GSGurditt7ਜੇ ਕਿਸੇ ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਵਿੱਚ ਗਿਆਨ ਵੰਡਣਾ ਹੀ ਨਾ ਆਇਆ ਤਾਂ ...
(3 ਫਰਵਰੀ 2017)


ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ ਕਿਉਂਕਿ ਸਾਰੇ ਲੋਕਤੰਤਰੀ ਦੇਸ਼ਾਂ ਵਿੱਚੋਂ ਇਸ ਦੀ ਆਬਾਦੀ ਸਭ ਤੋਂ ਵੱਧ ਹੈ। ਇੰਦਰਾ ਗਾਂਧੀ ਦੀ
1975 ਤੋਂ 1977 ਵਾਲੀ 21 ਮਹੀਨਿਆਂ ਦੀ ਐਮਰਜੈਂਸੀ ਨੂੰ ਛੱਡ ਦੇਈਏ ਤਾਂ 1951-52 ਵਿੱਚ ਹੋਈਆਂ ਪਹਿਲੀਆਂ ਆਮ ਚੋਣਾਂ ਤੋਂ ਲੈ ਕੇ 2017 ਤੱਕ, ਤਕਰੀਬਨ 63 ਸਾਲ ਨਿਰੋਲ ਲੋਕਤੰਤਰ ਦਾ ਹੀ ਸਮਾਂ ਰਿਹਾ ਹੈ। ਇਸ ਸਮੇਂ ਦੌਰਾਨ ਸਾਡੀ ਹਰ ਸਰਕਾਰ ਸਾਡੇ ਲੋਕਾਂ ਦੁਆਰਾ ਹੀ ਚੁਣੀ ਗਈ ਹੈ। ਪਰ ਫਿਰ ਵੀ ਸਫਲਤਾ ਨਾਲ ਸਰਕਾਰਾਂ ਚਲਾਉਣ ਨੂੰ ਹੀ ਸਫਲ ਲੋਕਤੰਤਰ ਕਹਿ ਦੇਣਾ ਤਰਕਸੰਗਤ ਨਹੀਂ ਹੋਵੇਗਾ। ਜੇਕਰ ਅਜੇ ਵੀ ਅਫਰੀਕਾ ਦੇ ਸਭ ਤੋਂ ਵੱਧ ਪਛੜੇ ਦੇਸ਼ਾਂ ਨਾਲੋਂ ਜ਼ਿਆਦਾ ਗਰੀਬ ਆਬਾਦੀ, ਸਾਡੇ ਦੇਸ਼ ਵਿੱਚ ਹੀ ਰਹਿੰਦੀ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਜੀਵਨ ਪੱਧਰ ਪਸ਼ੂਆਂ ਤੋਂ ਵੀ ਬਦਤਰ ਹੈ ਤਾਂ ਸਾਡੇ ਲਈ ਇਹ ਸੋਚਣ ਦੀ ਘੜੀ ਤਾਂ ਜਰੂਰ ਹੈ ਕਿ ਜਿਹੜੇ ਲੋਕਤੰਤਰ ਦੇ ਸਿਸਟਮ ਨਾਲ ਪੱਛਮੀ ਦੇਸ਼ ਇੰਨੀ ਅੱਗੇ ਨਿਕਲ ਗਏ ਹਨ ਤਾਂ ਸਾਡੇ ਦੇਸ਼ ਵਿੱਚ ਉਹ ਸਭ ਕੁਝ ਸੰਭਵ ਕਿਉਂ ਨਹੀਂ ਹੋ ਸਕਿਆ।

ਪੱਛਮੀ ਲੋਕਤੰਤਰੀ ਦੇਸ਼ਾਂ ਦੀ ਰਾਜਨੀਤਕ ਪ੍ਰਣਾਲੀ ਦਾ ਸਾਡੀ ਪ੍ਰਣਾਲੀ ਨਾਲ ਮੁਕਾਬਲਾ ਕਰਨ ਤੋਂ ਬਾਅਦ ਸਾਨੂੰ ਇਸ ਸਵਾਲ ਦਾ ਜਵਾਬ ਸਪਸ਼ਟ ਰੂਪ ਵਿੱਚ ਮਿਲ ਜਾਂਦਾ ਹੈ। ਸਾਨੂੰ ਪਤਾ ਲੱਗਦਾ ਹੈ ਕਿ ਲੋਕਤੰਤਰ ਦਾ ਸਿਸਟਮ ਮਾੜਾ ਨਹੀਂ ਹੈ ਪਰ ਅਸੀਂ ਇਸ ਸਿਸਟਮ ਨੂੰ ਚਲਾਉਣ ਵਾਲੇ ਮਾੜੇ ਚੁਣੇ ਹੋਏ ਹਨ। ਮਾੜੇ ਡਰਾਈਵਰ ਦੀ ਗਲਤੀ ਨਾਲ ਐਕਸੀਡੈਂਟ ਹੋ ਜਾਵੇ ਤਾਂ ਉਸ ਗੱਡੀ ਦੇ ਮਾਡਲ ਨੂੰ ਨਹੀਂ ਨਿੰਦਿਆ ਜਾ ਸਕਦਾ। ਜਿਹੜੇ ਮਕੈਨਿਕ ਨੂੰ ਸਕੂਟਰ ਦੀ ਸਰਵਿਸ ਵੀ ਨਾ ਕਰਨੀ ਆਉਂਦੀ ਹੋਵੇ, ਜੇ ਅਸੀਂ ਉਸ ਨੂੰ ਸਕੂਟਰ ਦਾ ਪੂਰਾ ਇੰਜਣ ਹੀ ਖੋਲ੍ਹਣ ਨੂੰ ਫੜਾ ਦੇਵਾਂਗੇ ਤਾਂ ਉਹ ਸਾਰੀਆਂ ਗਰਾਰੀਆਂ ਭੰਨ ਕੇ ਹੀ ਵਾਪਸ ਕਰੇਗਾ। ਸਾਡੀ ਲੋਕਤੰਤਰ ਰੂਪੀ ਮਸ਼ੀਨ ਦੀਆਂ ਗਰਾਰੀਆਂ ਵੀ ਅਣਜਾਣ ਮਿਸਤਰੀਆਂ ਨੇ ਹੀ ਭੰਨ ਛੱਡੀਆਂ ਹਨ। ਸਾਡਾ ਭਾਰਤੀ ਲੋਕਤੰਤਰ ਘੋਟਾਲੇਬਾਜ਼ ਆਗੂਆਂ ਦੇ ਵੱਸ ਪੈ ਗਿਆ ਹੈ। ਇਸ ਉੱਤੇ ਫਿਰਕਾਪ੍ਰਸਤ ਅਤੇ ਭ੍ਰਿਸ਼ਟ ਜੁੰਡਲੀ ਦਾ ਕਬਜ਼ਾ ਹੋ ਗਿਆ ਹੈ। ਧਰਮਾਂ ਅਤੇ ਜਾਤਾਂ ਵਾਲਿਆਂ ਨੇ ਇਸ ਦੀ ਰੂਹ ਮਾਰ ਦਿੱਤੀ ਹੈ। ਅਸਲ ਵਿੱਚ ਸਾਡਾ ਲੋਕਤੰਤਰ ਉਸ ਸੁਣੱਖੀ ਪਰੀ ਵਰਗਾ ਹੈ ਜਿਸਨੂੰ ਕੋਈ 'ਕਾਣਾ ਦੈਂਤ' ਅਗਵਾ ਕਰਕੇ ਲੈ ਜਾਵੇ। ਸ਼ਰੀਫ਼ ਅਤੇ ਸੰਗਾਊ ਧੀ ਨੂੰ, ਲੁੱਚਿਆਂ ਦੇ ਟੱਬਰ ਵਿਚ ਵਿਆਹ ਦਿਉਗੇ ਤਾਂ ਉਹ ਤਾਂ ਵਿਚਾਰੀ ਜਿਉਂਦੀ ਹੋਈ ਵੀ ਲਾਸ਼ ਹੀ ਬਣੀ ਰਹੇਗੀ।

ਅਸੀਂ ਆਪਣੇ ਲੋਕਤੰਤਰ ਦੀ ਡੋਰ ਆਮ ਕਰਕੇ ਨਲਾਇਕ ਲੋਕਾਂ ਦੇ ਹੱਥ ਫੜਾ ਬੈਠਦੇ ਹਾਂ ਕਿਉਂਕਿ ਅਸੀਂ ਵੋਟ ਦੀ ਅਸਲ ਤਾਕਤ ਨੂੰ ਕਦੇ ਸਮਝਦੇ ਹੀ ਨਹੀਂ। ਅਸੀਂ ਬਹੁਤ ਸਾਰੇ ਅਜਿਹੇ ਕਾਨੂੰਨ ਨਿਰਮਾਤਾ ਚੁਣ ਬੈਠਦੇ ਹਾਂ ਜਿਹੜੇ ਖੁਦ ਕਿਸੇ ਕਾਨੂੰਨ ਨੂੰ ਮੰਨਦੇ ਹੀ ਨਹੀਂ ਹੁੰਦੇ। ਇਸ ਲਈ ਸਾਡੇ ਦੇਸ਼ ਵਿੱਚ ਕਾਨੂੰਨ ਦਾ ਨਹੀਂ ਬਲਕਿ ਕੁਝ ਵਿਅਕਤੀਆਂ ਦਾ ਹੀ ਰਾਜ ਚੱਲਦਾ ਰਹਿੰਦਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਲੋਕਾਂ ਨੂੰ ਵੋਟ ਦੇ ਹੱਕ ਪ੍ਰਤੀ ਜਾਗਰੂਕ ਕਰਨ ਲਈ ਸਾਡੇ ਪੜ੍ਹੇ-ਲਿਖੇ ਲੋਕ ਘੱਟ ਹੀ ਅੱਗੇ ਆਉਂਦੇ ਹਨ। ਬਹੁਤੇ ਬੁੱਧੀਜੀਵੀ ਖੁਦ ਤਾਂ ਵੋਟ ਪਾਉਂਦੇ ਹੀ ਨਹੀਂ ਪਰ ਜਿਹੜੇ ਲੋਕ ਚੋਣ ਬੂਥਾਂ ਉੱਤੇ ਕਤਾਰਾਂ ਬਣਾ ਕੇ ਖੜ੍ਹੇ ਹੁੰਦੇ ਹਨ, ਉਹਨਾਂ ਨੂੰ ਉਹ ਲਾਈਲੱਗ ਕਹਿ ਛੱਡਦੇ ਹਨ। ਪਰ ਸਵਾਲ ਤਾਂ ਇਹ ਹੈ ਕਿ ਉਹਨਾਂ ਲਾਈਲੱਗਾਂ ਨੂੰ ਅਸੀਂ ਬੁੱਧੀਜੀਵੀ ਲੋਕ ਆਪਣੇ ਨਾਲ ਕਿਉਂ ਨਹੀਂ ਜੋੜ ਸਕੇ? ਜੇਕਰ ਅਸੀਂ ਸਮਝਦੇ ਹਾਂ ਕਿ 65 ਸਾਲਾਂ ਤੋਂ ਵੋਟਾਂ ਗਲਤ ਲੋਕਾਂ ਨੂੰ ਪੈ ਰਹੀਆਂ ਹਨ ਤਾਂ ਦੋਸ਼ੀ ਤਾਂ ਅਸੀਂ ਵੀ ਹੋਏ ਕਿਉਂਕਿ ਅਸੀਂ ਇਸ ਗਲਤ ਰੁਝਾਨ ਨੂੰ ਰੋਕਣ ਲਈ ਕੁਝ ਕਰ ਹੀ ਨਹੀਂ ਸਕੇ। ਜੇਕਰ ਵੋਟਾਂ ਪਾਉਣ ਵਾਲੇ ਲਾਈਲੱਗ ਬਣੇ ਰਹੇ ਹਨ ਤਾਂ ਅਸੀਂ ਬਹੁਤੇ ਸਮਝਦਾਰਾਂ ਨੇ ਖੁਦ ਕੋਈ ਮਿਸਾਲ ਕਿਉਂ ਨਾ ਕਾਇਮ ਕੀਤੀ? ਜੇਕਰ ਅਸੀਂ ਸਹੀ ਰਸਤੇ ਬਾਰੇ ਜਾਣਦੇ ਹੋਏ ਵੀ ਹੋਰਾਂ ਨੂੰ ਉਹ ਰਸਤਾ ਨਹੀਂ ਵਿਖਾ ਸਕੇ ਤਾਂ ਸਾਡੀ ਸਿਆਣਪ ਕਿਹੜੇ ਕੰਮ ਆਈ? ਜੇ ਕਿਸੇ ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਵਿੱਚ ਗਿਆਨ ਵੰਡਣਾ ਹੀ ਨਾ ਆਇਆ ਤਾਂ ਗਿਆਨ ਦੀਆਂ ਪੰਡਾਂ ਬੰਨ੍ਹ ਕੇ, ਬੋਝ ਚੁੱਕੀ ਫਿਰਨ ਦਾ ਫਾਇਦਾ ਕੀ ਹੋਇਆ?

ਅਸੀਂ ਕਹਿੰਦੇ ਹਾਂ ਕਿ ਵੋਟਾਂ ਨਾਲ ਇਨਕਲਾਬ ਨਹੀਂ ਆ ਸਕਦਾ ਕਿਉਂਕਿ ਲੋਕਾਂ ਨੂੰ ਪੈਸੇ ਦੇ ਕੇ ਭਰਮਾ ਲਿਆ ਜਾਂਦਾ ਹੈ ਅਤੇ ਉਹ ਗਲਤ ਅਨਸਰਾਂ ਨੂੰ ਵੋਟਾਂ ਪਾ ਦਿੰਦੇ ਹਨ। ਪਰ ਇੱਕ ਵਿਧਾਨ ਸਭਾ ਹਲਕੇ ਵਿੱਚਜੇਕਰ ਔਸਤਨ 2 ਲੱਖ ਵੋਟਰ ਵੀ ਮੰਨੀਏ, ਤਾਂ ਉਹਨਾਂ ਵਿੱਚੋਂ ਕੋਈ ਡੇਢ ਲੱਖ ਲੋਕ ਤਾਂ ਜ਼ਰੂਰ ਹੀ ਵੋਟਾਂ ਪਾਉਂਦੇ ਹਨ। ਫਿਰ ਉਹ ਸਾਰੇ ਹੀ ਤਾਂ ਪੈਸੇ ਲੈ ਕੇ ਵੋਟਾਂ ਨਹੀਂ ਪਾਉਂਦੇ। ਜੇਕਰ ਇੱਕ ਹਲਕੇ ਵਿੱਚ ਵੱਧ ਤੋਂ ਵੱਧ 35 ਹਜ਼ਾਰ ਲੋਕ ਵੀ ਆਪਣੀ ਵੋਟ ਵੇਚਦੇ ਹੋਣ ਅਤੇ ਹਰ ਹਲਕੇ ਵਿੱਚ 15 ਹਜ਼ਾਰ ਵੋਟਰ, ਸਿਆਸੀ ਆਗੂਆਂ ਦੇ ਨੇੜਲੇ ਜਾਂ ਬਹੁਤ ਅਮੀਰ ਲੋਕ ਵੀ ਮੰਨ ਲਈਏ ਤਾਂ ਫਿਰ ਵੀ ਬਾਕੀ ਇੱਕ ਲੱਖ ਵੋਟਰ ਤਾਂ ਆਮ ਲੋਕ ਹੀ ਹੁੰਦੇ ਹਨ। ਜੇਕਰ ਡੇਢ ਲੱਖ ਵਿੱਚੋਂ ਉਹ ਇੱਕ ਲੱਖ ਲੋਕ ਹੀ ਵੋਟ ਦੀ ਸਹੀ ਵਰਤੋਂ ਕਰ ਲੈਣ ਤਾਂ ਉਮੀਦਵਾਰ ਵੀ ਉਹਨਾਂ ਦੀ ਮਰਜ਼ੀ ਦਾ ਜਿੱਤੇਗਾ ਅਤੇ ਸਰਕਾਰ ਵੀ ਉਹਨਾਂ ਦੀ ਮਰਜ਼ੀ ਦੀ ਹੀ ਬਣੇਗੀ। ਜੇ ਉਹਨਾਂ ਨੂੰ ਅਸੀਂ ਵੋਟ ਦੇ ਸਹੀ ਹੱਕ ਬਾਰੇ ਜਾਗਰੂਕ ਨਹੀਂ ਕਰ ਸਕੇ ਤਾਂ ਕਸੂਰ ਕਿਸਦਾ ਹੋਇਆ?

ਕਈ ਵਿਦਵਾਨ ਤਾਂ ਇੰਨਾ ਕਹਿ ਕੇ ਹੀ ਆਪਣਾ ਫਰਜ਼ ਨਿਭਾ ਛੱਡਦੇ ਹਨ ਕਿ ਸਾਰੀਆਂ ਸਿਆਸੀ ਪਾਰਟੀਆਂ ਹੀ ਝੂਠੀਆਂ ਹਨ। ਇਸ ਲਈ ਉਹ ਵਿਦਵਾਨ ਇਹਨਾਂ ਪਾਰਟੀਆਂ ਨਾਲ ਜੁੜੇ ਲੋਕਾਂ ਨੂੰ ਭੇਡਾਂ ਦਾ ਸਰਟੀਫਿਕੇਟ ਵੀ ਦੇ ਦਿੰਦੇ ਰਹਿੰਦੇ ਹਨ। ਪਰ ਸਵਾਲ ਤਾਂ ਇਹ ਹੈ ਕਿ ਜੇਕਰ ਵੋਟਾਂ ਪਾਉਣ ਨਾਲ ਕੁਝ ਨਹੀਂ ਬਦਲ ਸਕਦਾ ਤਾਂ ਜਨਤਾ ਨੂੰ ਕੋਈ ਹੋਰ ਨਵਾਂ ਰਾਹ ਵਿਖਾਉਣ ਦੀ ਵੀ ਤਾਂ ਲੋੜ ਹੈ। ਸਿਰਫ ਨਿੰਦਿਆ ਕਰਨ ਨਾਲ ਜਾਂ ਆਮ ਲੋਕਾਂ ਦਾ ਮਖੌਲ ਉਡਾਉਣ ਨਾਲ ਤਾਂ ਕੁਝ ਨਹੀਂ ਹਾਸਲ ਹੋ ਜਾਣਾ। ਕੀ ਮੌਜੂਦਾ ਸਮੇਂ ਸਾਡੇ ਕੋਲ ਵੋਟਾਂ ਪਾ ਕੇ ਚੁਣਨ ਤੋਂ ਇਲਾਵਾ ਹੋਰ ਕੋਈ ਨਵਾਂ ਢੰਗ ਹੈ ਜੋ ਅੱਜ ਦੇ ਸਮੇਂ ਵਿੱਚ ਕਾਮਯਾਬ ਹੋ ਸਕਦਾ ਹੋਵੇ? ਉਹ ਢੰਗ ਅਜਿਹਾ ਹੋਵੇ ਜਿਹੜਾ ਸੱਚਮੁੱਚ ਹੀ ਵਿਹਾਰਕ ਹੋਵੇ। ਉਹ ਢੰਗ ਇੱਕ ਪਰਮਾਣੂ ਤਾਕਤ ਵਾਲੇ, ਬਹੁਤ ਵੱਡੀ ਫੌਜ ਵਾਲੇ, ਵੱਖ-ਵੱਖ ਧਰਮਾਂ-ਜਾਤਾਂ ਅਤੇ ਸੱਭਿਆਚਾਰਾਂ ਵਾਲੇ, ਵੱਖ-ਵੱਖ ਬੋਲੀਆਂ ਵਾਲੇ, ਗਰੀਬ ਅਤੇ ਅਨਪੜ੍ਹ ਆਬਾਦੀ ਵਾਲੇ ਦੇਸ਼ ਵਿੱਚ ਵਰਤਿਆ ਜਾ ਸਕਦਾ ਹੋਵੇ। ਉਸ ਨਵੇਂ ਢੰਗ ਬਾਰੇ ਇਹ ਵੀ ਦੱਸਣ ਦੀ ਲੋੜ ਹੈ ਕਿ ਉਹ ਹੁਣ ਤੱਕ ਕਿੱਥੇ-ਕਿੱਥੇ ਅਜ਼ਮਾਇਆ ਜਾ ਚੁੱਕਾ ਹੈ ਅਤੇ ਕਿਹੜੇ-ਕਿਹੜੇ ਦੇਸ਼ਾਂ ਵਿੱਚ ਸਫਲ ਹੋ ਚੁੱਕਾ ਹੈ। ਉਸ ਉੱਤੇ ਲੱਗਣ ਵਾਲੇ ਅੰਦਾਜ਼ਨ ਸਮੇਂ ਬਾਰੇ ਵੀ ਵਿਚਾਰ ਕਰਨ ਦੀ ਲੋੜ ਹੈ। ਜੇਕਰ ਅਸੀਂ ਕਿਸੇ ਇਨਕਲਾਬ ਦੀ ਉਡੀਕ ਵਿੱਚ ਹਾਂ ਤਾਂ ਇਨਕਲਾਬ ਕਿਸੇ ਇੱਕ ਬੰਦੇ ਨੇ ਨਹੀਂ ਲੈ ਆਉਣਾ। ਨਾ ਹੀ ਹਰ ਧਰਤੀ ਉੱਤੇ ਇਨਕਲਾਬ ਦਾ ਇੱਕੋ ਹੀ ਮਾਡਲ ਸਫਲ ਹੋਣਾ ਹੁੰਦਾ ਹੈ। ਜਿਹੜਾ ਇਨਕਲਾਬ ਮਾਰਕਸ ਨੇ ਚਿਤਵਿਆ ਸੀ, ਉਹ ਇਨਕਲਾਬ ਰੂਸ ਵਿੱਚ ਨਹੀਂ ਆਇਆ ਸੀ ਅਤੇ ਜਿਹੜਾ ਚੀਨ ਵਿਚ ਆਇਆ ਸੀ ਉਹ ਰੂਸ ਵਾਲੇ ਮਾਡਲ ਤੋਂ ਵੀ ਵੱਖਰਾ ਸੀ।

ਭਾਰਤ ਵਿੱਚ ਮੁਕੰਮਲ ਇਨਕਲਾਬ ਅਜੇ ਬਹੁਤ ਦੂਰ ਦੀ ਗੱਲ ਹੈ। ਸਾਡੇ ਇੱਥੇ ਇਨਕਲਾਬ ਕੱਛੂ-ਕੁੰਮੇ ਵਾਲੀ ਰਫ਼ਤਾਰ ਨਾਲ ਹੀ ਆਉਣਾ ਹੈ, ਖਰਗੋਸ਼ ਵਾਲੀ ਰਫ਼ਤਾਰ ਨਾਲ ਨਹੀਂ। ਸਾਡਾ ਇਨਕਲਾਬ ਕਿਸ਼ਤਾਂ ਵਿੱਚ ਆਉਣਾ ਹੈ, ਇੱਕਦਮ ਨਹੀਂ ਆ ਜਾਣਾ। ਮਿਸਾਲ ਦੇ ਤੌਰ ’ਤੇ, ਕੁਝ ਲੋਕ ਕਹਿੰਦੇ ਹਨ ਕਿ ਸਿਰਫ ਭ੍ਰਿਸ਼ਟਾਚਾਰ ਘਟ ਜਾਣ ਨਾਲ ਹੀ ਇਨਕਲਾਬ ਨਹੀਂ ਆ ਸਕਦਾ। ਭਾਵੇਂ ਕਿ ਇਹ ਗੱਲ ਠੀਕ ਹੈ ਪਰ ਭ੍ਰਿਸ਼ਟਾਚਾਰ ਘਟਣ ਨਾਲ ਇਨਕਲਾਬ ਦੀ ਇੱਕ ਕਿਸ਼ਤ ਤਾਂ ਪੂਰੀ ਹੋਵੇਗੀ। ਨਾਲੇ ਇਨਕਲਾਬ ਦਾ ਅਸਲ ਮਤਲਬ ਹੁੰਦਾ ਹੈ ਲੋਕਾਂ ਦੀ ਸੋਚ ਵਿੱਚ ਵੱਡੀ ਤਬਦੀਲੀ ਅਤੇ ਉਹ ਤਬਦੀਲੀ ਪਲ-ਪਲ ਆ ਰਹੀ ਹੈ। ਹੁਣ ਲੋਕ ਨਿਡਰ ਹੋ ਕੇ, ਵੋਟਾਂ ਮੰਗਣ ਵਾਲੇ ਆਗੂਆਂ ਨੂੰ ਸਵਾਲ ਕਰਨ ਲੱਗ ਪਏ ਹਨ। ਉਹ ਉਹਨਾਂ ਦੇ ਪੰਜ ਸਾਲਾਂ ਵਿੱਚ ਕੀਤੇ ਹੋਏ ਕੰਮਾਂ ਦਾ ਹਿਸਾਬ ਮੰਗਣ ਦਾ ਹੌਸਲਾ ਰੱਖਣ ਲੱਗ ਪਏ ਹਨ। ਨੌਜਵਾਨਾਂ ਨੂੰ ਨਸ਼ੇ ਵੰਡਣ ਵਾਲਿਆਂ ਨੂੰ ਕਈ ਲੋਕਾਂ ਨੇ ਬੇਇਜ਼ਤੀ ਕਰ ਕੇ ਆਪਣੇ ਪਿੰਡੋਂ ਕੱਢਿਆ ਹੈ। ਇਹੀ ਤਾਂ ਇਨਕਲਾਬ ਦੇ ਆਉਣ ਦੀ ਦਸਤਕ ਹੈ।

ਪਰ ਲੋਕਾਂ ਨੂੰ ਇਸ ਇਨਕਲਾਬ ਦੀ ਅਹਿਮੀਅਤ ਬਾਰੇ ਸਮਝਾਉਣ ਲਈ, ਇਸ ਨੂੰ ਉਹਨਾਂ ਦੀ ਜ਼ਿੰਦਗੀ ਨਾਲ ਜੋੜ ਕੇ ਵਿਖਾਉਣਾ ਹੋਵੇਗਾ ਕਿਉਂਕਿ ਵੱਡੇ-ਵੱਡੇ ਫਲਸਫ਼ੇ ਆਮ ਲੋਕਾਂ ਨੂੰ ਘੱਟ ਹੀ ਸਮਝ ਆਉਂਦੇ ਹਨ। ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਯੂਨੀਵਰਸਿਟੀ ਵਾਲਾ ਸਿਲੇਬਸ ਪੜ੍ਹਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਨਾਂ ਨੂੰ ਕਿਤਾਬਾਂ ਨਾਲ ਨਫਰਤ ਹੋ ਜਾਏਗੀ। ਸਾਡੇ ਦੇਸ਼ ਵਰਗੇ ਦੇਸ਼ ਵਿਚ, ਇਨਕਲਾਬ ਉਸ ਰੂਪ ਵਿਚ ਆ ਹੀ ਨਹੀਂ ਸਕਦਾ ਜਿਹੜੇ ਰੂਪ ਬਾਰੇ ਅਸੀਂ ਕਿਤਾਬਾਂ ਵਿੱਚ ਪੜ੍ਹਿਆ ਹੈ। ਇਸ ਲਈ, ਅਸੀਂ ਲੋਕਤੰਤਰ ਰੂਪੀ ਸੁਣੱਖੀ ਪਰੀ ਨੂੰ ਇਸਦੇ ਅਗਵਾਕਾਰ ‘ਕਾਣੇ ਦੈਂਤ’ ਤੋਂ ਆਜ਼ਾਦ ਕਰਵਾਉਣ ਲਈ ਖੁਦ ਵੀ ਆਜ਼ਾਦ ਹੋ ਕੇ ਵੋਟਾਂ ਪਾਈਏ। ਕਿਉਂਕਿ ਅਸਲ ਵਿਚ ਲੋਕਤੰਤਰ ਪੜ੍ਹੇ-ਲਿਖੇ ਅਤੇ ਜਾਗਰੂਕ ਲੋਕਾਂ ਵਿਚ ਹੀ ਸਫਲ ਹੋ ਸਕਦਾ ਹੈ। ਪਰ ਹੁਣ ਸੋਚਣਾ ਬਣਦਾ ਹੈ ਕਿ ਆਮ ਲੋਕਾਂ ਨੂੰ ਕੌਣ ਕਿੰਨਾ ਕੁ ਜਾਗਰੂਕ ਕਰ ਰਿਹਾ ਹੈ ਅਤੇ ਅਸੀਂ ਜਾਗਰੂਕ ਕਰਨ ਵਾਲੇ ਲੋਕਾਂ ਦਾ ਕਿੰਨਾ ਕੁ ਸਾਥ ਦੇ ਰਹੇ ਹਾਂ।

*****

(586)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜੀ. ਐੱਸ. ਗੁਰਦਿੱਤ

ਜੀ. ਐੱਸ. ਗੁਰਦਿੱਤ

Phone: 91 - 94171 - 93193
Email: (gurditgs@gmail.com)

More articles from this author