JarnailBasota7ਉਹ ਮਨੁੱਖਤਾ ਨੂੰ ਪਿਆਰ ਕਰਦੇ ਸਨ, ਇਹੀ ਕਾਰਨ ਹੈ ਕਿ ਹਿੰਦੂਸਿੱਖਮੁਸਲਮਾਨ ਸਮੇਤ ਹਰ ਭਾਈਚਾਰੇ ਵਿੱਚ ਉਹ ਹਰਮਨ ਪਿਆਰੇ ਸਨ ...
(10 ਜਨਵਰੀ2017)


 ਡਾਕਟਰ ਵਿਜੈ ਕੁਮਾਰ ਥਾਪਰ

VKThapar3

1 ਮਾਰਚ 1940    -    15 ਦਸੰਬਰ 2016


ਮਾਨਵਤਾ ਦੀ ਸੇਵਾ, 
ਆਪਣੇ ਪੇਸ਼ੇ ਪ੍ਰਤੀ ਵਚਨਬੱਧਤਾ ਅਤੇ ਨਿਆਸਰਿਆਂ ਨੂੰ ਆਸਰਾ ਦੇਣਾ, ਇਨ੍ਹਾਂ ਸਭ ਮਾਨਵੀ ਗੁਣਾਂ ਦਾ ਮੁਜੱਸਮਾ ਸਨ ਡਾ. ਵਿਜੈ ਕੁਮਾਰ ਥਾਪਰ। ਉਹ ਆਪਣੇ ਮਿਲਾਪੜੇ ਸੁਭਾਅ ਕਾਰਣ ਲੋਕਾਂ ਵਿਚ ਝੱਟ ਰਚਮਿਚ ਜਾਂਦੇ ਸਨ।ਬਿਨਾਂ ਕਿਸੇ ਭੇਦਭਾਵ ਤੋਂ ਹਰ ਇਕ ਦੀ ਤਨੋਂ ਮਨੋਂ ਸੇਵਾ ਕਰਨਾ ਸ਼ਾਇਦ ਡਾ. ਵਿਜੈ ਥਾਪਰ ਦੇ ਸੁਭਾਅ ਵਿਚ ਰਚਿਆ ਹੋਇਆ ਸੀ। ਡਾਕਟਰੀ ਦਵਾਈ ਦੇ ਨਾਲ ਨਾਲ ਲੋਕਾਂ ਨਾਲ ਗੱਲਾਂਬਾਤਾਂ ਕਰਕੇ ਚੜ੍ਹਦੀ ਕਲਾ ਵਿਚ ਰੱਖਣਾ ਡਾ. ਥਾਪਰ ਦਾ ਮੁੱਖ ਗੁਣ ਸੀ। ਇਸੇ ਗੁਣ ਕਾਰਨ ਬਹੁਤ ਸਾਰੇ ਮਰੀਜ਼ ਕਿਸੇ ਹੋਰ ਡਾਕਟਰ ਕੋਲ ਜਾਣ ਦੀ ਬਜਾਏ ਕਲੀਨਿਕ ਵਿਚ ਘੰਟਿਆਂ ਬੱਧੀ ਆਪਣੀ ਵਾਰੀ ਦੀ ਉਡੀਕ ਕਰਦੇ ਰਹਿੰਦੇਇਹੀ ਕਾਰਨ ਹੈ ਕਿ ਸਸਕਾਰ ਦੇ ਮੌਕੇ ਡਾ. ਵਿਜੈ ਥਾਪਰ ਦੇ ਚਾਹਵਾਨਾਂ ਦੀ ਬੇਸ਼ੁਮਾਰ ਭੀੜ ਸੀ

