“ਇਹ ਇੱਕ ਵੱਡੀ ਸਚਾਈ ਹੈ ਕਿ ਸਮਾਂ ਆਉਣ ’ਤੇ ਪੰਜਾਬ ਹਿਤੈਸ਼ੀ ਸੋਚ ਵਾਲੇ ਲੋਕ ਹੀ ਸਿਆਸਤ ਅਤੇ ਸੇਵਾ ਵਿੱਚ ਅੱਗੇ ...”
(29 ਅਕਤੂਬਰ 2024)
ਪੰਜਾਬ ਦਾ ਦੁਖਾਂਤ ਹੀ ਸਮਝਿਆ ਜਾਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਸਾਫ਼-ਸੁਥਰੀ, ਦਿਆਨਤਦਾਰੀ ਵਾਲੀ ਸਿਆਸਤ ਦੇ ਦਿਨ ਹੀ ਪੁੱਗ ਗਏ ਹਨ। ਪੰਜਾਬ ਵਿੱਚ ਚੋਣ ਜਿੱਤਣ ਲਈ ਲਗਭਗ ਹਰੇਕ ਸਿਆਸੀ ਧਿਰ ਦਲ ਬਦਲੂ ਅਤੇ ਪਰਿਵਾਰਵਾਦ ਵਾਲੀ ਸਿਆਸਤ ਨੂੰ ਹੁਲਾਰਾ ਦੇ ਰਹੀ ਹੈ। ਮਕਸਦ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦਾ ਨਹੀਂ, ਪੰਜਾਬ ਹਿਤੈਸ਼ੀ ਸਿਆਸਤ ਕਰਨ ਦਾ ਵੀ ਨਹੀਂ, ਮਕਸਦ ਤਾਂ ਪੰਜਾਬ ਵਿੱਚ ਸਿਆਸੀ ਤਾਕਤ ਹਥਿਆਉਣ ਦਾ ਹੈ।
ਪੰਜਾਬ ਦੀਆਂ ਜ਼ਿਮਨੀ ਚੋਣਾਂ ਦੇ ਹਾਲਾਤ ਵਾਚ ਲਵੋ। ਚਾਰ ਸੀਟਾਂ, ਗਿੱਦੜਵਾਹਾ ਅਤੇ ਬਰਨਾਲਾ (ਮਾਲਵਾ), ਡੇਰਾ ਬਾਬਾ ਨਾਨਕ (ਮਾਝਾ), ਚੱਬੇਵਾਲ (ਦੁਆਬਾ) ਵਿੱਚ ਚੋਣਾਂ ਹਨ। ਅਜ਼ਾਦ ਉਮੀਦਵਾਰਾਂ ਵਿੱਚੋਂ ਬਹੁਤੇ ਸਿਆਸੀ ਪਾਰਟੀਆਂ ਤੋਂ ਰੁੱਸੇ ਹੋਏ ਹਨ। ਚਾਰੇ ਸੀਟਾਂ ਉੱਤੇ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਨੇ ਜੋ 12 ਅਧਿਕਾਰਤ ਉਮੀਦਵਾਰ ਖੜ੍ਹੇ ਕੀਤੇ ਹਨ, ਉਹਨਾਂ ਵਿੱਚੋਂ 6 ਦਲ ਬਦਲੂ, 3 ਸੰਸਦ ਮੈਂਬਰਾਂ ਦੀਆਂ ਪਤਨੀਆਂ, ਬੇਟਾ ਚੋਣ ਲੜ ਰਹੇ ਹਨ। ਪਰਿਵਾਰ ਦਾ ਸ਼ਿਕਾਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਜ਼ਿਮਨੀ ਚੋਣਾਂ ਵਿੱਚ ਮੈਦਾਨੋਂ ਭੱਜ ਤੁਰੀ ਹੈ। ਕਾਂਗਰਸ ਨੂੰ ਕੀ ਐੱਮ.ਪੀ. ਸੁਖਜਿੰਦਰ ਸਿੰਘ ਦਿ ਪਤਨੀ ਜਤਿੰਦਰ ਕੌਰ ਤੋਂ ਬਿਨਾਂ ਜਾਂ ਐੱਮ.ਪੀ. ਕਾਂਗਰਸ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਤੋਂ ਬਿਨਾਂ ਜਾਂ ਆਮ ਆਦਮੀ ਪਾਰਟੀ ਦੇ ਐੱਮ.ਪੀ. ਰਾਜ ਕੁਮਾਰ ਚੱਬੇਵਾਲ ਨੂੰ ਆਪਣੇ ਪੁੱਤਰ ਤੋਂ ਬਿਨਾਂ ਪਾਰਟੀ ਵਿੱਚ ਚੋਣ ਲੜਨ ਲਈ ਕੋਈ ਆਮ ਉਮੀਦਵਾਰ ਜਾਂ ਨੇਤਾ ਹੀ ਨਹੀਂ ਮਿਲਿਆ ਜਾਂ ਭਾਜਪਾ ਨੂੰ ਆਪਣੇ ਸਿੱਕੇਬੰਦ ਵਰਕਰਾਂ ਵਿੱਚੋਂ ਕੋਈ ਚਿਹਰਾ ਪਸੰਦ ਹੀ ਨਹੀਂ ਆਇਆ ਕਿ ਉਹ ਵਿਧਾਨ ਸਭਾ ਚੋਣ ਲੜ ਸਕੇ। ਭਾਜਪਾ ਨੇ ਤਾਂ ਲਗਭਗ ਸਾਰੀਆਂ ਸੀਟਾਂ ਉੱਤੇ ਟੇਕ ਦਲ ਬਦਲੂਆਂ ’ਤੇ ਰੱਖ ਛੱਡੀ ਹੈ। ਚੋਣਾਂ ਦੀ ਨਾਮਜ਼ਦਗੀ ਤੋਂ ਇੱਕ ਦਿਨ ਪਹਿਲਾਂ ਹੀ ਚੱਬੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ‘ਸੋਹਣ ਸਿੰਘ ਠੰਡਲ’ ਨੂੰ ਭਾਜਪਾ ਵਿੱਚ ਸ਼ਾਮਲ ਕਰਕੇ ਚੋਣ ਲੜਾਈ ਜਾ ਰਹੀ ਹੈ। ਸਿਮਰਨਜੀਤ ਸਿੰਘ ਮਾਨ ਦਾ ਦੋਹਤਰਾ ਬਰਨਾਲਾ ਤੋਂ ਗੋਬਿੰਦ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਉਮੀਦਵਾਰ ਹੈ।
ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਉੱਤੇ ਅੱਖ ਟਿਕਾਈ ਬੈਠੀ ਹੈ। ਲੋਕ ਸਭਾ ਚੋਣਾਂ ਵਿੱਚ 7 ਸੀਟਾਂ ਜਿੱਤ ਕੇ ਉਤਸ਼ਾਹਿਤ ਹੈ। ਪਾਰਟੀ ਵਿੱਚ ਸਿਰੇ ਦੀ ਧੜੇਬੰਦੀ ਹੈ। ਪਰ ਫਿਰ ਵੀ ਸਰਕਾਰੀ ਧਿਰ ਦੇ ਵਿਰੋਧ ਵਿੱਚ ਖੜ੍ਹੀ ਕਾਂਗਰਸ ਆਪਣੀ ਕਾਰਗੁਜ਼ਾਰੀ ਨੂੰ ਸੁਧਾਰਨ ਦੇ ਯਤਨ ਵਿੱਚ ਹੈ। ਪਰ ਕਾਂਗਰਸ ਦੀ ਹਾਈਕਮਾਂਡ ਜੋ ਸਾਫ਼-ਸੁਥਰੀ ਸਿਆਸਤ ਕਰਨ ਦਾ ਦਾਅਵਾ ਕਰਦੀ ਹੈ, ਉਹ ਪਰਿਵਾਰਵਾਦ ਉੱਤੇ ਟੇਕ ਰੱਖ ਕੇ ਚੋਣਾਂ ਜਿੱਤਣ ਲਈ ਆਪਣੇ ਸੂਬਾ ਪ੍ਰਧਾਨ ਰਾਜਾ ਵੜਿੰਗ ਜੋ ਪਹਿਲਾ ਵਿਧਾਨ ਸਭਾ ਮੈਂਬਰ ਸੀ ਤੇ ਫਿਰ ਐੱਮ.ਪੀ. ਚੁਣਿਆ ਗਿਆ, ਉਸ ਦੀ ਪਤਨੀ ਨੂੰ ਹੀ ਵਿਧਾਨ ਸਭਾ ਦੀ ਟਿਕਟ ਦੇਣ ਲਈ ਮਜਬੂਰ ਹੈ, ਇਹੋ ਹਾਲ ਐੱਮ.ਪੀ. ਸੁਖਜਿੰਦਰ ਸਿੰਘ ਰੰਧਾਵਾ ਦਾ ਹੈ, ਜਿਸਦੀ ਪਤਨੀ ਨੂੰ ਡੇਰਾ ਬਾਬਾ ਨਾਨਕ ਤੋਂ ਟਿਕਟ ਮਿਲੀ ਹੈ। ਕੀ ਹਾਈ ਕਮਾਂਡ ਆਮ ਵਰਕਰਾਂ ’ਤੇ ਭਰੋਸਾ ਨਹੀਂ ਕਰ ਰਹੀ? ਕੀ ਉਸ ਦੇ ਮਨ ਵਿੱਚ ਆਪਣੇ ਨੇਤਾਵਾਂ ਦੀ ਦਲ ਬਦਲੀ ਦਾ ਡਰ ਹੈ, ਜੋ ਪਰਿਵਾਰਾਂ ਵਿੱਚੋਂ ਹੀ ਟਿਕਟਾਂ ਦੀ ਚੋਣ ਕਰ ਰਹੀ ਹੈ।
