RipudamanSR7ਨੋਟ-ਬੰਦੀ ਦੀ ਸੱਭ ਤੋਂ ਵੱਧ ਹਮਾਇਤ ਕਰਨ ਵਾਲੇ ਚੈਨਲ ‘ਜ਼ੀ ਨਿਊਜ਼’ ਨੂੰ ਹੁਣ ਨੋਟ-ਬੰਦੀ ਦੀ ਨਿਖੇਧੀ ਕਰਨੀ ਪੈ ਰਹੀ ਹੈ ...
(24 ਦਸੰਬਰ 2016)


ਨੋਟ-ਬੰਦੀ ਨੇ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਹਨ ਜਿਵੇਂ ਦੇਸ਼ ਵਿਚ ਮਾਰਸ਼ਲ ਲਾਅ ਲੱਗ ਗਿਆ ਹੋਵੇ।
8 ਨਵੰਬਰ 2016 ਨੂੰ ਰਾਤ ਅੱਠ ਵਜੇ ਟੀ.ਵੀ. ਚੈਨਲਾਂ ਉੱਤੇ ਮੋਦੀ ਸਾਹਿਬ ਬੜੇ ਜ਼ੋਸ਼ ਅਤੇ ਉਤਸ਼ਾਹ ਵਿੱਚ ਨੋਟ-ਬੰਦੀ ਦਾ ਐਲਾਨ ਕਰ ਰਹੇ ਸਨ। ਪਹਿਲਾਂ ਸੋਚਿਆ, ਇਹ ਵੀ ਇਕ ਜੁਮਲਾ ਹੀ ਹੋਵੇਗਾ। 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਮੋਦੀ ਸਾਹਿਬ ਦੇ ਪ੍ਰਚਾਰ ਕਿ ਕਾਲਾ ਧਨ ਬਾਹਰੋਂ ਮੰਗਵਾ ਕੇ ਹਰ ਵਿਅਕਤੀ ਦੇ ਖਾਤੇ ਵਿਚ ਤਿੰਨ-ਤਿੰਨ ਲੱਖ ਰੁਪਏ ਜਮਹਾਂ ਕਰਵਾਉਣ ਨੂੰ ਜਿਵੇਂ ਬੀ.ਜੇ.ਪੀ. ਦੇ ਪ੍ਰਧਾਨ ਅਮਿਤ ਸ਼ਾਹ ਵਲੋਂ ਚੋਣਾਂ ਜਿੱਤਣ ਮਗਰੋਂ ਚੁਣਾਵੀ ਜੁਮਲਾ ਕਿਹਾ ਗਿਆ ਸੀ। ਬੈਠੇ ਬੈਠੇ ਹੀ ਤੁਹਾਡੇ ਪੰਜ ਸੌ ਅਤੇ ਹਜ਼ਾਰ ਰੁਪਏ ਦੇ ਨੋਟ ਰੱਦੀ ਕਿਵੇਂ ਬਣ ਸਕਦੇ ਹਨ?

ਪਰ ਜਦੋਂ ਸਵੇਰੇ ਸਾਰੇ ਅਖ਼ਬਾਰ ਦੇਖੇ ਤਾਂ ਮੋਟੇ ਮੋਟੇ ਸਿਰਲੇਖਾਂ ਵਿਚ ਵਾਕਈ ਨੋਟ-ਬੰਦੀ ਦਾ ਫੈਸਲਾ ਕੀਤੇ ਜਾਣ ਦੀ ਖ਼ਬਰ ਸੀ। ਸੋਚਿਆ ਕਿ ਇਹ ਫੈਸਲਾ ਮੋਦੀ ਸਾਹਿਬ ਦੇ ਕਿਸੇ ਦੁਸ਼ਮਣ ਨੇ ਉਹਨਾਂ ਨੂੰ ਸਾਜਿਸ਼ ਅਧੀਨ ਗੁੰਮਰਾਹ ਕਰਕੇ ਕਰਵਾਇਆ ਗਿਆ ਲਗਦਾ ਹੈ ਪਰ ਜਦੋਂ ਮੋਦੀ ਸਾਹਿਬ ਨੋਟ-ਬੰਦੀ ਦੇ ਆਪਣੇ ਫੈਸਲੇ ਬਾਹਾਂ ਉਲਾਰ ਉਲਾਰ ਅਤੇ ਤਾੜੀਆਂ ਮਾਰ ਮਾਰ ਦਰੁਸਤ ਦੱਸ ਰਹੇ ਸਨ ਅਤੇ ਵਿਰੋਧੀਆਂ ਨੂੰ ਕਾਲਾ ਧੰਨ ਰੱਖਣ ਵਾਲਿਆਂ ਦੇ ਹਮਾਇਤੀ ਦੱਸ ਰਹੇ ਸਨ ਤਾਂ ਹੋਰ ਵੀ ਹੈਰਾਨੀ ਹੋ ਰਹੀ ਸੀ।

