GurmitShugli7ਜੇ ਅਸੀਂ ਸਮਾਜ ਲਈਦੇਸ਼ ਲਈ ਕੁਝ ਚੰਗਾ ਕੀਤਾ ਹੈ ਤਾਂ ਸਾਡੀ ਜ਼ਮੀਰ ਸਾਨੂੰ ਸ਼ਾਬਾਸ਼ ਦੇ ਰਹੀ ਹੋਵੇਗੀ ਤੇ ਜੇ ਅਸੀਂ ...
(1 ਜਨਵਰੀ 2017)


ਨਵੇਂ ਵਰ੍ਹੇ ਦਾ ਸੂਰਜ ਚੜ੍ਹ ਗਿਆ ਹੈ
31 ਦਸੰਬਰ ਦੀ ਰਾਤ ਨੂੰ ਸਰਦੇ-ਪੁੱਜਦੇ ਲੋਕਾਂ ਨੇ ਕਲੱਬਾਂ ਵਿੱਚ ਨਾਚ ਗਾਣਾ ਕੀਤਾ ਤੇ ਸਾਡੇ ਵਰਗਿਆਂ ਨੇ ਸਭ ਦੀ ਸੁੱਖ ਮੰਗੀ। ਸਭ ਨੇ ਨਵੇਂ ਵਰ੍ਹੇ ਨੂੰ ਆਪਣੇ ਤਰੀਕੇ ਨਾਲ ਜੀ ਆਇਆਂ ਆਖਿਆ। ਪਹਿਲੀ ਗੱਲ, ਪਹਿਲੇ ਕਦਮ ਦਾ ਸਭ ਨੂੰ ਚਾਅ ਹੁੰਦਾ ਹੈ, ਫਿਰ ਅੱਜ ਪਹਿਲੀ ਤਰੀਕ ਦੀ ਖੁਸ਼ੀ ਕਿਉਂ ਨਾ ਮਨਾਈ ਜਾਵੇ। ਧਾਰਮਿਕ ਥਾਂਵਾਂ ’ਤੇ ਸਵੇਰ ਤੋਂ ਪਾਠ-ਪੂਜਾ ਚੱਲ ਰਹੇ ਹਨ। ਲੰਘੇ ਵਰ੍ਹੇ ਜੋ ਮਾੜਾ ਹੋਇਆ, ਉਹ ਮੁੜ ਕਦੇ ਨਾ ਹੋਵੇ ਤੇ ਜੋ ਚੰਗਾ ਹੋਇਆ, ਉਹ ਵਾਰ-ਵਾਰ ਹੋਵੇ, ਇਸ ਦੀ ਕਾਮਨਾ ਕੀਤੀ ਜਾ ਰਹੀ ਹੈ।

ਮੇਰਾ ਇੱਕ ਸੱਜਣ ਤਿੰਨ ਦਿਨ ਪਹਿਲਾਂ ਕਹਿੰਦਾ, ਐਤਕੀਂ ਮੈਨੂੰ ਐਨੀ ਉਡੀਕ ਨਵੇਂ ਵਰ੍ਹੇ ਦੀ ਨਹੀਂ, ਜਿੰਨੀ ਚੋਣ ਜ਼ਾਬਤੇ ਦੀ ਹੈ।” ਉਹਦੀ ਇਹ ਉਡੀਕ ਬੜਾ ਕੁਝ ਦੱਸਦੀ ਹੈ। ਐਨੀ ਉਡੀਕ ਪਹਿਲਾਂ ਤਾਂ ਕਦੇ ਨਹੀਂ ਸੀ ਦੇਖੀ-ਸੁਣੀ। ਇਸ ਵਰ੍ਹੇ ਵਿੱਚ ਵੋਟਾਂ ਪੈਣੀਆਂ ਹਨ। ਸਿਆਸੀ ਲੋਕਾਂ ਨੇ ਪਿਛਲੇ ਵਰ੍ਹੇ ਦੇ ਆਖ਼ਰੀ ਤਿੰਨ ਮਹੀਨਿਆਂ ਵਿੱਚ ਭਲਵਾਨੀ ਗੇੜੇ ਕੱਢਣੇ ਸ਼ੁਰੂ ਕੀਤੇ ਹਨ। ਕੌਣ ਸਫ਼ਲ ਹੋਵੇਗਾ, ਕੌਣ ਨਹੀਂ, ਸਾਡਾ ਵਿਸ਼ਾ ਇਹ ਨਹੀਂ।

