“ਸੰਭਵ ਹੈ ਕਿ ਰਾਜ ਵਿੱਚ ਨਰੇਂਦਰ ਮੋਦੀ ਦੇ ਅਕਸ ਦਾ ਪੱਤਾ ਖੇਡਿਆ ਜਾਏ। ਪਰ ਭਾਜਪਾ ਲੋਕ ਸਭਾ ਚੋਣਾਂ ਵਿੱਚ ਤਾਂ ...”
(26 ਅਗਸਤ 2024)
ਇਹ ਸਪਸ਼ਟ ਹੈ ਕਿ ਹਰਿਆਣਾ ਅਤੇ ਜੰਮੂ-ਕਸ਼ਮੀਰ ਦੋਨਾਂ ਹੀ ਸੂਬਿਆਂ ਵਿੱਚ ਹੋਣ ਜਾ ਰਹੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਲਈ ਸੌਖੀਆਂ ਨਹੀਂ ਹੋਣਗੀਆਂ। ਉੱਥੇ ਭਾਜਪਾ ਅਤੇ ਕਾਂਗਰਸ/ਇੰਡੀਅਨ ਗਠਬੰਧਨ ਵਿੱਚ ਸਖ਼ਤ ਟੱਕਰ ਹੋਣ ਵਾਲੀ ਹੈ। ਇਹ ਚੋਣਾਂ ਸਤੰਬਰ/ਅਕਤੂਬਰ 2024 ਵਿੱਚ ਹੋ ਰਹੀਆਂ ਹਨ।
ਆਮ ਤੌਰ ’ਤੇ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਚੋਣਾਂ ਹੋਣ ਦਾ ਵੇਲਾ ਇਹੋ ਜਿਹਾ ਰਿਹਾ ਹੈ ਪਰ ਹਾਰ ਦੇ ਅਣਜਾਣੇ ਡਰ ਕਾਰਨ ਭਾਜਪਾ ਹਕੂਮਤ ਨੇ ਇਹ ਚੋਣਾਂ ਹਰਿਆਣਾ, ਜੰਮੂ ਕਸ਼ਮੀਰ ਦੀਆਂ ਚੋਣਾਂ ਬਾਅਦ ਕਰਵਾਉਣ ਦਾ ਫੈਸਲਾ ਭਾਰਤੀ ਚੋਣ ਕਮਿਸ਼ਨ ਤੋਂ ਕਰਵਾਇਆ ਹੈ। ਇੱਥੋਂ ਭਾਜਪਾ ਨੂੰ ਸ਼ਿਵ ਸੈਨਾ (ਯੂ.ਬੀ.ਟੀ.), ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਸ.ਸੀ.) ਕਾਂਗਰਸ ਅਤੇ ਹੋਰ ਪਾਰਟੀਆਂ ਦੀ ਆਪਸੀ ਸਾਂਝ ਇੰਡੀਆ ਗਠਜੋੜ ਦਾ ਏਕਾ ਪ੍ਰੇਸ਼ਾਨ ਕਰ ਰਿਹਾ ਹੈ, ਕਿਉਂਕਿ ਇੰਡੀਆ ਗਠਜੋੜ ਦੇ ਆਗੂ ਸ਼ਰਦ ਪਵਾਰ ਦਾ ਬਿਆਨ ਹੈ ਕਿ ਉਹਨਾਂ ਦਾ ਪੂਰਾ ਜ਼ੋਰ ਮਹਾਰਾਸ਼ਟਰ ਵਿੱਚ ਸਰਕਾਰ ਬਦਲਣ ਤੇ ਕੇਂਦਰਿਤ ਹੈ।