9 ਨਵੰਬਰ ਦਾ ਦਿਨ ਚੜ੍ਹਿਆ। ਮਗਰੋਂ ਸਾਰਾ ਭਾਰਤ ਹੀ ਜਿਵੇਂ ਲਾਈਨ ਵਿਚ ਲੱਗ ਗਿਆ ਹੋਵੇ। ਲੋਕ ਆਪਣੇ ਕੰਮ ਕਾਰ ਛੱਡ ਲਾਈਨਾਂ ਵਿਚ ਖੜ੍ਹੇ ਦੋ ਦੋ ਹਜ਼ਾਰ ਨੂੰ ਤਰਸਣ ਲੱਗੇ।

ਦਸੰਬਰ ਦੇ ਸ਼ੁਰੂ ਵਿਚ ਤਨਖਾਹਦਾਰਾਂ ਨੂੰ ਚੌਵੀ ਚੌਵੀ ਹਜ਼ਾਰ ਦੇਣ ਦਾ ਫੈਸਲਾ ਕੀਤਾ ਗਿਆ। ਜਦੋਂ ਕੋਈ ਚੌਵੀ ਹਜ਼ਾਰ ਦਾ ਚੈੱਕ ਲੈ ਕੇ ਵਾਰੀ ਸਿਰ ਚੈੱਕ ਬੈਂਕ ਅਧਿਕਾਰੀ ਅੱਗੇ ਕਰਦਾ ਤਾਂ ਅੱਗੇ ਜੁਆਬ ਮਿਲਦਾ ਕਿ ਨਹੀਂ ਜੀ, ਸਿਰਫ ਦੋ ਹਜ਼ਾਰ ਮਿਲਣਗੇ। ਹੁਣ ਹੁਕਮ ਦੋ ਹਜ਼ਾਰ ਦੇ ਹੋ ਗਏ ਹਨ। ਬਜ਼ੁਰਗ ਬੰਦਾ ਖੜ੍ਹਾ ਥਾਂਵੇਂ ਹੀ ਸੁੰਨ ਹੋ ਜਾਂਦਾ। ਹੁਣ ਵਿਦਡਰਾਲ ਫਾਰਮ ਲੱਭਦਾ ਫਿਰਦਾ ਤਾਂਕਿ ਦੋ ਹਜ਼ਾਰ ਰੁਪਏ ਕਢਵਾ ਸਕੇ। ਕਿਉਂਕਿ ਚੈੱਕ ਤਾਂ ਅਗਲਾ ਘਰੋਂ ਇੱਕ ਭਰ ਕੇ ਲਿਆਇਆ ਸੀ।

