RameshSethi7ਸੁਭਾਅ ਵਿੱਚ ਲਚਕ ਅਤੇ ਮੌਕੇ ਅਨੁਸਾਰ ਢਲਣ ਦੀ ਪ੍ਰਵਿਰਤੀ ਹੋਣਾ ਲਾਜ਼ਮੀ ਹੈ ...
(15 ਨਵੰਬਰ 2016)

 

ਦੂਸਰਿਆਂ ਬਾਰੇ ਸੋਚ ਕੇ ਸਮਾਂ ਖਰਾਬ ਕਰਨ ਨਾਲੋਂ ਮੈਨੂੰ ਮੇਰੇ ਖੁਦ ਬਾਰੇ ਸੋਚਣਾ ਹੀ ਵਧੀਆ ਲੱਗਿਆ। ਖੁਦ ਦੀਆਂ ਕਮੀਆਂ, ਕਮਜ਼ੋਰੀਆਂ, ਨਕਾਮੀਆਂ ਦੇ ਨਿਚੋੜ ਨੂੰ ਸਵੈ ਚਿੰਤਨ ਕਹਿੰਦੇ ਹਨ। ਇਹ ਕੋਈ ਇੱਕ ਦਿਨ ਵਿਚ ਨਹੀਂ ਪ੍ਰਾਪਤ ਹੁੰਦਾ, ਲੰਬਾ ਸੋਚਣਾ ਪੈਂਦਾ ਹੈ ਲੋਕਾਂ ਦੀ ਸੰਭਾਵੀ ਪ੍ਰਤੀਕਿਰਿਆਵਾਂ ਦਾ ਵਿਸ਼ਲੇਸ਼ਣ ਤੇ ਖੁਦ ਨੂੰ ਹੁੰਦਾ ਅਹਿਸਾਸ ਹੀ ਸਵੈ ਚਿੰਤਨ ਦਾ ਆਧਾਰ ਹੈ।

ਕਦੇ ਕਦੇ ਜਦੋਂ ਮੈਂ ਆਪਣੇ ਬਾਰੇ ਸੋਚਦਾ ਹਾਂ ਤਾਂ ਬੜਾ ਅਜੀਬ ਲਗਦਾ ਹੈ। ਮੈਂ ਕਿੰਨਾ ਆਲਸੀ ਹਾਂ। ਪਤਾ ਹੁੰਦਿਆਂ ਹੋਇਆਂ ਵੀ ਛੋਟੇ ਛੌਟੇ ਕੰਮ ਤੋਂ ਟਾਲਾ ਵੱਟ ਜਾਂਦਾ ਹਾਂ। ਘਰ ਦੇ ਕਈ ਕੰਮਾਂ ਨੂੰ ਟਾਲਦਾ ਰਹਿੰਦਾ ਹਾਂ। ਭਾਵੇਂ ਉਹ ਕੋਈ ਮਿਥੇ ਸਮੇਂ ਤੇ ਭਰਨ ਵਾਲਾ ਬਿੱਲ ਹੋਵੇ ਜਾਂ ਖਰਾਬ ਹੋਣ ਵਾਲੀ ਕੋਈ ਵਸਤੂ। ਬੱਸ ਕੰਮ ਕਰਨ ਦਾ ਆਲਸ। ਇੰਨਾ ਹੀ ਨਹੀਂ, ਸਵੇਰੇ ਉੱਠਣ ਦਾ ਆਲਸ, ਸੈਰ ਪ੍ਰਤੀ ਨਾਕਾਰਤਮਿਕ ਨਜ਼ਰੀਆ। ਇਸ ਕੰਮ ਲਈ ਫਜ਼ੂਲ ਦੇ ਬਹਾਨੇ ਬਣਾਉਣੇ। ਕਿਸੇ ਨੂੰ ਕੋਈ ਕੰਮ ਜਾਂ ਗੱਲ ਇਸ ਲਈ ਨਾ ਕਹਿਣਾ ਕਿ ­­ਇਸ ਨਾਲ ਲੜਾਈ ਹੋ ਜਾਵੇਗੀ ਪਰ ਲੜਣ ਵੇਲੇ ਇਹ ਨਾ ਸੋਚਣਾ ਕਿ ਇਸ ਨਾਲ ਸੁਲਹ ਦੀ ਉਮੀਦ ਖਤਮ ਹੋ ਜਾਵੇਗੀ। ਕੋਈ ਗੱਲ ਦਿਲ ਵਿੱਚ ਨਾ ਰੱਖ ਸਕਣਾ। ਮਨ ਦੀ ਗੱਲ ਕਿਸੇ ਨਾ ਕਿਸੇ ਕੋਲ ਜ਼ਰੂਰ ਕਰਨਾ, ਇਹ ਉਮੀਦ ਕਰਕੇ ਕਿ ਇਸ ਨੇ ਕਿਹੜਾ ਅੱਗੇ ਕਰਨੀ ਹੈ। ਇਹ ਵੀ ਜਾਣਦੇ ਹੋਏ ਵੀ ਜਦੋਂ ਇਹ ਗੱਲ ਮੈਂ ਦਿਲ ਵਿਚ ਨਹੀਂ ਰੱਖ ਸਕਿਆ, ਅਗਲਾ ਕਿਉਂ ਰੱਖੂ। ਹਰ ਇਕ ’ਤੇ ਵਿਸ਼ਵਾਸ ਕਰ ਲੈਣਾ, ਮੇਰੇ ਸੁਭਾਅ ਦਾ ਅੰਗ ਹੈ। ਮੇਰੇ ਵਿੱਚ ਇਹੀ ਕਮੀ ਕਦੇ ਕਦੇ ਮੈਨੂੰ ਰੜਕਦੀ ਹੈ, ਪਰ ਮੈਂ ਇਸ ਨੂੰ ਦੂਰ ਨਹੀਂ ਕਰ ਸਕਦਾ ਕਿਉਂਕਿ ਇਹੀ ਮੇਰੀ ਕਮਜ਼ੋਰੀ ਹੈ।