ਨਵੇਂ ਵਰ੍ਹੇ ਨੂੰ ਅਸੀਂ ਸਿਰਫ਼ ਕੈਲੰਡਰ ਬਦਲੀ ਦੇ ਰੂਪ ਵਿੱਚ ਮਨਾਉਣਾ ਹੈ ਜਾਂ ਫਿਰ ਕੋਈ ਸੰਕਲਪ ਵੀ ਲੈਣਾ ਹੈ, ਇਹ ਸਾਡੀ ਮਰਜ਼ੀ ’ਤੇ ਨਿਰਭਰ ਹੈ। ਅਸੀਂ ਲੰਘੇ ਵਰ੍ਹਿਆਂ ਵਿੱਚ ਖੁਦ ਕਿੱਥੇ ਖੜੇ ਸਾਂ ਤੇ ਹੁਣ ਕਿੱਥੇ ਹਾਂ, ਇਹਦੀ ਪੜਚੋਲ ਸਾਡੇ ਬਿਨਾਂ ਕੋਈ ਹੋਰ ਨਹੀਂ ਕਰ ਸਕਦਾ। ਜੇ ਅਸੀਂ ਸਮਾਜ ਲਈ, ਦੇਸ਼ ਲਈ ਕੁਝ ਚੰਗਾ ਕੀਤਾ ਹੈ ਤਾਂ ਸਾਡੀ ਜ਼ਮੀਰ ਸਾਨੂੰ ਸ਼ਾਬਾਸ਼ ਦੇ ਰਹੀ ਹੋਵੇਗੀ ਤੇ ਜੇ ਅਸੀਂ ਆਪਣੇ ਲਈ, ਪਰਵਾਰ ਲਈ ਜਿਊਣ ਬਿਨਾਂ ਕੁਝ ਨਹੀਂ ਕੀਤਾ, ਤਾਂ ਜ਼ਮੀਰ ਹਲੂਣਦੀ ਹੋਵੇਗੀ।

ਨਵਾਂ ਵਰ੍ਹਾ 2017 ਸਭ ਲਈ ਖੁਸ਼ੀਆਂ ਦਾ ਪ੍ਰਤੀਕ ਹੋਵੇ, ਸਾਡੀ ਦਿਲੀ ਇੱਛਾ ਹੈ, ਪਰ ਇੱਕ ਸਰਸਰੀ ਝਾਤ ਪਿਛਾਂਹ ਵੱਲ ਮਾਰਨ ਨੂੰ ਮਨ ਕਰਦਾ ਹੈ। ਦਿੱਲੀ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਕੀ ਨਹੀਂ ਹੋਇਆ। ਦਿੱਲੀਓਂ ਸਿਰਫ਼ ਲਿਫ਼ਾਫ਼ੇਬਾਜ਼ੀ ਵਾਲੇ ਬਿਆਨ ਪੜ੍ਹਨ ਨੂੰ ਮਿਲੇ। ਬੱਚੇ ਵਧਾਉਣ, ਗਾਂ ਨੂੰ ਮਾਂ ਬਣਾਉਣ, ਘੱਟ ਗਿਣਤੀਆਂ ’ਤੇ ਹਮਲੇ, ਜੁਮਲੇਬਾਜ਼ੀਆਂ, ਪਾਕਿਸਤਾਨ ਨਾਲ ਸ਼ਾਬਦਿਕ ਜੰਗ, ਅੱਤਵਾਦ ਦਾ ਕਹਿਰ, ਸਭ ਕੁਝ ਲੰਘੇ ਵਰ੍ਹੇ ਉਵੇਂ ਰਿਹਾ, ਜਿਵੇਂ ਪਹਿਲਾਂ ਹੁੰਦਾ ਸੀ। ਲੋਕਾਂ ਨੇ ਬਿਆਨ ਪੜ੍ਹੇ ਤੇ ਦੁਖੀ ਹੁੰਦੇ ਰਹੇ। ਇੱਕ ਖ਼ਬਰ ਜਦੋਂ ਸਿਰੇ ’ਤੇ ਪਹੁੰਚ ਜਾਂਦੀ ਤਾਂ ਕੋਈ ਨਵੀਂ ਛੁਰਲੀ ਸਾਹਮਣੇ ਆ ਜਾਂਦੀ, ਜੋ ਪਹਿਲੀ ਨੂੰ ਦਬਾ ਲੈਂਦੀ ਤੇ ਲੋਕਾਂ ਦਾ ਧਿਆਨ ਹੋਰ ਪਾਸੇ ਤੁਰ ਪੈਂਦਾ। ਅੱਤਵਾਦ ਦਾ ਕਹਿਰ ਲੰਘੇ ਵਰ੍ਹੇ ਨਹੀਂ ਰੁਕਿਆ। ਕਦੇ ਉੜੀ ਹਮਲਾ, ਕਦੇ ਸਰਜੀਕਲ ਸਟਰਾਈਕ, ਕਦੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਬੇਘਰ ਕਰਨਾ, ਲੋਕਾਂ ਲਈ ਕਿੰਨੇ ਦੁੱਖ ਦੀਆਂ ਖ਼ਬਰਾਂ ਸਨ ਇਹ । ਭਾਰਤ-ਪਾਕਿਸਤਾਨ ਦੀ ਤਣਾਤਣੀ ਸਭ ਨੂੰ ਫ਼ਿਕਰਾਂ ਵੱਚ ਡੋਬਦੀ ਰਹੀ ਤੇ ਅਸੀਂ ਮੌਜੂਦਾ ਸਰਕਾਰ ਨੂੰ ਪਹਿਲੀਆਂ ਦਾ ਨਵਾਂ ਰੂਪ ਸਮਝਦੇ ਰਹੇ।

ਪੰਜਾਬ ਦੇ ਆਪਣੇ ਰੌਲੇ ਰਹੇ, ਜੋ ਕਦੇ ਮੁੱਕਣ ਦੀ ਆਸ ਨਹੀਂ। ਕਿਸਾਨੀ ਖੁਦਕੁਸ਼ੀਆਂ, ਧਾਰਮਿਕ ਭਾਵਨਾਵਾਂ ਨਾਲ ਛੇੜਛਾੜ, ‘ਆਪ’ ਦੇ ਗਰਾਫ਼ ਨੂੰ ਵੱਜਦੀ ਸੱਟ, ਗੁੰਡਿਆਂ-ਬਦਮਾਸ਼ਾਂ ਦੀ ਦਹਿਸ਼ਤ, ਮਸ਼ਹੂਰ ਹਸਤੀਆਂ ਦੇ ਕਤਲ, ਨਾਭਾ ਜੇਲ੍ਹ ਕਾਂਡ, ਕਾਂਗਰਸ ਵਿੱਚ ਭੱਜ-ਟੁੱਟ, ਸਿੱਧੂ ਜੋੜੇ ਦੀਆਂ ਚਲਾਕੀਆਂ, ਐੱਸ ਵਾਈ ਐੱਲ ਦਾ ਮਾਮਲਾ, ਗੱਲ ਕੀ ਹਰ ਖ਼ਬਰ ਅੰਦਰ ਨੂੰ ਲੂੰਹਦੀ ਰਹੀ। ਆਖ਼ਰੀ ਛੇ ਮਹੀਨੇ ਕਿਉਂਕਿ ਫਰਵਰੀ ਚੋਣਾਂ ਦਾ ਮੁੱਢ ਸਨ, ਇਸ ਲਈ ਹਰ ਰੋਜ਼ ਕੁਝ ਨਾ ਕੁਝ ਵਾਪਰਿਆ। ਪੰਜਾਬ ਪ੍ਰਤੀ ਆਪਣੀ ਫ਼ਿਕਰਮੰਦੀ ਦਰਸਾਉਣ ਵਾਲਿਆਂ ਦੀ ਗਿਣਤੀ ਵਿੱਚ ਇਕਦਮ ਵਾਧਾ ਹੋਇਆ। ਵੱਡੇ ਬਾਦਲ ਵੱਲੋਂ ਉਮਰ ਵਧਾਉਣ ਲਈ ਇੱਕ ਚੋਣ ਹੋਰ ਜਿਤਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਗਈ। ਤੇ ਕੈਪਟਨ ਨੇ ਵੀ ਇਹੀ ਵਾਸਤਾ ਪਾਇਆ। ਕਿੰਨੇ ਕੁਝ ਦੀ ਭਰਮਾਰ ਰਹੀ ਲੰਘੇ ਵਰ੍ਹੇਇਹ ਵਰ੍ਹਾ, ਜਿਹੜਾ ਹਾਲੇ ਕੁਝ ਘੰਟੇ ਪੁਰਾਣਾ ਹੋਇਆ ਹੈ, ਵਿੱਚ ਵੀ ਉਹੀ ਕੁਝ ਚੱਲੇਗਾ, ਆਸ ਹੈ। ਖਾਸ ਕਰ ਪਹਿਲੇ ਤਿੰਨ ਮਹੀਨੇ ਤਾਂ ਕਹਿਰ ਢਾਹੁੰਦੇ ਬਿਆਨਾਂ ਦੀ ਵਾਛੜ ਹੋਵੇਗੀ। ਜਿੱਤਣ ਵਾਲਿਆਂ ਅਤੇ ਹਾਰਨ ਵਾਲਿਆਂ ਦੀ ਕਹਿਣੀ ਵਿੱਚ ਮੁਕਾਬਲਾ ਚੱਲੇਗਾ।

