GurmitShugli7ਦੋਵੇਂ ਪਾਰਟੀਆਂ ਪਹਿਲਾਂ ‘ਆਪ’ ਨੂੰ ਪਾਣੀ ਦਾ ਬੁਲਬੁਲਾ ਆਖਦੀਆਂ ਰਹੀਆਂ ਤੇ ਜਦੋਂ ...
(6 ਫਰਵਰੀ 2017)

 

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਕੰਮ ਨਿੱਬੜ ਹੀ ਗਿਆ। ਮੈਂ ਆਪਣੀ ਜ਼ਿੰਦਗੀ ਵਿੱਚ ਹਾਲੇ ਤੱਕ ਏਨੀਆਂ ਦਿਲਚਸਪ ਚੋਣਾਂ ਪਹਿਲਾਂ ਕਦੇ ਨਹੀਂ ਸੀ ਦੇਖੀਆਂ। ਨਾ ਪਹਿਲਾਂ ਕਦੇ ਚੋਣ ਕਮਿਸ਼ਨ ਦੀ ਏਨੀ ਸਖ਼ਤੀ ਦਿਸੀ ਸੀ ਤੇ ਨਾ ਉਮੀਦਵਾਰਾਂ ਵਿੱਚ ਏਨੀ ਖਲਬਲੀ। ਪਹਿਲਾਂ ਦੋ ਪਾਰਟੀਆਂ ਦੀ ਹੀ ਜੰਗ ਹੁੰਦੀ ਸੀ, ਪਰ ਐਤਕੀਂ ਤੀਜੀ ਨੇ ਦੋਵਾਂ ਦੀਆਂ ਛਾਲਾਂ ਲਵਾ ਛੱਡੀਆਂ। ਪ੍ਰਚਾਰ ਦੇ ਅਖੀਰਲੇ ਦਿਨ ਤੱਕ ਤਿੰਨਾਂ ਦੇ ਆਗੂਆਂ ਵੱਲੋਂ ਇੱਕ ਦੂਜੇ ਖ਼ਿਲਾਫ਼ ਜੋ-ਜੋ ਕਿਹਾ ਗਿਆ, ਉਹ ਵੀ ਘੱਟ ਹੈਰਾਨੀ ਵਾਲਾ ਨਹੀਂ ਸੀ। ‘ਅੱਤਵਾਦ’ ਦੇ ਮੁੱਦੇ ਨੂੰ ਉਭਾਰਨ ਦੀ ਕੋਈ ਕਸਰ ਨਾ ਛੱਡੀ। ਕੈਪਟਨ ਨੇ ਆਖਿਆ, “ਜੇ ‘ਆਪ’ ਆ ਗਈ ਤਾਂ ਪੰਜਾਬ ਵੀ ਕਸ਼ਮੀਰ ਵਾਂਗ ਵੰਡਿਆ ਜਾਣਾ।” ਸੁਖਬੀਰ ਨੇ ਕਿਹਾ, “ਆਪ ਖਾਲਿਸਤਾਨ ਕਮਾਂਡੋ ਫੋਰਸ ਦੀ ਟੋਲੀ ਹੈ।” ਤੇ ਕੇਜਰੀਵਾਲ ਕਹੀ ਗਿਆ, “ਇਹ ਦੋਵੇਂ ਅੱਤਵਾਦ ਨਾਲ ਜੁੜੇ ਲੋਕ ਹਨ, ਸਾਨੂੰ ਲਿਆਓ, ਪੰਜਾਬ ਬਚਾਓ।”