ਡੇਢ ਮਹੀਨੇ ਤੋਂ ਉੱਪਰ ਹੋ ਗਿਆ ਨੋਟ-ਬੰਦੀ ਦੇ ਫੈਸਲੇ ਨੂੰ। ਸਾਰੇ ਦੇਸ਼ ਨੂੰ ਜਿਵੇਂ ਸੁੱਸਰੀ ਸੁੰਘ ਗਈ ਹੋਵੇ। ਜਿਵੇਂ ਦੇਸ਼ ਵਿਚ ਕੋਈ ਸਾੜ੍ਹਸਤੀ ਆ ਗਈ ਹੋਵੇ। ਜਿਵੇਂ ਹੀ 26 ਮਈ 2014 ਨੂੰ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ ਕੋਈ ਨਾ ਕੋਈ ਚੰਨ ਚੜ੍ਹਿਆ ਹੀ ਰਹਿੰਦਾ ਹੈ। ਕਦੇ ਪ੍ਰਧਾਨ ਮੰਤਰੀ ਸਿੱਧਾ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਨਵਾਜ਼ ਸ਼ਰੀਫ਼ ਦੀ ਦੋਹਤੀ ਦੇ ਵਿਆਹ ਉੱਤੇ ਚਲਾ ਜਾਂਦਾ ਹਨ, ਕਦੇ ਨਵਾਜ਼ ਸ਼ਰੀਫ ਨੂੰ ਆਪਣਾ ਮਿੱਤਰ ਦਸਦਾ ਹੈ, ਕਦੇ ਪੱਕਾ ਦੁਸ਼ਮਣ। ਮੋਦੀ ਸਾਹਿਬ ਦੇ ਕਹਿਣ ਅਨੁਸਾਰ ਕਦੇ ਪਾਕਿਸਤਾਨ ਨੂੰ ਦੁਸ਼ਮਣ ਮੰਨੀਏ ਕਦੇ ਮਿੱਤਰ। ਕਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਮਸਲਾ ਉਭਾਰ ਕੇ ਵਿਦਿਆਰਥੀਆਂ ਨੂੰ ਦੇਸ਼ ਧਰੋਹੀ ਗਰਦਾਨਿਆ ਜਾਂਦਾ ਹੈ। ਉਹਨਾਂ ਦੀ ਸ਼ਰੇਆਮ ਕੁੱਟ ਮਾਰ, ਧੂਹ ਘੜੀਸ ਕੀਤੀ ਜਾਂਦੀ ਹੈ। ਕਦੇ ਗਊ ਦਾ ਮਾਸ ਰੱਖਣ ਕਰਕੇ ਮੁਸਲਮਾਨਾਂ ਦਾ ਕਤਲ ਕਦੇ ਸਾਹਿਤ ਅਕਾਦਮੀ ਦਿੱਲੀ ਦਾ ਸਨਮਾਨ ਵਾਪਿਸ ਕਰਨ ਵਾਲੇ ਲੇਖਕਾਂ, ਸਾਇੰਸਦਾਨਾਂ ਨੂੰ ਦੇਸ਼ ਧਰੋਹੀ ਦੱਸਿਆ ਜਾਂਦਾ ਹੈ। ਜੇ ਕੋਈ ਮੋਦੀ ਸਰਕਾਰ ਦੇ ਵਿਰੁੱਧ ਬੋਲੇ, ਉਹ ਦੇਸ਼ ਦਾ ਗੱਦਾਰ ਅਤੇ ਰਾਸ਼ਟਰ ਧਰੋਹੀ ਗਰਦਾਨਿਆ ਜਾਂਦਾ ਹੈ। ਇਹਨਾਂ ਗੱਲਾਂ ਤੋ ਜਾਪਣ ਲੱਗਾ ਕਿ ਦੇਸ਼ ਵਿਚ ਜਿਵੇਂ ਅਣ ਐਲਾਨੀ ਐਮਰਜੈਂਸੀ ਲੱਗ ਗਈ ਹੋਵੇ। ਅਣ ਐਲਾਨਿਆ ਮਾਰਸ਼ਲ ਲਾਅ ਲੱਗ ਗਿਆ ਹੋਵੇ।

ਨੋਟ-ਬੰਦੀ ਪਹਿਲਾਂ ਵੀ ਹੁੰਦੀ ਰਹੀ ਹੈ। ਪਰ ਐਨਾ ਰੱਫ਼ੜ ਪਿਆ ਕਦੇ ਨਹੀਂ ਸੁਣਿਆ। ਐਤਕੀਂ ਤਾਂ ਜਿਵੇਂ ਦੇਸ਼ ਹਿੱਲ ਹੀ ਗਿਆ ਹੈ। ਮੋਦੀ ਸਾਹਿਬ ਦੇ ਅੱਛੇ ਦਿਨਾਂ ਦੀ ਮੁਹਾਰਨੀ ਚੋਣਾਂ ਤੋਂ ਪਹਿਲਾਂ ਹੁੰਦੀ ਰਹੀ ਸੀ। ਹੁਣ ਪਤਾ ਲੱਗਿਆ ਕਿ ਅਸਲ ਵਿਚ ਅੱਛੇ ਦਿਨ ਕੀ ਹੁੰਦੇ ਹਨ ਮੋਦੀ ਸਾਹਿਬ ਲਈ।

