RameshSethi7ਗਰੀਬ ਲੋਕ ਬੈਕਾਂ ਵਿੱਚ ਘੰਟਿਆਂ ਬੱਧੀ ਲਾਈਨਾਂ ਲਾਕੇ ਖੜ੍ਹੇ ਰਹਿੰਦੇ ਹਨ ...
(11 ਦਸੰਬਰ 2016)

 

8 ਨਵੰਬਰ 2016 ਦੀ ਰਾਤ ਨੂੰ ਜਨਤਾ ਦੇ ਨਾਮ ਆਪਣੇ ਸੰਦੇਸ਼ ਰਾਹੀਂ ਪ੍ਰਧਾਨ ਮੰਤਰੀ ਮੋਦੀ ਜੀ ਨੇ 500 ਅਤੇ 1000 ਦੇ ਨੋਟਾਂ ਨੂੰ  ਬੰਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਲੋਕ ਇਕ ਦਮ ਹਰਕਤ ਵਿੱਚ ਆ ਗਏ। ਅਮੀਰਾਂ ਅਤੇ ਕਾਲਾ ਧਨ ਰੱਖਣ ਵਾਲਿਆਂ ਦੇ ਹੋਸ਼ ਗੁੰਮ ਹੋ ਗਏ ਪਰ ਚੋਰ ਦੀ ਮਾਂ ਵਾਂਗ ਉਹ ਬੋਲੇ ਨਹੀਂ, ਕੁਸਕੇ ਨਹੀਂਪਤਾ ਸੀ, ਕੋਈ ਨਾ ਕੋਈ ਜੁਗਾੜ ਕਰਕੇ ਇਸ ਕਾਲੇ ਧਨ ਨੂੰ ਸਫੇਦ ਕਰ ਹੀ ਲਿਆ ਜਾਵੇਗਾ, ਕੋਈ ਵੀਹ ਤੀਹ ਪ੍ਰਤੀਸ਼ਤ ਦਾ ਨੁਕਸਾਨ ਹੀ ਹੋਵੇਗਾ। ਸਮੁੰਦਰ ਨੂੰ ਬੂੰਦ ਨਾਲ ਕੀ ਅਸਰ ਪੈਂਦਾ ਹੈ। ਜਿਨ੍ਹਾਂ ਕੋਲ ਹਜ਼ਾਰਾਂ ਕਰੋੜ ਪਿਆ ਸੀ, ਉਹ ਤਾਂ ਜਮਾ ਹੀ ਨਹੀਂ ਕੁਸਕੇ। ਪਰ ਇਸ ਨਾਲ ਹੋਰ ਹੀ ਹੋਰ ਚਰਚਾ ਦਾ ਬਜ਼ਾਰ ਗਰਮ ਹੋ ਗਿਆ। ਆਮ ਲੋਕਾਂ ਨੂੰ ਗੱਲਬਾਤ ਕਰਨ ਦਾ ਮੁੱਦਾ ਮਿਲ ਗਿਆ। ਉਸ ਦਿਨ ਤੋਂ ਲੈ ਕੇ ਅੱਜ ਤੱਕ ਬੱਸ ਇਹਨਾਂ ਨੋਟਾਂ ਦੀ ਹੀ ਚਰਚਾ ਹੁੰਦੀ ਹੈ। ਹਰ ਗਲੀਨੁੱਕਰ, ਕਾਫੀ ਸ਼ਾਪ ਅਤੇ ਨਾਈ ਦੀ ਦੁਕਾਨ ਸਮੇਤ ਜਿੱਥੇ ਵੀ ਦੋ ਬੰਦੇ ਜੁੜਦੇ ਹਨ ਗੱਲਬਾਤ ਦਾ ਵਿਸ਼ਾ ਨੋਟਬੰਦੀ ਹੀ ਹੈ। ਅਨਪੜ੍ਹ ਲੋਕ ਵੀ ਪੂਰੇ ਅਰਥ ਸ਼ਾਸਤਰੀ ਬਣ ਗਏ ਹਨ। ਸੋਸ਼ਲ ਮੀਡੀਏ, ਵਟਸ ਐਪ ’ਤੇ ਖਬਰਾਂ ਸੁਣ ਸੁਣ ਕੇ ਹਰ ਕੋਈ ਲੰਬੇ ਚੌੜੇ ਲੈਕਚਰ ਦੇ ਰਿਹਾ ਹੈ। ਗੱਲਬਾਤ ਦੀ ਸ਼ੁਰੂਆਤ ਮੋਦੀ ਤੋਂ ਹੁੰਦੀ ਹੈ ਤੇ ਮੋਦੀ ’ਤੇ ਹੀ ਖਤਮ।

ਇਸ ਨੋਟਬੰਦੀ ਦੀ ਮਾਰ ਹੇਠ ਸਭ ਤੋਂ ਜ਼ਿਆਦਾ ਗਰੀਬ ਲੋਕ, ਮਜ਼ਦੂਰ ਅਤੇ ਨਿੱਤ ਦੀ ਤਾਜ਼ੀ ਕਮਾਕੇ ਖਾਣ ਵਾਲੇ ਲੋਕ ਆਏ ਹਨ। ਨੋਟਾਂ ਬਿਨਾ ਗੁਜ਼ਾਰਾ ਨਹੀਂ ਹੁੰਦਾ। ਨੋਟ ਮਿਲਦੇ ਨਹੀਂ ਹਨ। ਲੋਕਾਂ ਦੀਆਂ ਤਨਖਾਹਾਂ ਬੈਂਕ ਵਿੱਚ ਪਈਆਂ ਹਨ, ਪਰ ਨਕਦੀ ਨਹੀਂ ਹੈ। ਗਰੀਬ ਲੋਕ ਬੈਕਾਂ ਵਿੱਚ ਘੰਟਿਆਂ ਬੱਧੀ ਲਾਈਨਾਂ ਲਾਕੇ ਖੜ੍ਹੇ ਰਹਿੰਦੇ ਹਨ, ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਤਾਂ ਬੈਂਕ ਵਿੱਚ ਕੈਸ਼ ਖਤਮ ਹੋ ਜਾਂਦਾ ਹੈ। ਕਈ ਲੋਕ ਸਵੇਰੇ ਹੀ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਬੈਕਾਂ ਮੂਹਰੇ ਖੜ੍ਹ ਜਾਂਦੇ ਹਨ, ਪਰ ਬੈਂਕ ਵਲੋਂ ਦੋ ਦੋ ਹਜ਼ਾਰ ਦੇ ਨੋਟ ਦਿੱਤੇ ਜਾਂਦੇ ਹਨ, ਜੋ ਉਸ ਤੋਂ ਵੀ ਭਾਰੀ ਮਸੀਬਤ ਹੈ । ਦੋ ਕਿਲੋ ਆਟੇ ਲਈ ਕੋਈ ਦੋ ਹਜ਼ਾਰ ਦਾ ਨੋਟ ਖੁੱਲ੍ਹਾ ਨਹੀਂ ਦਿੰਦਾ। ਕਰਿਆਨੇ ਵਾਲਾ, ਸਬਜ਼ੀ ਵਾਲਾ, ਮੋਚੀ, ਦੁੱਧ ਵਾਲਾ, ਰਿਕਸੇ ਵਾਲਾ, ਖੁੱਲ੍ਹੇ ਪੈਸੇ ਮੰਗਦਾ ਹੈ। ਕਈ ਲੋਕ ਨੋਟਬੰਦੀ ਕਰਕੇ ਰੋਟੀ ਤੋਂ ਵੀ ਤੰਗ ਹਨ। ਲੋਕ ਇਲਾਜ ਨਹੀਂ ਕਰਵਾ ਪਾ ਰਹੇ। ਕਈ ਜਗਾਹ ਤਾਂ ਮ੍ਰਿਤਕ ਦਾ ਸੰਸਕਾਰ ਕਰਨ ਵਿੱਚ ਪ੍ਰੇਸ਼ਾਨੀ ਆਈ ਹੈ। ਇੱਥੇ ਹੀ ਬੱਸ ਨਹੀਂ, ਜਿਨ੍ਹਾਂ ਦੇ ਘਰੇ ਇਨ੍ਹਾਂ ਦਿਨਾਂ ਵਿੱਚ ਵਿਆਹ ਹੈ, ਉਹ ਲੋਕ ਭਾਰੀ ਮੁਸ਼ਕਿਲ ਵਿੱਚ ਹਨ। ਹਲਵਾਈ, ਵੇਟਰ , ਦਰਜੀ, ਟੈਂਟਵਾਲੇ, ਬੈਂਡਵਾਲੇ, ਸਭ ਨਕਦ ਪੈਸੇ ਮੰਗਦੇ ਹਨ। ਹੋਰ ਤਾਂ ਹੋਰ ਨੱਚਦਿਆਂ ਉੱਪਰ ਵਾਰਨੇ ਕਰਨ ਨੂੰ ਵੀ ਪੈਸਾ ਨਹੀਂਫਿਰ ਲੋਕ ਹਰ ਗੱਲ ’ਤੇ ਮੋਦੀ ਦੀ ਹੀ ਗੱਲ ਕਰਦੇ ਹਨ।

