Sukirat7ਇਸ ਸਾਰੇ ਘਟਨਾਕ੍ਰਮ ਤੋਂ ਖਿਝਿਆ ਮੈਂ ਟੈਕਸੀ ਚਾਲਕ ਨਾਲ ਨੋਟਬੰਦੀ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ ਬਾਰੇ ਗੱਲ ਛੁਹ ਬੈਠਾ ...
(23 ਜਨਵਰੀ 2017)

 

ਪਿਛਲੇ ਛੇ ਕੁ ਸਾਤੇ ਅੱਡੋ-ਅੱਡ ਸਰਗਰਮੀਆਂ ਕਾਰਨ ਦੇਸ ਦੇ ਵੱਖੋ-ਵੱਖ ਸੂਬਿਆਂ ਵਿਚ ਵਿਚਰਨ ਦਾ ਸਬੱਬ ਬਣਿਆ। ਉੱਤਰ ਵਿਚ ਹਿਮਾਚਲ ਤੋਂ ਲੈ ਕੇ ਧੁਰ ਦੱਖਣ ਦੇ ਪ੍ਰਾਂਤ ਤਾਮਿਲ ਨਾਡ ਤਕ, ਅਤੇ ਮਗਰੋਂ ਜਾ ਕੇ ਦੇਸ ਦੇ ਪੱਛਮੀ ਹਿੱਸੇ ਮਹਾਰਾਸ਼ਟਰ ਵਿਚ ਕਈ ਦਿਨ ਗੁਜ਼ਾਰੇ। ਏਧਰੋਂ ਓਧਰ ਆਉਂਦਿਆਂ ਜਾਂਦਿਆਂ ਦਿੱਲੀ ਵਿੱਚੋਂ ਤਾਂ ਲੰਘਣਾ ਪਿਆ ਹੀ ਇਹੋ ਸਮਾਂ 8 ਨਵੰਬਰ ਨੂੰ ਐਲਾਨੀ ਗਈ ਨੋਟਬੰਦੀ ਕਾਰਨ ਹਰ ਪਾਸੇ ਛਿੜੀ ਤਰਥੱਲੀ ਦੇ ਕਈ ਪੜਾਵਾਂ ਵਿੱਚੋਂ ਗੁਜ਼ਰਨ ਦਾ ਵੀ ਸੀ।

ਨਵੰਬਰ ਦੇ ਆਖਰੀ ਦਿਨਾਂ ਵਿਚ ਮੈਂ ਹਿਮਾਚਲ ਦੇ ਸ਼ਹਿਰ ਧਰਮਸ਼ਾਲਾ ਦੇ ਕੋਲ ਸਾਂ। ਕਿਸੇ ਪਸਿੱਤੀ ਥਾਂ ਪਹੁੰਚਣ ਲਈ ਸਥਾਨਕ ਟੈਕਸੀ ਲੈਣੀ ਪਈ। ਮਾਲਕ ਜਮ੍ਹਾਂ ਚਾਲਕ ਨੇ ਪਰਵਾਨਤ ਨੋਟਾਂ ਵਿਚ 1500, ਜਾਂ ਪੁਰਾਣੇ ਨੋਟਾਂ ਵਿਚ 2000 ਭਾੜਾ ਮੰਗਿਆ। ਉਨ੍ਹਾਂ ਦਿਨਾਂ ਵਿੱਚ ਕਰੰਸੀ ਦੀ ਡਾਢੀ ਤੋਟ ਸੀ, ਪਰ ਪੁਰਾਣੇ ਨੋਟ ਵੀ ਅਜੇ ਬੈਂਕਾਂ ਵਿਚ ਜਮ੍ਹਾਂ ਕੀਤੇ ਜਾ ਸਕਦੇ ਹਨ। 40 ਕੁ ਕਿਲੋਮੀਟਰ ਲਮੇਂ ਸਫ਼ਰ ਵਿਚ ਨੌਜਵਾਨ ਹਿਮਾਚਲੀਏ ਨਾਲ ਗੱਲਬਾਤ ਹੁੰਦੀ ਰਹੀ, ਜੋ ਜ਼ਿਲ੍ਹਾ ਕਾਂਗੜਾ ਦੇ ਕਿਸੇ ਅਣਸੁਣੇ ਪਿੰਡ ਤੋਂ ਸੀ। ਆਪਣੇ ਧੰਦੇ ਵਿਚ ਨੋਟਬੰਦੀ ਕਾਰਨ ਆਈ ਚੋਖੀ ਮੰਦੀ ਦੇ ਬਾਵਜੂਦ ਉਹ ਪਰਧਾਨ ਮੰਤਰੀ ਦੇ ਇਸ ਸਾਹਸੀ ਕਦਮ ਤੋਂ ਬਹੁਤ ਪਰਭਾਵਤ ਸੀ ਜਿਸਨੇ ਅਮੀਰਾਂ ਦਾ ਕਚੂਮਰ ਕੱਢ ਛੱਡਿਆ ਸੀ। ਉਨ੍ਹਾਂ ਦੇ ਇਲਾਕੇ ਦੇ ਇਕ ਸੁਨਿਆਰੇ ਕੋਲੋਂ 52 ਕਰੋੜ ਦੀ ਕਰੰਸੀ ਨਿਕਲੀ ਸੀ। ਉਹ ਮੈਨੂੰ ਦੱਸ ਰਿਹਾ ਸੀ ਕਿ ਹਰ ਥਾਂ ਤੋਂ ਅਜਿਹੇ ਕਾਲੇ ਧਨ ਦੇ ਬਾਹਰ ਆ ਜਾਣ ਤੋਂ ਬਾਅਦ ਪਰਧਾਨ ਮੰਤਰੀ ਨੇ ਇਸਨੂੰ ਆਮ ਲੋਕਾਂ ਵਿਚ ਵੰਡ ਦੇਣਾ ਹੈ ਜਦੋਂ ਮੈਂ ਪੁੱਛਿਆ ਕਿ ਕਥਿਤ 52 ਕਰੋੜ ਨੂੰ ਛਾਪੇ ਰਾਹੀਂ ਫੜਿਆ ਗਿਆ ਹੈ ਜਾਂ ਸੁਨਿਆਰਾ ਆਪ ਉਸਨੂੰ ਬੈਂਕ ਵਿਚ ਜਮ੍ਹਾਂ ਕਰਾਉਣ ਗਿਆ ਸੀ, ਤਾਂ ਉਸਦਾ ਜਵਾਬ ਸੀ ਕਿ ਇਹ ਖਬਰ ਇਲਾਕੇ ਦੇ ਸਾਰੇ ਪਿੰਡਾਂ ਵਿਚ ਫੈਲੀ ਹੋਈ ਹੈ, ਪਰ ਪੈਸਾ ਬਾਹਰ ਕਿਵੇਂ ਆਇਆ ਜਾਂ ਉਹ ਸੁਨਿਆਰਾ ਹੈ ਕਿਹੜੇ ਪਿੰਡ ਦਾ, ਇਸ ਬਾਰੇ ਉਸਨੂੰ ਕੋਈ ਪੱਕਾ ਪਤਾ ਨਹੀਂ ਪਰਧਾਨ ਮੰਤਰੀ ਵੱਲੋਂ ਗਰੀਬਾਂ ਵਿਚ ਪੈਸਾ (ਉਸ ਦੇ ਕਹਿਣ ਮੁਤਾਬਿਕ ਹਰ ਇਕ ਨੂੰ ਦਸ ਦਸ ਹਜ਼ਾਰ) ਵੰਡਣ ਦੇ ਫੈਸਲੇ ਦੀ ਗੱਲ ਵੀ ਉਸਨੇ ਇਸੇ ਤਰ੍ਹਾਂ ਸੱਥ ਵਿਚ ਸੁਣੀ ਸੀ ਸਪਸ਼ਟ ਸੀ, ਅਜਿਹੀਆਂ “ਖਬਰਾਂ” ਨੂੰ ਵਿਉਂਤਬਧ ਢੰਗ ਨਾਲ ਫੈਲਾਇਆ ਜਾ ਰਿਹਾ ਸੀ। ਉੱਤੋਂ ਮੋਦੀ ਵੀ ਆਪਣੇ ਭਾਸ਼ਣਾਂ ਵਿਚ ਗੁੱਝੇ ਇਸ਼ਾਰਿਆਂ ਦੀਆਂ ਅਜਿਹੀਆਂ ਗਾਜਰਾਂ ਲਟਕਾ ਰਿਹਾ ਸੀ ਕਿ ‘ਨੋਟਬੰਦੀ ਤਾਂ ਅਜੇ ਸ਼ੁਰੂਆਤ ਹੈਮੈਂ ਭਾਰਤ ਦੀ ਗਰੀਬ ਜਨਤਾ ਲਈ ਹਾਲੇ ਕਈ ਹੋਰ ਕਦਮ ਚੁੱਕਣੇ ਹਨ।” ਅਤੇ ਨੋਟਬੰਦੀ ਦੀ ਮਾਰ ਸਹਿਣ ਦੇ ਬਾਵਜੂਦ ਆਮ ਜਨਤਾ ਕਿਸੇ ਚੰਗੇਰੇ ਭਵਿੱਖ ਦੇ ਲਾਰਿਆਂ ਵਿਚ ਬੱਝੀ ਇਸ ਮੁਸੀਬਤ ਨੂੰ ਖਿੜੇ-ਮੱਥੇ ਕਬੂਲ ਕਰ ਰਹੀ ਜਾਪਦੀ ਸੀ।

ਇਸ ਫੇਰੀ ਤੋਂ ਹਫ਼ਤਾ ਕੁ ਬਾਅਦ, ਦਸੰਬਰ ਦੇ ਦੂਜੇ ਸਾਤੇ ਮੈਂ ਤਾਮਿਲ ਨਾਡ ਵਿਚ ਸਾਂ ਜੈਲਲਿਤਾ ਦੀ ਮੌਤ ਵੀ ਇਨ੍ਹੀਂ ਦਿਨੀਂ ਹੀ ਹੋਈ। ਸਾਰਾ ਖਿਤਾ ਉਸਦੀ ਮੌਤ ਦੇ ਸੋਗ ਅਤੇ ਇਸ ਤੋਂ ਪੈਦਾ ਹੋਏ ਰਾਜਨੀਤਕ ਖ਼ਲਾਅ ਨਾਲ ਸਿੱਝ ਰਿਹਾ ਸੀ। ਇਨ੍ਹਾਂ ਹੀ ਦਿਨਾਂ ਵਿਚ ਥਾਂ ਥਾਂ ਤੋਂ ਕਰੋੜਾਂ ਦੀ ਨਵੀਂ/ਪੁਰਾਣੀ ਕਰੰਸੀ ਫੜੇ ਜਾਣ ਦੀਆਂ ਖਬਰਾਂ ਵੀ ਆਉਣ ਲੱਗ ਪਈਆਂ। ਹਿਮਾਚਲ ਵਾਲੇ ਸੁਨਿਆਰੇ ਦੇ ਕੋਲੋਂ ਮਿਲੇ 52 ਕਰੋੜ ਦੀ ਖਬਰ ਇਕ ਅਫ਼ਵਾਹ ਵਾਂਗ ਲੋਕਾਂ ਤਕ ਪੁੱਜੀ ਸੀ, ਪਰ ਹੁਣ ਸੈਆਂ ਕਰੋੜਾਂ ਦੇ ਫੜੇ ਜਾਣ ਦੀਆਂ ਖਬਰਾਂ ਅਖਬਾਰਾਂ ਵਿਚ ਵੀ ਛਪ ਰਹੀਆਂ ਸਨ। ਇਕ ਪਾਸੇ ਲੋਕੀ ਦੋ-ਦੋ ਹਜ਼ਾਰ ਕਢਾਉਣ ਲਈ ਬੈਂਕਾਂ ਅੱਗੇ ਕਤਾਰਾਂ ਲਾਈ ਖੜ੍ਹੇ ਸਨ, ਤੇ ਦੂਜੇ ਪਾਸੇ ਕਰੋੜਾਂ ਦੀ ਨਵੀਂ ਨਕਦੀ ਰੋਜ਼ ਬਰਾਮਦ ਹੋ ਰਹੀ ਸੀ। ਹੁਣ ਦੋ ਕਿਸਮ ਦੀਆਂ ਰਾਵਾਂ ਸੁਣਨ ਨੂੰ ਮਿਲ ਰਹੀਆਂ ਸਨ। ਬਹੁਤੇ ਲੋਕ ਬੈਂਕਾਂ ਵਾਲਿਆਂ ਦੇ ਖਿਲਾਫ਼ ਬੋਲਦੇ ਸਨ ਕਿ ਇਹ ਅੰਦਰ ਖਾਤੇ ਕਰੰਸੀ ਏਧਰ-ਓਧਰ ਕਰ ਰਹੇ ਹਨ ਮੋਦੀ ਦੇ ਭਾਸ਼ਣਾਂ ਵਿਚ ਵੀ ਥਾਂ ਥਾਂ ਖੁਫ਼ੀਆ ਕੈਮਰਿਆਂ ਦੀ ਵਰਤੋਂ ਰਾਹੀਂ ਬੈਂਕਾਂ ਉੱਤੇ ਨਿਗਰਾਨੀ ਵਧਾਉਣ ਅਤੇ ਉਨ੍ਹਾਂ ਦੀਆਂ ਚੋਰੀਆਂ ਫੜਨ ਦੀਆਂ ਗੱਲਾਂ ਹੋਣ ਲੱਗ ਪਈਆਂ ਸਨ, ਜਿਸ ਤੋਂ ਲੋਕਾਂ ਨੂੰ ਲੱਗਣ ਲੱਗ ਪਿਆ ਸੀ ਪਰਧਾਨ ਮੰਤਰੀ ਤਾਂ ਕੁਝ ਕਰਨਾ ਚਾਹੁੰਦਾ ਹੈ ਪਰ ਬੈਂਕਾਂ ਵਾਲੇ ਗੜਬੜ ਕਰ ਰਹੇ ਹਨ। ਪਰ ਇਸਦੇ ਬਾਵਜੂਦ ਤਾਮਿਲ ਨਾਡ ਵਿਚ ਇਕਾ-ਦੁਕਾ ਅਜਿਹੇ ਲੋਕ ਵੀ ਮਿਲੇ ਜੋ ਨੋਟਬੰਦੀ ਦੇ ਫੈਸਲੇ ਤੋਂ ਤਕਰੀਬਨ ਇਕ ਮਹੀਨਾ ਬਾਅਦ ਅਚਾਨਕ ਉੱਭਰ ਕੇ ਆਏ ਇਸ ਸਾਰੇ ਵਰਤਾਰੇ ਨੂੰ ਚੋਖੀ ਸ਼ੱਕੀ ਨਜ਼ਰ ਨਾਲ ਦੇਖਦੇ ਸਨ: “ਸਾਰੀ ਨਵੀਂ ਕਰੰਸੀ ਵੀ ਸਰਕਾਰ ਕੋਲ ਹੈ, ਅਤੇ ਪੁਰਾਣੀ ਵੀ ਉਸੇ ਨੇ ਜ਼ਬਤ ਕਰਨੀ ਹੈ। ਪਹਿਲੋਂ ਆਪਣੇ ਕੋਲ ਪਏ ਪੈਸੇ ਨੂੰ ਛਾਪੇ ਰਾਹੀਂ ਫੜਿਆ ਗਿਆ ਦਿਖਾ ਲਓ, ਅਤੇ ਫੇਰ ਉਸ ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਾ ਲਓ ... ਇਹ ਤਾਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ।” ਪਰ ਅਜਿਹਾ ਸ਼ੱਕ ਜਿਤਾਉਣ ਵਾਲੇ ਲੋਕ ਘੱਟ ਸਨ, ਬੈਂਕ ਕਰਮਚਾਰੀਆਂ ਨੂੰ ਗਾਲ੍ਹਾਂ ਕੱਢਣ ਵਾਲੇ ਵੱਧ।

ਦਸੰਬਰ ਦੇ ਐਨ ਅੱਧ ਵਿਚ ਚੇਨਾਈ ਤੋਂ ਮੁੜਨ ਸਮੇਂ ਮੈਨੂੰ ਦਿੱਲੀ ਹਵਾਈ ਅੱਡੇ ਤੋਂ ਮੇਰੀ ਠਾਹਰ ਜੇ. ਐੱਨ.ਯੂ. ਤੀਕ ਪੁਚਾਉਣ ਵਾਲਾ ਟੈਕਸੀ ਚਾਲਕ ਦਿੱਲੀ ਦਾ ਹਰਿਆਣਵੀ ਸੀ। ਹਵਾਈ ਅੱਡੇ ਤੋਂ ਅਗਾਊਂ ਭੁਗਤਾਨ ਵਾਲੀ ਟੈਕਸੀ ਲੈਂਦਿਆਂ ਮੈਨੂੰ ਚੋਖੀ ਪਰੇਸ਼ਾਨੀ ਹੋਈ: ਕਾਊਂਟਰ ਉੱਤੇ ਬੈਠੇ ਕਰਮਚਾਰੀ ਕੋਲ ਪਈ ਕਾਰਡ ਪੜ੍ਹਨ ਵਾਲੀ ਮਸ਼ੀਨ ਕੰਮ ਨਹੀਂ ਸੀ ਕਰ ਰਹੀ, ਅਤੇ ਮੇਰਾ 2000 ਦਾ ਨੋਟ ਲੈਣ ਲਈ ਉਹ ਤਿਆਰ ਨਹੀਂ ਸੀ। ਜੇ.