DeepakManmohanS7ਸਾਨੂੰ ਸਭ ਨੂੰ ਵੀ ਤਾਂ ਆਪਣੇ ਆਪਣੇ ਪੱਧਰ ’ਤੇ ਆਪਣੇ ਸੁਭਾਅ ਵਿਚ ਐਨੀ ਕੁ ਬੇਬਾਕੀ ਲੈ ਕੇ ਆਉਣੀ ਚਾਹੀਦੀ ਹੈ ਕਿ ...
(26 ਦਸੰਬਰ 2016)


ਕਿਤਾਬਾਂ ਅਤੇ ਕਿਤਾਬਾਂ ਲਿਖਣ ਵਾਲੇ ਲੇਖਕਾਂ ਨੂੰ ਸਲਾਮ! ਵਧੀਆ ਕਿਤਾਬਾਂ ਲਿਖਣ ਵਾਲੇ ਵਧੀਆ ਲੇਖਕਾਂ ਨੂੰ ਦੂਹਰੀ ਸਲਾਮ
!! ਪੜ੍ਹਨ ਲਿਖਣ ਵਾਲਿਆਂ ਨੂੰ ਕੋਈ ਕਿਤਾਬ ਜਾਂ ਲੇਖ ਛਪਣ ਛਪਵਾਉਣ ਦਾ ਬਹੁਤ ਚਾਅ ਹੁੰਦਾ ਹੈ। ਇਸੇ ਕਾਰਨ ਹੀ ਕਿਤਾਬਾਂ ਜਨਮ ਲੈਂਦੀਆਂ ਹਨ। ਕਿਸੇ ਨੇ ਕਿਹਾ ਹੈ ਕਿ ਜੇ ਕਿਤਾਬਾਂ ਉੱਪਰ ਲੇਖਕਾਂ ਦੇ ਨਾਮ ਲਿਖਣੇ ਬੰਦ ਹੋ ਜਾਣ ਤਾਂ ਕੋਈ ਕਿਤਾਬਾਂ ਦੀ ਰਚਨਾ ਨਹੀਂ ਕਰੇਗਾ। ਇਹ ਗੱਲ ਬਿਲਕੁਲ ਸਹੀ ਜਾਪਦੀ ਹੈ। ਗੁੰਮਨਾਮ ਰਹਿ ਕੇ ਕੋਈ ਕਿਉਂ ਲਿਖੇਗਾ? ਮਨੁੱਖ ਆਪਣਾ ਗਿਆਨ ਦੂਸਰਿਆਂ ਨਾਲ ਤਦ ਹੀ ਸਾਂਝਾ ਕਰੇਗਾ ਜੇ ਸਾਹਮਣੇ ਵਾਲਾ ਉਸ ਦੇ ਗਿਆਨਵਾਨ ਹੋਣ ਨੂੰ ਪ੍ਰਵਾਨਗੀ ਦੇਵੇਗਾ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਹੋਰਨਾਂ ਜ਼ਰੂਰੀ ਕਾਰਨਾਂ ਵਿੱਚੋਂ ਇੱਕ ਸਭ ਤੋਂ ਜ਼ਰੂਰੀ ਕਾਰਨ ਪਹਿਚਾਣ ਦੀ ਭੁੱਖਹੀ ਹੈ ਜੋ ਕਿਤਾਬਾਂ ਲਿਖਣ ਵਾਲਿਆਂ ਦੇ ਅਚੇਤ ਜਾਂ ਸੁਚੇਤ ਮਨ ਵਿਚ ਪਿਆ ਹੁੰਦਾ ਹੈ। ਕਿਤਾਬਾਂ ਵੀ ਬੜੀ ਕਿਸਮ ਦੀਆਂ ਹੁੰਦੀਆਂ ਹਨ। ਇਕ ਕਿਤਾਬਾਂ ਉਹ ਹੁੰਦੀਆਂ ਹਨ ਜਿਹੜੀਆਂ ਪਾਠਕਾਂ ਦਾ ਅਸਲ ਅਰਥਾਂ ਵਿਚ ਮਾਰਗ ਦਰਸ਼ਨ ਕਰਦੀਆਂ ਹਨ, ਨਿੱਗਰ ਸੁਨੇਹਾ ਦਿੰਦੀਆਂ ਹਨ। ਮਨੁੱਖ ਦੀ ਸੋਚ ਨੂੰ ਚਾਰ ਚੰਨ ਲਾਉਂਦੀਆਂ ਹਨ ਅਤੇ ਕੁੱਝ ਨਾ ਕੁੱਝ ਮਹਾਨ ਕਰਨ ਲਈ ਪ੍ਰੇਰਦੀਆਂ ਹਨ। ਮੈਨੂੰ ਯਾਦ ਹੈ ਅੱਜ ਤੋਂ ਸੱਠ ਕੁ ਸਾਲ ਪਹਿਲਾਂ ਰੂਸੀ ਪੰਜਾਬੀ ਪ੍ਰਕਾਸ਼ਨਾਵਾਂ ਤਹਿਤ ਰਸੂਲ ਹਮਜ਼ਾਤੋਵ ਦਾ ਮੇਰਾ ਦਾਗਿਸਤਾਨ’ ਪੰਜ ਰੁਪਏ ਵਿਚ ਮਿਲਦਾ ਸੀ। ਉਸ ਤੋਂ ਬਾਅਦ ਲਾਲਾ ਹਰਦਿਆਲ ਦੀ ਅੰਗਰੇਜ਼ੀ ਪੁਸਤਕ ਹਿੰਟਸ ਫਾਰ ਸੈਲਫ ਕਲਚਰਬਾਰਾਂ ਰੁਪਏ ਵਿਚ ਮਿਲਦੀ ਸੀ। ਇਨ੍ਹਾਂ ਪੁਸਤਕਾਂ ਨੇ ਵਿਸ਼ੇਸ਼ ਕਰ ਕੇ ਪੇਂਡੂ ਪਾਠਕਾਂ ਦਾ ਅਜਿਹਾ ਮਾਰਗ ਦਰਸ਼ਨ ਕੀਤਾ ਕਿ ਜਿਸ ਨੇ ਵੀ ਇਨ੍ਹਾਂ ਪੁਸਤਕਾਂ ਦਾ ਪਾਠ ਕੀਤਾ ਉਹ ਆਪਣੇ ਸਮੇਂ ਦਾ ਸਿਆਣਾ, ਸੂਝਵਾਨ ਅਤੇ ਕਲਾਕਾਰੀ ਦੇ ਰੰਗ ਵਿਚ ਰੰਗਿਆ ਹੋਇਆ ਵਿਅਕਤੀ ਸਾਬਿਤ ਹੋਇਆ। ਇਨ੍ਹਾਂ ਪੁਸਤਕਾਂ ਦੇ ਪਾਠਕਾਂ ਨੂੰ ਹੋਰ ਚੰਗਾ ਪੜ੍ਹਨ ਲਈ ਚੇਟਕ ਲੱਗ ਗਈ ਤੇ ਉਹ ਵੱਖ-ਵੱਖ ਖੇਤਰਾਂ ਵਿਚ ਛਪਦੀਆਂ ਵਧੀਆ ਕਿਤਾਬਾਂ ਦੀ ਤਲਾਸ਼ ਵਿਚ ਰੁੱਝ ਗਏ ਅਤੇ ਉਨ੍ਹਾਂ ਪੁਸਤਕਾਂ ਦਾ ਅਧਿਐਨ ਕਰਦਿਆਂ ਆਪਣੀ ਸੋਚ ਨੂੰ ਰੌਸ਼ਨ ਕੀਤਾ।

ਦੂਸਰੇ ਪਾਸੇ ਇਕ ਕਿਤਾਬਾਂ ਉਹ ਹੁੰਦੀਆਂ ਹਨ ਜਿਨ੍ਹਾਂ ਨੂੰ ਪੜ੍ਹਦਿਆਂ ਜ਼ਿੰਦਗੀ ਦਾ ਬੇੜਾ ਗਰਕ ਹੋ ਜਾਂਦਾ ਹੈ। ਜਿਨ੍ਹਾਂ ਵਿਚ ਲਿਖੇ ਬੇਹੂਦਾ ਕਿਸਮ ਦੇ ਵੇਰਵਿਆਂ ਅਤੇ ਜਾਣਕਾਰੀਆਂ ਨੂੰ ਪੜ੍ਹਨਾ ਹੀ ਆਪਣੇ ਆਪ ਵਿਚ ਇਕ ਚੁਣੌਤੀ ਭਰਿਆ ਕਾਰਜ ਹੁੰਦਾ ਹੈ। ਅਜਿਹੇ ਬੇਤੁਕੇ ਅਫਸਾਨੇ ਤੁਹਾਡੇ ਚੰਗੇ ਭਲੇ ਸ਼ਾਂਤ ਚਿੱਤ ਨੂੰ ਅਨੋਖੀ ਜਿਹੀ ਅਸਹਿਜਤਾ ਨਾਲ ਭਰ ਦਿੰਦੇ ਹਨ। ਜੇ ਤੁਸੀਂ ਅੱਖਰਾਂ ਦੀ ਦੁਨੀਆਂ ਦੇ ਥੋੜ੍ਹੇ ਬਹੁਤੇ ਵੀ ਜਾਣੂ ਹੋ ਤਾਂ ਇਹ ਖਿਆਲ ਮਨ ਵਿਚ ਵਾਰ ਵਾਰ ਵੱਜਦਾ ਹੈ ਕਿ ਆਖਿਰ ਇਸ ਭਾਈ ਸਾਹਿਬ ਦੀ ਐਡੀ ਕਿਹੜੀ ਮਜਬੂਰੀ ਸੀ ਸਫੇ ਕਾਲ਼ੇ ਕਰਨ ਦੀ? ਦੁੱਖ ਵਾਲੀ ਗੱਲ ਤਾਂ ਇਹ ਹੈ ਕਿ ਅਜਿਹੇ ਸੱਜਣ ਅੱਖਰਾਂ ਦੀ ਦੁਨੀਆਂ ਵਿਚਲੀ ਕਲਾਤਮਿਕਤਾ, ਸ਼ਿਲਪਕਾਰੀ, ਸੱਜਰਾਪਣ, ਮੌਲਿਕਤਾ, ਸੰਜਮਤਾ, ਦਾਰਸ਼ਨਿਕਤਾ, ਸਹਿਜਤਾ, ਭਾਸ਼ਾ ਦਾ ਸੋਹਜ ਜਾਂ ਗੱਲ ਕਹਿਣ ਦੇ ਨਿਵੇਕਲੇ ਅੰਦਾਜ਼ ਨੂੰ ਆਪਣੇ ਨੇੜੇ ਤੇੜਿਉਂ ਵੀ ਨਹੀਂ ਲੰਘਣ ਦਿੰਦੇ। ਇਹ ਸੱਜਣ ਬੱਸ ਇਹ ਵਹਿਮ ਪਾਲ਼ ਲੈਂਦੇ ਹਨ ਕਿ ਜ਼ਿਹਨ ਵੱਲੋਂ ਸਿਣਕਿਆ ਹਰ ਕਿਸਮ ਦਾ ਗੁੱਭ ਗੁਭਾਟ ਉੱਤਮ ਕਿਸਮ ਦਾ ਸਾਹਿਤ ਬਣ ਜਾਂਦਾ ਹੈ। ਇਹਨਾਂ ਸੱਜਣਾਂ ਨੂੰ ਇਸ ਗੱਲ ਦਾ ਭੋਰਾ ਇਲਮ ਨਹੀਂ ਜਾਪਦਾ ਕਿ ਚੰਗੇ ਸਾਹਿਤ ਦਾ ਇਕ ਵਾਕ ਲਿਖਣ ਲਈ ਵੀ ਮਨ ਨੂੰ ਐਨ ਸਾਧਣਾ ਪੈਂਦਾ ਹੈ। ਹਰ ਗੱਲ ਸੁਹਜ ਸੰਜਮ ਵਿਚ ਬੜੇ ਕਲਾਤਮਿਕ ਤਰੀਕੇ ਨਾਲ ਕਰਨੀ ਹੁੰਦੀ ਹੈ। ਹਰ ਯਾਦ ਜਾਂ ਨਿੱਜ ਨਾਲ ਵਾਪਰੀ ਹਰ ਘਟਨਾ ਨੂੰ ਕਹਾਣੀ ਦੀ ਰੰਗਤ ਨਹੀਂ ਦਿੱਤੀ ਜਾ ਸਕਦੀ। ਹਰੇਕ ਬਰੀਕ ਭਾਵ ਕਵਿਤਾ ਨਹੀਂ ਹੋ ਸਕਦਾ, ਭਾਵੇਂ ਕਿ ਉਹ ਨਿਰੋਲ ਮੌਲਿਕ ਹੋਵੇ। ਘਟਨਾਵਾਂ ਦਾ ਅਘੜ ਦੁਘੜ ਇਕੱਠਾ ਕਰ ਕੇ ਤਿੰਨ ਚਾਰ ਸੌ ਪੰਨੇ ਭਰ ਦੇਣ ਨਾਲ ਨਾਵਲ ਨਹੀਂ ਬਣ ਜਾਂਦਾ। ਕਹਾਣੀ ਨੂੰ ਸਿਰਫ ਸੰਵਾਦ ਦੀ ਵਿਧੀ ਰਾਹੀਂ ਬਿਆਨ ਦੇਣ ਨਾਲ ਉਹ ਨਾਟਕ ਨਹੀਂ ਬਣ ਜਾਂਦੀ। ਕਹਿਣ ਤੋਂ ਭਾਵ ਇਹ ਹੈ ਕਿ ਹਰ ਵਿਧਾ ਦਾ ਆਪਣਾ ਇਕ ਨਿਯਮ ਸ਼ਾਸਤਰ ਹੁੰਦਾ ਹੈ ਜੋ ਹਰ ਮਨੁੱਖ ਦੁਆਰਾ ਨਹੀਂ ਸਮਝਿਆ ਜਾ ਸਕਦਾ। ਬੜੇ ਅਣਦਿਸਦੇ ਨਿਯਮ ਹਨ ਜਿਨ੍ਹਾਂ ਨੂੰ ਵਿਰਲੇ ਹੀ ਵੇਖ ਸਕਦੇ ਹਨ। ਇਹੀ ਵਿਰਲੇ ਅਸਲ ਸਾਹਿਤਕਾਰ ਹੁੰਦੇ ਹਨ ਜਿਹੜੇ ਉਸ ਅਣਦਿਸਦੇ ਨੂੰ ਵੇਖ ਕੇ ਅਣਕਹੇ ਨੂੰ ਕਹਿ ਜਾਂਦੇ ਹਨ। ਕਦਰ ਉਸੇ ਦੀ ਪੈਂਦੀ ਹੈ ਜਿਸ ਨੂੰ ਕੁਚੱਜੀ ਗੱਲ ਦੱਸਣ ਦਾ ਵੀ ਸੁਚੱਜਾ ਵੱਲ ਹੋਵੇ। ਇਹ ਵੀ ਨਹੀਂ ਕਿ ਇਨ੍ਹਾਂ ਸਾਰੇ ਸੱਜਣਾਂ ਨੂੰ ਆਪਣੀ ਇਸ ਅਸਮਰਥਾ ਦਾ ਅੰਦਾਜ਼ਾ ਨਹੀਂ ਹੁੰਦਾ। ਬਹੁਤੇ ਤਾਂ ਸਭ ਕੁੱਝ ਜਾਣਦੇ ਹੋਏ ਵੀ ਮਚਲੇ ਜਿਹੇ ਬਣ ਕੇ ਆਪਣਾ ਉੱਲੂ ਸਿੱਧਾ ਕਰੀ ਰੱਖਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਹ ਕਿਸ ਖਾਸ ਉਦੇਸ਼’ ਲਈ ਵਰਕੇ ਕਾਲੇ ਕਰ ਰਹੇ ਹਨ। ਆਪਣੇ ਉਸ ਖਾਸ ਉਦੇਸ਼’ ਦੀ ਪ੍ਰਾਪਤੀ ਲਈ ਉਹ ਇਹ ਖਾਸ ਕਿਸਮ ਦੀ ਮਿਹਨਤਕਰਦੇ ਰਹਿੰਦੇ ਹਨ। ਅਜਿਹੇ ਅਖੌਤੀ ਅਦੀਬ ਆਪਣੇ ਖਾਸ ਮਕਸਦਾਂ’ ਨੂੰ ਤਾਂ ਪ੍ਰਾਪਤ ਕਰ ਲੈਂਦੇ ਹਨ ਪਰ ਇਨ੍ਹਾਂ ਵੱਲੋਂ ਲਿਖੇ ਕੀਮਤੀ ਅਤੇ ਦੁਰਲੱਭ ਅਫਸਾਨੇਲਾਇਬ੍ਰੇਰੀਆਂ ਵਿਚ ਥਾਂ ਮੱਲ ਕੇ ਬੜੇ ਲੋਕਾਂ ਨੂੰ ਅੱਖਰਾਂ ਦੀ ਦੁਨੀਆਂ ਤੋਂ ਨਕਸ਼ਨ ਪਾ ਦਿੰਦੇ ਹਨ। ਇਹਨਾਂ ਅਫਸਾਨਿਆਂ ਦੀ ਤਾਕਤ ਦਾ ਜਾਦੂ ਕਹਿੰਦੇ ਕਹਾਉਂਦਿਆਂ ਦੀਆਂ ਪੁੜਪੁੜੀਆਂ ਦੁਖਣ ਲਾ ਸਕਦਾ ਹੈ।

ਅਜਿਹੀਆਂ ਫਜ਼ੂਲ ਕਿਸਮ ਦੀਆਂ ਕਿਤਾਬਾਂ ਲਿਖ ਕੇ ਕਿਤਾਬਾਂ ਦੀ ਗਿਣਤੀ ਵਧਾਉਣ ਵਾਲਿਆਂ ਦੀ ਗਿਣਤੀ ਦਿਨੋ ਦਿਨ ਵਧਦੀ ਹੀ ਜਾ ਰਹੀ ਹੈ। ਇਸ ਤਰ੍ਹਾਂ ਦੀਆਂ ਕਿਤਾਬਾਂ ਦੀ ਉਪਜ ਸਾਡੇ ਵਿੱਦਿਅਕ ਢਾਂਚੇ ਨੂੰ ਬੜੀ ਤੇਜੀ ਨਾਲ ਦੂਸ਼ਿਤ ਕਰ ਰਹੀ ਹੈ। ਇਨ੍ਹਾਂ ਕਿਤਾਬਾਂ ਦਾ ਸੰਬੰਧ ਵੱਕਾਰੀ ਅਹੁਦਿਆਂ ਨੂੰ ਹਥਿਆਉਣ ਜਾਂ ਫੋਕੀ ਤੇ ਹੋਛੀ ਵਾਹ ਵਾਹ ਬਟੋਰਨ ਵਰਗੇ ਕਾਰਨਾਂ ਨਾਲ ਜਾ ਜੁੜਦਾ ਹੈ। ਇਨ੍ਹਾਂ ਕਿਤਾਬਾਂ ਦੇ ਛਪਣ ਦਾ ਵਣਜ ਵਪਾਰ ਵੀ ਪੀ-ਐੱਚ.