲ ਜਾਂਦੇ ਹਨ।

ਜਦੋਂ ਭਾਜਪਾ ਵਿਰੋਧੀ ਧਿਰ ਸੀ ਤੇ ਕਾਂਗਰਸ ਸੱਤਾ ਵਿਚ ਤਾਂ ਕੀ ਕਦੇ ਪਾਰਲੀਮੈਂਟ ਵਿਚ ਡਾ. ਮਨਮੋਹਨ ਸਿੰਘ ਨੂੰ ਕਿਸੇ ਨੇ ਹੋਛੀਆਂ ਗੱਲਾਂ ਕਰਦੇ ਸੁਣਿਆ ਸੀ। ਉਨ੍ਹਾਂ ਦੇ ਘੱਟ ਬੋਲਣ ’ਤੇ ਭਾਵੇਂ ਟਿੱਪਣੀਆਂ ਹੁੰਦੀਆਂ ਸਨ, ਪਰ ਜਦੋਂ ਬੋਲਦੇ ਸਨ ਤਾਂ ਇਕੱਲੀ-ਇਕੱਲੀ ਗੱਲ ਦਾ ਕੋਈ ਅਰਥ ਹੁੰਦਾ ਸੀ।

ਮੋਦੀ ਹੁਰੀਂ ਪਿਛਲੇ ਢਾਈ ਵਰ੍ਹਿਆਂ ਤੋਂ ਵਿਰੋਧੀਆਂ ਤੇ ਦੇਸ਼ ਵਾਸੀਆਂ ਨੂੰ ਮਰਿਆਦਾ ਦਾ ਪਾਠ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਮਹੀਨੇ ਮਗਰੋਂ ‘ਮਨ ਕੀ ਬਾਤ’ ਵਿਚ ਆਪਣਾ ਅੰਦਰਾ ਹੌਲਾ ਕਰ ਜਾਂਦੇ ਹਨ, ਪਰ ਉਨ੍ਹਾਂ ਦੇ ਕਹੇ ਦਾ ਮੁੱਲ ਜ਼ੀਰੋ ਤੋਂ ਵਧ ਕੇ ਕੁਝ ਨਹੀਂ ਰਿਹਾ। ਡਾ. ਮਨਮੋਹਨ ਸਿੰਘ ਬਾਰੇ ਜਿਵੇਂ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਅਨੇਕਾਂ ਘੁਟਾਲੇ ਕੀਤੇ, ਪਰ ਮਨਮੋਹਨ ਸਿੰਘ ਫਿਰ ਵੀ ਪਾਕ ਸਾਫ਼ ਰਹੇ, ਜਿਵੇਂ ਉਹ ਨਹਾਉਂਦੇ ਵੀ ਰੇਨ ਕੋਟ ਪਾ ਕੇ ਹੋਣ।

ਇਸ ਗੱਲ ਦੀ ਕੀ ਤੁਕ ਹੈ? ਦੇਸ਼ ਦੇ ਹਿੱਤ ਵਿਚ ਇਸ ਗੱਲ ਦਾ ਕੀ ਅਰਥ ਹੈ।

ਰਾਹੁਲ ਗਾਂਧੀ ਦੀ ਧਮਕੀ ਮਗਰੋਂ ਮੈਨੂੰ ਪਤਾ ਲੱਗਾ ਕਿ ਭੁਚਾਲ ਕਿਵੇਂ ਆਇਆ। ਵਿਚਾਰੀ ਧਰਤੀ ਮਾਂ ਹਿੱਲ ਗਈ।’ ਇਹ ਵੀ ਮੋਦੀ ਸਾਹਿਬ ਨੇ ਆਖਿਆ। ਭਗਵੰਤ ਮਾਨ ’ਤੇ ਭੱਦੀ ਵਿਅਕਤੀਗਤ ਟਿੱਪਣੀ ਕੀਤੀ, ਚਾਰਵਾਕ ਦਾ ਸਿਧਾਂਤ ਕਹਿੰਦਾ ਹੈ ਕਿ ਕਰਜ਼ਾ ਚੁੱਕ ਕੇ ਘਿਓ ਪੀਓ, ਪਰ ਜੇ ਉਦੋਂ ਭਗਵੰਤ ਹੁੰਦਾ ਤਾਂ ‘ਕੁਝ ਹੋਰ’ ਪੀਣ ਨੂੰ ਆਖਦਾ।”

