HLKapoor2“ਮਦਨ ਲਾਲ ਢੀਂਗਰਾ ਨੇ ਬਹੁਤ ਹੌਲੀ ਆਵਾਜ਼ ਵਿੱਚ ਕਰਜ਼ਨ ਵਾਇਲੀ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਨਿੱਜੀ ਗੱਲ ਕਰਨੀ ਹੈ ...”
(ਅਗਸਤ 17, 2015 - ਅੱਜ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਨ ਹੈ।)

MLDhingra2ਜਨਮ:  ਸਤੰਬਰ 18, 1883,  ਅੰਮ੍ਰਿਤਸਰ  ਭਾਰਤ। 
ਸ਼ਹੀਦੀ: ਅਗਸਤ 17, 1909, ਪੈਂਟਨਵਿਲ ਜੇਲ, ਯੂ ਕੇ। 

ਭਾਰਤ ਨੂੰ ਆਜ਼ਾਦੀ ਐਵੇਂ ਨਹੀਂ ਮਿਲੀ, ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਹੀਦੀਆਂ ਦੇ ਕੇ ਆਪਣਾ ਖੂਨ ਦਿੱਤਾ ਤੇ ਹਜ਼ਾਰਾਂ/ਲੱਖਾਂ ਲੋਕਾਂ ਨੇ ਆਪਣੇ ਹੰਝੂਆਂ ਨਾਲ ਇਸ ਆਜ਼ਾਦੀ ਦੀ ਜ਼ਰਖੇਜ਼ ਭੂਮੀ ਨੂੰ ਸਿੰਜਿਆ। ਇਸ ਆਜ਼ਾਦੀ ਦੀ ਲੜਾਈ ਵਿੱਚ ਹਜ਼ਾਰਾਂ ਹੀ ਉਹ ਲੋਕ ਵੀ ਹਨ ਜਿਹਨਾਂ ਦਾ ਇਤਿਹਾਸ ਵਿੱਚ ਕਿਤੇ ਵੀ ਜ਼ਿਕਰ ਨਹੀਂ ਆਉਂਦਾ, ਜਿਹਨਾਂ ਨੇ ਅੰਗਰੇਜ਼ ਹਕੂਮਤ ਦਾ ਜ਼ੁਲਮ ਬਰਦਾਸ਼ਤ ਕੀਤਾ, ਆਪਣੇ ਟੱਬਰਾਂ ਦੇ ਟੱਬਰ ਕੁਰਬਾਨ ਕਰ ਦਿੱਤੇ, ਜਲਾਵਤਨੀ ਦੀਆਂ ਤਕਲੀਫ਼ਾਂ ਝੱਲੀਆਂ, ਉਮਰ ਭਰ ਦੀ ਜੇਲ ਯਾਤਰਾ ਕੀਤੀ ਤੇ ਆਪਣੀਆਂ ਜਾਇਦਾਦਾਂ ਵੀ ਕੁਰਕ ਕਰਵਾਈਆਂ। ਆਜ਼ਾਦੀ ਮਿੰਨਤਾਂ ਤਰਲਿਆਂ, ਭਿਖਾਰੀ ਨੂੰ ਠੂਠੇ ਵਿੱਚ ਪਾਈ ਭੀਖ ਦੀ ਤਰ੍ਹਾਂ ਨਹੀਂ ਤੇ ਨਾ ਹੀ ਬਿਨੇ-ਪੱਤਰ ਦੇਣ ਨਾਲ ਮਿਲੀ ਹੈ। ਇਸ ਨੂੰ ਹਿੰਸਾ ਨਾਲ ਤੇ ਕ੍ਰਾਂਤੀਕਾਰੀਆਂ ਵੱਲੋਂ ਉਠਾਏ ਗਏ ਹਥਿਆਰਾਂ ਨਾਲ ਹੀ ਸਿਖਰ ਤੇ ਲਿਆਂਦਾ ਹੈ।

1946 ਵਿੱਚ ਸ੍ਰੀ ਸੁਭਾਸ਼ ਚੰਦਰ ਬੋਸ ਜੀ ਵੱਲੋਂ ਉਠਾਏ ਗਏ ਹਥਿਆਰਾਂ ਦੀ ਲੜਾਈ: ਇਹ ਹਥਿਆਰਬੰਦ ਲੜਾਈ ਸਿਰਫ ਭਾਰਤ ਵਿੱਚ ਹੀ ਨਹੀਂ ਲੜੀ ਗਈ ਸਗੋਂ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਵੱਲੋਂ ਵੀ ਇਸ ਵਿੱਚ ਯੋਗਦਾਨ ਪਾਇਆ ਗਿਆ, ਜਿਹਨਾਂ ਵਿੱਚ ਇਹਨਾਂ ਮਹਾਨ ਸ਼ਖਸੀਅਤਾਂ ਦਾ ਨਾਮ ਵਰਨਣਯੋਗ ਹੈ: ਸ਼ਿਆਮਜੀ, ਕ੍ਰਿਸ਼ਨ ਵਰਮਾ, ਵੀਰ ਸਾਵਰਕਰ, ਮਦਾਮ ਭੀਕਾ ਜੀ ਕਾਮਾ, ਰਾਜਾ ਮੁਹਿੰਦਰ ਪ੍ਰਤਾਪ, ਬਰਿਸਟਰ ਸਰਦਾਰ ਸਿੰਘ ਰਾਣਾ, ਵਰਿੰਦਰ ਨਾਥ ਚਟੋਪਾਧਿਆਇ, ਸਰਦਾਰ ਅਜੀਤ ਸਿੰਘ (ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ), ਲਾਲਾ ਹਰਦਿਆਲ, ਰਾਸ ਬਿਹਾਰੀ ਬੋਸ ਤੇ ਚੰਮਪਾਕਰਮਨ ਪਿੱਲੇ ਜਿੱਥੇ ਅਜਿਹੇ ਗਰਮ ਖਿਆਲੀ ਤੇ ਜੋਸ਼ੀਲੇ ਕ੍ਰਾਂਤੀਕਾਰੀਆਂ ਦੀ ਫਹਿਰਿਸਤ ਬੜੀ ਲੰਮੀ ਹੈ, ਉੱਥੇ ਇਹਨਾਂ ਸਾਰਿਆਂ ਵਿੱਚੋਂ ਸ਼ਹੀਦ-ਏ-ਆਜ਼ਮ ਸ੍ਰੀ ਮਦਨ ਲਾਲ ਜੀ ਢੀਂਗਰਾ ਦਾ ਨਾਮ ਸਿਰਮੌਰ ਰੱਖਿਆ ਜਾ ਸਕਦਾ ਹੈ, ਕਿਉਂਕਿ ਉਹੀ ਇਕ ਪਹਿਲੇ ਅਜਿਹੇ ਮਹਾਨ ਕ੍ਰਾਂਤੀਕਾਰੀ ਹਨ, ਜਿਹਨਾਂ ਨੇ ਵਿਦੇਸ਼ੀ ਧਰਤੀ, ਭਾਵ ਇੰਗਲੈਂਡ ਦੀ ਧਰਤੀ ਤੇ ਦੁਸ਼ਮਣ ਦੇ ਘਰ ਜਾ ਕੇ ਪਹਿਲੀ ਵਾਰ, ਇਕ ਗੋਰਿਆਂ ਦੀ ਵੱਡੀ ਸ਼ਖਸੀਅਤ, ਕਰਜ਼ਨ ਵਾਇਲੀ ਦੀ 01 ਜੁਲਾਈ, 1909 ਨੂੰ ਹੱਤਿਆ ਕਰ ਦਿੱਤੀ ਕਿਉਂਕਿ ਇਸ ਅੰਗਰੇਜ਼ ਅਫਸਰ ਨੇ ਵੀ ਭਾਰਤੀ ਕ੍ਰਾਂਤੀਕਾਰੀਆਂ ਤੇ ਤਸ਼ੱਦਦ ਕਰਵਾਇਆ ਤੇ ਇੰਗਲੈਂਡ ਵਿੱਚ ਰਹਿੰਦੇ ਭਾਰਤੀ ਵਿਦਿਆਰਥੀਆਂ ਦੀ ਭਾਰਤੀ ਵਿਦਿਆਰਥੀਆਂ ਤੋਂ ਜਾਸੂਸੀ ਕਰਵਾਉਂਦਾ ਸੀ। ਇਹਨਾਂ ਕਾਰਨਾਂ ਕਰਕੇ ਹੀ ਉਸ ਨੂੰ ਸੋਧਣ ਦੀ ਲੋੜ ਪਈ। ਕਰਜ਼ਨ ਵਾਇਲੀ ਦੀ ਹੱਤਿਆ ਕਾਰਨ ਸ੍ਰੀ ਮਦਨ ਲਾਲ ਢੀਂਗਰਾ ਜੀ ਨੂੰ ਮਿਤੀ 17 ਅਗਸਤ 1909 ਨੂੰ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ।