ਪੰਜਾਬ ਦੇ ਮੋਗੇ ਸ਼ਹਿਰ ਵਿਚ ਪਹਿਲੀ ਮਾਰਚ 1940 ਨੂੰ ਜਨਮੇ ਡਾ. ਥਾਪਰ ਪੰਜ ਭਰਾ ਸਨ, ਜਿਨ੍ਹਾਂ ਵਿੱਚੋਂ ਦੋ ਇਨ੍ਹਾਂ ਤੋਂ ਵੱਡੇ ਅਤੇ ਦੋ ਛੋਟੇ ਹਨ। ਉਨ੍ਹਾਂ ਮੋਗੇ ਦੇ ਆਰੀਆ ਹਾਈ ਸਕੂਲ ਤੋਂ ਸਕੂਲੀ ਵਿੱਦਿਆ ਹਾਸਲ ਕਰਨ ਉਪਰੰਤ ਦਿੱਲੀ ਵਿਚ ਡਾਕਟਰੀ ਦੀ ਪੜ੍ਹਾਈ ਕੀਤੀ। 1965 ਵਿਚ ਗਰੈਜੂਏਟ ਹੋਏ। ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ ਪਿਤਾ ਡਾ. ਸ਼ਾਮ ਲਾਲ ਥਾਪਰ ਦੇ ਘਰ ਜਨਮੇ ਵਿਜੈ ਥਾਪਰ ਨੂੰ ਸੇਵਾ ਭਾਵਨਾ ਦੀ ਗੁੜ੍ਹਤੀ ਪ੍ਰੀਵਾਰ ਵਿੱਚੋਂ ਹੀ ਮਿਲੀ।

1973 ਵਿਚ ਪ੍ਰਤਿਭਾ ਜੀਵਨ ਸਾਥਣ ਬਣੀ। ਲੰਡਨ ਵਿਚ ਰਹਿਣ ਵਾਲੀ ਪ੍ਰਤਿਭਾ ਥਾਪਰ ਦਾ ਪਿਛੋਕੜ ਆਗਰੇ ਤੋਂ ਹੈ। ਕੈਨੇਡਾ ਵਿਚ ਸਭ ਤੋਂ ਪਹਿਲਾਂ ਡਾ. ਥਾਪਰ ਹੈਲੀਫੈਕਸ ਰਹੇ। ਇਸ ਉਪਰੰਤ ਉਹ ਅਲਬਰਟਾ-ਸਸਕੈਚਵਨ ਦੇ ਬਾਰਡਰ ਤੇ ਸਥਿਤ ਸ਼ਹਿਰ ਲੌਇਡਮਿਨਸਟਰ ਰਹੇ। 1980 ਵਿੱਚ ਉਹ ਐਡਮਿੰਟਨ ਆ ਵਸੇ। ਉਨ੍ਹਾਂ ਦੀਆਂ ਤਿੰਨ ਬੇਟੀਆਂ ਹਨ ਅਤੇ ਤਿੰਨੇ ਹੀ ਡਾਕਟਰ ਹਨਵੱਡੀ ਬੇਟੀ ਮਾਲਾ ਬਨਾਡਾ, ਡਾ. ਤਾਨੀਆ ਥਾਪਰ ਅਤੇ ਸਭ ਤੋਂ ਛੋਟੀ ਨਤਾਸ਼ਾ ਥਾਪਰ ਹੈ। ਡਾ. ਵਿਜੈ ਥਾਪਰ ਦੀਆਂ ਦੋ ਦੋਹਤੀਆਂ ਹਨ; ਸਵਾਨੀਆ ਬਨਾਡਾ ਤੇ ਇਸ਼ਿਕਾ ਬਨਾਡਾ

ਜ਼ਿਕਰਯੋਗ ਗੱਲ ਇਹ ਹੈ ਕਿ ਡਾ. ਥਾਪਰ ਆਪਣੇ ਪੇਸ਼ੇ ਪ੍ਰਤੀ ਇੰਨੇ ਵਚਨਬੱਧ ਸਨ ਕਿ ਮੌਤ ਆਉਣ ਤੋਂ ਕੁਝ ਦਿਨ ਪਹਿਲਾਂ ਤੱਕ ਉਹ ਆਪਣੇ ਕਲੀਨਿਕ ਵਿਚ ਆ ਕੇ ਮਰੀਜ਼ਾਂ ਨੂੰ ਵੇਖਦੇ ਰਹੇ। ਉਹ ਮਨੁੱਖਤਾ ਨੂੰ ਪਿਆਰ ਕਰਦੇ ਸਨ, ਇਹੀ ਕਾਰਨ ਹੈ ਕਿ ਹਿੰਦੂ, ਸਿੱਖ, ਮੁਸਲਮਾਨ ਸਮੇਤ ਹਰ ਭਾਈਚਾਰੇ ਵਿੱਚ ਉਹ ਹਰਮਨ ਪਿਆਰੇ ਸਨ। ਉਨ੍ਹਾਂ ਦੀ ਖਾਸੀਅਤ ਇਹ ਵੀ ਸੀ ਕਿ ਸਮੇਂ ਦੇ ਬਦਲਦੇ ਰੰਗਾਂ ਨਾਲ ਉਨ੍ਹਾਂ ਨੇ ਆਪਣੀਆਂ ਵਫ਼ਾਦਾਰੀਆਂ ਬਰਕਰਾਰ ਰੱਖੀਆਂ। ਜਿਹੜੇ ਉਨ੍ਹਾਂ ਦੇ ਮੁੱਢਲੇ ਸੰਘਰਸ਼ਮਈ ਦਿਨਾਂ ਦੇ ਦੋਸਤ ਸਨ, ਉਹ ਦੋਸਤੀ ਉਨ੍ਹਾਂ ਨੇ ਆਖਰੀ ਸਮੇਂ ਤੱਕ ਸਿਦਕ ਨਾਲ ਨਿਭਾਈ।

