UjagarSingh7“ਨੌਜਵਾਨ ‘ਆਮ ਆਦਮੀ ਪਾਰਟੀ’ ਵੱਲ ਅਤੇ ਬਜ਼ੁਰਗ ਹੋਰ ਸਥਾਪਤ ਪਾਰਟੀਆਂ ਨਾਲ ਜੁੜੇ ਹੋਏ ਸਨ ...”
(8 ਫਰਵਰੀ 2017)

 

4 ਫਰਵਰੀ 2017 ਨੂੰ ਪੰਜਾਬ ਵਿਧਾਨ ਸਭਾ ਦੀ ਚੋਣ ਵਿਚ ਹਰ ਵਰਗ ਦੇ ਵੋਟਰਾਂ ਦਾ ਅਥਾਹ ਉਤਸ਼ਾਹ ਪਰਜਾਤੰਤਰ ਦੀ ਆਭਾ ਨੂੰ ਬਰਕਰਾਰ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਇਹ ਸ਼ੁਭ ਸੰਕੇਤ ਕੀ ਰੰਗ ਲਿਆਉਣਗੇ, ਇਸ ਦਾ ਪਤਾ 11 ਮਾਰਚ ਨੂੰ ਹੀ ਲੱਗੇਗਾ। ਕੁੱਲ ਵੋਟਰਾਂ ਦੇ ਦੋ ਤਿਹਾਈ ਹਿੱਸੇ ਦਾ ਪਰਜਾਤੰਤਰਿਕ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਉਤਸ਼ਾਹ ਲੈਣਾ ਪੰਜਾਬ ਪ੍ਰਤੀ ਉਨ੍ਹਾਂ ਦੀ ਸੰਜੀਦਗੀ ਅਤੇ ਚਿੰਤਾ ਦਾ ਪ੍ਰਗਟਾਵਾ ਹੈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਹਰ ਵਰਗ ਦੇ ਵੋਟਰਾਂ ਵਿਚ ਚੋਣਾਂ ਸਮੇਂ ਐਡਾ ਵੱਡਾ ਉਤਸ਼ਾਹ ਕਦੀ ਵੀ ਵੇਖਣ ਨੂੰ ਨਹੀਂ ਮਿਲਿਆ। ਹੁਣ ਤੱਕ ਦੇ ਚੋਣਾਂ ਦੇ ਇਤਿਹਾਸ ਵਿਚ ਨੌਜਾਵਾਨਾਂ ਅਤੇ ਇਸਤਰੀਆਂ ਨੇ ਕਿਸੇ ਵੀ ਚੋਣ ਨੂੰ ਸੰਜੀਦਾ ਢੰਗ ਨਾਲ ਨਹੀਂ ਲਿਆ ਸੀ। ਇਸਤਰੀਆਂ ਸਮਾਜ ਦਾ ਅੱਧਾ ਹਿੱਸਾ ਹੁੰਦੀਆਂ ਹਨ। ਇਸਤਰੀਆਂ ਅਤੇ ਨੌਜਵਾਨਾਂ ਦਾ ਸਾਂਝੇ ਤੌਰ ’ਤੇ ਪੰਜਾਬੀਅਤ ਲਈ ਚਿੰਤਤ ਹੋਣ ਦਾ ਭਾਵ ਹੈ ਕਿ ਕੁੱਲ ਵੋਟਰਾਂ ਦਾ ਦੋ ਤਿਹਾਈ ਹਿੱਸਾ ਸੁਜੱਗ ਹੈ।

ਨੌਜਵਾਨ ਕਿਸੇ ਵੀ ਦੇਸ਼ ਦੇ ਭਵਿੱਖ ਦਾ ਪ੍ਰਤੀਕ ਹੁੰਦੇ ਹਨ ਕਿਉਂਕਿ ਇੱਕ ਦਿਨ ਉਨ੍ਹਾਂ ਨੇ ਹੀ ਦੇਸ਼ ਦੀ ਸਿਆਸੀ ਵਾਗ ਡੋਰ ਸੰਭਾਲਣੀ ਹੁੰਦੀ ਹੈ। ਇਸੇ ਲਈ ਹਰ ਸਿਆਸੀ ਪਾਰਟੀ ਨੇ ਨੌਜਵਾਨ ਵੋਟਰ ਨੂੰ ਆਪਣੇ ਨਾਲ ਜੋੜਨ ਦੀ ਅਥਾਹ ਕੋਸ਼ਿਸ਼ ਕੀਤੀ। ਆਮ ਆਦਮੀ ਪਾਰਟੀ ਨੂੰ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਵਿਚ ਬਹੁਤੀ ਕੋਸ਼ਿਸ਼ ਨਹੀਂ ਕਰਨੀ ਪਈ ਕਿਉਂਕਿ ਨੌਜਵਾਨ ਅੰਨਾ ਹਜ਼ਾਰੇ ਦੀ ਮੁਹਿੰਮ ਤੋਂ ਬਾਅਦ ਬੇਰੋਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੀ ਬਹੁਤਾਤ ਕਰਕੇ ਰਾਜ ਪ੍ਰਬੰਧ ਵਿਚ ਤਬਦੀਲੀ ਲਿਆਉਣਾ ਚਾਹੁੰਦੇ ਸਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੰਗਠਨ ਵਿਚ ਐੱਨ.ਐੱਸ.ਯੂ ਆਈ ਅਤੇ ਯੂਥ ਕਾਂਗਰਸ ਦੀਆਂ ਇਕਾਈਆਂ ਪਹਿਲਾਂ ਹੀ ਕੰਮ ਕਰ ਰਹੀਆਂ ਹਨ।

