ShamSingh7ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਜਨਤਾ ਬਦਲਾਅ ਦੇ ਹੱਕ ਵਿੱਚ ਹੈਪਰ ਉਸ ਨੂੰ ਸਪਸ਼ਟ ...
(3 ਫਰਵਰੀ 2017)

 

ਰਾਜ ਦੀ ਸਾਰੀ ਜਨਤਾ ਦਾ ਕੇਂਦਰ-ਬਿੰਦੂ ਪੰਜਾਬ ਬਣਿਆ ਹੋਇਆ ਹੈ, ਜਿਸ ਕਾਰਨ ਪੰਜਾਬੀਆਂ ਦੀਆਂ ਨਜ਼ਰਾਂ ਉਸ ਹਵਾ ਦੇ ਰੁਖ਼ ਵੱਲ ਲੱਗੀਆਂ ਹੋਈਆਂ ਹਨ, ਜਿਸ ਨੇ ਪੰਜਾਬ ਨੂੰ ਮਾਨਸਿਕ ਲੁਟੇਰਿਆਂ ਅਤੇ ਰਾਜਸੀ ਨੇਤਾਵਾਂ ਦੇ ਭ੍ਰਿਸ਼ਟਾਚਾਰ ਤੋਂ ਬਚਾਉਂਦਿਆਂ ਪੰਜਾਬ ਦੇ ਚਿਹਰੇ-ਮੋਹਰੇ ਨੂੰ ਸੁਆਰਨਾ ਵੀ ਹੈ, ਨਿਖਾਰਨਾ ਵੀ; ਇਸ ਦੇ ਨੈਣ-ਨਕਸ਼ਾਂ ਨੂੰ ਵਿਕਾਸ-ਮੁਖੀ ਵੀ ਬਣਾਉਣਾ ਹੈ, ਅਤੇ ਲੋਕ-ਹਿਤੈਸ਼ੀ ਵੀ। ਹਰੇਕ ਵਾਸਤੇ ਆਪੋ-ਆਪਣੀ ਸਮਰੱਥਾ ਨੂੰ ਜਾਣਨ ਦਾ ਵੇਲਾ ਹੈ, ਤਾਂ ਕਿ ਉਹ ਵਰਤਮਾਨ ਸਿਆਸੀ ਦ੍ਰਿਸ਼ ਦਾ ਡੂੰਘਾਈ ਨਾਲ ਅਧਿਐਨ ਕਰ ਕੇ ਆਪਣਾ ਯੋਗਦਾਨ ਪਾਉਣ ਲਈ ਤਿਆਰ-ਬਰ-ਤਿਆਰ ਹੋਣ।

