UjagarSingh7ਕੁਰਸੀ ਵੱਲ ਨੂੰ ਅਹੁਲ ਰਿਹਾ ਏਹਰ ਘੋੜੀ ਦੇ ਮਗਰ ਵਛੇਰਾ,   ਅਜ਼ਾਦੀ ਤੇ ਕਾਬਜ਼ ਹੁਣ ਵੀਟੋਡੀ ਪੁੱਤਰ ਰਾਜੇ ਰਾਣੇ ...
(3 ਦਸੰਬਰ 2016)


Mirgavali2ਗੁਰਭਜਨ ਗਿੱਲ ਇੱਕ ਸੁਲਝਿਆ ਹੋਇਆ ਗ਼ਜ਼ਲਕਾਰ
, ਕਵੀ ਅਤੇ ਗਲਪਕਾਰ ਹੈ, ਜਿਸਦੀਆਂ ਹੁਣ ਤੱਕ ਆਪਣੀਆਂ ਬਾਰਾਂ ਮੌਲਿਕ ਅਤੇ ਪੰਜ ਸੰਪਾਦਿਤ ਪੁਸਤਕਾਂ ਪ੍ਰਕਾਸ਼ਤ ਹੀ ਨਹੀਂ ਹੋਈਆਂ ਬਲਕਿ ਪੜ੍ਹੀਆਂ ਗਈਆਂ ਹਨ। ਮਿਰਗਾਵਲੀ 112 ਪੰਨਿਆਂ ਅਤੇ 102 ਗ਼ਜ਼ਲਾਂ ਵਾਲੀ ਪੁਸਤਕ 2016 ਵਿਚ ਸੰਗਮ ਪ੍ਰਕਾਸ਼ਨ ਸਮਾਣਾ ਵਲੋਂ ਪ੍ਰਕਾਸ਼ਤ ਕੀਤੀ ਗਈ। ਗੁਰਭਜਨ ਗਿੱਲ ਦੀਆਂ ਰਚਨਾਵਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਪਾਠਕਾਂ ਲਈ ਬੋਝ ਨਹੀਂ ਬਣਦੀਆਂ ਬਲਕਿ ਸਾਦੀ, ਸਰਲ ਅਤੇ ਸਪਸ਼ਟ ਭਾਸ਼ਾ ਵਿਚ ਲਿਖੀਆਂ ਹੋਣ ਕਰਕੇ ਪਾਠਕ ਲਈ ਪੜ੍ਹਨ ਦੀ ਉਤੇਜਨਾ ਵਿਚ ਵਾਧਾ ਕਰਦੀਆਂ ਹੋਈਆਂ ਅਰਥ ਭਰਪੂਰ ਹੋਣ ਕਰਕੇ ਪਾਠਕ ਦੇ ਮਨ ਤੇ ਆਪਣਾ ਗਹਿਰਾ ਪ੍ਰਭਾਵ ਛੱਡਦੀਆਂ ਹਨ। ਪਾਠਕ ਪੁਸਤਕ ਨੂੰ ਇੱਕ ਬੈਠਕ ਵਿਚ ਹੀ ਸੰਪੂਰਨ ਕਰ ਲੈਂਦਾ ਹੈ। ਗ਼ਜ਼ਲ ਨੂੰ ਆਮ ਤੌਰ ’ਤੇ ਇਸਤਰੀ ਲਿੰਗ ਸਮਝਿਆ ਜਾਂਦਾ ਹੈ। ਗ਼ਜ਼ਲ ਰੁਮਾਂਸਵਾਦ ਦਾ ਪ੍ਰਤੀਕ ਵੀ ਗਿਣੀ ਜਾਂਦੀ ਹੈ ਪ੍ਰੰਤੂ ਗੁਰਭਜਨ ਗਿੱਲ ਦੀਆਂ ਰੁਮਾਂਟਿਕ ਗ਼ਜ਼ਲਾਂ ਵੀ ਸਮਾਜਿਕ ਸਰੋਕਾਰਾਂ ਦੀ ਪਿਉਂਦ ਵਿਚ ਲਿਪਟੀਆਂ ਹੋਈਆਂ ਹੁੰਦੀਆਂ ਹਨ, ਜਿਹੜੀਆਂ ਪਾਠਕਾਂ ਨੂੰ ਕਈ ਦਿਸ਼ਾਵਾਂ ਵਲ ਲੈ ਤੁਰਦੀਆਂ ਹਨ। ਪਾਠਕ ਇਹੋ ਅੰਦਾਜ਼ੇ ਲਾਉਂਦਾ ਰਹਿ ਜਾਂਦਾ ਹੈ ਕਿ ਗੁਰਭਜਨ ਗਿੱਲ ਦੀ ਸੂਈ ਕਿਸ ਨੁਕਤੇ ਵਲ ਇਸ਼ਾਰਾ ਕਰਦੀ ਹੈ। ਉਸਦੀਆਂ ਗ਼ਜ਼ਲਾਂ ਬਹੁ ਪੱਖੀ ਰੰਗਤਾਂ ਵਲ ਇਸ਼ਾਰੇ ਕਰਦੀਆਂ ਹਨ। ਇੱਕ ਗ਼ਜ਼ਲ ਵਿਚ ਹੀ ਕਈ ਨੁਕਤੇ ਉਠਾਏ ਹੁੰਦੇ ਹਨ। ਪਾਠਕ ਆਪਣੀ ਵਿਚਾਰਧਾਰਾ ਜਾਂ ਸਮਝ ਅਨੁਸਾਰ ਅਰਥ ਕੱਢਦੇ ਰਹਿੰਦੇ ਹਨ। ਗ਼ਜ਼ਲਾਂ ਦੇ ਵਿਸ਼ੇ, ਭਾਈਚਾਰਕ ਸਾਂਝ, ਕਿਸਾਨੀ, ਰਾਜਨੀਤਕ, ਸਮਾਜਿਕ, ਆਰਥਿਕ, ਸਮਾਜਿਕ ਨਾਬਰਾਬਰੀ, ਨਸ਼ੇ, ਭਰੂਣ ਹੱਤਿਆ, ਪਦਾਰਥਵਾਦ, ਅਨਿਆਇ, ਆਦਿ ਅਣਗਿਣਤ ਮੁੱਦਿਆਂ ਦੇ ਦੁਆਲੇ ਘੁੰਮਦੇ ਹਨ। ਸਮਾਜ ਵਿਚ ਤੱਤਕਾਲੀਨ ਵਾਪਰ ਰਹੀਆਂ ਘਟਨਾਵਾਂ ਵੀ ਉਸਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦਾ ਵਿਸ਼ਾ ਬਣਦੀਆਂ ਹਨ।