ਸਾਰੀਆਂ ਪ੍ਰਮੁੱਖ ਪਾਰਟੀਆਂ ਨੇ 18-35 ਸਾਲ ਦੇ 24 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਕਾਂਗਰਸ ਪਾਰਟੀ ਨੇ ਇਨ੍ਹਾਂ ਇਕਾਈਆਂ ਦੇ 6 ਅਹੁਦੇਦਾਰਾਂ, ਅਕਾਲੀ ਦਲ ਨੇ 1 ਅਤੇ ਸਭ ਤੋਂ ਵੱਧ ਆਮ ਆਦਮੀ ਪਾਰਟੀ ਨੇ 17 ਨੌਜਵਾਨਾਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਹੈ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚ ਵੀ ਨੌਜਵਾਨਾਂ ਦੀਆਂ ਇਕਾਈਆਂ ਕੰਮ ਕਰ ਰਹੀਆਂ ਹਨ। ਇਸ ਵਾਰ ਦੀਆਂ ਚੋਣਾਂ ਦੀ ਵਿਲੱਖਣ ਗੱਲ ਇਹ ਸੀ ਕਿ ਸਮਾਜ ਦੇ ਹਰ ਵਰਗ ਨੇ ਆਪੋ ਆਪਣੀ ਭੂਮਿਕਾ ਨਿਭਾਈ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ 16 ਹਲਕਿਆਂ ਵਿਚ, ਜਿੱਥੇ ਨੌਜਵਾਨ ਚੋਣ ਲੜ ਰਹੇ ਸਨ, ਉੱਥੇ ਵੋਟਾਂ ਦੀ ਪ੍ਰਤੀਸ਼ਤ ਘੱਟ ਰਹੀ। ਪ੍ਰੰਤੂ ਹਰ ਲਹਿਰ ਦੇ ਲਾਭ ਅਤੇ ਨੁਕਸਾਨ ਬਰਾਬਰ ਹੁੰਦੇ ਹਨਇਨ੍ਹਾਂ ਚੋਣਾਂ ਦਾ ਸੁਖਦ ਪੱਖ ਇਹ ਰਿਹਾ ਕਿ ਸਾਂਝੇ ਪਰਿਵਾਰਾਂ ਦੇ ਸਾਰੇ ਮੈਂਬਰਾਂ ਨੇ ਆਪੋ ਆਪਣੀ ਮਰਜੀ ਅਨੁਸਾਰ ਵੋਟਾਂ ਪਾਈਆਂ। ਪਰਿਵਾਰ ਦੇ ਬਜ਼ੁਰਗ ਮੈਂਬਰਾਂ ਦੀ ਗੱਲ ਨੌਜਵਾਨਾਂ ਨੇ ਨਹੀ ਮੰਨੀ। ਇੱਥੋਂ ਤੱਕ ਕਿ ਪਤੀ ਪਤਨੀ ਨੇ ਵੀ ਕਿਸੇ ਇੱਕ ਪਾਰਟੀ ਨੂੰ ਵੋਟ ਨਹੀਂ ਪਾਈ, ਹੋਰ ਵੀ ਹੈਰਾਨੀ ਦੀ ਗੱਲ ਹੈ ਕਿਸੇ ਨੇ ਇੱਕ ਦੂਜੇ ਤੇ ਕਿਸੇ ਖਾਸ ਉਮੀਦਵਾਰ ਨੂੰ ਵੋਟ ਪਾਉਣ ਲਈ ਜ਼ੋਰ ਨਹੀਂ ਪਾਇਆ। ਜੇ ਪਾਇਆ ਗਿਆ ਤਾਂ ਉਸਦਾ ਕੋਈ ਅਸਰ ਨਹੀਂ ਹੋਇਆ।

ਇਸ ਪ੍ਰਵਿਰਤੀ ਦਾ ਦੁਖਦ ਪਹਿਲੂ ਇਹ ਹੈ ਕਿ ਸਾਂਝੇ ਪਰਿਵਾਰ ਵੀ ਵਿਚਾਰਧਾਰਕ ਤੌਰ ’ਤੇ ਵੰਡੇ ਗਏ। ਪਰਿਵਾਰਾਂ ਵਿਚ ਇਕਸੁਰਤਾ ਨਹੀਂ ਰਹੀ, ਭਾਵੇਂ ਉਨ੍ਹਾਂ ਨੇ ਇੱਕ ਦੂਜੇ ਨੂੰ ਵੋਟ ਪਾਉਣ ਲਈ ਨਹੀਂ ਕਿਹਾ। ਪ੍ਰੰਤੂ ਬਜ਼ੁਰਗ ਇਸ ਗੱਲ ਤੋਂ ਨਾਰਾਜ਼ ਹਨ ਕਿ ਉਨ੍ਹਾਂ ਦੇ ਪਰਿਵਾਰਾਂ ਦੇ ਨੌਜਵਾਨਾਂ ਨੇ ਉਨ੍ਹਾਂ ਤੋਂ ਪੁੱਛਕੇ ਵੋਟਾਂ ਨਹੀਂ ਪਾਈਆਂ। ਨੌਜਵਾਨ ਆਮ ਆਦਮੀ ਪਾਰਟੀ ਵੱਲ ਅਤੇ ਬਜ਼ੁਰਗ ਹੋਰ ਸਥਾਪਤ ਪਾਰਟੀਆਂ ਨਾਲ ਜੁੜੇ ਹੋਏ ਸਨ।

ਵੱਡੀ ਗਿਣਤੀ ਵਿਚ ਵੋਟਰਾਂ ਦੀ ਚੁੱਪ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਸਾਹ ਸੂਤ ਰੱਖੇ ਹਨ। ਇਹ ਵੀ ਪਿੰਡਾਂ ਵਿਚ ਵੇਖਣ ਨੂੰ ਮਿਲਿਆ ਹੈ ਕਿ ਵੋਟਰ ਹਰ ਉਮੀਦਵਾਰ ਦੇ ਸਮਾਗਮ ਵਿਚ ਜਾਂਦੇ ਰਹੇ ਹਨ ਪ੍ਰੰਤੂ ਵੋਟਾਂ ਉਨ੍ਹਾਂ ਨੇ ਆਪਣੀ ਮਰਜ਼ੀ ਅਨੁਸਾਰ ਪਾਈਆਂ ਹਨ। ਕਹਿਣ ਤੋਂ ਭਾਵ ਹੈ ਕਿ ਇਸ ਵਾਰ ਵੋਟਰਾਂ ਨੇ ਵੋਟ ਪਾਉਣ ਦੀ ਕਿਸੇ ਪਾਰਟੀ ਨੂੰ ਗਾਰੰਟੀ ਨਹੀਂ ਦਿੱਤੀ। ਇਸ ਕਰਕੇ ਚੋਣਾਂ ਦੇ ਨਤੀਜੇ ਹੈਰਾਨੀ ਜਨਕ ਰਹਿਣ ਦੀ ਉਮੀਦ ਹੈ।

ਵੱਡੇ ਨੇਤਾਵਾਂ ਦੇ ਲੁੜ੍ਹਕਣ ਦੀ ਉਮੀਦ ਹੈ, ਜਿਹੜੇ ਵੋਟਰਾਂ ਉੱਪਰ ਆਪਣਾ ਅਧਿਕਾਰ ਸਮਝਦੇ ਸਨ। ਸਿਆਸੀ ਪਾਰਟੀਆਂ ਦੇ ਆਪਸੀ ਸੰਬੰਧ ਸੁਖਦ ਨਹੀਂ ਰਹੇ। ਭਾਵੇਂ ਮਾਮੂਲੀ ਲੜਾਈਆਂ ਅਤੇ ਤਕਰਾਰਬਾਜ਼ੀਆਂ ਤਾਂ ਹੋਈਆਂ ਅਤੇ ਗੋਲੀਆਂ ਵੀ ਚੱਲੀਆਂ ਹਨ ਪ੍ਰੰਤੂ ਆਮ ਤੌਰ ’ਤੇ ਹਾਲਾਤ ਸ਼ਾਂਤਮਈ ਰਹੇ। ਮੌੜ ਮੰਡੀ ਵਿਚ ਕਾਰ ਵਿਚ ਧਮਾਕਾ ਹੋਣ ਨਾਲ ਇੱਕ ਵਾਰ ਤਾਂ ਡਰ ਦਾ ਮਾਹੌਲ ਬਣ ਗਿਆ ਸੀ ਪ੍ਰੰਤੂ ਬਾਅਦ ਵਿਚ ਸ਼ਾਂਤੀ ਰਹੀ।

