RameshSethi7ਰਜਿਸਟਰੀ ਦੀ ਤਰੀਖ ਤੋਂ ਇੱਕ ਦਿਨ ਪਹਿਲਾਂ ਉਹ ਮੇਰੇ ਕੋਲ ਆਇਆ  ...
(5 ਫਰਵਰੀ 2017)

 

ਜ਼ਿੰਦਗੀ ਵਿੱਚ ਸਾਨੂੰ ਬਹੁਤ ਸਾਰੇ ਕੰਮਾਂ ਲਈ ਕਿਸੇ ਨਾ ਕਿਸੇ ਦੀ ਸਿਫਾਰਿਸ਼ ਦੀ ਲੋੜ ਪੈਂਦੀ ਹੈ। ਕੰਮ ਕਰਵਾਉਣ ਲਈ ਤਾਂ ਅਜਿਹਾ ਕਰਨਾ ਹੀ ਪੈਂਦਾ ਹੈ। ਕਈ ਵਾਰੀ ਸਾਨੂੰ ਇੱਕ ਤੋਂ ਵੱਧ ਬੰਦਿਆਂ ਨੂੰ ਉਹੀ ਕੰਮ ਕਰਵਾਉਣ ਲਈ ਕਹਿਣਾ ਪੈਂਦਾ ਹੈ। ਤੇ ਕੋਈ ਸਾਡੀ ਸਿਫਾਰਿਸ਼ ਕਰਕੇ ਕੰਮ ਕਰਵਾ ਦਿੰਦਾ ਹੈ, ਤੇ ਕੋਈ ਪਰਵਾਹ ਹੀ ਨਹੀਂ ਕਰਦਾ। ਪਰ ਕੰਮ ਹੋ ਜਾਣ ’ਤੇ ਦੋਹਾਂ ਦਾ ਹੀ ਧੰਨਵਾਦ ਕਰਨਾ ਸਾਡਾ ਇਖਲਾਕੀ ਫਰਜ਼ ਬਣ ਜਾਂਦਾ ਹੈ। ਪਰ ਕਈ ਵਾਰੀ ਲੋਕ ਕੰਮ ਕਰਾਉਣ ਦਾ ਸਿਹਰਾ ਦੂਸਰੇ ਨੂੰ ਦੇ ਕੇ ਪਹਿਲੇ ਦਾ ਅਪਮਾਨ ਹੀ ਕਰ ਦਿੰਦੇ ਹਨ। ਜ਼ੁਬਾਨ ਨਾਲ ਧੰਨਵਾਦ ਕਰਨ ਨਾਲ ਸਾਡਾ ਕੁਝ ਨਹੀਂ ਘਸਦਾ। ਪਰ ਇਹ ਆਪਣੀ ਆਪਣੀ ਸੋਚ ਤੇ ਦਿਮਾਗ ’ਤੇ ਨਿਰਭਰ ਕਰਦਾ ਹੈ।

ਇਹ ਗੱਲ ਉਸ ਸਮੇਂ ਦੀ ਹੈ ਜਦੋਂ ਮੇਰੇ ਪਾਪਾ ਜੀ ਨਾਇਬ ਤਹਿਸੀਲਦਾਰ ਸਨ ਅਤੇ ਉਹਨਾਂ ਦੀ ਨਿਯੁਕਤੀ ਲੋਕਲ ਹੀ ਸੀ। ਮੈਂ ਕਦੇ ਵੀ ਕਿਸੇ ਦਫਤਰੀ ਕੰਮ ਵਿੱਚ ਕਿਸੇ ਤਰ੍ਹਾਂ ਦੀ ਦਖਲ ਅੰਦਾਜ਼ੀ ਨਹੀ ਸੀ ਕੀਤੀ। ਪਰ ਇੱਕ ਵਾਰ ਮੈਨੂੰ ਇਹ ਨਿਯਮ ਤੋੜਨਾ ਪਿਆ। ਹੋਇਆ ਇੰਜ ਕਿ ਮੇਰਾ ਇੱਕ ਦੋਸਤ, ਜੋ ਸਿੱਖਿਆ ਵਿਭਾਗ ਵਿੱਚ ਕੰਮ ਕਰਦਾ ਸੀ, ਮੇਰੇ ਕੋਲ ਕਈ ਵਾਰੀ ਆਇਆ ਕਿ ਉਸਨੇ ਪਲਾਟ ਦੀ ਰਜਿਸਟਰੀ ਕਰਵਾਉਣੀ ਹੈ, ਜਿਸਦਾ ਬਿਆਨਾ ਉਸਨੇ ਹਾਲ ਹੀ ਵਿੱਚ ਕੀਤਾ ਹੈ। ਤੇ ਮੈਂ ਆਪਣੇ ਪਾਪਾ ਜੀ ਨੂੰ ਕਹਿ ਕੇ ਉਸਦੀ ਵੱਧ ਤੋਂ ਵੱਧ ਮਦਦ ਕਰਵਾਵਾਂ ਤਾਂ ਕਿ ਦਫਤਰਾਂ ਵਿੱਚ ਹੁੰਦੀ ਖੱਜਲ ਖੁਆਰੀ ਤੋਂ ਉਸਦਾ ਬਚਾ ਕਰਵਾਇਆ ਜਾਵੇ। ਰਜਿਸਟਰੀ ਅਜੇ ਤਿੰਨ ਮਹੀਨਿਆਂ ਨੂੰ ਹੋਣੀ ਸੀ। ਪਰ ਉਹ ਜਦੋਂ ਵੀ ਮੈਨੂੰ ਮਿਲਦਾ ਤਾਂ ਸਿਫਾਰਿਸ਼ ਲਈ ਤਾਕੀਦ ਕਰਦਾ। ਮੈਂ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਜਿਸ ਦਿਨ ਰਜਿਸਟਰੀ ਹੋਣੀ ਹੋਈ, ਉਸ ਤੋਂ ਇੱਕ ਦਿਨ ਪਹਿਲਾਂ ਮੈਨੂੰ ਦੱਸ ਦੇਵੀਂ, ਤੇਰਾ ਕੰਮ ਹੋ ਜਾਵੇਗਾ। ਤੂੰ ਭੋਰਾ ਵੀ ਫਿਕਰ ਨਾ ਕਰ। ਪਰ ਕਿਉਂਕਿ ਉਹ ਜ਼ਿੰਦਗੀ ਵਿੱਚ ਪਹਿਲੀ ਵਾਰੀ ਕੋਈ ਪਲਾਟ ਖਰੀਦ ਰਿਹਾ ਸੀ ਅਤੇ ਉਸਨੇ ਮਾਲ ਵਿਭਾਗ ਬਾਰੇ ਬਹੁਤ ਸੁਣਿਆ ਸੀ, ਉਹ ਕਾਫੀ ਡਰਿਆ ਹੋਇਆ ਸੀ। ਉਹ ਜਦੋਂ ਵੀ ਮਿਲਦਾ, ਰਜਿਸਟਰੀ ਦੀ ਗੱਲ ਜ਼ਰੂਰ ਕਰਦਾ।