ਨਾਹਰਿਆਂ, ਜੈਕਾਰਿਆਂ ਅਤੇ ਲਾਰਿਆਂ ਦੇ ਰੌਲੇ-ਰੱਪੇ ਵਿੱਚ ਹਰੇਕ ਪੰਜਾਬੀ ਕਿਆਫ਼ੇ ਅਤੇ ਅੰਦਾਜ਼ੇ ਲਗਾ ਰਿਹਾ ਹੈ ਕਿ ਫਲਾਣੀ ਸਿਆਸੀ ਪਾਰਟੀ ਹੀ ਚੋਣਾਂ ਵਿੱਚ ਜਿੱਤ ਪ੍ਰਾਪਤ ਕਰੇਗੀ ਅਤੇ ਸਰਕਾਰ ਬਣਾਏਗੀ। ਇਹ ਉਸ ਦੀ ਮਨ-ਭਾਵਨਾ ਅਤੇ ਮਨ-ਪਸੰਦੀ ਹੋ ਸਕਦੀ ਹੈ ਜਾਂ ਫੇਰ ਉਸ ਦੀ ਖੁਸ਼ਫਹਿਮੀ। ਕਈ ਇੱਕ ਤਾਂ ਇਹ ਅਨੁਮਾਨ ਲਗਾਉਣ ਤੋਂ ਵੀ ਨਹੀਂ ਉੱਕਦੇ ਕਿ ਕਿਹੜੀ ਪਾਰਟੀ ਨੂੰ ਕਿੰਨੇ ਹਲਕਿਆਂ ਵਿੱਚ ਜਿੱਤ ਮਿਲੇਗੀ। ਅਜਿਹਾ ਸ਼ਾਇਦ ਉਹ ਆਪਣੇ-ਆਪ ਨੂੰ ਖੁਸ਼-ਨੁਮਾ ਰੌਂਅ ਵਿੱਚ ਰੱਖਣ ਲਈ ਕਰਦੇ ਹਨ ਜਾਂ ਫੇਰ ਆਪਣੀ-ਆਪਣੀ ਇੱਛਾ ਨੂੰ ਪੂਰਾ ਹੁੰਦਾ ਦੇਖਣ ਲਈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਜਨਤਾ ਬਦਲਾਅ ਦੇ ਹੱਕ ਵਿੱਚ ਹੈ, ਪਰ ਉਸ ਨੂੰ ਸਪਸ਼ਟ ਰਾਹ ਨਹੀਂ ਲੱਭਦਾ। ਰਾਜਸੀ ਨੇਤਾਵਾਂ  ਨੇ ਆਪਣੀਆਂ ਤਲਖ਼ ਅਤੇ ਹਲਕੀਆਂ ਤਕਰੀਰਾਂ ਨਾਲ ਇੰਨੇ ਝੂਠ ਦੇ ਪੁਲੰਦੇ ਖਿਲਾਰ ਦਿੱਤੇ ਹਨ ਕਿ ਆਮ ਆਦਮੀ ਨੂੰ ਅਸਲੀਅਤ ਦਾ ਪਤਾ ਹੀ ਨਹੀਂ ਲੱਗਦਾ। ਇੰਨੀ ਧੁੰਦ ਖਿਲਾਰ ਦਿੱਤੀ ਹੈ ਕਿ ਭੰਬਲਭੂਸੇ ਕਾਰਨ ਦੂਰ ਤੱਕ ਕਿੱਧਰੇ ਚਾਨਣਾ ਨਜ਼ਰ ਨਹੀਂ ਆਉਂਦਾ। ਇੰਨਾ ਚਿੱਕੜ ਉਛਾਲਿਆ ਗਿਆ ਕਿ ਚੰਗਾ ਸਿਆਸੀ ਚਿਹਰਾ ਪਛਾਣਨਾ ਆਮ ਕੰਮ ਨਹੀਂ ਰਿਹਾ। ਲੋਕਾਂ ਨੂੰ ਵਾਰ-ਵਾਰ ਸੋਚਣਾ ਪਵੇਗਾ ਕਿ ਉਹ ਕਿਸ ਨੂੰ ਵੋਟ ਪਾਉਣ ਜਾਂ ਨਾ ਪਾਉਣ। ਕਈ ਹਵਾ ਦਾ ਰੁਖ਼ ਦੇਖਣਗੇ ਕਿ ਕਿਸੇ ਪਾਸੇ ਨੂੰ ਵਗ ਵੀ ਰਹੀ ਹੈ ਕਿ ਨਹੀਂ। ਹਵਾ ਦਾ ਰੁਖ਼ ਹੀ ਨਤੀਜੇ ਤੈਅ ਕਰੇਗਾ।