ਨਵੇਂ ਪ੍ਰਵਾਸੀਆਂ ਦੀ ਉਨ੍ਹਾਂ ਨੇ ਹਰ ਪੱਖੋਂ ਮਦਦ ਕੀਤੀ ਅਤੇ ਲੋਕਾਂ ਨੂੰ ਹਮੇਸ਼ਾ ਸਹੀ ਅਤੇ ਚੰਗੀ ਸਲਾਹ ਦਿੰਦੇ ਸਨ। ਇਹੀ ਕਾਰਨ ਹੈ ਕਿ ਇਨ੍ਹਾਂ ਦੇ ਕਲੀਨਿਕ ਵਿਚ ਹਰ ਵੇਲੇ ਮੇਲਾ ਲੱਗਾ ਰਹਿੰਦਾ ਸੀ। ਕਈ ਤਾਂ ਸਵੇਰੇ ਤੋਂ ਆਉਂਦੇ ਤੇ ਸ਼ਾਮ ਤੱਕ ਉਨ੍ਹਾਂ ਦੀ ਵਾਰੀ ਆਉਂਦੀ। ਇਸ ਵੇਲੇ ਇਨ੍ਹਾਂ ਕੋਲ ਕਲੀਨਿਕ ਵਿਚ 12 ਹਜ਼ਾਰ ਮਰੀਜ਼ਾਂ ਦੀਆਂ ਫ਼ਾਈਲਾਂ ਹਨ। ਲਗਭਗ ਪੰਜ ਕੁ ਦਿਨ ਹਸਪਤਾਲ ਵਿਚ ਜ਼ੇਰੇ ਇਲਾਜ ਰਹਿਣ ਮਗਰੋਂ ਡਾ. ਵਿਜੈ ਥਾਪਰ ਨੇ 15 ਦਸੰਬਰ ਨੂੰ ਆਖਰੀ ਸਾਹ ਸ਼ਾਮੀਂ 5 ਵਜੇ ਲਿਆ। ਉਸ ਸ਼ਾਮ ਸ਼ਾਮੀਂ ਸੱਤ ਵਜੇ ਜਦੋਂ ਮੈਂ ਰੇਡੀਓ ਸਾਊਥ ਏਸ਼ੀਆ ’ਤੇ ਇਨ੍ਹਾਂ ਦੀ ਮੌਤ ਦੀ ਖ਼ਬਰ ਨਸ਼ਰ ਕੀਤੀ ਤਾਂ ਕਾਫੀ ਦੇਰ ਲੋਕਾਂ ਨੂੰ ਸੱਚ ਹੀ ਨਹੀਂ ਆਇਆ। ਇਸੇ ਲਈ ਵਾਰ-ਵਾਰ ਸਟੂਡੀਓ ਵਿਚ ਅਤੇ ਮੇਰੇ ਨਿਜੀ ਫ਼ੋਨ ’ਤੇ ਫ਼ੋਨ ਕਰਕੇ ਲੋਕੀ ਪੁੱਛਦੇ ਰਹੇ ਕਿ ਕੀ ਡਾ. ਥਾਪਰ ਦੀ ਮੌਤ ਦੀ ਖ਼ਬਰ ਸੱਚ ਹੈ?

ਡਾ. ਥਾਪਰ ਦੀ ਮੌਤ ਦੀ ਖ਼ਬਰ ਨਾਲ ਸਮੁੱਚਾ ਮਾਹੌਲ ਗਮਗੀਨ ਹੋ ਗਿਆ। ਜ਼ਿਕਰਯੋਗ ਗੱਲ ਇਹ ਵੀ ਹੈ ਕਿ ਜਿਨ੍ਹਾਂ ਲੋਕਾਂ ਦੇ ਉਸ ਦਿਨ ਮੈਨੂੰ ਫ਼ੋਨ ਆਏ ਉਨ੍ਹਾਂ ਵਿਚ ਨਾ ਕੇਵਲ ਬਜ਼ੁਰਗ ਹੀ ਸ਼ਾਮਲ ਸਨ ਬਲਕਿ ਬੱਚੇ, ਮਰਦ ਅਤੇ ਔਰਤਾਂ ਵੀ, ਜੋ ਹਰ ਭਾਈਚਾਰੇ ਨਾਲ ਸਬੰਧਤ ਸਨ। ਹਰ ਇਕ ਇਹੀ ਪੁੱਛਦਾ ਕਿ ਇਕ ਵਾਰ ਫੇਰ ਪਤਾ ਕਰ ਕੇ ਦੱਸਣਾ ਕਿ ਖ਼ਬਰ ਸੱਚੀ ਹੈ? ਕਾਸ਼ ਇਹ ਖ਼ਬਰ ਝੂਠੀ ਹੁੰਦੀ!

**

ਕੁਝ ਸ਼ਬਦ ਮੇਰੇ ਵੱਲੋਂ ਵੀ --- ਅਵਤਾਰ ਗਿੱਲ

ਇਹ ਗੱਲ ਅਠਾਰਾਂ ਕੁ ਵਰ੍ਹੇ ਪਹਿਲਾਂ ਦੀ ਹੈਮੈਂ ਸਿਹਤ ਦੀ ਇਕ ਅਜਿਹੀ ਸਮੱਸਿਆ ਵਿਚ ਅਜਿਹਾ ਘਿਰ ਗਿਆ ਕਿ ਦਰਦ ਨਿਵਾਰਨ ਦਵਾਈਆਂ (Pain killers) ਨਾਲ ਡੰਗ ਟਪਾਉਣ ਤੋਂ ਬਿਨਾਂ ਕੋਈ ਰਾਹ ਨਾ ਰਹਿ ਗਿਆ। ਕੁਝ ਮਹੀਨੇ ਬਿਸਤਰੇ ਉੱਤੇ ਕੱਢਣ ਉਪਰੰਤ ਅੱਖਾਂ ਅੱਗੇ ਹਨੇਰਾ ਪਸਰਨਾ ਸ਼ੁਰੂ ਹੋ ਗਿਆ। ਮੇਰਾ ਡਾਕਟਰ ਹੋਰ ਸਖ਼ਤ ਦਵਾਈਆਂ ਦੇਣ ਲੱਗ ਪਿਆ। ਦਿਨ ਤਾਂ ਕਿਸੇ ਤਰ੍ਹਾਂ ਔਖਿਆਂ ਸੌਖਿਆਂ ਲੰਘ ਜਾਂਦਾ ਪਰ ਰਾਤਾਂ ਲੰਮੀਆਂ ਅਤੇ ਹਨੇਰੀਆਂ ਹੋਣ ਲੱਗ ਪਈਆਂ। ਮਿੱਤਰ-ਦੋਸਤ ਮਿਲਣ ਆਉਂਦੇ, ਫੋਨ ਕਰਕੇ ਖਬਰਸਾਰ ਲੈਂਦੇ ਪਰ ...

ਇਨ੍ਹਾਂ ਹੀ ਰਾਤਾਂ ਵਰਗੇ ਹਨੇਰੇ ਦਿਨਾਂ ਵਿਚ ਇਕ ਮਿੱਤਰ ਨੇ ਸਲਾਹ ਦਿੱਤੀ, “ਤੂੰ ਡਾਕਟਰ ਥਾਪਰ ਨਾਲ ਗੱਲ ਕਰਕੇ ਦੇਖ ... ਸ਼ਾਇਦ ਉਹ ਕੋਈ ਮਦਦ ਕਰ ਸਕੇ।” ਤੇ ਉਸ ਮਿੱਤਰ ਨੇ ਮੈਨੂੰ ਡਾਕਟਰ ਥਾਪਰ ਦਾ ਟੈਲੀਫੋਨ ਨੰਬਰ ਦੇ ਦਿੱਤਾ।

ਜਦੋਂ ਮੈਂ ਡਾਕਟਰ ਥਾਪਰ ਨੂੰ ਫੋਨ ਕੀਤਾ, ਉਦੋਂ ਉਹ ਘਰ ਹੀ ਸੀ। ‘ਹੁਣੇ ਆ ਜਾ ...” ਡਾਕਟਰ ਥਾਪਰ ਦਾ ਜਵਾਬ ਸੀ।