ਟੀ.ਆਰ. ਸ਼ੇਸ਼ਨ ਵੱਲੋਂ ਸ਼ੁਰੂ ਕੀਤੇ ਗਏ ਚੋਣ ਸੁਧਾਰਾਂ ਦਾ ਅਸਰ ਵੀ ਵੇਖਣ ਨੂੰ ਮਿਲਿਆ ਹੈ। ਚੋਣ ਕਮਿਸ਼ਨ ਨੇ ਵੀ ਸਖਤੀ ਤੋਂ ਕੰਮ ਲਿਆ ਹੈ। ਚੋਣ ਕਮਿਸ਼ਨ ਦੀ ਸਖ਼ਤੀ ਅਤੇ ਨੋਟਬੰਦੀ ਦੇ ਅਸਰ ਦਾ ਪ੍ਰਤੱਖ ਪ੍ਰਮਾਣ ਮਿਲਦਾ ਰਿਹਾ। ਅਮੀਰ ਉਮੀਦਵਾਰਾਂ ਨੂੰ ਛੱਡਕੇ ਆਮ ਤੌਰ ’ਤੇ ਚੋਣ ਤੇ ਖ਼ਰਚਾ ਘਟਿਆ ਹੈ। ਆਵਾਜ਼ ਦਾ ਪ੍ਰਦੂਸ਼ਣ ਵੀ ਘੱਟ ਹੋਇਆ ਹੈ। ਪੋਸਟਰ ਲਗਾਕੇ ਕੰਧਾਂ ਖ਼ਰਾਬ ਕਰਨ ਦਾ ਸਿਲਸਿਲਾ ਭਾਵੇਂ ਜਾਰੀ ਰਿਹਾ ਪ੍ਰੰਤੂ ਮਾਲਕ ਦੀ ਲਿਖਤੀ ਇਜਾਜ਼ਤ ਤੋਂ ਬਿਨਾਂ ਸੰਭਵ ਨਹੀਂ ਸੀ।

ਇਸ ਵਾਰ ਨਵੀਂ ਗੱਲ ਵੇਖਣ ਨੂੰ ਇਹ ਮਿਲੀ ਕਿ ਸਿਆਸੀ ਪਾਰਟੀਆਂ ਦੀ ਸਹਾਇਤਾ ਲਈ ਪਰਵਾਸੀ ਭਾਰਤੀ ਵੱਡੀ ਗਿਣਤੀ ਵਿਚ ਪੰਜਾਬ ਆ ਕੇ ਚੋਣ ਪ੍ਰਚਾਰ ਵਿਚ ਹਿੱਸਾ ਲੈਂਦੇ ਵੇਖੇ ਗਏ। ਬਹੁਤੇ ਪਰਵਾਸੀ ਭਾਰਤੀ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਆਏ ਸਨ, ਜਿਨ੍ਹਾਂ ਦੀਆਂ ਭਾਵੇਂ ਆਪਣੀਆਂ ਵੋਟਾਂ ਨਹੀਂ ਸਨ ਪ੍ਰੰਤੂ ਉਹ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਲਈ ਕਹਿੰਦੇ ਰਹੇ। ਕਾਂਗਰਸ ਪਾਰਟੀ ਦੇ ਚੋਣ ਪ੍ਰਚਾਰ ਲਈ ਵੀ ਪਰਵਾਸੀ ਆਏ ਹੋਏ ਸਨ। ਉਨ੍ਹਾਂ ਦੇ ਪ੍ਰਚਾਰ ਦਾ ਕਿੰਨਾ ਕੁ ਅਸਰ ਹੋਇਆ, ਇਹ ਤਾਂ ਚੋਣ ਨਤੀਜਿਆਂ ਤੋਂ ਹੀ ਪਤਾ ਚੱਲੇਗਾ ਪ੍ਰੰਤੂ ਕਈ ਅਜੀਬ ਕਿਸਮ ਦੀਆਂ ਗੱਲਾਂ ਵੇਖਣ ਨੂੰ ਮਿਲੀਆਂ। ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿਧਾਨ ਸਭਾ ਹਲਕੇ ਦੇ ਇੱਕ ਪਿੰਡ ਵਿਚ ਇੱਕੋ ਘਰ ਉੱਪਰ ਦੋ ਝੰਡੇ ਇੱਕ ਆਮ ਆਦਮੀ ਅਤੇ ਦੂਜਾ ਕਾਂਗਰਸ ਦਾ ਲੱਗਿਆ ਹੋਣ ਤੇ ਜਦੋਂ ਘਰ ਦੇ ਮਾਲਕ ਤੋਂ ਪੁਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਸਦਾ ਲੜਕਾ ਵਿਦੇਸ਼ ਤੋਂ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਆਇਆ ਹੋਇਆ ਹੈ ਪ੍ਰੰਤੂ ਸਾਡਾ ਤਾਂ ਕਾਂਗਰਸੀ ਪਰਿਵਾਰ ਹੈ, ਇਸ ਲਈ ਅਸੀਂ ਤਾਂ ਕਾਂਗਰਸ ਪਾਰਟੀ ਨੂੰ ਵੋਟ ਪਾਵਾਂਗੇ, ਸਾਡੇ ਲੜਕੇ ਦੀ ਇੱਥੇ ਵੋਟ ਨਹੀਂ ਹੈ। ਜਿਹੜੇ ਪਰਵਾਸੀ ਵਿਦੇਸ਼ ਵਿਚ ਰਹਿੰਦੇ ਹਨ ਉਹ ਵਰਤਮਾਨ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ, ਇਸ ਲਈ ਉਹ ਪੰਜਾਬ ਵਿਚ ਰਵਾਇਤੀ ਪਾਰਟੀਆਂ ਤੋਂ ਰਾਜ ਪ੍ਰਬੰਧ ਬਦਲਕੇ ਤਬਦੀਲੀ ਕਰਨਾ ਚਾਹੁੰਦੇ ਸਨ।

ਪੰਜਾਬੀ ਮਿਹਨਤੀ, ਦਲੇਰ, ਅਣਖ਼ੀ, ਖ਼ੁਦਦਾਰ ਅਤੇ ਆਪਣੀਆਂ ਸ਼ਰਤਾਂ ’ਤੇ ਜੀਵਨ ਬਸਰ ਕਰਨ ਵਾਲੇ ਕਹਾਉਂਦੇ ਹਨ। ਜੇਕਰ ਉਨ੍ਹਾਂ ਦੀ ਹੈਸੀਅਤ ਨੂੰ ਕੋਈ ਵੰਗਾਰਦਾ ਹੈ ਤਾਂ ਉਹ ਲੜਨ ਮਰਨ ਲਈ ਤਿਆਰ ਵੀ ਰਹਿੰਦੇ ਹਨ ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਅਣਖ਼ੀ ਪੰਜਾਬੀਆਂ ਨੂੰ ਸਿਆਸੀ ਪਾਰਟੀਆਂ ਨੇ ਮੰਗਤੇ ਬਣਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਸਾਰੀਆਂ ਮੁੱਖ ਸਿਆਸੀ ਪਾਰਟੀਆਂ ਨੇ ਆਪਣੇ ਚੋਣ ਮਨੋਰਥ ਪੱਤਰਾਂ ਵਿਚ ਉਨ੍ਹਾਂ ਨੂੰ ਮੁਫ਼ਤਖ਼ੋਰੇ ਬਣਾਉਣ ਦਾ ਵਾਅਦਾ ਕੀਤਾ ਹੈ, ਜਿਸਨੂੰ ਪੰਜਾਬੀਆਂ ਨੇ ਖਿੜੇ ਮੱਥੇ ਪ੍ਰਵਾਨ ਕਰਨ ਵਿਚ ਵੀ ਫ਼ਖਰ ਮਹਿਸੂਸ ਕੀਤਾ ਹੈ। ਸਾਰੀਆਂ ਪਾਰਟੀਆਂ ਚੋਣ ਮਨੋਰਥ ਪੱਤਰਾਂ ਦੇ ਇਨ੍ਹਾਂ ਵਾਅਦਿਆਂ ਦਾ ਹੀ ਪ੍ਰਚਾਰ ਕਰਦੀਆਂ ਨਜ਼ਰ ਆ ਰਹੀਆਂ ਸਨ। ਇੱਥੇ ਹੀ ਬੱਸ ਨਹੀਂ, ਪ੍ਰਮੁੱਖ ਪਾਰਟੀਆਂ ਨੇ ਵੋਟਰਾਂ ਨੂੰ ਲੁਭਾਉਣ ਲਈ ਆਟਾ, ਦਾਲ, ਚੀਨੀ, ਘਿਓ, ਚਾਹ ਪੱਤੀ ਅਤੇ ਹੋਰ ਹਰ ਰੋਜ਼ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਗੁਪਤ ਢੰਗ ਵਿਚ ਮੁਫ਼ਤ ਵੰਡੀਆਂ। ਚੋਣ ਕਮਿਸ਼ਨ ਦੀ ਸਖ਼ਤੀ ਦੇ ਬਾਵਜੂਦ ਜਿਹੜੀਆਂ ਪਾਰਟੀਆਂ ਨਸ਼ਿਆਂ ਨੂੰ ਬੰਦ ਕਰਵਾਉਣ ਦਾ ਹੋਕਾ ਦਿੰਦੀਆਂ ਸਨ, ਉਹੀ ਨਸ਼ੇ ਅਤੇ ਪੈਸੇ ਵੰਡ ਰਹੀਆਂ ਸਨ।

