JaswantSJassar7ਜੇ ਹਾਕਮ ਜਮਾਤ ਹਰ ਬੇਘਰ ਨੂੰ ਘਰ ਤੇ ਦੋ ਡੰਗ ਦੀ ਰੋਟੀ ਦਾ ਕੋਈ ਪੱਕਾ ਜੁਗਾੜ ਬਣਾ ਦੇਵੇ ...
(30 ਜਨਵਰੀ 2017)

 

ਅੱਜਕਲ ਚੋਣਾਂ ਦੀ ਰੁੱਤ ਚੱਲ ਰਹੀ ਹੈ। ਸਾਡੀਆਂ ਸਿਆਸੀ ਪਾਰਟੀਆਂ (ਬਿਨਾ ਖੱਬੇ ਪੱਖੀਆਂ ਤੋਂ) ਜਨਤਾ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਦਿਖਾ ਰਹੀਆਂ ਹਨ। ਆਪੋ ਆਪਣੇ ਚੋਣ ਮੈਨੀਫੈਸਟੋ ਜਾਰੀ ਕਰਕੇ ਜਨਤਾ ਨੂੰ ਬੁੱਧੂ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।

ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ ਘੱਟੋ-ਘੱਟ ਸੱਤਰ ਸਾਲ ਹੋਣ ਵਾਲੇ ਹਨ। ਪਰ ਅਜੇ ਵੀ ਸਾਡੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਰੱਜਵੀ ਰੋਟੀ, ਤਨ ਢਕਣ ਲਈ ਕੱਪੜੇ ਤੇ ਸਿਰ ਲੁਕੋਣ ਲਈ ਛੱਤ ਨਹੀਂ ਮਿਲੀ। ਸਾਡੀਆਂ ਹਾਕਮ ਜਮਾਤਾਂ ਵਿਕਾਸ ਦੀਆਂ ਵੱਡੀਆਂ-ਵੱਡੀਆਂ ਗੱਲਾਂ ਰਹੀਆਂ ਹਨ ਤੇ ਲੰਬੇ ਚੌੜੇ ਭਾਸ਼ਣ ਦਿੰਦੀਆਂ ਹਨ। ਵੱਡੇ ਵਾਅਦੇ ਕਰਦੀਆਂ ਹਨ। ਮੈਂ ਸਿਰਫ਼ ਦੋ ਗੱਲਾਂ ਹੀ ਜਨਤਾ ਨਾਲ ਸਾਂਝੀਆਂ ਕਰਦਾ ਹਾਂ। ਸਾਡੇ ਦੇਸ਼ ਦੇ ਕਰੋੜਾਂ ਲੋਕ ਅਜੇ ਵੀ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਬੱਚੇ ਪਲੇਟਫਾਰਮਾਂ ਉੱਤੇ ਜੂਠੇ ਪੱਤਰ ਚੱਟਦੇ ਆਮ ਵੇਖੇ ਜਾ ਸਕਦੇ ਹਨ। ਇਨ੍ਹਾਂ ਲੋਕਾਂ ਨੇ ਵੱਡੇ ਵੱਡੇ ਫਲਾਈਓਵਰ ਜਾਂ 4 ਤੋਂ 6 ਲੇਨ ਵਾਲੀਆਂ ਸੜਕਾਂ ਦੇ ਵਿਕਾਸ ਦੇ ਨਾ ਤੋਂ ਕੀ ਲੈਣਾ ਹੈ? ਇਨ੍ਹਾਂ ਲੋਕਾਂ ਨੂੰ ਤਾਂ ਦੋ ਡੰਗ ਦੀ ਰੋਟੀ ਤੇ ਸਿਰ ਢਕਣ ਲਈ ਛੱਤ ਮਿਲ ਜਾਵੇ, ਇੰਨਾ ਹੀ ਬਹੁਤ ਹੈ। ਵੱਡੇ-ਵੱਡੇ ਮੈਨੀਫੈਸਟੋ ਜਾਰੀ ਕਰਨ ਨਾਲੋਂ ਮੈਂ ਇੱਕੋ ਗੱਲ ਕਹਾਂਗਾ ਕਿ ਆਉਣ ਵਾਲੇ ਪੰਜ ਸਾਲਾਂ ਵਿੱਚ ਜੇ ਹਾਕਮ ਜਮਾਤ ਹਰ ਬੇਘਰ ਨੂੰ ਘਰ ਤੇ ਦੋ ਡੰਗ ਦੀ ਰੋਟੀ ਦਾ ਕੋਈ ਪੱਕਾ ਜੁਗਾੜ ਬਣਾ ਦੇਵੇ ਤਾਂ ਇਨ੍ਹਾਂ ਲੋਕਾਂ ਲਈ ਇਹ ਸਭ ਤੋਂ ਵੱਡਾ ਵਿਕਾਸ ਹੋਵੇਗਾ। ਸਭ ਤੋਂ ਪਹਿਲਾਂ ਜਨਤਾ ਨੂੰ ਬੁਨਿਆਦੀ ਸਹੂਲਤਾਂ ਮਿਲਣੀਆਂ ਜ਼ਰੂਰੀ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਮ ਲੋਕਾਂ ਨੂੰ ਸੰਦੇਸ਼ ਦਿੱਤਾ ਸੀ - ‘ਕਿਰਤ ਕਰੋ ਤੇ ਵੰਡ ਛਕੋ’। ਇਕ ਪੰਗਤੀ ਦੀ ਸਿੱਖਿਆ ਹੀ ਜੇਕਰ ਸਾਡੀ ਹਾਕਮ ਜਮਾਤ ਅਮਲ ਵਿੱਚ ਲੈ ਆਵੇ ਤਾਂ ਜਨਤਾ ਦਾ ਬਹੁਤ ਵੱਡਾ ਭਲਾ ਹੋ ਸਕਦਾ ਹੈ। ਇਸ ਇਕ ਪੰਗਤੀ ਦੇ ਸ਼ਬਦਾਂ ਵਿੱਚ ਬਹੁਤ ਵੱਡੇ ਅਰਥ ਲੁਕੇ ਹੋਏ ਹਨ।

