“ਹੁਣ ਤਾਂ ਇਸ ਜਹਾਜ਼ ਦੀ ਫੇਕ ਵੀਡੀਓ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਫੇਕ ਵੀਡੀਓ ਸਾਡੇ ਯੂਟਿਊਬ ਚੈਨਲਾਂ ਉੱਤੇ ...”
(20 ਅਕਤੂਬਰ 2024)
ਵੈਸੇ ਤਾਂ ਪਿਛਲੇ ਤਿੰਨ ਦਹਕਿਆਂ ਤੋਂ ਇੱਕੋ ਵੀਡੀਓ ਕਦੇ ਕਦਾਈਂ ਆ ਜਾਂਦੀ ਸੀ ਪਰ ਹੁਣ ਇੱਕ ਹੋਰ ਵੀਡੀਓ 2022 ਤੋਂ ਕਈ ਵਾਰ ਆ ਚੁੱਕੀ ਹੈ ਅਤੇ ਆ ਰਹੀ ਹੈ। ਇਸ ਵੀਡੀਓ ਅਨੁਸਾਰ ਪੈੱਨ ਐੱਮ ਡੀ ਸੀ-4 ਹਵਾਈ ਜਹਾਜ਼ ਨੇ 57 ਸਵਾਰੀਆਂ ਲੈ ਕੇ ਨਿਊ ਯਾਰਕ ਤੋਂ ਮਿਆਮੀ ਜਾਣ ਲਈ 2 ਜੁਲਾਈ 1955 ਵਾਲੇ ਦਿਨ ਉਡਾਣ ਭਰੀ ਸੀ ਅਤੇ ਛੇਤੀ ਹੀ ਉਹ ਜਹਾਜ਼ ਰਾਡਾਰ ਤੋਂ ਗੁੰਮ ਹੋ ਗਿਆ ਸੀ। ਉਸ ਦੀ ਜੰਗਲਾਂ ਵਿੱਚ ਅਤੇ ਸਮੁੰਦਰ ਵਿੱਚ ਕਾਫ਼ੀ ਭਾਲ ਕੀਤੀ ਗਈ ਪਰ ਉਹ ਕਿਤੇ ਵੀ ਨਾ ਮਿਲਿਆ। ਕਈ ਸਾਲ ਬੀਤ ਗਏ ਪਰ ਕੋਈ ਉੱਘ ਸੁੱਘ ਨਾ ਮਿਲਣ ’ਤੇ ਲੋਕਾਂ ਨੇ ਇਹੋ ਮੰਨ ਲਿਆ ਕਿ ਸਬ ਕੁਝ ਕਿਤੇ ਤਬਾਹ ਹੋ ਗਿਆ ਹੈ। ਪਰ 37 ਸਾਲ ਬਾਅਦ ਇਹ ਜਹਾਜ਼ ਫਿਰ ਕਰਾਕਸ (ਵੈਨਜ਼ੁਏਲਾ ਦੀ ਰਾਜਧਾਨੀ) ਵਿੱਚ ਉੱਤਰਿਆ ਅਤੇ ਜਹਾਜ਼ ਦੇ ਦਰਵਾਜ਼ੇ ਖੋਲ੍ਹੇ ਬਿਨਾਂ ਹੀ ਪਾਈਲਟ ਨੇ ਅੰਦਰੋਂ ਪੁੱਛਿਆ, “ਅਸੀਂ ਇਸ ਵਕਤ ਕਿੱਥੇ ਹਾਂ?” ਜਦੋਂ ਉਸ ਨੂੰ ਦੱਸਿਆ ਕਿ ਤੁਸੀਂ ਕਰਾਕਸ ਵਿਖੇ ਲੈਂਡ ਕੀਤਾ ਹੈ ਤਾਂ ਉਹਨਾਂ ਤੁਰੰਤ ਹੀ ਫਿਰ ਉਡਾਣ ਭਰੀ ਅਤੇ ਅੰਤ ਵਿੱਚ ਆਪਣੀ ਮੰਜ਼ਿਲ ਮਿਆਮੀ ਵਿੱਚ ਜਾ ਉੱਤਰੇ। 37 ਸਾਲ ਬਾਅਦ ਵੀ ਉਹਨਾਂ ਦੀਆਂ ਬਾਈਆਲੋਜਿਕਲ ਉਮਰਾਂ ਉਹੀ ਸਨ, ਜਿਹੜੀਆਂ 2 ਜੁਲਾਈ 1955 ਦੀ ਉਡਾਣ ਭਰਨ ਵੇਲੇ ਸਨ। ਇੰਟਰਨੈੱਟ ਤੇ ਇਹੋ ਅੰਦਾਜ਼ੇ ਲਗਣੇ ਸ਼ੁਰੂ ਹੋ ਗਏ ਕਿ ਉਹਨਾਂ ਨੇ ਵੌਰਮਹੋਲ ਵਿੱਚ ਸਫ਼ਰ ਕੀਤਾ ਹੋਵੇਗਾ।
