RameshSethi7ਪੈਸੇ ਵਾਲੇ ਅਤੇ ਫੁਕਰੇ ਲੋਕ ਹੀ ਦਿਖਾਵਾ ਕਰਨ ਲਈ ਵਿਆਹ ਵਿੱਚ ਅਸਲਾ ਲੈਕੇ ਜਾਂਦੇ ਹਨ ...
(18 ਦਸੰਬਰ 2016)

 

Kulwinder1ਆਤਮ ਰੱਖਿਆ ਲਈ ਅਸਲਾ ਰੱਖਣਾ ਕੋਈ ਗੁਨਾਹ ਨਹੀਂ ਹੈ। ਅਸਲਾ ਬਣਿਆ ਕਿਸ ਲਈ ਹੈ, ਸਿਰਫ ਰੱਖਿਆ ਲਈ। ਰੱਖਿਆ ਚਾਹੇ ਦੇਸ਼ ਦੀ ਸਰਹੱਦ ਦੀ ਹੋਵੇ, ਜੋ ਸਾਡੇ ਫੌਜੀ ਜਵਾਨ ਕਰਦੇ ਹਨ, ਚਾਹੇ ਅੰਦਰੂਨੀ ਸੁਰੱਖਿਆ ਦੀ ਗੱਲ ਹੋਵੇ ਜਿਸ ਲਈ ਸਾਡਾ ਪੁਲਸ ਮਹਿਕਮਾ ਹੈ। ਮਾੜੇ ਅਨਸਰ ਹਰ ਥਾਂ ਹੁੰਦੇ ਹਨ, ਇਸ ਲਈ ਨਿੱਜੀ ਸੁਰੱਖਿਆ ਲਈ ਵੀ ਅਸਲੇ ਦੀ ਲੋੜ ਪੈਂਦੀ ਹੈ। ਲੋਕ ਨੇਤਾਵਾਂ ਦੇ ਮਗਰ ਪੈ ਕੇ ਅਸਲੇ ਦੇ ਲਾਈਸੈਂਸ ਬਣਾਉਂਦੇ ਹਨ, ਬੰਦੂਕ, ਰਾਈਫਲ ਤੇ ਰਿਵਾਲਵਰ ਦੇ। ਪੁਲਿਸ ਦੇ ਹੱਥ ਫੜਿਆ ਅਸਲਾ ਵੀ ਕਈ ਵਾਰੀ ਕੋਈ ਨਾ ਕੋਈ ਗੁਨਾਹ ਕਰ ਦਿੰਦਾ ਹੈ। ਝੂਠੇ ਮੁਕਾਬਲਿਆਂ ਦੀਆਂ ਗੱਲਾਂ ਆਮ ਕਰਕੇ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ।

ਘਰ ਵਿੱਚ ਪਿਆ ਅਸਲਾ ਜੇ ਵੇਲੇ ਕੁਵੇਲੇ ਮਾੜੇ ਅਨਸਰਾਂ ਤੋਂ ਰੱਖਿਆ ਕਰਦਾ ਹੈ ਤਾਂ ਬਹੁਤ ਵਾਰੀ ਨੁਕਸਾਨ ਵੀ ਕਰਦਾ ਹੈ। ਗੁੱਸਾ ਇਨਸਾਨੀ ਫਿਤਰਤ ਹੈ। ਅਤੇ ਅਮੀਰ ਆਦਮੀ ਨੂੰ ਗੁੱਸਾ ਆਉਂਦਾ ਵੀ ਜ਼ਿਆਦਾ ਹੈ। ਜੇ ਆਤਮ ਹੱਤਿਆਵਾਂ ਦੇ ਅੰਕੜਿਆਂ ਵੱਲ ਨਿਗਾਹ ਮਾਰੀਏ ਤਾਂ ਆਪਣੇ ਹੀ ਅਸਲੇ ਨਾਲ ਮਰਨ ਵਾਲਿਆਂ ਦੀ ਗਿਣਦੀ ਕਿਤੇ ਜ਼ਿਆਦਾ ਹੁੰਦੀ ਹੈ। ਇਸ ਤਰ੍ਹਾਂ ਬਹੁਤ ਵਾਰੀ ਆਪਣੇ ਕਰੀਬੀ ਰਿਸ਼ਤੇਦਾਰਾਂ ਤੇ ਸਕਿਆਂ ਸਬੰਧੀਆਂ ਦੀ ਹੱਤਿਆ ਵੀ ਆਪਣੀ ਹੀ ਗੋਲੀ ਨਾਲ ਕੀਤੀ ਜਾਂਦੀ ਹੈ। ਮਾਂ ਪਿਉ ਪੁੱਤ ਧੀ ਭੈਣ ਭਰਾ ਦੇ ਕਤਲ ਵੀ ਖੁਦ ਦੇ ਹਥਿਆਰ ਵਿੱਚੋਂ ਨਿਕਲੀ ਗੋਲੀ ਨਾਲ ਜ਼ਿਆਦਾ ਹੁੰਦੇ ਹਨ। ਪਰ ਫਿਰ ਵੀ ਅਸਲਾ ਰੱਖਣਾ ਸ਼ਾਨ ਦਾ ਪ੍ਰਤੀਕ ਬਣ ਚੁੱਕਿਆ ਹੈ। ਹੋ ਸਕਦਾ ਹੈ ਦੂਜੇ ਇਲਾਕਿਆਂ ਦੀ ਬਜਾਇ ਬਠਿੰਡੇ ਦੇ ਲੋਕਾਂ ਦਾ ਇਹ ਸ਼ੌਕ ਕੁਝ ਜ਼ਿਆਦਾ ਹੀ ਹੋਵੇਪਰ ਘੱਟ ਕੋਈ ਵੀ ਨਹੀਂ ਹੈ ਹਰ ਇਲਾਕੇ ਅਤੇ ਹਰ ਬਰਾਦਰੀ ਦੇ ਲੋਕ ਅਸਲਾ ਰੱਖਣਾ ਆਪਣੀ ਸ਼ਾਨ ਸਮਝਦੇ ਹਨ।