ਸਾਰੀਆਂ ਸਿਆਸੀ ਪਾਰਟੀਆਂ ਜਨਤਾ ਨੂੰ ਕਣਕ, ਚੌਲ, ਆਟਾ, ਖੰਡ, ਚਾਹਪੱਤੀ ਤੇ ਦਾਲ ਆਦਿ ਦੇ ਮੁਫ਼ਤ ਦੇਣ ਦੇ ਵਾਅਦੇ ਕਰਦੀਆਂ ਹਨ। ਇਸ ਤਰ੍ਹਾਂ ਹਾਕਮ ਜਮਾਤਾਂ ਜਨਤਾ ਨੂੰ ਭਿਖਾਰੀ ਬਣਾ ਕੇ ਰੱਖਣਾ ਚਾਹੁੰਦੀਆਂ ਹਨ ਤਾਂ ਕਿ ਹਰ ਪੰਜ ਸਾਲਾਂ ਬਾਅਦ ਇਹੋ ਜਿਹੇ ਡੰਗ-ਟਪਾੳੂ ਨਾਅਰੇ ਦੇ ਕੇ ਇਨ੍ਹਾਂ ਕੋਲੋਂ ਵੋਟਾਂ ਲੈਂਦੇ ਰਹਿਣ। ਇਹ ਕਿਸੇ ਪੱਕੇ ਰੁਜ਼ਗਾਰ ਦੀ ਕੋਈ ਗਰੰਟੀ ਨਹੀਂ ਦਿੰਦੇ, ਜਿਸ ਨਾਲ ਲੋਕ ਆਪਣੇ ਬੱਚਿਆਂ ਨੂੰ ਕੱਪੜਾ, ਪੜ੍ਹਾਈ ਤੇ ਸਿਹਤ ਆਦਿ ਤੇ ਖਰਚ ਕਰਕੇ ਉਨ੍ਹਾਂ ਦੇ ਭਵਿੱਖ ਨੂੰ ਚੰਗਾ ਬਣਾ ਸਕਣ।

ਇੱਕ ਸਿਆਸੀ ਪਾਰਟੀ ਨੇ ਤਾਂ ਪੰਜ ਰੁਪਏ ਵਿੱਚ ਖਾਣੇ ਦਾ ਐਲਾਨ ਵੀ ਕਰ ਦਿੱਤਾ ਹੈ। ਹੈ ਨਾ ਮੌਜਾਂ? ਹੁਣ ਕੰਮ ਕਰਨ ਦੀ ਲੋੜ ਹੀ ਨਹੀਂ। ਸਿਆਸੀ ਪਾਰਟੀਆਂ ਦੀ ਇਸ ਨੀਤੀ ਤੇ ਨੀਅਤ ਵਿੱਚ ਬਹੁਤ ਵੱਡਾ ਖੋਟ ਰਲਿਆ ਹੋਇਆ ਹੈ। ਇਹ ਜਨਤਾ ਨੂੰ ਵਿਹਲੜ ਰੱਖਕੇ ਨਿਕੰਮਾ ਕਰਨਾ ਚਾਹੁੰਦੀਆਂ ਹਨ। ਸਾਡੇ ਦੇਸ਼ ਵਿੱਚ ਕੰਮ ਸਭਿਆਚਾਰ ਤਾਂ ਪਹਿਲਾਂ ਹੀ ਬਹੁਤ ਘੱਟ ਹੈ। ਮੁਫ਼ਤ ਚੀਜਾਂ ਵੰਡਣ ਨਾਲ ਹੋਰ ਵੀ ਕੰਮ-ਸਭਿਆਚਾਰ ਦੀ ਘਾਟ ਹੋ ਜਾਵੇਗੀ। ਜਨਤਾ ਦੇ ਸੁਭਾਅ ਵਿੱਚ ਹੋਰ ਵੀ ਵਿਗਾੜ ਆ ਜਾਵੇਗਾ। ਹਾਕਮ ਜਮਾਤਾਂ ਜਨਤਾ ਨੂੰ ਇਨਸਾਨ ਨਹੀਂ ਸਮਝਦੀਆਂ ਸਿਰਫ ਵੋਟਰ ਹੀ ਬਣਾ ਕੇ ਰੱਖਣਾ ਚਾਹੁੰਦੀਆਂ ਹਨ ਤਾਂ ਕਿ ਜਨਤਾ ਆਪਣੇ ਪੈਰਾਂ ਤੇ ਨਾ ਖੜ੍ਹੀ ਹੋ ਜਾਵੇ, ਸਿਰਫ਼ ਸਰਕਾਰਾਂ ਵੱਲ ਮੰਗਤਿਆਂ ਵਾਂਗੂੰ ਹੱਥ ਅੱਡੀ ਰੱਖੇ।