ਗੁਰਭਜਨ ਗਿੱਲ ਕਿਸੇ ਵੀ ਵਿਅਕਤੀ, ਸਮਾਜਿਕ ਸੰਸਥਾ ਅਤੇ ਸਿਆਸੀ ਪਾਰਟੀ ਨੂੰ ਬਖ਼ਸ਼ਦਾ ਨਹੀਂ ਪ੍ਰੰਤੂ ਮਿੱਠੇ ਮਿੱਠੇ ਤੁਣਕੇ ਮਾਰਦਾ ਹੋਇਆ ਆਪਣਾ ਕਿੰਤੂ ਪ੍ਰੰਤੂ ਕਰ ਜਾਂਦਾ ਹੈ। ਉਸਦੀਆਂ ਗ਼ਜ਼ਲਾਂ ਦੱਸ ਰਹੀਆਂ ਹਨ ਕਿ ਸਾਡਾ ਸਮਾਜ ਪਦਾਰਥਵਾਦੀ ਹੈ, ਸਾਹਿਤਕ ਖ਼ਜਾਨੇ ਦਾ ਮੁੱਲ ਨਹੀਂ ਪਾਉਂਦਾ, ਉਸਨੂੰ ਪੜ੍ਹਨ ਦੀ ਹੀ ਖੇਚਲ ਨਹੀਂ ਕਰਦਾ, ਸਗੋਂ ਉਸ ਅਮੀਰ ਖ਼ਜਾਨੇ ਦਾ ਨਿਰਾਦਰ ਕਰਦਾ ਹੋਇਆ ਆਪਣੇ ਗੁਨਾਹਾਂ ਤੋਂ ਡਰਦਾ ਆਪੇ ਵਿੱਚੋਂ ਬਾਹਰ ਹੀ ਨਹੀਂ ਨਿਕਲ ਰਿਹਾ। ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਆਪਣੀ ਵੋਟ ਦੀ ਅਹਿਮੀਅਤ ਨੂੰ ਸਮਝਦਾ ਹੀ ਨਹੀਂ ਸਗੋਂ ਗ਼ੈਰ ਸਮਾਜੀ ਸਿਆਸਤਦਾਨਾਂ ਹੱਥ ਆਪਣੇ ਭਵਿੱਖ ਨੂੰ ਫੜਾ ਦਿੰਦਾ ਹੈ। ਅਫ਼ਸਰਸ਼ਾਹੀ, ਰਾਜਨੀਤਕ ਲੋਕ ਅਤੇ ਕੁਝ ਕੁ ਪੱਤਰਕਾਰ ਆਪਸ ਵਿਚ ਅੰਦਰਖ਼ਾਤੇ ਮਿਲੇ ਹੋਣ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਨਹੀਂ ਹੋ ਰਹੇ। ਚੋਰ ਅਤੇ ਸਾਧ ਵੀ ਰਲੇ ਹੋਏ ਹਨ। ਸਾਹਿਤਕ ਇਨਾਮ ਵੀ ਅਸਰਰਸੂਖ਼ਾਂ ਦੀ ਝੋਲੀ ਪੈਂਦੇ ਹਨ।

ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਲੋਕਾਂ ਨੂੰ ਦੁੱਖਾਂ ਦਾ ਮੁਕਾਬਲਾ ਕਰਨ ਲਈ ਪ੍ਰੇਰਦੀਆਂ ਹਨ। ਗ਼ਜ਼ਲਾਂ ਦੇ ਰੰਗ ਵਿਲੱਖਣ ਹਨ, ਕਦੀ ਵੱਡੇ ਸਰਮਾਏਦਾਰਾਂ ਵੱਲੋਂ ਛੋਟੇ ਦੁਕਾਨਦਾਰਾਂ ਦੇ ਹੱਕਾਂ ਨੂੰ ਹੜੱਪਣ ਦੀ ਗੱਲ ਕਰਦੀਆਂ ਹਨ ਅਤੇ ਕਦੀ ਸ਼ਹਿਰੀ ਜੀਵਨ ਦੇ ਪੇਂਡੂ ਜੀਵਨ ਨੂੰ ਪ੍ਰਭਾਵਤ ਕਰਨ ਦਾ ਹੋਕਾ ਦਿੰਦੀਆਂ ਹਨਕਦੀ ਕਿਸਾਨੀ ਦੀ ਦੁਰਦਸ਼ਾ ਦੀ ਗੱਲ ਕਰਦੀਆਂ ਹਨ, ਕਦੀ ਧਾਰਮਿਕ ਲੋਕਾਂ ਵੱਲੋਂ ਧਰਮ ਦੇ ਨਾਂ ਤੇ ਉਨ੍ਹਾਂ ਨੂੰ ਭੜਕਾਉਣ ਦੇ ਗੰਭੀਰ ਨਤੀਜਿਆਂ ਬਾਰੇ ਖ਼ਦਸ਼ਾ ਪ੍ਰਗਟਾਉਂਦੀਆਂ ਹਨ।