ਪਰ ਇਸ ਸਭ ਦਰਮਿਆਨ ਆਮ ਲੋਕਾਂ ਨੂੰ ਕੀ ਹਾਸਲ ਹੋਵੇਗਾ, ਹਾਲੇ ਕੋਈ ਨਹੀਂ ਜਾਣਦਾ। ਇਹ ਸਾਲ ਚੁਣੌਤੀਆਂ ਤੋਂ ਖਹਿੜਾ ਛੁਡਾ ਦੇਵੇ, ਇਹਦੀ ਸਿਰਫ਼ ਕਾਮਨਾ ਹੀ ਕਰ ਸਕਦੇ ਹਾਂ, ਪਰ ਇਕੱਲੀ ਕਾਮਨਾ ਤਾਂ ਕੁਝ ਨਹੀਂ ਸੰਵਾਰ ਸਕਦੀ। ਲੀਡਰ ਵੀ ਉਹੀ ਹਨ, ਮਸਲੇ ਵੀ ਉਹੀ ਤੇ ਅਸੀਂ ਵੀ ਉਹੀ। ਅਸੀਂ ਆਪਣੀ ਸੋਚ ਬਦਲਾਂਗੇ ਤਾਂ ਹੀ ਤਬਦੀਲੀ ਆਵੇਗੀ। ਜੇ ਨਵੇਂ ਵਰ੍ਹੇ ਅਸੀਂ ਆਪਣੇ ਅੰਦਰਲੀ ਇੱਕ ਬੁਰਾਈ ਵੀ ਖ਼ਤਮ ਕਰ ਲਈਏ ਅਤੇ ਇੱਕ ਕੰਮ ਲੋਕਾਂ ਲਈ ਕਰਨਾ ਸ਼ੁਰੂ ਕਰ ਦੇਈਏ ਤਾਂ ਨਵਾਂ ਵਰ੍ਹਾ ਸਾਡੇ ਲਈ ਚੰਗਾ ਹੋ ਸਕਦਾ ਹੈ। ਅਸੀਂ ਸਰਕਾਰਾਂ ਬਦਲਣ ਦੇ ਨਾਲ-ਨਾਲ ਆਪਣੀ ਸੋਚ ਵੀ ਤਾਂ ਬਦਲੀਏ। ਆਲੇ-ਦੁਆਲੇ ਗੰਦਗੀ ਦੇ ਢੇਰ ਜਮ੍ਹਾਂ ਨਾ ਹੋਣ ਦੇਈਏ, ਸਹੀ ਨੂੰ ਸਹੀ ਕਹਿਣ ਦਾ ਜਜ਼ਬਾ ਪਾਲੀਏ, ਕਿਰਤ ਦੀ ਲੁੱਟ ਖ਼ਿਲਾਫ਼ ਡਟੀਏ, ਖੁਦ ਨੂੰ ਜਵਾਬਦੇਹ ਬਣਾਈਏ, ਨਸ਼ਿਆਂ ਖ਼ਿਲਾਫ਼ ਲੜੀਏ, ਗ਼ਰੀਬਾਂ ਨੂੰ ਉੱਪਰ ਚੁੱਕਣ ਲਈ ਯਤਨਸ਼ੀਲ ਰਹੀਏ, ਤਾਂ ਹਰ ਦਿਨ ਨਵਾਂ ਸਾਲ ਹੋਵੇਗਾ। ਜਦੋਂ ਅਸੀਂ ਆਖਦੇ ਹਾਂ ਕਿ ਫ਼ਲਾਣੇ ਨੂੰ ਆਹ ਨਹੀਂ ਆਹ ਕੰਮ ਕਰਨਾ ਚਾਹੀਦਾ ਹੈ, ਉਹ ਗ਼ਲਤ ਹੈ, ਤਾਂ ਨਵੇਂ ਵਰ੍ਹੇ ਵਿੱਚ ਖੁਦ ਵੱਲ ਵੀ ਝਾਤ ਮਾਰੀਏ ਕਿ ਅਸੀਂ ਖੁਦ ਕਿੰਨੇ ਕੁ ਸਹੀ ਹਾਂ।