ਇਸ ਨੋਟ-ਬੰਦੀ ਨਾਲ ਅਮੀਰ, ਧੰਨ ਕੁਬੇਰ, ਸਰਮਾਏਦਾਰ, ਸਿਆਸੀ ਲੀਡਰ ਅਫ਼ਸਰਸ਼ਾਹੀ ਖ਼ੁਸ਼ ਹੈ। ਉਹਨਾਂ ਕੋਲ ਬੈਂਕ ਦੇ ਚੋਰ ਦਰਵਾਜਿਆਂ ਰਾਹੀਂ ਹਜ਼ਾਰਾਂ ਲੱਖਾਂ ਦੇ ਨਵੇਂ ਨੋਟ ਆ ਜਾਂਦੇ ਹਨ। ਇਸ ਨੋਟ-ਬੰਦੀ ਨਾਲ ਮੱਧਵਰਗੀ, ਹੇਠਲਾ ਮੱਧਵਰਗੀ ਬਣ ਗਿਆ ਹੈ। ਹੇਠਲਾ ਮੱਧਵਰਗੀ ਗਰੀਬ ਬਣ ਗਿਆ ਹੈ ਅਤੇ ਗਰੀਬ ਕੰਗਾਲ ਬਣ ਗਿਆ।ਦੇਸ਼ ਵਿਚ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ। ਬੇਰੋਜ਼ਗਾਰੀ ਵਿੱਚ ਵਾਧਾ ਹੋ ਰਿਹਾ ਹੈ। ਨੌਜਵਾਨ ਹੋਰ ਪ੍ਰੇਸ਼ਾਨ ਹੋ ਗਏ ਹਨ। ਜੁਰਮ ਵਧ ਰਹੇ ਹਨ। ਕੁਰਪਸ਼ਨ ਪਹਿਲਾਂ ਨਾਲੋਂ ਵਧ ਗਈ ਹੈ। ਛੋਟੇ ਛੋਟੇ ਬੱਚਿਆਂ ਨੇ ਵੀ ਹੇਰਾਫੇਰੀ ਸਿੱਖ ਲਈ ਹੈ। ਅਖੇ ਦੋ ਹਜ਼ਾਰ ਦੇ ਨੋਟ ਦੇ ਬਦਲੇ ਸਤਾਰਾਂ ਅਠਾਰਾਂ ਸੌ ਮਿਲ ਰਹੇ ਹਨ। ਹੇਠਲੇ ਪੱਧਰ ਉੱਤੇ ਵੀ ਕਮਿਸ਼ਨ ਦਾ ਧੰਦਾ ਚੱਲ ਪਿਆ ਹੈ। ਜ਼ਮੀਨੀ ਪੱਧਰ ਉੱਤੇ ਜੁ਼ਰਮ ਵਧ ਰਹੇ ਹਨ। ਇਹ ਹਨ ਨੋਟ-ਬੰਦੀ ਦੇ ਨਤੀਜੇ ਅਤੇ ਬੈਂਕਾਂ ਵਿੱਚੋਂ ਆਪਣੇ ਪੈਸੇ ਵੀ ਨਾ ਕਢਵਾ ਸਕਣ ਦੇ ਨਤੀਜੇ।

ਇਹ ਸੰਸਾਰ ਵਿਚ ਕਿਤੇ ਨਹੀਂ ਸੁਣਿਆ ਕਿ ਤੁਸੀਂ ਆਪਣੇ ਬੈਂਕ ਵਿਚ ਪਏ ਪੈਸੇ ਨਹੀਂ ਕਢਵਾ ਸਕਦੇ। ਕੀ ਹੁਣ ਕੋਈ ਆਪਣਾ ਬੈਂਕ ਵਿੱਚੋਂ ਅਕਾਉਂਟ ਬੰਦ ਕਰਕੇ ਪੈਸੇ ਨਹੀਂ ਲਏ ਜਾ ਸਕਦੇ? ਬੈਂਕ ਵਿਚ ਨਕਦ ਪੈਸੇ ਕਢਵਾਉਣ ਦਾ ਰਾਸ਼ਨਿੰਗ ਕਿਉਂ? ਸੱਠਵਿਆਂ ਸੱਤਰ੍ਹਵਿਆਂ ਵਿਚ ਕਣਕ ਦਾ ਆਟਾ ਵੀ ਰਾਸ਼ਨ ਕਾਰਡਾਂ ਉੱਤੇ ਮਿਲਦਾ ਸੀ। ਉਹ ਵੀ ਮੈਕਸੀਕਨ। ਲਾਲ ਰੰਗ ਦਾ ਆਟਾ। ਚੀਨੀ ਤੇ ਮਿੱਟੀ ਦਾ ਤੇਲ ਤਾਂ ਭਲਾ ਹੁਣ ਤੱਕ ਵੀ ਲੋਕ ਰਾਸ਼ਨ ਕਾਰਡਾਂ ਉੱਤੇ ਲੈਂਦੇ ਰਹੇ ਹਨ।