ਕੁਝ ਹੱਦ ਤੱਕ ਅਸਲਾ ਰੱਖਣਾ ਜੇ ਸਿਆਣਪ ਹੈ ਤਾਂ ਫੁਕਰਾਪਣ ਵੀ ਹੈ। ਲੋਕ ਦੂਜਿਆਂ ਉੱਤੇ ਰੋਹਬ ਪਾਉਣ ਲਈ, ਆਪਣੇ ਆਪ ਨੂੰ ਵੱਡਾ ਵਿਖਾਉਣ ਲਈ ਅਤੇ ਆਪਣੀ ਉੱਚੀ ਪਹੁੰਚ ਦਾ ਇਜ਼ਹਾਰ ਕਰਨ ਲਈ ਵੀ ਅਸਲਾ ਰੱਖਦੇ ਹਨ। ਪੈਸੇ ਦਾ ਨਸ਼ਾ ਤਾਂ ਉਂਜ ਹੀ ਹੁੰਦਾ ਹੈ ਫਿਰ ਹੱਥ ਵਿੱਚ ਫੜਿਆ ਅਸਲਾ ਬੰਦੇ ਦੀ ਮੱਤ ਮਾਰ ਦਿੰਦਾ ਹੈ। ਦਿਮਾਗ ਵਿੱਚ ਵੱਖਰਾ ਹੀ ਫਤੂਰ ਭਰ ਦਿੰਦਾ ਹੈ।

ਵਿਆਹ ਸ਼ਾਦੀਆਂ ਦੇ ਮੌਕਿਆਂ ’ਤੇ ਅਸਲਾ ਨਾਲ ਲੈ ਕੇ ਜਾਣਾ ਉਸ ਜ਼ਮਾਨੇ ਵਿੱਚ ਤਾਂ ਜਾਇਜ਼ ਸੀ ਜਦੋਂ ਬਰਾਤਾਂ ਨੂੰ ਰਾਹ ਵਿੱਚ ਹੀ ਲੁੱਟ ਲਿਆ ਜਾਂਦਾ ਸੀ। ਢਾਕੂ ਗਹਿਣੇ ਗੱਟਿਆਂ ਦੇ ਨਾਲ ਡੋਲੀ ਵੀ ਲੁੱਟਕੇ ਲੈ ਜਾਂਦੇ ਸਨ। ਕਈ ਵਾਰੀ ਵਿਆਹ ਸ਼ਾਦੀ ਸਮੇਂ ਹੁੰਦੀ ਜ਼ੋਰ ਜ਼ਬਰਦਸਤੀ ਨੂੰ ਰੋਕਣ ਲਈ ਵੀ ਅਸਲੇ ਦੀ ਲੋੜ ਪੈਂਦੀ ਸੀ ਪਰ ਅੱਜ ਕੱਲ ਇਹ ਕੰਮ ਨਹੀਂ ਹੁੰਦੇਪੈਸੇ ਵਾਲੇ ਅਤੇ ਫੁਕਰੇ ਲੋਕ ਹੀ ਦਿਖਾਵਾ ਕਰਨ ਲਈ ਵਿਆਹ ਵਿੱਚ ਅਸਲਾ ਲੈਕੇ ਜਾਂਦੇ ਹਨ। ਫਿਰ ਸ਼ਰਾਬ ਅਤੇ ਸੱਤਾ ਦੇ ਨਸ਼ੇ ਵਿੱਚ ਧੁੱਤ ਹੋ ਕੇ ਫਾਇਰ ਕਰਨਾ ਆਪਣੀ ਸ਼ਾਨ ਸਮਝਦੇ ਹਨ। ਕੋਈ ਨੱਚਣ ਵਾਲੀ,ਕੋਈ ਗਰੀਬ ਵੇਟਰ ਜਾ ਕੋਈ ਮਜ਼ਦੂਰ ਇਹਨਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਵਾਰੀ ਤਾਂ ਕੋਈ ਕਰੀਬੀ ਰਿਸ਼ਤੇਦਾਰ ਇਹਨਾਂ ਦੇ ਫਾਇਰ ਨਾਲ ਸਦਾ ਦੀ ਨੀਂਦ ਸੌ ਜਾਂਦਾ ਹੈ ਤੇ ਇਸ ਤਰ੍ਹਾਂ ਵਿਆਹ ਦੇ ਰੰਗ ਵਿੱਚ ਭੰਗ ਪੈ ਜਾਂਦੀ ਹੈ।