ਆਮ ਆਦਮੀ ਪਾਰਟੀ ਹੁਣ ਆਮ ਲੋਕਾਂ ਦੀ ਪਾਰਟੀ ਨਹੀਂ ਰਹੀ, ਇਹ ਵੀ ਖਾਸਮ-ਖਾਸ ਪਾਰਟੀ ਬਣ ਚੁੱਕੀ ਜਾਪਦੀ ਹੈ। ਇਸ ਪਾਰਟੀ ਵਿੱਚ ਕਲਾ ਕਲੇਸ਼ ਕਾਫੀ ਹੱਦ ਤਕ ਵੱਧ ਚੁੱਕਾ ਹੈ। ਮੌਜੂਦਾ ਮੁੱਖ ਮੰਤਰੀ ਉੱਤੇ ਦਿੱਲੀ ਦੀ ਹਾਈ ਕਮਾਂਡ ਭਰੋਸਾ ਨਹੀਂ ਕਰ ਰਹੀ। ਉਮੀਦਵਾਰਾਂ ਦੀ ਚੋਣ ਉੱਪਰੋਂ ਹੁੰਦੀ ਹੈ। ਆਮ ਆਦਮੀ ਪਾਰਟੀ ਦਾ ਕਾਡਰ ਨਿਰਾਸ਼ਤਾ ਦੇ ਆਲਮ ਵਿੱਚ ਹੈ। ਫਿਰ ਵੀ ਪਾਰਟੀ, ਸਰਕਾਰੀ ਸਹਾਇਤਾ ਨਾਲ ਹਰ ਹਰਬਾ ਵਰਤ ਕੇ ਚਾਰੋਂ ਸੀਟਾਂ ਉੱਤੇ ਕਬਜ਼ਾ ਜਮਾਉਣਾ ਚਾਹੁੰਦੀ ਹੈ। ਜਿਸ ਢੰਗ ਨਾਲ ਜਲੰਧਰ ਪੱਛਮੀ ਜ਼ਿਮਨੀ ਵਿਧਾਨ ਸਭਾ ਚੋਣ ਵੇਲੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਸਾਮ-ਦਾਮ-ਦੰਡ ਦੀ ਵਰਤੋਂ ਕਰਕੇ ਸੀਟ ਹਥਿਆਈ ਸੀ, ਉਸ ਕਿਸਮ ਦਾ ਮਾਹੌਲ ਸ਼ਾਇਦ ਇਹਦਾ 4 ਜ਼ਿਮਨੀ ਚੋਣਾਂ ਵਿੱਚ ਨਾ ਬਣ ਸਕੇ। ਪਰ ਭਗਵੰਤ ਮਾਨ ਆਪਣੀ ਐੱਮ.ਪੀ. ਚੋਣ ਵੇਲੇ ਹੋਈ ਹਾਰ ਨੂੰ ਕੁਝ ਹੱਦ ਤਕ ਜਿੱਤ ਵਿੱਚ ਬਦਲਣ ਲਈ ਯਤਨ ਜ਼ਰੂਰ ਕਰੇਗਾ, ਭਾਵੇਂ ਕਿ ਇਸ ਗੱਲ ਦਾ ਖਦਸ਼ਾ ਹੈ ਕਿ ਮੁੱਖ ਮੰਤਰੀ ਵਿਰੋਧੀ ਲਾਬੀ ਉਸ ਨੂੰ ਠਿੱਬੀ ਲਾਉਣ ਦੇ ਯਤਨਾਂ ਵਿੱਚ ਹੈ ਤਾਂ ਕਿ ਉਹਨਾਂ ਤੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਮੰਗਿਆ ਜਾ ਸਕੇ। ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣ ਵਿੱਚ ਪਾਰਟੀ ਵਿੱਚ ਬਾਹਰੋਂ ਆਏ ਲੋਕਾਂ ਨੂੰ ਟਿਕਟਾਂ ਤਾਂ ਦਿੱਤੀਆਂ ਹੀ ਹਨ। ਰਾਜ ਕੁਮਾਰ ਚੱਬੇਵਾਲ ਐੱਮ.ਪੀ. ਹੁਸ਼ਿਆਰਪੁਰ ਦੇ ਬੇਟੇ ਇਸ਼ਾਂਤ ਚੱਬੇਵਾਲ ਨੂੰ ਟਿਕਟ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਪਰਿਵਾਰਵਾਦ ਨੂੰ ਗਲਤ ਨਹੀਂ ਸਮਝਦੀ। ਚੋਣ ਜਿੱਤਣ ਲਈ ‘ਬਾਹਰੋਂ ਆਇਆਂ ਦਾ ਤਾਂ ਸਵਾਗਤ ਹੀ ਹੈ, ਪਰਿਵਾਰ ਦੇ ਮੈਂਬਰਾਂ ਦੀ ਪੁਸ਼ਤਪਨਾਹੀ ਵੀ ਗਲਤ ਨਹੀਂ ਹੈ।’