ਮੈਂ ਡਾਕਟਰ ਪਾਸੋਂ ਉਸਦੇ ਘਰ ਦਾ ਐਡਰੈੱਸ ਲੈ ਕੇ ਉਸਦੇ ਘਰ ਪਹੁੰਚ ਗਿਆ। ਅੱਧੇ ਪੌਣੇ ਘੰਟੇ ਦੀ ਗੱਲਬਾਤ ਪਿੱਛੋਂ ਡਾਕਟਰ ਥਾਪਰ ਬੋਲਿਆ, “ਸਮੱਸਿਆ ਕਾਫੀ ਉਲਝੀ ਹੋਈ ਲਗਦੀ ਹੈ ... ਇਸ ਤਰ੍ਹਾਂ ਕਰ ਕਿ ਐਤਵਾਰ ਸਵੇਰੇ ਦਸ ਵਜੇ ਕਲੀਨਿਕ ਵਿਚ ਆ ਜਾ। ਐਤਵਾਰ ਨੂੰ ਕਲੀਨਿਕ ਮਰੀਜ਼ਾਂ ਵਾਸਤੇ ਬੰਦ ਹੁੰਦੀ ਹੈ, ਮੈਂ ਆਪਣਾ ਪੇਪਰ ਵਰਕ ਹੀ ਕਰਨਾ ਹੁੰਦਾ ਹੈ। ... ਰਾਹ ਆਪਾਂ ਜਰੂਰ ਕੱਢਾਂਗੇ ...”

ਅੰਨ੍ਹਾਂ ਕੀ ਭਾਲ਼ੇ - ਦੋ ਅੱਖਾਂ। ਉਸ ਦਿਨ ਵੀਰਵਾਰ, ਜਾਂ ਸ਼ਾਇਦ ਸ਼ੁੱਕਰਵਾਰ ਸੀ, ਮੈਂ ਐਤਵਾਰ ਸਵੇਰੇ 10 ਵਜੇ ਕਲੀਨਿਕ ਪਹੁੰਚ ਗਿਆ। ਕੁਝ ਕੁ ਮਿੰਟਾਂ ਬਾਅਦ ਡਾ. ਥਾਪਰ ਆ ਗਏ। ਬੈਠਦਿਆਂ ਹੀ ਉਨ੍ਹਾਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ... ਤਕਰੀਬਨ ਡੇਢ-ਦੋ ਘੰਟੇ ਬਾਅਦ ਡਾ. ਥਾਪਰ ਨੇ ਗੱਲ ਮੁਕਾਈ, “ਕੱਲ੍ਹ ਨੂੰ ਇੱਥੇ ਕਲੀਨਿਕ ਵਿਚ ਆ ਜਾਵੀਂ। ਅਪੁਆਇੰਟਮੈਂਟ ਦੀ ਕੋਈ ਲੋੜ ਨਹੀਂ। ਤੇਰੇ ਡਾਕਟਰ ਪਾਸੋਂ ਫਾਇਲ ਮੰਗਵਾ ਕੇ ਟਰੀਮੈਂਟ ਸ਼ੁਰੂ ਕਰਾਂਗੇ ... ਸਭ ਠੀਕ ਹੋ ਜਾਣਾ ...”

ਜਦੋਂ ਵੀ ਮਿਲਣਾ ਡਾ. ਥਾਪਰ ਨੇ ਇਹੀ ਆਖਣਾ ‘ਸਭ ਠੀਕ ਹੋ ਜਾਣਾ।’ ਟਰੀਟਮੈਂਟ ਦੇ ਨਾਲ ਨਾਲ ਇਹ ਬੋਲ ਹੀ ਹੀ ਸਨ ਜਿਹੜੇ ਮੇਰੀਆਂ ਹਨੇਰੀਆਂ ਰਾਤਾਂ ਨੂੰ ਸਵੇਰਿਆਂ ਵਿਚ ਬਦਲਣ ਸਹਾਈ ਹੋਏ। ਜੇ ਇਹ ਕਹਿ ਲਿਆ ਜਾਵੇ ਕਿ ਡਾਕਟਰ ਥਾਪਰ ਆਪ ਸਦਾ ਚੜ੍ਹਦੀ ਕਲਾ ਵਿਚ ਰਹਿੰਦਾ ਸੀ ਤੇ ਇਹ ‘ਚੜ੍ਹਦੀ ਕਲਾ’ ਦਾ ਗੂੜ੍ਹਾ ਰੰਗ ਉਸ ਦੇ ਸੰਪਰਕ ਵਿਚ ਆਉਣ ਵਾਲੇ ਮਰੀਜ਼ਾਂ, ਸੰਗੀਆਂ-ਸਾਥੀਆਂ ਅਤੇ ਸਹਿਯੋਗੀਆਂ ਉੱਤੇ ਵੀ ਧੁਦ-ਬਖੁਦ ਚੜ੍ਹ ਜਾਂਦਾ ਸੀ, ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ‘ਨਿਰਾਸ਼ਾ’ ਸ਼ਬਦ ਹੀ ਡਾਕਟਰ ਥਾਪਰ ਦੇ ਸ਼ਬਦਕੋਸ਼ ਵਿੱਚੋਂ ਗਾਇਬ ਸੀ।

