ManjitSBhatti7“ਪੁੱਤਰ ਦੇ ਪਾਸ ਹੋਣ ’ਤੇ ਖੁਸ਼ੀ ਨਾਲ ਧੋਤੀ ਤੇ ਕੁੜਤੇ ਦੀ ਸੇਵਾ ਕਰ ਜਾਇਓ ...”
(4 ਫਰਵਰੀ 2017)

 

ਸਾਡੇ ਪੁੱਤਰ ਨੇ ਇਸ ਵਾਰ ਦਸਵੀਂ ਦੇ ਪੇਪਰ ਦੇਣੇ ਸਨ। ਪੜ੍ਹਨ ਨੂੰ ਉਹ ਠੀਕ-ਠਾਕ ਹੀ ਸੀ, ਇਸ ਕਰਕੇ ਮੇਰੀ ਘਰਵਾਲੀ ਕਾਫ਼ੀ ਤਣਾਓ ਵਿੱਚ ਰਹਿੰਦੀ ਸੀ। ਜਦੋਂ ਪੇਪਰਾਂ ਵਿੱਚ ਪੰਜ-ਸੱਤ ਕੁ ਦਿਨ ਰਹਿੰਦੇ ਸਨ ਤਾਂ ਘਰਵਾਲੀ ਮੈਨੂੰ ਕਹਿਣ ਲੱਗੀ ਕਿ ਉਸਦੀ ਸਹੇਲੀ ਦਾ ਮੁੰਡਾ ਵੀ ਪੜ੍ਹਾਈ ਵਿੱਚ ਧਿਆਨ ਨਹੀਂ ਸੀ ਦਿੰਦਾ ਤੇ ਉਹ ਕਾਲਕਾ ਦੇ ਇੱਕ ਪੰਡਿਤ ਕੋਲ ‘ਪੁੱਛ’ ਲਈ ਗਏ ਸੀ, ਜਿਸ ਨੇ ਉਸ ਲਈ ਛੋਟੀਆਂ ਇਲਾਇਚੀਆਂ ਮੰਤਰ ਕੇ ਦਿੱਤੀਆਂ ਸਨ। ਉਹ ਇਲਾਇਚੀਆਂ ਮੁੰਡੇ ਨੇ ਪੇਪਰਾਂ ਦੇ ਦਿਨਾਂ ਵਿੱਚ ਚਾਹ ਵਿੱਚ ਪਾ ਕੇ ਲਈਆਂ ਸਨ। ਇਸ ਨਾਲ ਮੁੰਡੇ ਦੇ ਵਧੀਆ ਨੰਬਰ ਆਏ ਸਨ। ਆਪਾਂ ਵੀ ਕੱਲ੍ਹ ਨੂੰ ਉੱਥੇ ਜਾ ਕੇ ਆਉਣਾ ਹੈ। ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ। ਜੇ ਇਕ ਵਾਰ ਫੇਲ੍ਹ ਹੋ ਗਿਆ ਤਾਂ ਫਿਰ ਗੱਡੀ ਲੀਹ ਤੋਂ ਉੱਤਰ ਜਾਣੀ ਹੈ। - ਇਹ ਸਾਰਾ ਕੁਝ ਸੁਣ ਕੇ ਮੈਂ ਫਸ ਜਿਹਾ ਗਿਆ। ਫਿਰ ਸੋਚਿਆ ਕਿ ਇੱਕੋ-ਇੱਕ ਮੁੰਡਾ ਹੈ ਜੇ ਫੇਲ੍ਹ ਹੋ ਗਿਆ ਤਾਂ ਸਾਰੀ ਗੱਲ ਮੇਰੇ ’ਤੇ ਆ ਜਾਣੀ ਹੈ। ਮੈਂ ਨਾ ਚਾਹੁੰਦੇ ਹੋਏ ਵੀ ਪੰਡਿਤ ਕੋਲ ਜਾਣ ਲਈ ਹਾਮੀ ਭਰ ਦਿੱਤੀ।