ਇਨ੍ਹਾਂ ਗੱਲਾਂ ’ਤੇ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਮੁਸਕਰਾਏ, ਪਰ ਦੇਸ਼ ਲਈ ਕੀ ਨਿਕਲਿਆ। ਕੱਲ੍ਹ ਨੂੰ ਭਾਜਪਾ ਦੇ ਕੰਮਾਂ ਦੀ ਕੋਈ ਹੋਰ ਅਲੋਚਨਾ ਕਰੇਗਾ, ਤਾਂ ਉਹ ਨਿੱਜੀ ਟਿੱਪਣੀਆਂ ਕਰਨਗੇ ਤਾਂ ਦੇਸ਼ ਲਈ ਫ਼ਾਇਦੇਮੰਦ ਕੀ ਹੋਵੇਗਾ?

ਭਗਵੰਤ ਨੇ ਪੰਜਾਬ ਚੋਣਾਂ ਵਿਚ ਜਿਹੜੀ ਸਰਗਰਮੀ ਦਿਖਾਈ, ਉਹ ਅੱਜ ਤੱਕ ਸ਼ਾਇਦ ਹੀ ਕੋਈ ਦਿਖਾ ਸਕਿਆ ਹੋਵੇ। 4 ਫਰਵਰੀ ਦੀਆਂ ਵੋਟਾਂ ਮਗਰੋਂ ਉਹ ਤੁਰੰਤ ਸੈਸ਼ਨ ਵਿਚ ਹਿੱਸਾ ਲੈਣ ਲਈ ਦਿੱਲੀ ਚਲਾ ਗਿਆ ਤੇ ਉੱਥੇ ਜਾ ਕੇ ਮੋਦੀ ਦੇ ਵਿਅਕਤੀਤਵ ਦੀਆਂ ਨਹੀਂ, ਸਗੋਂ ਮੁੱਦਿਆਂ ਦੀਆਂ ਗੱਲਾਂ ਤਰਕ ਨਾਲ ਕੀਤੀਆਂ। ਕਦੇ ਡਿਜੀਟਲ ਇੰਡੀਆ, ਕਦੇ ਸਵੱਛ ਭਾਰਤ ਮੁਹਿੰਮ, ਕਦੇ ਮੇਕ ਇਨ ਇੰਡੀਆ, ਕਦੇ ਕੁਝ, ਕਦੇ ਕੁਝ, ਇਹ ਸਭ ਉਸ ਨੇ ਬੁਲੰਦ ਅਵਾਜ਼ ਵਿਚ ਕਿਹਾ। ਪਰ ਮੋਦੀ ਨੇ ਕਿਹੜੀ ਗੱਲ ਦਾ ਉੱਤਰ ਤਰਕ ਨਾਲ ਦਿੱਤਾ। ਕਦੇ ਉਨ੍ਹਾਂ ਇਹ ਗੱਲ ਨਹੀਂ ਕੀਤੀ ਕਿ ਨੋਟਬੰਦੀ ਨਾਲ ਖੁਦਕੁਸ਼ੀਆਂ ਕਰਨ ਵਾਲਿਆਂ ਬਾਰੇ ਸਰਕਾਰ ਕੀ ਸੋਚਦੀ ਹੈ। ਵਿਦੇਸ਼ ਨੀਤੀ ਨਾਲ ਦੇਸ਼ ਨੂੰ ਕੀ ਲਾਭ ਹੋਇਆ? ਭਾਰਤ ਦੀ ਗੜਬੜਾਈ ਆਰਥਿਕਤਾ ਬਾਰੇ ਕੀ ਸੋਚਣੀ ਹੈ? ਬੱਸ ਇੱਕੋ ਕੰਮ ਉਹ ਕਰਦੇ ਨੇ ਕਿ ਬਾਹਾਂ ਖਿਲਾਰੋ ਤੇ ਭਾਜਪਾ-ਭਾਜਪਾ ਅਲਾਪਦੇ ਰਹੋ।