ਭਾਜਪਾ ਤਾਂ ਪਿਛਲੇ ਲੰਮੇ ਸਮੇਂ ਤੋਂ ਢੇਰਾਂ ਦੇ ਢੇਰ ਨੇਤਾਵਾਂ ਨੂੰ ਆਪਣੇ ਪਾਰਟੀ ਵਿੱਚ ਢੋਅ ਰਹੀ ਹੈ। ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ, ਭਾਜਪਾ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਅਤੇ ਅਨੇਕਾਂ ਸਾਬਕਾ ਮੰਤਰੀ, ਵਿਧਾਨ ਥੋਕ ਦੇ ਭਾਅ ਭਾਜਪਾ ਵਿੱਚ ਸ਼ਾਮਲ ਕੀਤੇ ਹੋਏ ਹਨ ਅਤੇ ਉਹਨਾਂ ਨੂੰ ਹੀ ਚੋਣਾਂ ਵਿੱਚ ਅੱਗੇ ਕੀਤਾ ਜਾ ਰਿਹਾ ਹੈ। ਪਰਿਵਾਰਵਾਦ ਦਾ ਵਿਰੋਧ ਕਰਨ ਵਾਲੀ ਭਾਜਪਾ ਆਖਰ ਪੰਜਾਬ ਵਿੱਚ ਦੋਹਰੇ ਮਾਪਦੰਡ ਕਿਉਂ ਅਪਣਾ ਰਹੀ ਹੈ? ਉਸ ਨੂੰ ਐੱਮ.ਪੀ. ਚੋਣ ਵੇਲੇ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਦੇ ਪਰਿਵਾਰ ਵਿੱਚੋਂ ਉਹਨਾਂ ਦੀ ਪਤਨੀ ਪ੍ਰਨੀਤ ਕੌਰ ਹੀ ਚੋਣ ਲੜਨ ਲਈ ਕਿਉਂ ਦਿਸਦੀ ਹੈ? ਹੁਸ਼ਿਆਰਪੁਰ ਤੋਂ ਐੱਮ.ਪੀ. ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਹੀ ਕਿਉਂ ਚੋਣ ਲੜਾਈ ਜਾਂਦੀ ਹੈ। ਪਾਰਟੀ ਦੇ ਸਿੱਕੇਬੰਦ ਵਰਕਰਾਂ ਦੀ ਥਾਂ ‘ਅਕਾਲੀ ਠੰਡਲ’ ਹੀ ਚੱਬੇਵਾਲ ਤੋਂ ਉਮੀਦਵਾਰ ਕਿਉਂ ਹੈ? ਬਰਨਾਲੇ ਤੋਂ ਕੇਵਲ ਸਿੰਘ ਢਿੱਲੋਂ ਹੀ ਪਾਰਟੀ ਦੀ ਪਹਿਲ ਕਿਉਂ ਹੈ, ਜੋ ਕਦੇ ਕਾਂਗਰਸ ਦਾ ਧੁਰਾ ਗਿਣਿਆ ਜਾਂਦਾ ਸੀ।
ਅਸਲ ਵਿੱਚ ਭਾਜਪਾ ‘ਪੰਜਾਬ’ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ। ਪੰਜਾਬ ਦੇ ਲੋਕਾਂ ਦੀ, ਜੋ ਜੁਝਾਰੂ ਹਨ, ਦੀ ਸੋਚ ਖੁੰਢੀ ਕਰਨਾ ਚਾਹੁੰਦੀ ਹੈ ਤਾਂ ਕਿ ਪੂਰੇ ਦੇਸ਼ ਉੱਤੇ ਆਰਾਮ ਨਾਲ ਰਾਜ ਕਰ ਸਕੇ। ਪੰਜਾਬ ਵਿੱਚ ਉਹਦੀ ਇਸ ਆਸ ਦੀ ਪੂਰਤੀ ਉਸ ਦਾ ਪੁਰਾਣਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬ) ਪੂਰੀ ਕਰ ਰਿਹਾ ਹੈ, ਜਿਸ ਨੇ ਇਸ ਵੇਲੇ ਆਪਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤੇ ਜਾਣ ਉਪਰੰਤ ਪੈਦਾ ਹੋਈ ਹਾਲਾਤ ਦੇ ਮੱਦੇਨਜ਼ਰ ਜ਼ਿਮਨੀ ਚੋਣਾਂ ਦਾ ਬਾਈਕਾਟ ਹੀ ਕਰ ਦਿੱਤਾ ਹੈ। ਇਸਦਾ ਸਿੱਧਾ ਲਾਭ ਭਾਜਪਾ ਉਠਾਉਣਾ ਚਾਹ ਰਹੀ ਹੈ। ਯਾਦ ਰਹੇ ਐੱਮ.ਪੀ. ਚੋਣਾਂ ਵੇਲੇ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ’ਤੇ ਸੀ, ਤਾਂ ਫਿਰ ਇਹ ਜਿੱਤਣ ਵਾਲੀਆਂ ਸੀਟਾਂ ਕਿਉਂ ਛੱਡੀਆਂ ਜਾ ਰਹੀਆਂ ਹਨ?
ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜੋ ਪਰਿਵਾਰਵਾਦ ਦਾ ਸ਼ਿਕਾਰ ਹੋਈ ਹੈ, ਉਸ ਦੇ ਨੇਤਾ ਸੁਖਬੀਰ ਸਿੰਘ ਬਾਦਲ ਦੀ ਇਸ ਅੜੀ ਕਿ ਉਹ ਹੀ ਪ੍ਰਧਾਨ ਵਜੋਂ ਪਾਰਟੀ ਵਿੱਚ ਵਿਚਰਨਗੇ, ਨੇ ਅਕਾਲੀ ਸਫ਼ਾ ਵਿੱਚ ਧੜੇਬੰਦੀ ਤਾਂ ਪੈਦਾ ਕੀਤੀ ਹੀ ਹੈ, ਵਿਧਾਨ ਸਭਾ ਚੋਣਾਂ ਵਿੱਚ ਮੈਦਾਨ ਛੱਡਣ ਕਾਰਨ ਵਰਕਰਾਂ ਵਿੱਚ ਮਾਯੂਸੀ ਵੀ ਪੈਦਾ ਕੀਤੀ ਹੈ। ਚਾਹੇ ਇਹਨਾਂ ਹਲਕਿਆਂ ਦੇ ਪੱਕੇ ਅਕਾਲੀ ਵੋਟਰ ਚੋਣ ਲੜ ਰਹੀਆਂ ਸਿਆਸੀ ਪਾਰਟੀਆਂ ਦੇ ਪਾਲੇ ਵਿੱਚ ਜਾਣ ਦੀ ਤਿਆਰੀ ਵਿੱਚ ਹਨ। ਸਭ ਤੋਂ ਮਜ਼ਬੂਤ ਰਹਿ ਰਹੀ ਖੇਤਰੀ ਪਾਰਟੀ ਅਕਾਲੀ ਦਲ (ਬ) ਦਾ ਭਵਿੱਖ ਪਰਿਵਾਰਵਾਦ ਦੀ ਭੇਟ ਚੜ੍ਹ ਗਿਆ ਹੈ ਅਤੇ ਇਸਦੇ ਭਵਿੱਖ ਵਿੱਚ ਹਾਸ਼ੀਏ ਵਿੱਚ ਜਾਣ ਦੇ ਆਸਾਰ ਹਨ। ਪਿਛਲੀ ਲੋਕ ਸਭਾ ਚੋਣਾਂ ਵਿੱਚ ਇਸ ਪਾਰਟੀ ਨੇ 13 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ, ਉਹ ਵੋਟਰ ਹੁਣ ਕਿੱਧਰ ਜਾਣਗੇ? ਕੀ ਆਪਣੇ ਪੁਰਾਣੇ ਭਾਈਵਾਲ ਭਾਜਪਾ ਨੂੰ ਭੁਗਤਣਗੇ ਜਾਂ ਕੋਈ ਹੋਰ ਰਾਹ ਇਖਤਿਆਰ ਕਰਨਗੇ? ਜਦੋਂ 2027 ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਮੁੜ ਚੋਣਾਂ ਲੜੇਗਾ ਤਾਂ ਕੀ ਇਹ ਪਾਰਟੀ ਹਮਾਇਤੀ ਮੁੜ ਅਕਾਲੀ ਦਲ (ਬ) ਦੀ ਸਫ਼ਾ ਵਿੱਚ ਪਰਤਣਗੇ? ਅਸਲ ਵਿੱਚ ਇਹ ਸਭ ਕੁਝ ਬਾਦਲ ਪਰਿਵਾਰ ਦੀ ਹੋਂਦ ਨੂੰ ਬਚਾਉਣ ਦੀ ਕੀਮਤ ਉੱਤੇ ਕੀਤਾ ਜਾ ਰਿਹਾ ਹੈ, ਜੋ ਪਾਰਟੀ ਲਈ ਵੱਡਾ ਨੁਕਸਾਨ ਸਾਬਤ ਹੋਏਗਾ। ਐੱਮ.ਪੀ. ਚੋਣਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਗਿੱਦੜਬਾਹਾ ਵਿੱਚ 49053, ਬਰਨਾਲਾ ਵਿੱਚ 26990, ਚੱਬੇਵਾਲ ਵਿੱਚ 19229, ਡੇਰਾ ਬਾਬਾ ਨਾਨਕ ਵਿੱਚ 50089 ਵੋਟਾਂ ਭਾਵ ਕੁੱਲ 80 ਹਜ਼ਾਰ ਦੇ ਕਰੀਬ ਦੋਹਾਂ ਹਲਕਿਆਂ ਵਿੱਚ ਮਿਲੀਆਂ ਸਨ। ਕੀ ਇਹ ਵੋਟਾਂ ਪਰਿਵਾਰਵਾਦ ਦੀ ਭੇਟ ਨਹੀਂ ਚੜ੍ਹਨਗੀਆਂ, ਜਦੋਂ ਅਕਾਲੀ ਦਲ ਆਰਾਮ ਕਰਨ ਲਈ ਚੋਣਾਂ ਤੋਂ ਪਿੱਛੇ ਹਟ ਕੇ ਬੈਠ ਗਿਆ ਹੈ? ਇੱਕ ਸਵਾਲ ਇਹ ਵੀ ਸਿਆਸੀ ਹਲਕਿਆਂ ਵਿੱਚ ਉੱਠਦਾ ਹੈ ਕਿ ਕੀ ਇਹ ਅੰਦਰੋਗਤੀ ਭਾਜਪਾ ਨਾਲ ਪੁਰਾਣੀ ਭਾਈਵਾਲੀ ਪੁਗਾਉਣ ਦਾ ਯਤਨ ਤਾਂ ਨਹੀਂ ਹੈ?
