ShamSingh7ਕੀ ਇਹ ਸਮਝ ਲਿਆ ਜਾਵੇ ਕਿ ਬੁੱਧੀਜੀਵੀ ਸੁੱਤਾ ਪਿਆ ਹੈ ...”
(11 ਫਰਵਰੀ 2017)

 

ਪੰਛੀ ਆਜ਼ਾਦ ਹਨ, ਕਿਤੇ ਜਾਣ ਕਿਤੇ ਆਉਣ, ਕੋਈ ਰੋਕ-ਟੋਕ ਨਹੀਂ। ਬੱਸ ਖੰਭ ਹਿਲਾਏ, ਉਡਾਰੀ ਭਰੀ ਅਤੇ ਕਿਤੇ ਦੇ ਕਿਤੇ ਜਾ ਪਹੁੰਚੇ। ਕੋਈ ਹੱਦਾਂ-ਸਰਹੱਦਾਂ ਨਹੀਂ, ਕੋਈ ਰੁਕਾਵਟਾਂ ਨਹੀਂ। ਖਿਆਲ ਅਤੇ ਕਲਪਨਾ ਵਿੱਚ ਬੰਦਾ ਵੀ ਕਿਤੇ ਦਾ ਕਿਤੇ ਜਾ ਪਹੁੰਚਦਾ ਹੈਸੁਫ਼ਨਿਆਂ ਦੀ ਦੁਨੀਆ ਵੀ ਆਜ਼ਾਦ ਹੈ, ਕੋਈ ਹੱਦਾਂ ਹੱਦਾਂ-ਸਰਹੱਦਾਂ ਨਹੀਂ। ਸੁਫ਼ਨੇ ਤਾਂ ਉਹਨਾਂ ਖਿੱਤਿਆਂ, ਦ੍ਰਿਸ਼ਾਂ ਵੱਲ ਵੀ ਲੈ ਜਾਂਦੇ ਹਨ, ਜਿਹੜੇ ਕਦੇ ਚਿਤਰੇ ਵੀ ਨਹੀਂ ਹੁੰਦੇ। ਜੇ ਪੰਛੀ ਨੂੰ ਪਿੰਜਰੇ ਵਿਚ ਬੰਦ ਕਰ ਦਿੱਤਾ ਜਾਵੇ ਤਾਂ ਉਸ ਦੀ ਉਦਾਸੀ ਦੇਖੀ ਨਹੀਂ ਜਾਂਦੀ। ਉਹ ਉੱਥੇ ਵੀ ਆਪਣੇ ਖੰਭ ਤੋਲਦਾ ਹੈ, ਪਰ ਪਿੰਜਰਾ ਉਸ ਦੀ ਇੱਕ ਨਹੀਂ ਚੱਲਣ ਦਿੰਦਾ। ਪਿੰਜਰਾ ਖ਼ਿਆਲ, ਕਲਪਨਾ ਅਤੇ ਸੁਫ਼ਨੇ ਨੂੰ ਵੀ ਖੋਰਦਾ ਹੈ, ਆਜ਼ਾਦ ਨਹੀਂ ਰਹਿਣ ਦਿੰਦਾ। ਜਨਮ ਧਾਰਨ ਬਾਅਦ ਆਦਮੀ ਨੂੰ ਸੁਤੰਤਰ ਨਹੀਂ ਰਹਿਣ ਦਿੱਤਾ ਜਾਂਦਾ। ਉਸ ਦੁਆਲੇ ਪਾਬੰਦੀਆਂ ਦਾ ਇੰਨਾ ਜਮਘਟਾ ਕਿ ਹਿਸਾਬ ਲਾਉਣਾ ਆਸਾਨ ਨਹੀਂ। ਇਹ ਪਾਬੰਦੀਆਂ ਆਜ਼ਾਦੀ ਖੋਂਹਦੀਆਂ ਹਨ, ਅੱਗੇ ਵੱਲ ਵਧਣ ਨਹੀਂ ਦਿੰਦੀਆਂ।