ਉੱਧਰ ਜੰਮੂ-ਕਸ਼ਮੀਰ ਵਿੱਚ ਨੈਸ਼ਨਲ ਕਾਨਫਰੰਸ a ਤੇ ਕਾਂਗਰਸ ਵਿਚਾਲੇ ਗਠਜੋੜ ਹੋ ਰਿਹਾ ਹੈ, ਜਿੱਥੇ 90 ਸੀਟਾਂ ਉੱਤੇ ਗਠਜੋੜ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਇੱਥੇ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਅਰਥਾਤ ਇੰਡੀਆ ਗਠਜੋੜ ਦੀ ਤਰਜੀਹ ਜੰਮੂ ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਹੈ। ਉਹਨਾਂ ਦੀ ਤਰਜੀਹ ਲੋਕਾਂ ਦੇ ਖੋਹੇ ਹੋਏ ਹੱਕ ਬਹਾਲ ਕਰਨ ਦੀ ਵੀ ਹੈ। ਇਸ ਗਠਜੋੜ ਤੋਂ ਬਾਅਦ ਭਾਜਪਾ ਅਤੇ ਇੰਡੀਆ ਗਠਜੋੜ ਦੀ ਟੱਕਰ ਜ਼ਬਰਦਸਤ ਹੋ ਜਾਏਗੀ। ਜੰਮੂ ਕਸ਼ਮੀਰ ਵਿੱਚ ਭਾਜਪਾ ਦੀ ਸਫ਼ਲਤਾ ਦਾ ਅਰਥ ਉੱਥੇ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਵੀ ਹੋਏਗਾ, ਜਿਸ ਵਿੱਚ 370 ਧਾਰਾ ਨੂੰ ਹਟਾਉਣਾ ਵੀ ਸ਼ਾਮਲ ਹੈ। ਪਰ ਇਸ ਗੱਲ ਦੀ ਸ਼ੰਕਾ ਹੈ ਕਿ ਭਾਜਪਾ ਜੰਮੂ ਕਸ਼ਮੀਰ ਵਿੱਚ ਇੱਕ ਮਜ਼ਬੂਤ ਤਾਕਤ ਦੇ ਰੂਪ ਵਿੱਚ ਉੱਭਰ ਪਾਏਗੀ।
2024 ਵਿੱਚ ਭਾਜਪਾ ਨੇ ਜੰਮੂ ਵਿੱਚ ਦੋ ਲੋਕ ਸਭਾ ਸੀਟਾਂ ਜਿੱਤੀਆਂ ਅਤੇ 24.4% ਵੋਟਾਂ ਪ੍ਰਾਪਤ ਕੀਤੀਆਂ, ਪਰ ਇਹ ਵੀ ਸਚਾਈ ਹੈ ਕਿ ਭਾਜਪਾ ਨੇ ਸਾਰੀਆਂ 6 ਲੋਕ ਸਭਾ ਸੀਟਾਂ ਉੱਤੇ ਲੋਕ ਸਭਾ ਚੋਣਾਂ ਨਹੀਂ ਸਨ ਲੜੀਆਂ। ਇਹ ਭਾਜਪਾ ਦੀ ਕਮਜ਼ੋਰੀ ਦਾ ਸਬੂਤ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜੰਮੂ ਕਸ਼ਮੀਰ ਵਿੱਚ 35 ਫ਼ੀਸਦੀ ਲੋਕ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਤੇ 27 ਫ਼ੀਸਦੀ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਵੇਖਣਾ ਪਸੰਦ ਕਰਦੇ ਸਨ।
2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ। ਹਰਿਆਣਾ ਵਿੱਚ ਭਾਜਪਾ ਨੇ 46.1 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਅਤੇ 10 ਸੀਟਾਂ ਵਿੱਚ 5 ਲੋਕ ਸਭਾ ਸੀਟਾਂ ਜਿੱਤੀਆਂ ਜਦਕਿ ਕਾਂਗਰਸ ਨੇ ਬਾਕੀ 5 ਸੀਟਾਂ ’ਤੇ ਸਫਲਤਾ ਪ੍ਰਾਪਤ ਕੀਤੀ ਅਤੇ 43.7 ਫ਼ੀਸਦੀ ਵੋਟ ਪ੍ਰਾਪਤ ਕੀਤੀਆਂ। ਭਾਜਪਾ ਨੇ 2019 ਚੋਣਾਂ ਵਿੱਚ 58 ਫ਼ੀਸਦੀ ਵੋਟਾਂ ਲਈਆਂ ਸਨ ਅਤੇ ਇਸ ਵਾਰ 12 ਫ਼ੀਸਦੀ ਦੀ ਗਿਰਾਵਟ ਇਹਨਾਂ ਚੋਣਾਂ ਵਿੱਚ ਵੇਖੀ ਗਈ, ਜਦਕਿ ਕਾਂਗਰਸ ਨੇ 2019 ਵਿੱਚ 28.4 ਫੀਸਦੀ ਵੋਟ ਲਏ ਅਤੇ ਇਸ ਵਾਰ 15.3 ਫ਼ੀਸਦੀ ਦਾ ਵਾਧਾ ਵੋਟਾਂ ਵਿੱਚ ਕੀਤਾ। ਇਹ ਇਸ ਗੱਲ ਦਾ ਸੰਕੇਤ ਹੈ ਕਿ ਇਸ ਵਾਰ ਹਵਾ ਕਿਸ ਪਾਸੇ ਵਗ ਰਹੀ ਹੈ।
ਸਾਲ 2019 ਵਿੱਚ ਜਦੋਂ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਤਾਂ ਭਾਜਪਾ ਨੂੰ 36.5 ਫ਼ੀਸਦੀ ਵੋਟ ਮਿਲੇ ਸਨ ਤੇ 40 ਸੀਟਾਂ ਪ੍ਰਾਪਤ ਹੋਈਆਂ। ਇਹ ਲੋਕ ਸਭਾ 2019 ਦੀਆਂ ਭਾਜਪਾ ਨੂੰ ਪ੍ਰਾਪਤ ਵੋਟਾਂ ਤੋਂ ਕਾਫ਼ੀ ਘੱਟ ਸਨ। ਇਸ ਵਾਰ ਦੇਖਣਾ ਹੋਏਗਾ ਕਿ ਹਰਿਆਣਾ ਦੇ ਲੋਕ ਇਸੇ ਕਿਸਮ ਦੇ ਫ਼ੈਸਲੇ ਨੂੰ ਦੁਹਰਾਉਂਦੇ ਹਨ ਜਾਂ ਕੋਈ ਅਲੱਗ ਫ਼ੈਸਲਾ ਕਰਦੇ ਹਨ।
ਹਰਿਆਣਾ ਵਿੱਚ 2019 ਵਿੱਚ ਭਾਜਪਾ ਨੇ ਗਠਜੋੜ ਸਰਕਾਰ ਬਣਾਈ। ਇਸ ਸਮੇਂ ਦੌਰਾਨ ਕਿਸਾਨ ਅੰਦੋਲਨ ਹੋਇਆ। ਇਸ ਅੰਦੋਲਨ ਵਿੱਚ ਹਰਿਆਣਾ ਭਾਜਪਾ ਤੇ ਸਰਕਾਰ ਦੀ ਭੂਮਿਕਾ ਬੇਹੱਦ ਇੱਕ ਪਾਸੜ ਰਹੀ। ਕਿਸਾਨਾਂ ਦਾ ਗੁੱਸਾ ਸਰਕਾਰ ਨੂੰ ਝੱਲਣਾ ਪਿਆ। ਪੰਜ ਸਾਲ ਬਾਅਦ 2019 ਵਿੱਚ ਵੀ ਸਰਕਾਰ ਨੂੰ ਸਰਕਾਰ ਵਿਰੋਧੀ ਰੋਸ ਦਾ ਸਾਹਮਣਾ ਸੀ ਪਰ ਹੁਣ 10 ਸਾਲਾਂ ਬਾਅਦ ਇਹ ਗੁੱਸਾ, ਰੋਸ, ਹੋਰ ਵੀ ਵਧਿਆ। ਮਨੋਹਰ ਲਾਲ ਖੱਟੜ ਵਿੱਚ ਵਿਚਾਲੇ ਬਦਲੇ ਗਏ, ਨੈਬ ਸਿੰਘ ਸੈਣੀ ਨੂੰ ਲਿਆਂਦਾ ਗਿਆ ਹੈ। ਪਰ ਲੋਕਾਂ ਵਿੱਚ ਨਰਾਜ਼ਗੀ ਬਰਕਰਾਰ ਹੈ। ਸਰਕਾਰ ਬਦਲਣ ਨਾਲ ਜਨਤਾ ਦੇ ਮੂਡ ਵਿੱਚ ਕੋਈ ਬਦਲਾਅ ਨਹੀਂ ਹੈ।