ਐਨ.ਯੂ. ਦਾ ਕਰਾਇਆ 300 ਰੁਪਏ ਬਣਦਾ ਸੀ ਪਰ ਮੇਰੇ ਕੋਲ ਸਿਰਫ 290 ਰੁਪਏ ਦੀ ਭਾਨ ਸੀ। ਮੈਨੂੰ ਉਸ ਕਰਮਚਾਰੀ ਨਾਲ ਬਹਿਸ ਕਰਕੇ ਸਮਾਂ ਜ਼ਾਇਆ ਕਰਦਿਆਂ ਦੇਖ ਹਾਰ ਕੇ ਲਾਈਨ ਵਿਚ ਮੇਰੇ ਪਿੱਛੇ ਖੜ੍ਹੇ ਆਦਮੀ ਨੇ ਮੈਨੂੰ ਦਸ ਰੁਪਏ ਦਾਨ ਕਰ ਦਿੱਤੇ। ਉਹ ਵੀ ਆਪਣੀ ਮੰਜ਼ਲ ’ਤੇ ਪਹੁੰਚਣ ਲਈ ਕਾਹਲਾ ਸੀ ਇਸ ਸਾਰੇ ਘਟਨਾਕ੍ਰਮ ਤੋਂ ਖਿਝਿਆ ਮੈਂ ਟੈਕਸੀ ਚਾਲਕ ਨਾਲ ਨੋਟਬੰਦੀ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ ਬਾਰੇ ਗੱਲ ਛੁਹ ਬੈਠਾ। ਪਰ ਉਹ ਤਾਂ ਮੈਨੂੰ ਹੀ ਸਮਝਾਉਣ ਲੱਗ ਪਿਆ ਕਿ ਚਾਰ ਦਿਨ ਦੀ ਪਰੇਸ਼ਾਨੀ ਝੱਲ ਲਵੋਗੇ ਤਾਂ ਕੀ ਹੋ ਜਾਵੇਗਾ। ਮੋਦੀ ਨੇ ਆਕੇ ਕਾਲੇ ਧਨ ਉੱਤੇ ਹੱਲਾ ਬੋਲਿਆ ਹੈ, ਹੁਣ ਘਰਾਂ ਦੀਆਂ ਕੀਮਤਾਂ ਡਿੱਗਣ ਲੱਗ ਪੈਣਗੀਆਂ ਅਤੇ ਸਾਰੇ ਗਰੀਬ ਆਪਣੇ ਲਈ ਘਰ ਖਰੀਦ ਸਕਣਗੇ। ਜਦੋਂ ਮੈਂ ਆਪਣੀ ਸਮਝ ਮੁਤਾਬਕ ਉਸਦੀ ਇਹ ਗਲਤਫ਼ਹਿਮੀ ਦੂਰ ਕਰਨ ਦੀ ਕੋਸ਼ਿਸ਼ ਕੀਤੀ,ਤਾਂ ਉਸਦਾ ਜਵਾਬ ਸੀ, “ਸਾਹਬ, ਤੁਸੀਂ ਜੇ. ਐੱਨ.ਯੂ. ਜਾ ਰਹੇ ਹੋ ਨਾ, ਜਿਹੜਾ ਦੇਸ਼ਧ੍ਰੋਹੀਆਂ ਦਾ ਗੜ੍ਹ ਹੈ। ਤੁਹਾਡੇ ਨਾਲ ਕੀ ਬਹਿਸਣਾ ...।” ਸੱਚਮੁੱਚ ਅਜਿਹੇ ਆਦਮੀ ਨਾਲ 20 ਮਿੰਟ ਦੇ ਸਫ਼ਰ ਵਿਚ ਮੈਂ ਵੀ ਕੀ ਬਹਿਸ ਲੈਣਾ ਸੀ, ਪਰ ਮੋਦੀ ਸਰਕਾਰ ਦੀ ਪ੍ਰਚਾਰ ਮਸ਼ੀਨ ਦੀ ਸਫ਼ਲਤਾ ਤੋਂ ਉਸ ਸਮੇਂ ਭੈਅ ਜ਼ਰੂਰ ਮਹਿਸੂਸ ਹੋਇਆ। ਕਨ੍ਹਈਆ ਕੁਮਾਰ ਬਾਰੇ ਪਰਚਾਰੇ ਗਏ ਝੂਠ ਤੋਂ ਲੈ ਕੇ ਨੋਟਬੰਦੀ ਰਾਹੀਂ ਗਰੀਬਾਂ ਲਈ ਸਸਤੇ ਘਰਾਂ ਦੇ ਭੁਲਾਵੇ ਤਕ, ਹਰ ਗੱਲ ਨੂੰ ਆਮ ਲੋਕ ਸਤਿ ਬਚਨ ਸਮਝ ਰਹੇ ਸਨ।

