JaswantAjit7ਖੁਸ਼ੀ ਖਾਨ ਦੇ ਨਿਕਾਹ ਪੁਰ ਹੋਇਆ ਸਾਰਾ ਖਰਚ ... ਸਰਦਾਰ ਸਿੰਘ ਨੇ ਹੀ ਉਠਾਇਆ ਹੈ ...
(25 ਦਸੰਬਰ 2015)


ਸਾਡੇ ਦੇਸ਼
, ਭਾਰਤ ਦੀ ਦੁਨੀਆ ਕੁਝ ਅਜੀਬ ਜਿਹੀ ਹੈ। ਇੱਕ ਪਾਸੇ ਤਾਂ ਇਸਦਾ ਸੰਵਿਧਾਨ ਧਰਮ-ਨਿਰਪੇਖ ਤੇ ਸਰਬ-ਸਾਂਝਾ ਹੋਣ ਕਾਰਣ ਬਿਨਾਂ ਕਿਸੇ ਧਾਰਮਕ ਜਾਂ ਜਾਤੀ ਭੇਦ-ਭਾਵ ਦੇ ਦੇਸ਼ ਦੇ ਸਮੂਹ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਪੈਰਵੀ ਕਰਦਾ ਹੈ ਅਤੇ ਦੂਸਰੇ ਪਾਸੇ ਦੇਸ਼ ਵਿੱਚ ਹੀ ਸਰਗਰਮ ਰਾਜਸੀ ਪਾਰਟੀਆਂ ਦੇ ਆਗੂ, ਸੰਵਿਧਾਨ ਪ੍ਰਤੀ ਵਫਾਦਾਰ ਅਤੇ ਨਿਸ਼ਠਾਵਾਨ ਹੋਣ ਦੇ ਦਾਅਵੇ ਦੇ ਨਾਲ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਕਣ ਲਈ, ਧਰਮ ਅਤੇ ਜਾਤੀ ਦੇ ਨਾਂ ’ਤੇ ਵੰਡੀਆਂ ਪਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਕਸਰ ਨਹੀਂ ਛੱਡਦੇ। ਇਸੇ ਸੋਚ ਦਾ ਨਤੀਜਾ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ-ਰਹਿ ਕੇ ਛੋਟੇ ਅਤੇ ਵੱਡੇ ਪੈਮਾਨੇ ’ਤੇ ਫਿਰਕੂ ਫਸਾਦ ਹੁੰਦੇ ਰਹਿੰਦੇ ਹਨ, ਜਿਨ੍ਹਾਂ ਦੇ ਫਲਸਰੂਪ ਵਰ੍ਹਿਆਂ-ਬੱਧੀ ਇੱਕ-ਦੂਸਰੇ ਨਾਲ ਗਲਵੱਕੜੀਆਂ ਪਾ ਭਰਾਵਾਂ ਵਾਂਗ ਵਸਦੇ-ਰਸਦੇ ਚਲੇ ਆ ਰਹੇ ਦੇਸ਼-ਵਾਸੀਆਂ ਵਿੱਚ ਅਵਿਸ਼ਵਾਸ ਅਤੇ ਨਫਰਤ ਦੇ ਬੀਜ ਬੀਜੇ ਜਾਂਦੇ ਹਨ। ਇਸੇ ਨਫਰਤ ਤੇ ਅਵਿਸ਼ਵਾਸ ਸਦਕਾ ਫਿਰਕਿਆਂ ਅਤੇ ਜਾਤੀਆਂ ਦੇ ਆਧਾਰ ’ਤੇ ਇੱਕੋ ਸ਼ਹਿਰ ਜਾਂ ਪਿੰਡ ਵਿੱਚ ਕਈ ਬਸਤੀਆਂ ਤੇ ਮੁਹੱਲੇ ਬਣ ਜਾਂਦੇ ਹਨ, ਜਿਨ੍ਹਾਂ ਵਿੱਚ ਦੂਸਰੇ ਧਰਮ/ਜਾਤੀ ਨਾਲ ਸੰਬੰਧਤ ਕਿਸੇ ਵੀ ਵਿਅਕਤੀ ਨੂੰ ਰਿਹਾਇਸ਼ ਲਈ ਨਾ ਤਾਂ ਕਿਰਾਏ ਤੇ ਮਕਾਨ ਮਿਲਦਾ ਹੈ ਅਤੇ ਨਾ ਹੀ ਉਹ ਉੱਥੇ ਘਰ ਮੁੱਲ ਲੈ ਕੇ ਰਹਿ ਸਕਦਾ ਹੈ।