ਆਦਮੀ ਆਜ਼ਾਦ ਜਨਮਦਾ ਹੈ, ਪਰ ਥਾਂ-ਥਾਂ ਸੰਗਲੀਆਂ, ਜ਼ੰਜੀਰਾਂ ਅਤੇ ਬੰਦਸ਼ਾਂ ਦਾ ਇੰਨਾ ਸ਼ਿਕਾਰ ਕਿ ਸਹਿਜੇ ਕੀਤਿਆਂ ਕੋਈ ਹੱਲ ਨਹੀਂ ਨਿਕਲਦਾ। ਸਭ ਤੋਂ ਪਹਿਲਾਂ ਉਸ ਦੇ ਮੱਥੇ ’ਤੇ ਜਾਤ-ਪਾਤ ਦਾ ਟਿੱਕਾ ਵੀ ਲੱਗਦਾ ਹੈ ਅਤੇ ਠੱਪਾ ਵੀ। ਉੱਚੇ-ਨੀਵਿਆਂ ਵਿਚ ਵੰਡ ਕੇ ਹੰਕਾਰ ਅਤੇ ਹੀਣਤਾ ਅਜਿਹੇ ਭਰੇ ਜਾਂਦੇ ਹਨ, ਜੋ ਉਮਰ ਭਰ ਕਿਸੇ ਤਰ੍ਹਾਂ ਵੀ ਪਿੱਛਾ ਨਹੀਂ ਛੱਡਦੇ। ਜਾਤ-ਪਾਤ ਦੀ ਵੰਡ ਦਾ ਕੋਈ ਠੋਸ ਤਾਰਕਿਕ ਆਧਾਰ ਨਹੀਂ। ਜੇ ਮਨੂੰ ਨਾ ਜੰਮਦਾ ਤਾਂ ਜਾਤ-ਪਾਤ ਵੀ ਨਾ ਜੰਮਦੀ। ਮਨੂੰ ਦੀ ਵੰਡਵਾਦੀ ਨੀਤੀ ਉਹ ਸਿਆਸੀ ਮਾਰ ਹੈ, ਜਿਸ ਨੇ ਮਨੁੱਖਤਾ ਦੇ ਹੀ ਇੱਕ ਵਰਗ ਨੂੰ ਮਨੁੱਖ ਨਹੀਂ ਰਹਿਣ ਦਿੱਤਾ। ਦੂਜੀ ਧਿਰ ਦੇ ਸਿਰ ਨੂੰ ਹੰਕਾਰ ਏਨੀ ਬੁਰੀ ਤਰ੍ਹਾਂ ਚੜ੍ਹ ਗਿਆ, ਜਿਵੇਂ ਧਰਤੀ ’ਤੇ ਉਨ੍ਹਾਂ ਦਾ ਹੀ ਰਾਜ ਹੋਵੇ ਜਿਵੇਂ ਉਹ ਹੀ ਉੱਤਮ ਹੋਣ, ਜਿਵੇਂ ਉਹ ਹੀ ਦੇਵਤੇ ਹੋਣ ਅਤੇ ਰੱਬ ਦੇ ਸਕੇ ਪੁੱਤ। ਬੰਦੇ ਦੀ ਘੜੀ ਜਾਤ-ਪਾਤ ਨੂੰ ਪੱਕਾ ਕਰਨ ਲਈ ਇਸ ਨੂੰ ਰੱਬਤਾ, ਧਰਮ ਅਤੇ ਸਮਾਜਿਕ ਨਿਯਮਾਵਲੀ ਦੀ ਅਜਿਹੀ ਝਾਲ ਫੇਰੀ ਗਈ ਕਿ ਮਨੁੱਖਾਂ ਵਿਚ ਪੱਕੀ ਵੰਡ ਹੋ ਕੇ ਹੀ ਰਹੇ।