ਇਨ੍ਹਾਂ ਚੋਣਾਂ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਚੋਣਾਂ ਲੜਨਾ ਸਿਰਫ ਅਮੀਰ ਉਮੀਦਵਾਰਾਂ ਦਾ ਹੀ ਕੰਮ ਰਹਿ ਗਿਆ ਹੈ। ਇੱਥੋਂ ਤੱਕ ਕਿ ਨਵੀਂ ਬਣੀ ਆਮ ਆਦਮੀ ਪਾਰਟੀ, ਜਿਹੜੀ ਦੂਜੀਆਂ ਪਾਰਟੀਆਂ ਤੋਂ ਵੱਖਰੀ ਅਖਵਾਉਂਦੀ ਹੈ, ਉਸ ਉੱਪਰ ਵੀ ਟਿਕਟਾਂ ਦੀ ਵੰਡ ਵਿਚ ਪੈਸੇ ਦੇ ਲੈਣ ਦੇਣ ਦੇ ਇਲਜ਼ਾਮ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੇ ਰਹੇ। ਉਨ੍ਹਾਂ ਨੇ ਵੀ ਬਹੁਤੇ ਪੈਸੇ ਵਾਲੇ ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਹਨ। ਇੱਕ ਕਿਸਮ ਨਾਲ ਇਸ ਹਮਾਮ ਵਿਚ ਸਾਰੀਆਂ ਪਾਰਟੀਆਂ ਹੀ ਨੰਗੀਆਂ ਹਨ। ਇੱਕਾ ਦੁੱਕਾ ਉਮੀਦਵਾਰਾਂ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰ ਕਰੋੜਪਤੀ ਹਨ। ਚੋਣਾਂ ਲਈ ਸਭ ਤੋਂ ਵੱਧ ਚੰਦਾ ਆਮ ਆਦਮੀ ਪਾਰਟੀ ਨੂੰ ਮਿਲਿਆ ਅਤੇ ਚੋਣਾਂ ’ਤੇ ਖ਼ਰਚ ਵੀ ਉਨ੍ਹਾਂ ਨੇ ਹੀ ਕੀਤਾ ਪ੍ਰੰਤੂ ਉਨ੍ਹਾਂ ਦੇ ਵਲੰਟੀਅਰ ਬਿਨਾਂ ਕਿਸੇ ਲਾਲਚ ਦੇ ਕੰਮ ਕਰਦੇ ਰਹੇ।

ਪਰਿਵਾਰਵਾਦ, ਦੂਸ਼ਣਬਾਜੀ ਅਤੇ ਅੱਤਵਾਦ ਦਾ ਮੁੱਦਾ ਭਾਰੂ ਰਿਹਾ। ਔਰਤਾਂ ਨਾਲ ਦੁਰਵਿਵਹਾਰ, ਜਿਹੜਾ 10 ਸਾਲ ਹੁੰਦਾ ਰਿਹਾ, ਇਹ ਵੀ ਸਿਆਸਤਦਾਨਾਂ ਨੇ ਮੁਦਾ ਨਹੀਂ ਬਣਾਇਆ। ਕਿਸੇ ਵੀ ਪਾਰਟੀ ਨੇ ਪੰਜਾਬ ਦੇ ਵਿਕਾਸ ਨੂੰ ਮੁੱਦਾ ਨਹੀਂ ਬਣਾਇਆ। ਸਮਾਜਿਕ ਸਰੋਕਾਰ ਚੋਣ ਮੁੱਦਿਆਂ ਵਿੱਚੋਂ ਗਾਇਬ ਸਨ। ਨਸ਼ੇ, ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਤਬਾਹ ਕਰ ਦਿੱਤੀ, ਉਨ੍ਹਾਂ ਦਾ ਮੁੱਦਾ ਵੀ ਇਲਜ਼ਾਮਾਂ ਵਿਚ ਹੀ ਗਵਾਚ ਗਿਆ। ਸਿਆਸਤਦਾਨਾਂ ਦੀ ਬਿਆਨਬਾਜ਼ੀ ਵਿੱਚੋਂ ਸਲੀਕਾ ਗਾਇਬ ਰਿਹਾ ਅਤੇ ਗ਼ੈਰਜ਼ਰੂਰੀ ਅਸਭਿਅਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈਕਈ ਵਾਰ ਤਾਂ ਨਿੱਜੀ ਜ਼ਿੰਦਗੀ ਉੱਪਰ ਵੀ ਚਿੱਕੜ ਉਛਾਲਿਆ ਗਿਆ। ਸੋਸ਼ਲ ਮੀਡੀਆ ਦਾ ਪ੍ਰਚਾਰ ਭਾਰੂ ਰਿਹਾ, ਪ੍ਰੰਤੂ ਸੋਸ਼ਲ ਮੀਡੀਏ ਦੀ ਦੁਰਵਰਤੋਂ ਵੀ ਹੋਈ ਹੈ ਕਿਉਂਕਿ ਸੋਸ਼ਲ ਮੀਡੀਏ ਵਿਚ ਗ਼ਲਤ ਸ਼ਬਦਾਵਲੀ ਵਰਤੀ ਜਾਂਦੀ ਰਹੀ। ਪਰਵਾਸੀ ਭਾਰਤੀਆਂ ਨੇ ਸੋਸ਼ਲ ਮੀਡੀਏ ਨੂੰ ਆਮ ਆਦਮੀ ਪਾਰਟੀ ਲਈ ਖ਼ੂਬ ਵਰਤਿਆ।

ਇਸ ਵਾਰ 2012 ਦੀਆਂ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਹੀ 78.62 ਫ਼ੀ ਸਦੀ ਵੋਟਰਾਂ ਨੇ ਆਪਣੀਆਂ ਵੋਟਾਂ ਦਾ ਇਸਤੇਮਾਲ ਕੀਤਾ। ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਹਲਕੇ ਵਿਚ ਸਭ ਤੋਂ ਵੱਧ 88 ਫ਼ੀਸਦੀ ਅਤੇ ਹੁਸ਼ਿਆਰਪੁਰ ਵਿਚ ਸਭ ਤੋਂ ਘੱਟ 49 ਫ਼ੀਸਦੀ ਪੋਲਿੰਗ ਹੋਈ। ਪ੍ਰੰਤੂ ਮਾਲਵੇ ਦੇ 69 ਹਲਕਿਆਂ ਵਿਚ 80 ਫ਼ੀਸਦੀ ਪੋਲਿੰਗ ਹੋਈ। ਇਨ੍ਹਾਂ ਵਿੱਚੋਂ 52 ਹਲਕਿਆਂ ਵਿਚ 80 ਫ਼ੀਸਦੀ ਤੋਂ ਵੱਧ ਵੋਟਾਂ ਪਈਆਂ।

ਖਰੜ ਵਿਧਾਨ ਸਭਾ ਹਲਕੇ ਦੇ ਮਸੋਲ ਪਿੰਡ ਦੇ ਵੋਟਰਾਂ ਨੂੰ 5 ਕਿਲੋਮੀਟਰ ਦੂਰ ਰੋਡੇ ਪਿੰਡ ਦੇ ਪੋਲਿੰਗ ਸ਼ਟੇਸ਼ਨ ਵੋਟਾਂ ਪਾਉਣ ਲਈ ਜਾਣਾ ਪਿਆ। ਪੰਜਾਬ ਵਿਚ ਕੁੱਲ 22603 ਪੋਲਿੰਗ ਸ਼ਟੇਸ਼ਨ ਸਨ, ਜਿਨ੍ਹਾਂ ਵਿਚ 96 ਮਤਦਾਨ ਕੇਂਦਰ ਸਿਰਫ ਔਰਤਾਂ ਲਈ ਸਨ। ਇਨ੍ਹਾਂ ਵਿਚ 1 ਲੱਖ 58 ਹਜ਼ਾਰ ਪੋਲਿੰਗ ਸਟਾਫ ਅਤੇ 55 ਹਜ਼ਾਰ ਪੁਲਿਸ ਮੁਲਾਜ਼ਮ ਡਿਊਟੀ ’ਤੇ ਲਗਾਏ ਗਏ ਸਨ। ਸੁਰੱਖਿਆ ਲਈ ਕੁੱਲ ਇੱਕ ਲੱਖ ਪੁਲਿਸ ਕਰਮਚਾਰੀ ਲਗਾਏ ਗਏ ਸਨ। ਇਨ੍ਹਾਂ ਦੀ ਨਿਗਰਾਨੀ 100 ਸੈਂਟਰਲ ਅਬਜ਼ਰਬਰ ਅਤੇ 8166 ਮਾਈਕਰੋ ਅਬਜ਼ਰਬਰ ਕਰ ਰਹੇ ਸਨ।