ਸਾਡੇ ਦੇਸ਼ ਦੀਆਂ ਹਾਕਮ ਜਮਾਤਾਂ ਨੇ ਧਨ ਨੂੰ ਵੀ ਕਾਲੇ, ਚਿੱਟੇ ਰੰਗ ਵਿੱਚ ਵੰਡ ਕੇ ਲੁਟੇਰਿਆਂ ਜਮਾਤਾਂ ਨੂੰ ਲੁੱਟਣ ਦੇ ਮੌਕੇ ਸਾਜ਼ਗਾਰ ਕਰ ਦਿੱਤੇ ਹਨ, ਜਦੋਂ ਕਿ ਧਨ ਦਾ ਕੋਈ ਰੰਗ ਨਹੀਂ ਹੁੰਦਾ। ਇਸ ਨੀਤੀ ਪਿੱਛੇ ਇਨ੍ਹਾਂ ਦੀ ਗਹਿਰੀ ਸਾਜਿਸ਼ ਹੈ। ਜਿਹੜਾ ਧੰਨ ਕਾਲੇ ਕਾਰਨਾਮਿਆਂ ਦੇ ਸਾਧਨਾਂ ਰਾਹੀਂ ਕਮਾਇਆ ਜਾਂਦਾ ਹੈ ਉਸ ਵਿੱਚੋਂ ਇੰਨਕਮ ਟੈਕਸ ਲੈ ਕੇ ਉਸ ਨੂੰ ਚਿੱਟੇ ਧਨ ਦਾ ਨਾਂ ਦੇਕੇ ਮੌਕੇ ਦੀਆਂ ਸਰਕਾਰਾਂ ਲੁਟੇਰਿਆਂ ਦੇ ਹੱਕ ਵਿੱਚ ਭੁਗਤਦੀਆਂ ਹਨ। ਜਿੰਨਾ ਚਿਰ ਕਾਲੇ ਧਨ ਦੇ ਸ੍ਰੋਤ ਬੰਦ ਨਹੀਂ ਕਰਦੇ ਅਤੇ ਕਾਲੇ ਕਾਰਨਾਮਿਆਂ ਤੋਂ ਕਮਾਇਆ ਸਾਰਾ ਧਨ ਜ਼ਬਤ ਕਰਕੇ ਜਨਤਾ ਦੀ ਭਲਾਈ ਲਈ ਨਹੀਂ ਵਰਤਿਆ ਜਾਂਦਾ, ਉੰਨਾ ਚਿਰ ਕਾਲਾ ਧਨ ਪੈਦਾ ਹੁੰਦਾ ਰਹੇਗਾ। ਇਸ ਲਈ ਜਿੰਨਾ ਚਿਰ ਹਾਕਮ ਜਮਾਤਾਂ ਕਾਲੇ ਸ੍ਰੋਤਾਂ ਤੋਂ ਨਜਾਇਜ਼ ਢੰਗ ਨਾਲ ਕਮਾਏ ਕਾਲੇ ਧਨ ਵਿੱਚੋਂ ਇੰਨਕਮ ਟੈਕਸ (ਹਿੱਸਾਪੱਤੀ ਦੇ ਰੂਪ ਵਿੱਚ) ਲੈਂਦੀਆਂ ਰਹਿਣਗੀਆਂ, ਉੰਨਾ ਚਿਰ ਕਾਲਾ ਧਨ ਪੈਦਾ ਹੁੰਦਾ ਰਹੇਗਾ ਤੇ ਹਾਕਮ ਜਮਾਤਾਂ ਚੋਣਾਂ ਵਿੱਚ ਇਹੋ ਜਿਹੇ ਜੁਮਲਿਆਂ ਨਾਲ ਜਨਤਾ ਨੂੰ ਗੁੰਮਰਾਹ ਕਰਦੀਆਂ ਰਹਿਣਗੀਆਂ। ਲੋੜ ਹੈ ਇਨ੍ਹਾਂ ਦੇ ਚੁਣਾਵੀ ਜੁਮਲਿਆਂ ਤੋਂ ਸੁਚੇਤ ਅਤੇ ਜਾਗਰੂਕ ਹੋਣ ਦੀ।

*****

(577)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵੰਤ ਸਿੰਘ ਜੱਸੜ

ਜਸਵੰਤ ਸਿੰਘ ਜੱਸੜ

Duggri, Ludhiana, Punjab, India.
Phoone: (91 - 98157 - 45057)