ਅਗਲੇ ਦਿਨ ਹੀ ਸਵੇਰੇ ਅਸੀਂ ਕਾਲਕਾ ਪੰਡਿਤ ਜੀ ਦੇ ਘਰ ਪਹੁੰਚ ਗਏ। ਪੰਡਿਤ ਦੇ ਨੌਕਰ ਨੇ ਸਾਨੂੰ ਇੱਕ ਟੋਕਨ ਦਿੱਤਾ ਜਿਸ ’ਤੇ ਨੌਂ ਨੰਬਰ ਲਿਖਿਆ ਹੋਇਆ ਸੀ। ਉਸ ਨੇ ਸਾਨੂੰ ਇਹ ਵੀ ਸਮਝਾ ਦਿੱਤਾ ਸੀ ਕਿ ਜਦੋਂ ਪੰਡਿਤ ਜੀ ਨੌਂ ਨੰਬਰ ਕਹਿ ਕੇ ਆਵਾਜ਼ ਦੇਣ ਤਾਂ ਅਸੀਂ ਅੰਦਰ ਜਾਣਾ ਹੈ। ਘੰਟੇ ਕੁ ਬਾਅਦ ਸਾਡਾ ਨੰਬਰ ਆਇਆ। ਅਸੀਂ ਪੰਡਿਤ ਜੀ ਨੂੰ ਨਮਸਕਾਰ ਕੀਤੀ, ਉਨ੍ਹਾਂ ਦੇ ਬਰਾਬਰ ਪਈ ਇੱਕ ਬਾਬੇ ਦੀ ਫੋਟੋ ਅੱਗੇ ਸੌ ਰੁਪਏ ਦਾ ਨੋਟ ਰੱਖ ਕੇ ਮੱਥਾ ਟੇਕਣ ਉਪਰੰਤ ਪੰਡਿਤ ਜੀ ਦੇ ਸਾਹਮਣੇ ਬੈਠ ਗਏ। ਪੰਡਤ ਜੀ ਦੇ ਪੁੱਛਣ ’ਤੇ ਅਸੀਂ ਦੱਸ ਦਿੱਤਾ ਕਿ ਅਸੀਂ ਚੰਡੀਗੜ੍ਹ ਤੋਂ ਆਏ ਹਾਂ। ਮੇਰੀ ਘਰਵਾਲੀ ਨੇ ਬੇਟੇ ਵੱਲੋਂ ਪੜ੍ਹਾਈ ਵੱਲ ਘੱਟ ਧਿਆਨ ਦੇਣ ਬਾਰੇ ਸਾਰੀ ਗੱਲ ਸਮਝਾ ਦਿੱਤੀ। ਗੱਲ ਸੁਣਨ ਤੋਂ ਬਾਅਦ ਪੰਡਿਤ ਜੀ ਨੇ ਮੈਨੂੰ ਸਾਹਮਣੇ ਵਾਲੀ ਦੁਕਾਨ ਤੋਂ ਪੰਜਾਹ ਰੁਪਏ ਦੀਆਂ ਛੋਟੀਆਂ ਇਲਾਇਚੀਆਂ ਲਿਆਉਣ ਲਈ ਕਿਹਾ। ਮੈਂ ਇਲਾਇਚੀਆਂ ਲਿਆ ਕੇ ਦੇ ਦਿੱਤੀਆਂ। ਪੰਡਿਤ ਜੀ ਨੇ ਬੇਟੇ ਦਾ ਨਾਂ, ਜਨਮ ਤਰੀਕ ਤੇ ਜਨਮ ਦੇ ਸਮੇਂ ਬਾਰੇ ਪੁੱਛਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਲਾਇਚੀਆਂ ਦੀ ਪੁੜੀ ਖੋਲ੍ਹੀ ਤੇ ਪੰਜ ਮਿੰਟ ਉਸ ਨੂੰ ਹੱਥ ਵਿੱਚ ਫੜ ਕੇ ਕੋਈ ਮੰਤਰ ਪੜ੍ਹਿਆ। ਇਸ ਮਗਰੋਂ ਇਲਾਇਚੀਆਂ ਵਾਲੀ ਪੁੜੀ ਸਾਨੂੰ ਫੜਾਉਂਦੇ ਹੋਏ ਪੰਡਿਤ ਜੀ ਬੋਲੇ, “ਫ਼ਿਕਰ ਕਰਨ ਦੀ ਕੋਈ ਲੋੜ ਨਹੀਂ, ਤੁਹਾਡਾ ਮੁੰਡਾ ਤਾਂ ਬਹੁਤ ਵਧੀਆ ਬੱਚਿਆਂ ਵਿੱਚੋਂ ਹੈ। ਉਹ ਚੰਗੇ ਨੰਬਰਾਂ ਵਿੱਚ ਪਾਸ ਹੋਵੇਗਾ। ਪੁੱਤਰ ਦੇ ਪਾਸ ਹੋਣ ’ਤੇ ਖੁਸ਼ੀ ਨਾਲ ਧੋਤੀ ਤੇ ਕੁੜਤੇ ਦੀ ਸੇਵਾ ਕਰ ਜਾਇਓ।”