ਜਾਤ-ਪਾਤ ਅਤੇ ਧਰਮ ਨੇ ਸਿਆਸੀ ਖੇਡ ਨਾਲ ਮਨੁੱਖਤਾ ਨੂੰ ਅਜਿਹੇ ਪਿੰਜਰਿਆਂ ਵਿੱਚ ਬੰਦ ਕੀਤਾ, ਜਿੱਥੋਂ ਉਹ ਬਾਹਰ ਨਿਕਲਣ ਦਾ ਕੋਈ ਰਾਹ ਹੀ ਨਹੀਂ ਲੱਭ ਸਕਦੇ। ਅਜਿਹੀ ਖੇਡ ਖੇਡੀ ਜਾਂਦੀ ਹੈ ਕਿ ਲੀਕਾਂ ਹੋਰ ਗੂੜ੍ਹੀਆਂ ਹੋਈ ਜਾਣ, ਕਿਤੇ ਕਿਸੇ ਤਰ੍ਹਾਂ ਮਿਟ ਨਾ ਜਾਣ। ਜਿਨ੍ਹਾਂ ਲੋਕਾਂ ’ਤੇ ਇਹ ਪਿੰਜਰੇ ਖ਼ਤਮ ਕਰਨ ਦੀ ਜ਼ਿੰਮੇਵਾਰੀ ਹੈ, ਉਹ ਇਹਨਾਂ ਨੂੰ ਖ਼ਤਮ ਕਰਨ ਦੀ ਬਜਾਏ ਪੱਕੇ ਕਰਨ ਤੋਂ ਬਾਜ਼ ਨਹੀਂ ਆਉਂਦੇ। ਖਾਹਮਖਾਹ ਦੇ ਫ਼ਿਰਕੇ, ਬਰਾਦਰੀਆਂ, ਕਬੀਲੇ ਅਜਿਹੇ ਬਣ ਜਾਂਦੇ ਹਨ, ਜਿਨ੍ਹਾਂ ਨੂੰ ਖ਼ਤਮ ਕਰਨਾ ਮਾਮੂਲੀ ਗੱਲ ਨਹੀਂ। ਕਈ ਵਾਰ ਤਾਂ ਇਹਨਾਂ ਕਾਰਨ ਇੰਨੀ ਕੱਟੜਤਾ ਫੈਲ ਜਾਂਦੀ ਹੈ, ਜਿਹੜੀ ਬੁਰਾ ਕਰਨ ਨੂੰ ਦੇਰ ਨਹੀਂ ਲਾਉਂਦੀ ਅਤੇ ਚੰਗੇ ਪਾਸੇ ਵੱਲ ਤੁਰਨਾ ਜਾਣਦੀ ਹੀ ਨਹੀਂ। ਦੁਨੀਆ ਭਰ ਵਿਚ ਕੱਟੜਤਾ ਨੇ ਹਜ਼ਾਰਾਂ ਜਾਨਾਂ ਦਾ ਖੌਅ ਕੀਤਾ ਹੈ, ਜਿਸ ਕਾਰਨ ਲਹੂ-ਭਿੱਜੇ ਇਤਿਹਾਸ ਤੋਂ ਕੋਈ ਧਰਤੀ ਬਚ ਨਹੀਂ ਸਕੀ। ਸਿਆਸਤ ਦੇ ਅਜਿਹੇ ਕਾਰਿਆਂ ਤੋਂ ਸੱਚੇ-ਸੁੱਚੇ ਇਨਸਾਨ ਸ਼ਰਮਿੰਦੇ ਨਾ ਹੋਣ ਤਾਂ ਹੋਰ ਕੀ ਕਰਨ?

ਜਮਾਤ ਜਾਂ ਕਲਾਸ ਪੈਦਾ ਹੋਣੀ ਵੀ ਸਿਆਸਤ ਦੀ ਉਹ ਹਰਕਤ ਹੈ, ਜਿਸ ਪਿੱਛੇ ਵੀ ਮਨੁੱਖੀ ਵੰਡ ਦੀ ਵੱਡੀ ਸ਼ਰਾਰਤ ਛੁਪੀ ਹੋਈ ਹੈ, ਜਿਸ ਨੇ ਵੀ ਮਨੁੱਖਤਾ ਵਿੱਚ ਵੰਡਾਂ ਪਾਈਆਂ, ਇਨਸਾਨੀਅਤ ਖੋਰ ਦਿੱਤੀ ਅਤੇ ਸਮਾਜ ਉਸ ਰਾਹ ਉੱਤੇ ਪੈ ਗਿਆ, ਜਿਹੜਾ ਉੱਚਤਾ ਵੱਲ ਨਹੀਂ ਜਾਂਦਾ। ਜਮਾਤ ਵਿੱਚ ਅੱਗੇ ਦਰਜਾਬੰਦੀ ਹੁੰਦੀ ਗਈ ਅਤੇ ਉਸ ਵਿੱਚ ਅੱਗੇ ਹੋਰ ਜਮਾਤਾਂ ਪੈਦਾ ਹੁੰਦੀਆਂ ਗਈਆਂ। ਜਿਵੇਂ ਜਾਤ-ਪਾਤ ਕਾਰਨ ਚੰਗੀ-ਭਲੀ ਮਨੁੱਖਤਾ ਅੰਦਰ ਨਫ਼ਰਤ ਪੈਦਾ ਹੋ ਗਈ, ਈਰਖਾ ਅਤੇ ਹਉਮੈ ਦੀਆਂ ਦੀਵਾਰਾਂ ਬਣ ਗਈਆਂ, ਇੰਜ ਹੀ ਜਮਾਤਾਂ ਅੰਦਰ ਹੋ ਗਿਆ। ਮੰਤਰੀਆਂ, ਸੰਤਰੀਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਅਜਿਹੀਆਂ ਲਕੀਰਾਂ ਖਿੱਚੀਆਂ ਗਈਆਂ, ਜਿਨ੍ਹਾਂ ਨੇ ਰੁਤਬੇ, ਪਦਵੀਆਂ ਕਾਰਨ ਚੰਗੇ-ਭਲੇ ਮਨੁੱਖਾਂ ਨੂੰ ਆਪਣੇ ਨਾਲ ਦੇ, ਆਪਣੇ ਵਰਗੇ, ਹਮ-ਸਫ਼ਰ ਮਨੁੱਖਾਂ ਤੋਂ ਦੂਰ ਕਰ ਕੇ ਰੱਖ ਦਿੱਤਾ। ਸਿਆਸਤ, ਜਿਹੜੀ ਮਨੁੱਖਤਾ ਦੇ ਭਲੇ ਅਤੇ ਬਿਹਤਰੀ ਲਈ ਹੁੰਦੀ ਹੈ, ਉਸ ਨੇ ਇਸ ਤਰ੍ਹਾਂ ਦੇ ਘਿਨਾਉਣੇ, ਚਿੜਾਉਣੇ ਅਤੇ ਮੰਦਭਾਗੇ ਕਾਂਡ ਕਰ ਕੇ ਰੱਖ ਦਿੱਤੇ।

ਰਾਸ਼ਟਰਵਾਦ ਦਾ ਸਬਕ ਦੇਣ ਵਾਲੇ ਦੇਸ-ਧ੍ਰੋਹੀ ਦੇ ਪਿੰਜਰੇ ਲੈ ਆਏ। ਜਿਸ ਨੂੰ ਚਾਹੁਣ, ਉਸ ਪਿੰਜਰੇ ਵੱਲ ਧੱਕ ਦੇਣ। ਇਹ ਕੇਹਾ ਮਾਹੌਲ ਬਣਾ ਦਿੱਤਾ ਗਿਆ ਕਿ ਮਨਮਰਜ਼ੀਆਂ ’ਤੇ ਪਹਿਰੇ ਲਗਾ ਦਿੱਤੇ ਗਏ! ਖਾਣ-ਪੀਣ, ਪਹਿਨਣ ਤੱਕ ਬਾਰੇ ਆਦੇਸ਼ ਦਿੱਤੇ ਜਾਣ ਲੱਗ ਪਏ। ਸਹਿਣ ਸ਼ਕਤੀ ਦਾ ਇਮਤਿਹਾਨ ਲਿਆ ਜਾਣ ਲੱਗ ਪਿਆ। ਦੂਜਿਆਂ ’ਤੇ ਆਪਣੇ ਹੁਕਮ ਚਲਾਉਣ ਵਾਲੇ, ਆਪਣੀ ਮਰਜ਼ੀ ਲੱਦਣ ਵਾਲੇ, ਉਹ ਕੁਝ ਕਰ ਰਹੇ ਹਨ ਜੋ ਪਿੰਜਰਿਆਂ ਤੋਂ ਘੱਟ ਨਹੀਂ। ਕਿਸੇ ਨੂੰ ਕੀ ਅਧਿਕਾਰ ਹੈ ਕਿ ਉਹ ਦੂਜਿਆਂ ਦੀ ਆਜ਼ਾਦੀ ਖੋਹ ਕੇ ਆਪ ਖੁਸ਼ੀ ਹਾਸਲ ਕਰੇ? ਜਿਹੜਾ ਵੀ ਅਜਿਹਾ ਕਰਦਾ ਹੈ, ਉਹ ਕੁਦਰਤ ਦੇ ਅਸੂਲਾਂ ਨੂੰ ਛਿੱਕੇ ’ਤੇ ਟੰਗਣ ਤੋਂ ਗੁਰੇਜ਼ ਨਹੀਂ ਕਰਦਾ, ਪਰ ਜਿਸ ਦਾ ਉਸ ਨੂੰ ਅਧਿਕਾਰ ਹੀ ਨਹੀਂ ਹੁੰਦਾ।