ਹੈਰਾਨੀ ਦੀ ਗੱਲ ਹੈ ਕਿ ਗੁਰਭਜਨ ਗਿੱਲ ਸਮਾਜਿਕ ਢਾਂਚੇ ਤੇ ਕਿੰਤੂ ਪ੍ਰੰਤੂ ਕਰਦਿਆਂ ਫਿਟਕਾਰਾਂ ਵੀ ਪਾਉਂਦਾ ਹੈ ਪ੍ਰੰਤੂ ਮਿੱਠ-ਮਿੱਠੇ, ਸਹਿੰਦੇ-ਸਹਿੰਦੇ, ਕੋਸੇ-ਕੋਸੇ, ਨਿਹੋਰੇ ਅਤੇ ਟਕੋਰਾਂ ਕਰਕੇ ਉਨ੍ਹਾਂ ਨੂੰ ਸ਼ਰਮਿੰਦਾ ਕਰਦਾ ਹੈ। ਨਾਲ ਦੀ ਨਾਲ ਮਰਹਮ ਦਾ ਫੰਬਾ ਵੀ ਧਰ ਦਿੰਦਾ ਹੈ ਕਿਉਂਕਿ ਸਾਹਿਤਕ ਦਿਲ ਕਿਸੇ ਨੂੰ ਠੋਸ ਪਹੁੰਚਾਉਣੀ ਨਹੀਂ ਚਾਹੁੰਦਾ ਪ੍ਰੰਤੂ ਆਪਣੀ ਗੱਲ ਕਹੇ ਬਿਨਾਂ ਰਹਿ ਵੀ ਨਹੀਂ ਸਕਦਾ। ਉਸਦੀਆਂ ਗ਼ਜ਼ਲਾਂ ਵਿਚ ਮਨੁੱਖ ਦੀ ਆਦਮਖ਼ੋਰ ਫਿਤਰਤ ਨੂੰ ਦਰਸਾਇਆ ਗਿਆ ਹੈ ਜੋ ਸੱਚ ’ਤੇ ਪਹਿਰਾ ਦੇਣ ਤੋਂ ਝਿਜਕਦਾ ਹੈ। ਅਸਲੀਅਤ ਨੂੰ ਜਾਣਦਾ ਹੋਇਆ ਵੀ ਪਾਸਾ ਵੱਟਕੇ ਗਰਜ਼ ਪੂਰੀ ਕਰਨ ਲਈ ਫਰਜ਼ਾਂ ਨੂੰ ਤਿਲਾਂਜਲੀ ਦੇ ਦਿੰਦਾ ਹੈ। ਜਦੋਂ ਸਾਧ ਅਤੇ ਚੋਰ ਮਿਲੇ ਹੋਏ ਹਨ ਤਾਂ ਲੋਕਾਂ ਨੂੰ ਇਨਸਾਫ਼ ਕਿੱਥੋਂ ਮਿਲਣਾ ਹੈ। ਉਹ ਲੋਕਾਂ ਨੂੰ ਅਹਿਸਾਸ ਕਰਵਾਉਂਦਾ ਹੈ ਕਿ ਅਹੁਦੇ ਅਤੇ ਕੁਰਸੀਆਂ ਸਦਾ ਨਹੀਂ ਰਹਿਣੇ। ਸੱਚ ਦਾ ਮਾਰਗ ਛੱਡਕੇ ਜਾਂਬਾਜ਼ ਨਹੀਂ ਬਣਿਆ ਜਾ ਸਕਦਾ।

