ShamSingh7ਕਮਾਲ ਇਹ ਹੈ ਕਿ ਜਿਨ੍ਹਾਂ ਕੋਲ ਕਾਲਾ ਧਨ ਸੁਫ਼ਨੇ ਵਿੱਚ ਵੀ ਨਹੀਂ ਆਇਆ ...
(8 ਦਸੰਬਰ 2016)

 

ਜੁਗਾਂ-ਜੁਗਾਂਤਰਾਂ ਤੋਂ ਮਨਮਾਨੀਆਂ ਹੁੰਦੀਆਂ ਆਈਆਂ ਹਨ, ਜਿਨ੍ਹਾਂ ਵਿਰੁੱਧ ਆਵਾਜ਼ ਉੱਠਦੀ ਰਹੀ, ਆਲੋਚਨਾ ਹੁੰਦੀ ਰਹੀ, ਸੋਚ ਮਘਦੀ ਰਹੀ ਅਤੇ ਕਦਮ ਤੁਰਦੇ ਰਹੇ, ਪਰ ਕਿਤੇ-ਕਿਤੇ ਇਸ ਨੂੰ ਜੁਰਅਤ ਤੋਂ ਬਿਨਾਂ ਕੋਈ ਨਾ ਰੋਕ ਸਕਿਆਜੁਰਅਤ ਕਰਨ ਲਈ ਦ੍ਰਿੜ੍ਹ ਇਰਾਦੇ ਬਗ਼ੈਰ ਸਫ਼ਲ ਨਹੀਂ ਹੋਇਆ ਜਾ ਸਕਦਾਜਿਹੜੇ ਹਿੰਮਤ ਦੀ ਹਵਾ ’ਤੇ ਸਵਾਰ ਹੋ ਕੇ ਤੁਰ ਪੈਂਦੇ ਹਨ, ਉਹ ਹੌਸਲੇ ਨੂੰ ਵਕਤ ਦੇ ਪੰਜੇ ਵਿੱਚੋਂ ਕਿਰਨ ਨਹੀਂ ਦਿੰਦੇ ਅਤੇ ਮਾਨਸਿਕ ਬਲ ਨਾਲ ਕੰਮ ਕਰਨ ਨੂੰ ਤਰਕਹੀਣ ਨਹੀਂ ਸਮਝਦੇ, ਜਿਸ ਕਾਰਨ ਹੱਥ ਆਈ ਤਾਕਤ ਨਾਲ ਸਰਗਰਮ ਹੋ ਜਾਂਦੇ ਹਨ, ਜਿਹੜੀ ਮਨਮਾਨੀਆਂ ਵੱਲ ਲਿਜਾਣ ਤੋਂ ਗੁਰੇਜ਼ ਨਹੀਂ ਕਰਦੀਅਜਿਹੇ ਲੋਕਾਂ ਦੇ ਕੰਮ ਜਨਤਾ ਨੂੰ ਪ੍ਰਵਾਨ ਹੋਣ ਜਾਂ ਨਾ ਹੋਣ, ਪਰ ਉਹ ਆਪਣੀ ਇੱਛਾ, ਹਠ ਅਤੇ ਮਰਜ਼ੀ ਨੂੰ ਪੱਠੇ ਪਾਉਣ ਤੋਂ ਬਾਜ਼ ਨਹੀਂ ਆਉਂਦੇ