ਬਦਲਾਅ ਲਿਆਉਣ ਵਾਲੀ ਸਿਆਸੀ ਪਾਰਟੀ ਇੰਨੇ ਬਚਪਨੇ ਵਿੱਚੋਂ ਲੰਘ ਰਹੀ ਹੈ ਕਿ ਬਣਿਆ-ਬਣਾਇਆ ਹਾਂ-ਪੱਖੀ ਹਵਾ ਦਾ ਰੁਖ਼ ਬਚਗਾਨਾ ਹਰਕਤਾਂ ਨਾਲ ਬਣਿਆ ਨਹੀਂ ਰਹਿਣ ਦਿੱਤਾ। ਛੋਟੇਪੁਰ ਨਾਂਅ ’ਤੇ ਵੱਡੀ ਗ਼ਲਤੀ ਕਰ ਕੇ ਹਵਾ ਦੇ ਰੁਖ਼ ਨੂੰ ਜਿਹੜਾ ਮੋੜਾ ਦਿੱਤਾ ਗਿਆ, ਉਸ ਦੇ ਨਤੀਜੇ ਸਾਰਥਿਕ ਨਹੀਂ ਰਹੇ। ਨੁਕਸਾਨ ਨਾਲ ਖੋਰਾ ਲੱਗ ਗਿਆ। ਫੁੱਟ ਨੇ ਹਵਾ ਦੇ ਰੁਖ਼ ਨੂੰ ਦੋਫਾੜ ਕਰ ਕੇ ਰੱਖ ਦਿੱਤਾ, ਜਿਸ ਕਾਰਨ ਅਜਿਹੇ ਵਾਵਰੋਲੇ ਚੱਲੇ ਕਿ ਮੁੜ ਹਵਾ ਦਾ ਰੁਖ਼ ਸੰਭਲ ਨਹੀਂ ਸਕਿਆ। ਨਵੇਂਪਣ ਦੇ ਦਾਅਵੇ ਕਰਨ ਵਾਲੇ ਮੈਦਾਨ ਵਿੱਚ ਗੱਜੇ, ਪਰ ਟਿਕਟਾਂ ਦੇ ਲਾਰੇ ਲਾਉਣ, ਪੈਸੇ ਉਗਰਾਹੁਣ, ਟਿਕਟਾਂ ਵੇਚਣ ਦੇ ਦੋਸ਼ ਅਤੇ ਔਰਤਾਂ ਸੰਬੰਧੀ ਲੱਗੀਆਂ ਊਜਾਂ ਅਜੇ ਤੱਕ ਹਵਾ ਤੋਂ ਹੇਠ ਨਹੀਂ ਉੱਤਰ ਸਕੀਆਂ। ਜੇ ਗੱਲ ਬੇਅਦਬੀਆਂ ਦੀ ਪਰੇ ਹੋਈ ਤਾਂ ਹੁਣ ਦਹਿਸ਼ਤਗਰਦਾਂ ਨਾਲ ਸਾਂਝਾਂ ਪਾਉਣ ਦੀਆਂ ਕਹਾਣੀਆਂ ਛਿੜ ਪਈਆਂ। ਬਣੇ-ਬਣਾਏ ਹਵਾ ਦੇ ਰੁਖ਼ ਨੂੰ ਹੋਰ ਖੋਰਾ ਲੱਗ ਗਿਆ। ਇਸ ਪਾਰਟੀ ਵੱਲੋਂ ਚਿਤਵੇ ਅਤੇ ਲੋਕਾਂ ਦੇ ਇੱਛਤ ਬਦਲਾਅ ਦਾ ਕੀ ਬਣੇਗਾ, ਕੋਈ ਨਹੀਂ ਜਾਣਦਾ।

ਸਿਆਸੀ ਪਾਰਟੀਆਂ ਦੇ ਨੇਤਾ ਲੋਕਾਂ ਦੇ ਮਨਾਂ ਦੀ ਹਵਾ ਦਾ ਰੁਖ਼ ਆਪੋ-ਆਪਣੇ ਵੱਲ ਦੱਸ ਕੇ ਹੀ ਮਨ ਪਰਚਾ ਰਹੇ ਹਨ ਕਿ ਕੋਈ 55, ਕੋਈ 70 ਅਤੇ ਕੋਈ 90 ਸੀਟਾਂ ’ਤੇ ਜਿੱਤ ਦੀ ਆਸ ਕਰ ਰਿਹਾ ਹੈ ਅਤੇ ਯਕੀਨ ਵੀ। ਤਿੰਨ ਮੁੱਖ ਪਾਰਟੀਆਂ ਤੋਂ ਬਿਨਾਂ ਹੋਰ ਸਿਆਸੀ ਪਾਰਟੀਆਂ ਵੀ ਹਨ, ਜਿਨ੍ਹਾਂ ਦੇ ਅੰਦਾਜ਼ੇ ਮਿਲਾ ਕੇ ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ 400ਤੋਂ ਘੱਟ ਨਹੀਂ ਰਹਿੰਦੀ। ਕੀ ਇਹ ਹਵਾ ਵਿੱਚ ਗੱਲਾਂ ਨਹੀਂ ਹੋ ਰਹੀਆਂਕੀ ਆਪੋ-ਆਪਣੇ ਹੱਕ ਵਿੱਚ ਹਵਾ ਦਾ ਰੁਖ਼ ਦੱਸ ਕੇ ਜਨਤਾ ਨੂੰ ਗੁੰਮਰਾਹ ਨਹੀਂ ਕੀਤਾ ਜਾ ਰਿਹਾ?