ਸੱਤਰ੍ਹਾਂ ਸਾਲਾਂ ਤੋਂ ਗਰੀਬਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਸੁਣ ਰਹੇ ਹਾਂ। ਇੰਦਰਾ ਗਾਂਧੀ ਦਾ ਗਰੀਬੀ ਹਟਾਓ ਦਾ ਨਾਹਰਾ ਬੜਾ ਮਕਬੂਲ ਹੋਇਆ ਸੀ। ਲਾਲੂ ਤਾਂ ਸਿੱਧਾ ਹੀ ਗਰੀਬਾਂ ਦੀ ਰੈਲੀ ਕਰਦਾ ਰਿਹਾ ਹੈ। ਜ਼ਮੀਨਾਂ ਜਾਇਦਾਦਾਂ ਵਾਲੇ ਧਨ ਕੁਬੇਰ ਸਿਆਸੀ ਆਗੂਆਂ ਨੂੰ ਗਰੀਬਾਂ ਨੂੰ ਸਾਈਕਲ ਵੰਡਣ, ਕੰਬਲ ਵੰਡਣ, ਸੂਟ ਵੰਡਣ, ਦਾਲਾਂ ਵੰਡਣ ਦਾ ਪੁੰਨ ਕਰਨ ਵੇਲੇ ਕਿੰਨਾ ਲੁਤਫ ਆਉਂਦਾ ਹੋਵੇਗਾ, ਇਹ ਉਹੀ ਜਾਣਦੇ ਹਨ। ਗਰੀਬ ਹੱਥ ਅੱਡਦੇ ਰਹਿਣ ਅਤੇ ਇਹ ਦੇਸ਼ ਦੇ ਚੌਧਰੀ ਦਾਨਵੀਰ ਹੋਣ ਦਾ ਆਨੰਦ ਮਾਣਦੇ ਰਹਿਣ। ਸਿਆਸੀ ਪਾਰਟੀਆਂ ਕੋਲ ਵੀਹ ਹਜ਼ਾਰ ਤੱਕ ਪੁਰਾਣੇ ਨੋਟ ਫੰਡ ਦੇ ਤੌਰ ਉੱਤੇ ਜਮ੍ਹਾਂ ਕਰਵਾਏ ਜਾ ਸਕਦੇ ਹਨ, ਜਿਹਨਾਂ ਦੇ ਸਰੋਤਾਂ ਬਾਰੇ ਕੋਈ ਪੁੱਛ ਪੜਤਾਲ ਨਹੀਂ ਕੀਤੀ ਜਾਵੇਗੀ। ਸ਼ਾਬਾਬ਼! ਬਹੁਤ ਚੰਗਾ ਫੈਸਲਾ ਹੈ। ਸਿਆਸੀ ਪਾਰਟੀਆਂ ਸਾਡੇ ਦੇਸ਼ ਦੇ ਲੋਕਾਂ ਤੋਂ ਉੱਤੇ ਹਨ। ਲੋਕ ਵਿਚਾਰੇ ਕੀ ਹਨ? ਇਹ ਤਾਂ ਸਿਰਫ ਵੋਟਾਂ ਹਨ। ਵੋਟਾਂ ਦਾ ਕੀ ਹੈ। ਇਹ ਤਾਂ ਧੰਨ ਦੌਲਤ ਦੇ ਕੇ ਜਾਂ ਡਰਾ ਧਮਕਾ ਕੇ ਦਬਕੇ-ਸ਼ਬਕੇ ਨਾਲ ਲਈਆਂ ਜਾ ਸਕਦੀਆਂ ਹਨ।

ਮੋਦੀ ਸਾਹਿਬ ਨੇ ਆਪਣੇ ਵਜ਼ੀਰਾਂ, ਐੱਮ.ਪੀਜ਼, ਐੱਮ.ਐੱਲ.ਏਜ਼ ਨੂੰ ਹੁਕਮ ਕੀਤਾ ਹੈ ਕਿ ਉਹ ਹੇਠਲੇ ਪੱਧਰ ਉੱਤੇ ਲੋਕਾਂ ਨਾਲ ਰਾਬਤਾ ਕਰਕੇ ਵੇਖਣ ਕਿ ਅਸਲ ਹਾਲਤ ਕੀ ਹੈ? ਵਾਹ ਬਈ ਵਾਹ ਮੋਦੀ ਸਾਹਿਬ! ਹੁਣ ਮੋਦੀ ਸਾਹਿਬ ਨੂੰ ਲੋਕਾਂ ਦੇ ਹਾਲਾਤ ਦਾ ਵੀ ਨਹੀਂ ਪਤਾ। ਮੋਦੀ ਸਾਹਿਬ ਹੁਣ ਤਾਂ ਚਾਏ ਵਾਲਾ ਵਰਗੇ ਵੀ ਕਰੋੜਾਂ ਵਿਚ ਖੇਡਦੇ ਹਨ। ਸੂਰਤ ਦਾ ਭੂਜੀਆ ਵਾਲਾ, ਚਾਏ ਵਾਲਾ ਹੁਣ ਆਪਣਾ ਇਕ ਮੰਦਰ ਬਣਾ ਕੇ ਸੋਨੇ-ਚਾਂਦੀ ਅਤੇ ਨਵੇਂ ਨੋਟਾਂ ਦੇ ਕਮਿਸ਼ਨ ਦਾ ਧੰਦਾ ਕਰਦਾ ਹੈ। ਸੋ ਮੋਦੀ ਸਾਹਿਬ ਹੁਣ ਚਾਏ ਵਾਲਾ ਉਹ ਚਾਏ ਵਾਲਾ ਨਹੀਂ ਰਿਹਾ, ਜਿਹੜਾ ਤੁਰਦੀ ਗੱਡੀ ਵੇਲੇ ਵੀ ਨਾਲ ਨਾਲ ਦੌੜ ਕੇ ਕਸੋਰਿਆਂ ਵਿਚ ਸਵਾਰੀਆਂ ਨੂੰ ਚਾਹ ਫੜਾਉਂਦਾ ਸੀ। ਇਹ ਸਾਰੀਆਂ ‘ਬਰਕਤਾਂ’ ਸਾਡੇ ਦੇਸ਼ ਦੀ ਵਿਵਸਥਾ ਵਿਚ ਪਈਆਂ ਹਨ। ਐਥੇ ਕੋਈ ਵੀ ਸਾਈਕਲਾਂ ਨੂੰ ਪੈਂਚਰ ਲਾਉਂਦਾ ਲਾਉਂਦਾ ਅਰਬਾਂਪਤੀ ਬਣ ਸਕਦਾ ਹੈ। ਜਾਂ ਕੋਈ ਬਾਪੂ ਬਣ ਕੇ ਧਰਮ ਦਾ ਬੁਰਕਾ ਪਾ ਕੇ ਆਸੂ ਤੋਂ ਬਾਪੂ ਆਸਾ ਰਾਮ ਬਣ ਸਕਦਾ ਹੈ। ਜਾਂ ਕੋਈ ਯੋਗਾ ਸਿਖਾਉਂਦਾ ਸਿਖਾਉਂਦਾ ਦੇਸ਼ ਦਾ ਵੱਡਾ ਵਪਾਰੀ ਬਣ ਸਕਦਾ ਹੈ। ਹਵਾਈ ਜਹਾਜ਼ਾਂ ਵਿਚ ਝੂਟੇ ਲੈ ਸਕਦਾ ਹੈ। ਸੰਸਾਰ ਦੇ ਪਹਿਲੇ ਦਸ ਅਮੀਰਾਂ ਵਿਚ ਗਿਣੇ ਜਾਣ ਦੇ ਸੁਪਨੇ ਲੈ ਸਕਦਾ ਹੈ।