ਆਓ ਜਾਂਦੇ-ਜਾਂਦੇ ਇੱਕ ਝਾਤ ਪੰਜਾਬ ਦੇ ਇਹਨਾਂ ਚਾਰੇ ਵਿਧਾਨ ਸਭਾ ਹਲਕਿਆਂ ਵਿੱਚ ਖੜ੍ਹੇ ਉਮੀਦਵਾਰਾਂ ਦੀ ਅਮੀਰੀ ਉੱਤੇ ਮਾਰੀਏ। ਭਾਜਪਾ ਦੇ ਉਮੀਦਵਾਰ ਇਹਨਾਂ ਜ਼ਿਮਨੀ ਚੋਣਾਂ ਵਿੱਚ ਸਭ ਤੋਂ ਵੱਧ ਅਮੀਰ ਹਨ। ਇਹਨਾਂ ਚੋਣਾਂ ਵਿੱਚ 60 ਉਮੀਦਵਾਰ ਹਨ। ਭਾਜਪਾ ਦਾ ਰਵੀਕਰਨ ਕਾਹਲੋਂ (ਦਲ ਬਦਲੂ), ਮਨਪ੍ਰੀਤ ਸਿੰਘ ਬਾਦਲ (ਦਲ ਬਦਲੂ), ਆਮ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ (ਦਲ ਬਦਲੂ), ਕੇਵਲ ਸਿੰਘ ਢਿੱਲੋਂ (ਦਲ ਬਦਲੂ) ਸਭ ਤੋਂ ਅਮੀਰ ਉਮੀਦਵਾਰ ਹਨ। ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ, ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅਮੀਰ ਉਮੀਦਵਾਰਾਂ ਵਿੱਚ ਸ਼ਾਮਲ ਹਨ। ਜਿਹੜੇ ਵੀ ਦਲ-ਬਦਲੂ ਜਾਂ ਪਰਿਵਾਰਕ ਮੈਂਬਰ ਇਹਨਾਂ ਚੋਣਾਂ ਵਿੱਚ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਜਿੱਤਣਗੇ, ਉਹ ਕੀ ਆਪੋ-ਆਪਣੀ ਪਾਰਟੀ ਦੀਆਂ ਨੀਤੀਆਂ ’ਤੇ ਪਹਿਰਾ ਦੇਣਗੇ ਜਾਂ ਆਪਣੇ ਹਿਤਾਂ ਦੀ ਪੂਰਤੀ ਕਰਨਗੇ? ਜਾਂ ਕੀ ਉਹ ਔਖਿਆਈਆਂ ਨਾਲ ਜੂਝ ਰਹੇ ਪੰਜਾਬ ਦੀ ਬਾਂਹ ਫੜਨਗੇ ਜਾਂ ਫਿਰ ਰਾਸ਼ਟਰੀ ਪੰਜਾਬ ਉਜਾੜੂ ਨੀਤੀਆਂ ਦਾ ਸਾਥ ਦੇਣਗੇ।
ਪੰਜਾਬ ਦਾ ਕਿਸਾਨ ਸੜਕਾਂ ’ਤੇ ਹੈ। ਪ੍ਰਮੁੱਖ ਸੜਕਾਂ ’ਤੇ ਪੱਕੇ ਮੋਰਚੇ ਲੱਗੇ ਹੋਏ ਹਨ। ਕਿਸਾਨ ਦਾ ਝੋਨਾ ਰੁਲ ਰਿਹਾ ਹੈ। ਕਿਸਾਨ ਪ੍ਰਤੀ ਕੁਇੰਟਲ 100 ਤੋਂ ਲੈ ਕੇ 200 ਮਣ ਤਕ ਝੋਨਾ ਘੱਟ ਰੇਟ ’ਤੇ ਵੇਚਣ ਲਈ ਮਜਬੂਰ ਹਨ। ਸਰਕਾਰਾਂ ਉੱਪਰਲੀ, ਹੇਠਲੀ, ਆਪੋ-ਆਪਣੀਆਂ ਗੋਟੀਆਂ ਖੇਡ ਰਹੀਆਂ ਹਨ, ਮਸਲਿਆਂ ਦਾ ਹੱਲ ਨਹੀਂ ਕਰ ਰਹੀਆਂ। ਪੰਜਾਬ ਗੰਭੀਰ ਸੰਕਟ ਵੱਲ ਵਧ ਰਿਹਾ ਹੈ। ਇਹੋ ਜਿਹੇ ਸਮੇਂ ਜ਼ਿਮਨੀ ਚੋਣਾਂ ਪੰਜਾਬ ਦੇ ਲੋਕਾਂ ਲਈ ਬਿਲਕੁਲ ਉਵੇਂ ਹੀ ਠੋਸੀਆਂ ਗਈਆਂ ਜਾਪਦੀਆਂ ਹਨ, ਜਿਵੇਂ ਝੋਨੇ ਦੇ ਸੀਜ਼ਨ ਵਿੱਚ ਪੰਚਾਇਤ ਚੋਣਾਂ ਠੋਸੀਆਂ ਗਈਆਂ ਸਨ ਤੇ ਜਿਹੜੀਆਂ ਪੰਜਾਬ ਦੇ ਪਿੰਡਾਂ ਵਿੱਚ ਸਥਾਨਕ ਸਰਕਾਰਾਂ ਚੁਣਨ ਦੀ ਥਾਂ ‘ਧਨਾਢਾਂ’ ਵੱਲੋਂ ਪੈਸੇ ਦੀ ਵਰਤੋਂ, ਧੌਂਸ-ਧੱਕੇ ਨਾਲ ਚੋਣਾਂ ਜਿੱਤਣ ਦਾ ਸਾਧਨ ਬਣੀਆਂ। ਬਿਲਕੁਲ ਇਹੀ ਹਾਲ ਪੰਜਾਬ ਵਿੱਚ ਜ਼ਿਮਨੀ ਚੋਣਾਂ ਵਿੱਚ ਵੇਖਣ ਨੂੰ ਮਿਲਦਾ ਦਿਸਦਾ ਹੈ।