ਸ਼ੁਰੂ ਤੋਂ ਮੈਂ ਕਦੇ ਕੰਜੂਸੀ ਨਹੀਂ ਕੀਤੀ, ਹੱਥ ਖੁੱਲ੍ਹਾ ਹੀ ਰੱਖਿਆ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਕੰਜੂਸ ਨਹੀਂਨਹਾਉਣ ਵੇਲੇ ਨਵੀਂ ਸਾਬਣ ਦੀ ਟਿੱਕੀ ਲਾਉਣ ਦੀ ਬਜਾਇ ਮੈਂ ਘਸੀ ਹੋਈ ਟਿੱਕੀ ਦੇ ਟੁਕੜੇ ਵਰਤਕੇ ਰਾਜ਼ੀ ਹਾਂ। ਟੁੱਥ ਪੇਸਟ ਵਾਲੀ ਟਿਊਬ ਖਤਮ ਹੋਣ ’ਤੇ ਮੈਂ ਹਰ ਹੀਲਾ ਵਰਤਕੇ ਦੋ ਤਿੰਨ ਦਿਨ ਹੋਰ ਲੰਘਾਉਣ ਦੀ ਕੋਸ਼ਿਸ਼ ਕਰਦਾ ਹਾਂ। ਸ਼ੇਵਿੰਗ ਕਰੀਮ ਦੀ ਆਖਰੀ ਬੂੰਦ ਦਾ ਵੀ ਪ੍ਰਯੋਗ ਕਰਦਾ ਹਾਂ। ਸ਼ੇਵਿੰਗ ਬਲੇਡ ਨਾਲ ਵੱਧ ਤੋ ਵੱਧ ਸ਼ੇਵ ਬਣਾਉਣ ਦੀ ਮੇਰੀ ਕੋਸ਼ਿਸ ਹੁੰਦੀ ਹੈ। ਵੱਡਾ ਨੋਟ ਤੜਵਾਉਣ ਤੋਂ ਪਹਿਲਾ ਹਜ਼ਾਰ ਵਾਰੀ ਸੋਚਦਾ ਹਾਂ। ਬਹੁਤੇ ਵਾਰੀ ਮੈਂ ਖੁੱਲ੍ਹੇ ਪੈਸੇ ਕਰਾਉਣ ਦੀ ਥਾਂ ਸਮਾਨ ਲੈਣ ਤੋਂ ਹੀ ਪਾਸਾ ਵੱਟ ਜਾਂਦਾ ਹੈ। ਥੋੜ੍ਹੇ ਜਿਹੇ ਸਮੇਂ ਲਈ ਤਾਂ ਮੈ ਨਵਾਂ ਪ੍ਰੈੱਸ ਕੀਤਾ ਸੂਟ ਪਾਉਣ ਤੋਂ ਵੀ ਗੁਰੇਜ਼ ਕਰਦਾ ਹਾਂ, ਕਿਉਂ ਪ੍ਰੈੱਸ ਕੀਤਾ ਸੂਟ ਖਰਾਬ ਕਰਨਾ ਹੈ। ਮੇਰੀ ਇਹੀ ਸੋਚ ਕਦੇ ਕਦੇ ਗ੍ਰਹਿ ਕਲੇਸ਼ ਦਾ ਕਾਰਣ ਵੀ ਬਣਦੀ ਹੈ। ਪਰ ਮੈਂ ਆਪਣੀ ਆਦਤ ਕੰਨੀਉਂ ਮਜਬੂਰ ਹਾਂ। ਮੈਂ ਇਸ ਨੂੰ ਕੋਈ ਬੱਚਤ ਜਾਂ ਸਿਆਣਪ ਨਹੀ ਮੰਨਦਾ ਪਰ ਕਈ ਵਾਰੀ ਮੈਨੂੰ ਅਜਿਹਾ ਕਰਨ ਨਾਲ ਕੰਜੂਸ ਦਾ ਖਿਤਾਬ ਜਰੂਰ ਮਿਲਿਆ ਹੈ।