ਅਜਿਹੇ ਅਨੇਕਾਂ ਸਵਾਲ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਕਰਦੀਆਂ ਹਨ। ਇਨਸਾਨ ਦੀ ਮਾਨਸਿਕ ਤ੍ਰਿਪਤੀ ਕਦੀ ਪੂਰੀ ਨਹੀਂ ਹੁੰਦੀ ਤਾਂ ਹੀ ਪ੍ਰਾਪਤੀ ਲਈ ਮਿਰਗ ਤ੍ਰਿਸ਼ਨਾ ਬਣੀ ਰਹਿੰਦੀ ਹੈ। ਧੱਕੇ ਅਤੇ ਜ਼ੋਰ ਜ਼ਬਰਦਸਤੀ ਨਾਲ ਪ੍ਰਾਪਤ ਕੀਤੀ ਜਾਇਦਾਦ ਕਦੀ ਵੀ ਸਥਾਈ ਨਹੀਂ ਰਹਿ ਸਕਦੀ ਕਿਉਂਕਿ ਵਿਕਾਊ ਮਾਲ ਦੀ ਅਣਖ਼ ਨਹੀਂ ਹੁੰਦੀ। ਇਸ ਲਈ ਇਨਸਾਨ ਨੂੰ ਆਪਣੀ ਸੋਚ ਬਦਲਣੀ ਪਵੇਗੀ। ਫੋਕੇ ਦਾਅਵਿਆਂ ਨਾਲ ਕੁਝ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਨਸਾਫ ਦੀ ਲੜਾਈ ਬਿਨਾ ਲੜਿਆਂ ਜਿੱਤੀ ਨਹੀਂ ਜਾ ਸਕਦੀ। ਪਾਪ ਦਾ ਭਾਂਡਾ ਆਖ਼ਰ ਡੋਬਣਾ ਹੀ ਪੈਂਦਾ। ਹਉਮੈ ਨੂੰ ਮਾਰਕੇ ਹੀ ਇਨਸਾਨੀਅਤ ਦਾ ਪੱਲਾ ਫੜਿਆ ਜਾ ਸਕਦਾ ਹੈ। ਹਥਿਆਰਾਂ ਨਾਲੋਂ ਸ਼ਬਦਾਂ ਦੇ ਤੀਰ ਜ਼ਿਆਦਾ ਤਾਕਤਵਰ ਹੁੰਦੇ ਹਨ। ਜਿਹੜੇ ਲੋਕ ਮੰਜ਼ਲ ਵੱਲ ਵਧਦੇ ਨਹੀਂ, ਉਨ੍ਹਾਂ ਲਈ ਰਸਤਿਆਂ ਦੇ ਕੋਈ ਅਰਥ ਨਹੀਂ ਹੁੰਦੇ। ਸਾਡੇ ਦੇਸ਼ ਦੇ ਲੋਕ ਮਾਨਸਿਕ ਤੌਰ ਤੇ ਅਜ਼ਾਦ ਨਹੀਂ ਹੋਏ। ਕੁਰਸੀ ਲਈ ਜ਼ਮੀਰ ਮਾਰ ਲੈਂਦੇ ਹਨ। ਸੱਚ ਨੂੰ ਹਮੇਸ਼ਾ ਵੰਗਾਰਾਂ ਦਾ ਮੁਕਾਬਲਾ ਕਰਨਾ ਪੈਂਦਾ ਹੈ ਪ੍ਰੰਤੂ ਆਖ਼ਰ ਜਿੱਤ ਸੱਚ ਦੀ ਹੀ ਹੁੰਦੀ ਹੈ। ਪੂਜਾ ਸਥਾਨਾ ਬਾਰੇ ਵੀ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਸਾਫ ਤੌਰ ’ਤੇ ਕਹਿੰਦੀਆਂ ਹਨ ਕਿ ਸੰਗਮਰਮਰ ਲਗਾਉਣ ਨਾਲੋਂ ਵਿਚਾਰਧਾਰਾ ’ਤੇ ਅਮਲ ਕਰਨਾ ਜ਼ਰੂਰੀ ਹੈ। ਇਨਸਾਨ ਪਦਾਰਥਵਾਦੀ ਯੁਗ ਵਿਚ ਭਟਕਿਆ ਪਿਆ ਹੈ। ਇਸ ਭਟਕਣਾ ਵਿੱਚੋਂ ਨਿਕਲਣਾ ਜ਼ਰੂਰੀ ਹੈ। ਪੰਜਾਬ ਦੇ ਮਾੜੇ ਦਿਨਾਂ ਵੱਲ ਇਸ਼ਾਰਾ ਕਰਦੀਆਂ ਉਸ ਦੀਆਂ 5-6 ਗ਼ਜ਼ਲਾਂ ਧਰਮ ਦੇ ਠੇਕੇਦਾਰਾਂ ਵੱਲੋਂ ਨੌਜਵਾਨਾਂ ਨੂੰ ਲਾਰੇ ਲਾ ਕੇ ਭੜਕਾਉਣ ਸਮੇਂ ਪੁਲਿਸ, ਸਿਆਸਤਦਾਨਾਂ ਅਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਗਾਉਂਦੀਆਂ ਹਨ:

ਪੌਣਾਂ ਵਿਚ ਜ਼ਹਿਰੀਲਾ ਧੂੰਆਂ, ਧਰਮ ਕਰਮ ਦੇ ਨਾਂ ਦੇ ਥੱਲੇ,
ਇਨਸਾਨਾਂ ਨੂੰ ਫੇਰ ਕੁਰਾਹੇ, ਪਾ ਨਾ ਬਲੀ ਚੜ੍ਹਾਵੇ ਰੱਬਾ।

ਉਹ ਆਪਣੀਆਂ ਗ਼ਜ਼ਲਾਂ ਵਿਚ ਲਿਖਦਾ ਹੈ ਕਿ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਨ ਲਈ ਮਿਹਨਤ, ਦਲੇਰੀ, ਸਿਰੜ ਅਤੇ ਆਪਣੇ ਆਪੇ ਦੀ ਪੁਣ-ਛਾਣ ਕਰਨ ਦੀ ਲੋੜ ਹੁੰਦੀ ਹੈ। ਕਈ ਵਾਰ ਕੁਝ ਪ੍ਰਾਪਤ ਕਰਨ ਲਈ ਕੁਝ ਗੁਆਉਣਾ ਵੀ ਪੈਂਦਾ ਹੈ। ਇਨਸਾਨ ਨੂੰ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ। ਕਈ ਲੋਕ ਮੁਖੌਟੇ ਪਹਿਨੀ ਬੈਠੇ ਹਨ। ਧਾਰਮਿਕ ਸਥਾਨਾਂ ’ਤੇ ਵੀ ਸੌਦੇ ਹੀ ਵੇਚ ਰਹੇ ਹਨ:

ਕਾਫ਼ਰ ਪਹਿਨ ਰਹੇ ਨੇ ਧੋਬੀ ਧੋਤੇ ਚਿੱਟੇ ਬਾਣੇ।
ਅਕਲਾਂ ’ਤੇ ਵੀ ਕਾਬਜ਼ ਓਹੀ, ਜਿਨ੍ਹਾਂ ਦੀ ਕੋਠੀ ਦਾਣੇ।

ਕਿਸ ਤਰ੍ਹਾਂ ਅਸੀਂ ਆਪਣੀ ਪਗੜੀ ਆਪ ਹੀ ਰੋਲੀ ਹੈ। ਅੰਦਰੂਨੀ ਅਤੇ ਬੈਰੂਨੀ ਲੜਾਈ ਦੇ ਖ਼ਤਰਨਾਕ ਨਤੀਜਿਆਂ ਬਾਰੇ ਲਿਖਿਆ ਹੈ। ਪੰਜਾਬ ਵਿਚ ਖ਼ਾਨਾਜੰਗੀ ਦੀ ਡੋਰ ਕਿਸਦੇ ਹੱਥ ਸੀ, ਉਸ ਬਾਰੇ ਵੀ ਸਵਾਲ ਕੀਤਾ ਹੈ। ਰਾਜਨੀਤਕ ਲੋਕ ਅਤੇ ਅਫ਼ਸਰਸ਼ਾਹੀ ਪਰਿਵਾਰਵਾਦ ਵਿਚ ਫਸੀ ਹੋਈ ਵਿਖਾਈ ਗਈ ਹੈ। ਹਰ ਅਹੁਦਾ ਉਹ ਆਪਣੇ ਕਬਜ਼ੇ ਤੋਂ ਬਾਹਰ ਨਹੀਂ ਜਾਣ ਦਿੰਦੇ:

ਕੁਰਸੀ ਵੱਲ ਨੂੰ ਅਹੁਲ ਰਿਹਾ ਏ, ਹਰ ਘੋੜੀ ਦੇ ਮਗਰ ਵਛੇਰਾ,
ਅਜ਼ਾਦੀ ਤੇ ਕਾਬਜ਼ ਹੁਣ ਵੀ, ਟੋਡੀ ਪੁੱਤਰ ਰਾਜੇ ਰਾਣੇ।