ਪਹਿਲਾਂ ਤੋਂ ਹੀ ਜ਼ੋਰਾਵਰ ਮਨਮਰਜ਼ੀਆਂ ਕਰਦੇ ਆਏ ਹਨ, ਜਿਨ੍ਹਾਂ ਨੂੰ ਸਾਹਸ ਵਾਲੇ ਹਿੰਮਤ ਨਾਲ ਰੋਕਦੇ ਰਹੇ ਹਨ, ਜਿਸ ਕਾਰਨ ਇਤਿਹਾਸ ਵਿੱਚ ਮਨਮਾਨੀਆਂ ਤੁਰਦੀਆਂ ਹੀ ਰਹੀਆਂਨਾਲ ਦੀ ਨਾਲ ਜੁਰਅਤ ਨੇ ਵੀ ਕਦੇ ਆਪਣਾ ਸਫ਼ਰ ਬੰਦ ਨਹੀਂ ਕੀਤਾਗ਼ਲਤ-ਮਲਤ ਕਾਨੂੰਨਾਂ ਅਤੇ ਫ਼ੈਸਲਿਆਂ ਅੱਗੇ ਜੁਰਅਤ ਨਾਬਰ ਹੁੰਦੀ ਰਹੀ ਅਤੇ ਚੌਧਰੀਆਂ, ਸਰਦਾਰਾਂ, ਮੁਖੀਆਂ, ਰਾਜਿਆਂ ਅਤੇ ਹਾਕਮਾਂ ਦੀਆਂ ਮਨਮਾਨੀਆਂ ਤੋਂ ਮੁਨਕਰ ਹੁੰਦੀ ਰਹੀਅਜਿਹੇ ਕਾਰਨਾਮਿਆਂ ਕਰ ਕੇ ਗ਼ਲਤ ਕੰਮ ਰੁਕਦੇ ਰਹੇ ਅਤੇ ਹਾਕਮਾਂ ਦੀਆਂ ਸਰਦਾਰੀਆਂ ਨੂੰ ਖੋਰਾ ਲੱਗਦਾ ਰਿਹਾਉਨ੍ਹਾਂ ਹਾਕਮਾਂ ਨੂੰ ਚੁਣੌਤੀਆਂ ਸਹਿਣੀਆਂ ਪਈਆਂ

ਰਾਜਿਆਂ ਨੇ ਆਪਣੇ ਹੱਥ ਅੰਨ੍ਹੀ ਤਾਕਤ ਹੋਣ ਕਾਰਨ ਚੰਮ ਦੀਆਂ ਚਲਾਈਆਂ, ਜ਼ੋਰ-ਜਬਰ ਦੀ ਵਰਤੋਂ ਕੀਤੀ ਅਤੇ ਲੋਕ ਮਜਬੂਰੀ ਵੱਸ ਸਹਿੰਦੇ ਰਹੇਜਦ ਜ਼ੁਲਮਾਂ ਦੀ ਇੰਤਹਾ ਹੋ ਗਈ ਤਾਂ ਜੁਰਅਤ ਜਾਗੀ ਅਤੇ ਸਿਰਾਂ ਅੰਦਰ ਮਘਣ ਲੱਗੀਹਾਕਮਾਂ ਨੂੰ ਦਿਨੇ ਤਾਰੇ ਦਿਖਾਉਣ ਦੇ ਜਤਨ ਹੋਣ ਲੱਗੇਅਜਿਹਾ ਹੋਣ ਨਾਲ ਲੋਕ-ਹਿੱਤ ਵਿੱਚ ਹੋਣ ਵਾਲੇ ਜਲਵੇ ਦਿਸਣ ਲੱਗ ਪਏਲੋਕਾਂ ਦਾ ਘਾਣ ਵੀ ਹੁੰਦਾ ਰਿਹਾ ਅਤੇ ਰਾਜ-ਪਲਟੇ ਵੀ ਹੁੰਦੇ ਰਹੇ

