InderjitKang7ਇੱਥੋਂ ਦੇ ਨੇਤਾ ਆਪਣੇ ਢਿੱਡ ਭਰਨ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਨ ਜੋੜਨ ਦੀ ਹੋੜ ਵਿੱਚ ਲੱਗ ਗਏ ...
(3 ਫਰਵਰੀ 2017)

 

ਵੋਟਰ + ਵੋਟ = ਨੇਤਾ

ਭਾਰਤ ਇੱਕ ਲੋਕਤੰਤਰੀ ਦੇਸ਼ ਹੈ, ਉਸੇ ਕੜੀ ਤਹਿਤ ਪੰਜਾਬ ਅਸੰਬਲੀ ਲਈ ਵੋਟਾਂ ਕੱਲ੍ਹ ਨੂੰ ਪੈਣ ਜਾ ਰਹੀਆਂ ਹਨਹਰੇਕ ਸਿਆਸੀ ਪਾਰਟੀ ਵੋਟਰਾਂ ਨੂੰ ਲੁਭਾਉਣ ਦਾ ਯਤਨ ਕੀਤਾ ਹੈ। ਇਸਦਾ ਨਿਬੇੜਾ 11 ਮਾਰਚ ਨੂੰ ਰਿਜ਼ਲਟ ਆਉਣ ’ਤੇ ਹੋ ਜਾਵੇਗਾ ਕਿ ਕਿਹੜੀ ਪਾਰਟੀ ਨੂੰ ਪੰਜਾਬ ਦੇ ਲੋਕ ਸੱਤਾ ਸੌਂਪਣਗੇ। ਜੇਕਰ ਲੋਕਤੰਤਰ ਦੀ ਪਰਿਭਾਸ਼ਾ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਚੁਣੀ ਸਰਕਾਰ ਹੁੰਦੀ ਹੈ। ਇਨ੍ਹਾਂ ਤਿੰਨ ‘ਲੱਲਿਆਂ’ ਦੀ ਲੋਕਤੰਤਰੀ ਪਰਿਭਾਸ਼ਾ ਵਿੱਚ ਤਿੰਨ ਚੀਜ਼ਾਂ ਆਪਣੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ - ‘ਵੋਟਰ, ਵੋਟ ਅਤੇ ਨੇਤਾ।’ ਇਨ੍ਹਾਂ ਤਿੰਨਾਂ ਦੀ ਧੁਰੀ ਦੁਆਲੇ ਹੀ ਹਰ ਲੋਕਤੰਤਰੀ ਦੇਸ਼ ਘੁੰਮਦਾ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਨ੍ਹਾਂ ਤਿੰਨਾਂ ਦਾ ਬਹੁਤ ਮਹੱਤਵ ਹੈ। ਜੇਕਰ ਵੋਟਰ ਸਹੀ ਵੋਟ ਪਾ ਕੇ ਸਹੀ ਨੇਤਾ ਚੋਣ ਲਵੇਗਾ ਤਾਂ ਸੱਚਮੁੱਚ ਹੀ ਪੰਜਾਬ ਵਿੱਚ ਇੱਕ ਵਧੀਆ ਲੋਕਤੰਤਰ ਦੀ ਸ਼ੁਰੂਆਤ ਹੋ ਜਾਵੇਗੀ।

