IqbalKhan7

 

(22 ਅਕਤੂਬਰ 2016)

 

ArpanLikhariCDE


ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਇਕਬਾਲ ਅਰਪਨ ਦੀ ਦਸਵੀਂ ਬਰਸੀ ’ਤੇ ਉਹਨਾਂ ਨੂੰ ਸਮਰਪਿਤ ਸਮਾਗਮ ਜੋ ਕਿ ਇਸ ਸਾਲ ਦਾ ਦੂਜਾ ਸਮਾਗਮ ਹੈ
, 16 ਅਕਤੂਬਰ 2016 ਨੂੰ ਟੈਂਪਲ ਕਮਿਉਨਟੀ ਹਾਲ ਵਿਖੇ ਭਰਵੇਂ ਇਕੱਠ ਵਿੱਚ ਹੋਇਆ। ਸਭਾ ਦੇ ਜਨਰਲ ਸਕੱਤਰ ਇਕਬਾਲ ਖ਼ਾਨ ਨੇ ਸਭਾ ਦੀ ਪ੍ਰਧਾਨ ਕਹਾਣੀਕਾਰਾ ਸਤਪਾਲ ਕੌਰ ਬੱਲ, ਸੁਪ੍ਰਸਿੱਧ ਵਿੱਦਿਆ ਸ਼ਾਸਤਰੀ ਡਾ. ਮਹਿੰਦਰ ਸਿੰਘ ਹੱਲਣ ਅਤੇ ਪ੍ਰਸਿੱਧ ਸ਼ਾਇਰ ਕਸ਼ਮੀਰਾ ਸਿੰਘ ਚਮਨ, ਐਡਮਿੰਟਨ ਤੋਂ ਆਏ ਏਸ਼ੀਅਨ ਟਾਇਮਜ਼ ਦੇ ਐਡੀਟਰ ਡਾ. ਪੀ. ਆਰ. ਕਾਲ਼ੀਆ ਅਤੇ ਇੰਡੀਆ ਤੋਂ ਆਏ ਪੰਜਾਬ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਤਰਲੋਚਨ ਸਿੰਘ ਰਾਣਾ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਸ਼ੋਬਤ ਹੋਣ ਲਈ ਬੇਨਤੀ ਕੀਤੀ। ਸਭਾ ਦੀ ਪ੍ਰਧਾਨ ਸਤਪਾਲ ਕੌਰ ਬੱਲ ਨੇ ਪ੍ਰੋਗਰਾਮ ਦੀ ਰੂਪ-ਰੇਖਾ ਦੱਸੀ ਅਤੇ ਨਾਲ ਹੀ ਜਨਰਲ ਸਕੱਤਰ ਨੂੰ ਪ੍ਰੋਗਰਾਮ ਨੂੰ ਵਿਧੀ-ਵੱਤ ਢੰਗ ਨਾਲ ਚਾਲਾਉਣ ਲਈ ਸਟੇਜ ਸੰਭਾਲ਼ੀ।

ਸਭ ਤੋਂ ਪਹਿਲਾਂ ਵਾਇਸ ਪ੍ਰਧਾਨ ਡਾ. ਮਨਜੀਤ ਸਿੰਘ ਸੋਹਲ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ।

ਪ੍ਰੋਗਰਾਮ ਦੀ ਸ਼ੁਰੂਆਤ ਕੈਲਗਰੀ ਦੇ ਬੁਲੰਦ ਆਵਾਜ਼ ਦੇ ਮਾਲਕ, ਸੁਖਵਿੰਦਰ ਸਿੰਘ ਤੂਰ ਦੇ ਮਾਤਾ ਗੁਜ਼ਰੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਰੇ ‘ਸਾਕਾ ਸਿਰਹਿੰਦ’ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰਦਿਆਂ ਹੋਈ। ਇਸ ਤੋਂ ਬਾਅਦ ਸਰੂਪ ਸਿੰਘ ਮੰਡੇਰ ਦੀ ਅਗਵਾਈ ਵਿੱਚ ਬੱਚਿਆਂ (ਗੁਰਜੀਤ ਸਿੰਘ, ਝੁਜਾਰ ਸਿੰਘ) ਦੇ ਖ਼ਾਲਸਾ ਢਾਡੀ ਜਥੇ ਨੇ ਹਰਮਨ ਪਿਆਰੇ ਕਵੀਸ਼ਰ ਜਸਵੰਤ ਸਿੰਘ ਸੇਖੋਂ ਦੀ ਲਿਖੀ ਕਵਿਤਾ “ਭਗਤ ਸੂਰਮੇਂ ਸਿਰਜਦੀ, ਸੰਤ ਰਿਸ਼ੀ ਵਿਦਵਾਨ। ਇੱਥੇ ਸਾਂਝੀਵਾਲਤਾ ਸਭ ਏਕਸੇ ਇਨਸਾਨ” ਗਾ ਕੇ ਗਾਇਕੀ ਨਾਲ ਸਮਾਂ ਬੰਨ੍ਹਿਆ। ਅਜੈਬ ਸਿੰਘ ਸੇਖੋਂ ਨੇ ਕਵਿਤਾ ਰਾਹੀਂ ਹਾਜ਼ਰੀ ਲਗਵਾਈ। ਜਗਵੰਤ ਸਿੰਘ ਗਿੱਲ ਨੇ ਆਪਣੀ ਕਵਿਤਾ ਸੁਣਾਈ। ਨਵਪ੍ਰੀਤ ਰੰਧਾਵਾ ਨੇ ਭਾਵਪੂਰਤ ਗ਼ਜ਼ਲ ਸੁਣਾ ਕੇ ਸਰੋਤਿਆਂ ਨੂੰ ਮੋਹ ਲਿਆ। ਕੁਲਦੀਪ ਕੌਰ ਘਟੌੜਾ ਨੇ ਇਕਬਾਲ ਅਰਪਨ ਦੀ ਕਵਿਤਾ ‘ਮੌਲਾ ਖ਼ੈਰ ਕਰੇ’ ਸੁਣਾ ਕੇ ਸ਼ਰਧਾਂਜਲੀ ਭੇਟ ਕੀਤੀ। ਸਰੂਪ ਸਿੰਘ ਮੰਡੇਰ ਨੇ ਕਵੀਸ਼ਰੀ ਰੰਗ ਵਿੱਚ ਪੰਜਾਬ ਦੇ ਮੌਜੂਦਾ ਹਾਲਾਤ ਪੇਸ਼ ਕਰਦੀ ਆਪਣੀ ਰਚਨਾ ਸੁਣਾਈ। ਕੇਸਰ ਸਿੰਘ ਨੀਰ ਨੇ ਬਹੁਤ ਹੀ ਸੰਜੀਦਾ ਗ਼ਜ਼ਲ ਇਕਬਾਲ ਅਰਪਨ ਦੀ ਯਾਦ ਵਿੱਚ ਲਿਖੀ ਹੋਈ ਸੁਣਾ ਕੇ ਮਾਹੌਲ ਨੂੰ ਭਾਵੁਕ ਕਰ ਦਿੱਤਾ।

ਗਰਦਿਆਲ ਸਿੰਘ ਖਹਿਰਾ ਨੇ ਅਜੋਕੀ ਰਾਜਨੀਤੀ ’ਤੇ ਵਿਅੰਗ ਕਰਦਿਆਂ ਕਵਿਤਾ ਰਾਹੀਂ ਸਰੋਤਿਆਂ ਦਾ ਧਿਆਨ ਖਿੱਚਿਆ। ਹਰਨੇਕ ਬੱਧਣੀ ਨੇ ਭਗਤ ਸਿੰਘ ਬਾਰੇ ਕਵਿਤਾ ਸੁਣਾ ਕੇ ਹਾਜ਼ਰੀ ਭਰੀ। ਜਰਨੈਲ ਸਿੰਘ ਤੱਗੜ ਨੇ ਗ਼ਜ਼ਲ ‘ਮੌਤ ਦੇ ਸੁਦਾਗਰ’ ਸੁਣਾ ਕੇ ਇੱਕ ਵਾਰ ਪੰਜਾਬ ਦੇ ਵਰਤਮਾਨ ਹਾਲਾਤ ’ਤੇ ਸੋਚਣ ਲਈ ਮਜਬੂਰ ਕਰ ਦਿੱਤਾ। ਐਡਮਿੰਟਨ ਤੋਂ ਬਖ਼ਸ਼ ਸੰਘਾ ਨੇ ਧੀਆਂ ਬਾਰੇ ਬਹੁਤ ਹੀ ਭਾਵਕ ਕਵਿਤਾ ਸੁਰੀਲੀ ਅਵਾਜ਼ ਵਿੱਚ ਗਾ ਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਵਿਸ਼ੇਸ ਤੌਰ ’ਤੇ ਐਡਮਿੰਟਨ ਤੋਂ ਪਹੁੰਚੇ ਜੋਗਿੰਦਰ ਰੰਧਾਵਾ ਨੇ ਜਸਵਿੰਦਰ ਦੀ ਗ਼ਜ਼ਲ, ਮਨਮੋਹਕ ਆਵਾਜ਼ ਵਿੱਚ ਗਾਇਨ ਕੀਤੀ।

ਸਰੂਪ ਸਿੰਘ ਮੰਡੇਰ ਨੇ ਕਵੀਸ਼ਰੀ ਰੰਗ ਵਿੱਚ ਅਲੋਪ ਹੋ ਰਹੀ ਕਲਾ ਨੂੰ ਜਿਉਂਦਾ ਰੱਖਦਿਆਂ ‘ਕਲੀ’ ਸੁਣਾ ਕੇ ਰੰਗ ਬੰਨ੍ਹ ਦਿੱਤਾ। ਗੁਰਚਰਨ ਕੌਰ ਥਿੰਦ ਨੇ ‘ਧੀਆਂ ਘਰ ਦੀ ਰੌਣਕ’ ਆਪਣੀ ਕਵਿਤਾ ਪੜ੍ਹੀ ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਸੁਲਾਹਿਆ ਗਿਆ। ਅਮਰੀਕ ਸਿੰਘ ਚੀਮਾ ਨੇ ਤਰੰਨਮ ਵਿੱਚ ਗੀਤ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਗੁਰਦੀਸ਼ ਕੌਰ ਗਰੇਵਾਲ ਨੇ ਕਵਿਤਾ ਰਾਹੀਂ ਹਾਜ਼ਰੀ ਲਗਵਾਈ। ਐਡਮਿੰਟਨ ਤੋਂ ਪੀ. ਆਰ. ਕਾਲੀਆ ਨੇ ਇੱਕ ਕਵਿਤਾ ਸੁਣਾਈ ਅਤੇ ਨਾਲ ਹੀ ਇਕਬਾਲ ਅਰਪਨ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।

ਡਾ. ਮਹਿੰਦਰ ਸਿੰਘ ਹੱਲਣ ਦੀ ਸ਼ਖ਼ਸੀਅਤ ਬਾਰੇ ਅਤੇ ਉਹਨਾਂ ਦੇ ਕੰਮਾਂ ਬਾਰੇ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਰਹੇ ਡਾ. ਮਨਜੀਤ ਸਿੰਘ ਸੋਹਲ ਨੇ ਦਿੱਤੀ। ਇਕਬਾਲ ਅਰਪਨ ਨੂੰ ਬਹੁਤ ਨੇੜਿਉ ਜਾਨਣ ਵਾਲੇ, ਡਾ. ਮਹਿੰਦਰ ਸਿੰਘ ਹੱਲਣ ਨੇ ਅਰਪਨ ਦੀ ਸ਼ਖ਼ਸੀਅਤ ਬਾਰੇ ਬਹੁਤ ਹੀ ਸੰਖਪ ਅਤੇ ਭਾਵਪੂਰਤ ਸ਼ਬਦਾਂ ਵਿੱਚ ਰੋਸ਼ਨੀ ਪਾਈ।

ਸ਼ਾਇਰ ਕਸ਼ਮੀਰਾ ਸਿੰਘ ਚਮਨ ਦੀ ਸ਼ਾਇਰੀ ਦੀ ਦੇਣ ਬਾਰੇ ਪ੍ਰਸਿੱਧ ਸ਼ਾਇਰ ਕੇਸਰ ਸਿੰਘ ਨੀਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ। ਨਰਿੰਦਰ ਸਿੰਘ ਢਿੱਲੋਂ ਨੇ ਤਰਲੋਚਨ ਸਿੰਘ ਰਾਣਾ ਦੇ ਸੰਘਰਸ਼ਮਈ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਕੈਲਗਰੀ ਦੇ ਸੁਪ੍ਰਸਿੱਧ ਵਿੱਦਿਆ ਸ਼ਾਸਤਰੀ ਡਾ. ਮਹਿੰਦਰ ਸਿੰਘ ਹੱਲਣ ਅਤੇ ਪ੍ਰਸਿੱਧ ਸ਼ਾਇਰ ਕਸ਼ਮੀਰਾ ਸਿੰਘ ਚਮਨ ਅਤੇ ਤਰਲੋਚਨ ਸਿੰਘ ਰਾਣਾ ਨੂੰ ਸਨਮਾਨਿਤ ਕੀਤਾ ਗਿਆ। ਨਾਲ ਹੀ ਕੈਲਗਰੀ ਦੀਆਂ ਸੀਨੀਅਰਜ਼ ਸੋਸਾਇਟੀਆਂ ਦੇ (ਬਿੱਕਰ ਸਿੰਘ ਸੰਧੂ, ਸੁਖਦੇਵ ਸਿੰਘ ਖਹਿਰਾ, ਕਰਨਲ ਰਤਨ ਸਿੰਘ ਪਰਮਾਰ, ਪ੍ਰਸ਼ੋਤਮ ਭਾਰਦਵਾਜ, ਸਤਪਾਲ ਕੌਸ਼ਲ, ਸੁਖਦੇਵ ਸਿੰਘ ਕਲੇਰ) ਪ੍ਰਧਾਨਾਂ ਦੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਭਾਈਚਾਰੇ ਲਈ ਕੀਤੇ ਜਾ ਰਹੇ ਕੰਮਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਤਰਲੋਚਨ ਸਿੰਘ ਰਾਣਾ ਨੇ ਆਪਣੇ ਸੰਘਰਸ਼ਮਈ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਕਸ਼ਮੀਰਾ ਸਿੰਘ ਚਮਨ ਨੇ ਇਕਬਾਲ ਅਰਪਨ ਨੂੰ ਭਾਵੁਕ ਸ਼ਬਦਾਂ ਨਾਲ ਯਾਦ ਕਰਦਿਆਂ ਉਸਦੀ ਯਾਦ ਵਿੱਚ ਲਿਖੀ ਗ਼ਜ਼ਲ ਬੁਲੰਦ ਆਵਾਜ਼ ਨਾਲ ਗਾ ਕੇ ਸੁਣਾਈ ਅਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ‘ਮੇਰੀ ਗ਼ਰੀਬੀ ਹੀ ਮੇਰੀ ਕਵਿਤਾ ਦਾ ਸੋਮਾ ਹੈ ਅਤੇ ਮੇਰੀ ਗੁਰਬਤ ਹੀ ਮੇਰੀ ਗ਼ਜ਼ਲ ਦੀ ਜਾਨ।’ ਵੱਖ ਵੱਖ ਬੁਲਾਰਿਆਂ ਨੇ ਇਕਬਾਲ ਅਰਪਨ ਨਾਲ ਸਬੰਧਤ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਐਡਮਿੰਟਨ ਤੋਂ ਮੇਪਲ ਲੀਫ ਕਲਚਰਲ ਐਸੋਸੀਏਸ਼ਨ ਦੇ ਪਤਵੰਤੇ ਸੱਜਣਾਂ ਨੇ ਖ਼ਾਸ ਤੌਰ ’ਤੇ ਹਾਜ਼ਰੀ ਭਰੀ।