117 ਵਿਧਾਨ ਸਭਾ ਹਲਕਿਆਂ ਵਿੱਚੋਂ ਪਹਿਲੀ ਵਾਰ 33 ਹਲਕਿਆਂ ਵਿਚ 6168 ਵੀ.ਵੀ.ਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਸੀ। 4200 ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਸਨ। 3542 ਪੋਲਿੰਗ ਸ਼ਟੇਸ਼ਨਾਂ ਦੀ ਵੈਬਕਾਸਟਿੰਗ ਕੀਤੀ ਗਈ ਸੀ ਜਿਨ੍ਹਾਂ ਰਾਹੀਂ ਦੇਸ਼ ਵਿਦੇਸ਼ ਵਿਚ ਘਰ ਬੈਠੇ ਹੀ ਤੁਸੀਂ ਚੋਣ ਪ੍ਰਕ੍ਰਿਆ ਨੂੰ ਵੇਖ ਸਕਦੇ ਸੀ। ਚੋਣਾਂ ਕਰਵਾਉਣ ਉੱਪਰ 120 ਕਰੋੜ ਰੁਪਇਆ ਖ਼ਰਚਿਆ ਗਿਆ।

ਸਿਆਸੀ ਪਾਰਟੀਆਂ ਨੇ ਸਿਆਣਪ ਅਤੇ ਸੰਜੀਦਗੀ ਤੋਂ ਕੰਮ ਨਹੀਂ ਲਿਆ ਸਗੋਂ ਆਪਸ ਵਿਚ ਕੁੜੱਤਣ ਪੈਦਾ ਕਰਨ ਲਈ ਵੱਡੇ ਸਿਆਸੀ ਨੇਤਾਵਾਂ ਨੂੰ ਇੱਕ ਦੂਜੇ ਦੇ ਵਿਰੁੱਧ ਚੋਣ ਲੜਨ ਲਈ ਉਤਾਰਿਆ ਗਿਆ, ਜਿਸ ਨਾਲ ਪੰਜਾਬੀਆਂ ਦੀ ਭਾਈਚਾਰਕ ਭਰਾਤਰੀ ਸਦਭਾਵਨਾ ਨੂੰ ਨੁਕਸਾਨ ਪਹੁੰਚਿਆ ਹੈ ਜਿਵੇਂ ਕਿ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਵਿਰੁੱਧ ਸਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜਰਨੈਲ ਸਿੰਘ ਨੂੰ ਦਿੱਲੀ ਤੋਂ ਲਿਆਕੇ ਚੋਣ ਲੜਾਉਣਾ ਅਤੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਦੇ ਵਿਰੁੱਧ ਭਗਵੰਤ ਮਾਨ ਅਤੇ ਰਵਨੀਤ ਸਿੰਘ ਬਿੱਟੂ ਲੋਕ ਸਭਾ ਮੈਂਬਰਾਂ ਨੂੰ ਲੜਾਉਣਾ। ਅਜਿਹੀਆਂ ਗੱਲਾਂ ਸਿਆਸਤਦਾਨਾਂ ਵਿਚ ਕੜਵਾਹਟ ਪੈਦਾ ਕਰਦੀਆਂ ਹਨ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕੋਈ ਫ਼ੌਜ ਦਾ ਸਾਬਕਾ ਮੁੱਖੀ ਕਿਸੇ ਸਾਬਕਾ ਮੁੱਖ ਮੰਤਰੀ ਦੇ ਵਿਰੁੱਧ ਚੋਣ ਮੈਦਾਨ ਵਿਚ ਉੱਤਰਿਆ ਹੋਵੇ। ਇਹ ਫ਼ੌਜ ਦੇ ਮੁੱਖੀ ਦੇ ਰੁਤਬੇ ਦੀ ਆਭਾ ਦੇ ਵਿਰੁੱਧ ਹੈ। ਵੋਟਰਾਂ ਵਿਚ ਇੰਨਾ ਉਤਸ਼ਾਹ ਪਹਿਲੀ ਵਾਰ ਵੇਖਿਆ ਹੈ ਕਿ ਬਜ਼ੁਰਗ ਵੀਲ ਚੇਅਰਾਂ ’ਤੇ ਆ ਕੇ ਆਪਣੀਆਂ ਵੋਟਾਂ ਪਾ ਰਹੇ ਹੋਣ। ਇਸ ਤੋਂ ਲੋਕਾਂ ਦੇ ਲੋਕਤੰਤਰ ਵਿਚ ਵਿਸ਼ਵਾਸ਼ ਦਾ ਪ੍ਰਗਟਾਵਾ ਹੁੰਦਾ ਹੈ।

*****

(593)

ਅਾਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab
Email: (ujagarsingh48@yahoo.com)
Mobile: 94178 - 13072

More articles from this author