ਕਦੇ ਕਦੇ ਕੋਈ ਨਾ ਕੋਈ ਖਬਰ ਆਉਂਦੀ ਹੈ ਕਿ ਇੰਨੇ ਹਜ਼ਾਰ ਕਰੋੜ ਦਾ ਕਾਲਾ ਧਨ ਫੜਿਆ ਗਿਆ। ਫਲਾਣੇ ਲੀਡਰ ਕੋਲੋਂ ਇੰਨਾ ਪੈਸਾ ਮਿਲਿਆ ਹੈ। ਫਲਾਣੇ ਡਾਕਟਰ ਨੇ ਇੰਨੇ ਕਰੋੜ ਪਾਣੀ ਦੀ ਟੈਂਕੀ ਵਿੱਚ ਰੱਖਿਆ ਸੀ। ਫਲਾਣੇ ਵਿਉਪਾਰੀ ਕੋਲੋਂ ਇੰਨੇ ਕਰੋੜ ਦੇ ਨਵੇਂ ਨੋਟ ਮਿਲੇ ਹਨ। ਫਲਾਣੀ ਕਾਰ ਵਿੱਚੋਂ ਇੰਨੇ ਕਰੋੜ ਮਿਲੇ। ਫਲਾਣੇ ਹੋਟਲ ਵਿੱਚ ਪੁਰਾਣੇ ਨੋਟਾਂ ਬਦਲੇ ਨਵੇਂ ਨੋਟ ਬਦਲਦੇ ਹੋਏ ਇੰਨੇ ਲੋਕ ਗ੍ਰਿਫਤਾਰ ਹੋਏ, ਦੀਆਂ ਖਬਰਾਂ ਲੋਕ ਚਟਕਾਰੇ ਲਾ ਲਾ ਕੇ ਸੁਣਾਉਂਦੇ ਹਨ। ਇਹ ਸੱਚੀਆਂ ਝੂਠੀਆਂ ਖਬਰਾਂ ਲੋਕਾਂ ਨੂੰ ਬਹੁਤ ਸਕੂਨ ਦਿੰਦੀਆਂ ਹਨ। ਗਰੀਬ ਲੋਕਾਂ ਨੂੰ ਇਉਂ ਲੱਗਦਾ ਹੈ ਕਿ ਬੱਸ ਹੁਣ ਸਾਰੇ ਅਮੀਰ ਤੇ ਕਾਲੇ ਧਨ ਦੇ ਮਾਲਿਕ ਦਿਨਾਂ ਵਿੱਚ ਹੀ ਖਤਮ ਹੋ ਜਾਣਗੇ ਤੇ ਉਹਨਾਂ ਦੇ ਖਾਤਿਆਂ ਵਿੱਚ ਪੰਦਰਾਂ ਪੰਦਰਾਂ ਲੱਖ ਆਇਆ ਹੀ ਸਮਝੋ। ਹਾਂ, ਉਹਨਾਂ ਦੀ ਸੋਚ ਕੁਝ ਹੱਦ ਤੱਕ ਤਾਂ ਠੀਕ ਹੈ ਪਰ ਇਹ ਇੰਨਾ ਸੌਖਾ ਨਹੀਂਜਨਧਨ ਖਾਤਿਆਂ ਵਿੱਚ ਜਰੂਰ ਬੇਨਾਮੀ ਰਕਮ ਜਮ੍ਹਾਂ ਹੋਈ ਹੈ। ਮੌਜੂਦਾ ਦੌਰ ਵਿੱਚ ਗਰੀਬਾਂ ਨੂੰ ਹੀ ਭਾਰੀ ਦਿੱਕਤਾਂ ਹਨ। ਕੋਈ ਧਨਾਡ ਜਾਂ ਲੀਡਰ ਬੈਂਕਾਂ ਦੀਆਂ ਲਾਇਨ ਵਿੱਚ ਨਹੀਂ ਲੱਗਿਆ। ਗਰੀਬਾਂ ਦੀ ਦਿਹਾੜੀ ਉਸੇ ਦਿਨ ਤੋਂ ਟੁੱਟ ਰਹੀ ਹੈ। ਬਾਜ਼ਾਰਾਂ ਵਿੱਚ ਪੂਰੀ ਮੰਦੀ ਹੈ। ਸੁੰਨੇ ਪਏ ਹਨ ਬਾਜ਼ਾਰ। ਕਾਰੋਬਾਰ ਖਤਮ ਹੋਣ ਦੇ ਕਿਨਾਰੇ ਹਨ। ਲੋਕ ਹੇ ਮੋਦੀ!, ਤੇ ਹਾਏ ਮੋਦੀ! ਦਾ ਰਾਗ ਅਲਾਪ ਰਹੇ ਹਨ।