ਤਮਾਮ ਘਟਨਾਵਾਂ ਮਗਰੋਂ ਵੋਟਾਂ ਪਈਆਂ ਤਾਂ ਜ਼ਰਾ ਕੁ ਸੁੱਖ ਦਾ ਸਾਹ ਆਇਆ ਹੈ। ਹਾਲਾਂਕਿ 1100 ਤੋਂ ਵੱਧ ਉਮੀਦਵਾਰਾਂ ਦਾ ਸਾਹ ਚੌਂਤੀ ਦਿਨ ਹੋਰ ਘੁੱਟਿਆ ਰਹੇਗਾ। ਸਾਰੇ ਹੀ ਉਮੀਦਵਾਰ ਚੌਂਤੀ ਦਿਨ ਵਿਧਾਇਕ ਹੋਣਗੇ ਤੇ ਹਕੀਕਤ 11 ਮਾਰਚ ਨੂੰ ਪਤਾ ਲੱਗੇਗੀ। ਇਸ ਵਾਰ ਦੀਆਂ ਚੋਣਾਂ ਦੇ ਬਾਕੀ ਪ੍ਰਭਾਵਾਂ ਵਿੱਚੋਂ ਸਭ ਤੋਂ ਪਹਿਲਾਂ ਮੇਰੇ ’ਤੇ ਇਹ ਕਿਹਾ ਕਿ ਜੇ 2014 ਦੀਆਂ ਲੋਕ ਸਭਾ ਚੋਣਾਂ ਮਗਰੋਂ ਹੀ ਕਾਂਗਰਸੀ ਤੇ ਅਕਾਲੀ ‘ਆਪ’ ਦੀ ਨਕਲ ਕਰਨੀ ਸ਼ੁਰੂ ਕਰ ਦਿੰਦੇ ਤਾਂ ਸ਼ਾਇਦ ਏਨੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਨਾ ਕਰਨਾ ਪੈਂਦਾ। ਦੋਵੇਂ ਪਾਰਟੀਆਂ ਪਹਿਲਾਂ ‘ਆਪ’ ਨੂੰ ਪਾਣੀ ਦਾ ਬੁਲਬੁਲਾ ਆਖਦੀਆਂ ਰਹੀਆਂ ਤੇ ਜਦੋਂ ਤੱਕ ਉਸ ਦੀ ਅਸਲ ਤਾਕਤ ਦਾ ਪਤਾ ਲੱਗਾ, ਉਦੋਂ ਤੱਕ ਉਸ ਦੀ ਤਾਕਤ ਕਈ ਗੁਣਾ ਵਧ ਗਈ ਸੀ। ਰਵਾਇਤੀ ਪਾਰਟੀਆਂ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਅਸੀਂ ਲਾਲ ਬੱਤੀਆਂ ਦਾ ਮੋਹ ਤਿਆਗ ਦੇਈਏ, ਲੋਕਾਂ ਤੱਕ ਆਮ ਲੋਕਾਂ ਵਾਂਗ ਪਹੁੰਚਣਾ ਸ਼ੁਰੂ ਕਰੀਏਫ਼ਾਲਤੂ ਖ਼ਰਚ ਘਟਾ ਦੇਈਏ, ਲੋਕ ਪੱਖੀ ਗੱਲਾਂ ਕਰੀਏ। ਇਹ ਪਹਿਲਾਂ ਵਾਂਗ ਹੀ ਹੰਕਾਰ ਦੇ ਘੋੜੇ ’ਤੇ ਚੜ੍ਹੇ ਰਹੇ ਤੇ ‘ਆਪ’ ਦੇ ਵਰਕਰ ਹਲਕੇ ਪੱਧਰ ’ਤੇ ਆਪਣਾ ਕੰਮ ਕਰਦੇ ਰਹੇ।