ਵਿਸ਼ਵਮਈ ਸੋਚ ਦੇ ਯੁੱਗ ਵਿੱਚ ਰਹਿੰਦਿਆਂ ਦੁਨੀਆ ਭਰ ਦੇ ਮਨੁੱਖਾਂ ਨੂੰ ਇੱਕ-ਦੂਜੇ ਮੁਲਕ ਵਿੱਚ ਉਡਾਰੀ ਨਾ ਭਰਨ ਦੇਣਾ ਉਹਨਾਂ ਦਾ ਕੰਮ ਹੀ ਹੋ ਸਕਦਾ ਹੈ, ਜਿਹੜੇ ਸਭ ਮੁਲਕਾਂ ਦੇ ਲੋਕਾਂ ਨੂੰ ਆਪੋ-ਆਪਣੇ ਪਿੰਜਰਿਆਂ ਵਿੱਚ ਰੱਖਣ ਦੇ ਹਾਮੀ ਹੋਣ। ਆਪੋ-ਆਪਣੇ ਮੁਲਕਾਂ ਦੇ ਬਣਾਏ ਕਨੂੰਨਾਂ-ਨਿਯਮਾਂ (ਸੰਵਿਧਾਨ) ਦੀ ਉਲੰਘਣਾ ਕਰ ਕੇ ਦੂਜੇ ਮੁਲਕਾਂ ਦੇ ਲੋਕਾਂ ਦੇ ਦਾਖ਼ਲੇ ’ਤੇ ਪਾਬੰਦੀ ਲਾਉਣਾ ਕੀ ਪਿੰਜਰਿਆਂ ਨੂੰ ਜਰਬ ਦੇਣਾ ਨਹੀਂ? ਕੀ ਉਡਾਰੀਆਂ ਭਰਨ ਵਾਲੀ ਮਨੁੱਖਤਾ ਵਿਰੁੱਧ ਅਪਰਾਧ ਨਹੀਂ?

ਸਿਆਸੀ ਪਿੰਜਰੇ ਤਾਣਨ ਵਾਲਿਉ, ਜ਼ਰਾ ਹੋਸ਼ ਤੋਂ ਕੰਮ ਲਉ ਅਤੇ ਆਜ਼ਾਦ ਜੰਮੇ ਮਨੁੱਖ ਨੂੰ ਬੰਦਸ਼ਾਂ ਦੇ ਪਿੰਜਰੇ ਵਿੱਚ ਨਾ ਪਾਉ। ਅਜਿਹਾ ਕਰਨ ਤੋਂ ਨਹੀਂ ਹਟੋਗੇ ਤਾਂ ਕੋਈ ਵੇਲਾ ਆ ਸਕਦਾ ਹੈ ਕਿ ਸਭ ਆਪੋ-ਆਪਣੇ ਪਿੰਜਰਿਆਂ ਸਣੇ ਉੱਡਣ ਲੱਗ ਪੈਣ। ਸਿਆਸਤ ਨੂੰ ਉਹ ਕੰਮ ਕਰਨੇ ਚਾਹੀਦੇ ਹਨ, ਜਿਨ੍ਹਾਂ ਨਾਲ ਮਨੁੱਖ ਦੀਆਂ ਆਜ਼ਾਦੀਆਂ ਵਿੱਚ ਵਾਧਾ ਹੋਵੇ। ਅਜਿਹਾ ਹੋਣ ਨਾਲ ਉਹ ਰਚਨਾਤਮਿਕ ਉਡਾਰੀਆਂ ਭਰ ਕੇ ਅਜਿਹਾ ਕੁਝ ਨਵਾਂ ਅਤੇ ਮੌਲਿਕ ਕਰ ਸਕਦੇ ਹਨ, ਜਿਸ ਨਾਲ ਸਮਾਜ ਅੱਗੇ ਵਧ ਸਕਦਾ ਹੈ।

**

ਕਿਉਂ ਨਹੀਂ ਜਾਗਦੇ ਬੁੱਧੀਜੀਵੀ?