ਵੌਰਮਹੋਲ ਆਈਨਸਟਾਈਨ ਦੇ ਸਾਪੇਖਤਾ ਦੇ ਸਿਧਾਂਤ ਅਨੁਸਾਰ ਉਹ ਸਥਾਨ ਅਤੇ ਰਸਤੇ ਹਨ ਜਿਨ੍ਹਾਂ ਵਿੱਚ ਕਰੋੜਾਂ ਸਾਲਾਂ ਵਿੱਚ ਮੁਕਾਇਆ ਗਿਆ ਸਫ਼ਰ ਧਰਤੀ ਦੇ ਸਮੇਂ ਅਨੁਸਾਰ ਕੁਝ ਘੰਟੇ ਅਤੇ ਮਿੰਟ ਰਹਿ ਜਾਂਦਾ ਹੈ। ਇਸ ਅਨੁਸਾਰ 37 ਸਾਲ ਦਾ ਸਫ਼ਰ ਕੇਵਲ ਕੁਝ ਸਕਿੰਟ ਹੀ ਰਹੇਗਾ, ਜਿਸ ਕਰਕੇ 37 ਸਾਲ ਬਾਅਦ ਵੀ ਸਵਾਰੀਆਂ ਦੀ ਉਮਰ ਪਹਿਲਾਂ ਜਿੰਨੀ ਹੀ ਰਹੀ ਅਤੇ ਕੱਪੜੇ ਵੀ ਬਿਲਕੁਲ ਓਹੋ ਹੀ ਰਹੇ। ਆਈਨਸਟਾਈਨ ਦੇ ਸਾਪੇਖਤਾ ਸਿਧਾਂਤ ਅਨੁਸਾਰ ਹੀ ਇੱਕ ਅਮਰੀਕੀ ਵਿਗਿਆਨਿਕ ਨੇ ਅਜਿਹੇ ਸਫ਼ਰ ਦੇ ਰਸਤੇ ਨੂੰ ਵੌਰਮਹੋਲ ਦਾ ਨਾਮ ਦਿੱਤਾ ਅਤੇ ਵਿਗਿਆਨਕ ਅਨੁਸਾਰ ਜਿਵੇਂ ਕਿਸੇ ਫਲ ਵਿੱਚ ਕੀੜਾ ਇੱਕ ਬਰੀਕ ਜਿਹਾ ਰਸਤਾ ਬਣਾਉਂਦਾ ਹੈ, ਉਵੇਂ ਹੀ ਇਹ ਰਸਤੇ ਹਨ। ਪਰ ਇਹ ਵੌਰਮਹੋਲ ਕਾਲਪਨਿਕ ਹੀ ਹਨ ਕਿਉਂਕਿ ਅਜੇ ਤਕ ਇਹਨਾਂ ਦਾ ਕੋਈ ਪ੍ਰੈਕਟਿਕਲ ਸਬੂਤ ਨਹੀਂ ਮਿਲਿਆ। ਵੌਰਮਹੋਲ ਵਿੱਚ ਸਫ਼ਰ ਕਰਨ ਲਈ ਸਾਡੇ ਜਹਾਜ਼ ਦੀ ਰਫਤਾਰ ਰੌਸ਼ਨੀ ਦੀ ਰਫਤਾਰ ਮਤਲਬ ਤਿੰਨ ਲੱਖ ਕਿਲੋਮੀਟਰ ਪ੍ਰਤੀ ਸਕਿੰਟ ਚਾਹੀਦੀ ਹੈ ਜਦਕਿ ਸਵਾਰੀਆਂ ਵਾਲੇ ਜਹਾਜ਼ਾਂ ਨਾਲੋਂ ਜ਼ਿਆਦਾ ਜੰਗੀ ਜਹਾਜ਼ਾਂ ਦੀ ਰਫਤਾਰ ਵੀ ਕੇਵਲ 2000 ਕਿਲੋਮੀਟਰ ਪ੍ਰਤੀ ਘੰਟਾ ਦੇ ਨੇੜੇ ਹੁੰਦੀ ਹੈ। ਇਸ ਪ੍ਰਕਾਰ ਪ੍ਰਤੀ ਸਕਿੰਟ ਜੰਗੀ ਜਹਾਜ਼ ਦੀ ਰਫਤਾਰ ਲਗਭਗ ਅੱਧਾ ਕਿਲੋਮੀਟਰ ਬਣਦੀ ਹੈ।