ਇਨ੍ਹਾਂ ਚੋਣਾਂ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਸੋਸ਼ਲ ਮੀਡੀਆ ਦੀ ਤਾਕਤ ਟੀ ਵੀ ਚੈਨਲਾਂ ਨਾਲੋਂ ਕਿਤੇ ਵਧ ਗਈ ਹੈ। ਚੈਨਲਾਂ ਨੂੰ ਜਿਵੇਂ ਕਿਵੇਂ ਪ੍ਰਭਾਵਤ ਕੀਤਾ ਜਾ ਸਕਦਾ ਹੈ, ਪਰ ਸੋਸ਼ਲ ਮੀਡੀਆ ਕਿਸੇ ਇੱਕ ਦੇ ਕਾਬੂ ਵਿੱਚ ਨਹੀਂ। ‘ਆਪ’ ਨੇ ਰੱਜ ਕੇ ਸੋਸ਼ਲ ਮੀਡੀਆ ਵਰਤਿਆ ਤੇ ਵੋਟਰ ਚੈਨਲਾਂ ਦੀਆਂ ਰਿਪੋਰਟਾਂ ਤੇ ਸਰਵੇਖਣਾਂ ਤੋਂ ਵੀ ਉਕਤਾ ਗਏ। ਹਰ ਮੋਟਰ ਸਾਈਕਲ ਰੈਲੀ, ਰੋਡ ਸ਼ੋਅ, ਪ੍ਰੈੱਸ ਕਾਨਫਰੰਸ, ਨੁੱਕੜ ਮੀਟਿੰਗਾਂ ਨੂੰ ‘ਆਪ’ ਆਗੂਆਂ ਨੇ ਫੇਸਬੁੱਕ ’ਤੇ ਲਾਈਵ ਪੇਸ਼ ਕੀਤਾ। ਲੋਕ ਏਨੇ ਕੁ ਜੁੜ ਗਏ ਕਿ ਜਦੋਂ ਤੱਕ ਦੂਜੀਆਂ ਪਾਰਟੀਆਂ ਨੇ ਇਹ ਤਕਨੀਕ ਅਪਣਾਉਣੀ ਸ਼ੁਰੂ ਕੀਤੀ, ਉਦੋਂ ਤੱਕ ਉਨ੍ਹਾਂ ’ਤੇ ਗਾਲ੍ਹਾਂ ਦਾ ਮੀਂਹ ਪੈਣ ਲੱਗ ਗਿਆ।

ਸਭ ਤੋਂ ਵੱਡੀ ਗੱਲ ਇਸ ਵਾਰ ਅਕਾਲੀ ਆਗੂਆਂ ਦੇ ਵਿਰੋਧ, ਕਾਂਗਰਸ ਦੀ ਨਲਾਇਕੀ ਤੇ ‘ਆਪ’ ਦੀ ਚੁਸਤੀ ਦੀ ਸਾਹਮਣੇ ਆਈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋ ਮਸਾਂ ਸਤਾਰਾਂ ’ਤੇ ਅਕਾਲੀ ਦਲ ਮੁਕਾਬਲੇ ’ਚ ਮੰਨਿਆ ਗਿਆ। ਅਕਾਲੀ ਆਗੂ ਜਿੱਥੇ ਗਏ, ਲੋਕਾਂ ਰੱਜ ਕੇ ਵਿਰੋਧ ਕੀਤਾਅਕਾਲੀਆਂ ਦੀ ਹਰ ਖ਼ਬਰ ਨੂੰ ਆਮ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਮੋੜਵੇਂ ਜਵਾਬ ਵਿੱਚ ਪੇਸ਼ ਕੀਤਾ। ਕਾਂਗਰਸ ਨੇ ਨਾ ਤਾਂ ਦਸ ਵਰ੍ਹੇ ਵਿਰੋਧੀ ਧਿਰ ਦੇ ਰੂਪ ਵਿੱਚ ਕੋਈ ਵਧੀਆ ਫ਼ਰਜ਼ ਨਿਭਾਇਆ ਤੇ ਨਾ ਹੀ ਟਿਕਟਾਂ ਦੀ ਵੰਡ ਵਿੱਚ ਸਿਆਣਪ ਵਰਤੀ। ਨਾਮਜ਼ਦਗੀਆਂ ਸ਼ੁਰੂ ਹੋਣ ਮਗਰੋਂ ਕਈ ਉਮੀਦਵਾਰ ਐਲਾਨੇ, ਉਦੋਂ ਤੱਕ ‘ਆਪ’ ਉਮੀਦਵਾਰਾਂ ਨੇ ਹਲਕੇ ਦੇ ਦੋ-ਦੋ ਦੌਰੇ ਮੁਕੰਮਲ ਕਰ ਲਏ ਸਨ। ‘ਆਪ’ ਨੇ ਟਰੈਕਟਰ ਰੈਲੀਆਂ ’ਤੇ ਵੱਧ ਜ਼ੋਰ ਦਿੱਤਾ ਤਾਂ ਜੋ ਸਾਬਤ ਕੀਤਾ ਜਾ ਸਕੇ ਕਿ ਕਿਸਾਨੀ ਸਾਡੇ ਨਾਲ ਹੈ, ਪਰ ਦੋਵੇਂ ਵੱਡੀਆਂ ਪਾਰਟੀਆਂ ਇਸ ਗੱਲ ਨੂੰ ਸਮਝ ਨਾ ਸਕੀਆਂ।