ਇਸੇ ਵਾਤਾਵਰਣ ਵਿੱਚ ਹੀ ਕਈ ਵਾਰ ਅਜਿਹੀਆਂ ਖਬਰਾਂ ਆ ਜਾਂਦੀਆਂ ਹਨ, ਜੋ ਢਾਰਸ ਬੰਨ੍ਹਾਉਂਦੀਆਂ ਹਨ ਕਿ ਅਜੇ ਵੀ ਇਸ ਦੇਸ਼ ਵਿੱਚ ਇਨਸਾਨੀਅਤ ਜ਼ਿੰਦਾ ਹੈ। ਅਜਿਹੀਆਂ ਹੀ ਪ੍ਰੇਰਕ ਘਟਨਾਵਾਂ ਵਿੱਚੋਂ ਕੁਝ ਕੁ ਪੇਸ਼ ਹਨ:

ਮੁਸਲਿਮ ਬੇਟੀ ਦਾ ਨਿਕਾਹ

ਧਨੌਰਾ (ਬਾਗਪਤ) ਸਿਲਵਰ ਨਗਰ ਪਿੰਡ ਵਾਸੀ ਸਰਦਾਰ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨੀਂ ‘ਆਪਣੀ’ ਮੂੰਹ ਬੋਲੀ ਮੁਸਲਿਮ ਬੇਟੀ, ਖੁਸ਼ੀ ਖਾਨ ਦਾ ਨਿਕਾਹ ਬੜੀ ਹੀ ਧੂਮ-ਧਾਮ ਨਾਲ ਕਰਵਾਇਆ। ਧਾਰਮਕ ਸਦਭਾਵਨਾ ਦੀ ਪ੍ਰਤੀਕ ਇਸ ਸ਼ਾਦੀ ਵਿੱਚ ਦੋਹਾਂ ਫਿਰਕਿਆਂ ਨੇ ਉਤਸ਼ਾਹ ਨਾਲ ਆਪਣੀ ਹਿੱਸੇਦਾਰੀ ਨਿਭਾਈਦੱਸਿਆ ਜਾਂਦਾ ਹੈ ਕਿ ਕੁਝ ਸਮਾਂ ਪਹਿਲਾਂ ਪਿੰਡ ਵਾਸੀ ਨਿਸ਼ਾ ਖਾਨ ਦੇ ਪਤੀ ਦਾ ਸਵਰਗਵਾਸ ਹੋ ਗਿਆ ਸੀ। ਗਰੀਬੀ ਤੇ ਮੁਫਲਸੀ ਦੇ ਹਾਲਾਤ ਵਿੱਚੋਂ ਗੁਜ਼ਰ ਰਹੇ ਨਿਸ਼ਾ ਖਾਨ ਦੇ ਪਰਿਵਾਰ ਦੀ ਹਾਲਤ ਵੇਖ ਉਨ੍ਹਾਂ ਦੀ ਪੁਤਰੀ ਖੁਸ਼ੀ ਖਾਨ ਨੂੰ ਪਿੰਡ ਦੇ ਇੱਕ ਰਿਟਾਇਰਡ ਸਿਪਾਹੀ ਸਰਦਾਰ ਸਿੰਘ ਨੇ ਆਪਣੀ ਬੇਟੀ ਵਜੋਂ ਅਪਣਾ ਲਿਆ। ਜਦੋਂ ਉਹ ਵਿਆਹ ਯੋਗ ਹੋਈ ਤਾਂ ਸਰਦਾਰ ਸਿੰਘ ਨੇ ਉਸਦਾ ਨਿਕਾਹ ਨੇੜੇ ਦੇ ਹੀ ਪਿੰਡ ਬੁੜਾਨਾ ਦੇ ਹਬੀਬ ਪੁਰ ਵਿਖੇ ਤੈਅ ਕਰ ਦਿੱਤਾ। ਜਦੋਂ ਖੁਸ਼ੀ ਦੀ ਬਰਾਤ ਪਿੰਡ ਵਿੱਚ ਪੁੱਜੀ ਤਾਂ ਸਰਦਾਰ ਸਿੰਘ, ਉਸਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਹੀ ਪਿੰਡ ਵਾਸੀਆਂ ਨੇ ਬਹੁਤ ਹੀ ਗਰਮਜੋਸ਼ੀ ਨਾਲ ਉਸਦਾ ਸਵਾਗਤ ਕੀਤਾ। ਸਵਾਗਤ-ਸਤਿਕਾਰ ਤੋਂ ਬਾਅਦ ਨਿਕਾਹ ਦੀ ਰਸਮ ਅਦਾ ਕੀਤੀ ਗਈ। ਨਿਕਾਹ ਦੀ ਰਸਮ ਦੇ ਪੂਰਿਆਂ ਹੋ ਜਾਣ ਤੋਂ ਬਾਅਦ ਸਰਦਾਰ ਸਿੰਘ ਨੇ ਖੁਸ਼ੀ ਖਾਨ ਨੂੰ ਬੇਟੀ ਵਾਂਗ ਵਿਦਾਇਗੀ ਦਿੱਤੀਦੱਸਿਆ ਜਾਂਦਾ ਹੈ ਕਿ ਖੁਸ਼ੀ ਖਾਨ ਵੀ ਸਰਦਾਰ ਸਿੰਘ ਦੀ ਬਹੁਤ ਇੱਜ਼ਤ ਕਰਦੀ ਸੀ ਤੇ ਉਸਨੂੰ ਪਾਪਾ ਕਹਿ ਕੇ ਹੀ ਬੁਲਾਉਂਦੀ ਸੀ। ਨਿਕਾਹ ਦੀ ਰਸਮ ਪੂਰੀ ਹੋ ਜਾਣ ਤੋਂ ਬਾਅਦ ਜਦੋਂ ਖਿਸ਼ੀ ਖਾਨ ਦੀ ਡੋਲੀ ਤੁਰਨ ਲੱਗੀ ਤਾਂ ਉਸਨੇ ਕਿਹਾ ਕਿ ਪਹਿਲਾਂ ਪਾਪਾ ਨੂੰ ਖਾਣਾ ਖੁਆਉ, ਮੈਂ ਫਿਰ ਸਹੁਰੇ ਜਾਵਾਂਗੀ, ਕਿਉਂਕਿ ਮੇਰੇ ਜਾਣ ਤੋਂ ਬਾਅਦ ਪਾਪਾ ਖਾਣਾ ਨਹੀਂ ਖਾਣਗੇ। ਇਹ ਸੁਣ ਸਾਰਿਆਂ ਦੀਆਂ ਅੱਖਾਂ ਭਰ ਆਈਆਂ। ਖੁਸ਼ੀ ਖਾਨ ਦੀ ਵਿਦਾਇਗੀ ਤੋਂ ਬਾਅਦ ਉਸਦੀ ਮਾਂ ਨਿਸ਼ਾ ਖਾਨ ਦਾ ਕਹਿਣਾ ਸੀ ਕਿ ਸਰਦਾਰ ਸਿੰਘ ਤੇ ਉਨ੍ਹਾਂ ਦੇ ਬੇਟੇ ਪਪੇਸ਼ ਸਿੰਘ ਦਾ ਅਹਿਸਾਨ ਉਹ ਕਦੀ ਵੀ ਨਹੀਂ ਭੁਲਾ ਸਕੇਗੀ। ਉਸਨੇ ਦੱਸਿਆ ਕਿ ਖੁਸ਼ੀ ਖਾਨ ਦੇ ਨਿਕਾਹ ਪੁਰ ਹੋਇਆ ਸਾਰਾ ਖਰਚ, ਜੋ ਲਗਭਗ ਸੱਤ ਲੱਖ ਰੁਪਏ ਹੋਇਆ ਦੱਸਿਆ ਜਾਂਦਾ ਹੈ, ਸਰਦਾਰ ਸਿੰਘ ਨੇ ਹੀ ਉਠਾਇਆ ਹੈ।