ਸਿਆਸਤਦਾਨਾਂ ਦੇ ਸਤਾਏ ਲੋਕ ਇੱਕ ਦਿਨ ਤਾਕਤ ਖੋਹ ਲੈਣਗੇ ਕਿਉਂਕਿ ਚੁੱਪ ਦਾ ਪਿਆਲਾ ਜਦੋਂ ਭਰ ਜਾਵੇਗਾ ਤਾਂ ਉਛਾਲ ਜ਼ਰੂਰ ਆਏਗਾ, ਜੋ ਤੂਫ਼ਨ ਬਣਕੇ ਹੂੰਝਾ ਫੇਰੇਗਾ। ਇਸ ਲਈ ਇਨਸਾਨ ਨੂੰ ਐਨਾ ਮਾਣ ਨਹੀਂ ਕਰਨਾ ਚਾਹੀਦਾ। ਆਦਮੀ ਆਪਣੀ ਗ਼ਰਜ ਪੂਰੀ ਕਰਨ ਲਈ ਫ਼ਰਜਾਂ ਨੂੰ ਭੁੱਲ ਜਾਂਦਾ ਹੈਂ ਤਾਂ ਫਿਰ ਉਹ ਜੀਂਦੇ ਜੀਅ ਮਰ ਜਾਂਦਾ ਹੈ। ਆਦਰਸ਼ਾਂ ਤੇ ਚਲਣ ਨਾਲ ਸਫਲਤਾ ਮਿਲਦੀ ਹੈ:

ਦੋ ਚਿੱਤੀ ਵਿਚ ਹਰ ਪਲ ਰਹਿ ਕੇ, ਆਦਰਸ਼ਾਂ ਦੀ ਲੀਹੋਂ ਲਹਿ ਕੇ,
ਫ਼ਰਜ਼ ਵਿਸਾਰੇਂ ਗਰਜ਼ਾਂ ਪਿੱਛੇ, ਜੀਂਦੇ ਜੀਅ ਨਾ ਮਰਿਆ ਕਰ।

ਆਪਣੀ ਇੱਕ ਗ਼ਜ਼ਲ ਵਿਚ ਉਹ ਲਿਖਦਾ ਹੈ ਕਿ ਸਾਰੇ ਧਰਮਾਂ ਵਾਲੇ ਆਪੋ ਆਪਣੇ ਧਰਮ ਦੇ ਪੈਰੋਕਾਰ ਬਣਾਉਣ ਵਿਚ ਲੱਗੇ ਹੋਏ ਹਨ ਪ੍ਰੰਤੂ ਧਰਮ ਦੀਆਂ ਪਰੰਪਰਾਵਾਂ ’ਤੇ ਪਹਿਰਾ ਦੇਣ ਦੀ ਥਾਂ ਅਹੁਦਿਆਂ ਅਤੇ ਕੁਰਸੀਆਂ ਪਿੱਛੇ ਲੜਦੇ ਹਨ। ਉਨ੍ਹਾਂ ਆਪਣਾ ਮਕੜਜਾਲ ਪਿੰਡਾਂ ਵਿਚ ਵੀ ਪਾ ਲਿਆ ਹੈ:

ਅਜਬ ਹੈ ਇਹ ਗਜ਼ਬ ਵੀ ਹੈ, ਧਰਮ ਦੀ ਸੌਦਾਗਰੀ।
ਕਰ ਰਹੇ ਧਰਮਾਤਮਾ ਵੀ ਕੁਰਸੀਆਂ ਦੀ ਚਾਕਰੀ।

ਇੱਕ ਹੀ ਉਂਕਾਰ ਸਾਡਾ, ਜਾਪਦਾ ਖ਼ਤਰੇ ਅਧੀਨ,
ਪਿੰਡ ਗੇੜਾ ਮਾਰਦੇ ਹੁਣ ਮੌਲਵੀ ਤੇ ਪਾਦਰੀ।

ਵਾਤਾਵਰਨ ਪ੍ਰਤੀ ਬਹੁਤ ਹੀ ਸੁਚੇਤ ਗ਼ਜ਼ਲਕਾਰ ਬੇਰਹਿਮੀ ਨਾਲ ਦਰਖਤਾਂ ਦੀ ਕਟਾਈ ਬਾਰੇ ਚਿੰਤਾਤੁਰ ਹੈ ਕਿਉਂਕਿ ਦਰਖਤਾਂ ਦੇ ਕੱਟਣ ਨਾਲ ਵਾਤਾਵਰਨ ਗੰਧਲਾ ਹੋ ਜਾਂਦਾ ਹੈ, ਜਿਸ ਨਾਲ ਸਾਹ ਲੈਣਾ ਵੀ ਔਖਾ ਹੁੰਦਾ ਹੈ ਅਤੇ ਅਨੇਕਾਂ ਬਿਮਾਰੀਆਂ ਲੋਕਾਈ ਨੂੰ ਘੇਰ ਲੈਂਦੀਆਂ ਹਨ।

ਦਿਨ ਦੀਵੀਂ ਕੀ ਨੇਰ੍ਹ ਪਿਆ ਤੇ ਰਖਵਾਲੇ ਵੀ ਨਾਲ ਮਿਲੇ,
ਲੈ ਫਰਨਾਹੀ ਚੀਰੀ ਜਾਵਣ ਸ਼ਾਮਲਾਟ ਦੀ ਟਾਹਲੀ ਨੂੰ।

ਬਲਦ ਖਲੋਤੇ ਬਿਰਖ਼ਾਂ ਥੱਲੇ, ਮਾਲਕ ਦੇ ਗਲ ਫਾਹੀਆਂ ਨੇ,
ਬਿਨ ਬੋਲਣ ਤੋਂ ਕੇਰਨ ਅੱਥਰੂ ਵੇਖ ਵੇਖ ਕੇ ਹਾਲੀ ਨੂੰ।

ਗੁਰਭਜਨ ਗਿੱਲ ਚੇਤੰਨ ਗ਼ਜ਼ਲਕਾਰ ਹੈ ਜਿਹੜਾ ਸਮਾਜ ਪ੍ਰਤੀ ਬਹੁਤ ਹੀ ਸੰਜੀਦਾ ਹੈ ਕਿਉਂਕਿ ਸਮਾਜ ਵਿਚ ਵਾਪਰਨ ਵਾਲੀ ਹਰ ਘਟਨਾ ਉਸਦੇ ਸਾਹਿਤਕ ਮਨ ਨੂੰ ਜਖ਼ਮੀ ਕਰ ਜਾਂਦੀ ਹੈ ਤੇ ਫਿਰ ਉਹ ਆਪਣੀ ਕਲਮ ਦੇ ਸ਼ਬਦ ਰੂਪੀ ਬਾਣ ਚਲਾਉਣ ਲੱਗਿਆਂ ਕਿਸੇ ਨੂੰ ਵੀ ਮੁਆਫ ਨਹੀਂ ਕਰਦਾ। ਨਸ਼ੇ, ਬਲਾਤਕਾਰ, ਆਪਣੇ ਘਰਾਂ ਵਿਚ ਹੀ ਲੜਕੀਆਂ ਦੀ ਬੇਹੁਰਮਤੀ, ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਖ਼ੁਦਕੁਸ਼ੀਆਂ ਅਤੇ ਹੋਰ ਅਨੇਕਾਂ ਸਿਲਸਿਲਿਆਂ ਬਾਰੇ ਉਹ ਬੇਖ਼ੌਫ਼ ਹੋ ਕੇ ਟਿਪਣੀਆਂ ਕਰਦਾ ਹੈ। ਮਿਰਗਾਵਲੀ ਪੁਸਤਕ ਉਸਦੀ ਤੀਖਣ ਬੁੱਧੀ ਦਾ ਪ੍ਰਗਟਾਵਾ ਕਰਦੀ ਹੋਈ ਮਿਰਗ ਤ੍ਰਿਸ਼ਨਾ ’ਤੇ ਕਾਬੂ ਪਾਉਣ ਦੀ ਪ੍ਰਰਨਾ ਦਿੰਦੀ ਹੋਈ ਇਨਸਾਨੀਅਤ ਨੂੰ ਜਗਾਉਣ ਦੀ ਇੱਕ ਨਿਮਾਣੀ ਜਹੀ ਕੋਸ਼ਿਸ਼ ਹੈ।

*****

(517)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author