ਲੋਕਾਂ ਦੇ ਜਨੂੰਨ ਨੇ ਤਾਂ ਕਮਾਲ ਹੀ ਕਰ ਛੱਡੀ। ਵੋਟਾਂ ਤੋਂ ਤਿੰਨ ਦਿਨ ਪਹਿਲਾਂ ਛੋਟੇਪੁਰ ਦਾ ਸਟਿੰਗ ਓਪਰੇਸ਼ਨ ਕਰਨ ਵਾਲੇ ਗੁਰਲਾਭ ਸਿੰਘ ਨੇ ਖੁਲਾਸਾ ਕੀਤਾ ਕਿ ਕੇਜਰੀਵਾਲ, ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੇ ਮੈਨੂੰ ਛੋਟੇਪੁਰ ਖ਼ਿਲਾਫ਼ ਵਰਤਿਆ, ਪਰ ਲੋਕਾਂ ’ਤੇ ਇਸ ਗੱਲ ਦਾ ਕੋਈ ਅਸਰ ਨਾ ਹੋਇਆ। ਉਲਟਾ ਲੋਕਾਂ ਗੁਰਲਾਭ ਨੂੰ ਗਾਲ੍ਹਾਂ ਕੱਢੀਆਂ। ਕਿਸੇ ਪਾਰਟੀ ਪ੍ਰਤੀ ਏਨਾ ਜਨੂੰਨ ਕਿ ਉਸਦੀਆਂ ਗ਼ਲਤੀਆਂ ਨੂੰ ਕੋਈ ਗ਼ਲਤੀ ਮੰਨਣ ਲਈ ਹੀ ਤਿਆਰ ਨਾ ਹੋਵੇ, ਇਹ ਵੀ ਪਹਿਲੀ ਵਾਰ ਦੇਖਣ ਵਿੱਚ ਆਇਆ। ਭਾਵੇਂ ਅੱਜ ਇਹ ਗੱਲ ਨਹੀਂ ਕਹੀ ਜਾ ਸਕਦੀ ਕਿ ਕਿਸ ਪਾਰਟੀ ਦੀ ਸਰਕਾਰ ਆਵੇਗੀ, ਪਰ ਏਨਾ ਜ਼ਰੂਰ ਕਹਿ ਸਕਦੇ ਹਾਂ ਕਿ ‘ਆਪ’ ਦੇ ਕਈ ਉਮੀਦਵਾਰ ਦੂਜੀਆਂ ਪਾਰਟੀਆਂ ਵਿੱਚੋਂ ਆਏ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਫੁੱਲ ਬਟਾ ਫੁੱਲ ਪਿਆਰ ਮਿਲਿਆ। ਭਗਵੰਤ ਮਾਨ ’ਤੇ ਦਾਰੂ ਵਿੱਚ ਟੁੰਨ ਹੋ ਕੇ ਡਿੱਗਣ ਦੇ ਦੋਸ਼ ਲੱਗੇ ਤਾਂ ਲੋਕਾਂ ਮੀਡੀਏ ਵਿੱਚ ਨੁਕਸ ਕੱਢੇ। ‘ਆਪ’ ਉਮੀਦਵਾਰਾਂ ਦੇ 11 ਫ਼ੀਸਦੀ ਹਿੱਸੇ ’ਤੇ ਬਾਕੀ ਪਾਰਟੀਆਂ ਵਾਂਗ ਹੀ ਅਪਰਾਧਕ ਕੇਸ ਚੱਲਣ ਦੀਆਂ ਖ਼ਬਰਾਂ ਆਈਆਂ ਤਾਂ ਲੋਕਾਂ ਆਖਿਆ, “ਕੋਈ ਗੱਲ ਨਹੀਂ, ਆਪ ਦੇ ਮਾੜੇ ਵੀ ਦੂਜਿਆਂ ਨਾਲੋਂ ਚੰਗੇ ਹੀ ਹੋਣਗੇ।”