ਸੰਭਵ ਹੈ ਕਿ ਰਾਜ ਵਿੱਚ ਨਰੇਂਦਰ ਮੋਦੀ ਦੇ ਅਕਸ ਦਾ ਪੱਤਾ ਖੇਡਿਆ ਜਾਏ। ਪਰ ਭਾਜਪਾ ਲੋਕ ਸਭਾ ਚੋਣਾਂ ਵਿੱਚ ਤਾਂ ਮੋਦੀ ਪੱਤੇ ਨਾਲ ਵੋਟਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਹਿੰਦੀ ਹੈ, ਪਰ ਵਿਧਾਨ ਸਭਾਵਾਂ ਵਿੱਚ ਇਹ ਮੋਦੀ ਪੱਤਾ ਕਾਰਗਰ ਨਹੀਂ ਰਹਿੰਦਾ। ਉਂਜ ਵੀ 2019 ਦੇ ਮੋਦੀ ਦੇ ਅਕਸ ਦੇ ਮੁਕਾਬਲਾ 2024 ਵਿੱਚ ਵਿਰੋਧੀ ਆਗੂ ਰਾਹੁਲ ਗਾਂਧੀ ਦੀ ਲੋਕ ਪ੍ਰਿਯਤਾ ਵਧੀ ਹੈ। ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਨੂੰ ਹਰਿਆਣਾ ਵਿੱਚ 30 ਫ਼ੀਸਦੀ ਲੋਕ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁੰਦੇ ਸਨ, ਜਦਕਿ 2019 ਵਿੱਚ ਇਹ ਫ਼ੀਸਦੀ 15 ਫ਼ੀਸਦੀ ਸੀ ਤੇ ਮੋਦੀ ਦੀ ਲੋਕ ਪ੍ਰਿਯਤਾ 32 ਫ਼ੀਸਦੀ ਸੀ।
ਜਿੱਥੇ ਜੰਮੂ ਕਸ਼ਮੀਰ ਵਿੱਚ ਭਾਜਪਾ ਦੇ ਜਿੱਤਣ ਦੀਆਂ ਸੰਭਾਵਨਾਵਾ ਕਾਫੀ ਘਟਦੀਆਂ ਜਾ ਰਹੀਆਂ ਹਨ, ਉੱਥੇ ਹਰਿਆਣਾ ਵਿੱਚ ਵੀ ਭਾਜਪਾ ਦੇ ਜਿੱਤਣ ਦੀ ਆਸ ਮੱਧਮ ਹੈ। ਸ਼ਾਇਦ ਇਹ ਗੱਲ ਹਰਿਆਣਾ ਭਾਜਪਾ ਨੇ ਭਾਂਪ ਲਈ ਹੈ। ਹਰਿਆਣਾ ਭਾਜਪਾ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਮੁਲਤਵੀ ਕਰਨ ਦੀ ਮੰਗ ਸਰਕਾਰੀ ਛੁੱਟੀਆਂ ਦਾ ਹਵਾਲਾ ਦੇਕੇ ਚੋਣ ਅਧਿਕਾਰੀ ਨੂੰ ਲਿਖੇ ਇੱਕ ਪੱਤਰ ਵਿੱਚ ਕੀਤੀ ਗਈ ਹੈ। ਜਦਕਿ ਕਾਂਗਰਸ ਨੇ ਕਿਹਾ ਹੈ ਕਿ ਹਾਰ ਦੇ ਡਰੋਂ ਛੁੱਟੀਆਂ ਦਾ ਬਹਾਨਾ ਬਣਾਕੇ ਭਾਜਪਾ ਚੋਣਾਂ ਮੁਲਤਵੀ ਕਰਵਾਉਣਾ ਚਾਹੁੰਦੀ ਹੈ।
ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ, ਇੰਡੀਅਨ ਨੈਸ਼ਨਲ ਕਾਂਗਰਸ, ਭਾਜਪਾ, ਕਮਿਊਨਿਸਟ ਪਾਰਟੀ (ਮਾਰਕਸੀ) ਪੀਡੀਪੀ (ਮੁਫਤੀ - ਮਹਿਬੂਬਾ) ਵਰਗੀਆਂ ਪਾਰਟੀਆਂ ਚੋਣ ਮੈਦਾਨ ਵਿੱਚ ਹਨ। ਭਾਜਪਾ ਨੂੰ ਛੱਡਕੇ ਬਾਕੀ ਲਗਭਗ ਸਾਰੀਆਂ ਪਾਰਟੀਆਂ 370 ਧਾਰਾ ਖ਼ਤਮ ਕਰਨ ਦੇ ਹੱਕ ਵਿੱਚ ਹੈ ਅਤੇ ਇਸੇ ਮੁੱਦੇ ’ਤੇ ਚੋਣ ਲੜਣਗੀਆਂ।
ਹਰਿਆਣਾ ਵਿੱਚ ਭਾਵੇਂ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਦਰਮਿਆਨ ਹੈ ਪਰ ਭਾਜਪਾ ਦੀ ਭਾਈਵਾਲ ਜੇ.ਜੇ.ਪੀ. ਜੋ ਕੁਝ ਸਮਾਂ ਪਹਿਲਾਂ ਗਠਜੋੜ ਤੋਂ ਵੱਖ ਹੋ ਗਈ, ਕਮਿਊਨਿਸਟ ਪਾਰਟੀ, ਆਈ.ਐੱਸ. ਐੱਲ.ਡੀ., ਬੀ.ਐੱਸ.ਪੀ. ਵੀ ਚੋਣਾਂ ਵਿੱਚ ਭਾਗ ਲੈਣਗੀਆਂ। ਪਰ ਕਿਉਂਕਿ ਕਿਸਾਨਾਂ ਦਾ ਵੀ ਇੱਥੇ ਜ਼ੋਰ ਹੈ, ਇਸ ਲਈ ਚਰਚਾ ਹੈ ਕਿ ਗੁਰਨਾਮ ਸਿੰਘ ਚੜੂਨੀ ਪ੍ਰਧਾਨ ਬੀ.ਕੇ.ਯੂ. ਹਰਿਆਣਾ ਦੀ ਅਗਵਾਈ ਵਿੱਚ ਕਿਸਾਨ ਵੀ ਚੋਣ ਲੜ ਸਕਦੇ ਹਨ। ਇਹਨਾਂ ਦਿਨਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਹੋਈ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜਿਸ ਢੰਗ ਨਾਲ ਪ੍ਰਦੇਸ਼ ਕਾਂਗਰਸ ਹਰਿਆਣਾ ਵੱਲੋਂ ਜੀ ਆਇਆਂ ਆਖਿਆ ਗਿਆ, ਉਸ ਤੋਂ ਵੀ ਜਾਪਦਾ ਹੈ ਕਿ ਹਰਿਆਣਾ ਦੇ ਖਿਡਾਰੀ ਵੀ ਭਾਜਪਾ ਦੇ ਉਲਟ ਪਰ ਕਾਂਗਰਸ ਦੇ ਹੱਕ ਵਿੱਚ ਭੁਗਤਣਗੇ।
ਇਸ ਵੇਲੇ ਹਾਲਾਤ ਇਹ ਵੀ ਹੈ ਕਿ ਕਾਂਗਰਸ ਵਿੱਚ ਦੋ ਧੜਿਆਂ ਵਿੱਚ ਆਪਸੀ ਫੁੱਟ ਹੈ ਅਤੇ ਇਸਦਾ ਨੁਕਸਾਨ ਚੋਣ ਵੇਲੇ ਕਾਂਗਰਸ ਨੂੰ ਹੋ ਸਕਦਾ ਹੈ। ਪਰ ਇੱਥੇ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਹਰਿਆਣਾ ਦੇ ਕਿਸਾਨ ਕਿਸ ਧਿਰ ਨਾਲ ਖੜ੍ਹਨਗੇ, ਭਾਵੇਂ ਕਿ ਲੋਕ ਸਭਾ ਵਿੱਚ ਬਹੁ ਗਿਣਤੀ ਖਾਪ ਪੰਚਾਇਤਾਂ ਕਾਂਗਰਸ ਲਈ ਖੜ੍ਹੀਆਂ। ਇੱਥੋਂ ਦੇ ਹੀ ਨਹੀਂ, ਸਗੋਂ ਦੇਸ਼ ਭਰ ਦੇ ਕਿਸਾਨ ਆਗੂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਮਿਲੇ ਸਨ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਸਮਰਥਣ ਮੰਗਿਆ ਸੀ। ਰਾਹੁਲ ਗਾਂਧੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਪੂਰੀ ਤਰ੍ਹਾਂ ਖੜ੍ਹਿਆ ਜਾ ਰਿਹਾ ਹੈ ਅਤੇ ਫ਼ਸਲਾਂ ਦੇ ਸਮਰਥਨ ਮੁੱਲ ਵਾਲੀ ਮੰਗ ਅਤੇ ਹੋਰ ਮੰਗਾਂ ਦਾ ਪੂਰੇ ਜ਼ੋਰ ਨਾਲ ਸਮਰਥਣ ਹੋ ਰਿਹਾ ਹੈ।
ਆਰ.ਐੱਸ.ਐੱਸ, ਭਾਜਪਾ ਅਤੇ ਦੇਸ਼ ਦੀ ਹਾਕਮ ਧਿਰ ਇਹਨਾਂ ਦੋਨਾਂ ਰਾਜਾਂ ਵਿੱਚ ਜਿੱਤ ਦੀ ਪ੍ਰਾਪਤੀ ਲਈ ਹਰ ਹੀਲਾ ਵਰਤੇਗੀ। ਖ਼ਾਸ ਕਰਕੇ ਨਰੇਂਦਰ ਮੋਦੀ, ਜਿਹੜੇ ਲੋਕ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਜਿਹਨਾਂ ਦੀ ਸਿਆਸੀ ਅਤੇ ਸ਼ਖਸੀ ਤਾਕਤ ਨੂੰ ਵੱਡਾ ਖੋਰਾ ਲੱਗਾ ਹੈ, ਉਹ ਆਪਣਾ ਅਕਸ ਸੁਧਾਰਨ ਲਈ ਚੋਣਾਂ ਜਿੱਤਣ ਲਈ ਹਰ ਹੀਲਾ ਵਰਤਣਗੇ। ਦੂਜੇ ਪਾਸੇ ਇੰਡੀਆ ਗਠਜੋੜ, (ਵਿਰੋਧੀ ਧਿਰ) ਵੀ ਇਹਨਾਂ ਮਹੱਤਵਪੂਰਨ ਸੂਬਿਆਂ ਵਿੱਚ ਆਪਣੀ ਤਾਕਤ ਵਧਾਉਣ ਲਈ ਯਤਨਸ਼ੀਲ ਰਹੇਗਾ।
ਵਿਰੋਧੀ ਧਿਰ ਵੱਲੋਂ ਮੌਜੂਦਾ ਸਰਕਾਰ ਦੇ ਪੁੱਟੇ ਗਲਤ ਕਦਮਾਂ, ਜਿਹਨਾਂ ਵਿੱਚ ਰਿਜ਼ਰਵੇਸ਼ਨ, ਲੈਟਰਲ ਇੰਟਰੀ ਨਾਲ ਵੱਡੇ ਅਫ਼ਸਰਾਂ ਦੀ ਭਰਤੀ, ਬੇਰੁਜ਼ਗਾਰੀ, ਵਧਦੀ ਭੁੱਖਮਰੀ ਜਿਹੇ ਮੁੱਦਿਆਂ ਨੂੰ ਗੰਭੀਰਤਾ ਨਾਲ ਚੁੱਕਿਆ ਜਾ ਰਿਹਾ ਹੈ, ਉਸ ਨਾਲ ਲੋਕਾਂ ਵਿੱਚ ਸਰਕਾਰ ਦੀਆਂ ਨੀਤੀਆਂ ਦੀ ਅਸਲੀਅਤ ਉੱਘੜ ਰਹੀ ਹੈ ਅਤੇ ਲੋਕਾਂ ਵਿੱਚ ਰੋਸ ਅਤੇ ਨਰਾਜ਼ਗੀ ਵਧ ਰਹੀ ਹੈ।
ਬਿਨਾਂ ਸ਼ੱਕ ਵਿਧਾਨ ਸਭਾ ਚੋਣਾਂ ਵਿੱਚ ਸਥਾਨਿਕ ਮੁੱਦੇ ਵੀ ਚਰਚਾ ਵਿੱਚ ਆਉਂਦੇ ਹਨ, ਪਰ ਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ, ਕੇਂਦਰੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਗੁਆਂਢੀ ਦੇਸ਼ਾਂ ਨਾਲ ਸੰਬੰਧ ਆਦਿ ਵੀ ਇਹਨਾਂ ਚੋਣਾਂ ਵਿੱਚ ਵੋਟਰਾਂ ’ਤੇ ਪ੍ਰਭਾਵ ਪਾਏਗੀ।
ਉਂਜ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਚੋਣਾਂ ਨੂੰ ਦੋ ਸੂਬਿਆਂ ਦੀਆਂ ਚੋਣਾਂ ਵਜੋਂ ਹੀ ਨਹੀਂ ਵੇਖਣਾ ਚਾਹੀਦਾ। ਇਨ੍ਹਾਂ ਦੇ ਨਤੀਜਿਆਂ ਦਾ ਅਸਰ ਦੇਸ਼ ਦੀ ਰਾਜਨੀਤੀ ਉੱਤੇ ਵੱਡਾ ਪਏਗਾ। ਇਹ ਭਾਜਪਾ ਦੀ ਇਨ੍ਹਾਂ ਸੂਬਿਆਂ ਵਿੱਚ ਤਾਕਤ ਦੇ ਇਮਤਿਹਾਨ ਦੀ ਘੜੀ ਹੈ। ਇਸਦਾ ਅਸਰ ਮਹਾਰਾਸ਼ਟਰ ਦੀਆਂ ਚੋਣਾਂ ਉੱਤੇ ਵੀ ਪਵੇਗਾ, ਜਿੱਥੇ ਆਉਣ ਵਾਲੇ ਮਹੀਨਿਆਂ ਵਿੱਚ ਚੋਣਾਂ ਹੋਣੀਆਂ ਹਨ। ਅਸਲ ਵਿੱਚ ਮਹਾਰਾਸ਼ਟਰ ਦੀਆਂ ਚੋਣਾਂ ਵਿੱਚ ਵੋਟਰਾਂ ਦਾ ਸਿਆਸੀ ਮੂਡ ਇਹਨਾਂ ਸੂਬਿਆਂ ਦੇ ਚੋਣ ਨਤੀਜਿਆਂ ਉੱਤੇ ਵੀ ਨਿਰਭਰ ਕਰੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5248)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.