ਵੋਟਰ: ਜਿਸ ਵਿਅਕਤੀ ਦੀ ਉਮਰ 18 ਸਾਲ ਦੀ ਜਾਂ ਇਸ ਤੋਂ ਵੱਧ ਹੁੰਦੀ ਹੈ, ਉਹ ਵੋਟਰ ਅਖਵਾਉਂਦਾ ਹੈਉਸਦੇ ਸਿਰ ਉੱਪਰ ਇੱਕ ਅਜਿਹੀ ਜਿੰਮੇਵਾਰੀ ਪੈ ਜਾਂਦੀ ਹੈ, ਜਿਸ ਨੂੰ ਉਹ ਆਪਣੇ ਵੋਟ ਦੇ ਅਧਿਕਾਰ ਨਾਲ ਬਾਖੂਬੀ ਨਿਭਾਉਂਦਾ ਹੈ। ਵੋਟਰਾਂ ਦੀਆਂ ਕਈ ਕਿਸਮਾਂ ਹੋ ਜਾਂਦੀਆਂ ਹਨ, ਕਈ ਤਾਂ ਵਿਰਾਸਤੀ ਤੌਰ ’ਤੇ ਹੀ ਕਿਸੇ ਰਾਜਨੀਤਕ ਪਾਰਟੀ ਨਾਲ ਜੁੜੇ ਹੁੰਦੇ ਹਨ, ਉਨ੍ਹਾਂ ਨੂੰ ਉਮੀਦਵਾਰ ਨਾਲ ਕੋਈ ਮਤਲਬ ਨਹੀਂ ਹੁੰਦਾ। ਜਿਸ ਪਾਰਟੀ ਨਾਲ ਉਹ ਜੁੜੇ ਹੁੰਦੇ ਹਨ, ਉਹ ਪਾਰਟੀ ਚਾਹੇ ਨਿਕੰਮੇ ਤੋਂ ਨਿਕੰਮੇ ਨੇਤਾ ਨੂੰ ਖੜ੍ਹਾ ਕਰ ਦੇਵੇ, ਉਨ੍ਹਾਂ ਵੋਟ ਉਸ ਨੂੰ ਹੀ ਪਾਉਣੀ ਹੁੰਦੀ ਹੈ। ਇੱਕ ਵੋਟਰ ਉਹ ਹੁੰਦਾ ਹੈ, ਜਿਸਨੂੰ ਵੋਟਾਂ ਵਾਲੇ ਦਿਨ ਤੱਕ ਪਤਾ ਨਹੀਂ ਲੱਗਦਾ ਕਿ ਉਸਨੇ ਆਪਣੀ ਵੋਟ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ। ਜਿਸ ਪਾਸੇ ਤੋਂ ਚੋਗਾ ਵੱਧ ਪੈ ਗਿਆ, ਬੱਸ ਉਧਰ ਨੂੰ ਹੀ ਪਲਟ ਜਾਂਦੇ ਹਨ। ਅਜਿਹੇ ਵੋਟਰਾਂ ਵਿੱਚ ਕਈ ਅਜਿਹੇ ਵੀ ਹੁੰਦੇ ਹਨ, ਖਾਂਦੇ ਸਾਰੇ ਪਾਸਿਆਂ ਤੋਂ ਹਨ, ਪਰ ਅਖੀਰ ’ਤੇ ਚਤੁਰਾਈ ਕਰ ਜਾਂਦੇ ਹਨ। ਅਸਲ ਵਿੱਚ ਉਨ੍ਹਾਂ ਦੀ ਰਾਜਨੀਤੀ ਜਾਂ ਕਿਸੇ ਰਾਜਨੇਤਾ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ, ਬੱਸ ਵੋਟਾਂ ਦੇ ਦਿਨਾਂ ਵਿੱਚ ਖਾਣਾ ਪੀਣਾ ਚੱਲਣਾ ਚਾਹੀਦਾ ਹੈ। ਕੁਝ ਵੋਟਰ ਅਜਿਹੇ ਹੁੰਦੇ ਹਨ ਜੋ ਨੇਤਾ ਦੀ ਕੁਆਲਟੀ ਵੱਲ ਦੇਖਦੇ ਹਨ, ਉਸਦੇ ਕੀਤੇ ਕੰਮ ਦੇਖਦੇ ਹਨ, ਜੇਕਰ ਉਨ੍ਹਾਂ ਦੀ ਨਜ਼ਰ ਵਿੱਚ ਅਜਿਹਾ ਨੇਤਾ ਚੜ੍ਹ ਜਾਂਦਾ ਹੈ, ਤਾਂ ਉਨ੍ਹਾਂ ਦਾ ਮਨ ਉਸੇ ਦਿਨ ਤੋਂ ਬਣ ਜਾਂਦਾ ਹੈ, ਚਾਹੇ ਕੋਈ ਮਰਜ਼ੀ ਆ ਕੇ ਲਾਲਚ ਦੇਈ ਜਾਵੇ ਜਾਂ ਵੱਡੇ ਵੱਡੇ ਸਬਜ਼ਬਾਗ ਦਿਖਾਈ ਜਾਵੇ। ਵੋਟਾਂ ਵਿੱਚ ਵੋਟਰ ਦੀ ਭੂਮਿਕਾ ’ਤੇ ਸਾਰਾ ਕੁਝ ਨਿਰਭਰ ਕਰਦਾ ਹੈ।