ਲਾਲਚਾਂ ਦੀਆਂ ਪੰਡਾਂ ਅਤੇ ਬਕਸੇ ਖੋਲ੍ਹ ਦਿੱਤੇ ਗਏ ਹਨਤਾਂ ਕਿ ਕੁਰਸੀਆਂ ’ਤੇ ਕਾਬਜ਼ ਹੋ ਕੇ ਦੇਸ਼ ਦੇ ਖ਼ਜ਼ਾਨੇ ਨੂੰ ਲੁਟਾਇਆ ਜਾ ਸਕੇ। ਕੀ ਲਾਲਚ ਦੇਣਾ ਨਾਗਰਿਕਾਂ ਦੀ ਤੌਹੀਨ ਨਹੀਂ? ਲੋਕਤੰਤਰ ਦਾ ਮਜ਼ਾਕ ਨਹੀਂ? ਵੋਟਰ ਦੀ ਸੁਤੰਤਰਤਾ ਅਤੇ ਨਿਰਪੱਖਤਾ ਨੂੰ ਖ਼ਤਮ ਕਰਨ ਦਾ ਜਤਨ ਨਹੀਂ? ਦੇਸ ਦੇ ਕਾਨੂੰਨ-ਘਾੜਿਆਂ ਨੂੰ ਜਾਗ ਕੇ ਦੇਸ਼ ਨੂੰ ਬਚਾਉਣ ਲਈ ਅਜਿਹਾ ਕਨੂੰਨ ਬਣਾਉਣਾ ਚਾਹੀਦਾ ਹੈ ਕਿ ਲੋਕਤੰਤਰ ਦੇ ਚੋਣਤੰਤਰ ਅੰਦਰੋਂ ਲਾਲਚ ਦੀ ਬਲਾ ਖ਼ਤਮ ਕੀਤੀ ਜਾ ਸਕੇ। ਕਾਨਫ਼ਰੰਸਾਂ ਕਰਨ ’ਤੇ ਪਾਬੰਦੀ ਲਾਈ ਜਾਵੇ ਅਤੇ ਸਰਕਾਰੀ ਅਹੁਦਿਆਂ ਵਾਲੇ ਪਾਰਟੀ ਵੱਲੋਂ ਖ਼ਰਚ ਕਰਨ ਜਾਂ ਫੇਰ ਆਪਣੀ ਜੇਬ ਵਿੱਚੋਂ ਕਰਨ। ਅਜਿਹਾ ਹੋਣ ਨਾਲ ਲੋਕਾਂ ਦੇ ਮਨ ਦੀ ਅਸਲੀ ਹਵਾ ਦੇ ਰੁਖ਼ ਦਾ ਪਤਾ ਲੱਗ ਸਕੇਗਾ ਅਤੇ ਭ੍ਰਿਸ਼ਟਾਚਾਰ ਨੂੰ ਵੀ ਠੱਲ੍ਹ ਪੈ ਸਕੇਗੀ।

ਹੁਣ ਚੋਣਾਂ ਦੀ ਪ੍ਰਕਿਰਿਆ ਪੈਸੇ ਅਤੇ ਨਸ਼ਿਆਂ ਦੀ ਸ਼ਿਕਾਰ ਹੋ ਕੇ ਰਹਿ ਗਈ ਹੈ, ਜਿਸ ਨਾਲ ਲੋਕਤੰਤਰ ਦਾ ਅਸਲੀ ਮਕਸਦ ਗੁਆਚ ਜਾਂਦਾ ਹੈ, ਕਾਇਮ ਨਹੀਂ ਰਹਿੰਦਾ। ਲੋਕਤੰਤਰ ਦੇ ਮੰਦਰ ਵਿੱਚ ਅਪਰਾਧੀ, ਦਾਗ਼ੀ, ਚੋਰ-ਲੁਟੇਰੇ ਅਤੇ ਕੇਸਾਂ ਦਾ ਸਾਹਮਣਾ ਕਰ ਰਹੇ ਨੇਤਾਵਾਂ ਨੂੰ ਚੋਣ ਲੜਨ ਦਾ ਹੱਕ ਦੇਣਾ ਮੰਦਰ ਦੀ ਬੇਅਦਬੀ ਹੈ, ਜੋ ਠੀਕ ਨਹੀਂ। ਕੀ ਦੇਸ਼ ਦੇ ਆਗੂ ਲੋਕਤੰਤਰ ਲਈ ਹਨ ਜਾਂ ਫੇਰ ਇਹ ਲੋਕਤੰਤਰ ਕੇਵਲ ਆਗੂਆਂ ਲਈ ਹੈ, ਜਿਸ ਵਿੱਚ ਹਵਾ ਦਾ ਰੁਖ਼ ਮੋਮ ਦੇ ਨੱਕ ਵਾਂਗ ਜਿੱਧਰ ਵੀ ਮਰਜ਼ੀ ਮਰੋੜਿਆ ਜਾ ਸਕੇ?

ਅਗਾਂਹ-ਵਧੂਆਂ ਦੀ ਛੱਡੀ ਖ਼ਾਲੀ ਸਪੇਸ ਮੱਲਣ ਵਾਲਿਆਂ ਦਾ ਕਾਫ਼ੀ ਬੋਲਬਾਲਾ ਹੈ, ਜਿਸ ਦੇ ਹਮਾਇਤੀ ਹਵਾ ਦਾ ਰੁਖ਼ ਉਸ ਵੱਲ ਹੀ ਦੱਸ ਰਹੇ ਹਨ ਅਤੇ ਦਾਅਵਾ ਕਰਦੇ ਹਨ 90 ਸੀਟਾਂ ’ਤੇ ਜਿੱਤ ਦਾ। ਲੱਗਦਾ ਨਹੀਂ ਕਿ ਇਹ ਚਮਤਕਾਰ ਹੋਵੇ। ਕੌਮੀ ਪਾਰਟੀ ਵੱਲ ਦਲਿਤ ਭਾਈਚਾਰਾ, ਉਸਾਰੂ ਸੋਚ ਵਾਲੇ ਵੀ ਹੋ ਰਹੇ ਹਨ ਕਿ ਵੋਟਾਂ ਜ਼ਾਇਆ ਨਾ ਜਾਣ। ਅਕਾਲੀ-ਭਾਜਪਾ ਨਾਲ ਨਾਰਾਜ਼ ਭਾਈਚਾਰਾ ਵੀ ਕਾਂਗਰਸ ਜਾਂ ਆਪ ਵੱਲ ਹੀ ਜਾ ਰਿਹਾ ਪ੍ਰਤੀਤ ਹੁੰਦਾ ਹੈ, ਜਿਸ ਕਾਰਨ ਕਾਂਗਰਸ, ਆਪ ਅਤੇ ਅਕਾਲੀ-ਭਾਜਪਾ ਗੱਠਜੋੜ ਦੀ ਹਵਾ ਦਾ ਰੁਖ਼ ਇਸੇ ਤਰਤੀਬ ਵਿੱਚ ਹੈ, ਜਿਸ ਨੂੰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰੱਖਿਆ ਜਾ ਸਕਦਾ ਹੈ।

ਗੱਲ ਦੋ ਤੱਤੀਆਂ ਸੀਟਾਂ ਦੀ

ਜਿੱਥੇ ਜਾਉ, ਜਿੱਥੇ ਬੈਠੋ, ਪੰਜਾਬ ਵਿਧਾਨ ਸਭਾ ਦੀਆਂ ਦੋ ਤੱਤੀਆਂ ਸੀਟਾਂ ਦੀ ਚਰਚਾ ਜ਼ਰੂਰ ਹੁੰਦੀ ਹੈ, ਕਿਉਂਕਿ ਉੱ ਵੱਡਾ ਦੰਗਲ ਹੈ ਅਤੇ ਵੱਡੇ ਪਹਿਲਵਾਨ। ਪਹਿਲਾਂ ਇਹ ਗੱਲ ਤੁਰਦੀ ਹੈ ਕਿ ਵੱਡੇ ਭਲਵਾਨ ਇੱਕੋ-ਇੱਕ ਥਾਂ ’ਤੇ ਕਿਉਂ ਆ ਗਏ? ਹਰ ਕੋਈ ਆਪਣੇ ਅੰਦਾਜ਼ੇ ਲਗਾਉਂਦਾ ਹੈ, ਭੜਾਸ ਕੱਢਦਾ ਹੈ, ਤਾਂ ਕਿ ਉਹ ਆਪੇ ਸੋਚੀ ਤਸੱਲੀ ਜੇਬ ਵਿੱਚ ਪਾ ਕੇ ਨਾਲ ਰੱਖ ਸਕੇ। ਫਿਰ ਟਿੱਪਣੀ ਆਉਂਦੀ ਹੈ ਫਰੈਂਡਲੀ ਮੈਚ ਦੀ। ਇਹ ਗੱਲ ਗਲੇ ਨਹੀਂ ਉੱਤਰਦੀ, ਪਰ ਕਿਸੇ ਦੀ ਭੜਾਸ ਦਾ ਕੋਈ ਕੀ ਕਰੇ? ਫੇਰ ਗੱਲ ਆਉਂਦੀ ਹੈ ਇਨ੍ਹਾਂ ਸੀਟਾਂ ’ਤੇ ਪੁਰਾਣੇ ਜੇਤੂਆਂ ਦੀ, ਪਰ ਤੀਜੀ ਧਿਰ ਦੇ ਆਉਣ ਨਾਲ ਮਾਹੌਲ ਬਦਲਿਆ ਹੋਣ ਕਰ ਕੇ ਇਹ ਗੱਲ ਅੱਗੇ ਨਹੀਂ ਵਧਦੀ, ਕਿਉਂਕਿ ਹੁਣ ਪੱਕੀਆਂ-ਪਕਾਈਆਂ ਮਿਲਣ ਦੀ ਆਸ ਨਹੀਂ। ਇਨ੍ਹਾਂ ਸੀਟਾਂ ’ਤੇ ਜਿੱਤ ਕਿਸ ਹੋਵੇਗੀ? ਬਹੁਤੇ ਬਦਲਾਅ ਦੇ ਹੱਕ ਵਿੱਚ ਹਨ, ਜਿਸ ਦਾ ਅਰਥ ਹੈ ਭਗਵੰਤ ਅਤੇ ਜਰਨੈਲ। ਕਈ ਬਾਹਰਲਿਆਂ ਦਾ ਠੱਪਾ ਲਾ ਕੇ ਇਸ ਨਾਲ ਸਹਿਮਤ ਨਹੀਂ ਹੁੰਦੇ। ਫਿਰ ਨਾਂਅ ਆਉਂਦਾ ਹੈ ਕੈਪਟਨ ਅਤੇ ਬਿੱਟੂ ਦਾ, ਪਰ ‘ਕਾਂਗਰਸ-ਮੁਕਤ ਭਾਰਤ’ ਦੇ ਨਾਹਰੇ ਵਾਲਿਆਂ ਦੇ ਮਨ ਨੂੰ ਇਹ ਗੱਲ ਸੁਹਾਉਂਦੀ ਨਹੀਂ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਤੀਜੀ ਵਾਰ ਸਰਕਾਰ ਬਣਾਉਣ ਵਾਲੇ ਲੰਬੀ ਅਤੇ ਜਲਾਲਾਬਾਦ ਲੈ ਜਾਣਗੇ, ਕਿਉਂਕਿ ਇਨ੍ਹਾਂ ਉਮੀਦਵਾਰਾਂ ਨੇ ਜ਼ੋਰ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਇਨ੍ਹਾਂ ਦੇ ਭ੍ਰਿਸ਼ਟਾਚਾਰ ਅਤੇ ਜਬਰ ਦੀ ਗੱਲ ਕਰਨ ਵਾਲੇ ਆਖਦੇ ਹਨ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ। ਸਭ ਤੋਂ ਵੱਡਾ ਸਵਾਲ ਬੇਅਦਬੀਆਂ ਦਾ ਛਿੜਿਆ ਹੋਇਆ ਹੈ, ਜਿਹੜਾ ਰੁਕਣ ਦਾ ਨਾਂਅ ਨਹੀਂ ਲੈਂਦਾ, ਕਿਉਂਕਿ ਸ਼ਰਧਾਲੂ ਜਜ਼ਬਿਆਂ ਨੂੰ ਠੇਸ ਲੱਗਣ ਦੀ ਗੱਲ ਭੁੱਲਣ ਲਈ ਤਿਆਰ ਨਹੀਂ। ਕਈ ਉੱਚੀ ਸੁਰ ਵਿੱਚ ਇਹ ਵੀ ਆਖਦੇ ਹਨ ਕਿ ਪਿਉ-ਪੁੱਤ ਹਾਰ ਜਾਣ ਤਾਂ ਪੰਜਾਬ ਬਚ ਸਕਦਾ ਹੈ, ਭ੍ਰਿਸ਼ਟਾਚਾਰ ਖ਼ਤਮ ਹੋ ਸਕਦਾ ਹੈ। ਲੋਕ-ਮਨਾਂ ਦੀ ਇਸ ਤਰਜਮਾਨੀ ਨੂੰ ਹੋਰ ਜਰਬ ਵੀ ਦਿੱਤੀ ਜਾ ਸਕਦੀ ਹੈ, ਪਰ ਸਿਆਣੇ ਪਾਠਕਾਂ ਲਈ ਇਸ਼ਾਰੇ ਹੀ ਠੀਕ ਹਨ, ਵਿਸਥਾਰ ਦੀ ਲੋੜ ਨਹੀਂ।

ਕੁਝ ਏਦਾਂ ਦਾ ਵੀ
ਨਾਮਵਰ ਨੇਤਾ ਕਰੀ ਜਾਂਦੇ
ਚੋਰੀਆਂ ਅਤੇ ਘੁਟਾਲੇ
ਪਾਵਨ ਥਾਂਵਾਂ ਅੰਦਰ ਬਹਿ ਕੇ
ਪੀਂਦੇ ਰਹਿਣ ਪਿਆਲੇ।

ਆਉ ਸਾਰੇ ਜ਼ਰਾ ਸੋਚੀਏ
ਚਲਾਕੀ ਸ਼ੈਤਾਨ ਦੀ
ਰਾਜਨੀਤੀ ’ਤੇ ਦੁਖੀ ਹੈ ਜਨਤਾ
ਭਾਰਤ ਦੇਸ਼ ਮਹਾਨ ਦੀ।

ਦਾਗ਼ੀ ਧੋਖੇਬਾਜ਼ ਵੀ ਸਾਰੇ
ਮੰਤਰੀ ਸੰਤਰੀ ਬਣ ਜਾਂਦੇ
ਮੰਦਰਾਂ ਵਰਗੇ ਸਦਨਾਂ ਅੰਦਰ
ਨੋਟਾਂ ਦੇ ਨਾਲ ਤਣ ਜਾਂਦੇ।

ਵਿਕੇ ਇਮਾਨ ਬਹੁਤ ਹੀ ਸਸਤਾ
ਇੱਜ਼ਤ ਹੈ ਬੇਈਮਾਨ ਦੀ
ਬਦਲ ਕਿਉਂ ਨਾ ਸੋਚੇ ਜਨਤਾ
ਭਾਰਤ ਦੇਸ਼ ਮਹਾਨ ਦੀ।

**

ਲਤੀਫ਼ੇ ਦਾ ਚਿਹਰਾ-ਮੋਹਰਾ

ਕਈ ਜਾਨਵਰ: ਸਾਡੇ ਮੁੱਲ ਬਹੁਤ ਵਧ ਗਏ, ਲੱਖਾਂ ਤੱਕ ਪਹੁੰਚ ਗਏ।

ਆਦਮੀ: ਫਿਰ ਕੀ ਹੋਇਆ, ਰਹੇ ਤਾਂ ਜਾਨਵਰ ਦੇ ਜਾਨਵਰ!

ਕਈ ਜਾਨਵਰ: ਪਰ ਤੁਹਾਡੇ ਨਾਲੋਂ ਕਿਤੇ ਚੰਗੇ ਹਾਂ, ਆਪਣਾ ਮੁੱਲ ਘਟਣ ਨਹੀਂ ਦਿੰਦੇ।

ਆਦਮੀ: ਸਾਡੇ ਨਾਲ ਤੁਹਾਡਾ ਕੀ ਮੁਕਾਬਲਾ?

ਕਈ ਜਾਨਵਰ: ਇਹ ਤਾਂ ਕੱਲ਼੍ਹ ਨੂੰ ਦੇਖਾਂਗੇ, ਜਦ ਤੁਸੀਂ ਹਜ਼ਾਰ-ਹਜ਼ਾਰ ਵਿੱਚ ਵਿਕਦੇ ਫਿਰੋਗੇ ਵੋਟਾਂ ਲਈ।

*****

(584)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author