ਸਾਡੇ ਦੇਸ਼ ਦੇ ਸਾਰੇ ਟੀ.ਵੀ. ਚੈਨਲਾਂ, ਜਿਨ੍ਹਾਂ ਪਹਿਲਾਂ 2014 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਮੋਦੀ ਸਾਹਿਬ ਨੂੰ ਖੂਬ ਉਭਾਰ ਕੇ ਦੇਸ਼ ਦਾ ਨਾਇਕ ਬਣਾ ਕੇ ਜਿਤਾਇਆ ਸੀ, ਉਹੀ ਚੈਨਲ ਹੁਣ ਪੂਰੇ ਭਾਰਤ ਵਿਚ ਲੋਕਾਂ ਦੀਆਂ ਲਾਈਨਾਂ ਦਿਖਾ ਰਹੇ ਹਨ। ਮੌਤਾਂ, ਲੜਾਈਆਂ ਝਗੜੇ, ਬੈਂਕ ਨੂੰ ਤਾਲੇ, ਬੈਂਕਾਂ ਉੱਤੇ ਪਥਰਾਓ, ਭੰਨ ਤੋੜ ਕਰਨ ਦੇ ਦ੍ਰਿਸ਼ ਮੋਦੀ ਸਾਹਿਬ ਕਦੇ ਸ਼ਾਮ ਨੂੰ ਵਿਹਲ ਕੱਢ ਕੇ ਦੇਖ ਲਿਆ ਕਰੋ। ਨੋਟ-ਬੰਦੀ ਦੀ ਸੱਭ ਤੋਂ ਵੱਧ ਹਮਾਇਤ ਕਰਨ ਵਾਲੇ ਚੈਨਲ ‘ਜ਼ੀ ਨਿਊਜ਼’ ਨੂੰ ਹੁਣ ਨੋਟ-ਬੰਦੀ ਦੀ ਨਿਖੇਧੀ ਕਰਨੀ ਪੈ ਰਹੀ ਹੈ, ਭਾਵੇਂ ਘੁਮਾ ਫਿਰਾ ਕੇ ਹੱਕ ਵਿਚ ਬੋਲਦਾ ਹੈ।ਨਿਰਪੱਖ ਰਹਿਣ ਦਾ ਦਿਖਾਵਾ ਕਰਦਾ ਹੈ। ਇਸੇ ਤਰ੍ਹਾਂ ਇੰਡੀਅਨ ਐਕਸਪ੍ਰੈੱਸ ਦੀ ਪੱਤਰਕਾਰ ਤਵਲੀਨ ਸਿੰਘ ਜਿਹੜੀ ਬੀ.ਜੇ.ਪੀ. ਅਤੇ ਮੋਦੀ ਭਗਤ ਸੀ, ਨੂੰ ਵੀ ਹੁਣ ਨੋਟ-ਬੰਦੀ ਦੇ ਵਿਰੁੱਧ ਬੋਲਣਾ ਪੈ ਰਿਹਾ ਹੈ। ਨੋਟ-ਬੰਦੀ ਸਬੰਧੀ ਵਿਸ਼ਲੇਸ਼ਣ ਕਰਨ ਹਿਤ ਬਣਾਈ ਗਈ ਕਮੇਟੀ ਦਾ ਮੁੱਖੀ ਚੰਦਰ ਬਾਬੂ ਨਾਇਡੂ ਵੀ ਹੁਣ ਨੋਟ-ਬੰਦੀ ਖਿਲਾਫ ਹੋ ਗਿਆ ਹੈ।