ਅਕਲ ਰੱਖਣ ਵਾਲੇ ਸਿਆਣਪ ਭਰੇ ਕਦਮ ਕਿਉਂ ਨਹੀਂ ਲੈਂਦੇ? ਅਜੇ ਤੱਕ ਸੁੱਤੇ ਕਿਉਂ ਪਏ ਨੇ ਤੇ ਜਾਗਦੇ ਕਿਉਂ ਨਹੀਂ? ਕਲਮਕਾਰ, ਕਲਾਕਾਰ, ਅਕਾਦਮਿਕ ਲੋਕ ਅਤੇ ਬੁੱਧੀਜੀਵੀ ਸਮਾਜ ਵਿੱਚ ਮੌਜੂਦ ਬੁਰਾਈਆਂ ਬਾਰੇ ਕਿਉਂ ਫ਼ਿਕਰਮੰਦ ਨਹੀਂ? ਉਹ ਆਪੋ-ਆਪਣੇ ਫ਼ਿਰਕਿਆਂ, ਜਾਤਾਂ, ਜਮਾਤਾਂ ਅਤੇ ਦਾਇਰਿਆਂ ਵਿੱਚ ਹੀ ਕਿਉਂ ਕੈਦ ਹੋ ਕੇ ਰਹਿ ਗਏ? ਇਹ ਲੋਕ ਸਮਾਜ ਤੋਂ ਅੱਗੇ ਹੁੰਦੇ ਹੋਣ ਕਰ ਕੇ ਸੂਝਬੂਝ ਵੀ ਦੇ ਸਕਦੇ ਹਨ, ਅਗਵਾਈ ਵੀ, ਪਰ ਜੇ ਇਹ ਤੰਗ-ਨਜ਼ਰੀਏ ਅਤੇ ਜਾਤੀ-ਜਮਾਤੀ ਪਿੰਜਰਿਆਂ ਵਿੱਚ ਹੀ ਬੰਦ ਰਹੇ ਤਾਂ ਵਕਤ ਇਹਨਾਂ ਨੂੰ ਇਹਨਾਂ ਦੇ ਵੱਡੇ ਰੁਤਬਿਆਂ ਨਾਲ ਯਾਦ ਨਹੀਂ ਕਰੇਗਾ, ਸਗੋਂ ਅਜਿਹਾ ਕਹੇਗਾ ਕਿ ਇਹ ਅੱਗ ਲਾਉਣ ਵਾਲੇ ਹਨ, ਬੁਝਾਉਣ ਵਾਲੇ ਨਹੀਂ।