ਡਾਕਟਰ ਥਾਪਰ ਜਦੋਂ ਵੀ ਅਤੇ ਜਿੱਥੇ ਵੀ ਮਿਲਦੇ, ਹਲਕੀ ਜਿਹੀ ਮੁਸਕਰਾਹਟ ਉਨ੍ਹਾਂ ਦੇ ਚਿਹਰੇ ’ਤੇ ਸਦਾ ਝਲਕਦੀ ਰਹਿੰਦੀ।

ਸਸਕਾਰ ਤੋਂ ਬਾਅਦ ਜਦੋਂ ਬਾਹਰ ਆਏ ਮੇਰਾ ਇਕ ਦੋਸਤ ਦੱਸਣ ਲੱਗਾ, “... ਬਹੁਤ ਵਰ੍ਹੇ ਪਹਿਲਾਂ ਦੀ ਗੱਲ ਹੈ, ਸਾਡੇ ਘਰ ਮਹਿਫਿਲ ਜੁੜੀ ਹੋਈ ਸੀ। ਡਾਕਟਰ ਥਾਪਰ ਵੀ ਵਿੱਚੇ ਹੀ ਸੀਡਾਕਟਰ ਦੀ ਜੇਬ ਵਿਚਲਾ ਫੋਨ ਖੜਕ ਪਿਆ। ਕਿਸੇ ਦੇ ਪੁੱਤਰ ਦੇ ਖੇਡਦਿਆਂ ਖੇਡਦਿਆਂ ਸੱਟ ਲੱਗ ਗਈ ਸੀ ਤੇ ਖੂਨ ਨਹੀਂ ਸੀ ਬੰਦ ਹੋ ਰਿਹਾ। ਜੇ ਡਾਕਟਰ ਉਸ ਨੂੰ ਆਪਣੇ ਪੁੱਤਰ ਨੂੰ ਹਸਪਤਾਲ ਲੈ ਜਾਣ ਲਈ ਆਖ ਦਿੰਦਾ ਤਾਂ ਉੱਥੇ ਕਈ ਘੰਟੇ ਵਾਰੀ ਲਈ ਉਡੀਕ ਕਰਨੀ ਪੈਣੀ ਸੀ, ਪਰ ਡਾਕਟਰ ਨੇ ਉਸ ਨੂੰ ਕਲੀਨਿਕ ਵਿਚ ਸੱਦ ਲਿਆ ਤੇ ਮੈਨੂੰ ਕਾਰ ਡਰਾਈਵ ਕਰਨ ਲਈ ਆਖ ਦਿੱਤਾ। ਡਾਕਟਰ ਨੇ ਉਸ ਮੁੰਡੇ ਦੇ ਟਾਂਕੇ ਲਾਏ ... ਤੇ ਅਸੀਂ ਮੁੜ ਮਹਿਫਿਲ ਵਿਚ ਆ ਬੈਠੇ ...”

ਇਹੋ ਜਿਹਾ ਸੀ ਡਾਕਟਰ ਥਾਪਰ।

ਅਲਵਿਦਾ ਡਾਕਟਰ ਥਾਪਰ ... ਅਲਵਿਦਾ!

*****

(558)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਰਨੈਲ ਬਸੋਤਾ

ਜਰਨੈਲ ਬਸੋਤਾ

Edmonton, Alberta, Canada.
Editor: Lok Awaaz.
Phone: ((780 667 1786)
Email: (editor.lokawaaz)