ਹੁਣ ਵੋਟਾਂ ਦਾ ਕੰਮ ਮੁਕੰਮਲ ਹੋਣ ਮਗਰੋਂ ਮੈਂ ਸੋਚਦਾ ਹਾਂ ਕਿ ਜੇ ‘ਆਪ’ ਦੀ ਸਰਕਾਰ ਬਣ ਗਈ ਤੇ ਉਨ੍ਹਾਂ ਵੀ ਕੁਝ ਨਾ ਕੀਤਾ ਤਾਂ ਇਹ ਕਰੋੜਾਂ ਲੋਕਾਂ ਦੇ ਭਰੋਸੇ ਨੂੰ ਸੱਟ ਮਾਰਨ ਵਾਲੀ ਗੱਲ ਹੋਵੇਗੀ। ਇਨ੍ਹਾਂ ਚੋਣਾਂ ਦੌਰਾਨ ਚੋਣ ਕਮਿਸ਼ਨ ਦੀ ਸਖ਼ਤੀ ਦੇ ਬਾਵਜੂਦ ਨੋਟਾਂ ਤੇ ਲਾਲ ਪਰੀ ਦੀ ਖ਼ੂਬ ਵਰਤੋਂ ਹੋਈ। ਕਈ ਥਾਈਂ ਪਰਚੇ ਵੀ ਦਰਜ ਹੋਏਟਰੱਕਾਂ ਦੇ ਟਰੱਕ ਫੜੇ ਗਏਕਮਿਸ਼ਨ ਕੋਲ ਹਜ਼ਾਰਾਂ ਸ਼ਿਕਾਇਤਾਂ ਪੁੱਜੀਆਂਮੌੜ ਮੰਡੀ ਦਾ ਦਰਦਨਾਕ ਹਾਦਸਾ ਵਾਪਰਿਆ, ਪਰ ਲੋਕਤੰਤਰ ਦੀ ਜਿੱਤ ਹੋਈ ਹੈ।

ਆਮ ਧਾਰਨਾ ਹੈ ਕਿ ਜੇ ਬਹੁਤ ਜ਼ਿਆਦਾ ਵੋਟਾਂ ਪੋਲ ਹੋਣ ਤਾਂ ਲੋਕ ਸੱਤਾ ਧਿਰ ਖ਼ਿਲਾਫ਼ ਗੁੱਸਾ ਕੱਢਦੇ ਹਨ, ਪਰ ਐਤਕੀਂ ਦਾ ਅਸਲ ਸੱਚ 11 ਮਾਰਚ ਨੂੰ ਪਤਾ ਲੱਗੇਗਾ। ਇਹ ਸੱਚ ਹੈ ਕਿ ਇਸ ਵਾਰ ਸੱਤਾ ਧਿਰ ਨੂੰ ਡੇਰਿਆਂ ਦਾ ਆਸਰਾ ਵੀ ਬਚਾਉਂਦਾ ਨਹੀਂ ਜਾਪਦਾ। ਅਕਾਲੀ ਆਗੂਆਂ ’ਤੇ ਬਣੇ ਟੋਟਕੇ ਲੰਮਾ ਸਮਾਂ ਚੇਤੇ ਰਹਿਣਗੇ। ਉਡੀਕ ਬੱਸ ਨਤੀਜਿਆਂ ਦੀ ਹੈ ਤੇ ਨਤੀਜਿਆਂ ਮਗਰੋਂ ਕਈ ਜਿੱਤ ਦੇ ਢੋਲ ਵਜਾਉਣਗੇ ਤੇ ਕਈ ਹਾਰ ਦੇ ਕਾਰਨਾਂ ਦੀ ਪੜਚੋਲ ਕਰਨਗੇ। ਜਿਹੜੇ ਹਾਰਨਗੇ, ਉਨ੍ਹਾਂ ਨੂੰ ਅਗਲੀ ਵਾਰ ਲਈ ਹੋਰ ਮਿਹਨਤ ਕਰਨੀ ਪਵੇਗੀ ਤੇ ਜੋ ਜਿੱਤਣਗੇ, ਉਹ ਪੰਜਾਬ ਦੇ ਅਸਲ ਦਰਦਮੰਦ ਸਾਬਤ ਹੋਣ, ਇਸ ਦੀ ਅਸੀਂ ਕਾਮਨਾ ਕਰਦੇ ਹਾਂ।

*****

(591)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸ਼ੁਗਲੀ

ਐਡਵੋਕੇਟ ਗੁਰਮੀਤ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author