ਸਵਾਲ ਇਹ ਹੈ ਕਿ ਜੇ ਬੁੱਧੀਜੀਵੀ ਫ਼ਿਕਰਮੰਦ ਨਹੀਂ, ਫਿਰ ਕੌਣ ਫ਼ਿਕਰ ਕਰੇਗਾ? ਪੰਜਾਬ ਵਿਚ ਹੁਣੇ-ਹੁਣੇ ਵੋਟਾਂ ਪਈਆਂ ਹਨ। ਸਿਆਸੀ ਨੇਤਾ ਚੁਣਨ ਬਾਰੇ ਬੁੱਧੀਜੀਵੀਆਂ ਦਾ ਕੋਈ ਫਤਵਾ ਨਹੀਂ, ਕੋਈ ਰਾਇ ਨਹੀਂ। ਕਿਸੇ ਗੁੱਟ ਨੇ ਕਿਸੇ ਸਿਆਸੀ ਗੁੱਟ ਦੀ ਹਮਾਇਤ ਵਿੱਚ ਕੋਈ ਆਵਾਜ਼ ਨਹੀਂ ਉਠਾਈ। ਕੀ ਇਹ ਸਮਝ ਲਿਆ ਜਾਵੇ ਕਿ ਬੁੱਧੀਜੀਵੀ ਸੁੱਤਾ ਪਿਆ ਹੈ, ਜਾਗਦਾ ਨਹੀਂ? ਕੀ ਉਹ ਸੋਚ ਦੇ ਪਹਾੜਾਂ ’ਤੇ ਚਲਾ ਗਿਆ? ਕੀ ਉਸ ਨੇ ਨਿਰਪੱਖਤਾ ਦਾ ਜੋਗ ਧਾਰ ਕੇ ਲੋਕਾਂ ਤੋਂ ਕਿਨਾਰਾ ਕਰ ਲਿਆ? ਜੇ ਉਸ ਨੇ ਅਜਿਹਾ ਕਰ ਲਿਆ ਤਾਂ ਇਹ ਬਦਕਿਸਮਤੀ ਵਾਲੀ ਗੱਲ ਵੀ ਹੈ ਅਤੇ ਫ਼ਿਕਰ ਵਾਲੀ ਵੀ। ਸਿਆਸਤਦਾਨਾਂ ਨੇ ਗੁਲਾਬ ਦੇ ਫੁੱਲ ਪੰਜਾਬ ਨੂੰ ਲਹੂ-ਲੁਹਾਣ ਕਰ ਦਿੱਤਾ, ਲੁੱਟ ਲਿਆ, ਆਪਣੇ ਲਈ, ਆਪੋ-ਆਪਣੇ ਪਰਵਾਰਾਂ ਲਈ। ਕੀ ਮੁੜ-ਮੁੜ ਉਹੀ ਆਈ ਜਾਣ ਦੇਣੇ ਹਨ, ਜਿਨ੍ਹਾਂ ਨੂੰ ਪੰਜਾਬ ਦਾ ਉੱਕਾ ਹੀ ਫ਼ਿਕਰ ਨਹੀਂ? ਉਹ ਕੇਵਲ ਭਾਸ਼ਣਾਂ ਵਿੱਚ ਸੁਨਹਿਰੇ ਸੁਫ਼ਨੇ ਦਿਖਾਉਂਦੇ ਹਨ, ਅਮਲ ਵਿੱਚ ਨਿਰੇ ਸਿਫ਼ਰ।

ਅਸੀਂ ਉੱਡਦੇ ਪਰਿੰਦੇ

ਅਸੀਂ ਉੱਡਦੇ ਪਰਿੰਦੇ
ਸਾਡੀ ਗੱਲ ਨਾ ਕਰੋ
ਰੱਖੋ ਪਿੰਜਰੇ ਨੂੰ ਦੂਰ
ਸਾਡੇ ਵੱਲ ਨਾ ਕਰੋ।

ਅਸੀਂ ਪੌਣਾਂ ਦੇ ਪ੍ਰਾਹੁਣੇ
ਸਾਡੀ ਮਹਿਕਾਂ ਨੂੰ ਸਲਾਮ
ਥਾਂ-ਥਾਂ ’ਤੇ ਉੱਡਣੇ ਦਾ
ਕਿਉਂ ਧਰੋ ਇਲਜ਼ਾਮ
ਸਾਡੀ ਉੱਚੀ ਹੈ ਉਡਾਣ
ਐਵੇਂ ਸੱਲ ਨਾ ਕਰੋ।

ਇੱਕ ਧਰਤੀ ਨਾ ਸਾਡੀ
ਨਾ ਹੀ ਇੱਕੋ ਹੀ ਜਹਾਨ
ਦਿਸਹੱਦੇ ਨੇ ਤੁਹਾਡੇ
ਸਾਡਾ ਪੂਰਾ ਅਸਮਾਨ

ਸਾਡੇ ਵੱਡੇ ਨੇ ਸਵਾਲ
ਛੋਟਾ ਹੱਲ ਨਾ ਕਰੋ
ਰੱਖੋ ਪਿੰਜਰੇ ਨੂੰ ਦੂਰ
ਸਾਡੇ ਵੱਲ ਨਾ ਕਰੋ।

    *****

(596)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author