ਪਰਿਵਾਰਵਾਦ ਦੀਆਂ ਜੜ੍ਹਾਂ ਪੰਜਾਬ ਵਿੱਚ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ। ਕੁਝ ਪਰਿਵਾਰ ਆਪਣੇ ਹਿਤਾਂ ਦੀ ਪੂਰਤੀ ਲਈ ਅਤੇ ਬਾਲਕਿਆਂ, ਬਾਲਕੀਆਂ ਨੂੰ ਸਿਆਸਤ ਵਿੱਚ ਪੇਸ਼ੇ ਵਜੋਂ ਲਿਆਉਣ ਲਈ ਪੱਬਾਂ ਭਾਰ ਹਨ ਕਿਉਂਕਿ ਪੰਜਾਬ ਵਿੱਚ ਵੀ ਹੁਣ ਸਿਆਸਤ ਪੈਸੇ ਤੇ ਤਾਕਤ ਦੀ ਖੇਡ ਬਣ ਗਈਹੈ। ਕੋਈ ਐੱਮ.ਪੀ. ਜਾਂ ਐੱਮ.ਐੱਲ.ਏ. ਬਣਿਆ ਵਿਅਕਤੀ ਆਪਣੇ ਰਿਟਾਇਰ ਹੋਣ ’ਤੇ ਜਾਂ ਉੱਚ ਅਹੁਦੇ ’ਤੇ ਜਾਣ ’ਤੇ ਆਪਣੇ ਕੁਨਬੇ ਵਿੱਚੋਂ ਹੀ ਕਿਸੇ ਨੂੰ ਅੱਗੇ ਲਿਆਉਂਦਾ ਹੈ। ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ ਕੈਪਟਨ ਤਾਂ ਹੁਣ ਦੇ ਸਮੇਂ ਦੀਆਂ ਵੱਡੀਆਂ ਉਦਾਹਰਣਾਂ ਹਨ, ਪਰ ਛੋਟੇ ਨੇਤਾ ਵੀ ਘੱਟ ਨਹੀਂ। ਇਹ ਵਰਤਾਰਾ ਪਹਿਲਾਂ ਕੁਝ ਪਾਰਟੀਆਂ ਵਿੱਚ ਸੀ, ਪਰ ਹੁਣ ਇਹ ਲਗਭਗ ਸਭ ਪਾਰਟੀਆਂ ਵਿੱਚ ਹੈ। ਆਪਣੀ ਕੁਰਸੀ ਕਾਇਮ ਰੱਖਣ ਲਈ ਆਪਣੀ ਪਾਰਟੀ ਵਿੱਚ ਵਿਰੋਧੀਆਂ ਨੂੰ ਖੂੰਜੇ ਜਾਂ ਖੁੱਡੇ ਲਾਉਣ ਦਾ ਵਰਤਾਰਾ ਅਮਰਿੰਦਰ ਸਿੰਘ ਵੇਲੇ ਵੀ ਵੇਖਣ ਨੂੰ ਮਿਲਿਆ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਆਪਣੇ ਵਿਰੋਧੀ ਚੁਣ-ਚੁਣ ਕੇ ਪੰਥਕ ਪਾਰਟੀ ਸਫ਼ਾਂ ਵਿੱਚੋਂ ਕੱਢ ਦਿੱਤੇ ਸਨ। ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ ਆਦਿ ਉਦਾਹਰਣਾਂ ਹਨ। ਇਸ ਗੱਲ ’ਤੇ ਮੌਜੂਦਾ ਪੰਜਾਬ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਵੀ ਘੱਟ ਨਹੀਂ ਕੀਤੀ। ਸੁੱਚਾ ਸਿੰਘ ਛੋਟੇਪੁਰ, ਕਲਾਕਾਰ ਘੁੱਗੀ, ਸੁਖਪਾਲ ਖਹਿਰਾ ਅਤੇ ਅੱਧੀ ਦਰਜਨ ਤੋਂ ਵੱਧ ਉਦਾਹਰਣਾਂ ਆਮ ਆਦਮੀ ਪਾਰਟੀ ਵਿੱਚ ਵੀ ਹਨ। ਇਹਨਾਂ ਨੇਤਾਵਾਂ ਦੇ ਪਾਰਟੀਆਂ ਵਿੱਚੋਂ ਰੁਖਸਤ ਹੋਣ ਨਾਲ ਪੰਜਾਬ ਹਿਤੈਸ਼ੀ ਲੋਕਾਂ ਵਿੱਚੋਂ ਬਹੁਤਿਆਂ ਨੂੰ ਸਿਆਸਤ ਤੋਂ ਕਿਨਾਰਾ ਕਰਨਾ ਪਿਆ। ਜ਼ਿਮਨੀ ਚੋਣਾਂ ਵਿੱਚ ਜਿੱਤ ਭਾਵੇਂ ਪਰਿਵਾਰਵਾਦ ਨੂੰ ਉਤਸ਼ਾਹਿਤ ਕਰਨ ਵਾਲਿਆਂ ਦੀ ਹੋ ਜਾਵੇ ਜਾਂ ਦਲ ਬਦਲੂਆਂ ਦੀ, ਪਰ ਪੰਜਾਬ ਦੇ ਸੂਝਵਾਨ ਵੋਟਰ ਪਰਿਵਾਰਵਾਦ ਅਤੇ ਦਲ ਬਦਲੂ ਸਿਆਸਤ ਕਰਨ ਵਾਲੇ ਲੋਕਾਂ ਦੇ ਵਿਰੋਧ ਵਿੱਚ ਖੜ੍ਹੇ ਦਿਸਣਗੇ, ਉਵੇਂ ਹੀ ਜਿਵੇਂ ਪੰਜਾਬ ਦੇ ਲੋਕਾਂ ਨੇ ਬਾਦਲ ਪਰਿਵਾਰ ਦੀ ਪਰਿਵਾਰਵਾਦ ਸਿਆਸਤ ਨੂੰ ਨਕਾਰਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਦਲ ਬਦਲੂ ਸਿਆਸਤ ਨੂੰ ਸਬਕ ਸਿਖਾਇਆ ਹੈ। ਪੰਜਾਬ ਦੇ ਦੋ ਵਾਰ ਮੁੱਖ ਮੰਤਰੀ, ਇੱਕ ਵਾਰ ਵਜ਼ੀਰ, ਦੋ ਵਾਰ ਐੱਮ.ਪੀ. ਅਤੇ ਸੱਤ ਵਾਰ ਦੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ, ਜੋ ਉੱਘੇ ਕਾਂਗਰਸੀ ਨੇਤਾ ਸਨ, ਭਾਜਪਾ ਵਾਲੇ ਪਾਸੇ ਚਲੇ ਗਏ ਹਨ। ਉਨ੍ਹਾਂ ਵੱਲੋਂ ਇੱਕ ਅਖ਼ਬਾਰ ਨੂੰ ਦਿੱਤਾ ‘ਸਿਆਸੀ ਹਾਉਕਾ’ ਸਮਝਣ ਵਾਲਾ ਹੈ, ਜਿਸ ਵਿੱਚ ਉਹਨਾਂ ਭਾਜਪਾ ’ਤੇ ਗਿਲਾ ਕੀਤਾ ਹੈ ਕਿ ਕਿਸੇ ਵੀ ਮਾਮਲੇ ਵਿੱਚ ਭਾਜਪਾ ਉਹਨਾਂ ਦੀ ਸਲਾਹ ਨਹੀਂ ਲੈਂਦੀ।
ਦਲ ਬਦਲੂ ਸਿਆਸਤ ਨੇ ਤਾਂ ਸਾਰੀਆਂ ਪਾਰਟੀਆਂ ਦੇ ਆਮ ਵਰਕਰਾਂ ਦਾ ਮਨੋਬਲ ਡੇਗਿਆ ਹੈ ਪਰ ਪੈਰਾਸ਼ੂਟ ਰਾਹੀਂ ਆਏ ਨੇਤਾਵਾਂ ਵਿੱਚੋਂ ਬਹੁਤਿਆਂ ਨੂੰ ਪਾਰਟੀਆਂ ਦੇ ਸਿੱਕੇਬੰਦ ਨੇਤਾਵਾਂ, ਵਰਕਰਾਂ ਪ੍ਰਵਾਨ ਨਹੀਂ ਕੀਤਾ। ਪ੍ਰਧਾਨ ਭਾਜਪਾ ਸੁਨੀਲ ਜਾਖੜ ਇਸਦੀ ਵੱਡੀ ਉਦਾਹਰਣ ਹੈ। ਪਰ ਕੁਝ ਇੱਕ ਨੇਤਾਵਾਂ ਦੀਆਂ ਬਹੁਤੀਆਂ ਪਾਰਟੀਆਂ ਵਿੱਚ ਪੈਸੇ ਦੇ ਜ਼ੋਰ ਅਤੇ ਉੱਪਰਲੇ ਕੁਨੈਕਸ਼ਨਾਂ ਨਾਲ ਦਲ ਬਦਲੂਆਂ ਦੀ ਤੂਤੀ ਬੋਲਦੀ ਹੈ।
ਪਰ ਇਹ ਇੱਕ ਵੱਡੀ ਸਚਾਈ ਹੈ ਕਿ ਸਮਾਂ ਆਉਣ ’ਤੇ ਪੰਜਾਬ ਹਿਤੈਸ਼ੀ ਸੋਚ ਵਾਲੇ ਲੋਕ ਹੀ ਸਿਆਸਤ ਅਤੇ ਸੇਵਾ ਵਿੱਚ ਅੱਗੇ ਆਉਣਗੇ ਤੇ ਪੰਜਾਬ ਦਾ ਭਵਿੱਖ ਸੁਧਾਰਨਗੇ, ਇਹੋ ਪੰਜਾਬ ਦੇ ਲੋਕਾਂ ਦੀ ਉਮੀਦ ਅਤੇ ਆਸ਼ਾ ਬਨਣਗੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5401)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.