**

ਹਿੰਦੂ ਪੂਜਾ ਅਸਥਾਨ ਲਈ ਈਦਗਾਹ ਹਟਾਈ

ਆਏ ਦਿਨ ਧਰਮ ਦੇ ਨਾਂ ਤੇ ਦੋ ਫਿਰਕਿਆਂ ਵਿੱਚ ਝਗੜੇ ਤੇ ਫਸਾਦ ਹੋਣ ਦੀਆਂ ਖਬਰਾਂ ਤਾਂ ਮਿਲਦੀਆਂ ਹੀ ਰਹਿੰਦੀਆਂ ਹਨ, ਅਜਿਹੇ ਹੀ ਵਾਤਾਵਰਣ ਵਿੱਚ ਪਿਛਲੇ ਦਿਨੀਂ ਇੱਕ ਖਬਰ ਅਜਿਹੀ ਆਈ ਜੋ ਇਨ੍ਹਾਂ ਖਬਰਾਂ ਤੋਂ ਬਹੁਤ ਹੀ ਹਟ ਕੇ ਸੀ। ਖਬਰ ਅਨੁਸਾਰ ਬਕਰੀਦ ਤੋਂ ਕੁਝ ਹੀ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਗੌਂਡਾ ਦੇ ਇੱਕ ਪਿੰਡ ਅਕਬਰ ਪੁਰ ਦੇ ਮੁਸਲਿਮ ਭਾਈਚਾਰੇ ਨੇ ਸਦਭਾਵਨਾ ਦੀ ਇੱਕ ਅਦੁਤੀ ਮਿਸਾਲ ਪੇਸ਼ ਕੀਤੀ। ਇਸ ਖਬਰ ਅਨੁਸਾਰ ਅਕਬਰ ਪੁਰ ਪਿੰਡ ਵਿਚਲੇ ਮੁਸਲਿਮ ਭਾਈਚਾਰੇ ਨੇ ਬ੍ਰਹਮਬਾਬਾ ਅਸਥਾਨ ਲਈ ਲਗਭਗ ਇੱਕ ਸੌ ਸਾਲ ਪੁਰਾਣੀ ਆਪਣੀ ਈਦਗਾਹ ਹਟਾਣ ਦਾ ਫੈਸਲਾ ਕੀਤਾ। ਦੱਸਿਆ ਗਿਆ ਹੈ ਕਿ ਬਕਰੀਦ ਦੇ ਮੌਕੇ ’ਤੇ ਦੋਹਾਂ ਫਿਰਕਿਆਂ ਵਲੋਂ ‘ਪਿਆਰ ਵੰਡੋ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸੇ ਮੌਕੇ ’ਤੇ ਮੁਸਲਿਮ ਭਾਈਚਾਰੇ ਨੇ ਉਪਰੋਕਤ ਫੈਸਲੇ ਦਾ ਐਲਾਨ ਕੀਤਾ।