ਭਾਰਤ ਦੇ ਲੋਕ ਪਹਿਲਾਂ ਨਾਲੋਂ ਕਿਤੇ ਵੱਧ ਇਸ ਨੋਟ-ਬੰਦੀ ਨੇ ਜਾਗ੍ਰਤ ਕਰ ਦਿੱਤੇ ਹਨ। ਸਿਆਸੀ ਤੌਰ ਉੱਤੇ ਵੀ ਅਤੇ ਆਰਥਿਕਤਾ ਤੌਰ ਉੱਤੇ ਵੀ। ਸਾਧਾਰਣ ਲੋਕ ਦੋਸਤ-ਦੁਸ਼ਮਣ ਦੀ ਪਹਿਚਾਨ ਕਰ ਰਹੇ ਹਨ। ਮੋਦੀ ਅਤੇ ਰਾਹੁਲ ਦੀ ਕਿਸਾਨਾਂ ਹਿਤਾਂ ਦੇ ਪੱਜ ਮੁਲਾਕਾਤ ਦਰਸਾਉਂਦੀ ਹੈ ਕਿ ਸੱਭ ਇਕ ਹਨ। ਕਿਸਾਨਾਂ ਦਾ ਕਿਸੇ ਨੂੰ ਕੋਈ ਦਰਦ ਨਹੀਂ। ਇਹੋ ਮੋਦੀ ਜਿਹੜਾ ‘ਕਿਸਾਨ ਕਿਸਾਨ’ ਕਰਦਾ ਨਹੀਂ ਸੀ ਥੱਕਦਾ, ਇਹੋ ਹੁਣ ਬਾਹਰੋਂ ਕਣਕ ਮੰਗਵਾਉਣ ਲਈ ਟੈਕਸ ਹਟਾ ਰਿਹਾ ਹੈ। ਬਾਹਰੋਂ ਕਣਕ ਕਿਉਂ ਮੰਗਵਾਈ ਜਾ ਰਹੀ ਹੈ ਜਦੋਂ ਸਾਡੇ ਹੀ ਅੰਬਾਰਾਂ ਦੇ ਅੰਬਾਰ ਲੱਗ ਰਹੇ ਹਨ ਅਤੇ ਸਟੋਰਾਂ ਵਿਚ ਗਲ਼ ਸੜ ਰਹੀ ਹੈ। ਖੁੱਲ੍ਹੇ ਅਸਮਾਨ ਵਿਚ ਰੁਲ਼ ਰਹੀ ਹੈ। ਜਿਹੜਾ ਰਾਹੁਲ ਗਾਂਧੀ ਕਹਿੰਦਾ ਨਹੀਂ ਥੱਕਦਾ ਕਿ ਜੇ ਉਸ ਨੂੰ ਪਾਰਲੀਮੈਂਟ ਵਿਚ ਬੋਲਣ ਦਿੱਤਾ ਗਿਆ ਤਾਂ ਮੋਦੀ ਦੀ ਜਾਤੀ ਕੁਰੱਪਸ਼ਨ ਨੰਗੀ ਕਰਨ ਨਾਲ ਦੇਸ਼ ਵਿਚ ਭੁਚਾਲ ਆ ਜਾਵੇਗਾ, ਉਹ ਚੁੱਪਚਾਪ ਬੈਠਾ ਕਿਸਾਨਾਂ ਦੀ ਗੱਲ ਕਰ ਆਇਆ। ਨੋਟ-ਬੰਦੀ ਬਾਰੇ ਮੂੰਹ ਨੂੰ ਛਿੱਕਲੀ ਕਿਉਂ ਲੱਗ ਗਈ ਸੀ। ਅਸਲ ਵਿਚ ਇਨ੍ਹਾਂ ਸਾਰੀਆਂ ਲੋਕ-ਦੋਖ਼ੀ ਪਾਰਟੀਆਂ ਦੇ ਚਿਹਰੇ ਇਸ ਨੋਟ-ਬੰਦੀ ਨੇ ਨੰਗੇ ਕਰ ਦਿੱਤੇ ਹਨ। ਕੋਈ ਵਜ਼ੀਰ, ਕੋਈ ਪਾਰਲੀਮੈਂਟ ਮੈਂਬਰ, ਅਸੈਂਬਲੀ ਮੈਂਬਰ, ਮੁੱਖ ਮੰਤਰੀ, ਅਡਾਨੀ, ਅੰਬਾਨੀ, ਅਫ਼ਸਰ ਭਲਾ ਲਾਈਨ ਵਿਚ ਲੱਗ ਕੇ ਕੈਸ਼ ਕਿਉਂ ਨਹੀਂ ਲੈਂਦੇ? ਇਹਨਾਂ ਦਾ ਪੈਸਿਆਂ ਬਿਨਾਂ ਕਿਵੇਂ ਸਰਦਾ ਹੈ?

