BalkarSSamrala7ਰਾਜਨੀਤਕ ਪਾਰਟੀਆਂ ਸੱਤਾ ਹਾਸਲ ਕਰਨ ਲਈ ਧੰਨਮਾਰ-ਧਾੜਦੰਗੇ-ਫਸਾਦਜਾਤਭਾਸ਼ਾਧਰਮ ਅਤੇ ਇਲਾਕਾਵਾਦ ਵਰਗੇ ਕਈ ਤਰ੍ਹਾਂ ਦੇ ਹੱਥਕੰਡੇ ...
(2 ਫਰਵਰੀ 2017)


ਵੱਖ ਵੱਖ ਵਿਦਵਾਨਾਂ ਨੇ ਰਾਜਨੀਤੀ ਦੀਆਂ ਕਈ ਤਰ੍ਹਾਂ ਦੀਆਂ ਪ੍ਰੀਭਾਸ਼ਾਵਾਂ ਦਿੱਤੀਆਂ ਹਨ ਪਰ ਸਿਆਸੀ ਪਾਰਟੀਆਂ ਦੇ ਅਜੋਕੇ ਵਿਵਹਾਰ ਨੂੰ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ‘ਰਾਜਨੀਤੀ ਦਾ ਭਾਵ ਹੁਣ ਆਪਣੇ ਅਤੇ ਆਪਣਿਆਂ ਦੇ ਹਿਤ ਪੂਰੇ ਕਰਨ ਲਈ ਜਿਵੇਂ ਕਿਵੇਂ ਸੱਤਾ ਵਿਚ ਬਣੇ ਰਹਿਣਾ ਜਾਂ ਸੱਤਾ ’ਤੇ ਕਬਜ਼ਾ ਕਰਨਾ ਹੈ।’ ਇਹ ਕੰਮ ਕਰਨ ਲਈ ਠੀਕ ਜਾਂ ਗਲਤ ਤਰੀਕੇ ਨਾਲ ਵਿਰੋਧੀਆਂ ਨੂੰ ਬਦਨਾਮ ਕਰਕੇ ਮਾਤ ਦੇਣ ਦੇ ਨਾਲ-ਨਾਲ ਦੇਸ਼ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਲੱਭਣ ਦੀ ਬਜਾਏ ਆਮ ਲੋਕਾਂ ਨੂੰ ਭਰਮਾਉਣ ਲਈ ਹਲਕੀਆਂ ਫੁਲਕੀਆਂ ਸਹੂਲਤਾਂ ਦੇਣ ਦੇ ਵਾਅਦੇ ਹੀ ਕੀਤੇ ਜਾਂਦੇ ਹਨ।

ਸੱਤਾ ’ਤੇ ਕਬਜ਼ਾ ਕਰਨ ਦਾ ਲਾਭ ਇਹ ਹੁੰਦਾ ਹੈ ਕਿ ਸਰਕਾਰੀ ਖਜ਼ਾਨਾ, ਸਰਕਾਰੀ ਮਸ਼ੀਨਰੀ ਅਤੇ ਸਾਰਾ ਸਰਕਾਰੀ ਤੰਤਰ ਸੱਤਾਧਾਰੀ ਪਾਰਟੀ ਦੇ ਕਬਜ਼ੇ ਵਿਚ ਆ ਜਾਂਦਾ ਹੈ ਜਿਸਦੀ ਵਰਤੋਂ ਉਹ ਆਪਣੀ ਇੱਛਾ ਅਨੁਸਾਰ ਵਿਰੋਧੀਆਂ ਨੂੰ ਉਲਝਾ ਕੇ ਕਮਜ਼ੋਰ ਕਰਨ ਅਤੇ ਆਪਣਿਆਂ ਨੂੰ ਬਚਾ ਕੇ ਉੱਚਾ ਚੁੱਕਣ ਲਈ ਕਰਦੀ ਹੈ। ਭਾਵੇਂ ਕੁਝ ਸੰਵਿਧਾਨਕ ਬੰਦਿਸ਼ਾਂ ਵੀ ਹੁੰਦੀਆਂ ਹਨ, ਪਰ ਉਹਨਾਂ ਨੂੰ ਵੀ ਬਹੁਤੀ ਵਾਰ ਤੋੜ ਮਰੋੜ ਕੇ ਆਪਣੇ ਅਨੁਕੂਲ ਕਰ ਲਿਆ ਜਾਂਦਾ ਹੈ। ਆਮ ਤੌਰ ’ਤੇ ਸਾਰੇ ਰਾਜਨੀਤਕ ਨੇਤਾ ਇਹੀ ਕਹਿੰਦੇ ਹਨ ਕਿ ਉਹ ਸੱਤਾ ਹਾਸਲ ਕਰਨ ਦਾ ਉਹਨਾਂ ਦਾ ਉਦੇਸ਼ ਸਿਰਫ ਸਮਾਜ ਸੇਵਾ ਕਰਨਾ ਹੀ ਹੈ ਪਰ ਸਮਾਜ ਸੇਵਾ ਤਾਂ ਭਗਤ ਪੂਰਨ ਸਿੰਘ ਪਿੰਗਲਵਾੜਾ, ਮਦਰ ਟੈਰੇਸਾ, ਸੰਤ ਬਲਵੀਰ ਸਿੰਘ ਸੀਚੇਵਾਲ, ਬਹਾਦਰ ਸੈਨਿਕਾਂ ਵਾਂਗ ਸਰਹੱਦਾਂ ਦੀ ਰਾਖੀ ਕਰਕੇ ਜਾਂ ਕਈ ਹੋਰ ਢੰਗਾਂ ਨਾਲ ਵੀ ਕੀਤੀ ਜਾ ਸਕਦੀ ਹੈ ਪਰ ਇਸ ਤਰ੍ਹਾਂ ਦੀ ਸੇਵਾ ਏ. ਸੀ. ਦਫਤਰਾਂ, ਕਾਰਾਂ, ਜਹਾਜ਼ਾਂ, ਸੁਰੱਖਿਆ ਕਰਮਚਾਰੀਆਂ ਅਤੇ ਹੋਰ ਆਧੁਨਿਕ ਸੁਖ-ਸਹੂਲਤਾਂ ਮਾਣਨ ਦੀ ਇੱਛਾ ਰੱਖਣ ਵਾਲੇ ਰਾਜਨੀਤਕ ਲੀਡਰ ਨਹੀਂ ਕਰ ਸਕਦੇ, ਕਿਉਂਕਿ ਇਸ ਤਰ੍ਹਾਂ ਦੀ ਸੇਵਾ ਕਰਨ ਲਈ ਕਸ਼ਟ ਝੱਲਣ ਦੇ ਨਾਲ ਨਾਲ ਤਿਆਗ ਅਤੇ ਕੁਰਬਾਨੀ ਦੀ ਲੋੜ ਹੁੰਦੀ ਹੈ। ਅੱਜ ਦੇ ਰਾਜਨੀਤਕ ਨੇਤਾਵਾਂ ਨੂੰ ਤਾਂ ਕਿਸੇ ਇਸ ਤਰ੍ਹਾਂ ਦੇ ਕੰਮ ਦੀ ਲੋੜ ਹੁੰਦੀ ਹੈ ਜਿਸ ਵਿੱਚੋਂ ਪੁੰਨ ਦੇ ਨਾਲ ਨਾਲ ਭਰਪੂਰ ਮਾਤਰਾ ਵਿਚ ਫਲੀਆਂ ਵੀ ਪ੍ਰਾਪਤ ਹੁੰਦੀਆਂ ਹੋਣ ਅਤੇ ਇਹ ਸੱਤਾ ਹਾਸਲ ਕਰਕੇ ਹੀ ਮਿਲ ਸਕਦੀਆਂ ਹਨ।