ਦੱਸਿਆ ਗਿਆ ਹੈ ਕਿ ਇਹ ਈਦਗਾਹ ਲਗਭਗ ਇੱਕ ਸੌ ਸਾਲ ਤੋਂ ਵੀ ਵੱਧ ਪੁਰਾਣੀ ਹੈ। ਅੱਜਕਲ ਪਿੰਡ ਦੇ ਮੁਸਲਮਾਨਾਂ ਦੀ ਤੀਜੀ ਪੀੜ੍ਹੀ ਇਸੇ ਈਦਗਾਹ ਵਿੱਚ ਨਮਾਜ਼ ਅਦਾ ਕਰਦੀ ਸੀ। ਇਸ ਈਦਗਾਹ ਦੇ ਨਾਲ ਹੀ ਕਈ ਸਾਲ ਪੁਰਾਣਾ ਇੱਕ ਪਿੱਪਲ ਦਾ ਦਰਖਤ ਹੈ, ਜਿਸਨੂੰ ਲੋਕਾਂ ਨੇ ਬ੍ਰਹਮਬਾਬਾ ਦਾ ਅਸਥਾਨ ਮੰਨ ਕੇ ਉਸਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਹੋਈ ਸੀ। ਦੱਸਿਆ ਜਾਂਦਾ ਹੈ ਕਿ ਇਸ ਜਗ੍ਹਾ ਬਾਰੇ ਕਦੀ ਵੀ ਕੋਈ ਝਗੜਾ-ਫਸਾਦ ਨਹੀਂ ਹੋਇਆਫਿਰ ਵੀ ਤੀਜ-ਤਿਉਹਾਰ ਦੇ ਮੌਕਿਆਂ ’ਤੇ ਦੋਹਾਂ ਫਿਰਕਿਆਂ ਵਿੱਚ ਤਣਾਉ ਤਾਂ ਬਣਿਆ ਹੀ ਰਹਿੰਦਾ ਸੀ। ਪਿੱਪਲ ਦਾ ਫੈਲਾਅ ਲਗਾਤਾਰ ਹੋ ਰਿਹਾ ਸੀ, ਜਿਸਦੇ ਫਲਸਰੂਪ ਉਸਦੀਆਂ ਟਹਿਣੀਆਂ ਈਦਗਾਹ ਦੇ ਅੰਦਰ ਤਕ ਆਉਣ ਲੱਗ ਪਈਆਂ। ਖਬਰਾਂ ਅਨੁਸਾਰ ਬਕਰੀਦ ਤੋਂ ਕੁਝ ਹੀ ਦਿਨ ਪਹਿਲਾਂ ਈਦਗਾਹ ਕਮੇਟੀ ਦੇ ਪ੍ਰਧਾਨ ਰਾਜਿਕ ਉਸਮਾਨੀ ਅਤੇ ਪੇਸ਼ ਇਮਾਮ ਦੀ ਅਗਵਾਈ ਵਿੱਚ ਦੋਹਾਂ ਫਿਰਕਿਆਂ ਦੇ ਪ੍ਰਤੀਨਿਧੀਆਂ ਦੀ ਇੱਕ ਸਾਂਝੀ ਬੈਠਕ ਹੋਈ, ਜਿਸ ਵਿੱਚ ਮੁਸਲਮਾਨ ਭਾਈਚਾਰੇ ਦੇ ਮੁੱਖੀਆਂ ਨੇ ਸਦਭਾਵਨਾ ਕਾਇਮ ਰੱਖਣ ਲਈ ਈਦਗਾਹ ਨੂੰ ਪੂਜਾ ਅਸਥਾਨ ਤੋਂ ਹਟਾ ਕੁਝ ਦੂਰੀ ਤੇ ਬਣਾਉਣ ਦਾ ਫੈਸਲਾ ਕਰ ਲਿਆ। ਇੰਨਾ ਹੀ ਨਹੀਂ, ਉਨ੍ਹਾਂ ਨੇ ਪਿੱਪਲ ਕੋਲ ਚਬੂਤਰਾ ਅਤੇ ਉਸ ਤਕ ਪੁੱਜਣ ਲਈ ਰਸਤਾ ਬਣਵਾ ਕੇ ਦੇਣ ਦਾ ਵੀ ਫੈਸਲਾ ਕੀਤਾ। ਇਸ ਉਦੇਸ਼ ਲਈ ਉਨ੍ਹਾਂ ਜ਼ਮੀਨ ਦੀ ਪੈਮਾਇਸ਼ ਕਰਨ ਲਈ, ਏਡੀਐਮ ਨੂੰ ਅਰਜ਼ੀ ਵੀ ਦੇ ਦਿੱਤੀ।