ਜਿਸ ਕਿਸੇ ਨੇ ਵੀ ਇਹ ਖਬਰ ਪਹਿਲੀ ਵਾਰ ਘੜੀ ਹੈ, ਉਸਨੇ ਆਈਨਸਟਾਈਨ ਦੇ ਸਾਪੇਖਤਾ ਸਿਧਾਂਤ ਅਨੁਸਾਰ ਟਾਈਮ ਟਰੈਵਲ, ਵੌਰਮਹੋਲ, ਉਮਰ ਦਾ ਰੁਕ ਜਾਣਾ ਆਦਿ ਦੇ ਮੱਦੇਨਜ਼ਰ ਖਬਰ ਘੜੀ ਹੈ ਪਰ ਉਹ ਟਾਈਮ ਟਰੈਵਲ ਯਾਤਰਾ ਕਰਨ ਲਈ ਰੌਸ਼ਨੀ ਦੀ ਰਫਤਾਰ ਵਾਲੀ ਗੱਲ ਜਾਣਬੁੱਝ ਕੇ ਛੱਡ ਗਿਆ ਕਿਉਂਕਿ ਹਵਾਈ ਜਹਾਜ਼ ਇਸ ਰਫਤਾਰ ਨਾਲ ਨਹੀਂ ਜਾ ਸਕਦੇ। ਰੌਸ਼ਨੀ ਦੀ ਰਫਤਾਰ ਨਾਲ ਤਾਂ ਰਾਕਟ ਵੀ ਨਹੀਂ ਜਾ ਸਕਦੇ। ਇਸ ਲਈ ਵੌਰਮਹੋਲ ਰਾਹੀਂ ਸਫ਼ਰ ਕਰਨਾ ਅਸੰਭਵ ਹੈ ਅਤੇ ਜਹਾਜ਼ ਦੇ ਗੁੰਮ ਹੋਣ ਤੋਂ 37 ਸਾਲ ਬਾਅਦ ਫਿਰ ਲੈਂਡ ਕਰਨ ਅਤੇ ਸਵਾਰੀਆਂ ਦੀ ਉਮਰ ਓਨੀ ਹੀ ਰਹਿਣ ਦੀ ਸਾਰੀ ਕਹਾਣੀ ਬੇਬੁਨਿਆਦ, ਗੈਰ ਯਕੀਨੀ ਅਤੇ ਝੂਠੀ ਹੈ।
ਇਹ ਝੂਠ ਦਾ ਪੁਲੰਦਾ ਸਭ ਤੋਂ ਪਹਿਲਾਂ 1985 ਵਿੱਚ ਇੱਕ ਟੇਬਲੌਇਡ, ਹਫਤਾਵਾਰ ਨਿਊਜ਼ ਵਿੱਚ ਪ੍ਰਗਟ ਹੋਇਆ ਜਿਹੜਾ ਕਿ ਅਜਿਹੀਆਂ ਹੀ ਮਨਘੜਤ ਖ਼ਬਰਾਂ ਬਣਾਕੇ ਪਰੋਸਣ ਲਈ ਮਸ਼ਹੂਰ ਹੈ। ਇਸ ਤੋਂ ਬਾਅਦ ਇਹ ਕਹਾਣੀ 1993 ਅਤੇ 1996 ਵਿੱਚ ਫਿਰ ਛਾਪੀ ਗਈ ਅਤੇ 2022 ਵਿੱਚ ਇੱਕ ਯੂ ਟਿਉਬ ਚੈਨਲ ਬਰਾਈਟ ਸਾਈਡ ਨੇ ਫਿਰ ਇਸੇ ਗਪੌੜ ਸੰਖ ਨੂੰ ਆਮ ਲੋਕਾਂ ਤਕ ਪਹੁੰਚਾਇਆ। ਪਰ ਅਜੇ ਤਕ ਸੰਸਾਰ ਦੀ ਕਿਸੇ ਵੀ ਅਖ਼ਬਾਰ ਨੇ ਨਹੀਂ ਛਾਪਿਆ ਕਿ ਕਿਸੇ ਜਹਾਜ਼ ਨੇ ਅਜਿਹੀ ਉਡਾਣ ਭਰੀ ਸੀ ਅਤੇ 37 ਸਾਲ ਗਾਇਬ ਰਹਿਣ ਤੋਂ ਬਾਦ ਠੀਕਠਾਕ ਵਾਪਸ ਪਰਤ ਆਇਆ ਸੀ ਅਤੇ ਯਾਤਰੀਆਂ ਦੀ ਉਮਰ ਵੀ ਉੱਨੀ ਹੀ ਰਹੀ, ਜਿੰਨੀ 37 ਸਾਲ ਪਹਿਲਾਂ ਸੀ।