ਰਾਜੇ ਤਾਂ ਕਿਤੇ ਵਿਰਲੇ-ਵਿਰਲੇ ਹੀ ਰਹਿ ਗਏ, ਪਰ ਤਰ੍ਹਾਂ-ਤਰ੍ਹਾਂ ਦੇ ਰਾਜ ਆ ਗਏਕਈ ਥਾਂ ਲੋਕਤੰਤਰ ਵੀ ਆ ਗਿਆ, ਜਿਸ ਵਿੱਚ ਲੋਕ ਨੁਮਾਇੰਦੇ ਚੁਣਦੇ ਅਤੇ ਆਸ ਰੱਖਦੇ ਕਿ ਉਹ ਜਨਤਾ ਦੇ ਹਿਤਾਂ ਦੀ ਗੱਲ ਕਰਨਗੇਜਦ ਚੁਣੇ ਹੋਏ ਪ੍ਰਤੀਨਿਧ ਮਨਮਾਨੀਆਂ ਕਰਨ ਲੱਗ ਪਏ ਤਾਂ ਲੋਕਾਂ ਦਾ ਰੋਹ ਤਾਂ ਜਾਗਿਆ, ਪਰ ਉਸ ਨੂੰ ਲੋੜ ਮੁਤਾਬਕ ਜਰਬ ਆਉਣੋਂ ਰੁਕ ਜਾਂਦੀ, ਕਿਉਂਕਿ ਸੱਤਾ ਵਾਲੀ ਸਿਆਸੀ ਪਾਰਟੀ ਦੇ ਲੋਕ ਜ਼ਿਆਦਤੀਆਂ ਹੋਣ ਦੇ ਬਾਵਜੂਦ ਸਰਕਾਰ ਦੇ ਹੱਕ ਵਿੱਚ ਭੁਗਤ ਜਾਂਦੇਜੁਰਅਤ ਮਜ਼ਬੂਤ ਨਾ ਹੋ ਸਕੀਲੋਕਤੰਤਰੀ ਹਾਕਮ ਵੀ ਮਨਮਾਨੀਆਂ ਦੇ ਰਾਹ ਤੁਰਦੇ ਰਹੇ, ਜਿਸ ਕਾਰਨ ਲੋਕਤੰਤਰ ਨੂੰ ਵੀ ਨੁਕਸਾਨ ਹੋਇਆ ਅਤੇ ਦੇਸ਼ ਦੀ ਜਨਤਾ ਨੂੰ ਵੀਲੋਕਤੰਤਰ ਵਿੱਚ ਲੋਕਾਂ ਦੇ ਵਿਰੁੱਧ ਚੱਲਣਾ ਜ਼ਰਾ ਵੀ ਠੀਕ ਨਹੀਂ

ਹਾਕਮਾਂ ਨੂੰ ਲੋਕਾਂ ਵਿਰੁੱਧ ਚੱਲਣ ਦੀ ਨਾ ਆਗਿਆ ਹੈ, ਨਾ ਹੀ ਅਧਿਕਾਰ, ਕਿਉਂਕਿ ਉਹ ਲੋਕ-ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾ ਸਕਦੇਹੌਲੀ-ਹੌਲੀ ਲੋਕਾਂ ਨੂੰ ਸਮਝ ਆਈ ਤਾਂ ਉਹ ਵੋਟ ਰਾਹੀਂ ਜੁਰਅਤ ਦਾ ਇਸਤੇਮਾਲ ਕਰਨ ਲੱਗੇ ਅਤੇ ਸਰਕਾਰਾਂ ਬਦਲ ਕੇ ਰੱਖ ਦਿੱਤੀਆਂਹਾਕਮਾਂ ਦੀ ਸੁਰਤ ਟਿਕਾਣੇ ਆ ਗਈਮਨਮਾਨੀਆਂ ਨੂੰ ਠੱਲ੍ਹ ਤਾਂ ਪਈ, ਪਰ ਅਸਲੋਂ ਖ਼ਤਮ ਨਾ ਹੋਈਆਂਤਾਨਾਸ਼ਾਹ ਤਾਂ ਇੱਕ-ਇਕੱਲਾ ਹੋਣ ਕਰ ਕੇ ਮਨਮਾਨੀਆਂ ਕਰਦਾ ਸੀ, ਪਰ ਲੋਕਤੰਤਰ ਵਿੱਚ ਕੁਝ ਨੇਤਾ ਲੋਕ ਮਿਲ ਕੇ ਕਰਨ ਲੱਗ ਪਏਲੋਕਾਂ ਦੀ ਚਾਹਤ ਦੇ ਉਲਟ ਹੋਣ ਦੇ ਬਾਵਜੂਦ ਉਹ ਆਪਣੀ ਜ਼ਿਦ ਕਾਰਨ ਮਨਮਾਨੀਆਂ ਕਰਨ ਤੋਂ ਕਦੇ ਵੀ ਨਾ ਰੁਕੇਅਜਿਹਾ ਹੋਣ ਕਾਰਨ ਦੇਸ਼ ਅੱਗੇ ਜਾਣ ਦੀ ਥਾਂ ਪਿੱਛੇ ਵੱਲ ਜਾਂਦਾ ਰਿਹਾ