ਅਸੀਂ ਕੋਈ ਭਗਵੰਤ ਦੇ ਬੁਲਾਰੇ ਨਹੀਂ, ਪਰ ਜੇ ਉਹਦੀ ਦਾਰੂ ਪੀਣ ਵਾਲੀ ਗੱਲ ਇੰਨਾ ਵੱਡਾ ਮੁੱਦਾ ਜਾਪਦੀ ਹੈ ਤਾਂ ਪੂਰਾ ਦੇਸ਼ ਚਾਹੁੰਦਾ ਹੈ ਕਿ ਭਾਜਪਾ ਦੇ ਆਗੂ ਤੇ ਖੁਦ ਮੋਦੀ ਸਾਹਿਬ ਵੀ ਛਿੱਟ-ਛਿੱਟ ਲਾ ਲਿਆ ਕਰਨ, ਤਾਂ ਜੁ ਦੇਸ਼ ਦੇ ਭਲੇ ਲਈ ਸੰਵਾਦ ਰਚਾਇਆ ਜਾ ਸਕੇ।

ਮੋਦੀ ਸਾਹਿਬ ਨੂੰ ਆਪਣੇ ਰੁਤਬੇ ਦੀ ਕਦਰ ਕਰਨੀ ਚਾਹੀਦੀ ਹੈ। ਤਰਕ ਤੋਂ ਸੱਖਣੀਆਂ ਗੱਲਾਂ ਕਰਕੇ ਜੱਗ ਹਸਾਈ ਨਹੀਂ ਕਰਾਉਣੀ ਚਾਹੀਦੀ। ਉਨ੍ਹਾਂ ਦਾ ਇਕੱਲਿਆਂ ਦਾ ਮੌਜੂ ਨਹੀਂ ਉੱਡਦਾ, ਪ੍ਰਧਾਨ ਮੰਤਰੀ ਅਹੁਦੇ ਦਾ ਮੌਜੂ ਉੱਡ ਰਿਹਾ ਹੈ। ਬਿਜਨੌਰ ਦੀ ਰੈਲੀ ਵਿਚ ਉਨ੍ਹਾਂ ਕਿਹਾ, ਅਖਿਲੇਸ਼ ਨੇ ਉਹਦੇ ਨਾਲ ਹੱਥ ਮਿਲਾਇਆ, ਜੀਹਦਾ ਮਜ਼ਾਕ ਸਾਰਾ ਦੇਸ਼ ਉਡਾਉਂਦਾ ਹੈ।’ ਮੋਦੀ ਸਾਹਿਬ ਭੁੱਲ ਗਏ ਕਿ ਮਹਾਰਾਸ਼ਟਰ ਵਿਚ ਉਨ੍ਹਾਂ ਦੀ ਪਾਰਟੀ ਨੇ ਵੀ ਤਾਂ ਉਨ੍ਹਾਂ ਨਾਲ ਹੀ ਸਾਂਝ ਪਾਈ ਹੈ, ਜਿਨ੍ਹਾਂ ਦੀ ਗੁੰਡਾਗਰਦੀ ਤੇ ਧੱਕੜਸ਼ਾਹੀ ਬਾਰੇ ਪੂਰਾ ਦੇਸ਼ ਜਾਣਦਾ ਹੈ।

ਸੋ ਮੋਦੀ ਸਾਹਿਬ ਗੱਲਾਂ ਦਾ ਕੜਾਹ ਬਣਾਉਣਾ ਛੱਡ ਕੇ ਜੇ ਮੁੱਦਿਆਂ ’ਤੇ ਵਿਚਾਰਾਂ ਕਰਨ ਤਾਂ ਦੇਸ਼ ਹਿੱਤ ਲਈ ਕੁਝ ਚੰਗਾ ਹੋ ਸਕਦਾ ਹੈ। ਕਦੇ-ਕਦੇ ਤਾਂ ਇਹ ਜਾਪਦਾ ਹੈ ਕਿ ਭਗਵੰਤ ਮਾਨ ਭੰਡਪੁਣਾ ਕਰਨ ਮਗਰੋਂ ਫ਼ਿਕਰਮੰਦ ਨੇਤਾ ਵਜੋਂ ਚਮਕ ਗਿਆ ਹੈ ਤੇ ਮੋਦੀ ਸਾਹਿਬ ਨੇਤਾ ਹੁੰਦਿਆਂ ਭੰਡਪੁਣੇ ਦੇ ਰਾਹ ਪੈ ਗਏ ਹਨ।

*****

(600)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸ਼ੁਗਲੀ

ਐਡਵੋਕੇਟ ਗੁਰਮੀਤ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author