GurmitShugli7ਤੁਹਾਨੂੰ ਜਿਸ ਉੱਤੇ ਵੱਧ ਗੁੱਸਾ ਹੈਉਹਦੀ ਜ਼ਮਾਨਤ ਜ਼ਬਤ ਕਰਾ ਦਿਓ ਤੇ ਜਿਹੜਾ ਚੰਗਾ ਲੱਗਦਾ ਹੈ ...
(20 ਜਨਵਰੀ 2017)


ਕੁਝ ਹਫ਼ਤੇ ਪਹਿਲਾਂ ਅਸੀਂ ‘ਜੁੱਤੀ ਦੇ ਜਰਨੈਲ’ ਸਿਰਲੇਖ ਤਹਿਤ ਜੁੱਤੀਆਂ
, ਵੱਟੇ, ਆਂਡੇ, ਟਮਾਟਰ ਅਤੇ ਸਿਆਹੀ ਦੇ ਛਿੱਟੇ ਮਾਰਨ ਵਾਲਿਆਂ ਦੀ ਸੁੰਗੜੀ ਸੋਚ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਇਹ ਸਭ ਕਰਨਾ ਬੁਖਲਾਹਟ ਦਾ ਨਤੀਜਾ ਹੈ, ਸਿਆਣਪ ਦਾ ਬਿਲਕੁਲ ਨਹੀਂ। ਉਦੋਂ ਸਾਡੀ ਲੇਖਣੀ ਦਾ ਕਾਰਨ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਹੁੰਦੇ ਹਮਲੇ ਤੇ ਵਿਧਾਨ ਸਭਾ ਵਿੱਚ ਚੱਲਦਾ ਛਿੱਤਰ ਪੌਲਾ ਸੀ, ਪਰ ਹੁਣ ਫਿਰ ਸਾਨੂੰ ਲਿਖਣ ਨੂੰ ਮਜਬੂਰ ਇਸ ਕਰਕੇ ਹੋਣਾ ਪੈ ਰਿਹਾ ਹੈ ਕਿਉਂਕਿ ਵੋਟਾਂ ਪੈਣ ਵਿੱਚ ਕੁਝ ਦਿਨ ਬਾਕੀ ਬਚਣ ਦੇ ਬਾਵਜੂਦ ਲੋਕਾਂ ਦੇ ਹੱਥ ਜ਼ਿਆਦਾ ਖੁੱਲ੍ਹਣ ਲੱਗੇ ਹਨ।

ਪਿਛਲੇ ਦਿਨੀਂ ਰੱਤਾ ਖੇੜਾ ਪਿੰਡ ਵਿੱਚ ਪ੍ਰਚਾਰ ਕਰਦੇ ਪੰਜਾਬ ਦੇ ਮੁੱਖ ਮੰਤਰੀ ਵੱਲ ਗੁਰਬਚਨ ਸਿੰਘ ਨਾਂਅ ਦੇ ਇੱਕ ਵਿਅਕਤੀ ਨੇ ਜੁੱਤੀ ਸੁੱਟ ਦਿੱਤੀ। ਕਹਿੰਦੇ ਨੇ ਜੁੱਤੀ ਐਨਕ ’ਤੇ ਜਾ ਵੱਜੀ। ਮੁੱਖ ਮੰਤਰੀ ਠਠੰਬਰ ਗਏ ਤੇ ਜੁੱਤੀ ਮਾਰਨ ਵਾਲਾ ਕਾਬੂ ਕਰ ਲਿਆ। ਪਤਾ ਲੱਗਾ ਕਿ ਹਮਲਾ ਕਰਨ ਵਾਲਾ ਸਰਬੱਤ ਖਾਲਸਾ ਦੇ ਇੱਕ ਜਥੇਦਾਰ ਦਾ ਭਰਾ ਹੈ। ਉਸ ਨੂੰ ਗੁੱਸਾ ਸੀ ਕਿ ਪੰਜਾਬ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਬਾਵਜੂਦ ਸਰਕਾਰ ਨੇ ਵਧੀਆ ਭੂਮਿਕਾ ਨਹੀਂ ਨਿਭਾਈ, ਦੋਸ਼ੀ ਨਹੀਂ ਫੜੇ। ਰਾਜਨੀਤੀ ਜ਼ੋਰਾਂ ’ਤੇ ਛਿੜ ਪਈ। ਕਈ ਕਹਿੰਦੇ ਸਰਕਾਰ ਦਾ ‘ਸਨਮਾਨ’ ਇਵੇਂ ਹੋਣਾ ਚਾਹੀਦਾ ਤੇ ਕਈਆਂ ਦਾ ਕਹਿਣਾ ਹੈ, ਗਿਲੇ ਸ਼ਿਕਵੇ ਹੋਣ ਦੇ ਬਾਵਜੂਦ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ।” ਪਤਾ ਲੱਗਾ ਹੈ ਕਿ ਚੋਣ ਕਮਿਸ਼ਨ ਵੀ ਇਸ ਗੱਲੋਂ ਚਿੰਤਤ ਹੈ ਕਿ ਅਕਾਲੀ ਆਗੂਆਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾਵੇ।

ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਜਲਾਲਾਬਾਦ ਵਿੱਚ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ’ਤੇ ਹਮਲਾ ਹੋਣ ਦੀਆਂ ਖ਼ਬਰਾਂ ਆਈਆਂ। ਭਾਵੇਂ ਸੁਖਬੀਰ ਸਿੰਘ ਦੀਆਂ ਮੂਹਰਲੀਆਂ ਗੱਡੀਆਂ ਨਿਕਲ ਚੁੱਕੀਆਂ ਸਨ, ਪਰ ਮਗਰਲੀਆਂ ’ਤੇ ਵੱਟੇ ਮਾਰੇ ਗਏ। ਕੁਝ ਲੋਕਾਂ ’ਤੇ ਪਰਚਾ ਦਰਜ ਕੀਤਾ ਗਿਆ ਤੇ ਇੱਕ ਨੂੰ ਫੜਨ ਦੀ ਖ਼ਬਰ ਵੀ ਆਈ। ਕਹਿੰਦੇ ਨੇ ਕੁਝ ਨੌਜਵਾਨ ਉਪ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਸਨ, ਪਰ ਉਹ ਨਾ ਮਿਲੇ ਤਾਂ ਹਮਲਾ ਕਰ ਦਿੱਤਾ ਗਿਆ।

ਇਸ ਘਟਨਾ ਤੋਂ ਪਹਿਲਾਂ ਜਗਦੀਪ ਨਕਈ ਤੇ ਸਿਕੰਦਰ ਸਿੰਘ ਮਲੂਕਾ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਾਲੇ 4 ਫਰਵਰੀ ਨੂੰ ਵੋਟਾਂ ਪੈਣੀਆਂ ਹਨ, ਉਦੋਂ ਤੱਕ ਪਤਾ ਨਹੀਂ ਹੋਰ ਕੀ-ਕੀ ਹੋਣਾ ਬਾਕੀ ਹੈ।

ਵਿਦੇਸ਼ਾਂ ਵਿੱਚ ਵਸਦੇ ਬਹੁਤ ਪੰਜਾਬੀ ਇਨ੍ਹਾਂ ਘਟਨਾਵਾਂ ’ਤੇ ਖੁਸ਼ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਕਾਲੀ ਆਗੂਆਂ ਨਾਲ ਇਵੇਂ ਹੀ ਹੋਣਾ ਚਾਹੀਦਾ, ਕਿਉਂਕਿ ਲੋਕ ਦੁਖੀ ਬਹੁਤ ਹਨ। ਇਹ ਸਭ ਕਹਿਣ ਵਾਲੇ ਸੱਜਣ ਉਸ ਥਾਂ ਬੈਠੇ ਹਨ, ਜਿੱਥੇ ਸ਼ਬਦਾਂ ਦੇ ਵਾਰ ਜਿੰਨੇ ਮਰਜ਼ੀ ਤਿੱਖੇ ਕਰ ਸਕਦੇ ਹੋ, ਪਰ ਕਿਸੇ ਦੇ ਸਰੀਰ ਨੂੰ ਉਂਗਲ ਨਹੀਂ ਲਾ ਸਕਦੇ। ਹਿੰਸਾ ਦੇ ਸਖ਼ਤ ਖ਼ਿਲਾਫ਼ ਦੇਸ਼ਾਂ ਵਿਚ ਵਸਣ ਵਾਲੇ ਲੋਕ ਜੇ ਪੰਜਾਬ ਵਿੱਚ ਲੀਡਰਾਂ ’ਤੇ ਹਮਲਿਆਂ ਨੂੰ ਵਾਜਬ ਕਰਾਰ ਦੇਣਗੇ ਤਾਂ ਇਹ ਵੀ ਘੱਟ ਦੁੱਖ ਦੀ ਗੱਲ ਨਹੀਂ।

ਅਸੀਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਸੱਤਾ ਧਿਰ ਵੱਲੋਂ ਦਸ ਸਾਲ ਦੇ ਕਾਰਜਕਾਲ ਵਿੱਚ ਬਹੁਤ ਸਾਰੇ ਕੰਮ ਨਹੀਂ ਕੀਤੇ ਗਏ। ਵਾਰ-ਵਾਰ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ’ਤੇ ਫੌਰੀ ਕਾਰਵਾਈ ਤਾਂ ਕੀ ਕਰਨੀ ਸੀ, ਵਰ੍ਹੇ ਬੀਤਣ ਮਗਰੋਂ ਵੀ ਕੁਝ ਨਹੀਂ ਹੋਇਆ। ਵਿਕਾਸ ਦੇ ਬਹੁਤ ਸਾਰੇ ਪ੍ਰੋਜੈਕਟ ਅਧੂਰੇ ਪਏ ਹਨ। ਕਦੇ ਪੰਜਾਬ ਨੂੰ ਕੈਨੇਡਾ ਤੇ ਕਦੇ ਕੈਲੇਫੋਰਨੀਆ ਬਣਾਉਣ ਦੀ ਗੱਲ ਕੀਤੀ, ਪਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਠੁੱਸ ਹੋ ਕੇ ਰਹਿ ਗਏ। ਸਰਕਾਰ ਸਿਰਫ਼ ਸੜਕਾਂ ਪੱਕੀਆਂ ਕਰਨ ਤੇ ਬਿਜਲੀ ਸਰਪਲੱਸ ਹੋਣ ਨੂੰ ਹੀ ‘ਵਿਕਾਸ’ ਦੱਸਦੀ ਰਹੀ। ਇਹ ਸਭ ਮੁੱਦੇ ਹਰ ਵਰਗ ਦੇ ਲੋਕਾਂ ਨਾਲ ਨਿੱਜੀ ਤੌਰ ’ਤੇ ਵਾਸਤਾ ਰੱਖਦੇ ਹੋਣ ਕਰਕੇ ਦੁੱਖ ਤੇ ਗੁੱਸਾ ਹੋਣਾ ਕੁਦਰਤੀ ਹੈ, ਪਰ ਵਿਰੋਧ ਕਰਨ ਦਾ ਵੀ ਤਾਂ ਸਲੀਕਾ ਹੋਣਾ ਚਾਹੀਦਾ ਹੈ। ਦਸ ਸਾਲ ਲੰਘ ਗਏ, ਉਦੋਂ ਅਸੀਂ ਲੀਡਰਾਂ ਨੂੰ ਕਦੇ ਕੋਈ ਸਵਾਲ ਨਹੀਂ ਕੀਤਾ ਤੇ ਹੁਣ ਜਦੋਂ ਵੋਟਾਂ ਵਿਚ ਪੂਰਾ ਮਹੀਨਾ ਵੀ ਨਹੀਂ ਬਚਿਆ ਤਾਂ ਹਿੰਸਾ ਦੇ ਰਾਹ ਤੁਰਨ ਲੱਗੇ ਹਾਂ।

ਇਹ ਰਾਹ ਚੁਣਨ ਨਾਲ ਨੁਕਸਾਨ ਕਿਸਦਾ ਹੈ, ਜ਼ਰਾ ਸੋਚੋ। ਹੱਲਾਸ਼ੇਰੀ ਦੇਣ ਵਾਲਿਆਂ ਵਿੱਚੋਂ ਕੋਈ ਅਜਿਹਾ ਨਹੀਂ, ਜਿਹੜਾ ਕਹੇ ਤੁਹਾਡੀ ਥਾਂ ਪਰਚਾ ਮੈਂ ਆਪਣੇ ਸਿਰ ਪੁਆ ਲੈਂਦਾ ਹਾਂ, ਤੁਹਾਡੀ ਸਜ਼ਾ ਮੈਂ ਕੱਟ ਲੈਂਦਾ ਹਾਂ। ਜਿਸਦੇ ਸਿਰ ਮੁਸ਼ਕਲ ਪਈ ਹੁੰਦੀ ਹੈ, ਨਿਪਟਣਾ ਉਸੇ ਨੂੰ ਪੈਂਦਾ ਹੈ। ਸੋਸ਼ਲ ਮੀਡੀਆ ’ਤੇ ਬੱਲੇ-ਬੱਲੇ ਕਹਿਣ ਵਾਲਿਆਂ ਵਿੱਚੋਂ ਕੋਈ ਅਜਿਹਾ ਨਹੀਂ, ਜਿਹੜਾ ਇਹ ਕਹੇ ਕਿ ਤੁਹਾਡੇ ਪਰਵਾਰ ਲਈ, ਤੁਹਾਡੇ ਵਕੀਲ ਦੇ ਖ਼ਰਚੇ ਲਈ ਮੈਂ ਖੜ੍ਹਾ ਹਾਂ। ਲੋੜ ਵੇਲੇ ਸਭ ਨੇ ਮੂੰਹ ਫੇਰ ਲੈਣਾ ਹੁੰਦਾ ਹੈ।