ਅੱਜ ਵੀ ਸਿਆਸਤ ਦਾ ਇਹ ਹਾਲ ਹੈ ਕਿ ਇਹ ਲੋਕਾਂ ਅਤੇ ਪਾਰਟੀ ਦੇ ਨਾਂਅ ’ਤੇ ਇੱਕ ਤੁਗਲਕੀ ਸੋਚ ਦੀ ਵੱਡੀ ਗ਼ਲਤੀ ਕਾਰਨ, ਇੱਕ ਦੀ ਲੁਭਾਉਣੀ ਇੱਛਾ ਦੀ ਮਨਮਾਨੀ ਕਾਰਨ ਦੇਸ਼ ਦੇ ਸਮੁੱਚੇ ਲੋਕਾਂ ਨੂੰ ਹਰ ਰੋਜ਼ ਦੀ ਬਿਪਤਾ ਵਿੱਚ ਫਸਾ ਸਕਦੀ ਹੈ, ਤਾਂ ਕਿ ਜਨਤਾ ਦਾ ਲੱਕ ਟੁੱਟ ਜਾਵੇ ਅਤੇ ਸੋਚਣ ਤੱਕ ਨਾ ਰਹੇ, ਰਾਜ ਵਿਰੁੱਧ ਕਦਮ ਭਰਨ ਜੋਗੀ ਨਾ ਰਹੇ ਅਤੇ ਉਹ ਸਾਰਾ ਦਿਨ ਕੋਹਲੂ ਦੇ ਬੈਲ ਵਾਂਗ ਇੱਕੋ ਥਾਂਏਂ ਘੁੰਮਦੇ ਰਹਿਣ ਲਈ ਮਜਬੂਰ ਹੋ ਜਾਵੇਤ੍ਰਾਹ-ਤ੍ਰਾਹ ਕਰਦੀ ਜਨਤਾ ਕੀ ਕਰੇ, ਕਿੱਧਰ ਜਾਵੇ?

ਕਾਲਾ ਧਨ ਫੜਨ ਦਾ ਕਾਰਜ ਗ਼ਰੀਬਾਂ ਦੀ ਗ਼ਰੀਬੀ ਦੂਰ ਕਰਨ ਦੇ ਨਾਂਅ ’ਤੇ ਕੀਤਾ ਜਾ ਰਿਹਾ ਹੈ, ਜੋ ਇੱਕ ਨਾਟਕ ਤੋਂ ਵੱਧ ਕੁਝ ਨਹੀਂਜਿਹੜੀ ਸਿਆਸੀ ਪਾਰਟੀ ਮੱਧ-ਵਰਗੀ ਲੋਕਾਂ ਦੀ ਹੋਵੇ, ਉਸ ਵੱਲੋਂ ਲਾਏ ਜਾਂਦੇ ਗ਼ਰੀਬੀ ਖ਼ਤਮ ਕਰਨ ਦੇ ਨਾਹਰੇ ’ਤੇ ਵਿਸ਼ਵਾਸ ਕੀਤਾ ਹੀ ਨਹੀਂ ਜਾ ਸਕਦਾਇਸ ਪਾਰਟੀ ਨੇ ਤਾਂ ਸਨਅਤ, ਵਪਾਰੀ, ਕਰਮਚਾਰੀ ਅਤੇ ਹੋਰ ਸਾਰੇ ਵਰਗ ਦਰੜ ਕੇ ਰੱਖ ਦਿੱਤੇਕਮਾਲ ਇਹ ਹੈ ਕਿ ਜਿਨ੍ਹਾਂ ਕੋਲ ਕਾਲਾ ਧਨ ਸੁਫ਼ਨੇ ਵਿੱਚ ਵੀ ਨਹੀਂ ਆਇਆ, ਇਸ ਸਾਰੇ ਰੌਲੇ-ਰੱਪੇ ਵਿੱਚ ਰਗੜਿਆ ਉਹੀ ਗਿਆਕਤਾਰਾਂ ਵਿੱਚ ਖੜ੍ਹਿਆਂ ਨੂੰ ਇਹ ਖੁਆਰੀ ਕਦੇ ਨਹੀਂ ਭੁੱਲੇਗੀ