ਹਾਲ ਹੀ ਵਿੱਚ ਬਠਿੰਡਾ ਜ਼ਿਲ੍ਹੇ ਦੇ ਕਸਬੇ ਮੌੜ ਮੰਡੀ ਵਿੱਚ ਬਰਾਤੀ ਦੀ ਗੋਲੀ ਲੱਗਣ ਨਾਲ ਹੋਈ ਇਕ ਡਾਂਸਰ ਦੀ ਮੌਤ ਨੇ ਹਰ ਸ਼ਖਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਅੱਜ ਦੀ ਪੀੜ੍ਹੀ ਕਿੱਧਰ ਜਾ ਰਹੀ ਹੈ। ਉਹ ਡਾਂਸਰ, ਜੋ ਗਰਭਵਤੀ ਹੋਣ ਦੇ ਬਾਵਜੂਦ ਨੱਚ ਕੇ ਆਪਣੇ ਪਰਿਵਾਰ ਦਾ ਢਿੱਡ ਭਰਨ ਦੀ ਕੋਸ਼ਿਸ਼ ਕਰ ਰਹੀ ਸੀ, ਕਿਸੇ ਅਮੀਰ ਤੇ ਫੁਕਰੇ ਦੀ ਗੋਲੀ ਦਾ ਸ਼ਿਕਾਰ ਹੋ ਗਈ। ਇਹ ਠੀਕ ਹੈ ਕਿ ਉਸ ਮਜਬੂਰ ਔਰਤ ਨੂੰ, ਜੋ ਆਪਣੀ ਰੋਜ਼ੀ ਰੋਟੀ ਦਾ ਜੁਗਾੜ ਕਰਦੀ ਹੋਈ ਇਸ ਸੰਸਾਰ ਤੋਂ ਚਲੀ ਗਈ, ਵਾਪਿਸ ਤਾਂ ਨਹੀਂ ਲਿਆਂਦਾ ਜਾ ਸਕਦਾ ਪਰ ਸਮਾਜ ਵਿੱਚ ਫੈਲੀ ਇਸ ਸ਼ਰਾਬ ਅਤੇ ਅਸਲੇ ਦੀ ਦੁਰਵਰਤੋਂ ਬਾਰੇ ਸੋਚਣਾ ਸਮਾਜ ਅਤੇ ਸਰਕਾਰ ਲਈ ਜ਼ਰੂਰੀ ਹੋ ਗਿਆ ਹੈ। ਆਮ ਤੌਰ ’ਤੇ ਅਜਿਹੇ ਫੁਕਰੇ ਕੰਮਾਂ ਲਈ ਜੱਟਾਂ ਤੇ ਜਾਟਾਂ ਨੂੰ ਹੀ ਦੋਸ਼ੀ ਗਰਦਾਨਿਆ ਜਾਂਦਾ ਹੈ ਪਰ ਇਸ ਘਟਨਾ ਦੇ ਦੋਸ਼ੀ ਤਾਂ ਉਸ ਕੌਮ ਦੇ ਸਨ, ਜਿਸ ਨੂੰ ਸਾਡਾ ਸਮਾਜ ਸਿਆਣੇ ਅਤੇ ਸਮਝਦਾਰ ਲੋਕ ਕਹਿੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਇਹ ਫੁਕਰਾਪਣ ਕੌਮਾਂ ਮਜ਼ਹਬਾਂ ਅਤੇ ਕਿਸੇ ਖਾਸ ਇਲਾਕੇ ਦਾ ਮੁਥਾਜ ਨਹੀਂ ਹੈ। ਇਸ ਵਿਸ਼ੇ ਤੇ ਸਿਆਣਪ ਨਾਲ ਸੋਚਣ ਦੀ ਸਖਤ ਜਰੂਰਤ ਹੈ।

*****

(533)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰਮੇਸ਼ ਸੇਠੀ ਬਾਦਲ

ਰਮੇਸ਼ ਸੇਠੀ ਬਾਦਲ

Phone: (91 - 98766 - 27233)
Email: (rameshsethibadal@gmail)