ਡੀ. ਦੀਆਂ ਡਿਗਰੀਆਂ ਵਾਲੇ ਥੀਸਿਸ ਲਿਖਵਾਉਣ ਦੇ ਨਾਲ ਨਾਲ ਹੀ ਚਲਦਾ ਹੈ। ਅਜਿਹੀ ਕਿਸਮ ਦੇ ਇਹਨਾਂ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦੀ ਕਿਤਾਬ ਵਿਚ ਐਨਾ ਦਮ ਖਮ ਤਾਂ ਹੈ ਨਹੀਂ ਕਿ ਹੱਥੋ ਹੱਥ ਵਿਕ ਜਾਵੇਗੀ। ਇਸ ਲਈ ਇਹ ਕਿਤਾਬ ਨੂੰ ਇਕ ਪ੍ਰਾਜੈਕਟ ਵਾਂਗ ਲੈਂਦੇ ਹਨ ਜਿਸ ਤਹਿਤ ਕਿਤਾਬ ਨੂੰ ਤਿਆਰ ਕਰਨ ਤੋਂ ਰਿਲੀਜ਼ ਕਰਨ ਤਕ ਅਤੇ ਫਿਰ ਜਾਣ ਬੁੱਝ ਕੇ ਪਹਿਲੇ ਐਡੀਸ਼ਨਾਂ ਦੇ ਖਤਮ ਹੋ ਜਾਣ ਦਾ ਪ੍ਰਚਾਰ ਕਰਨ ਤਕ ਆਦਿ ਕੰਮ ਬੜੀ ਤਨਦੇਹੀ ਨਾਲ ਕਰਦੇ ਹਨ। ਪ੍ਰਤੀ ਕਿਤਾਬ ਲੱਖ ਰੁਪਏ ਤੋਂ ਵੱਧ ਖਰਚਾ ਹੋ ਜਾਂਦਾ ਹੈ। ਪਹਿਲਾਂ ਕਿਤਾਬ ਲਿਖਣ ਲਿਖਵਾਉਣ ਲਈ ਤਕਰੀਬਨ ਪੰਜਾਹ ਹਜ਼ਾਰ ਰੁਪਏ, ਫਿਰ ਸਥਾਪਤ ਵਿਦਵਾਨ ਤੋਂ ਮੁੱਖ ਬੰਦ ਲਿਖਾਉਣ ਲਈ ਤਕਰੀਬਨ ਦਸ ਹਜਾਰ, ਫਿਰ ਰਿਲੀਜ਼ ਸਮਾਰੋਹ ਮੌਕੇ ਤਕਰੀਬਨ ਸੌ ਬੰਦੇ ਦੇ ਸ਼ਾਨਦਾਰ ਭੋਜਨ ਲਈ ਲਗਭਗ ਪੰਜਾਹ ਹਜ਼ਾਰ ਖਰਚਣਾ ਤਾਂ ਆਮ ਜਿਹੀ ਗੱਲ ਹੈ। ਰਿਲੀਜ਼ ਸਮਾਰੋਹ ਵਿਚ ਬੜੇ ਹੀ ਚੁਣਿੰਦਾ ਕਿਸਮ ਦੇ ਲੋਕਾਂ ਨੂੰ ਸੱਦਾ ਹੁੰਦਾ ਹੈ ਜਿਨ੍ਹਾਂ ਨੇ ਉਸ ਮਹਾਨ’ ਲਿਖਤ ਦੀ ਮਹਾਨਤਾ’ ਨੂੰ ਵਡਿਆਉਣ ਲਈ ਇੱਕ ਦੂਜੇ ਤੋਂ ਵਧ ਚੜ੍ਹ ਕੇ ਵਾਹ ਵਾਹ ਕਰਨੀ ਹੁੰਦੀ ਹੈ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਵਿਦਵਾਨ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੁੰਦੇ ਹਨ ਉਨ੍ਹਾਂ ਨੇ ਵੀ ਕਦੇ ਆਪਣੇ ਅੰਦਰ ਝਾਤ ਨਹੀਂ ਮਾਰੀ ਕਿ ਉਹ ਕਿਤਾਬਾਂ ਦੀ ਆਬਰੂ ਦੀ ਐਸੀ ਤੈਸੀ ਕਰਨ ਵਾਲੇ ਮਜਮਿਆਂ ਵਿਚ ਕਿਉਂ ਹਾਜਰੀ ਲਗਵਾ ਰਹੇ ਹਨ।

ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਪੰਜਾਬੀ ਦੇ ਇਕ ਸਥਾਪਤ ਹੋ ਚੁੱਕੇ ਵੱਡੇ ਲੇਖਕ ਦੀ ਚਤੁਰਾਈ ਭਰਪੂਰ ਜ਼ਿੰਦਗੀ ਬਾਰੇ ਉਸ ਦੇ ਇੱਕ ਜਮਾਤੀ ਨੇ ਮੈਨੂੰ ਚਾਨਣਾ ਪਾਇਆ। ਇਹ ਲੇਖਕ ਸਰਕਾਰੀ ਮਹਿਕਮੇ ਦੇ ਇਕ ਭ੍ਰਿਸ਼ਟ ਕਰਮਚਾਰੀ ਦਾ ਪੁੱਤਰ ਸੀ ਅਤੇ ਕਾਨੂੰਨੀ ਕਾਰਵਾਈਆਂ ਦੀ ਹੇਰਾਫੇਰੀ ਦੀ ਗੁੜ੍ਹਤੀ ਇਸ ਨੂੰ ਵਿਰਸੇ ਵਿੱਚੋਂ ਮਿਲੀ ਸੀ। ਇਸ ਲੇਖਕ ਨੇ ਪਿੰਡਾਂ ਵਿਚ ਹੋਈਆਂ ਵਾਰਦਾਤਾਂ ਅਤੇ ਇਨ੍ਹਾਂ ਵਾਰਦਾਤਾਂ ਵਿਚ ਹੁੰਦੇ ਕਾਨੂੰਨੀ ਤੇ ਸਰਕਾਰੀ ਘਪਲੇ, ਰਿਸ਼ਵਤਖੋਰੀਆਂ, ਵਧੀਕੀਆਂ ਅਤੇ ਕਤਲੋਗਾਰਤ ਦੇ ਮਸਲਿਆਂ ਦੇ ਉਤਾਰੇ ਕਚਹਿਰੀਆਂ ਵਿੱਚੋਂ ਹਾਸਲ ਕਰ ਕੇ ਇਨ੍ਹਾਂ ਨੂੰ ਪੁਸਤਕ ਰੂਪ ਦਿੱਤਾ ਅਤੇ ਆਪਣੇ ਆਪ ਉੱਤੇ ਇਕ ਲੇਖਕ ਹੋਣ ਦਾ ਲੇਬਲ ਲਾ ਲਿਆ। ਉਸ ਜਮਾਤੀ ਨੇ ਵਿਅੰਗ ਕੱਸਦਿਆਂ ਦੱਸਿਆ ਕਿ ਇਨ੍ਹਾਂ ਦੇ ਘਰ ਤੋਂ ਥੋੜ੍ਹੀ ਦੂਰ ਪੈਂਦੇ ਹਿੰਦੂ ਸਿਵਿਆਂ ਅਤੇ ਮੜ੍ਹੀਆਂ ਉੱਤੇ ਚੜ੍ਹਾਏ ਹੋਏ ਖੋਪੇ ਅਤੇ ਛੁਹਾਰੇ ਇਸ ਨੂੰ ਬਚਪਨ ਵਿਚ ਹੀ ਚੋਰੀ ਕਰ ਕੇ ਖਾਣ ਦੀ ਆਦਤ ਪੈ ਗਈ ਸੀ। ਇਹੋ ਸ਼ੌਕ ਜਵਾਨ ਹੋ ਕੇ ਇਸ ਨੂੰ ਅਜਿਹੇ ਢੰਗ ਦਾ ਹੀ ਲੇਖਕ ਬਣਾਉਣ ਵਿਚ ਸਹਾਈ ਹੋਏ। ਉਸ ਦੇ ਦੱਸਣ ਮੁਤਾਬਿਕ ਇਸ ਲੇਖਕ ਨੇ ਇਕ ਬਹੁਤ ਵੱਡੀ ਲਿਖਣ ਲਿਖਾਉਣ ਅਤੇ ਅਨੁਵਾਦ ਕਰਨ ਵਾਲੀ ਸੰਸਥਾ ਦੇ ਇੱਕ ਉੱਚ ਅਧਿਕਾਰੀ ਨੂੰ ਕਈ ਕਿਸਮ ਦੇ ਡਰਾਵੇ ਅਤੇ ਲਾਲਚ ਦੇ ਕੇ ਆਪਣੀਆਂ ਪੁਸਤਕਾਂ ਵੱਖ-ਵੱਖ ਭਾਸ਼ਾਵਾਂ ਵਿਚ ਵੀ ਛਪਵਾਈਆਂ। ਸਭ ਤੋਂ ਵੱਧ ਹੈਰਾਨੀ ਦੀ ਗੱਲ ਤਾਂ ਇਹ ਹੋਈ ਕਿ ਉਸ ਨੇ ਆਪਣੀਆਂ ਇਨ੍ਹਾਂ ਚਤੁਰਾਈਆਂ ਅਤੇ ਡਰਾਵਿਆਂ ਦੇ ਬਲਬੂਤੇ ਸਭ ਤੋਂ ਵੱਡੇ ਅਤੇ ਵੱਕਾਰੀ ਸਨਮਾਨਾਂ ਵਿੱਚੋਂ ਇਕ ਸਨਮਾਨ ਵੀ ਪ੍ਰਾਪਤ ਕਰ ਲਿਆ ਸੀ।