ਖਾਣ ਪੀਣ ਦੇ ਮਾਮਲੇ ਵਿੱਚ ਮੇਰੀ ਸੋਚ ਦਾ ਬਾਬਾ ਆਦਮ ਨਿਰਾਲਾ ਹੈ। ਮੈ ਮਿੱਠਾ ਖਾਕੇ ਖੁਸ਼ ਹਾਂ ਪਰ ਬੰਧਨ ਵੀ ਨਹੀਂ ਜੇ ਕੋਈ ਫਲ ਛੱਡ ਦਿੱਤਾ ਤਾਂ ਫਿਰ ਬਚਨ ਦਾ ਪੱਕਾ ਹਾਂ। ਅੰਬ ਅਤੇ ਕੇਲਾ ਨਹੀਂ ਖਾਂਦਾ। ਛੱਡ ਦਿੱਤਾ ਸੋ ਛੱਡ ਦਿੱਤਾ ਕਦੇ ਇਸ ਦੇ ਸਵਾਦ ਬਾਰੇ ਨਹੀਂ ਸੋਚਿਆ। ਚਾਹ ਛੱਡੀ, ਕਦੇ ਪੀਣ ਦੀ ਲਾਲਸਾ ਹੀ ਨਹੀਂ ਹੋਈ। ਸ਼ੁਰੂ ਤੋਂ ਹੀ ਸੰਘਾੜੇ ਖਾਣੇ ਨਹੀਂ ਪਸੰਦ ਤਾਂ ਕਦੇ ਜੀਭ ’ਤੇ ਨਹੀਂ ਧਰੇ। ਨੂਡਲ ਖਾ ਲੈਂਦਾ ਹਾਂ ਪਰ ਮੈਗੀ ਤੋਂ ਨਫਰਤ ਹੈ। ਇਹ ਨਹੀਂ ਕਿ ਮੈਨੂੰ ਦੇਸੀ ਭੋਜਨ ਪਸੰਦ ਨਹੀਂ, ਚੱਟਣੀ ਨਾਲ ਰੋਟੀ ਖੁਸ਼ ਹੋ ਕੇ ਖਾਂਦਾ ਹਾਂ ਤਾਂ ਸ਼ਾਹੀ ਸਬਜ਼ੀਆਂ ਤੋਂ ਵੀ ਪ੍ਰਹੇਜ਼ ਨਹੀਂਗੱਲ ਮੂਡ ਦੀ ਹੈ। ਲੰਗਰ ਕਿਤੇ ਵੀ, ਹੋਵੇ ਮੇਰੀ ਅੱਖ ਉੱਧਰ ਰਹਿੰਦੀ ਹੈ। ਲੰਗਰ ਛਕਣ ਤੋਂ ਕਦੇ ਇੰਨਕਾਰ ਨਹੀਂ ਕਰਦਾ। ਕਿਸੇ ਨਾਲ ਗੁੱਸੇ ਹੋਣ ਤੋਂ ਗੁਰੇਜ਼ ਕਰਦਾ ਹਾਂ। ਬੋਲੇ ਬਿਨਾਂ ਰਹਿ ਨਹੀਂ ਸਕਦਾ।  ਪਰ ਜਿਸ ਨਾਲ ਪੂਛ ਵਿੰਗੀ ਹੋ ਗਈ ਤਾਂ ਫਿਰ ਉਸ ਨਾਲ ਬੋਲਣ ਦੀ ਕੋਈ ਆਸ ਨਹੀਂਮਤਲਬ ਜੀਵਨ ਵਿੱਚ ਲਚਕ ਨਹੀਂਹੈ ਤਾਂ ਇਹ ਵੀ ਗਲਤ। ਇਹ ਕੋਈ ਚੰਗੀ ਆਦਤ ਨਹੀਂ। ਸੁਭਾਅ ਵਿੱਚ ਲਚਕ ਅਤੇ ਮੌਕੇ ਅਨੁਸਾਰ ਢਲਣ ਦੀ ਪ੍ਰਵਿਰਤੀ ਹੋਣਾ ਲਾਜ਼ਮੀ ਹੈ। ਪਰ ਮੇਰੀ ਮਜਬੂਰੀ ਹੈ। ਕਈ ਵਾਰੀ ਲਾਈਲੱਗ ਬਣ ਜਾਂਦਾ ਹਾਂ। ਦੂਸਰਿਆਂ ਦੇ ਪ੍ਰਭਾਵ ਹੇਠ ਜਲਦੀ ਆ ਜਾਂਦਾ ਹਾਂ।