ਲੋਕ ਇਹ ਮਹਿਸੂਸ ਕਰਦੇ ਹਨ ਕਿ ਜੇ ਕਾਲਾ ਧਨ ਫੜਨਾ ਹੀ ਸੀ ਤਾਂ ਹੋਰ ਢੰਗ-ਤਰੀਕੇ ਅਪਣਾਏ ਜਾਂਦੇ, ਜਿਸ ਨਾਲ ਆਮ ਜਨਤਾ ਨੂੰ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪੈਂਦਾਕਾਲੇ ਧਨ ਨੂੰ ਫੜਨ ਲਈ ਦੇਸ ਦੀ ਭੋਲੀ-ਭਾਲੀ ਜਨਤਾ ਨੂੰ ਪੈਰ-ਪੈਰ ’ਤੇ ਦੁੱਖਾਂ ਦੇ ਟੋਏ ਵਿੱਚ ਸੁੱਟਣਾ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ

ਸਭ ਆਪਣੀ ਰਾਜਨੀਤੀ ਚਮਕਾਉਂਦੇ ਹਨ, ਸਿਆਸਤ ਖੇਡਦੇ ਹਨ, ਜਿਸ ਕਾਰਨ ਦੇਰ ਤੋਂ ਗ਼ਰੀਬਾਂ ਨਾਲ ਮਜ਼ਾਕ ਹੀ ਹੋਈ ਜਾ ਰਿਹਾ, ਗ਼ਰੀਬੀ ਖ਼ਤਮ ਹੁੰਦੀ ਕਿਧਰੇ ਵੀ ਨਹੀਂ ਦਿੱਸਦੀਜੇ ਕੋਈ ਗ਼ਰੀਬ, ਫ਼ਕੀਰ ਵੀ ਹਾਕਮ ਬਣ ਕੇ ਗ਼ਰੀਬੀ ਬਾਰੇ ਸੰਜੀਦਗੀ ਨਾਲ ਸੋਚ ਨਾ ਸਕਿਆ ਅਤੇ ਇਸ ਦੇ ਖ਼ਾਤਮੇ ਲਈ ਸਾਰਥਿਕ ਕਾਰਜ ਨਾ ਕਰ ਸਕਿਆ ਤਾਂ ਇੱਕ ਦਿਨ ਲੋਕਾਂ ਵਿੱਚ ਅਜਿਹੀ ਜੁਰਅਤ ਜਾਗੇਗੀ, ਜਿਸ ਦੇ ਅੱਗੇ ਅੱਜ ਦੇ ਹਾਕਮ ਕਿਤੇ ਨਹੀਂ ਲੱਭਣਗੇਜੁਰਅਤ ਦੇ ਰੰਗ ਹੀ ਅਜਿਹੇ ਹੁੰਦੇ ਹਨ, ਜਿਸ ਨੂੰ ਜਾਣਨ ਲਈ ਦੁਨੀਆ ਦਾ ਇਤਿਹਾਸ ਫਰੋਲ ਕੇ ਦੇਖਿਆ ਜਾ ਸਕਦਾ ਹੈ

ਮਨਮਾਨੀਆਂ ਉਦੋਂ ਹੀ ਰੁਕਦੀਆਂ ਹਨ, ਜਦ ਉਨ੍ਹਾਂ ਅੱਗੇ ਜੁਰਅਤ ਦਾ ਝੰਡਾ ਬੁਲੰਦ ਹੋਣ ਲੱਗ ਪਵੇਵਿਹਾਰ, ਪ੍ਰਦਰਸ਼ਨ, ਲਿਖਤਾਂ ਅਤੇ ਤਕਰੀਰਾਂ ਜਦ ਤਿੱਖੀ ਤਕਰਾਰ ਵਿੱਚ ਤੁਰ ਪੈਣ ਤਾਂ ਵੋਟ ਦੀ ਵਰਤੋਂ ਵੀ ਉਸੇ ਅੰਦਾਜ਼ ਨਾਲ ਹੁੰਦੀ ਹੈ, ਜੋ ਤਖ਼ਤੇ ਵੀ ਪਲਟ ਕੇ ਰੱਖ ਦਿੰਦੀ ਹੈ ਅਤੇ ਹਾਕਮਾਂ ਦੀ ਪੂਰੀ ਫ਼ੌਜ ਵੀਅੱਜ ਦੇ ਜਾਗਦੇ ਯੁੱਗ ਵਿੱਚ ਮਨਮਾਨੀਆਂ ਨਹੀਂ ਚੱਲ ਸਕਦੀਆਂ; ਨਾ ਹੀ ਸਿਆਸਤ ਦੇ ਨਾਂਅ ’ਤੇ, ਨਾ ਸਿਆਸੀ ਪਾਰਟੀਆਂ ਦੇ ਸਿਰ ’ਤੇ, ਨਾ ਅਫ਼ਸਰੀਆਂ ਦੇ ਆਸਰੇ ਅਤੇ ਨਾ ਹੀ ਵਜ਼ੀਰੀਆਂ ਕਰ ਕੇਲੋਕ ਮਨਮਾਨੀਆਂ ਦੇ ਖ਼ਿਲਾਫ਼ ਉੱਠ ਖੜੋਂਦੇ ਹਨ, ਤਾਂ ਕਿ ਮਨਮਾਨੀਆਂ ਨੂੰ ਰੋਕਣ ਲਈ ਕਦਮ ਉਠਾਏ ਜਾ ਸਕਣਅਜਿਹੇ ਲੋਕਾਂ ਦੀ ਹਮਾਇਤ ਕਰਨ ਲਈ ਸਾਰਾ ਦੇਸ਼ ਆ ਖੜ੍ਹਦਾ ਹੈ, ਤਾਂ ਕਿ ਮਨਮਾਨੀਆਂ ਦੇ ਗ਼ਲਤ ਕਦਮ ਉਠਾਉਣ ਵਾਲੇ ਨੂੰ ਅਜਿਹਾ ਸਬਕ ਸਿਖਾਇਆ ਜਾ ਸਕੇ ਕਿ ਕੇਵਲ ਉਹ ਹੀ ਨਹੀਂ, ਸਗੋਂ ਆਉਣ ਵਾਲੇ ਹਾਕਮ, ਦਰਬਾਰੀ ਅਤੇ ਅਧਿਕਾਰੀ ਵੀ ਤੌਬਾ ਕਰਨ

ਇਹ ਵੀ ਸਵੈ-ਸਿੱਧ ਹੈ ਕਿ ਕਿਸੇ ਵੀ ਸਭਾ-ਸੁਸਾਇਟੀ, ਸੰਗਠਨ, ਅਦਾਰੇ ਅਤੇ ਸਿਆਸੀ ਪਾਰਟੀ ਅੰਦਰ ਮਨਮਾਨੀਆਂ ਕਰਨ ਵਾਲੇ ਨੂੰ ਚੰਗਾ, ਸਦਾਚਾਰੀ, ਸਭਿਅਕ, ਨਿਆਂਕਾਰੀ ਅਤੇ ਲੋਕ-ਹਿੱਤੂ ਨਹੀਂ ਮੰਨਿਆ ਜਾਂਦਾਮਨਮਾਨੀ ਨੂੰ ਉਸ ਦੀ ਹੈਂਕੜ ਸਮਝਿਆ ਜਾਂਦਾ ਹੈ, ਜੋ ਨਾ ਤਾਂ ਮਸਲਿਆਂ ਨੂੰ ਹੱਲ ਕਰਨ ਵਿੱਚ ਸਹਾਈ ਹੁੰਦੀ ਹੈ ਅਤੇ ਨਾ ਹੀ ਲੋਕ-ਰਾਇ ਨੂੰ ਸੰਤੁਸ਼ਟ ਕਰਨ ਵਾਲੀਜ਼ਰੂਰੀ ਹੈ ਕਿ ਲੋਕਤੰਤਰ ਵਿੱਚ ਜਿਨ੍ਹਾਂ ਦੇ ਪੈਰਾਂ ਹੇਠ ਤਾਕਤ ਦਾ ਬਟੇਰਾ ਆ ਜਾਂਦਾ ਹੈ, ਉਹ ਲੋਕਾਂ ਦੀਆਂ ਆਜ਼ਾਦੀਆਂ, ਸਹੂਲਤਾਂ ਅਤੇ ਆਰਾਮ ਨੂੰ ਖ਼ਤਮ ਨਾ ਕਰਨ, ਸਗੋਂ ਇਨ੍ਹਾਂ ਵਿੱਚ ਵਾਧਾ ਕਰਨ