ਅਜਿਹਾ ਨਿਜ਼ਾਮ ਚੰਗਾ ਲਿਖਣ ਵਾਲੇ ਖਰੇ ਲੋਕਾਂ ਦੀ ਢੁੱਕਵੀਂ ਕਦਰ ਪੈਣ ਦੇ ਰਾਹ ਵਿਚ ਵੀ ਰੋੜਾ ਬਣ ਜਾਂਦਾ ਹੈ ਕਿਉਂਕਿ ਵੇਖਣ ਵਾਲੇ ਨੂੰ ਜਾਪਦਾ ਹੈ ਕਿ ਲਿਖ ਤਾਂ ਫਲਾਣਾ ਸਿੰਘ ਵੀ ਰਿਹੈ। ਢਿਮਕਾ ਸਿੰਘ ਦੀਆਂ ਬੱਤੀ ਕਿਤਾਬਾਂ ਆ ਗਈਆਂ ਇਹਦੀ ਤਾਂ ਇੱਕ ਹੀ ਆਈ ਹੈ। ਬੱਤੀ ਕਿਤਾਬਾਂ ਲਿਖਣ ਵਾਲੇ ਢਿਮਕਾ ਸਿੰਘ ਦਾ ਰੋਹਬ ਥੋੜ੍ਹਾ ਲਿਖਣ ਵਾਲੇ ਖਰੇ ਬੰਦਿਆਂ ਦੇ ਵੱਕਾਰ ਨੂੰ ਵਕਤੀ ਤੌਰ ’ਤੇ ਤਾਂ ਢਾਅ ਲਾ ਹੀ ਦਿੰਦਾ ਹੈ।

ਸੋਚਣ ਵਾਲੀ ਗੱਲ ਇਹ ਹੈ ਕਿ ਇਸ ਵਰਤਾਰੇ ਨੂੰ ਠੱਲ੍ਹ ਕਿਵੇਂ ਪਾਈ ਜਾਵੇ। ਸਰਕਾਰੀ ਪੱਧਰ ਤੇ ਸਚਮੁੱਚ ਦੇ ਵਿਦਵਾਨਾਂ ਦੀ ਇੱਕ ਅਜਿਹੀ ਸਕਰੀਨਿੰਗ ਕਮੇਟੀ ਜ਼ਰੂਰੀ ਬਣਨੀ ਚਾਹੀਦੀ ਹੈ ਜਿਹੜੀ ਹਰ ਕਿਤਾਬ ਛਪਣ ਤੋਂ ਪਹਿਲਾਂ ਦਿਆਨਤਦਾਰੀ ਨਾਲ ਉਸ ਦੀ ਸਮਾਜਿਕ, ਅਕਾਦਮਿਕ ਅਤੇ ਨੈਤਿਕ ਪੱਧਰ ਤੇ ਬਣਦੀ ਸਾਰਥਿਕਤਾ ਦਾ ਜਾਇਜ਼ਾ ਲੈ ਸਕੇ। ਅਕਾਦਮਿਕ ਤੌਰ ’ਤੇ ਅਤੇ ਲੋਕ ਕਚਹਿਰੀ ਵਿਚ ਛਪੀ ਹੋਈ ਪੁਸਤਕ ਦਾ ਪੂਰਾ ਸੰਵਾਦ ਰਚਾ ਕੇ ਪਰਖ ਪੜਚੋਲ ਹੋਣੀ ਚਾਹੀਦੀ ਹੈ। ਸਿਰਫ ਗਿਣਤੀ ਵਿਚ ਵਾਧਾ ਕਰਨ ਵਾਲੀਆਂ ਪੁਸਤਕਾਂ ਨੂੰ ਸ਼ਰੇਆਮ ਨਕਾਰਿਆ ਜਾਵੇ। ਮਿਆਰੀ ਅਤੇ ਉੱਚ ਪੱਧਰ ਦਾ ਮਾਰਗ ਦਰਸ਼ਨ ਕਰਨ ਵਾਲੀ ਪੁਸਤਕ ਦਾ ਸਵਾਗਤ ਕੀਤਾ ਜਾਵੇ। ਅਜਿਹੀਆਂ ਕਮੇਟੀਆਂ ਅਤੇ ਸੋਚ ਦਾ ਗਠਨ ਬਹੁਤ ਦਲੇਰੀ ਅਤੇ ਈਮਾਨਦਾਰੀ ਦਾ ਕੰਮ ਹੈ। ਭਾਵੇਂ ਇਹ ਕਾਰਜ ਨਿੱਗਰ ਲੀਹਾਂ ਤੇ ਪੈਣਾ ਅਤੇ ਪਾਉਣਾ ਬਹੁਤ ਵੱਡਾ ਉੱਦਮ ਹੈ ਪਰ ਫਿਰ ਵੀ ਇਸ ਦਿਸ਼ਾ ਵੱਲ ਸਰਗਰਮ ਹੋਣ ਦੀ ਤੁਰੰਤ ਲੋੜ ਹੈ।