ਕਈ ਵਾਰੀ ਮੈਂ ਸੋਚਦਾ ਹਾਂ, ਮੈਂ ਬਹੁਤ ਬੋਲਦਾ ਹਾਂ। ਚੁੱਪ ਨਹੀਂ ਰਹਿ ਸਕਦਾ। ਆਪਣੀ ਰਾਇ ਦਿੱਤੇ ਬਿਨਾਂ ਨਹੀਂ ਰਹਿ ਸਕਦਾ। ਸ਼ਾਇਦ ਮੈਨੂੰ ਇਹੀ ਲੱਗਦਾ ਹੈ ਕਿ ਮੈਂ ਹੀ ਸਹੀ ਹਾਂ, ਦੂਸਰੇ ਗਲਤ ਹਨ। ਮੈਨੂੰ ਆਪਣੀ ਗੱਲ ਵਜ਼ਨਦਾਰ ਲੱਗਦੀ ਹੈ, ਪਰ ਗੱਲ ਦੂਸਰੇ ਦੀ ਸਹੀ ਹੁੰਦੀ ਹੈ। ਸੋਚਦਾ ਹਾਂ, ਘੱਟ ਬੋਲਾਂ, ਮਤਲਬ ਦੀ ਹੀ ਗੱਲ ਕਰਾਂ। ਜ਼ਿਆਦਾ ਮਜ਼ਾਕ ਨਾ ਕਰਾਂ ਤੇ ਨਾ ਹੀ ਗੱਲ ਲੰਮੀ ਕਰਾਂ। ਪਰ ਕਰਨ ਵੇਲੇ ਯਾਦ ਨਹੀਂ ਰਹਿੰਦਾ ਤੇ ਬਾਅਦ ਵਿੱਚ ਮਹਿਸੂਸ ਹੁੰਦਾ ਹੈਉਦੋਂ ਵੇਲਾ ਨਿਕਲ ਚੁੱਕਿਆ ਹੁੰਦਾ ਹੈ। ਇਹ ਗੱਲ ਸੋਚਕੇ ਹੀ ਸੰਤੁਸ਼ਟੀ ਹੁੰਦੀ ਹੈ ਕਿ ਮੈਂ ਇਹ ਮਹਿਸੂਸ ਤਾਂ ਕਰਦਾ ਹਾਂ ਕਿ ਮੈਂ ਗਲਤ ਹਾਂ।