ਜੇ ਰਾਜਨੀਤੀ ਦਾ ਉਦੇਸ਼ ਕੇਵਲ ਸਮਾਜ ਸੇਵਾ ਹੀ ਹੈ ਤਾਂ ਹੁਣ ਤੱਕ ਦੇਸ਼ ਵਿੱਚੋਂ ਗ਼ਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਭ੍ਰਿਸ਼ਟਾਚਾਰ, ਗੁੰਡਾਗਰਦੀ, ਕੁਪੋਸ਼ਣ, ਨਸ਼ਿਆਂ ਦਾ ਸੇਵਨ, ਪ੍ਰਦੂਸ਼ਣ, ਸਿਹਤ ਸਹੂਲਤਾਂ ਅਤੇ ਆਵਾਸ ਦੀ ਘਾਟ ਵਰਗੀਆਂ ਸਮੱਸਿਆਵਾਂ ਦਾ ਖਾਤਮਾ ਕਾਫੀ ਹੱਦ ਤੱਕ ਹੋ ਜਾਣਾ ਚਾਹੀਦਾ ਸੀ, ਪਰ ਇਸ ਤਰ੍ਹਾਂ ਨਹੀਂ ਹੋਇਆ। ਅੱਜ ਵੀ ਦੇਸ਼ ਦੀ ਇੱਕ ਚੌਥਾਈ ਜਨ ਸੰਖਿਆ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੀ ਹੈ ਜਦਕਿ ਦੂਜੇ ਪਾਸੇ ਨੜ੍ਹਿੰਨਵੇਂ ਪ੍ਰਤੀਸ਼ਤ ਤੋਂ ਵੀ ਵੱਧ ਰਾਜਨੀਤਕ ਨੇਤਾਵਾਂ ਅਤੇ ਉਹਨਾਂ ਦੇ ਮਿੱਤਰਾਂ ਦੀ ਆਮਦਨ ਅਤੇ ਜਾਇਦਾਦ ਕਈ ਗੁਣਾਂ ਵਧ ਗਈ ਹੈ। ਇਨ੍ਹਾਂ ਅਖੌਤੀ ਲੋਕ ਸੇਵਕਾਂ ਵਿਚ ਗੈਰ ਸਮਾਜੀ ਅਤੇ ਅਪਰਾਧੀਆਂ ਕਿਸਮ ਦੇ ਅਨਸਰਾਂ ਦੀ ਗਿਣਤੀ ਵੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਕਿਉਂਕਿ ਰਾਜਨੀਤਕ ਪਾਰਟੀਆਂ ਦਾ ਮੁੱਖ ਉਦੇਸ਼ ਸੱਤਾ ’ਤੇ ਕਬਜ਼ਾ ਕਰਨਾ ਹੁੰਦਾ ਹੈ ਇਸ ਲਈ ਉਹ ਜਾਇਜ਼-ਨਾਜਾਇਜ਼ ਅਤੇ ਨੈਤਿਕ-ਅਨੈਤਿਕ ਹਰ ਹੀਲਾ ਵਰਤਦੀਆਂ ਹਨ। ਭਾਵੇਂ ਲੋਕ ਸੇਵਾ ਵਰਗੇ ਉੱਚੇ-ਸੁੱਚੇ ਉਦੇਸ਼ ਨੂੰ ਪੂਰਾ ਕਰਨ ਲਈ ਸਾਧਨ ਅਤੇ ਢੰਗ ਤਰੀਕੇ ਵੀ ਉੱਚੇ-ਸੁੱਚੇ ਹੋਣੇ ਚਾਹੀਦੇ ਹਨ ਪਰ ਰਾਜਨੀਤੀ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਸੱਤਾ ਹਾਸਲ ਕਰਨ ਲਈ ਕਈ ਤਰ੍ਹਾਂ ਦੇ ਦਾਅ-ਪੇਚ ਵਰਤੇ ਜਾਂਦੇ ਹਨ। ਆਮ ਨੇਤਾਵਾਂ ਵੱਲੋਂ ਆਪਣੀ ਪਾਰਟੀ ਦੇ ਸੀਨੀਅਰ ਅਤੇ ਪ੍ਰਭਾਵਸ਼ਾਲੀ ਨੇਤਾਵਾਂ ਦੀ ਜੀ-ਹਜ਼ੂਰੀ, ਚਾਪਲੂਸੀ, ਵਿਤੀ ਯੋਗਦਾਨ ਅਤੇ ਰੈਲੀਆਂ ਸਮੇਂ ਆਪਣੇ ਇਲਾਕੇ ਵਿੱਚੋਂ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਵਾਉਣੀ ਆਮ ਵਰਤਾਰਾ ਹੈ। ਚੋਣਾਂ ਸਮੇਂ ਟਿਕਟ ਨਾ ਮਿਲਣ ’ਤੇ ਕਈ ਲੀਡਰ ਸਿਧਾਂਤਾਂ ਅਤੇ ਵਿਚਾਰਧਾਰਾ ਨੂੰ ਛਿੱਕੇ ਟੰਗ ਕੇ ਉਹਨਾਂ ਵਿਰੋਧੀ ਪਾਰਟੀਆਂ ਵਿਚ ਹੀ ਸ਼ਾਮਲ ਹੋ ਜਾਂਦੇ ਹਨ, ਜਿਹਨਾਂ ਨੂੰ ਕੁਝ ਸਮਾਂ ਪਹਿਲਾਂ ਤੱਕ ਉਹਨਾਂ ਨੇ ਪਾਣੀ ਪੀ ਪੀ ਕੇ ਕੋਸਿਆ ਹੁੰਦਾ ਹੈ ਅਤੇ ਉਹਨਾਂ ਨੇਤਾਵਾਂ ਦਾ ਭੰਡੀ ਪ੍ਰਚਾਰ ਕਰਨ ਲਈ ਪੋਤੜੇ ਫਰੋਲਣੇ ਸ਼ੁਰੂ ਕਰ ਦਿੰਦੇ ਹਨ ਜਿਹਨਾਂ ਦਾ ਪਹਿਲਾਂ ਗੁਣ-ਗਾਇਣ ਕੀਤਾ ਹੁੰਦਾ ਹੈ। ਕੀ ਕਿਹਾ ਜਾ ਸਕਦਾ ਹੈ ਅਜਿਹੇ ਸਵਾਰਥੀ ਲੀਡਰਾਂ ਬਾਰੇ? ਅਸਲ ਵਿਚ ਅਜਿਹੇ ਲੀਡਰਾਂ ਅੰਦਰ ਅਖੌਤੀ ਲੋਕ ਸੇਵਾ ਦੀ ਭਾਵਨਾ ਐਨੀ ਪ੍ਰਬਲ ਹੁੰਦੀ ਹੈ ਕਿ ਉਹ ਕੁਰਸੀ ਹਾਸਲ ਕਰਨ ਦੇ ਲਾਲਚ ਵਿਚ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਇਸੇ ਕਰਕੇ ਹੁਣ ਰਾਜਨੀਤੀ ਵਿੱਚੋਂ ਵਫਾਦਾਰੀ, ਇਮਾਨਦਾਰੀ ਅਤੇ ਨੈਤਿਕਤਾ ਵਰਗੀਆਂ ਚੀਜਾਂ ਗਾਇਬ ਹੁੰਦੀਆਂ ਜਾ ਰਹੀਆਂ ਹਨ।