ਹਾਕਮ ਲੋਕਾਂ ਦੀ ਜੁਰਅਤ ਦਾ ਵੀ ਖ਼ਿਆਲ ਰੱਖਣ, ਜਿਹੜੀ ਅਜਿਹੇ ਜਲਵੇ ਦਿਖਾ ਸਕਦੀ ਹੈ, ਜਿਸ ਨਾਲ ਹਵਾ ਦੇ ਰੁਖ਼ ਹੀ ਉਲਟ ਜਾਂਦੇ ਹਨ ਅਤੇ ਜੁਰਅਤ ਕੁਰਬਾਨੀਆਂ ਕਰਨ ਦੇ ਰੂਪ ਵਿੱਚ ਅੱਗੇ ਵਧਣ ਤੋਂ ਨਹੀਂ ਰੁਕਦੀਭਵਿੱਖ ਵਿਚ ਕੋਈ ਵੀ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਸੌ ਵਾਰ ਸੋਚਿਆ ਜਾਵੇ

**

ਨੋਟ-ਬੰਦੀ ਦੇ ਕ੍ਰਿਸ਼ਮੇਂ

ਲੰਮੀਆਂ ਕਤਾਰਾਂ ਤਾਂ ਭੁੱਲਣੀਆਂ ਨਹੀਂ, ਪਰ ਮਾਇਆ ਫੇਰ ਵੀ ਨਹੀਂ ਮਿਲਦੀਵਪਾਰੀ ਘਾਟੇ ਵਿੱਚ ਜਾ ਰਹੇ ਹਨ, ਜਿਨ੍ਹਾਂ ਦਾ ਹਾਕਮਾਂ ਅੱਗੇ ਕੋਈ ਜ਼ੋਰ ਨਹੀਂ ਚੱਲਦਾਅੱਸੀ ਪ੍ਰਤੀਸ਼ਤ ਭਾਰਤ 15 ਦਿਨਾਂ ਤੋਂ ਠੱਪ ਹੈ, ਜਿਸ ਦੇ ਨੁਕਸਾਨ ਦਾ ਪਤਾ ਲਗਾਉਣਾ ਕਿਸੇ ਦੇ ਵੀ ਵੱਸ ਨਹੀਂਪਤਾ ਲੱਗਾ ਹੈ ਕਿ ਐੱਲ ਐਂਡ ਟੀ ਕੰਪਨੀ ਨੇ 14 ਹਜ਼ਾਰ ਕਾਮੇ ਕੱਢ ਦਿੱਤੇਉਹ ਕਿੱਥੇ ਜਾਣ, ਕਿੱਥੋਂ ਖਾਣ? ਰਾਜਸਥਾਨ ਦੀ ਸਨਅਤ ਨੂੰ ਇੱਕ ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਗਿਆਮਜ਼ਦੂਰ ਨੂੰ ਕੰਮ ਹੀ ਨਹੀਂ ਮਿਲਦਾ, ਉਹ ਬੇਕਾਰ ਹੋ ਕੇ ਹੀ ਰਹਿ ਗਿਆਅੱਸੀ ਦੇ ਕਰੀਬ ਜਾਨਾਂ ਚਲੀਆਂ ਗਈਆਂ

ਨੋਟ-ਬੰਦੀ ਦੇ ਹਮਾਇਤੀ ਦੱਸਣ ਕਿ 50 ਦਿਨ ਦੇ ਬਾਅਦ ਕਿੰਨਾ ਕਾਲਾ ਧਨ ਗ਼ਰੀਬਾਂ ਕੋਲ ਪਹੁੰਚੇਗਾ? ਆਮ ਜਨਤਾ ਨੂੰ ਇਸ ਦਾ ਕੋਈ ਲਾਭ ਹੋਵੇਗਾ ਕਿ ਨਹੀਂ? ਮੁਫ਼ਤ ਵਿੱਚ ਹੀ ਕਤਾਰਾਂ ਵਿੱਚ ਖੜ੍ਹਨ ਵਾਲਿਆਂ ਨੂੰ ਕੋਈ ਮੁਆਵਜ਼ਾ/ਇਵਜ਼ਾਨਾ/ਹਰਜਾਨਾ ਮਿਲੇਗਾ ਕਿ ਨਹੀਂ? ਮੁੱਕਦੀ ਗੱਲ, ਨੀਮ-ਹਕੀਮ ਜਾਨ ਨੂੰ ਖ਼ਤਰਾ!

*****

(522)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author