ਸਾਡਾ ਇਹ ਪੰਜਾਬ ਜੋ ਕਦੇ ਖੁਸ਼ਹਾਲੀ ਦਾ ਪ੍ਰਤੀਕ ਸੀ, ਅੱਜ ਵੀ ਇਸ ਦੀ ਖੁਸ਼ਹਾਲੀ ਬਚਾਉਣ ਲਈ ਕੁਝ ਤਾਂ ਕਰਨਾ ਹੀ ਪਵੇਗਾ, ਜੇ ਨਹੀਂ ਕਰਦੇ ਤਾਂ ਪੁਰਾਣਾ ਕੀ ਤੇ ਨਵਾਂ ਕੀ, ਸਭ ਇੱਕੋ ਜਿਹਾ ਹੀ ਹੋਵੇਗਾ।

**

‘ਨਵਾਂ ਜ਼ਮਾਨਾ’ ਦੇ ‘ਮਸ਼ੀਨਰੀ ਫੰਡ’ ਸਬੰਧੀ

ਨਵੇਂ ਵਰ੍ਹੇ ਵਿੱਚ ‘ਨਵਾਂ ਜ਼ਮਾਨਾ’ ਦੇ ਪਾਠਕਾਂ ਅਤੇ ਸੱਜਣ-ਸਨੇਹੀਆਂ ਨੇ ‘ਨਵਾਂ ਜ਼ਮਾਨਾ’ ਨੂੰ ਨਵੀਂ ਮਸ਼ੀਨਰੀ ਦਾ ਹਾਣੀ ਕਰ ਦਿੱਤਾ, ਇਸ ਦੇ ਧੰਨਵਾਦ ਲਈ ਸ਼ਬਦ ਬੌਣੇ ਪੈ ਜਾਂਦੇ ਹਨ। ਅਖ਼ਬਾਰ ਪਹਿਲਾਂ ਵੀ ਤੁਹਾਡੀ ਸੀ, ਤੇ ਅੱਜ ਵੀ ਤੁਹਾਡੀ ਹੀ ਹੈ, ਪਰ ਸਾਡੀ ਜ਼ਿੰਮੇਵਾਰੀ ਵਿਚ ਵਾਧਾ ਹੋ ਗਿਆ ਹੈ। ਜਦੋਂ ਨਵੀਂ ਮਸ਼ੀਨਰੀ ਲੈਣ ਲਈ ਫੰਡ ਇਕੱਠਾ ਕਰਨ ਦੀ ਗੱਲ ਤੁਰੀ ਤਾਂ ਮਨ ਵਿਚ ਕੁਝ ਸਵਾਲ ਸਨ, ਪਰ ਸਭ ਸਵਾਲਾਂ ਦਾ ਨਿਤਾਰਾ ਪਾਠਕਾਂ ਨੇ ਕਰ ਦਿੱਤਾ। ਸਹੀ ਪੱਤਰਕਾਰਤਾ ਦੇ ਅਸਲ ਸਨਮਾਨ ਬਾਰੇ ਤੁਹਾਡੇ ਕੋਲੋਂ ਜਾਣਿਆ। ਫਾਊਂਡੇਸ਼ਨ ਨੂੰ ਆਸ ਨਹੀਂ ਸੀ ਕਿ ਪੰਜਾਹ ਲੱਖ ਤੋਂ ਉੱਪਰ ਦੀ ਰਕਮ ਸਾਥੀਆਂ ਵੱਲੋਂ ਭੇਟ ਕੀਤੀ ਜਾਵੇਗੀ, ਪਰ ਉਹ ਰਕਮ ਤੁਹਾਡੇ ਸਹਿਯੋਗ ਨਾਲ ਆਈ ਤੇ ਹੁਣ ‘ਨਵਾਂ ਜ਼ਮਾਨਾ’ ਨਵੀਂ ਮਸ਼ੀਨਰੀ ਦਾ ਸਾਥੀ ਹੈ। ਇਹ ਸਭ ਲਿਖਦਿਆਂ ਭਾਵੁਕ ਵੀ ਹਾਂ ਤੇ ਸਭ ਦਾ ਧੰਨਵਾਦੀ ਵੀ। ਗੱਲ ਬੱਸ ਇੱਥੇ ਖ਼ਤਮ ਕਰਨ ਲੱਗਾ ਹਾਂ ਕਿ ਤੁਹਾਡੀਆਂ ਆਸਾਂ ’ਤੇ ਸਾਡੀ ਸਾਰੀ ਟੀਮ ਪਹਿਲਾਂ ਵਾਂਗ ਹੀ ਖਰੀ ਉੱਤਰਦੀ ਰਹੇਗੀ।

*****

(548)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸ਼ੁਗਲੀ

ਐਡਵੋਕੇਟ ਗੁਰਮੀਤ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author