ਭਾਵੇਂ ਕਿ ਅਜਿਹੀਆਂ ਕਮੇਟੀਆਂ ਦੀ ਚੋਣ ਅਤੇ ਇਨ੍ਹਾਂ ਦੇ ਕੰਮ ਕਰਨ ਦੇ ਢੰਗ ਦੀ ਪਾਰਦਰਸ਼ਤਾ ਨੂੰ ਲੈ ਕੇ ਅਨੇਕਾਂ ਖਦਸ਼ੇ ਦਿਮਾਗ ਵਿਚ ਉੱਭਰਦੇ ਹਨ ਪਰ ਹੋਰ ਕੋਈ ਬਦਲਵਾਂ ਹੱਲ ਵੀ ਤਾਂ ਹਾਲ ਦੀ ਘੜੀ ਨਜ਼ਰ ਨਹੀਂ ਆ ਰਿਹਾ। ਇਸ ਢੰਗ ਨਾਲ ਬਹੁਤਾ ਨਹੀਂ ਤਾਂ ਕਿਸੇ ਇੱਕ ਹੱਦ ਤੱਕ ਤਾਂ ਇਸ ਵਰਤਾਰੇ ਨੂੰ ਠੱਲ੍ਹਿਆ ਹੀ ਜਾ ਸਕਦਾ ਹੈ। ਇਸ ਤੋਂ ਇਲਾਵਾ ਸਾਨੂੰ ਸਭ ਨੂੰ ਵੀ ਤਾਂ ਆਪਣੇ ਆਪਣੇ ਪੱਧਰ ਤੇ ਆਪਣੇ ਸੁਭਾਅ ਵਿਚ ਐਨੀ ਕੁ ਬੇਬਾਕੀ ਲੈ ਕੇ ਆਉਣੀ ਚਾਹੀਦੀ ਹੈ ਕਿ ਅਸੀਂ ਇਨ੍ਹਾਂ ਜਾਅਲੀ ਕਿਸਮ ਦੇ ਲੋਕਾਂ ਨੂੰ ਅਜਿਹਾ ਕਰਦੇ ਰਹਿਣ ਤੋਂ ਚੇਤੰਨ ਕਰ ਸਕੀਏ। ਚਲੋ ਜੇ ਇਨ੍ਹਾਂ ਨੂੰ ਰੋਕਣ ਟੋਕਣ ਦੀ ਜ਼ੁਰਅਤ ਨਹੀਂ ਰੱਖਦੇ ਤਾਂ ਘੱਟੋ ਘੱਟ ਤਾਰੀਫ ਤਾਂ ਨਾ ਕਰੀਏ। ਮੂੰਹ ਮੁਲਾਹਜ਼ੇ ਪੂਰਨ ਦੇ ਹੋਰ ਬਥੇਰੇ ਢੰਗ ਹੁੰਦੇ ਹਨ। ਸਾਡੇ, ਸ਼ਬਦ ਨੂੰ ਗੁਰੂ ਮੰਨਣ ਵਾਲਿਆਂ ਦੇ ਮਨ ਵਿਚ ਸ਼ਬਦ ਪ੍ਰਤੀ ਐਨਾ ਕੁ ਸਤਿਕਾਰ ਤਾਂ ਹੋਣਾ ਹੀ ਬਣਦਾ ਹੈ ਕਿ ਅਸੀਂ ਅਸਲ ਸ਼ਬਦ ਦੀ ਦੁਨੀਆਂ ਨੂੰ ਪਲੀਤ ਕਰਨ ਵਾਲੇ ਮਾੜੇ ਸ਼ਬਦਾਂ ਨੂੰ ਸਿਰਫ ਨਿੱਜੀ ਹਿਤਾਂ ਲਈ ਹੀ ਹੱਲਾਸ਼ੇਰੀ ਨਾ ਦਿੰਦੇ ਰਹੀਏ। ਇਸ ਸ਼ੁਭ ਕਾਰਜ ਲਈ ਸਮਾਜ ਦੇ ਹਰ ਵਰਗ ਦੀ ਭਾਈਵਾਲੀ ਅਤਿ ਲੋੜੀਂਦੀ ਹੈ।

*****

(541)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਦੀਪਕ ਮਨਮੋਹਨ ਸਿੰਘ

ਡਾ. ਦੀਪਕ ਮਨਮੋਹਨ ਸਿੰਘ

Senior Fellow, Punjabi University Patiala, Punjab, India.
Phone: (91 - 98762 - 00380)
Email: (seniorfellowofpunjabiuni@gmail.com)