ਇਸ ਨੋਟ ਬੰਦੀ ਨੇ ਔਰਤਾਂ ’ਤੇ ਇੱਕ ਹੋਰ ਜ਼ੁਲਮ ਕੀਤਾ ਹੈ । ਉਹਨਾਂ ਦੀਆਂ ਸਾਲਾਂ ਦੀਆਂ ਗੋਝੀਆਂ ਪਲਾਂ ਵਿੱਚ ਜੱਗ ਜ਼ਾਹਿਰ ਕਰ ਦਿੱਤੀਆਂ ਹਨ। ਸੁੱਘੜ ਤੇ ਸਿਆਣੀਆਂ ਔਰਤਾਂ ਸੰਕਟਕਾਲੀਨ ਸਮੇਂ ਲਈ ਕੁਝ ਪੈਸੇ ਜੋੜ ਕੇ ਰੱਖਦੀਆਂ ਆਈਆਂ ਹਨ, ਜਿਸ ਨੂੰ ਗੋਝੀ ਆਖਦੇ ਹਨ। ਇਹ ਸਾਡੀਆਂ ਦਾਦੀਆਂ ਪੜਦਾਦੀਆਂ ਵੇਲੇ ਤੋਂ ਚਲਿਆ ਆ ਰਿਹਾ ਹੈ। ਘਰੇਲੂ ਲੋੜ ਸਮੇਂ ਇਨ੍ਹਾਂ ਔਰਤਾਂ ਦੇ ਜੋੜੇ ਪੈਸਿਆਂ ਨਾਲ ਕਈ ਬੁੱਤੇ ਸਾਰੇ ਜਾਂਦੇ ਸਨ। ਮੋਦੀ ਦੀ ਇਸ ਨੋਟਬੰਦੀ ਨੇ ਔਰਤਾਂ ਦੇ ਇਸ ਗੁਪਤ ਖਜ਼ਾਨੇ ਦਾ ਵੀ ਭਾਂਡਾ ਭੰਨ ਦਿੱਤਾ। ਤੇ ਔਰਤਾਂ ਵਿਚਾਰੀਆਂ ਮੋਦੀ ਨੂੰ ਕੋਸਦੀਆਂ ਨਜ਼ਰ ਆਉਂਦੀਆਂ ਹਨ। ਜਿਨ੍ਹਾਂ ਨੇ ਕਦੇ ਮੋਦੀ ਦਾ ਨਾਮ ਵੀ ਨਹੀਂ ਸੀ ਸੁਣਿਆ, ਉਹ ਵੀ ਹੁਣ ਆਪਣਾ ਗੁੱਸਾ ਮੋਦੀ ’ਤੇ ਕੱਢਦੀਆਂ ਹਨ।