ਰਾਜਨੀਤਕ ਪਾਰਟੀਆਂ ਸੱਤਾ ਹਾਸਲ ਕਰਨ ਲਈ ਧੰਨ, ਮਾਰ-ਧਾੜ, ਦੰਗੇ-ਫਸਾਦ, ਜਾਤ, ਭਾਸ਼ਾ, ਧਰਮ ਅਤੇ ਇਲਾਕਾਵਾਦ ਵਰਗੇ ਕਈ ਤਰ੍ਹਾਂ ਦੇ ਹੱਥਕੰਡੇ ਵਰਤੀਆਂ ਹਨ। ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਨੂੰ ਆਪਣੇ ਪੱਖ ਵਿਚ ਪ੍ਰਚਾਰ ਕਰਨ ਲਈ ਲਾਲਚ ਅਤੇ ਡਰਾਵੇ ਦਿੱਤੇ ਜਾਂਦੇ ਹਨ। ਚੋਣ ਮਨੋਰਥ ਪੱਤਰਾਂ ਰਾਹੀਂ ਕਈ ਤਰ੍ਹਾਂ ਦੇ ਸਬਜ਼ਬਾਗ ਦਿਖਾਏ ਜਾਂਦੇ ਹਨ ਅਤੇ ਕਈ ਇਸ ਤਰ੍ਹਾਂ ਦੇ ਵਾਅਦੇ ਵੀ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਨਾ-ਮੁਮਕਿਨ ਹੁੰਦਾ ਹੈ। ਗਰੀਬ ਲੋਕਾਂ ਦੀ ਆਰਥਿਕ ਹਾਲਤ ਨੂੰ ਪੱਕੇ ਤੌਰ ’ਤੇ ਮਜ਼ਬੂਤ ਕਰਨ ਦੀ ਕੋਈ ਯੋਜਨਾ ਨਹੀਂ ਦੱਸੀ ਜਾਂਦੀ। ਰਾਜਨੀਤਕ ਪਾਰਟੀਆਂ ਨੇ ਕੁਝ ਮਸਲੇ ਤਾਂ ਪੱਕੇ ਤੌਰ ’ਤੇ ਸੰਭਾਲ ਕੇ ਰੱਖੇ ਹੁੰਦੇ ਹਨ ਜਿਵੇਂ ਪੁਰਾਣੇ ਸਮੇਂ ਵਿਚ ਪੇਂਡੂ ਔਰਤਾਂ ਚੁੱਲ੍ਹੇ ਦੀ ਸੁਆਹ ਵਿਚ ਇਕ ਧੁੱਖਦੀ ਪਾਥੀ ਦੱਬ ਦਿੰਦੀਆਂ ਸਨ ਅਤੇ ਲੋੜ ਸਮੇਂ ਉਸੇ ਪਾਥੀ ਨੂੰ ਮਘਾ ਕੇ ਅੱਗ ਬਾਲ ਕੇ ਖਾਣਾ ਬਣਾ ਲੈਂਦੀਆਂ ਸਨ, ਉਸੇ ਤਰ੍ਹਾਂ ਰਾਜਨੀਤਕ ਪਾਰਟੀਆਂ ਵੀ ਚੋਣਾਂ ਦੇ ਦਿਨਾਂ ਵਿਚ ਸਾਂਭ ਕੇ ਰੱਖੇ ਹੋਏ ਪੁਰਾਣੇ ਮਸਲਿਆਂ ਨੂੰ ਉਭਾਰ ਕੇ ਆਪਣੀਆਂ ਰੋਟੀਆਂ ਸੇਕ ਲੈਂਦੀਆਂ ਹਨ। ਇਹ ਉਹ ਮਸਲੇ ਹੁੰਦੇ ਹਨ ਜਿਹਨਾਂ ਨੂੰ ਉਹ ਕਦੇ ਵੀ ਪੱਕੇ ਤੌਰ ’ਤੇ ਹੱਲ ਨਹੀਂ ਕਰਦੀਆਂ। ਕੁਝ ਰਾਜਨੀਤਕ ਨੇਤਾ ਚੰਗੇ ਵੀ ਹੁੰਦੇ ਹਨ ਪਰ ਉਹਨਾਂ ਨੂੰ ਖੁੱਲ੍ਹ ਕੇ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ। ਰਾਜਨੀਤਿਕ ਪਾਰਟੀਆਂ ਨੂੰ ਤਾਂ ਆਗਿਆਕਾਰੀ ਅਤੇ ਸਿੱਧੇ-ਸਾਧੇ ਜਿਹੇ ਵਰਕਰਾਂ ਅਤੇ ਵੋਟਰਾਂ ਦੀ ਲੋੜ ਹੁੰਦੀ ਹੈ ਜਿਹੜੇ ਬਹੁਤੀਆਂ ਨਘੋਚਾਂ ਨਾ ਕੱਢਣ ਅਤੇ ਜਿਹਨਾਂ ਦੀਆਂ ਭਾਵਨਾਵਾਂ ਨੂੰ ਉਤੇਜਤ ਕਰਕੇ ਅਤੇ ਉਨ੍ਹਾਂ ਨੂੰ ਸਬਜ਼ਬਾਗ ਦਿਖਾ ਕੇ ਆਪਣੇ ਮੱਕੜ ਜਾਲ ਵਿਚ ਫਸਾਇਆ ਅਤੇ ਫਿਰ ਵਰਤਿਆ ਜਾ ਸਕੇ।

ਜਿਹਨਾਂ ਲੋਕਾਂ ਨੂੰ ਰਾਜਨੀਤਕ ਨੇਤਾਵਾਂ ਦੀਆਂ ਇਹ ਚਾਲਾਂ ਅਤੇ ਮੱਕਾਰੀਆਂ ਸਮਝ ਆਉਂਦੀਆਂ ਹਨ ਉਹ ਵੀ ਕਮਰਿਆਂ ਵਿਚ ਬੈਠ ਕੇ ਇਹਨਾਂ ਚਾਲਾਂ ਦੀ ਚੀਰ-ਫਾੜ ਕਰਕੇ ਆਪਣੀ ਵਿਦਵਤਾ ਦਾ ਸਬੂਤ ਤਾਂ ਦੇ ਦਿੰਦੇ ਹਨ ਪਰ ਚੋਣਾਂ ਵਾਲੇ ਦਿਨ ਲਾਈਨ ਵਿਚ ਖੜ੍ਹ ਕੇ ਕਿਸੇ ਚੰਗੇ ਉਮੀਦਵਾਰ ਨੂੰ ਵੋਟ ਪਾਉਣ ਵਾਲੇ ਕੰਮ ਨੂੰ ਗੈਰ ਜਰੂਰੀ ਸਮਝਦੇ ਹਨ ਅਤੇ ਇਸ ਤਰ੍ਹਾਂ ਉਹ ਭ੍ਰਿਸ਼ਟ ਅਤੇ ਕੁਚੱਜੇ ਰਾਜਨੀਤਕ ਨੇਤਾਵਾਂ ਲਈ ਮੈਦਾਨ ਖੁੱਲ੍ਹਾ ਛੱਡ ਕੇ ਇਕ ਤਰੀਕੇ ਨਾਲ ਉਹਨਾਂ ਦੇ ਪੱਖ ਵਿਚ ਹੀ ਭੁਗਤ ਜਾਂਦੇ ਹਨ। ਇਸੇ ਕਰਕੇ ਰਾਜਨੀਤੀ ਵਿੱਚ ਦਿਨੋਂ-ਦਿਨ ਗਿਰਾਵਟ ਆ ਰਹੀ ਹੈ।

*****

(582)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਕਾਰ ਸਿੰਘ ਸਮਰਾਲਾ

ਬਲਕਾਰ ਸਿੰਘ ਸਮਰਾਲਾ

Samrala, Ludhiana, Punjab, India.
Phone: (011 91 - 94174 - 72785)