ਸੋਚਣ ਦਾ ਕੋਈ ਮੁੱਲ ਨਹੀ ਲੱਗਦਾ। ਤੇ ਨਾ ਹੀ ਕਿਸੇ ਨੂੰ ਪਤਾ ਲੱਗਦਾ ਹੈ ਕਿ ਮੈਂ ਕੀ ਸੋਚਿਆ ਹੈ। ਕਈ ਵਾਰੀ ਦਿਮਾਗ ਕਿੰਨਾ ਕੁਝ ਹੀ ਗਲਤ ਸੋਚ ਜਾਂਦਾ ਹੈ। ਕਿਸੇ ਬਾਰੇ ਗਲਤ ਸੋਚਣਾ ਮਾੜੀ ਆਦਤ ਹੈ ਪਰ ਮਜਬੂਰੀ ਹੋ ਜਾਂਦੀ ਹੈ ਮਨ ਬੇਕਾਬੂ ਹੋ ਕੇ ਸੋਚ ਲੈਂਦਾ ਹੈ। ਪਰ ਜੋ ਗਲਤ ਸੋਚਿਆ ਗਿਆ ਉਸਦਾ ਹੱਲ ਵੀ ਤਾਂ ਨਹੀਂ ਹੁੰਦਾ। ਹਾਂ, ਮੈਂ ਕਈ ਵਾਰੀ ਜ਼ਰੂਰਤ ਤੋਂ ਜ਼ਿਆਦਾ ਭਾਵੁਕ ਹੋ ਜਾਂਦਾ ਹਾਂ। ਮੇਰਾ ਮੇਰੀਆਂ ਅੱਖਾਂ ’ਤੇ ਕੰਟਰੋਲ ਨਹੀਂ ਰਹਿੰਦਾ ਮੱਲੋਮੱਲੀ ਵਹਿ ਜਾਂਦੀਆਂ ਹਨ। ਹੰਝੂ ਜੋ ਬੇਕੀਮਤੀ ਹੁੰਦੇ ਹਨ, ਫਜ਼ੂਲ ਵਿੱਚ ਹੀ ਵਹਿ ਜਾਂਦੇ ਹਨ। ਆਪਣੀਆਂ ਲਿਖਤਾਂ ਪੜ੍ਹ ਕੇ ਰੋਣਾ, ਕਹਾਣੀ ਨਾਵਲ ਪੜ੍ਹ ਕੇ ਰੋਣਾ, ਫਿਲਮ ਸੀਰੀਅਲ ਵੇਖਦੇ ਹੋਏ ਹੰਝੂ ਕੇਰਨਾ ਮੇਰੀ ਮਜਬੂਰੀ ਹੈ। ਜਿਸਮ ਦਾ ਦਰਦ ਬਰਦਾਸ਼ਤ ਕਰ ਸਕਦਾ ਹਾਂ ਪਰ ਦਿਲ ਅਤੇ ਦਿਮਾਗ ਦੇ ਦਰਦ ਅੱਗੇ ਬੇਬੱਸ ਹੋ ਜਾਂਦਾ ਹੈ। ਕਿਸੇ ਦੀ ਚਰਚਾ ਚੁਗਲੀ ਕਰਨੋਂ ਵੀ ਰਹਿ ਨਹੀਂ ਸਕਦਾ ਪਰ ਬਦਲਾ ਲੈਣ ਲਈ ਕਦੇ ਉਤਾਵਲਾ ਨਹੀਂ ਹੋਇਆ। ਕਈ ਵਾਰੀ ਅੰਜਾਣ ਲੋਕਾਂ ਨਾਲ ਬੇਲੋੜਾ ਸੰਵਾਦ ਕਰਨ ਤੇ ਮਜਾਕ ਕਰਨ ਦੀ ਆਦਤ ਨੇ ਕੁਝ ਨੁਕਸਾਨ ਵੀ ਕੀਤਾ ਹੋਵੇਗਾ ਪਰ ਹੱਲ ਕੋਈ ਨਹੀਂ ਇਸ ਆਦਤ ਦਾ।. ਹੁਣ ਆਦਤਾਂ ਬਾਰੇ ਤਾਂ ਵਾਰਿਸ ਸ਼ਾਹ ਵੀ ਲਿਖ ਗਿਆ। ਆਪਾਂ ਕੌਣ ਹਾਂ ਬਦਲਣ ਵਾਲੇ।

ਮੇਰੀ ਸਵੈ ਪੜਚੋਲ ਵਿੱਚੋਂ ਇੰਨਾ ਕੁਝ ਹੀ ਮੈਨੂੰ ਮਿਲਿਆ ਹੈ। ਬਾਕੀ ਲੋਕ ਕੀ ਸੋਚਦੇ ਹਨ, ਇਹ ਲੋਕਾਂ ਨੂੰ ਪਤਾ ਹੈ, ਕਿਉਂਕਿ ਸੱਚੀ ਗੱਲ ਕੋਈ ਮੂੰਹ ’ਤੇ ਕਹਿੰਦਾ ਨਹੀਂਪਿੱਠ ਪਿੱਛੇ ਤਾਂ ਹਰ ਕੋਈ ਬੁਰਾਈ ਹੀ ਕਰਦਾ ਹੈ, ਤੇ ਝੂਠ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਇਹ ਉਹ ਲਿਖਿਆ ਹੈ, ਜੋ ਮੈਨੂੰ ਖੁਦ ਨੂੰ ਅਹਿਸਾਸ ਹੋਇਆ ਹੈ ਤੇ ਇਹ ਮੇਰਾ ਸਵੈ ਚਿੰਤਨ ਹੈ।

*****

(490)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰਮੇਸ਼ ਸੇਠੀ ਬਾਦਲ

ਰਮੇਸ਼ ਸੇਠੀ ਬਾਦਲ

Phone: (91 - 98766 - 27233)
Email: (rameshsethibadal@gmail)