ਹੁਣ ਤਾਂ ਇਸ ਜਹਾਜ਼ ਦੀ ਫੇਕ ਵੀਡੀਓ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਫੇਕ ਵੀਡੀਓ ਸਾਡੇ ਯੂਟਿਊਬ ਚੈਨਲਾਂ ਉੱਤੇ ਆ ਰਹੀਆਂ ਹਨ। ਕਦੇ ਖਬਰ ਆਉਂਦੀ ਹੈ ਕਿ ਰੂਸ ਦੇ ਹਵਾਈ ਜਹਾਜ਼ ਨੇ ਅਮਰੀਕਾ ਦਾ 100 ਹਵਾਈ ਜਹਾਜ਼ ਲੈ ਕੇ ਜਾਣ ਵਾਲਾ ਸਮੁੰਦਰੀ ਜਹਾਜ਼ ਡੋਬ ਦਿੱਤਾ ਹੈ ਜਾਂ ਖਬਰ ਹੁੰਦੀ ਹੈ ਅਮਰੀਕਾ ਨੇ ਕੱਲ੍ਹ ਰਾਤ ਸਾਰਾ ਇਰਾਨ ਤਬਾਹ ਕਰ ਦਿੱਤਾ ਹੈ ਅਤੇ ਇਜ਼ਰਾਈਲ ਜਦੋਂ ਚਾਹੇ ਸਾਰੇ ਇਰਾਨ ’ਤੇ ਕਬਜ਼ਾ ਕਰ ਲਵੇ। ਕਦੇ ਖਬਰ ਹੁੰਦੀ ਹੈ ਕਿ ਭਾਰਤ ਨੇ ਇਹ ਜਿਹੜਾ ਹਥਿਆਰ ਵਿਕਸਿਤ ਕਰ ਲਿਆ ਹੈ, ਇਸ ਨਾਲ ਪਾਕਿਸਤਾਨ ਅਤੇ ਚੀਨ ਵਿੱਚ ਘਬਰਾਹਟ ਪੈਦਾ ਹੋ ਗਈ ਹੈ। ਕਦੇ ਯੂ ਟਿਊਬ ’ਤੇ ਖਬਰ ਆਉਂਦੀ ਹੈ ਕਿ ਧਰਤੀ ਉੱਤੇ ਬਾਹਰਲੀ ਦੁਨੀਆਂ ਤੋਂ ਏਲੀਅਨ ਉੱਤਰੇ ਅਤੇ ਇੱਕ ਵਿਅਕਤੀ ਨੇ ਉਹਨਾਂ ਦੀ ਅਤੇ ਉਹਨਾਂ ਦੇ ਸਪੇਸ ਸ਼ਿੱਪ ਦੀ ਫੋਟੋ ਖਿੱਚੀ ਅਤੇ ਫੋਟੋਆਂ ਵੀ ਯੂ ਟਿਊਬ ਤੇ’ ਵਿਖਾ ਦਿੰਦੇ ਹਨ। ਪਰ ਦੂਜੇ ਦਿਨ ਅਜਿਹੀ ਕੋਈ ਵੀ ਖਬਰ ਕਿਸੇ ਵੀ ਅਖ਼ਬਾਰ ਵਿੱਚ ਨਹੀਂ ਹੁੰਦੀ। ਖੇਤਰੀ ਅਖ਼ਬਾਰਾਂ ਵਿੱਚ ਅਜਿਹੀਆਂ ਫੇਕ ਖਬਰਾਂ ਜ਼ਰੂਰ ਆ ਜਾਂਦੀਆਂ ਹਨ ਕਿ ਫਲਾਣੇ ਇਲਾਕੇ ਵਿੱਚ ਇੱਕ ਬੱਚੇ ਦਾ ਪੁਨਰਜਨਮ ਹੋਇਆ ਅਤੇ ਉਹ ਪਿਛਲੇ ਜਨਮ ਵਾਲਾ ਘਰ, ਪਿਛਲੇ ਜਨਮ ਵਾਲੇ ਮਾਪੇ, ਰਿਸ਼ਤੇਦਾਰ ਅਤੇ ਪਿਛਲੇ ਜਨਮ ਵਿੱਚ ਪੜ੍ਹਨ ਵਾਲੇ ਸਕੂਲ ਅਤੇ ਉਸ ਦੇ ਅਧਿਆਪਕਾਂ ਬਾਰੇ ਪੂਰੀ ਜਾਣਕਾਰੀ ਦਿੰਦਾ ਹੈ।