ਅਜੁੱਧਿਆ, ਜਿਸਨੂੰ ਲੈ ਕੇ ਲੰਬੇ ਸਮੇਂ ਤੋਂ ਦੋਹਾਂ, ਹਿੰਦੂ ਅਤੇ ਮੁਸਲਾਮਾਨ ਫਿਰਕਿਆਂ ਵਿੱਚ ਨਫਰਤ ਦੇ ਬੀਜ ਬੋਏ ਜਾਂਦੇ ਚਲੇ ਆ ਰਹੇ ਹਨ, ਦੇ ਮੁਮਤਾਜ਼ ਨਗਰ ਦੀ ਰਾਮਲੀਲਾ ਦਾ ਸੰਚਾਲਨ ਕਈ ਵਰ੍ਹਿਆਂ ਤੋਂ ਮੁਸਲਮਾਨ ਭਾਈਚਾਰੇ ਵਲੋਂ ਕੀਤਾ ਜਾਂਦਾ ਚਲਿਆ ਆ ਰਿਹਾ ਹੈ। ਦੱਸਿਆ ਗਿਆ ਹੈ ਕਿ ਅਜੁੱਧਿਆ ਦੇ ਅੱਠ ਕਿਲੋਮੀਟਰ ਦੇ ਦਾਇਰੇ ਵਿੱਚ ਸਥਿਤ ਮੁਮਤਾਜ ਨਗਰ ਵਿੱਚ ਇੱਕ ਅਜਿਹੀ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸਦਾ ਸੰਚਾਲਨ ਬੀਤੇ ਪੰਜਾਹ ਵਰ੍ਹਿਆਂ ਤੋਂ ਮੁਸਲਮਾਨ ਭਾਈਚਾਰੇ ਦੇ ਲੋਕੀ ਹੀ ਕਰਦੇ ਚਲੇ ਆ ਰਹੇ ਹਨ। ਇੱਥੋਂ ਦੀ ‘ਰਾਮਲੀਲਾ ਰਾਮਾਇਣ ਕਮੇਟੀ’ ਦੇ ਪ੍ਰਧਾਨ ਮਾਜਿਦ ਅਲੀ ਦੱਸਦੇ ਹਨ ਕਿ ਇਸ ਰਾਮਲੀਲਾ ਦਾ ਆਯੋਜਨ ਸਦਾ ਹੀ ਸਦਭਾਵਨਾ ਦਾ ਸੁਨੇਹਾ ਦਿੰਦਾ ਚਲਿਆ ਆ ਰਿਹਾ ਹੈ। ਇਹ ਰਾਮਲੀਲਾ ਇਲਾਕੇ ਵਿਚਲੀ ਆਪਸੀ ਵੈਰ-ਵਿਰੋਧ ਦੀ ਭਾਵਨਾ ਨੂੰ ਖਤਮ ਕਰਨ ਵਿੱਚ ਮੁੱਖ ਭੂਮਿਕਾ ਅਦਾ ਕਰ ਰਹੀ ਹੈ। ਇਸੇ ਤਰ੍ਹਾਂ ਦਿੱਲੀ ਦੀ ਇੱਕ ਰਾਮਲੀਲਾ, ਜਿਸਦਾ ਆਯੋਜਨ ਨਵਸ੍ਰੀ ਧਾਰਮਕ ਲੀਲਾ ਕਮੇਟੀ ਵਲੋਂ ਕੀਤਾ ਜਾਂਦਾ ਹੈ, ਵਿੱਚ ਮੁਜੀਬੁਰ ਰਹਿਮਾਨ ਲੰਮੇਂ ਸਮੇਂ ਤੋਂ ਕੁੰਭਕਰਨ ਦੀ ਭੂਮਿਕਾ ਨਿਭਾਉਂਦਾ ਚਲਿਆ ਆ ਰਿਹਾ ਹੈ, ਜਦਕਿ ਫਰੀਦਾਬਾਦ ਦੇ ਪ੍ਰਸਿੱਧ ਕਾਰੀਗਰ, ਇਮਰਾਨ, ਅਰਮਾਨ, ਅਭਰਾਨ, ਫਰਮਾਨ, ਮੁਹਰਾਜ ਆਦਿ ਜਦੋਂ ਰਾਮਲੀਲਾ ਲਈ ਪੁਤਲੇ ਬਣਾਉਂਦੇ ਹਨ, ਤਾਂ ਸ਼ਰਧਾਵੱਸ ਉਸ ਸਮੇਂ ਦੌਰਾਨ ਨਾ ਤਾਂ ਉਹ ਕਿਸੇ ਤਰ੍ਹਾਂ ਦੇ ਨਸ਼ੇ ਦੀ ਅਤੇ ਨਾ ਹੀ ਮਾਸ ਦੀ ਹੀ ਵਰਤੋਂ ਕਰਦੇ ਹਨ।