ਸਾਡੀ ਬੇਨਤੀ ਹੈ ਕਿ ਗੁੱਸਾ ਪਾਲ ਕੇ ਰੱਖੋ। 4 ਫਰਵਰੀ ਤੱਕ ਗੁੱਸੇ ਨੂੰ ਸਾਂਭ ਲਵੋ। ਹੋਰ ਕਿਸੇ ਦੀ ਨਹੀਂ ਤਾਂ ਚੋਣ ਕਮਿਸ਼ਨ ਤੇ ਕੇਜਰੀਵਾਲ ਦੀ ਹੀ ਮੰਨ ਲਵੋ, ਦੋਵੇਂ 4 ਤਰੀਕ ਨੂੰ ਵੋਟਿੰਗ ਮਸ਼ੀਨਾਂ ਦਾ ਬਟਨ ਦੱਬ-ਦੱਬ ਕੇ ਗੁੱਸਾ ਕੱਢਣ ਲਈ ਆਖ ਰਹੇ ਹਨ। ਤੁਹਾਨੂੰ ਜਿਸ ਉੱਤੇ ਵੱਧ ਗੁੱਸਾ ਹੈ, ਉਹਦੀ ਜ਼ਮਾਨਤ ਜ਼ਬਤ ਕਰਾ ਦਿਓ ਤੇ ਜਿਹੜਾ ਚੰਗਾ ਲੱਗਦਾ ਹੈ, ਉਹਨੂੰ ਪਾਰ ਲਾ ਦਿਓ। ਜਦੋਂ ਰਾਜੇ ਨੂੰ ਰੰਕ ਤੇ ਰੰਕ ਨੂੰ ਰਾਜਾ ਬਣਾਉਣ ਵਾਲਾ ਬਟਨ ਤੁਹਾਡੇ ਹੱਥ ਹੈ ਤਾਂ ਹੱਥਾਂ ’ਚ ਡਲੇ (ਵੱਟੇ) ਤੇ ਜੁੱਤੀਆਂ ਫੜਨ ਦੀ ਕੀ ਜ਼ਰੂਰਤ ਹੈ।

ਨੇਤਾ ਆਮ ਲੋਕਾਂ ਵੱਲੋਂ ਚੁਣੇ ਜਾਂਦੇ ਹਨ ਤੇ ਇਹ ਸਾਡੀਆਂ ਆਪਣੀਆਂ ਗ਼ਲਤੀਆਂ ਹਨ ਕਿ ਅਸੀਂ ਸਹੀ ਲੋਕਾਂ ਦੀ ਚੋਣ ਨਹੀਂ ਕਰ ਸਕੇ। ਆਪਣੇ ਵੱਲ ਵੀ ਝਾਤ ਮਾਰਨੀ ਚਾਹੀਦੀ ਹੈ ਕਿ ਅਸੀਂ ਕਿੰਨੇ ਜ਼ਿੰਮੇਵਾਰ ਹਾਂ, ਕਿੰਨੇ ਇਮਾਨਦਾਰ ਹਾਂ? ਕੀ ਅਸੀਂ ਕਦੇ ਵਿਕੇ ਨਹੀਂ? ਕੀ ਸਾਨੂੰ ਕੋਈ ਲਾਲਚ ਨਹੀਂ ਪ੍ਰਭਾਵਤ ਕਰ ਸਕਿਆ?

ਲੋਹਾ ਪੂਰੀ ਤਰ੍ਹਾਂ ਗਰਮ ਹੈ। ਇਸ ਲੋਹੇ ’ਤੇ ਸੱਟ ਤੁਸੀਂ 4 ਫਰਵਰੀ ਨੂੰ ਮਾਰਨ ਦਾ ਹੱਕ ਰੱਖਦੇ ਹੋ। ਠੰਢੇ ਲੋਹੇ ’ਤੇ ਸੱਟਾਂ ਮਾਰਨੀਆਂ ਬੰਦ ਕਰੋ ਤੇ ਖੁਦ ਨੂੰ ਇਸ ਕਦਰ ਮਜ਼ਬੂਤ ਕਰੋ ਕਿ 4 ਤਰੀਕ ਨੇੜੇ ਆਉਂਦੀ ਦੇਖ ਉਮੀਦਵਾਰ ਡਰਨ, ਨਾ ਕਿ ਤੁਸੀਂ।

*****

(567)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸ਼ੁਗਲੀ

ਐਡਵੋਕੇਟ ਗੁਰਮੀਤ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author