ਸ਼ਹੀਦ ਮਦਨ ਲਾਲ ਜੀ ਢੀਂਗਰਾ ਦਾ ਜਨਮ 18 ਸਤੰਬਰ, 1883 ਈਸਵੀ ਨੂੰ ਅੰਮ੍ਰਿਤਸਰ ਵਿਖੇ ਇਕ ਅਮੀਰ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸ੍ਰੀ ਦਿੱਤਾ ਮੱਲ ਸੀ। ਉਹ ਸਿਵਲ ਸਰਜਨ ਦੇ ਉੱਚ ਅਹੁਦੇ ਤੋਂ ਸੇਵਾ ਮੁਕਤ ਹੋਏ ਤੇ ਉਸ ਸਮੇਂ ਦੇ ਅੱਖਾਂ ਦੇ ਬੜੇ ਵੱਡੇ ਸਰਜਨ ਸਨ। ਕਈ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਉਹ ਪਹਿਲੇ ਭਾਰਤੀ ਸਨ, ਜਿਹੜੇ ਉਸ ਸਮੇਂ ਇਸ ਤਰ੍ਹਾਂ ਦੇ ਉੱਚ ਅਹੁਦੇ ਤੇ ਪਹੁੰਚੇ। ਉਹਨਾਂ ਪਾਸ ਉਸ ਸਮੇਂ ਅੰਮ੍ਰਿਤਸਰ ਦੇ ਮੁਹੱਲਾ ਕਟੜਾ ਸ਼ੇਰ ਸਿੰਘ ਵਿੱਚ 21 ਮਕਾਨ ਤੇ 6 ਬੰਗਲੇ ਜੀ. ਟੀ. ਰੋਡ ’ਤੇ ਸਨ। ਸ੍ਰੀ ਦਿੱਤਾ ਮੱਲ ਜੀ ਨੇ 1850 ਈਸਵੀ ਵਿੱਚ ਆਪਣਾ ਜੱਦੀ ਪਿੰਡ ਸਾਹੀਵਾਲ, ਜਿਹੜਾ ਕਿ ਜ਼ਿਲ੍ਹਾ ਸਰਗੋਧਾ (ਹੁਣ ਪਾਕਿਸਤਾਨ ਵਿੱਚ) ਹੈ, ਛੱਡ ਦਿੱਤਾ ਤੇ ਅੰਮ੍ਰਿਤਸਰ ਵਿੱਚ ਆ ਗਏ। ਪਿੰਡ ਵਿੱਚ ਉਹਨਾਂ ਦੀ ਇਕ ਵੱਡੀ ਹਵੇਲੀ ਸੀ ਤੇ ਉਹ 10 ਵਿੱਘੇ ਜ਼ਮੀਨ ਦੇ ਮਾਲਕ ਸਨ।

ਸ੍ਰੀ ਦਿੱਤਾ ਮੱਲ ਜੀ ਨੂੰ ਅੰਗਰੇਜ਼ ਸਰਕਾਰ ਨੇ 'ਰਾਏ ਸਾਹਿਬ' ਦੇ ਖਿਤਾਬ ਨਾਲ ਨਿਵਾਜਿਆ ਹੋਇਆ ਸੀ। ਸ੍ਰੀ ਮਦਨ ਲਾਲ ਢੀਂਗਰਾ ਜੀ ਦੇ ਪਿਤਾ ਪਾਸ ਉਸ ਜ਼ਮਾਨੇ ਵਿੱਚ 6 ਬੱਘੀਆਂ ਵੀ ਸਨ। ਇਸ ਤੋਂ ਇਲਾਵਾ ਉਹ ਅੰਮ੍ਰਿਤਸਰ ਵਿੱਚ ਅਜਿਹੇ ਪਹਿਲੇ ਭਾਰਤੀ ਸਨ, ਜਿਹਨਾਂ ਪਾਸ ਕਾਰ ਹੁੰਦੀ ਸੀ। ਸ੍ਰੀ ਦਿੱਤਾ ਮੱਲ ਜੀ ਦੇ ਸੱਤ ਪੁੱਤਰ ਤੇ ਇਕ ਧੀ ਸੀ। ਉਹਨਾਂ ਦੇ ਤਿੰਨ ਪੁੱਤਰ ਬੜੇ ਮਾਹਿਰ ਡਾਕਟਰ ਸਨ ਤੇ ਤਿੰਨ ਪੁੱਤਰ ਬੜੇ ਮਸ਼ਹੂਰ ਵਕੀਲ ਸਨ ਤੇ ਸ੍ਰੀ ਮਦਨ ਲਾਲ ਢੀਂਗਰਾ ਉਹਨਾਂ ਦਾ ਛੇਵਾਂ ਪੁੱਤਰ ਸੀ ਤੇ ਉਹ ਵਿਆਹਿਆ ਹੋਇਆ ਸੀ ਤੇ ਉਹਨਾਂ ਦਾ ਇਕ ਪੁੱਤਰ ਸੀ। ਸ੍ਰੀ ਦਿੱਤਾ ਮੱਲ ਜੀ ਦਾ ਇਕ ਭਰਾ ਜਿਸ ਦਾ ਨਾਮ ਬਿਹਾਰੀ ਲਾਲ ਢੀਂਗਰਾ ਸੀ, ਉਹ ਜੀਂਦ ਸਟੇਟ ਦਾ ਇਕ ਬੜਾ ਬਦਨਾਮੀ ਕਾਰਨ ਪ੍ਰਸਿੱਧ ਪ੍ਰਧਾਨ ਮੰਤਰੀ ਸੀ।

ਇਸ ਤਰ੍ਹਾਂ ਦੇ ਅਮੀਰ ਤੇ ਪੜ੍ਹੇ-ਲਿਖੇ ਪਰਿਵਾਰ ਵਿੱਚ ਸ੍ਰੀ ਮਦਨ ਲਾਲ ਢੀਂਗਰਾ ਦਾ ਜਨਮ ਹੋਇਆ ਪਰ ਜੇ ਉਹ ਐਸ਼ ਪ੍ਰਸਤੀ ਵਾਲਾ ਜੀਵਨ ਜਿਊਣਾ ਚਾਹੁੰਦਾ ਤਾਂ ਜੀਅ ਸਕਦਾ ਸੀ। ਪ੍ਰੰਤੂ ਨਹੀਂ, ਉਸ ਨੇ ਸ਼ਹੀਦੀ ਦਾ ਰਸਤਾ ਅਖਤਿਆਰ ਕੀਤਾ ਕਿਉਂਕਿ ਉਹ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੁੰਦਾ ਸੀ। ਆਪਣੀ ਸਕੂਲੀ ਵਿੱਦਿਆ ਅੰਮ੍ਰਿਤਸਰ ਵਿੱਚ ਪੂਰੀ ਕਰਨ ਉਪਰੰਤ ਉਸ ਨੇ ਐੱਮ. ਬੀ. ਇੰਟਰਮੀਡੀਅਟ ਕਾਲਜ ਅੰਮ੍ਰਿਤਸਰ ਵਿੱਚ ਦਾਖਲਾ ਲਿਆ ਤੇ ਉੱਥੋਂ ਇੰਟਰਮੀਡੀਅਟ ਪਾਸ ਕੀਤੀ। ਅਗਲੀ ਸਾਇੰਸ ਦੀ ਪੜ੍ਹਾਈ ਕਰਨ ਲਈ ਉਸ ਨੇ ਲਾਹੌਰ ਦੇ ਸਰਕਾਰੀ ਕਾਲਜ ਵਿੱਚ ਦਾਖਲਾ ਲੈ ਲਿਆ। ਸੰਨ 1904 ਵਿੱਚ ਉਸਨੇ ਕਾਲਜ ਦੇ ਪ੍ਰਿੰਸੀਪਲ ਦੇ ਆਰਡਰ ਦਾ ਵਿਰੋਧ ਕੀਤਾ ਕਿ ਜੋ ਕਾਲਜ ਦੀ ਵਰਦੀ ਵਿੱਚ ਲੱਗਿਆ ਬਲੇਜ਼ੀਅਰ ਦੇ ਕੋਟ ਦਾ ਕੱਪੜਾ, ਇੰਗਲੈਂਡ ਦਾ ਬਣਿਆ ਹੋਇਆ ਹੈ, ਜਿਸ ਨੂੰ ਉਹ ਪਹਿਨ ਨਹੀਂ ਸਕਦੇ। ਇਸ ਵਿਰੋਧ ਕਾਰਨ ਉਹਨਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ।

ਉਸ ਸਮੇਂ ਉਹਨਾਂ ਤੇ ਦੇਸ਼ ਵਿੱਚ ਚੱਲ ਰਹੀ 'ਸਵਦੇਸ਼ੀ ਕੌਮੀ ਲਹਿਰ' ਦਾ ਪੂਰਾ ਪ੍ਰਭਾਵ ਸੀ। ਉਹਨਾਂ ਨੇ ਇੱਥੇ ਕਾਲਜ ਦੀ ਪੜ੍ਹਾਈ ਦੇ ਦੌਰਾਨ ਭਾਰਤ ਦੇ ਲੋਕਾਂ ਦੀ ਗਰੀਬੀ ਤੇ ਭੁੱਖਮਰੀ ਬਾਰੇ ਲਿਖੇ ਗਏ ਸਾਹਿਤ ਦਾ ਬਹੁਤ ਡੂੰਘਾਈ ਵਿੱਚ ਅਧਿਐਨ ਕੀਤਾ। ਉਹਨਾਂ ਨੇ ਇਸ ਦੇ ਕਾਰਨਾਂ ਨੂੰ ਆਪਣੇ ਅਧਿਐਨ ਵਿੱਚ ਜਾਣਿਆ ਕਿ ਇਸ ਦੇ ਦੋ ਕਾਰਨ ਹਨ - ਪਹਿਲਾ ਵਿਦੇਸ਼ੀ ਹਕੂਮਤ ਦਾ ਸਾਡੇ 'ਤੇ ਰਾਜ ਅਤੇ ਦੂਸਰਾ ਵਿਦੇਸ਼ਾਂ ਵਿੱਚ ਬਣੇ ਮਾਲ ਦੀ ਵਿੱਕਰੀ