ਕਈ ਲੇਖਕਾਂ ਨੇ ਮੋਦੀ ਦੀ ਤੁਲਣਾ ਮੁਗਲ ਬਾਦਸ਼ਾਹ ਮੁਹੰਮਦ ਤੁਗਲਕ ਨਾਲ ਕੀਤੀ ਹੈ ਕਿਉਂਕਿ ਉਸਨੇ ਵੀ ਕਰੰਸੀ ਸਿੱਕੇ ਬਦਲਣ ਦਾ ਇਤਿਹਾਸਿਕ ਕੰਮ ਕੀਤਾ ਸੀ। ਪਰ ਉਸ ਵੇਲੇ ਦੇ ਤੇ ਹੁਣ ਦੇ ਹਾਲਾਤ ਦਾ ਜ਼ਮੀਨ ਸਮਾਨ ਦਾ ਫਰਕ ਹੈ। ਹੁਣ ਦੀ ਨੋਟਬੰਦੀ ਸਮੇਂ ਦੀ ਮੰਗ ਸੀ। ਕਾਲੇ ਧਨ, ਡੁਪਲੀਕੇਟ ਅਤੇ ਜਾਅਲੀ ਕਰੰਸੀ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਬਹੁਤ ਢਾਅ ਲਾਈ ਹੋਈ ਸੀ। ਫਿਰ ਵੀ ਚਾਹੇ ਸਾਡਾ ਪੇਂਡੂ ਅਤੇ ਗਰੀਬ ਤਬਕਾ ਕਿੰਨਾ ਵੀ ਦੁਖੀ ਕਿਉਂ ਨਾ ਹੋਵੇ, ਪੂਰੀ ਤਰ੍ਹਾਂ ਮੋਦੀ ਜੀ ਦੇ ਇਸ ਫੈਸਲੇ ਦੇ ਨਾਲ ਹੈ। ਸਾਰਾ ਦੇਸ਼ ਹੀ ਸਹਿਮਤ ਹੈ। ਇਸ ਨੋਟ ਬਦਲਣ ਦੀ ਪ੍ਰਕਿਰਿਆ ਦੀਆਂ ਊਣਤਾਈਆਂ ਦੇ ਬਾਵਜੂਦ ਵੀ ਲੋਕਾਂ ਦੀ ਚੰਗੇ ਦਿਨਾਂ ਦੀ ਉਮੀਦ ਖਤਮ ਨਹੀਂ ਹੋਈ। ਮੋਦੀ ਦਾ ਇਹ ਨਾਅਰਾ ਤਾਂ ਘਰ ਘਰ ਪਾਹੁੰਚ ਗਿਆ ਹੈ ਤੇ ਇਸੇ ਤਰ੍ਹਾਂ ਨੋਟਬੰਦੀ ਨੇ ਘਰ ਘਰ ਮੋਦੀ ਦੀ ਚਰਚਾ ਕਰਵਾ ਦਿੱਤੀ ਹੈ।

*****

(525)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰਮੇਸ਼ ਸੇਠੀ ਬਾਦਲ

ਰਮੇਸ਼ ਸੇਠੀ ਬਾਦਲ

Phone: (91 - 98766 - 27233)
Email: (rameshsethibadal@gmail)