ਵੋਟ: ਕਿਸੇ ਵੀ ਦੇਸ਼ ਦੀ ਰਾਜਨੀਤੀ ਵਿੱਚ ਵੋਟ ਇੱਕ ਅਜਿਹਾ ਹਥਿਆਰ ਹੈ, ਜਦੋਂ ਇਹ ਚੱਲਦਾ ਹੈ ਤਾਂ ਵੱਡੇ ਵੱਡੇ ਤਖ਼ਤ ਪਲਟ ਜਾਂਦੇ ਹਨ। ਕਿਸੇ ਵੀ ਦੇਸ਼ ਦੀ ਰਾਜਨੀਤੀ ਦਾ ਮੁੱਢ ਵੋਟਰ ਦੀ ਵੋਟ ਨਾਲ ਬੱਝਦਾ ਹੈ। ਜਦੋਂ ਵੋਟਰ ਦੁਆਰਾ ਵੋਟ ਦਾ ਸਹੀ ਅਤੇ ਯੋਗ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਉੱਥੋਂ ਦੇ ਲੋਕਾਂ ਦੀ ਵੋਟ ਹੀ ਕਿਸੇ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾ ਸਕਦੀ ਹੈ ਅਤੇ ਵੋਟ ਹੀ ਉਸ ਦੇਸ਼ ਨੂੰ ਡੂੰਘੀ ਖਾਈ ਵਿੱਚ ਸੁੱਟ ਸਕਦੀ ਹੈ। ਵੋਟ ਦੇ ਅਧਾਰ ਤੇ ਹੀ ਲੋਕਤੰਤਰੀ ਦੇਸ਼ ਦਾ ਭਵਿੱਖ ਟਿਕਿਆ ਹੁੰਦਾ ਹੈ।

ਨੇਤਾ: ਜਦੋਂ ਕਿਸੇ ਦੇਸ਼ ਦੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਕੇ ਵੋਟ ਪਾਉਂਦੇ ਹਨ ਤਾਂ ਇਨ੍ਹਾਂ ਦੋਨਾਂ ਦੇ ਮਿਲਾਪ ਨਾਲ ਉਸ ਦੇਸ਼ ਦਾ ਨੇਤਾ ਜਨਮ ਲੈਂਦਾ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਜਿਹੋ ਜਿਹੇ ਮਾਏ, ਉਹੋ ਜਿਹੇ ਜਾਏ ਦੇ ਅਧਾਰ ਤੇ, ਜੇਕਰ ਆਮ ਵੋਟਰਾਂ ਨੇ ਆਪਣੀ ਵੋਟ ਦੀ ਸਹੀ ਵਰਤੋਂ ਕਰਕੇ ਸਹੀ ਨੇਤਾ ਨੂੰ ਜਨਮ ਦਿੱਤਾ ਹੋਵੇਗਾ ਤਾਂ ਉਸ ਦੇਸ਼ ਦੀ ਆਰਥਿਕਤਾ ਤਰੱਕੀ ਕਰਦੀ ਹੈ ਨਹੀਂ ਤਾਂ ਡਾਵਾਂਡੋਲ ਹੋ ਜਾਂਦੀ ਹੈ।

ਹੁਣ ਪੰਜਾਬ ਦੇ ਵੋਟਰਾਂ ਸਾਹਮਣੇ ਵੀ ਦੋਨੋਂ ਚੀਜ਼ਾ ਖੜ੍ਹੀਆਂ ਹਨ, ਜੇਕਰ ਪੰਜਾਬ ਦੇ ਵੋਟਰਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਸਹੀ ਨੇਤਾ ਦੀ ਚੋਣ ਕਰ ਲਈ ਤਾਂ ਪੰਜਾਬ ਸਹੀ ਦਿਸ਼ਾ ਵੱਲ ਪੁਲਾਘਾਂ ਪੁੱਟਣ ਲੱਗ ਜਾਵੇਗਾ, ਜੇਕਰ ਪੰਜਾਬੀਆਂ ਨੇ ਆਪਣੇ ਪੰਜਾਬ ਦੀ ਵਾਂਗਡੋਰ ਗਲਤ ਨੇਤਾਵਾਂ ਤੇ ਹੱਥ ਫੜਾ ਦਿੱਤੀ ਤਾਂ ਪੰਜਾਬ ਦੀ ਆਰਥਿਕਤਾ ਜੋ ਪਹਿਲਾਂ ਹੀ ਡਗਮਗਾਈ ਪਈ ਹੈ, ਮੁੜ ਨਹੀਂ ਸੰਭਲੇਗੀ।

ਪੰਜਾਬ ਭਾਰਤ ਦੇ ਦਿਲ ਵਜੋਂ ਜਾਣਿਆ ਜਾਂਦਾ ਹੈ। ਜਦੋਂ ਸਾਡਾ ਦੇਸ਼ ਗੁਲਾਮ ਸੀ, ਤਾਂ ਪੰਜਾਬੀਆਂ ਨੇ ਹੀ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਯੋਗਦਾਨ ਪਾਇਆ ਸੀ। ਜਦੋਂ ਦੇਸ਼ ਭੁੱਖਮਰੀ ਨਾਲ ਜੂਝ ਰਿਹਾ ਸੀ ਤਾਂ ਦੇਸ਼ ਦੇ ਅੰਨ ਭੰਡਾਰ ਭਰਨ ਵਿੱਚ ਵੀ ਪੰਜਾਬ ਨੇ ਯੋਗਦਾਨ ਪਾਇਆ ਸੀ। ਜਦੋਂ ਕਦੇ ਭਾਰਤ ਦੇਸ਼ ’ਤੇ ਕੋਈ ਸੰਕਟ ਬਣਿਆ ਤਾਂ ਪੰਜਾਬੀਆਂ ਨੇ ਵੈਰੀਆਂ ਨਾਲ ਮੂਹਰੀ ਬਣ ਕੇ ਆਢਾ ਲਿਆ। ਜਦੋਂ ਪੰਜਾਬ ਮਾੜੇ ਦਿਨਾਂ ਵਿੱਚੋਂ ਲੰਘਿਆ ਤਾਂ ਪੰਜਾਬੀਆਂ ਨੇ ਇਸਦਾ ਡਟ ਕੇ ਮੁਕਾਬਲਾ ਕੀਤਾ। ਸਮਾਂ ਲੰਘਣ ਦੇ ਨਾਲ ਨਾਲ ਪੰਜਾਬ ਕੁਝ ਅਜਿਹੇ ਗਹਿਰੇ ਸੰਕਟਾਂ ਵਿੱਚ ਘਿਰ ਗਿਆ, ਜਿੱਥੇ ਸਾਰੇ ਪੰਜਾਬੀ ਲਾਚਾਰ ਨਜ਼ਰ ਆਉਣ ਲੱਗ ਪਏ। ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਖੁਦਕੁਸ਼ੀਆਂ ਦੇ ਰਾਹ ਤੁਰ ਪਿਆ। ਪੜ੍ਹੇ ਲਿਖੇ ਬੇਰੁਜ਼ਗਾਰੀ ਨੇ ਭੰਨ ਸੁੱਟੇ। ਨੌਜਵਾਨ ਨਸ਼ਿਆਂ ਦੇ ਰਾਹ ਵੱਲ ਤੁਰ ਪਏ। ਬਜ਼ੁਰਗਾਂ ਦਾ ਸਤਿਕਾਰ ਘੱਟ ਗਿਆ, ਬੁਢਾਪਾ ਰੁਲਣ ਲੱਗ ਪਿਆ। ਬਿਰਧ ਆਸ਼ਰਮਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋ ਗਿਆ। ਇੱਥੋਂ ਦੇ ਨੇਤਾ ਆਪਣੇ ਢਿੱਡ ਭਰਨ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਨ ਜੋੜਨ ਦੀ ਹੋੜ ਵਿੱਚ ਲੱਗ ਗਏ। ਗੱਲ ਕੀ, ਪੰਜਾਬ ਦੀ ਫਿਜ਼ਾ ਵਿੱਚ ਅਜਿਹੀ ਜ਼ਹਿਰ ਘੁਲ ਗਈ, ਆਪਣੇ ਆਪਣਿਆਂ ਦੇ ਵੈਰੀ ਹੋ ਗਏ।ਲੋਕਾਂ ਦਾ ਖੂਨ ਸਫੈਦ ਹੋ ਗਿਆ। ਜਿਹੜੇ ਪੰਜਾਬੀ ਅੱਜ ਤੱਕ ਕਦੇ ਕਿਸੇ ਕੋਲੋਂ ਨਹੀਂ ਸਨ ਹਾਰੇ, ਅੱਜ ਆਪਣਿਆਂ ਦੇ ਹੱਥੋਂ ਹੀ ਹਾਰੇ ਹੋਏ ਮਹਿਸੂਸ ਕਰਨ ਲੱਗ ਪਏ। ਜੇਕਰ ਇਨ੍ਹਾਂ ਸਾਰਿਆਂ ਮੁੱਦਿਆਂ ਨੂੰ ਘੋਖਿਆ ਜਾਵੇ ਤਾਂ ਇਹ ਇੱਕ ਅਲੱਗ ਮੁੱਦਾ ਹੈ। ਪਰ ਇਸ ਨੂੰ ਇਸ ਗੱਲ ਨਾਲ ਜਰੂਰ ਜੋੜਿਆ ਜਾਵੇ ਕਿ ਇਸ ਵਾਰ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਪੰਜਾਬ ਦੇ ਵੋਟਰਾਂ ਨੂੰ ਜਾਗਰੂਕ ਹੋ ਕੇ ਪਾਉਣੀਆਂ ਜ਼ਰੂਰੀ ਹਨ, ਜਿਸ ਨਾਲ ਇੱਕ ਸਹੀ, ਸੁਚੱਜੇ ਅਤੇ ਨਿਰਪੱਖ ਰਾਜ ਦੀ ਸਥਾਪਨਾ ਕੀਤੀ ਜਾ ਸਕੇ। ਇਹ ਸਾਰਾ ਕੁਝ ਤਾਂ ਹੀ ਸੰਭਵ ਹੈ, ਜੇਕਰ ਪੰਜਾਬ ਦੇ ਵੋਟਰ ਬਿਨਾਂ ਕਿਸੇ ਲੋਭ, ਲਾਲਚ ਅਤੇ ਵੱਖ ਵੱਖ ਪਾਰਟੀਆਂ ਦੇ ਚੋਣ ਜੁਮਲਿਆਂ ਤੋਂ ਨਿਰਪੱਖ ਹੋ ਕੇ ਸਹੀ ਸੋਚ ਅਤੇ ਲੋਕਾਂ ਦਾ ਭਲਾ ਸੋਚਣ ਵਾਲੇ ਉਮੀਦਵਾਰ ਦੀ ਚੋਣ ਕਰਨ, ਜਿਹੜਾ ਪੰਜਾਬ ਦਾ ਭਲਾ ਸੋਚਣ ਵਾਲਾ ਹੋਵੇ। ਜੇਕਰ ਪੰਜਾਬ ਦੇ ਵੋਟਰ ਇਸ ਵਾਰੀ ਇਨ੍ਹਾਂ ਨੇਤਾਵਾਂ ਦੇ ਭਰਮਜਾਲ ਵਿੱਚ ਫਸ ਕੇ ਆਪਣੀ ਵੋਟ ਦੀ ਯੋਗ ਵਰਤੋਂ ਨਾ ਕਰੇ ਸਕੇ, ਤਾਂ ਪੰਜਾਬ ਦੀ ਆਉਣ ਵਾਲੀ ਪੀੜ੍ਹੀਆਂ ਦੇ ਵਿਨਾਸ਼ ਦੇ ਜਿੰਮੇਵਾਰ ਖੁਦ ਹੋਣਗੇ। ਇਸ ਲਈ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦਾ ਵੋਟਰ ਆਪਣੀ ਵੋਟ ਨਾਲ ਜੇਕਰ ਸਹੀ ਨੇਤਾ ਚੁਣੇਗਾ ਤਾਂ ਹੀ ਆਮ ਲੋਕਾਂ ਦੀ ਜਿੱਤ ਹੋਵੇਗੀ। ਹੁਣ ਦੇਖਣਾ ਹੈ ਕਿ 11 ਮਾਰਚ ਨੂੰ ‘ਦੋ ਵਾਵਿਆਂ’ ਦੀ ਤਾਕਤ ਨਾਲ ਪੰਜਾਬ ਦੇ ਲੋਕ ਜਿੱਤਣਗੇ ਜਾਂ ਫਿਰ ਮੁੜ ਉਹੀ ਨੇਤਾ।

*****

(585)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਇੰਦਰਜੀਤ ਸਿੰਘ ਕੰਗ

ਇੰਦਰਜੀਤ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 98558 - 82722)

Email: (gurukul.samrala@gmail.com)