ਅਗਲੇ ਦਿਨ, ਦਿੱਲੀ ਤੋਂ ਜਲੰਧਰ ਰੇਲ ਰਾਹੀਂ ਸਫ਼ਰ ਕਰਦਿਆਂ ਮੇਰਾ ਹਮਸਫ਼ਰ ਇਕ ਗੁਜਰਾਤੀ ਚਾਰਟਰਡ ਅਕਾਊਂਟੈਂਟ ਨੌਜਵਾਨ ਸੀ, ਜੋ ਆਸਟ੍ਰੇਲੀਆ ਰਹਿੰਦਾ ਹੈ ਅਤੇ ਲੁਧਿਆਣੇ ਆਪਣੇ ਪੰਜਾਬੀ ਸਹੁਰਿਆਂ ਨੂੰ ਮਿਲਣ ਜਾ ਰਿਹਾ ਸੀ। ਵਿਕਸਤ ਦੇਸਾਂ ਵਿਚ ਰਹਿ ਰਹੇ, ਪਰ ਭਾਰਤ ਵਿਚ ਜਨਮੇ ਬਹੁਤੇ ਨੌਜਵਾਨਾਂ ਵਾਂਗ ਉਹ ਵੀ ਚੋਖਾ ਮੋਦੀ ਭਗਤ ਸੀ ਪਰ ਆਰਥਕ ਮਾਮਲਿਆਂ ਦੀ ਸਮਝ ਹੋਣ ਕਾਰਨ ਅਵੀਆਂ-ਤਵੀਆਂ ਨਹੀਂ ਸੀ ਮਾਰ ਰਿਹਾ। ਉਸਨੇ ਮੰਨਿਆ ਕਿ ਨੋਟਬੰਦੀ ਨਾਲ ਬਹੁਤਾ ਨੁਕਸਾਨ ਆਮ ਲੋਕਾਂ ਦਾ ਹੋਇਆ ਹੈ, ਅਮੀਰਾਂ ਨੇ ਤਾਂ ਆਪਣੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਕਈ ਢੰਗ ਲੱਭੇ ਹੋਏ ਹਨ। ਉਸਦਾ ਇਹ ਵੀ ਮੰਨਣਾ ਸੀ ਕਿ ਸਿਰਫ਼ ਕਰੰਸੀ ਬਦਲਣ ਨਾਲ ਭਾਰਤੀ ਅਰਥਚਾਰੇ ਵਿੱਚੋਂ ਭ੍ਰਿਸ਼ਟਾਚਾਰ ਜਾਂ ਰਿਸ਼ਵਤਖੋਰੀ ਖਾਰਜ ਨਹੀਂ ਹੋ ਜਾਣੇ, ਪਰ ਨਾਲ ਹੀ ਉਸਦਾ ਕਹਿਣਾ ਸੀ ਕਿ ਜਿੰਨਾ ਵੀ ਕਾਲਾ ਧਨ ਵਾਪਸ ਬੈਂਕਾਂ ਵਿਚ ਨਹੀਂ ਮੁੜੇਗਾ ਸਰਕਾਰ ਉਸਨੂੰ ਗਰੀਬਾਂ ਲਈ ਸਕੀਮਾਂ ਬਣਾ ਕੇ ਉਨ੍ਹਾਂ ਵਿਚ ਨਿਵੇਸ਼ ਕਰਨ ਲਈ ਵਰਤ ਸਕੇਗੀ। (ਦਸੰਬਰ ਦੇ ਅੱਧ ਵਿਚ ਨਾ ਇਸ ਨੌਜਵਾਨ ਨੂੰ, ਤੇ ਨਾ ਹੀ ਮੈਂਨੂੰ ਪਤਾ ਸੀ ਕਿ ਮਹੀਨੇ ਦੇ ਅੰਤ ਤਕ ਤਕਰੀਬਨ ਸਾਰੇ ਦਾ ਸਾਰਾ ਧਨ ਹੀ ਵਾਪਸ ਬੈਂਕਾਂ ਵਿਚ ਮੁੜ ਆਵੇਗਾ। ਸੋ ਇਹ ਨਿਵੇਸ਼ ਵਾਲਾ ਢਕੌਂਸਲਾ ਵੀ ਫੁੱਸ ਹੋ ਜਾਵੇਗਾ।) ਉਨ੍ਹਾਂ ਹੀ ਦਿਨਾਂ ਵਿਚ ਗੁਜਰਾਤ ਦੇ ਕਿਸੇ ਮਹੇਸ਼ ਸ਼ਾਹ ਵੱਲੋਂ 12000 ਤੋਂ ਵਧ ਕਰੋੜ ਦੀ ਰਕਮ ਆਪਣੇ ਖਾਤੇ ਵਿਚ ਐਲਾਨਣ ਦੀ ਖਬਰ ਆਈ ਸੀ, ਜਿਸਨੇ ਦੱਸਿਆ ਸੀ ਕਿ ਛੇਤੀ ਹੀ ਉਹ ਇੰਕਸ਼ਾਫ਼ ਕਰੇਗਾ ਕਿ ਇਹ ਪੈਸਾ ਅਸਲ ਵਿਚ ਕਿਸਦਾ ਹੈ। ਪਰ ਫੇਰ ਉਹ ਗ਼ਾਇਬ ਹੀ ਹੋ ਗਿਆ, ਅਖਬਾਰੀ ਪੰਨਿਆਂ ਤੋਂ ਵੀ, ਅਤੇ ਲੋਕ ਮਨਾਂ ਤੋਂ ਵੀ ਏਧਰੋਂ ਓਧਰੋਂ ਨਿੱਤ ਨਵੇਂ ਖਜ਼ਾਨਿਆਂ ਦੇ ਫੜੇ ਜਾਣ ਦੀਆਂ ਖਬਰਾਂ ਦੀ ਭਰਮਾਰ ਵਿਚ ਲੋਕ ਇਸ ਮਹੇਸ਼ ਸ਼ਾਹ ਨੂੰ ਭੁੱਲ-ਭੁਲਾ ਹੀ ਗਏ ਜਾਪਦੇ ਸਨ। ਅਹਿਮਦਾਬਾਦ ਤੋਂ ਆ ਰਹੇ ਇਸ ਗੁਜਰਾਤੀ ਨੌਜਵਾਨ ਨੂੰ ਮੈਂ ਪੁੱਛਿਆ ਕਿ ਇਹ ਮਹੇਸ਼ ਸ਼ਾਹ ਹੈ ਕੌਣ?