ਇੱਕ ਹੋਰ ਫੇਕ ਖਬਰ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਇੱਕ ਅਖਬਾਰ ਵਿੱਚ ਵੇਖੀ ਗਈ ਕਿ ਫਲਾਣੇ ਸਮੁੰਦਰ ਦੇ ਕਿਨਾਰੇ ਪਾਣੀ ਵਿੱਚ ਇੱਕ ਔਰਤ ਵੇਖੀ ਗਈ ਜਿਸਦਾ ਅੱਗਾ ਇੱਕ ਔਰਤ ਵਰਗਾ ਹੈ ਅਤੇ ਪਿੱਛਾ ਮੱਛੀ ਵਾਲਾ ਹੈ। ਇੱਕ ਯੂ ਟਿਉਬ ਤੇ ਇਹ ਦਾਅਵਾ ਕੀਤਾ ਗਿਆ ਇੱਕ ਨੌਜਵਾਨ ਨਾ ਚੱਲ ਸਕਦਾ ਸੀ ਨਾ ਉੱਠ ਕੇ ਖੜ੍ਹਾ ਹੋ ਸਕਦਾ ਸੀ ਅਤੇ ਜਦੋਂ ਉਹ ਕਿਸੇ ਧਾਰਮਿਕ ਸੱਥਲ ’ਤੇ ਗਿਆ ਤਾਂ ਜਾ ਕੇ ਕੁਝ ਸੁਣਨ ਤੋਂ ਬਾਅਦ ਉਹ ਉੱਠ ਕੇ ਖੜ੍ਹਾ ਹੋ ਗਿਆ ਅਤੇ ਚੱਲਣ ਲੱਗ ਪਿਆ। ਪਰ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਇਹ ਖ਼ਬਰ ਵੀ ਫੇਕ ਸੀ।
ਪਿਛਲੀਆਂ ਵੋਟਾਂ ਸਮੇਂ ਅਮਿਤ ਸ਼ਾਹ ਨੇ ਇੱਕ ਬਿਆਨ ਦੇ ਦਿੱਤਾ ਕਿ ਅਖਿਲੇਸ਼ ਯਾਦਵ ਨੇ ਆਪਣੇ ਪਿਤਾ ਨੂੰ ਥੱਪੜ ਮਾਰਿਆ, ਜਿਸ ਨਾਲ ਸਮਾਜਵਾਦੀ ਕੇਡਰ ਸ਼ਸ਼ੋਪੰਜ ਵਿੱਚ ਪੈ ਗਿਆ। ਭਾਵੇਂ ਬਾਅਦ ਵਿੱਚ ਪਤਾ ਲੱਗ ਗਿਆ ਕਿ ਇਹ ਖਬਰ ਵੀ ਫੇਕ ਸੀ ਪਰ ਇਸ ਫੇਕ ਖਬਰ ਕਾਰਨ ਹੀ ਸਮਾਜਵਾਦੀ ਪਾਰਟੀ ਹਾਰ ਗਈ ਕਿਉਂਕਿ ਲੋਕ ਪੜ੍ਹੀ ਜਾਂ ਸੁਣੀ ਖਬਰ ਦੀ ਪੜਤਾਲ ਕਰਨ ਦੇ ਆਦੀ ਨਹੀਂ। ਇਸ ਲਈ ਜਦੋਂ ਵੀ ਯੂ ਟਿਉਬ ’ਤੇ ਰੂਸ, ਯੂਕਰੇਨ ਜਾਂ ਅਰਬ ਇਜ਼ਰਾਈਲ ਵਾਲੀ ਕਿਸੇ ਜੰਗ ਨਾਲ ਸੰਬੰਧਿਤ ਖਬਰ ਵੇਖੋ ਜਾਂ ਹੋਰ ਕੋਈ ਅਜਿਹੀ ਖਬਰ ਵੇਖੋ ਜਿਹੜੀ ਤੁਹਾਨੂੰ ਕਿਸੇ ਰਾਜਨੀਤਿਕ ਉਥਲ ਪੁਥਲ ਵਾਲੀ ਲੱਗੇ ਤਾਂ ਉਸ ’ਤੇ ਝੱਟ ਕੋਈ ਪ੍ਰਤੀਕਰਮ ਦੇਣ ਤੋਂ ਪਹਿਲਾਂ ਚੈੱਕ ਜ਼ਰੂਰ ਕਰ ਲਿਆ ਕਰੋ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5379)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: