ShamSingh7ਇਹ ਪਾਖੰਡ ਦਾ ਆਡੰਬਰ ਹੈਜਿਸ ਨੂੰ ਲੋਕ ਭਲੀ-ਭਾਂਤ ਸਮਝਦੇ ਹਨ ...
(11 ਨਵੰਬਰ 2016)

 

ਕਿਸੇ ਦੇ ਵਿਰਸੇ ਦਾ ਫਾਇਦਾ ਉਠਾਉਣਾ, ਦੂਜਿਆਂ ਦੇ ਹਾਸਲਾਂ ’ਤੇ ਖਾਹਮਖਾਹ ਕਬਜ਼ਾ ਕਰਨਾ, ਕੰਮ ਦੇ ਸਿਰ ’ਤੇ ਸ਼ੋਹਰਤਾਂ ਕਮਾਉਣ ਵਾਲਿਆਂ ਦੀ ਹਰਮਨ-ਪਿਆਰਤਾ ਦਾ ਲਾਹਾ ਲੈਣਾ ਕਿਸੇ ਤਰ੍ਹਾਂ ਵੀ ਦਰੁਸਤ ਨਹੀਂ, ਸਗੋਂ ਅਨਾਚਾਰ ਵੀ ਹੈ ਤੇ ਦੁਰਾਚਾਰ ਵੀ। ਜਿਹੜਾ ਸਿਆਸਤਦਾਨ, ਸਿਆਸੀ ਪਾਰਟੀ ਦੂਜਿਆਂ ਦੇ ਕੰਮਾਂ ਅਤੇ ਪ੍ਰਾਪਤੀਆਂ ਨੂੰ ਆਪਣੀਆਂ ਵੈਸਾਖੀਆਂ ਵਜੋਂ ਵਰਤਦੇ ਹਨ, ਉਹ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਦੇ। ਕੰਮ ਕਿਸੇ ਦਾ ਹੋਵੇ, ਮਿਹਨਤ ਹੋਰ ਕਰੇ ਅਤੇ ਤਾਣ ਕੋਈ ਹੋਰ ਲਾਵੇ ਤਾਂ ਉਸ ਉੱਤੇ ਕੋਈ ਹੋਰ ਕਬਜ਼ਾ ਨਹੀਂ ਕਰ ਸਕਦਾ। ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਪਾਖੰਡ ਗਰਦਾਨਿਆ ਜਾਵੇਗਾ ਅਤੇ ਨਿਰਾ ਫਰਾਡ ਜਾਂ ਫੇਰ ਵੱਡਾ ਨਿਰਾ ਆਡੰਬਰ।

ਸਿਆਸਤ ਦੀ ਵਚਿੱਤਰਤਾ ਦਾ ਭੇਦ ਪਾਉਣਾ ਆਸਾਨ ਨਹੀਂ। ਇਹ ਇੰਨੇ ਰੰਗ ਦਿਖਾਉਂਦੀ ਹੈ ਕਿ ਗਿਣਨੇ ਸੌਖੇ ਨਹੀਂ। ਇਹ ਵੀ ਕਿ ਸਿਆਸਤਦਾਨਾਂ ਦੇ ਜਿੰਨੇ ਮੂੰਹ, ਉੰਨੇ ਹੀ ਰਸਤੇ ਅਤੇ ਉਨ੍ਹਾਂ ਤੋਂ ਵੀ ਵੱਧ ਰੰਗ। ਸਾਡੇ ਰੰਗਲੇ ਸਿਆਸਤਦਾਨ ਆਪਣੇ ਸਵਾਰਥਾਂ ਦੀ ਪੂਰਤੀ ਲਈ ਉਨ੍ਹਾਂ ‘ਰਾਂਗਲੇ ਸੱਜਣਾਂ’ ਨੂੰ ਵੀ ਕਬਰਾਂ ਵਿੱਚੋਂ ਕੱਢ ਕੇ ਆਪਣੇ ਬੋਲਾਂ ਰਾਹੀਂ ਲੋਕਾਂ ਸਾਹਮਣੇ ਸਾਕਾਰ ਕਰ ਦੇਣ ਦੇ ਜਤਨ ਤੋਂ ਗੁਰੇਜ਼ ਨਹੀਂ ਕਰਦੇ, ਜਿਹੜੇ ਸਵਰਗਵਾਸੀ ਹੋਣ ਦੇ ਬਾਵਜੂਦ ਇਨ੍ਹਾਂ ਸਿਆਸਤਦਾਨਾਂ ਨੂੰ ਹਮਾਇਤ ਦੁਆਉਣ ਵਿੱਚ ਸਹਾਈ ਹੋ ਸਕਦੇ ਹੋਣ। ਸਿਆਸਤਦਾਨ ਰਾਂਗਲਿਆਂ ਸੱਜਣਾਂ ਦੀ ਵਿਦਵਤਾ, ਯੋਗਦਾਨ, ਕੁਰਬਾਨੀ ਅਤੇ ਲੋਕ-ਮਨਾਂ ਵਿੱਚ ਬਣੇ ਵੱਡੇ ਕੱਦ-ਬੁੱਤ ਦਾ ਲਾਹਾ ਲੈਣ ਤੋਂ ਕਦੇ ਨਹੀਂ ਉੱਕਦੇ। ਜਿਸ ਦਾ ਨਾਂਅ ਆਮ ਲੋਕਾਂ ਦੇ ਚਿੱਤ-ਚੇਤਿਆਂ ਵਿੱਚੋਂ ਵਿਸਰਿਆ ਹੁੰਦਾ ਹੈ, ਉਸ ਨੂੰ ਵੀ ਚਮਕਾ ਕੇ ਰੱਖ ਦਿੱਤਾ ਜਾਂਦਾ ਹੈਇਸ ਦਾ ਮਕਸਦ ਕੇਵਲ ਜਨਤਾ ਨੂੰ ਜਜ਼ਬਾਤੀ ਤੌਰ ’ਤੇ ਲੁੱਟਣਾ ਹੁੰਦਾ ਹੈ ਜਾਂ ਵਰਗਲਾਉਣਾ ਹੈ। ਇਸ ਤਰ੍ਹਾਂ ਲੋਕ ਭਾਵਨਾਵਾਂ ਦੀ ਪਿੱਠ ਵੀ ਲੋਕਤੰਤਰ ਵੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਉਸ ਜ਼ਮੀਨੀ ਹਕੀਕਤ ਵੱਲ ਵੀ ਕਰਵਾਈ ਜਾਂਦੀ ਹੈ, ਜਿਸ ਨੂੰ ਕਿਸੇ ਤਰ੍ਹਾਂ ਵੀ ਝੁਠਲਾਇਆ ਨਹੀਂ ਜਾ ਸਕਦਾ।

ਵਿਰਸੇ ਦੀ ਅਮੀਰੀ, ਬੇਮਿਸਾਲ ਕੁਰਬਾਨੀਆਂ ਅਤੇ ਬੌਧਿਕ ਹੁਸਨ ਨੂੰ ਕਿਸੇ ਵੀ ਸਵਾਰਥੀ ਵਲੋਂ ਆਪਣੀ ਸਿਆਸਤ ਨੂੰ ਚਮਕਾਉਣ ਲਈ ਵਰਤਣਾ ਅਸਲੋਂ ਹੀ ਪ੍ਰਸੰਗਹੀਣ ਹੁੰਦਾ ਹੈ ਅਤੇ ਵਰਤਮਾਨ ਨੂੰ ਧੋਖਾ ਦੇਣਾ ਵੀ। ਸਿਆਸੀ ਨੇਤਾਵਾਂ ਅਤੇ ਸਿਆਸੀ ਪਾਰਟੀਆਂ ਨੇ ਬੀਤੇ ਦੇ ਜਿਨ੍ਹਾਂ ਆਗੂਆਂ ਵੱਲ ਕਦੇ ਸਵੱਲੀ ਨਜ਼ਰ ਹੀ ਨਾ ਕੀਤੀ ਹੋਵੇ, ਉਨ੍ਹਾਂ ਨੂੰ ਆਪਣੇ ਹਿਤਾਂ ਲਈ ਸਿਆਸੀ ਅਖਾੜੇ ਵਿੱਚ ਲਿਆਉਣਾ ਅਤੇ ਲਾਹਾ ਲੈਣਾ ਇਤਿਹਾਸ ਨਾਲ ਖਿਲਵਾੜ ਕਰਨਾ ਵੀ ਹੋ ਸਕਦਾ ਹੈ ਅਤੇ ਵਰਤਮਾਨ ਨਾਲ ਵੀ। ਖ਼ਾਸ ਕਰ ਕੇ ਇਹ ਕਹਿਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਕਿ ਜੇ ਅਤੀਤ ਵਿੱਚ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਕਿਸੇ ਹੋਰ ਅਹਿਮ ਅਹੁਦੇ ’ਤੇ ਫਲਾਣਾ ਹੁੰਦਾ ਤਾਂ ਦੇਸ਼ ਦੀ ਤਸਵੀਰ ਹੋਰ ਹੋਣੀ ਸੀ, ਸਿਆਸੀ ਦ੍ਰਿਸ਼ ਦੀ ਹੋਰ ਅਤੇ ਦੇਸ਼ ਦੇ ਚਿਹਰੇ-ਮੋਹਰੇ ਦੀ ਹੋਰ। ਅਜਿਹਾ ਕਹਿਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਇਹ ਪਹਿਲਾਂ ਉੱਚ-ਪਦਵੀਆਂ ’ਤੇ ਰਹਿ ਗਈਆਂ ਉਨ੍ਹਾਂ ਹਸਤੀਆਂ ਦੀ ਤੌਹੀਨ ਹੈ, ਜਿਨ੍ਹਾਂ ਆਪੋ-ਆਪਣੇ ਸਮੇਂ ਵਿੱਚ ਆਪਣੀ ਸੂਝ-ਬੂਝ ਮੁਤਾਬਕ ਉੱਤਮ ਕਾਰਜ ਵੀ ਕੀਤਾ, ਆਪਣੀ ਸਮਰੱਥਾ ਅਨੁਸਾਰ ਵੀ। ਅੱਜ ਜਦੋਂ ਸਰਦਾਰ ਪਟੇਲ ਦੇ ਨਾਂਅ ਨੂੰ ਉਭਾਰਿਆ ਜਾਂਦਾ ਹੈ ਤਾਂ ਉਸ ਦਾ ਮਕਸਦ ਸਿਆਸੀ ਲਾਹਾ ਲੈਣ ਦਾ ਜਤਨ ਕਰਨਾ ਹੁੰਦਾ ਹੈ, ਜੋ ਉਸਦੇ ਪੈਰੋਕਾਰਾਂ ਨੂੰ ਖੁਸ਼ ਕਰ ਕੇ ਉਨ੍ਹਾਂ ਨੂੰ ਆਪਣੀ ਹਮਾਇਤ ਵਿੱਚ ਕਰਨ ਤੋਂ ਵੱਧ ਕੁਝ ਨਹੀਂ ਹੁੰਦਾ। ਅਜਿਹਾ ਦੂਜੀਆਂ ਪਾਰਟੀਆਂ ਨੂੰ ਜਿੱਚ ਕਰਨ ਲਈ ਵੀ ਹੁੰਦਾ ਹੈ ਅਤੇ ਨੁਕਸਾਨ ਪਹੁੰਚਾਉਣ ਲਈ ਵੀ। ਲੋਕ ਅਜਿਹੀ ਚਾਲ ਨੂੰ ਤੁਰਤ-ਫੁਰਤ ਸਮਝ ਲੈਂਦੇ ਹਨ ਅਤੇ ਸਿਆਸੀ ਨੇਤਾਵਾਂ, ਸਿਆਸੀ ਪਾਰਟੀਆਂ ਦਾ ਹੁੰਗਾਰਾ ਨਹੀਂ ਭਰਦੇ।

ਦੂਜਾ ਨਾਂਅ ਬਾਬਾ ਡਾ. ਅੰਬੇਡਕਰ ਸਾਹਿਬ ਦਾ ਹੈ, ਜਿਸ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਆਪੋ-ਆਪਣੇ ਹਿੱਤ ਪੂਰਨ ਲਈ ਉਭਾਰਦੀਆਂ ਹਨ, ਹਾਲਾਂਕਿ ਉਨ੍ਹਾਂ ਦਾ ਇਸ ਉੱਚ-ਦੁਮਾਲੜੀ ਹਸਤੀ ਨਾਲ ਕੋਈ ਲਾਗਾ-ਦੇਗਾ ਹੀ ਨਹੀਂ ਹੁੰਦਾ। ਕੌਣ ਨਹੀਂ ਜਾਣਦਾ ਕਿ ਉਸ ਨੂੰ ਜਿਉਂਦੇ-ਜੀਅ ਦੁਰਕਾਰਿਆ ਅਤੇ ਤ੍ਰਿਸਕਾਰਿਆ ਜਾਂਦਾ ਰਿਹਾ, ਅੱਖੋਂ-ਪਰੋਖੇ ਕੀਤਾ ਜਾਂਦਾ ਰਿਹਾ ਅਤੇ ਸ਼ਰਾਰਤ ਨਾਲ ਉਸ ਨੂੰ ਚੋਣਾਂ ਵਿੱਚ ਹਰਾ ਦਿੱਤਾ ਜਾਂਦਾ ਰਿਹਾ। ਉਸ ਨਾਲ ਉਹ ਵਿਹਾਰ ਕੀਤਾ ਜਾਂਦਾ ਰਿਹਾ, ਜਿਸ ਨੂੰ ਅਣਮਨੁੱਖੀ ਵੀ ਕਿਹਾ ਜਾ ਸਕਦਾ ਹੈ ਅਤੇ ਗ਼ੈਰ-ਕੁਦਰਤੀ ਵੀ। ਹੁਣ ਉਸੇ ਅੰਬੇਡਕਰ ਨੂੰ ਹੱਥਾਂ ’ਤੇ ਚੁੱਕਿਆ ਜਾ ਰਿਹਾ, ਸਿਰਾਂ ’ਤੇ ਬਿਠਾਇਆ ਜਾ ਰਿਹਾ ਹੈ, ਤਾਂ ਕਿ ਉਸਦੇ ਪੈਰੋਕਾਰਾਂ ਨੂੰ ਵਰਗਲਾ ਕੇ ਵੋਟਾਂ ਬਟੋਰੀਆਂ ਜਾ ਸਕਣ। ਇਹ ਚਲਾਕੀ, ਚਤੁਰਾਈ ਅਤੇ ਸ਼ਰਾਰਤ ਹੈ, ਜੋ ਵਰਤਮਾਨ ਨੂੰ ਆਪਣੇ ਹੱਕ ਵਿੱਚ ਕਰਨ ਲਈ ਵਰਤੀਆਂ ਜਾਂਦੀਆਂ ਹਨ, ਪਰ ਅਜਿਹਾ ਵਰਤਾਰਾ ਕਦੇ ਵੀ ਵਕਤ ਨਾਲ ਇਨਸਾਫ਼ ਕਰਨਾ ਨਹੀਂ ਹੁੰਦਾ। ਇਹ ਸਮਾਜ ਦੇ ਉਸ ਵਰਗ ਦਾ ਸੂਝਵਾਨ ਨੇਤਾ ਸੀ, ਜਿਸ ਨੂੰ ਸਮਾਜ ਦੇ ਝੂਠੇ ਅਤੇ ਆਪੇ ਘੜੇ ਪੈਮਾਨਿਆਂ ਮੁਤਾਬਕ ਉੱਚ ਕੁੱਲ ਦੇ ਨਹੀਂ ਮੰਨਿਆ ਜਾਂਦਾ ਅਤੇ ਨਫ਼ਰਤ ਦੇ ਪਾਤਰ ਬਣਾਇਆ ਜਾਂਦਾ ਰਿਹਾ। ਅੱਜ ਉਸ ਨੂੰ ਬੋਲਾਂ ਦੇ ਬੁੱਤਾਂ ’ਚ ਸਜਾਉਣਾ, ਸਮਾਜ ਦੇ ਵੱਖ-ਵੱਖ ਖੇਤਰਾਂ ਅਤੇ ਖੇਡਾਂ ਆਦਿ ਨਾਲ ਜੋੜਨਾ ਕੇਵਲ ਦਿਖਾਵਾ ਮਾਤਰ ਹੈ, ਕਿਸੇ ਸ਼ਰਧਾ ਖ਼ਾਤਰ ਨਹੀਂ। ਇਹ ਪਾਖੰਡ ਦਾ ਆਡੰਬਰ ਹੈ, ਜਿਸ ਨੂੰ ਲੋਕ ਭਲੀ-ਭਾਂਤ ਸਮਝਦੇ ਹਨ ਅਤੇ ਉਹ ਅੱਜ ਦੇ ਸ਼ੈਤਾਨ ਅਤੇ ਆਡੰਬਰੀ ਲੋਕਾਂ ਦੀਆਂ ਕੁਚਾਲਾਂ ਵਿੱਚ ਫਸਣ ਨਹੀਂ ਲੱਗੇ।

ਗ਼ਰੀਬ-ਗ਼ੁਰਬਿਆਂ ਦੇ ਨੇਤਾਵਾਂ ਵੱਲੋਂ ਸਿਰਜੇ ਗਏ ਅਮੀਰ ਵਿਰਸੇ ਦਾ, ਹਾਸਲਾਂ ਅਤੇ ਹਰਮਨ-ਪਿਆਰਤਾ ਦਾ ਵਪਾਰ ਕਰਨ ਵਾਲੇ ਸਿਆਸਤਦਾਨ ਅਕਸਰ ਜਤਨ ਕਰਦੇ ਰਹਿੰਦੇ ਹਨ ਕਿ ਵੋਟਾਂ ਦੀ ਮੰਡੀ ਵਿੱਚ ਖ਼ਰੀਦੋ-ਫਰੋਖਤ ਕਰ ਸਕਣ। ਅਜਿਹੇ ਵਿਚ ਲੋਕਤੰਤਰ ਦੀ ਗੰਭੀਰਤਾ ਕਾਇਮ ਨਹੀਂ ਰਹਿੰਦੀ। ਮਹਾਤਮਾ ਗਾਂਧੀ, ਭਗਤ ਸਿੰਘ, ਰਾਮ ਮਨੋਹਰ ਲੋਹੀਆ ਅਤੇ ਜੈ ਪ੍ਰਕਾਸ਼ ਨਾਰਾਇਣ ਜਿਹੇ ਲੋਕਾਂ ਦਾ ਨਾਂਅ ਉਹ ਵੀ ਵਰਤੀ ਜਾ ਰਹੇ ਹਨ, ਜਿਨ੍ਹਾਂ ਦਾ ਇਨ੍ਹਾਂ ਦੇ ਵਿਚਾਰਾਂ ਨਾਲ ਕੋਈ ਸੰਬੰਧ ਨਹੀਂ। ਇਹ ਠੱਗੀ, ਧੋਖਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨਾ।

ਅੱਜ ਦੇ ਸਿਆਸੀ ਦ੍ਰਿਸ਼ ਉੱਤੇ ਗਹੁ ਨਾਲ ਨਜ਼ਰ ਮਾਰੀ ਜਾਵੇ ਤਾਂ ਦੇਸ਼ ਦੀਆਂ ਸਿਆਸੀ ਪਾਰਟੀਆਂ ਉਸ ਅਮੀਰ ਵਿਰਸੇ ਦਾ ਸਹਾਰਾ ਲੈਣ ਦਾ ਜਤਨ ਕਰਦੀਆਂ ਹਨ, ਜੋ ਉਨ੍ਹਾਂ ਦਾ ਨਹੀਂ ਹੁੰਦਾ। ਕੇਵਲ ਰਾਜ-ਸੱਤਾ ਹਾਸਲ ਕਰਨ ਲਈ ਅਜਿਹਾ ਕਰਨ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਹ ਧਰੋਹ ਵੀ ਹੈ, ਕਿਉਂਕਿ ਜਿਸ ਨੂੰ ਕਮਾਇਆ ਹੀ ਨਾ ਗਿਆ ਹੋਵੇ, ਜਿਹੜਾ ਤੁਹਾਡਾ ਸਰਮਾਇਆ ਹੀ ਨਾ ਹੋਵੇ, ਉਸ ਨੂੰ ਆਪਣਾ ਬਣਾ ਕੇ ਨਹੀਂ ਵਰਤਿਆ ਜਾ ਸਕਦਾ। ਜਿਹੜਾ ਵਰਤਦਾ ਹੈ, ਉਸ ਨੂੰ ਨੌਟੰਕੀ ਸਮਝਿਆ ਜਾ ਸਕਦਾ ਹੈ ਜਾਂ ਫਿਰ ਨਿਰਾ ਆਡੰਬਰ। ਅੱਜ ਕੱਲ੍ਹ ਲੋਕ ਸਤਰਾਂ ਦੇ ਵਿਚਾਲੇ ਵਾਲੀ ਥਾਂ ਨੂੰ ਵੀ ਪੜ੍ਹਨਾ ਜਾਣ ਗਏ ਹਨ ਅਤੇ ਬੋਲਾਂ ਵਿਚਲੀ ਲਿਫ਼ਾਫ਼ੇਬਾਜ਼ੀ ਨੂੰ ਵੀ, ਜਿਸ ਕਰ ਕੇ ਹੁਣ ਚਲਾਕੀ ਨਹੀਂ ਚੱਲ ਸਕਦੀ।

ਵੈਸੇ ਵੀ ਜ਼ਮੀਨੀ ਹਕੀਕਤ ਦੀ ਇੱਛਾ ਰੱਖਣ ਵਾਲੇ ਲਾਰਿਆਂ, ਵਾਅਦਿਆਂ ਅਤੇ ਸੁਫ਼ਨਿਆਂ ਦੀ ਕਾਲਪਨਿਕ ਦੁਨੀਆ ਵਿੱਚ ਨਹੀਂ ਰਹਿ ਸਕਦੇ। ਦੇਰ-ਸਵੇਰ ਉਹ ਆਪਣਾ ਰਸਤਾ ਆਪ ਅਖਤਿਆਰ ਕਰਦੇ ਹਨ, ਜਿਸ ਵਿੱਚ ਤੰਗੀਆਂ-ਤੁਰਸ਼ੀਆਂ ਨਾਲ ਚੱਲਦਿਆਂ ਵੀ ਉਹ ਆਪਣੀ ਮੰਜ਼ਿਲ ਉੱਤੇ ਪਹੁੰਚਣ ਲਈ ਤਕਲੀਫ਼ਾਂ ਕੱਟਣ ਤੋਂ ਵੀ ਨਹੀਂ ਡਰਦੇ ਅਤੇ ਸੰਘਰਸ਼ ਕਰਨ ਤੋਂ ਵੀ ਨਹੀਂ ਕਰਤਾਉਂਦੇ। ਉਹ ਅਸਲੀਅਤ ਨਾਲ ਟੱਕਰਦੇ ਹਨ, ਆਡੰਬਰ ਨੂੰ ਨੇੜੇ ਨਹੀਂ ਆਉਣ ਦਿੰਦੇ।

**

ਇਸ ਵਾਰ ਕਿਸ ਦੀ ਹੋਊ ਸਰਕਾਰ?

ਵੈਸੇ ਤਾਂ ਹਰ ਵਾਰ ਹੀ ਅਜਿਹਾ ਹੁੰਦਾ ਹੈ, ਪਰ ਇਸ ਵਾਰ ਪੰਜਾਬ ਵਿੱਚ ਅਜਿਹਾ ਸਿਆਸੀ ਝਮੇਲਾ ਬਣ ਗਿਆ ਹੈ, ਜਿਸ ਬਾਰੇ ਅਨੁਮਾਨ ਲਾਉਣੇ ਆਸਾਨ ਨਹੀਂ। ਬਦਲਾਅ ਦੀ ਸੋਚ ਰੱਖਣ ਵਾਲੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਬੈਠੇ ਹਨ, ਪਰ ਉਹ ਛੋਟੇਪੁਰ ਘਟਨਾ ਨੂੰ ਛੋਟੀ ਹੀ ਸਮਝਦੇ ਹਨ, ਵੱਡੀ ਨਹੀਂ, ਜਦੋਂ ਕਿ ਇਹ ਘਟਨਾ ਆਮ ਆਦਮੀ ਪਾਰਟੀ ਲਈ ਵੱਡੀ ਸੱਟ ਹੈ, ਛੋਟੀ ਨਹੀਂ। ਨਾਲੇ ਆਪ ਖ਼ਿਲਾਫ਼ ਹੀ ਪੰਜ ਧੜਿਆਂ ਦਾ ਇਕੱਠੇ ਹੋਣਾ ਵੀ ਆਪ ਲਈ ਮਾਰੂ ਹੋਣ ਤੋਂ ਘੱਟ ਨਹੀਂ। ਆਪ ਦੀ ਬਦਨਾਮੀ ਇਸ ਦਾ ਪਿੱਛਾ ਨਹੀਂ ਛੱਡ ਰਹੀ।

ਅਕਾਲੀ-ਭਾਜਪਾ ਦਾ ਆਪਣਾ ਵੋਟ ਬੈਂਕ ਹੈ, ਜਿਸ ਦਾ ਇੱਧਰ-ਉੱਧਰ ਹੋਣਾ ਆਮ ਗੱਲ ਨਹੀਂ। ਇਸ ਵੋਟ ਬੈਂਕ ਦਾ ਇਸ ਰਿਵਾਇਤੀ ਪਾਰਟੀ ਨਾਲੋਂ ਟੁੱਟਣਾ ਸੌਖਾ ਨਹੀਂ। ਇਹ ਵੋਟ ਬੈਂਕ ਹੋਰ ਕਿਧਰੇ ਜਾ ਨਹੀਂ ਸਕਦਾ। ਫਿਰ ਸਰਕਾਰ ਦੇ ਹਾਸਲ ਵੀ ਇਸ ਗੱਠਜੋੜ ਨਾਲ ਹੀ ਤੁਰਨਗੇ। ਕਾਂਗਰਸ ਵੱਲੋਂ ਜ਼ੋਰ ਤਾਂ ਪੂਰਾ ਲਗਾਇਆ ਜਾ ਰਿਹਾ ਹੈ, ਪਰ ਉਸ ਨੂੰ ਘੇਰਾ ਪਾਉਣ ਲਈ ਸੱਤਾਧਾਰੀ ਗੱਠਜੋੜ ਵੱਲੋਂ ਕਈ ਹੱਥ-ਕੰਡੇ ਅਪਣਾਏ ਜਾ ਰਹੇ ਹਨ, ਜਿਨ੍ਹਾਂ ਨੇ ਨੁਕਸਾਨ ਹੀ ਕਰਨਾ ਹੁੰਦਾ ਹੈ। ਜੇ ਆਪ, ਪੰਜ ਧੜੇ, ਬਸਪਾ ਅਤੇ ਹੋਰ ਨਿੱਕੀਆਂ-ਨਿੱਕੀਆਂ ਪਾਰਟੀਆਂ ਨੇ ਥੋੜ੍ਹੀਆਂ-ਥੋੜ੍ਹੀਆਂ ਵੋਟਾਂ ਨਾਲ ਕੁਝ ਫ਼ੀਸਦੀ ਦੀਆਂ ਕਲਗੀਆਂ ਸਜਾ ਵੀ ਲਈਆਂ, ਤਾਂ ਵੀ ਉਸ ਦਾ ਫਾਇਦਾ ਕਾਂਗਰਸ ਅਤੇ ਅਕਾਲੀ-ਭਾਜਪਾ ਨੂੰ ਹੀ ਹੋਵੇਗਾ।

ਅਜੇ ਕਿਸੇ ਤਰ੍ਹਾਂ ਦੀ ਨਿਰਣਾਇਕ ਟਿੱਪਣੀ ਕਰਨੀ ਸਹੀ ਨਹੀਂ ਹੋਵੇਗੀ। ਕੇਵਲ ਸਧਾਰਨ ਜਿਹੀ ਤਸਵੀਰਕਸ਼ੀ ਹੀ ਕੀਤੀ ਹੈ, ਜੋ ਮੋਟੇ ਤੌਰ ਉੱਤੇ ਸਭ ਨੂੰ ਸਾਹਮਣੇ ਨਜ਼ਰ ਆ ਰਹੀ ਹੈ ਅਤੇ ਇਸ ਵਿੱਚ ਬਹੁਤੀ ਤਬਦੀਲੀ ਹੁੰਦੀ ਨਜ਼ਰ ਨਹੀਂ ਆ ਰਹੀ।

ਹਾਂ, ਬੈਂਸ ਭਰਾ, ਪ੍ਰਗਟ ਸਿੰਘ ਅਤੇ ਨਵਜੋਤ ਸਿੱਧੂ ਹੁਣ ਉਹ ਚਮਕ ਗੁਆ ਚੁੱਕੇ ਹਨ, ਜੋ ਮਹੀਨਾ-ਦੋ ਮਹੀਨੇ ਪਹਿਲਾਂ ਸੀ। ਉਹ ਹੁਣ ਕਿਸੇ ਵਿੱਚ ਵੀ ਮਿਲਣ, ਗੱਠਜੋੜ ਕਰਨ, ਤਾਂ ਵੀ ਪਹਿਲਾਂ ਵਾਲਾ ਚਮਤਕਾਰ ਪੈਦਾ ਕਰਨ ਦੇ ਸਮਰੱਥ ਨਹੀਂ ਰਹੇ। ਉਹ ਜਿਸ ਨਾਲ ਵੀ ਮਿਲਣਗੇ, ਥੋੜ੍ਹਾ ਜਿਹਾ ਹੀ ਯੋਗਦਾਨ ਪਾ ਸਕਣਗੇ, ਬਹੁਤ ਨਹੀਂ।

*****

(493)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author