ਇਸ ਤੋਂ ਬਾਅਦ ਢੀਂਗਰਾ ਨੇ ਪੜ੍ਹਾਈ ਛੱਡ ਦਿੱਤੀ ਤੇ ਕਲਰਕ ਦੀ ਨੌਕਰੀ ਕਰ ਲਈ। ਇਸ ਦੇ ਉਪਰੰਤ ਕਾਲਕਾ ਵਿਖੇ ਟਾਂਗਾ ਵੀ ਚਲਾਇਆ, ਜਿਸ ਵਿੱਚ ਉਹ ਅੰਗਰੇਜ਼ ਪਰਿਵਾਰਾਂ ਦੀਆਂ ਸਵਾਰੀਆਂ ਨੂੰ ਸ਼ਿਮਲਾ ਪਹੁੰਚਾਉਂਦੇ ਸਨ। ਇਸ ਤੋਂ ਇਲਾਵਾ ਉਹਨਾਂ ਨੇ ਇਕ ਫੈਕਟਰੀ ਮਜ਼ਦੂਰ ਵਜੋਂ ਵੀ ਕੰਮ ਕੀਤਾ। ਉਹਨਾਂ ਨੇ ਮਜ਼ਦੂਰੀ ਕਰਦਿਆਂ ਇਕ ਮਜ਼ਦੂਰ ਯੂਨੀਅਨ ਦਾ ਸੰਗਠਨ ਬਣਾਉਣ ਦਾ ਹੰਭਲਾ ਵੀ ਮਾਰਿਆ, ਪ੍ਰੰਤੂ ਇਸ ਨੂੰ ਜਲਦੀ ਹੀ ਤਿਆਗ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਥੋੜ੍ਹਾ ਚਿਰ ਬੰਬਈ ਵਿੱਚ ਵੀ ਕੰਮ ਕੀਤਾ। ਫਿਰ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਵੱਡੇ ਭਰਾ ਡਾਕਟਰ ਬਿਹਾਰੀ ਲਾਲ ਢੀਂਗਰਾ ਦੀ ਸਲਾਹ ਨਾਲ ਇੰਗਲੈਂਡ ਵਿੱਚ ਉੱਚ ਵਿੱਦਿਆ ਪ੍ਰਾਪਤ ਕਰਨ ਦਾ ਇਰਾਦਾ ਬਣਾ ਲਿਆ।

ਸੰਨ 1906 ਵਿੱਚ ਮਦਨ ਲਾਲ ਜੀ ਇੰਗਲੈਂਡ ਚਲੇ ਗਏ ਤੇ ਉਨ੍ਹਾਂ ਨੇ ਯੂਨੀਵਰਸਿਟੀ ਕਾਲਜ, ਲੰਡਨ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੇ ਡਿਪਲੋਮਾ ਕੋਰਸ ਵਿੱਚ ਦਾਖਲਾ ਲੈ ਲਿਆ। ਇੱਥੇ ਪੜ੍ਹਾਈ ਦੇ ਖਰਚੇ ਲਈ ਉਹਨਾਂ ਦੇ ਵੱਡੇ ਭਰਾ ਉਹਨਾਂ ਦੀ ਮਦਦ ਕਰਦੇ ਸਨ ਤੇ ਇਸ ਤੋਂ ਇਲਾਵਾ ਇੰਗਲੈਂਡ ਵਿੱਚ ਰਹਿੰਦੇ ਕੁਝ ਭਾਰਤੀ, ਕ੍ਰਾਂਤੀਕਾਰੀ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਆਉਂਦੇ ਖਰਚ ਦੀ ਮਦਦ ਕਰਦੇ ਸਨ। ਇਹ ਇਕ ਇਤਫ਼ਾਕ ਦੀ ਹੀ ਗੱਲ ਹੈ ਕਿ ਲੰਡਨ ਦੇ ਜਿਸ 'ਯੂਨੀਵਰਸਿਟੀ ਕਾਲਜ' ਵਿੱਚ ਮਦਨ ਲਾਲ ਜੀ ਢੀਂਗਰਾ ਇੰਜੀਨੀਅਰਿੰਗ ਦਾ ਡਿਪਲੋਮਾ 1906 ਤੋਂ 1909 ਕਰਦੇ ਸਨ, ਉਸੇ ਹੀ ਕਾਲਜ ਵਿੱਚ ਗੁਜਰਾਤ ਦੇ ਦਾਦਾ ਭਾਈ ਨਾਰੋਜੀ 1856 ਤੋਂ 1866 ਤੱਕ ਪ੍ਰੋਫੈੱਸਰ ਲੱਗੇ ਰਹੇ ਸਨ। ਇਸ ਤੋਂ ਇਲਾਵਾ ਸ੍ਰੀ ਰਵਿੰਦਰ ਨਾਥ ਜੀ ਟੈਗੋਰ ਨੇ 1878 ਤੋਂ 1880 ਤੱਕ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਕੀਤੀ।

ਲਾਹੌਰ ਪੜ੍ਹਦੇ ਸਮੇਂ ਮਦਨ ਲਾਲ ਢੀਂਗਰਾ ਤੇ 'ਪੱਗੜੀ ਸੰਭਾਲ ਜੱਟਾ' ਲਹਿਰ ਦਾ ਪ੍ਰਭਾਵ ਬਹੁਤ ਪੈ ਚੁੱਕਾ ਸੀ। ਇਸ ਲਹਿਰ ਨੂੰ ਉਸ ਸਮੇਂ ਲਾਲਾ ਲਾਜਪਤ ਰਾਏ ਅਤੇ ਸਰਦਾਰ ਅਜੀਤ ਸਿੰਘ (ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ) ਬੜੇ ਜ਼ੋਰ-ਸ਼ੋਰ ਨਾਲ ਚਲਾ ਰਹੇ ਸਨ। ਇੰਗਲੈਂਡ ਵਿੱਚ ਜਾ ਕੇ ਢੀਂਗਰਾ ਜੀ ਉੱਥੇ ਰਹਿੰਦੇ ਹੋਰ ਕ੍ਰਾਂਤੀਕਾਰੀਆਂ ਦੇ ਸੰਪਰਕ ਵਿੱਚ ਆ ਗਏ। ਉਹ ਵੀ ਉੱਥੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਸਨ। ਇਹਨਾਂ ਕ੍ਰਾਂਤੀਕਾਰੀਆਂ ਵਿੱਚ ਮੁੱਖ ਤੌਰ 'ਤੇ ਵਿਨਾਇਕ ਦਮੋਦਰ ਸਾਵਰਕਰ ਤੇ ਸ਼ਿਆਮ ਜੀ ਕ੍ਰਿਸ਼ਨਾ ਵਰਮਾ ਦਾ ਨਾਮ ਵਰਣਨਯੋਗ ਹੈ। ਵੀਰ ਸਾਵਰਕਰ, ਸ਼ਿਆਮ ਜੀ ਕ੍ਰਿਸ਼ਨ ਵਰਮਾ ਦੁਆਰਾ ਸਥਾਪਤ ਕੀਤੇ ਗਏ ਵਜ਼ੀਫੇ ਤੇ 1906 ਵਿੱਚ ਪੜ੍ਹਨ ਲਈ ਇੰਗਲੈਂਡ ਪਹੁੰਚੇ ਸਨ ਤੇ ਮਦਨ ਲਾਲ ਢੀਂਗਰਾ ਵੀ ਇੱਥੇ ਇਸੇ ਸਾਲ ਪੜ੍ਹਨ ਲਈ ਪਹੁੰਚੇ ਸਨ। ਇਹ ਦੋਵੇਂ ਤਕਰੀਬਨ ਉਮਰ ਵਿੱਚ ਹਾਣੀ ਹੀ ਸਨ। ਸ਼ਿਆਮ ਜੀ ਕ੍ਰਿਸ਼ਨਾ ਵਰਮਾ ਬਹੁਤ ਉਦਾਰਵਾਦੀ ਤੇ ਤਰਕਸ਼ੀਲ ਵਿਚਾਰਧਾਰਾ ਦੇ ਧਾਰਨੀ ਸਨ। ਸ਼ਿਆਮ ਜੀ ਕ੍ਰਿਸ਼ਨਾ ਵਰਮਾ ਨੇ ਇੰਗਲੈਂਡ ਛੱਡ ਦਿੱਤਾ ਤੇ ਉਹ ਪੈਰਿਸ ਪਹੁੰਚ ਗਏ ਕਿਉਂਕਿ ਅਜਿਹੀ ਵਿਚਾਰਧਾਰਾ ਰੱਖਣ ਕਰਕੇ ਅੰਗਰੇਜ਼ ਸਰਕਾਰ ਉਨ੍ਹਾਂ ਨੂੰ ਤੰਗ ਕਰਦੀ ਸੀ। ਇਹਨਾਂ ਦੀ ਸੰਗਤ ਦਾ ਮਦਨ ਲਾਲ ਢੀਂਗਰਾ ਤੇ ਬਹੁਤ ਪ੍ਰਭਾਵ ਪਿਆ ਤੇ ਉਹਨਾਂ ਨੇ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਦਾ ਪੱਕਾ ਇਰਾਦਾ ਬਣਾ ਲਿਆ ਤੇ ਇਸ ਨੂੰ ਨੇਪਰੇ ਚਾੜ੍ਹਨ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਆਪਣਾ ਮਨ ਵੀ ਬਣਾ ਲਿਆ।

ਇਕ ਜੁਲਾਈ 1909 ਦੀ ਸ਼ਾਮ ਨੂੰ ਕਾਫੀ ਗਿਣਤੀ ਵਿੱਚ ਭਾਰਤੀ ਤੇ ਅੰਗਰੇਜ਼ 'ਇੰਡੀਅਨ ਨੈਸ਼ਨਲ ਐਸੋਸੀਏਸ਼ਨ' ਦੇ ਸਾਲਾਨਾ ਇਜਲਾਸ ਵਿੱਚ ਭਾਗ ਲੈਣ ਲਈ 'ਇੰਪੀਰੀਅਲ ਇੰਸਟੀਚਿਊਟ' ਲੰਡਨ ਦੀ ਪਹਿਲੀ ਮੰਜ਼ਿਲ ਤੇ ਬਣੇ ਜਹਾਂਗੀਰ ਹਾਲ ਵਿੱਚ ਇਕੱਤਰ ਹੋਏ ਹੋਏ ਸਨ। ਇਸ ਸਮਾਰੋਹ ਵਿੱਚ ਭਾਗ ਲੈਣ ਲਈ ਸਰ ਕਰਜ਼ਨ ਵਾਇਲੀ ਜੋ ਕਿ ਭਾਰਤ ਸਰਕਾਰ ਦਾ ਪੋਲੀਟੀਕਲ ਸਕੱਤਰ ਸੀ ਤੇ ਭਾਰਤੀਆਂ ਦੀ ਜਾਸੂਸੀ ਕਰਨ ਵਾਲੇ ਵਿਭਾਗ ਦਾ ਸਭ ਤੋਂ ਵੱਡਾ ਅਹੁਦੇਦਾਰ ਵੀ ਸੀ ਤੇ ਅੰਗਰੇਜ਼ ਸਰਕਾਰ ਨੇ ਉਸ ਦੀ ਇਸ ਅਹੁਦੇ ਦੀ ਗੁਪਤਤਾ ਰੱਖੀ ਹੋਈ ਸੀ ਤਾਂ ਜੋ ਜਨਤਾ ਨੂੰ ਇਸ ਦਾ ਪਤਾ ਨਾ ਲੱਗ ਸਕੇ। ਉਹ ਹਾਲ ਵਿੱਚ ਚੱਲ ਰਹੇ ਸਮਾਗਮ ਵਿੱਚ ਭਾਗ ਲੈਣ ਲਈ ਆਇਆ ਸੀ। ਮਦਨ ਲਾਲ ਢੀਂਗਰਾ ਆਪਣਾ ਨਿਮੰਤਰਣ ਪੱਤਰ ਘਰ ਭੁੱਲ ਆਇਆ ਸੀ ਤੇ ਉਸ ਨੇ ਯਾਤਰੂ ਬੁੱਕ ਤੇ ਦਸਤਖ਼ਤ ਕਰਕੇ ਜਹਾਂਗੀਰ ਹਾਲ ਵਿੱਚ ਪ੍ਰਵੇਸ਼ ਲੈ ਲਿਆ, ਕਿਉਂਕਿ ਉਹ ਇਸ ਐਸੋਸੀਏਸ਼ਨ ਦਾ ਮੈਂਬਰ ਵੀ ਸੀ।

ਮਦਨ ਲਾਲ, ਕਰਜ਼ਨ ਵਾਇਲੀ ਨੂੰ ਨੇੜਿਉਂ ਹੋ ਕੇ ਗੋਲੀ ਮਾਰਨੀ ਚਾਹੁੰਦਾ ਸੀ ਤਾਂ ਕਿ ਉਸ ਦਾ ਵਾਰ ਖਾਲੀ ਨਾ ਜਾਵੇ। ਮਦਨ ਲਾਲ ਕੋਲ ਉਸ ਦੇ ਨੇੜੇ ਜਾਣ ਦਾ ਬਹਾਨਾ ਵੀ ਸੀ, ਕਿਉਂਕਿ ਮਦਨ ਲਾਲ ਦੇ ਵੱਡੇ ਭਰਾ ਕੁੰਦਨ ਲਾਲ ਢੀਂਗਰਾ ਨੇ ਕਰਜ਼ਨ ਵਾਇਲੀ ਨੂੰ ਇਕ ਪੱਤਰ ਲਿਖਿਆ ਸੀ ਤੇ ਉਸ ਦੇ ਸੰਬੰਧ ਵਿੱਚ ਕਰਜ਼ਨ ਵਾਇਲੀ ਨੇ 13 ਅਪ੍ਰੈਲ, 1909 ਨੂੰ ਮਦਨ ਲਾਲ ਢੀਂਗਰਾ ਨੂੰ ਪੱਤਰ ਲਿਖਿਆ ਸੀ ਕਿ ਉਹ, ਉਸ ਨੂੰ ਮਿਲੇ ਪਰ ਮਦਨ ਲਾਲ ਵੀ ਉੱਪਰਲੇ ਮਨੋਂ ਕਰਜ਼ਨ ਵਾਇਲੀ ਨੂੰ ਮਿਲਣਾ ਚਾਹੁੰਦਾ ਸੀ ਤੇ ਇਹ ਜਾਨਣਾ ਚਾਹੁੰਦਾ ਸੀ ਕਿ ਉਸ ਦੇ ਭਰਾ ਨੇ ਆਪਣੇ ਪੱਤਰ ਵਿੱਚ ਕਰਜ਼ਨ ਵਾਇਲੀ ਨੂੰ ਕੀ ਲਿਖਿਆ ਸੀ। ਹੁਣ ਮਦਨ ਲਾਲ ਢੀਂਗਰਾ ਤੇ ਉਸ ਦਾ ਦੋਸਤ ਕੋਰੇਗਾਂਕਰ, ਜਿਸ ਨੂੰ ਸਾਰੀ ਯੋਜਨਾ ਦਾ ਪਤਾ ਸੀ, ਵੀ ਨਾਲ ਸਮਾਗਮ ਵਿੱਚ ਹਾਜ਼ਰ ਸੀ। ਦੋਹਾਂ ਕੋਲ ਅਸਲੇ ਨਾਲ ਭਰੇ ਹੋਏ ਪਿਸਤੌਲ ਸਨ। ਮਦਨ ਲਾਲ ਘੀਂਗਰਾ ਨੇ ਕੋਟ ਦੀਆਂ ਦੋਹਾਂ ਜੇਬਾਂ ਵਿੱਚ ਇਕ-ਇਕ ਪਿਸਤੌਲ ਪਾਇਆ ਹੋਇਆ ਸੀ ਤੇ ਇਕ ਨਵਾਂ ਖਰੀਦਿਆ ਹੋਇਆ ਛੁਰਾ ਵੀ ਉਸ ਕੋਲ ਸੀ। ਜਿਉਂ ਹੀ ਇਹ ਸਭਾ ਸਮਾਪਤ ਹੋਈ ਤੇ ਕਰਜ਼ਨ ਵਾਇਲੀ ਜਾਣ ਹੀ ਵਾਲਾ ਸੀ ਤਾਂ ਕੋਰੇਗਾਂਕਰ ਨੇ ਢੀਂਗਰਾ ਨੂੰ ਇਸ਼ਾਰਾ ਮਾਤਰ ਸ਼ਬਦਾਂ ਵਿੱਚ ਕਿਹਾ, ਆ ਜੀ, ਜਾਓ ਨਾ, ਕਿਆ ਕਰਤੇ ਹੋ!” ਢੀਂਗਰਾ ਨੇ ਵਿਰੋਧ ਵਜੋਂ ਕਿਹਾ ਕਿ ਮੈਂ ਕਰਜ਼ਨ ਵਾਇਲੀ ਨਾਲ ਆਪਣੀ ਕੋਈ ਗੱਲ ਕਰਨੀ ਹੈ, ਦੋਹਾਂ ਨੇ ਸ਼ੀਸ਼ੇ ਦਾ ਦਰਵਾਜ਼ਾ ਖੋਲ੍ਹਿਆ ਤੇ ਹਾਲ ਤੋਂ ਬਾਹਰ ਆ ਗਏ। ਜਿਉਂ ਹੀ ਹਾਲ ਤੋਂ ਬਾਹਰ ਆਏ ਤਾਂ ਮਦਨ ਲਾਲ ਢੀਂਗਰਾ ਨੇ ਬਹੁਤ ਹੌਲੀ ਆਵਾਜ਼ ਵਿੱਚ ਕਰਜ਼ਨ ਵਾਇਲੀ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਨਿੱਜੀ ਗੱਲ ਕਰਨੀ ਹੈ। ਕਰਜ਼ਨ ਵਾਇਲੀ ਨੇ ਆਪਣਾ ਕੰਨ ਢੀਂਗਰਾ ਦੇ ਨਜ਼ਦੀਕ ਕਰ ਦਿੱਤਾ। ਢੀਂਗਰਾ ਨੇ ਮੌਕਾ ਤਾੜਦਿਆਂ ਹੀ ਆਪਣੀ ਸੱਜੀ ਜੇਬ ਵਿੱਚੋਂ ਪਿਸਤੌਲ ਕੱਢਿਆ ਤੇ ਕਰਜ਼ਨ ਵਾਇਲੀ ਦੇ ਦੋ ਗੋਲੀਆਂ ਐਨ ਪੁੜਪੜੀ ਦੇ ਕੋਲ ਮਾਰੀਆਂ। ਉਸ ਸਮੇਂ ਰਾਤ ਦੇ 11.20 ਵੱਜੇ ਸਨ। ਜਿਉਂ ਹੀ ਕਰਜ਼ਨ ਵਾਇਲੀ ਜਮੀਨ ਤੇ ਘੁਮੇਟਣੀ ਖਾ ਕੇ ਡਿੱਗਿਆ, ਢੀਂਗਰਾ ਨੇ ਦੋ ਗੋਲੀਆਂ ਕਰਜ਼ਨ ਵਾਇਲੀ ਦੇ ਹੋਰ ਮਾਰੀਆਂ ਤੇ ਉਹ ਉੱਥੇ ਹੀ ਮਰ ਗਿਆ।

ਇੰਨੇ ਨੂੰ ਇਕ ਪਾਰਸੀ ਡਾਕਟਰ, ਜਿਸ ਦਾ ਨਾਂ ਕਵਾਸਜੀ ਲਾਲਕਾਕਾ ਸੀ, ਕਰਜ਼ਨ ਵਾਇਲੀ ਦੇ ਬਚਾ ਲਈ ਵਿਚਕਾਰ ਆ ਗਿਆ। ਢੀਂਗਰਾ ਨੇ ਉਸ ਤੇ ਵੀ ਫਾਇਰ ਕਰ ਦਿੱਤਾ ਤੇ ਉਹ ਵੀ ਜ਼ਮੀਨ ਤੇ ਡਿੱਗ ਪਿਆ ਤੇ ਮਰ ਗਿਆ। ਫਿਰ ਢੀਂਗਰਾ ਨੇ ਆਪਣੇ ਗੋਲੀ ਮਾਰਨ ਦਾ ਯਤਨ ਕੀਤਾ ਪਰ ਇਸ ਵਿੱਚ ਉਹ ਸਫਲ ਨਾ ਹੋਇਆ ਤੇ ਪੁਲਿਸ ਨੇ ਉਸ ਨੂੰ ਫੜ ਲਿਆ। ਢੀਂਗਰਾ ਪੁਲਿਸ ਨਾਲ ਕਾਫੀ ਹੱਥੋਪਾਈ ਹੋਇਆ ਤੇ ਹੱਥੋਪਾਈ ਹੁੰਦਿਆਂ ਉਹ ਜ਼ਮੀਨ ਤੇ ਡਿੱਗ ਪਿਆ ਤੇ ਉਸ ਦੀ ਪੱਸਲੀ ਤੇ ਬਹੁਤ ਸੱਟ ਲੱਗੀ ਤੇ ਉਸ ਦਾ ਪਿਸਤੌਲ ਵੀ ਪਰੇ ਡਿੱਗ ਪਿਆ। ਇਸ ਤੇ ਪੁਲਿਸ ਵਾਲਿਆਂ ਨੂੰ ਥੋੜ੍ਹਾ ਚੈਨ ਆਇਆ। ਢੀਂਗਰਾ ਦੀ ਐਨਕ ਵੀ ਦੂਰ ਡਿੱਗ ਪਈ ਤੇ ਢੀਂਗਰਾ ਨੇ ਬੜੇ ਆਰਾਮ ਨਾਲ ਪੁਲਿਸ ਨੂੰ ਕਿਹਾ ਕਿ ਮੇਰੀ ਐਨਕ ਮੈਨੂੰ ਦਿੱਤੀ ਜਾਵੇ। ਜਦੋਂ ਮੁਆਇਨਾ ਕਰਨ ਵਾਲੇ ਡਾਕਟਰ ਨੇ ਢੀਂਗਰਾ ਦੀ ਨਬਜ਼ ਤੇ ਬਲੱਡ ਪ੍ਰੈਸ਼ਰ ਚੈੱਕ ਕੀਤਾ ਤਾਂ ਉਹ ਬਿਲਕੁਲ ਨਾਰਮਲ ਸੀ।

ਪੁਲਿਸ ਨੇ ਬੜਾ ਯਤਨ ਕੀਤਾ ਕਿ ਮਦਨ ਲਾਲ ਢੀਗਰਾ ਆਪਣੇ ਕਿਸੇ ਦੋਸਤ ਦਾ ਨਾਮ ਦੱਸੇ ਜੋ ਉਸ ਦੇ ਨਾਲ ਸੀ ਪਰ ਢੀਂਗਰਾ ਨੇ ਕਿਸੇ ਦਾ ਨਾਮ ਨਹੀਂ ਲਿਆ।

ਇਸ ਤੋਂ ਬਾਅਦ ਪੁਲਿਸ ਢੀਂਗਰਾ ਨੂੰ ਵਾਲਟਨ ਸਟਰੀਟ ਪੁਲਿਸ ਸਟੇਸ਼ਨ ਲੈ ਆਈ। ਪੁਲਿਸ ਨੇ ਢੀਂਗਰਾ ਉੱਤੇ ਬੜਾ ਤਸ਼ੱਦਦ ਕੀਤਾ ਪਰ ਉਸ ਨੇ ਕਿਸੇ ਦਾ ਨਾਮ ਨਹੀਂ ਲਿਆ। ਫਿਰ ਉਹਨਾਂ ਨੇ ਇਸ ਗੱਲ ਦੀ ਜਾਂਚ ਕੀਤੀ ਕਿ ਹੋ ਸਕਦਾ ਹੈ ਕਿ ਉਸ ਨੇ ਭੰਗ ਦੇ ਨਸ਼ੇ ਵਿੱਚ ਆ ਕੇ ਇਹ ਕਾਰਾ ਕੀਤਾ ਹੋਵੇ। ਜਿਸ ਮਕਾਨ ਵਿੱਚ ਉਹ ਰਹਿੰਦਾ ਸੀ, ਉਸ ਮਕਾਨ ਦੀ ਮਾਲਕਣ ਤੋਂ ਪੁੱਛਿਆ, “ਕੀ ਉਹ ਕੋਈ ਨਸ਼ਾ ਵਗੈਰਾ ਕਰਦਾ ਸੀ?” ਪਰ ਉਸ ਨੇ ਕਿਹਾ ਕਿ ਨਹੀਂ। ਫਿਰ ਉਸ ਦੀ ਡਾਕਟਰੀ ਜਾਂਚ ਕਰਵਾਈ ਗਈ ਕਿ ਸ਼ਾਇਦ ਉਸ ਦਾ ਦਿਮਾਗੀ ਸੰਤੁਲਨ ਠੀਕ ਨਾ ਹੋਵੇ ਜਿਸ ਕਰਕੇ ਉਸ ਨੇ ਇਹ ਕਤਲ ਕੀਤਾ ਹੈ ਪਰ ਡਾਕਟਰੀ ਰਿਪੋਰਟ ਵਿੱਚ ਉਸ ਦੀ ਜਾਂਚ ਆਈ ਕਿ ਉਸ ਦਾ ਦਿਮਾਗੀ ਸੰਤੁਲਨ ਬਿਲਕੁਲ ਠੀਕ ਹੈ।

ਸ੍ਰੀ ਮਦਨ ਲਾਲ ਢੀਂਗਰਾ ਤੇ 23 ਜੁਲਾਈ 1909 ਨੂੰ 'ਓਲਡ ਬੇਲੀ ਦੀ ਅਦਾਲਤ' ਵਿੱਚ ਮੁਕੱਦਮਾ ਚਲਾਇਆ ਗਿਆ। ਉਸ ਨੇ ਕੋਰਟ ਵਿੱਚ ਬਿਆਨ ਦਿੱਤਾ ਕਿ ਉਸ ਨੂੰ ਕਰਜ਼ਨ ਵਾਇਲੀ ਦੀ ਹੱਤਿਆ ਦਾ ਕੋਈ ਅਫਸੋਸ ਨਹੀਂ ਹੈ ਕਿਉਂਕਿ ਕਰਜ਼ਨ ਵਾਇਲੀ ਵੀ ਭਾਰਤ ਤੇ ਰਾਜ ਕਰ ਰਹੀ ਅੰਗਰੇਜ਼ ਸਰਕਾਰ ਦਾ ਹਿੱਸਾ ਹੈ ਤੇ ਇਸ ਨੇ ਵੀ ਭਾਰਤੀਆਂ ਉੱਤੇ ਕਰੂਰਤਾ ਕਰਨ ਲਈ ਅੰਗਰੇਜ਼ ਸਰਕਾਰ ਦੀ ਮਦਦ ਕੀਤੀ ਹੈ ਤੇ ਇਹ ਅੰਗਰੇਜ਼ ਸਰਕਾਰ ਦਾ ਇਕ ਹਿੱਸਾ ਹੈ ਤੇ ਭਾਰਤ ਦੀ ਆਜ਼ਾਦੀ ਵਿੱਚ ਇਕ ਰੋੜਾ ਹੈ। ਢੀਂਗਰਾ ਨੇ ਇਹ ਬਿਆਨ ਵੀ ਦਿੱਤਾ ਕਿ ਡਾਕਟਰ ਕਵਾਸਜੀ ਲਾਲਕਾਕਾ ਨੂੰ ਮਾਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ, ਜੇਕਰ ਉਹ ਸਾਡੇ ਦਰਮਿਆਨ ਨਾ ਆਉਂਦਾ ਤਾਂ ਮੈਂ ਉਸ ਦੇ ਗੋਲੀ ਨਹੀਂ ਮਾਰਨੀ ਸੀ। ਢੀਂਗਰਾ ਨੇ ਅਦਾਲਤ ਵਿੱਚ ਜੱਜ ਦੇ ਸਾਹਮਣੇ ਇਹ ਵੀ ਕਿਹਾ ਕਿ“ਉਹ ਦਇਆ ਦੀ ਅਪੀਲ ਨਹੀਂ ਕਰਨੀ ਚਾਹੁੰਦਾ। ਉਸ ਨੇ ਕਿਹਾ ਕਿ ਜੇ ਜਰਮਨਾਂ ਨੂੰ ਇੰਗਲੈਂਡ ਤੇ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤਾਂ ਇੰਗਲੈਂਡ ਵਾਲਿਆਂ ਨੂੰ ਵੀ ਭਾਰਤ ਉੱਤੇ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਮੁਕੱਦਮਾ ਚਲਦੇ ਸਮੇਂ ਅਦਾਲਤ ਵਿੱਚ ਕਿਸੇ ਵੀ ਭਾਰਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਢੀਂਗਰਾ ਨੇ ਅਦਾਲਤ ਵਿੱਚ ਇਹ ਕਿਹਾ, “ਮੈਂ ਅੰਗਰੇਜ਼ ਸਰਕਾਰ ਨੂੰ ਇਸ ਗੱਲ ਲਈ ਵੀ ਜ਼ਿੰਮੇਵਾਰ ਸਮਝਦਾ ਹਾਂ ਕਿ ਪਿਛਲੇ 50 ਸਾਲਾਂ ਵਿੱਚ, ਭਾਰਤ ਵਿਚ 8 ਮਿਲੀਅਨ ਲੋਕਾਂ ਦੀ ਮੌਤ ਦੇ ਉਹ ਜ਼ਿੰਮੇਵਾਰ ਹਨ ਤੇ ਉਹ ਭਾਰਤ ਵਿੱਚੋਂ ਹਰ ਸਾਲ 10 ਕਰੋੜ ਪੌਂਡ ਸਰਮਾਇਆ ਲੁੱਟ ਕੇ ਆਪਣੇ ਦੇਸ਼ ਇੰਗਲੈਂਡ ਵਿੱਚ ਲਿਆ ਰਹੇ ਹਨ। ਮੈਂ ਇਸ ਗੱਲ ਲਈ ਵੀ ਇਹਨਾਂ ਨੂੰ ਜ਼ਿੰਮੇਵਾਰ ਸਮਝਦਾ ਹਾਂ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਦੇ ਰਹੇ ਹਨ ਤੇ ਹਜ਼ਾਰਾਂ ਦੇਸ਼ ਭਗਤਾਂ ਨੂੰ ਦੇਸ਼ ਨਿਕਾਲਾ ਦੇ ਕੇ, ਦੇਸ਼ ਵਿੱਚੋਂ ਬਾਹਰ ਕੱਢ ਰਹੇ ਹਨ। ਇਸੇ ਹੀ ਤਰ੍ਹਾਂ ਉਹ ਇਸ ਦੇਸ਼ ਵਿੱਚ ਵੀ ਆਪਣੇ ਆਦਮੀਆਂ ਨੂੰ ਇਹੀ ਕਰਨ ਲਈ ਕਹਿ ਰਹੇ ਹਨ।

ਢੀਂਗਰਾ ਨੇ ਅਦਾਲਤ ਵਿੱਚ ਇਹ ਵੀ ਕਿਹਾ ਕਿ ਅੰਗਰੇਜ਼ ਲੋਕਾਂ ਨੂੰ ਮਾਰਨਾ ਸਾਡੇ ਲਈ ਬਿਲਕੁਲ ਜਾਇਜ਼ ਹੈ ਕਿਉਂਕਿ ਉਹ ਸਾਡੀ ਪਵਿੱਤਰ ਧਰਤੀ ਨੂੰ ਗੰਦਾ ਕਰ ਰਹੇ ਹਨ। ਮੈਨੂੰ ਇਹਨਾਂ ਦੇ ਇਸ ਭਿਆਨਕ ਛਲ-ਕਪਟ ਤੇ ਬੜੀ ਹੈਰਾਨੀ ਹੁੰਦੀ ਹੈ। ਉਹਨਾਂ ਦਾ ਇਹ ਚਿਹਰਾ ਮਾਨਵਤਾ ਨੂੰ ਦਬਾ ਕੇ ਰੱਖਣ ਵਾਲਾ ਹੈ। ਭਾਰਤ ਵਿੱਚ ਹਰ ਸਾਲ ਦੋ ਮਿਲੀਅਨ ਲੋਕਾਂ ਦੀ ਹੱਤਿਆ ਹੁੰਦੀ ਹੈ ਤੇ ਔਰਤਾਂ ਦੀ ਪੱਤ ਲੁੱਟੀ ਜਾਂਦੀ ਹੈ। ਮੈਂ ਆਪਣੀ ਮਾਤਭੂਮੀ ਨੂੰ ਅਜਿਹੇ ਲੋਕਾਂ ਤੋਂ ਮੁਕਤੀ ਦਿਵਾਉਣ ਲਈ ਹਮੇਸ਼ਾ ਤਿਆਰ ਹਾਂ। ਇਸੇ ਲਈ ਹੀ ਮੈਂ ਅਦਾਲਤ ਵਿੱਚ ਅਜਿਹੇ ਬਿਆਨ ਦਿੱਤੇ ਹਨ, ਨਾ ਕਿ ਦਇਆ ਦੀ ਭੀਖ ਮੰਗਣ ਲਈ ਬੇਨਤੀ ਕੀਤੀ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਅੰਗਰੇਜ਼ ਲੋਕ ਮੈਨੂੰ ਮੌਤ ਦੇ ਘਾਟ ਉਤਾਰ ਦੇਣ ਤਾਂ ਕਿ ਮੇਰੇ ਦੇਸ਼ ਦੇ ਲੋਕਾਂ ਦੀ ਤੁਹਾਡੇ ਤੋਂ ਬਦਲਾ ਲੈਣ ਦੀ ਹੋਰ ਤੀਬਰਤਾ ਵਧੇ। ਮੈਂ ਚਾਹੁੰਦਾ ਹਾਂ ਕਿ ਮੇਰੇ ਇਹ ਬਿਆਨ ਸਾਰੀ ਦੁਨੀਆਂ ਵਿੱਚ ਜਾਣ ਤਾਂ ਹੀ ਮੇਰੇ ਲਈ, ਇਹ ਮੇਰੇ ਕੀਤੇ ਗਏ ਕਾਰਜ ਲਈ ਸੱਚਾ ਇਨਸਾਫ ਹੋਵੇਗਾ ਤੇ ਖਾਸ ਤੌਰ ਤੇ ਮੇਰੇ ਇਹ ਬਿਆਨ ਤੁਹਾਡੇ ਦੁਸ਼ਮਣ ਦੇਸ਼ਾਂ ਵਿੱਚ ਜ਼ਰੂਰ ਜਾਣ। ਮੈਂ ਵਾਰ-ਵਾਰ ਅਦਾਲਤੀ ਅਧਿਕਾਰੀਆਂ ਨੂੰ ਇਹੀ ਕਹਿੰਦਾ ਹਾਂ ਕਿ ਜੋ ਵੀ ਵਿਵਹਾਰ ਤੁਸੀਂ ਮੇਰੇ ਨਾਲ ਕਰਨਾ ਚਾਹੁੰਦੇ ਹੋ, ਕਰ ਸਕਦੇ ਹੋ। ਮੈਂ ਅਜਿਹੇ ਵਿਵਹਾਰ ਤੋਂ ਡਰਦਾ ਨਹੀਂ। ਤੁਸੀਂ ਮੈਨੂੰ ਫਾਂਸੀ ਤੇ ਲਟਕਾ ਦਿਓ, ਮੈਨੂੰ ਇਸ ਦੀ ਕੋਈ ਚਿੰਤਾ ਨਹੀਂ। ਤੁਸੀਂ ਚਿੱਟੇ ਲੋਕ ਇਸ ਸਮੇਂ ਸ਼ਕਤੀਸ਼ਾਲੀ ਹੋ, ਪਰ ਯਾਦ ਰੱਖਣਾ ਹੁਣ ਸਾਡੀ ਵਾਰੀ ਆਉਣ ਵਾਲੀ ਹੈ, ਉਦੋਂ ਜੋ ਸਾਡੀ ਇੱਛਾ ਹੋਈ, ਅਸੀਂ ਤੁਹਾਡੇ ਨਾਲ ਉਹੀ ਕਰਾਂਗੇ।

ਢੀਂਗਰਾ ਨੇ ਆਪਣੇ ਮੁਕੱਦਮੇ ਦੇ ਆਖਰੀ ਦਿਨਾਂ ਵਿੱਚ ਕਿਹਾ ਕਿ ਮੇਰੇ ਕੱਪੜੇ, ਕਿਤਾਬਾਂ ਤੇ ਮੇਰੀਆਂ ਹੋਰ ਚੀਜ਼ਾਂ ਨੂੰ ਵੇਚ ਕੇ ਪੈਸੇ ਨੈਸ਼ਨਲ ਫੰਡ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਣ, ਪਰ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਅਜਿਹਾ ਨਹੀਂ ਕੀਤਾ। ਫਿਰ ਢੀਂਗਰਾ ਨੇ ਲਿਖ ਕੇ ਪੁਲਿਸ ਨੂੰ ਦਿੱਤਾ ਕਿ ਮੇਰੀਆਂ ਨਿੱਜੀ ਚੀਜ਼ਾਂ ਦਾ ਮਾਲਕ ਨਿਤਨਸੈਨ ਦਵਾਰਕਾ ਦਾਸ ਹੋਵੇਗਾ ਪਰ ਪੁਲਿਸ ਚੀਫ਼ ਇੰਸਪੈਕਟਰ ਨੇ ਢੀਂਗਰਾ ਦਾ ਸਾਰਾ ਸਮਾਨ ਦੋ ਟਰੰਕਾਂ ਵਿਚ ਪਾ ਲਿਆ ਤੇ ਉਸ ਨੂੰ ਕਿਤੇ ਰੱਖ ਦਿੱਤਾ। ਜਦੋਂ ਮੁਕੱਦਮਾ ਬੋਸਟਨ ਦੀ ਕਚਹਿਰੀ ਵਿੱਚ ਆਇਆ ਤਾਂ ਪੁਲਿਸ ਨੇ ਕਿਹਾ ਕਿ ਇਸ ਨੇ ਆਪਣੀ ਕੋਈ ਅਪੀਲ ਪੁਲਿਸ ਨੂੰ ਨਹੀਂ ਦਿੱਤੀ ਕਿ ਉਸ ਦਾ ਸਮਾਨ ਨਿਤਨਸੈਨ ਦਵਾਰਕਾ ਦਾਸ ਨੂੰ ਦਿੱਤਾ ਜਾਵੇ।

(ਹਵਾਲਾ ਲੰਡਨ ਟਾਈਮਜ਼ 01 ਜਨਵਰੀ, 1910)

ਜਦੋਂ ਢੀਂਗਰਾ ਨੇ ਕਰਜ਼ਨ ਵਾਇਲੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਤਾਂ ਉਸਦਾ ਭਰਾ ਭਜਨ ਲਾਲ ਲੰਡਨ ਵਿੱਚ ਵਕਾਲਤ ਕਰ ਰਿਹਾ ਸੀ ਤੇ ਉਹ 'ਗਰੇਅਜ਼ ਹੋਸਟਲ' ਵਿੱਚ ਰਹਿ ਰਿਹਾ ਸੀ। ਕਰਜ਼ਨ ਵਾਇਲੀ ਦੀ ਹੱਤਿਆ ਦੇ ਚਾਰ ਦਿਨ ਬਾਅਦ ਉਸ ਨੇ ਪਬਲਿਕ ਸਭਾ ਦੇ ਸਾਹਮਣੇ ਬਿਆਨ ਦਿੱਤਾ ਕਿ ਮਦਨ ਲਾਲ ਨੇ ਕਰਜ਼ਨ ਵਾਇਲੀ ਦੀ ਹੱਤਿਆ ਕਰਕੇ ਕੋਈ ਚੰਗਾ ਕੰਮ ਨਹੀਂ ਕੀਤਾ। ਇਸ ਤਰ੍ਹਾਂ ਆਪਣੇ ਭਰਾ ਦੇ ਖਿਲਾਫ ਬਿਆਨ ਦੇਣ ਤੋਂ ਬਾਅਦ ਜਦੋਂ ਭਜਨ ਲਾਲ ਬਰਿਕਸਨ ਜੇਲ੍ਹ ਵਿੱਚ ਮਦਨ ਲਾਲ ਨੂੰ ਮਿਲਣ ਗਿਆ ਤਾਂ ਮਦਨ ਲਾਲ ਨੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ।

ਮਦਨ ਲਾਲ ਦੇ ਭਰਾਵਾਂ ਸਮੇਤ, ਸਾਰੇ ਪਰਿਵਾਰ ਨੇ ਆਪਣੇ ਨਾਮ ਨਾਲ ਉਪ ਨਾਮ ਢੀਂਗਰਾ ਲਿਖਣਾ ਬੰਦ ਕਰ ਦਿੱਤਾ। ਬਹੁਤ ਸਾਰੇ ਅਜਿਹੇ ਲੋਕ ਸਨ, ਜੋ ਆਪਣੇ ਨਾਮ ਨਾਲ ਢੀਂਗਰਾ ਸ਼ਬਦ ਲਿਖਦੇ ਸਨ, ਲਿਖਣਾ ਬੰਦ ਕਰ ਦਿੱਤਾ ਤਾਂ ਕਿ ਪੁਲਿਸ ਉਹਨਾਂ ਨੂੰ ਤੰਗ ਨਾ ਕਰੇ ਕਿ ਇਹ ਕਿਤੇ ਮਦਨ ਲਾਲ ਢੀਂਗਰਾ ਦੇ ਰਿਸ਼ਤੇਦਾਰ ਤਾਂ ਨਹੀਂ ਹਨ। ਇੱਥੋਂ ਤੱਕ ਕਿ ਲੋਕਾਂ ਵਿੱਚ ਸੁਆਰਥ ਆ ਗਿਆ ਸੀ। ਜਦੋਂ ਸਾਵਰਕਰ ਢੀਂਗਰਾ ਨੂੰ ਜੇਲ੍ਹ ਵਿੱਚ ਮਿਲਣ ਲਈ ਗਿਆ ਤਾਂ ਉਸ ਨੇ ਕਿਹਾ ਕਿ, ਮੈਂ ਤੁਹਾਡੇ ਦਰਸ਼ਨ ਕਰਨ ਲਈ ਆਇਆ ਹਾਂ।'' ਦੋਵੇਂ ਇਕ ਦੂਸਰੇ ਨੂੰ ਬੜੇ ਜਜ਼ਬੇ ਨਾਲ ਮਿਲੇ।

ਡੇਢ ਮਹੀਨੇ ਦੇ ਕਰੀਬ ਮਦਨ ਲਾਲ ਢੀਂਗਰਾ ਤੇ ਕੇਸ ਚੱਲਿਆ ਤੇ ਉਸ ਨੂੰ 17 ਅਗਸਤ, 1909 ਨੂੰ ਲੰਡਨ ਦੀ ਪੈਂਟਨਵਿਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ। ਉਸ ਸਮੇਂ ਉਹਨਾਂ ਦੀ ਉਮਰ 26 ਸਾਲ ਦੀ ਸੀ। ਜਦੋਂ ਉਹਨਾਂ ਨੂੰ ਮੁਕੱਦਮੇ ਦੇ ਆਖਰੀ ਦਿਨ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਉਸ ਨੇ ਕੋਰਟ ਵਿੱਚ ਅੰਤਿਮ ਬਿਆਨ ਜੋ ਦਿੱਤੇ ਉਹ ਇਸ ਤਰ੍ਹਾਂ ਸਨ ਕਿ “ਉਸਨੂੰਆਪਣੇਦੇਸ਼'ਤੇ ਬੜਾ ਮਾਣ ਹੈ ਕਿ ਉਹ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਾ ਰਿਹਾ ਹੈ। ਪ੍ਰੰਤੂ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਹ ਦਿਨ ਦੂਰ ਨਹੀਂ ਹੈ, ਜਿਸ ਦਿਨ ਸਾਡਾ ਦੇਸ਼ ਆਜ਼ਾਦ ਹੋ ਜਾਵੇਗਾ। ਮੇਰਾ ਭਾਰਤ ਵਾਸੀਆਂ ਨੂੰ ਇਹੀ ਸੰਦੇਸ਼ ਹੈ ਕਿ ਉਹਨਾਂ ਨੇ ਆਪਣੇ ਦੇਸ਼ ਲਈ ਕਿਵੇਂ ਮਰਨਾ ਹੈ ਤੇ ਉਸ ਲਈ ਇਹੀ ਰਸਤਾ ਹੈ ਕਿ ਉਹ ਆਪਣੇ ਆਪ ਨੂੰ, ਦੇਸ਼ ਤੋਂ ਕੁਰਬਾਨ ਕਰ ਦੇਣ, ਮੇਰੀ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਮੈਂ ਦੁਬਾਰਾ ਆਪਣੀ ਉਸੇ ਮਾਂ ਤੋਂ, ਫਿਰ ਜਨਮ ਲਵਾਂ ਤੇ ਇਸੇ ਤਰ੍ਹਾਂ ਹੀ ਦੁਬਾਰਾ ਆਪਣੇ ਆਪ ਨੂੰ ਦੇਸ਼ ਤੋਂ ਕੁਰਬਾਨ ਕਰ ਦਿਆਂ ਤੇ ਇਸ ਤਰ੍ਹਾਂ ਉਦੋਂ ਤੱਕ ਕਰਦਾ ਰਹਾਂ, ਜਦੋਂ ਤੱਕ ਮੈਨੂੰ ਇਸ ਦੇਸ਼ ਵਿੱਚ ਸਫਲਤਾ ਪ੍ਰਾਪਤ ਨਾ ਹੋ ਜਾਵੇ।” ਚੀਫ ਜਸਟਿਸ ਨੂੰ ਆਖਰੀ ਸ਼ਬਦ, ਸ਼ੁਕਰੀਆ ਮਾਈਲਾਰਡ! ਬੰਦੇ ਮਾਤਰਮ!”

ਸ਼ਹੀਦ ਮਦਨ ਲਾਲ ਢੀਂਗਰਾ ਜੀ ਦੇ ਸ਼ਹੀਦੀ ਪ੍ਰਾਪਤ ਕਰ ਜਾਣ ਬਾਅਦ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਉਹਨਾਂ ਦੇ ਘਰ ਦਿਆਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਕਈ ਹਿੰਦੂ ਤੇ ਗੈਰ ਹਿੰਦੂ ਜਥੇਬੰਦੀਆਂ ਨੇ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਲੈਣ ਲਈ ਤੇ ਅੰਤਿਮ ਸੰਸਕਾਰ ਕਰਨ ਲਈ ਸਰਕਾਰ ਨੂੰ ਬੇਨਤੀ ਕੀਤੀ ਪਰ ਸਰਕਾਰ ਨੇ ਇਨਕਾਰ ਕਰ ਦਿੱਤਾਵੀਰ ਸਾਵਰਕਰ ਨੇ ਵੀ ਉਹਨਾਂ ਦੀ ਦੇਹ ਦਾ ਸਤਿਕਾਰ ਸਹਿਤ ਹਿੰਦੂ ਰੀਤੀ ਅਨੁਸਾਰ ਸੰਸਕਾਰ ਕਰਨ ਲਈ ਸਰਕਾਰ ਤੱਕ ਪਹੁੰਚ ਕੀਤੀ ਪਰ ਉਹਨਾਂ ਨੂੰ ਵੀ ਸਰਕਾਰ ਨੇ ਇਨਕਾਰ ਕਰ ਦਿੱਤਾ। ਅਖੀਰ ਵਿੱਚ ਸਰਕਾਰ ਨੇ ਉਹਨਾਂ ਦਾ ਅੰਤਿਮ ਸੰਸਕਾਰ ਜੇਲ੍ਹ ਦੇ ਆਂਗਣ ਵਿੱਚ ਹੀ ਕਰ ਦਿੱਤਾ ਤੇ ਉਹਨਾਂ ਦੀਆਂ ਅਸਥੀਆਂ ਤੇ ਰਾਖ ਇਕ ਸੰਦੂਕ ਨੁਮਾ ਬਕਸੇ ਵਿੱਚ ਪਾ ਕੇ ਕਿਸੇ ਜਗ੍ਹਾ ਤੇ ਰੱਖ ਦਿੱਤੀ ਤੇ ਉਸ ਸੰਦੂਕ ਨੁਮਾ ਡੱਬੇ ਤੇ ਉਹਨਾਂ ਦਾ ਨਾਮ ਲਿਖ ਦਿੱਤਾ।

ਇਹ ਸੰਯੋਗ ਦੀ ਹੀ ਗੱਲ ਹੈ ਕਿ ਭਾਰਤ ਸਰਕਾਰ ਜਦੋਂ ਸ਼ਹੀਦ ਊਧਮ ਸਿੰਘ ਜੀ ਦੀਆਂ ਅਸਥੀਆਂ ਦੀ ਬ੍ਰਿਟਿਸ਼ ਸਰਕਾਰ ਤੋਂ ਮੰਗ ਕਰ ਰਹੀ ਸੀ ਤਾਂ ਉਸ ਸਮੇਂ ਉਹਨਾਂ ਦੀਆਂ ਅਸਥੀਆਂ ਦੀ ਭਾਲ ਸਰਕਾਰ ਕਰ ਰਹੀ ਸੀ ਤਾਂ ਉਸ ਸਮੇਂ ਮਦਨ ਲਾਲ ਢੀਂਗਰਾ ਜੀ ਦੀਆਂ ਅਸਥੀਆਂ ਮਿਲ ਗਈਆਂ ਤੇ ਉਹ, ਉਸ ਸਮੇਂ ਦੇ ਬਰਤਾਨੀਆ ਵਿੱਚ ਭਾਰਤੀ ਸਫੀਰ ਸ੍ਰੀ ਨਟਵਰ ਸਿੰਘ ਜੀ ਦੇ ਮਿਤੀ 13 ਦਸੰਬਰ, 1976 ਨੂੰ ਹਵਾਲੇ ਕਰ ਦਿੱਤੀਆਂ ਤੇ ਸਰਕਾਰ ਨੇ ਸਰਕਾਰੀ ਸਨਮਾਨਾਂ ਨਾਲ ਭਾਰਤ ਦੇ ਮਹਾਨ ਸਪੂਤ ਦਾ ਅੰਮ੍ਰਿਤਸਰ ਵਿਖੇ ਹਿੰਦੂ ਰਾਈਟਸ ਅਨੁਸਾਰ ਸੰਸਕਾਰ ਕਰ ਦਿੱਤਾ।

ਇਹ ਵੀ ਇਕ ਸੰਜੋਗ ਦੀ ਗੱਲ ਹੈ ਕਿ ਸਰਦਾਰ ਊਧਮ ਸਿੰਘ ਜੀ ਵੀ, ਜਿੱਥੇ ਮਦਨ ਲਾਲ ਢੀਂਗਰਾ ਜੀ ਜੇਲ ਵਿੱਚ ਕੈਦ ਰਹੇ, ਉਸੇ ਪੈਂਟਨਵਿਲ ਦੀ ਜੇਲ ਵਿੱਚ ਕੈਦ ਰਹੇ। ਸ਼ਹੀਦ ਊਧਮ ਸਿੰਘ ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਚੰਦਰ ਸ਼ੇਖਰ ਆਜ਼ਾਦ ਤੇ ਹੋਰ ਕਈ ਸ਼ਹੀਦ ਕ੍ਰਾਂਤੀਕਾਰੀ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਆਪਣਾ ਆਦਰਸ਼ ਮੰਨਦੇ ਸਨ।

ਮਹਾਤਮਾ ਗਾਂਧੀ ਨੇ ਮਦਨ ਲਾਲ ਢੀਂਗਰਾ ਦੇ ਕਾਰਨਾਮੇ ਦੀ ਵਿਰੋਧਤਾ ਕੀਤੀ। ਉਹਨਾਂ ਨੇ ਕਰਜ਼ਨ ਵਾਇਲੀ ਦੀ ਹੱਤਿਆ ਦੀ ਨਿੰਦਿਆ ਕਰਦਿਆਂ ਕਿਹਾ ਕਿ, ਕੀ ਸਾਰੇ ਅੰਗਰੇਜ਼ ਲੋਕ ਮਾੜੇ ਹਨ? ਕੀ ਜਿਸ ਦੀ ਚਮੜੀ ਭਾਰਤੀ ਹੈ ਉਹ ਚੰਗਾ ਹੈ? ਜੇਕਰ ਇਹ ਇਸ ਤਰ੍ਹਾਂ ਹੈ ਤਾਂ ਸਾਨੂੰ ਵਿਰੋਧ ਕਰਨਾ ਛੱਡ ਦੇਣਾ ਚਾਹੀਦਾ ਹੈ। ਭਾਰਤ ਕਤਲੋਗਾਰਤ ਦੀ ਨੀਤੀ ਤੋਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ, ਇਹ ਕੋਈ ਫਰਕ ਨਹੀਂ ਪੈਂਦਾ ਕਿ ਗੋਰੇ ਹਨ ਜਾਂ ਕਾਲੇ। ਇਸ ਤਰ੍ਹਾਂ ਦੇ ਰਾਜ ਅਧੀਨ ਭਾਰਤ ਦੀ ਬਰਬਾਦੀ ਹੋਵੇਗੀ ਤੇ ਉਸ ਦਾ ਸਭ ਕੁਝ ਬਰਬਾਦ ਹੋ ਜਾਵੇਗਾ।

ਮਦਨ ਲਾਲ ਢੀਂਗਰਾ ਨੂੰ ਫਾਂਸੀ ਦੇਣ ਤੋਂ ਬਾਅਦ 'ਦੀ ਟਾਈਮਜ਼ ਲੰਡਨ' ਆਪਣੇ ਮਿਤੀ 24 ਅਗਸਤ, 1909 ਦੇ ਐਡੀਟੋਰੀਅਲ ਦੇ ਸਿਰਲੇਖ ਢੀਂਗਰਾ ਦੇ ਦੋਸ਼’ ਵਿੱਚ ਲਿਖਦਾ ਹੈ, “The nonchalance displayed by the assassin was of a charactor which is happily unusual in such trials in this country. He asked no questions. He maintained a defiance of studied indifference. He walked smiling from the dock.”

ਸ਼ਹੀਦ-ਏ-ਆਜ਼ਮ ਸ੍ਰੀ ਮਦਨ ਲਾਲ ਢੀਂਗਰਾ ਹੀ ਸ਼ਾਇਦ ਪਹਿਲਾ ਅਜਿਹਾ ਮਹਾਨ ਸ਼ਹੀਦ ਹੈ ਜਿਸ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਬਰਤਾਨੀਆ ਦੀ ਧਰਤੀ ਤੇ ਸ਼ਹੀਦੀ ਜਾਮ ਪੀਤਾ ਤੇ ਦੁਨੀਆਂ ਨੂੰ ਦੱਸ ਦਿੱਤਾ ਕਿ ਭਾਰਤੀ ਨੌਜਵਾਨ ਦੇਸ਼ ਨੂੰ ਆਜ਼ਾਦ ਕਰਾਉਣ ਲਈ ਮੌਤ ਦੀ ਪਰਵਾਹ ਨਹੀਂ ਕਰਦੇ ਤੇ ਆਪਣੇ ਦੁਸ਼ਮਣ ਨੂੰ ਉਸ ਦੇ ਘਰ ਜਾ ਕੇ ਵੀ ਸਬਕ ਸਿਖਾ ਸਕਦੇ ਹਨ। ਅਜਿਹੇ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਨੇ ਹੀ ਅੱਜ ਸਾਨੂੰ ਆਜ਼ਾਦ ਫਿਜ਼ਾ ਵਿੱਚ ਸਾਹ ਲੈਣ ਯੋਗ ਬਣਾਇਆ ਹੈ।

ਪਰ ਇਹ ਗੱਲ ਬੜੇ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਸ਼ਹੀਦ-ਏ-ਆਜ਼ਮ ਸ੍ਰੀ ਮਦਨ ਲਾਲ ਢੀਂਗਰਾ ਜੀ ਦੀ ਸ਼ਹੀਦੀ ਦਾ ਅਸੀਂ ਮਾਣ ਸਤਿਕਾਰ ਉੰਨਾ ਨਹੀਂ ਕੀਤਾ, ਜਿੰਨਾ ਕਈ ਦੂਜੇ ਮਹਾਨ ਸ਼ਹੀਦਾਂ ਦਾ ਕੀਤਾ ਹੈ। ਉਹਨਾਂ ਨੂੰ ਅਣਗੌਲਿਆ ਹੀ ਰੱਖਿਆ ਗਿਆ ਹੈ, ਜਦੋਂ ਕਿ ਵਿਦੇਸ਼ੀ ਧਰਤੀ ਤੇ ਸ਼ਹੀਦ ਹੋਣ ਵਾਲੇ ਉਹ ਪਹਿਲੇ ਮਹਾਨ ਭਾਰਤੀ ਸਪੂਤ ਹਨ ਤੇ ਉਹਨਾਂ ਦਾ ਮਾਣ ਸਤਿਕਾਰ ਉੱਚ ਪੱਧਰ ਤੇ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਇਸ ਮਾਣ ਸਤਿਕਾਰ ਨਾਲ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਦੇਸ਼ ਪਿਆਰ ਦੇ ਰਾਹ ’ਤੇ ਤੋਰ ਸਕਦੇ ਹਾਂ।

ਲਾਲਾ ਹਰਦਿਆਲ ਜੀ ਨੇ 10 ਸਤੰਬਰ, 1909 ਨੂੰ ਆਪਣੇ ਇਕ ਲੇਖ 'ਬੰਦੇ ਮਾਤਰਮ' ਵਿੱਚ ਸ਼ਹੀਦ-ਏ-ਆਜ਼ਮ ਸ੍ਰੀ ਮਦਨ ਲਾਲ ਢੀਂਗਰਾ ਨੂੰ ਸ਼ਰਧਾਂਜਲੀ ਦਿੰਦਿਆਂ ਲਿਖਿਆ ਸੀ ਕਿ “ਮਦਨ ਲਾਲ ਢੀਂਗਰਾ ਸ਼ਹੀਦੀ ਪ੍ਰਾਪਤ ਕਰਕੇ ਹਮੇਸ਼ਾ ਲਈ ਅਮਰ ਹੋ ਗਿਆ ਹੈ। ਉਸ ਨੇ ਮੁਕੱਦਮੇ ਦੇ ਹਰ ਪੜਾ ਤੇ ਅਡੋਲ ਰਹਿ ਕੇ ਇਕ ਮਹਾਨ ਨਾਇਕ ਦਾ ਰੋਲ ਅਦਾ ਕੀਤਾ ਹੈ, ਜਿਸ ਦੀ ਭਾਰਤ ਦੇ ਇਤਿਹਾਸ ਦੇ ਪੰਨਿਆਂ ਤੇ ਅਜਿਹੀ ਮਿਸਾਲ ਨਹੀਂ ਮਿਲਦੀ।

ਅੰਗਰੇਜ਼ ਸੋਚਦੇ ਸਨ ਕਿ ਉਹਨਾਂ ਨੇ ਮਦਨ ਲਾਲ ਢੀਂਗਰਾ ਨੂੰ ਸਦਾ ਲਈ ਖਤਮ ਕਰ ਦਿੱਤਾ ਹੈ, ਪਰ ਅਸਲੀਅਤ ਵਿਚ ਉਹ ਹਮੇਸ਼ਾ ਲਈ ਅਮਰ ਹੋ ਗਿਆ ਤੇ ਭਾਰਤ ਵਿੱਚੋਂ ਬਰਤਾਨਵੀ ਹਕੂਮਤ ਦੇ ਸਫਾਏ ਦਾ ਕਾਰਨ ਬਣਿਆ ਹੈ।

ਮੈਂ ਭਾਰਤ ਦੇ ਇਸ ਮਹਾਨ ਸਪੂਤ ਨੂੰ ਉਹਨਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾ ਦੇ ਫੁੱਲ ਪੇਸ਼ ਕਰਦਾ ਹਾਂ।

*****

(50)