ਰਜਿਸਟਰੀ ਦੀ ਤਰੀਖ ਤੋਂ ਇੱਕ ਦਿਨ ਪਹਿਲਾਂ ਉਹ ਮੇਰੇ ਕੋਲ ਆਇਆ ਤੇ ਮੈਨੂੰ ਅਗਲੇ ਦਿਨ ਹੋਣ ਵਾਲੀ ਰਜਿਸਟਰੀ ਬਾਰੇ ਦੱਸਿਆ। ਮੈਂ ਆਪਣੇ ਪਾਪਾ ਜੀ ਨੂੰ ਉਸ ਬਾਰੇ ਅਤੇ ਉਸ ਦੇ ਕੰਮ ਬਾਰੇ ਦੱਸਿਆ ਤੇ ਉਸਦੀ ਪੁਰਜ਼ੋਰ ਸਿਫਾਰਿਸ਼ ਕਰ ਦਿੱਤੀ। ਮੈਂ ਸਬੰਧਿਤ ਕਲਰਕ ਤੇ ਤਹਿਸੀਲ ਦੇ ਸੇਵਾਦਾਰ ਨੂੰ ਵੀ ਫੋਨ ਕਰਕੇ ਕਹਿ ਦਿੱਤਾ।

ਅਗਲੇ ਦਿਨ ਪਹਿਲ ਦੇ ਆਧਾਰ ’ਤੇ ਉਸ ਦਾ ਕੰਮ ਹੋ ਗਿਆ। ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੋਈ।

ਪਰ ਕੁਦਰਤੀ ਮੇਰੇ ਦੋਸਤ ਦੇ ਸਹੁਰਾ ਸਾਹਿਬ ਮੇਰੇ ਪਾਪਾ ਜੀ ਦੇ ਪੁਰਾਣੇ ਜਾਣਕਾਰ ਨਿਕਲ ਆਏ ਤੇ ਪਾਪਾ ਜੀ ਨੇ ਉਹਨਾਂ ਦਾ ਹੋਰ ਵੀ ਅਦਬ ਸਤਿਕਾਰ ਕੀਤਾ ਤੇ ਚਾਹ ਆਦਿ ਵੀ ਪਿਲਾਈ।

“ਓਏ ਯਾਰ ਸੇਠੀ, ਮੈਂ ਐਵੇਂ ਹੀ ਤੇਰੀਆਂ ਸਿਫਾਰਿਸ਼ਾਂ ਪਵਾਉਂਦਾ ਰਿਹਾ, ... ਤੇਰੇ ਪਾਪਾ ਜੀ ਤਾਂ ਮੇਰੇ ਸਹੁਰਾ ਸਾਹਿਬ ਦੇ ਪੁਰਾਣੇ ਲਿਹਾਜੀ ਹਨ। ਉਹਨਾਂ ਸਾਡਾ ਕੰਮ ਵੀ ਕਰ ਦਿੱਤਾ ਤੇ ਦਫਤਰ ਵਿੱਚ ਚਾਹ ਵੀ ਪਿਲਾਈ।” ਉਸੇ ਦਿਨ ਸ਼ਾਮੀ ਮੇਰੇ ਦੋਸਤ ਨੇ ਮੈਨੂੰ ਸ਼ਾਬਾਸ਼ ਦਿੰਦੇ ਹੋਏ ਨੇ ਕਿਹਾ।

ਮੈਨੂੰ ਆਪਣੇ ਦੋਸਤ ਦੇ ਵਤੀਰੇ ਤੇ ਹੈਰਾਨੀ ਹੋਈ। ਉਸਦੇ ਬੋਲ ਮੇਰੇ ਲਈ ਦਾਗੀ ਗਈ ਮਿਜ਼ਾਇਲ ਤੋਂ ਘੱਟ ਨਹੀਂ ਸਨ।

*****

(590)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

   

About the Author

ਰਮੇਸ਼ ਸੇਠੀ ਬਾਦਲ

ਰਮੇਸ਼ ਸੇਠੀ ਬਾਦਲ

Phone: (91 - 98766 - 27233)
Email: (rameshsethibadal@gmail)