**

ਆਪਣੀ ਹਿੰਮਤ ਨਾਲ ਪਿੰਡ ਦੀ ਨੁਹਾਰ ਬਦਲੀ

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੌਂਡਾ ਦੇ ਪਿੰਡ ਨੌਬਸਤਾ ਦੇ ਡਾਕਟਰ ਦੀਪੇਂਦਰ, ਜੋ ਇਸ ਸਮੇਂ ਅਮਰੀਕਾ ਦੇ ਨਿਊਜਰਸੀ ਵਿੱਚ ਆਡੀਓ ਟੈਕਨਾਲੋਜੀ ਦੀ ਫੈਕਟਰੀ ਦੇ ਮਾਲਕ ਹਨ, ਨੇ ਆਪਣਾ ਧਿਆਨ, ਆਪਣੇ ਜੱਦੀ ਪਿੰਡ ਦਾ ਕਾਇਆ-ਕਲਪ ਕਰਨ ਵੱਲ ਕੇਂਦ੍ਰਿਤ ਕੀਤਾ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾ ਦੀ ਮਦਦ ਤੋਂ ਬਿਨਾਂ ਹੀ ਆਪਣੇ ਪਿੰਡ ‘ਨੌਬਸਤਾ’ ਦੀ ਨੁਹਾਰ ਬਦਲ ਉਸਦਾ ਕਾਇਆ-ਕਲਪ ਕਰਨ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਵਲੋਂ ਭੇਜੇ ਗਏ ਪੈਸਿਆਂ ਨਾਲ ਪਿੰਡ ਵਿੱਚ ਬਿਜਲੀ, ਪਾਣੀ ਅਤੇ ਸ਼ੌਚਾਲਯ (ਟਾਇਲਟ) ਜਿਹੀਆਂ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਏ ਜਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਪੈਸਿਆਂ ਨਾਲ ਪਿੰਡ ਵਿੱਚ ਇਸ ਸਮੇਂ ਤਕ 125 ਬਿਜਲੀ ਦੇ ਖੰਭੇ ਲਾਏ ਗਏ ਹਨ ਅਤੇ 96 ਸ਼ੌਚਾਲਯ (ਟਾਇਲਟਾਂ), 200 ਹੈਂਡਪੰਪ ਅਤੇ ਪਿੰਡ ਦੇ ਬੇਸਹਾਰਾ ਤੇ ਗਰੀਬਾਂ ਲਈ 10 ਮੁਫਤ ਨਿਵਾਸ ਬਣਵਾਏ ਜਾ ਚੁੱਕੇ ਹਨ। ਲਗਭਗ ਡੇਢ ਲੱਖ ਰੁਪਏ ਲਾਗਤ ਨਾਲ ਤਿਆਰ ਇੱਕ ਕਮਰੇ ਦੇ ਇਹ ਘਰ ਪਲੱਸਤਰ ਕਰਵਾ ਕੇ ਦਿੱਤੇ ਜਾ ਰਹੇ ਹਨ।

ਦੱਸਿਆ ਗਿਆ ਹੈ ਕਿ ਆਪਣੀ ਗੈਰ-ਹਾਜ਼ਰੀ ਵਿੱਚ ਪਿੰਡ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੀ ਦੇਖਭਾਲ ਅਤੇ ਨਿਗਰਾਨੀ ਕਰਨ ਲਈ ਦੀਪੇਂਦਰ ਸਿਨਹਾ ਵਲੋਂ ਪਿੰਡ ਦੇ ਹੀ ਮੰਨੇ-ਪ੍ਰਮੰਨੇ ਵਿਅਕਤੀਆਂ ਪੁਰ ਅਧਾਰਤ ਇੱਕ 17-ਮੈਂਬਰੀ ਟੀਮ ਬਣਾਈ ਗਈ ਹੋਈ ਹੈ, ਜਿਸ ਵਲੋਂ ਪਿੰਡ ਵਿੱਚ ਹੋ ਰਹੇ ਕੰਮ ਦਾ ਸਮੇਂ-ਸਮੇਂ ਸਰਵੇ ਕਰਨ ਦੇ ਨਾਲ ਹੀ ਹੋ ਰਹੇ ਖਰਚ ਦਾ ਹਿਸਾਬ-ਕਿਤਾਬ ਵੀ ਰੱਖਿਆ ਜਾਂਦਾ ਹੈ।

*****

(540)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author