ਫਿਰ ਪੰਡਿਤ ਜੀ ਮੇਰੇ ਵੱਲ ਮੂੰਹ ਕਰਕੇ ਕਹਿਣ ਲੱਗੇ, “ਅੱਜ ਤੋਂ ਬਾਅਦ ਜਿੰਨੇ ਦਿਨਾਂ ਤਕ ਪੇਪਰ ਹੋਣੇ ਹਨ, ਘਰ ਵਿੱਚ ਮੀਟ ਤੇ ਸ਼ਰਾਬ ਦੀ ਵਰਤੋਂ ਨਹੀਂ ਕਰਨੀ।”

ਮੁੰਡੇ ਦੇ ਵਧੀਆ ਨੰਬਰ ਆਉਣ ਉੱਤੇ ਧੋਤੀ ਤੇ ਕੁੜਤਾ ਦੇਣ ਦਾ ਵਾਅਦਾ ਕਰਕੇ ਅਸੀਂ ਵਾਪਸ ਚੰਡੀਗੜ੍ਹ ਪਹੁੰਚ ਗਏ।

ਦੂਜੇ ਦਿਨ ਸ਼ਾਮ ਨੂੰ ਮੇਰੀ ਸੱਸ ਆ ਗਈ। ਬੇਟੇ ਦੇ ਪਹਿਲੇ ਪੇਪਰ ਵਾਲੇ ਦਿਨ ਉਸ ਦੇ ਸਕੂਲ ਜਾਣ ਤੋਂ ਪਹਿਲਾਂ ਮੈਂ ਇੱਕ ਵਾਰ ਉਸ ਨੂੰ ਆਪਣਾ ਸਾਰਾ ਸਮਾਨ, ਰੋਲ ਨੰਬਰ, ਸ਼ਨਾਖਤੀ ਕਾਰਡ ਤੇ ਪੈੱਨ ਵਗੈਰਾ ਚੈੱਕ ਕਰਨ ਲਈ ਕਿਹਾ। ਉਸ ਨੇ ਕਿਹਾ ਕਿ ਸਾਰਾ ਕੁਝ ਠੀਕ ਹੈ, ਮੈਂ ਚੈੱਕ ਕਰਕੇ ਹੀ ਪਾਇਆ ਹੈ। ਪਰ ਮੇਰੀ ਤਸੱਲੀ ਨਹੀਂ ਸੀ ਹੋਈ। ਜਦੋਂ ਮੈਂ ਉਸਦਾ ਬੈਗ ਆਪ ਚੈੱਕ ਕਰਨ ਲੱਗਾ ਤਾਂ ਦੇਖਿਆ ਕਿ ਜਿਹੜੇ ਦੋ ਪੈੱਨ ਮੈਂ ਉਸਦੇ ਪੇਪਰਾਂ ਲਈ ਲਿਆ ਕੇ ਦਿੱਤੇ ਸਨ ਉਹ ਤਾਂ ਬੈਗ ਵਿੱਚ ਹੈ ਹੀ ਨਹੀਂ ਸਨ। ਜਦੋਂ ਮੈਂ ਇਸ ਬਾਰੇ ਆਪਣੇ ਘਰਵਾਲੀ ਤੋਂ ਪੁੱਛਿਆ ਤਾਂ ਉਹ ਮੈਨੂੰ ਬਹਾਨੇ ਨਾਲ ਦੂਜੇ ਕਮਰੇ ਵਿੱਚ ਲਿਜਾ ਕੇ ਕਹਿਣ ਲੱਗੀ, “ਪਲੀਜ਼ ਇਸ ਨੂੰ ਇਹੀ ਪੈੱਨ ਲਿਜਾਣ ਦਿਓ। ਇਹ ਵੀ ਬਹੁਤ ਵਧੀਆ ਹਨ। ਇਹ ਪੈੱਨ ਬੀਬੀ ਲੁਧਿਆਣਾ ਦੇ ਇੱਕ ਪੰਡਿਤ ਕੋਲੋਂ ‘ਮੰਤਰ ਕਰਵਾ ਕੇ’ ਲਿਆਈ ਹੈ। ਇਹ ਸੁਣ ਕੇ ਮੈਂ ਬਹੁਤ ਹੈਰਾਨ ਹੋ ਗਿਆ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖ਼ਿਰ ਇਹ ਹੋ ਕੀ ਰਿਹਾ ਹੈ। ਇਹੋ ਜਿਹੀ ਪੜ੍ਹਾਈ ਕਰਕੇ ਉਹ ਅੱਗੇ ਕੀ ਕਰੇਗਾ, ਅਸੀਂ ਕਿਸ ਰਸਤੇ ਚੱਲ ਪਏ ਹਾਂ।

ਇਹ ਸਾਰਾ ਕੁਝ ਸੋਚ ਕੇ ਮੈਂ ਦੁਖੀ ਤਾਂ ਬਹੁਤ ਹੋਇਆ ਪਰ ਪੇਪਰਾਂ ਤਕ ਸ਼ਾਂਤ ਰਿਹਾ। ਸਾਰੇ ਪੇਪਰ ਠੀਕ-ਠਾਕ ਹੋ ਗਏ ਸਨ, ਪਰ ਜਦੋਂ ਨਤੀਜਾ ਆਇਆ ਤਾਂ ਮੁੰਡਾ ਮੇਰੇ ਕਿਆਸ ਮੁਤਾਬਿਕ ਫੇਲ੍ਹ ਹੋ ਗਿਆ ਸੀ। ਨਾ ਪੰਡਿਤ ਜੀ ਦੀਆਂ ਦਿੱਤੀਆਂ ਕਰਾਮਾਤੀ ਇਲਾਇਚੀਆਂ ਕੰਮ ਆਈਆਂ ਅਤੇ ਨਾ ਹੀ ਮੇਰੀ ਸੱਸ ਦੇ ਲੁਧਿਆਣੇ ਵਾਲੇ ਕਿਸੇ ਪੰਡਿਤ ਤੋਂ ‘ਮੰਤਰ ਕਰਵਾ ਕੇ’ ਲਿਆਂਦੇ ਗਏ ਪੈੱਨ ਕੋਈ ਜਾਦੂ ਦਿਖਾ ਸਕੇ।

*****

(588)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮਨਜੀਤ ਸਿੰਘ ਭੱਟੀ

ਮਨਜੀਤ ਸਿੰਘ ਭੱਟੀ

Phone: (91 - 94630 - 49825)
Email: (bhattimanjitsingh93@gmail.com)