ਸਾਰਾ ਗੁਜਰਾਤ ਜਾਣਦਾ ਹੈ ਕਿ ਇਹ ਪੈਸਾ ਦਰਅਸਲ ਅਮਿਤ ਸ਼ਾਹ ਦਾ ਹੈ। ਮੋਦੀ ਜੀ ਦੀ ਬਦਕਿਸਮਤੀ ਹੀ ਇਹ ਹੈ ਕਿ ਉਹ ਖੁਦ ਤਾਂ ਬਹੁਤ ਦਿਆਨਤਦਾਰ ਹਨ ਪਰ ਅਜਿਹੇ ਬੇਈਮਾਨ ਲੋਕਾਂ ਨਾਲ ਘਿਰੇ ਹੋਏ ਹਨ। ਜੇ ਉਨ੍ਹਾਂ ਦਾ ਵੱਸ ਚੱਲੇ ਤਾਂ ਉਹ ਦੇਸ ਲਈ ਬਹੁਤ ਕੁਝ ਕਰਨਾ ਚਾਹੁਣਗੇ ...।” ਮੋਦੀ ਜੀ ਦੀ ਬੇਵਸੀ ਦੀ ਇਹ ਨਵੀਂ ਧਾਰਨਾ ਮੇਰੇ ਵਰਗੇ ਮੋਦੀ-ਸ਼ੰਕਾਲੂ ਲਈ ਏਨੀ ਹਾਸੋਹੀਣੀ ਸੀ ਕਿ ਮੈਂ ਇਸ ਬਾਰੇ ਗੱਲ ਅਗਾਂਹ ਤੋਰਨੀ ਵੀ ਮੁਨਾਸਬ ਨਾ ਸਮਝੀ। ਪਰ ਇਹ ਗਿਆਨ ਜ਼ਰੂਰ ਹੋਇਆ ਕਿ ਮੋਦੀ ਜੀ ਦੀ ਰੱਖਿਆ ਲਈ ਉਨ੍ਹਾਂ ਦੇ ਰਾਖਿਆਂ ਨੇ ਕਿੰਨੀ ਕਿਸਮ ਦੇ ਕਵਚ, ਅਤੇ ਕਿੰਨੀਆਂ ਸੁਰੱਖਿਆ-ਰੇਖਾਵਾਂ ਤਿਆਰ ਕੀਤੀਆਂ ਹੋਈਆਂ ਹਨ। ਕਿਹੋ ਜਿਹੇ ਭਰਮ ਜਾਲ ਬੁਣੇ ਅਤੇ ਫੈਲਾਏ ਹੋਏ ਹਨ।

ਦਸੰਬਰ ਦੇ ਆਖਰੀ ਦਿਨ ਮੈਨੂੰ ਮਹਾਰਾਸ਼ਟਰ ਲੈ ਗਏ। ਬੰਬਈ ਤੋਂ ਸੌ ਕੁ ਕਿਲੋਮੀਟਰ ਦੱਖਣ ਵਿਚ ਮੈਂ ਪਰਹੂਰ ਨਾਂਅ ਦੇ ਇਕ ਪਿੰਡ ਵਿਚ ਠਹਿਰਿਆ ਹੋਇਆ ਸਾਂ। ਇੱਥੇ ਸਾਡਾ ਸਥਾਨਕ ਗਾਈਡ ਜਮ੍ਹਾਂ ਸੇਵਾਦਾਰ ਪ੍ਰਮੋਦ ਪਾਟਿਲ ਨਾਂਅ ਦਾ ਇਕ ਕਿਸਾਨ ਸੀ ਜਿਸ ਨੂੰ ਮੈਂ ਪਹਿਲੀ ਵਾਰ ਨਹੀਂ ਸਾਂ ਮਿਲ ਰਿਹਾ। ਮਹਾਰਾਸ਼ਟਰ ਦੀ ਦਰਮਿਆਨੀ ਕਿਸਾਨੀ ਦਾ ਨੁਮਾਇੰਦਾ ਪ੍ਰਮੋਦ ਵੀ ਨੋਟਬੰਦੀ ਤੋਂ ਬਹੁਤ ਖੁਸ਼ ਸੀ। ਉਸਦਾ ਕਹਿਣਾ ਸੀ ਕਿ ਨੋਟਬੰਦੀ ਨਾਲ ਕੁਝ ਸਮੱਸਿਆਵਾਂ ਜ਼ਰੂਰ ਪੈਦਾ ਹੋਈਆਂ ਹਨ, ਪਰ ਲੰਮੇ ਸਮੇਂ ਵਿਚ ਇਸ ਨਾਲ ਆਮ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ। ਮੋਦੀ ਦੇ ਮਿਆਦੀ 50 ਦਿਨ ਮੁੱਕਣ ਵਾਲੇ ਸਨ, ਪਰ ਪ੍ਰਮੋਦ ਪਾਟਿਲ ਵਰਗਿਆਂ ਨੇ ਆਸ ਦੀ ਤੰਦ ਅਜੇ ਵੀ ਘੁੱਟ ਕੇ ਫੜੀ ਹੋਈ ਸੀ। ਉੱਤੋਂ ਸਿਤਮ ਇਹ ਕਿ ਉਨ੍ਹੀਂ ਹੀ ਦਿਨੀਂ ਮੋਦੀ ਜੀ ਬੰਬਈ ਆਣ ਕੇ ਇਹ ਐਲਾਨ ਕਰ ਗਏ ਸਨ ਕਿ ਉਨ੍ਹਾਂ ਦੀ ਸਰਕਾਰ 3600 ਕਰੋੜ ਰੁਪਇਆ ਖਰਚ ਕੇ ਸਮੁੰਦਰ ਵਿਚ ਇਕ ਟਾਪੂ ਉੱਤੇ ਸ਼ਿਵਾਜੀ ਮਹਾਰਾਜ ਦੀ ਵੱਡੀ ਮੂਰਤੀ ਉਸਾਰੇਗੀ ਜੋ ਨਿਊ ਯਾਰਕ ਦੇ ‘ਸੁਤੰਤਰਤਾ ਦੇਵੀ ਸਮਾਰਕ’ ਤੋਂ ਵੀ ਦੋ ਗੁਣਾ ਉੱਚੀ ਹੋਵੇਗੀ ਤਾਂ ਜੋ ਸਾਰੀ ਦੁਨੀਆ ਨੂੰ ਪਤਾ ਲੱਗੇ ਕਿ ਸ਼ਿਵਾਜੀ ਮਹਾਰਾਜ ਕੌਣ ਸਨ, ਅਤੇ ਉਨ੍ਹਾਂ ਦੇ ਇਸ ਕਦਮ ਰਾਹੀਂ ਮਰਾਠਿਆਂ ਦਾ ਡੰਕਾ ਸਾਰੀ ਦੁਨੀਆ ਵਿਚ ਵੱਜੇਗਾ। ਜਿਹੜਾ ਕੰਮ ਕਦੇ ਸ਼ਿਵ ਸੇਨਾ ਦੀ ਸਰਕਾਰ ਨੂੰ ਨਾ ਸੁੱਝਿਆਉਸਦੀ ਵਿਉਂਤਬੰਦੀ ਐਲਾਨਣ ਵਾਲੇ ਮੋਦੀ ਜੀ ਨਾਲ ਪ੍ਰਮੋਦ ਪਾਟਿਲ ਇੰਨਾ ਖੁਸ਼ ਸੀ ਕਿ ਉਨ੍ਹਾਂ ਦੇ ਗੁਣ ਗਾਉਂਦਾ ਨਹੀਂ ਸੀ ਥੱਕਦਾ। ਮੈਨੂੰ ਜਾਪਿਆ ਕਿ 3600 ਕਰੋੜ ਰੁਪਏ ਜ਼ਾਇਆ ਕਰਕੇ ਇਕ ਮੂਰਤੀ ਉਸਾਰਨ ਦੇ ਇਸ ਫੈਸਲੇ ਦਾ ਵਿਰੋਧ ਕਰਨਾ ਉਸ ਸਮੇਂ ਮੂਰਖਤਾ ਹੀ ਹੋਵੇਗੀ;ਪ੍ਰਮੋਦ ਪਾਟਿਲ ਨਾਲ ਕਿਸੇ ਅਗਲੇਰੀ ਫੇਰੀ ਬਹਿਸ ਕਰ ਲਵਾਂਗਾ ਜਦੋਂ ਤੀਕ ਨੋਟਬੰਦੀ ਦੇ ਅਸਲੀ ਨਫ਼ੇ-ਨੁਕਸਾਨ ਦੀ ਤਸਵੀਰ ਸ਼ਾਇਦ ਉਸ ਨੂੰ ਵੀ ਸਪਸ਼ਟ ਹੋ ਚੁੱਕੀ ਹੋਵੇਗੀ।

ਆਪਣੇ ਦੇਸ ਦੇ ਵੱਖੋ-ਵੱਖ ਸੂਬੇ ਗਾਹ ਕੇ, ਅਤੇ ਭਾਂਤ-ਭਾਂਤ ਦੇ ਲੋਕਾਂ ਨੂੰ ਮਿਲ ਕੇ ਇਹ ਅਹਿਸਾਸ ਹੋਰ ਤਿਖੇਰਾ ਹੋਇਆ ਹੋਇਆ ਹੈ ਕਿ ਅਜੋਕੀ ਸਰਕਾਰ ਦੀ ਪਰਚਾਰ ਮਸ਼ੀਨਰੀ, ਉਸਦੇ ਢੰਗ ਤਰੀਕੇ ਬਹੁਤ ਕਾਰਗਰ ਹਨ, ਅਤੇ ਇਸੇ ਲਈ ਬਹੁਤ ਜ਼ਿਆਦਾ ਖਤਰਨਾਕ ਵੀ। ਆਪੋ ਆਪਣੇ ਘਰਾਂ-ਦਫ਼ਤਰਾਂ ਵਿਚ ਬੈਠਿਆਂ ਜਾਂ ਆਪਣੇ ਵਰਗੇ,ਆਪਣੇ ਹੀ ਵਰਗ/ਵਿਚਾਰਧਾਰਾ ਦੇ ਲੋਕਾਂ ਨਾਲ ਮਿਲਦਿਆਂ ਰਹਿਣ ਕਾਰਨ ਅਸੀਂ ਕੁਝ ਅਵੇਸਲੇ ਹੁੰਦੇ ਜਾ ਰਹੇ ਹਾਂ। ਸਾਨੂੰ ਸਮਝ ਨਹੀਂ ਪੈ ਰਹੀ ਕਿ ਇਸ ਸਰਕਾਰ ਦੀ ਇਸ ਪਰਚਾਰ-ਹਨੇਰੀ ਨਾਲ ਸਿੱਝਣਾ ਕਿਵੇਂ ਹੈ, ਜੋ ਨਿੱਤ ਨਵੇਂ ਸ਼ੋਸ਼ੇ ਛੇੜ ਲੈਂਦੀ ਹੈ, ਰੋਜ਼ ਨਵੀਂਆਂ ਕਥਾਵਾਂ ਘੜਨ ਵਿਚ ਮਾਹਰ ਹੈ ਇਹ ਸਰਕਾਰ ਸੰਘ ਦੀਆਂ ਸ਼ਾਖਾਵਾਂ ਰਾਹੀਂ ਜ਼ੁਬਾਨੀ ਪਰਚਾਰ ਤੋਂ ਲੈ ਕੇ,ਸੋਸ਼ਲ ਮੀਡੀਆ ਉੱਤੇ ਦੁਸ਼-ਪਰਚਾਰ ਅਤੇ ਅਖਬਾਰੀ ਇਸ਼ਤਿਹਾਰੀ ਹੱਥਕੰਡਿਆਂ ਰਾਹੀਂ ਜਿਵੇਂ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਉਸ ਦਾ ਪਰਦਾ ਫ਼ਾਸ਼ ਕਰਨ ਲਈ ਬਾਕੀ ਧਿਰਾਂ ਨੂੰ ਲਗਾਤਾਰ ਲੋਕਾਂ ਵਿਚ ਕੰਮ ਕਰਨ,ਉਨ੍ਹਾਂ ਨਾਲ ਜੁੜੇ ਰਹਿਣ ਦੀ ਲੋੜ ਹੈ। ਅਗਲੇ ਮਹੀਨਿਆਂ ਵਿਚ ਜਿਉਂ ਜਿਉਂ ਨੋਟਬੰਦੀ ਕਾਰਨ ਪੈਦਾ ਹੋਈ ਆਰਥਕ ਮੰਦਹਾਲੀ ਸਪਸ਼ਟ ਹੋਣੀ ਸ਼ੁਰੂ ਹੋਵੇਗੀ ਅਤੇ ਲੋਕਾਂ ਵਿਚ ਬੈਚੈਨੀ ਵਧੇਗੀਤਿਉਂ ਤਿਉਂ ਸਰਕਾਰੀ ਪਰਚਾਰ ਮਸ਼ੀਨਰੀ ਵੀ ਨਵੇਂ ਤੋਂ ਨਵੇਂ ਖਤਰਿਆਂ ਦੀਆਂ ਬਾਤਾਂ ਵਧਾ ਚੜ੍ਹਾ ਕੇ ਪੇਸ਼ ਕਰੇਗੀ। ਵੱਧ ਤੋਂ ਵੱਧ ਸਖਤੀ ਲਾਗੂ ਕਰਨ ਦੇ ਬਹਾਨੇ ਪੈਦਾ ਕਰੇਗੀ। ਇਸ ਲਈ ਇਹ ਬਿਲਕੁਲ ਨਾ ਸੋਚੀਏ ਕਿ ਆਰਥਕ ਮੰਦਹਾਲੀ ਦੇ ਮਾਰੇ ਲੋਕ ਆਪਣੇ ਆਪ ਇਸ ਸਰਕਾਰ ਤੋਂ ਆਵਾਜ਼ਾਰ ਹੋ ਜਾਣਗੇ। ਅਜੋਕੀ ਸਰਕਾਰ ਲੋੜ ਪੈਣ ਤੇ ਨਵੇਂ ਕਥਾਨਕ ਸਿਰਜ ਕੇ ਜਨਤਾ ਦਾ ਧਿਆਨ ਹੋਰ ਪਾਸੇ ਲਿਜਾਣ ਵਿਚ ਮਾਹਰ ਹੈ, ਅਤੇ ਉਸਦੀ ਇਸ ਤਾਕਤ ਦੀਲੋਕ ਮਨਾਂ ਉੱਤੇ ਇਹੋ ਜਿਹੀ ਮਜ਼ਬੂਤ ਪਕੜ ਨੂੰ ਨਜ਼ਰ-ਅੰਦਾਜ਼ ਕਰਨਾ,ਜਾਂ ਘਟਾ ਕੇ ਦੇਖਣਾ ਇਸ ਸਮੇਂ ਦੀ ਸਭ ਤੋਂ ਵੱਡੀ ਗ਼ਲਤੀ ਹੋਵੇਗੀ

*****

(570)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author