ਜਾਪਦਾ ਹੈ ਕਿ ਸਾਡੇ ਦੇਸ਼ ਦੇ ਕਰਤਿਆਂ ਧਰਤਿਆਂ ਰਾਹੀਂ ਅਮਰੀਕਾ ਦੀ ਸੀ.ਆਈ.ਏ. ਸਾਡੇ ਦੇਸ਼ ਵਿਚ ਪੂਰੀ ਤਰ੍ਹਾਂ ਸਤਰਕ ਹੈ। ਕੋਈ ਸਮਾਂ ਸੀ ਜਦੋਂ ਸਾਡੇ ਦੇਸ਼ ਵਿਚ ਨਾਅਰੇ ਲਗਦੇ ਸਨ “ਸੀ.ਆਈ.ਏ. ਦਾ ਖੂੰਨੀ ਪੰਜਾ ... ਤੋੜ ਦਿਆਂਗੇ, ਮਰੋੜ ਦਿਆਂਗੇ ...।” ਪਰ ਇਸ ਖੂਨੀ ਪੰਜੇ ਨੇ ਸਾਡੇ ਭਾਰਤ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿਚ ਲੈ ਰਿਹਾ ਹੈ। ਜਿਵੇਂ ਸੋਵੀਅਤ ਦੇਸ਼ ਨੂੰ ਤੋੜਣ ਵੇਲੇ ਉੱਥੋਂ ਦੇ ਆਗੂ ਗੋਰਵਾਚੋਵ ਨੂੰ ‘ਵੀਹਵੀਂ ਸਦੀ ਦਾ ਮਨੁੱਖ’ ਆਖ ਕੇ ਵਡਿਆਇਆ ਗਿਆ ਸੀ, ਠੀਕ ਉਸੇ ਤਰ੍ਹਾਂ ਮੋਦੀ ਸਾਹਿਬ ਨੂੰ ‘ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ’ ਕਹਿ ਕੇ ਵਡਿਆਉਣਾ ਸੁੱਖ-ਹੱਥਾ ਨਹੀਂ ਹੈ।

ਸੰਸਾਰ ਭਰ ਦੀ ਆਰਥਕਤਾ ਨੂੰ ਅਮਰੀਕਾ ਦਾ ਪ੍ਰਾਈਵੇਟ ਫੈਡਰਲ ਰਿਜ਼ਰਵ ਬੈਂਕ ਕੰਟਰੋਲ ਕਰਦਾ ਹੈ। ਇਸ ਬੈਂਕ ਦੀ ਅਮਰੀਕਾ ਸਰਕਾਰ ਵੀ ਕਰਜ਼ਦਾਰ ਹੈ। ਸੰਸਾਰ ਦਾ ਅਰਥਚਾਰਾ ਇਸੇ ਬੈਂਕ ਨਾਲ ਜੁੜਿਆ ਹੋਇਆ ਹੈ। ਇਹੋ ਸਾਰੇ ਸੰਸਾਰ ਦੀ ਆਰਥਿਕਤਾ ਨੂੰ ਆਪਣੇ ਆਲੇ ਦੁਆਲੇ ਨਚਾ ਰਿਹਾ ਹੈ। ਯੂਰਪੀਨ ਦੇਸ਼ ਅਤੇ ਬ੍ਰਿਕਸ ਕੋਸ਼ਿਸ਼ ਕਰਦੇ ਹਨ ਕਿ ਉਹ ਇਸ ਦੇ ਚੁੰਗਲ ਵਿੱਚੋਂ ਨਿਕਲਣ। ਸੰਸਾਰ ਦੀ ਸਾਰੀ ਸਿਆਸਤ ਅਸਲ ਇਸੇ ਪੈਸੇ ਧੇਲੇ ਦੀ ਆਰਥਿਤਾ ਨਾਲ ਜੁੜੀ ਹੋਈ ਹੈ। ਇਸੇ ਦੇ ਜਫ਼ੇ ਵਿੱਚੋਂ ਨਿਕਲਕੇ ਸਵੈ-ਨਿਰਭਰ ਹੋਣ ਨੂੰ ਤਰਜੀਹ ਦੇਣੀ ਚਾਹੀਦੀ ਹੈ।
*****

(539)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)