ਇਸ ਸਮਾਗਮ ਦੀ ਵਿਲੱਖਣਤਾ ਇਹ ਰਹੀ ਕਿ ਕੈਲਗਰੀ ਦੀਆਂ ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਦੇ ਨਾਲ-ਨਾਲ ਡਰੱਗ ਅਵੇਅਰਨੈੱਸ, ਅੰਗ-ਦਾਨ ਵਰਗੀਆਂ ਸੰਸਥਾਵਾਂ ਨੇ ਆਪਣੇ ਟੇਬਲ ਲਾ ਕੇ ਲੋਕ-ਸੇਵਾ ਦੇ ਕੰਮਾਂ ਨੂੰ ਪ੍ਰਚਾਰਿਆ। ਡਰੱਗ ਅਵੇਅਰਨੈੱਸ ਦਾ ਬਹੁਤ ਸਾਰਾ ਲਿਟਰੇਚਰ ਵੰਡਿਆ ਗਿਆ ਅਤੇ ਬਲਵਿੰਦਰ ਸਿੰਘ ਕਾਹਲੋਂ ਨੇ ਵਧ ਰਹੇ ਨਸ਼ਿਆਂ ਵਾਰੇ ਚਿੰਤਾ ਪਰਗਟ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਹਿਰਦੇਪਾਲ ਜੱਸਲ ਨੇ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਇਸ ਦਿਨ ਤਕਰੀਬਨ 72 ਲੋਕਾਂ ਨੇ ਆਪਣੇ ਅੰਗ-ਦਾਨ ਕਰਨ ਦੇ ਫ਼ਾਰਮ ਭਰੇ ਹਨ, ਜਿਸ ਨਾਲ 576 ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਜਾ ਸਕੇਗੀ। ਇਸ ਸਮੇਂ ਸਾਹਿਤਕ ਪੁਸਤਕਾਂ ਦੀ ਪ੍ਰਦਰਸ਼ਣੀ ਨੂੰ ਵੀ ਚੰਗਾ ਹੁੰਗਾਰਾ ਮਿਲ਼ਿਆ। ਗੁਰਵਿੰਦਰ ਕੌਰ ਹੁੰਦਲ ਅਤੇ ਮਨਪ੍ਰੀਤ ਬਰਾੜ ਨੇ ਸੀਨੀਅਰ ਬੈਨੀਫਿਟਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਦੇ ਨਾਲ ਹੀ ਪਿਛਲੇ ਦਿਨੀਂ ਮੰਦਭਾਗੀ ਘਟਨਾ, ਨਸਲੀ ਨਫ਼ਰਤ ਨਾਲ ਰੈੱਡ-ਡੀਅਰ ਨੇੜੇ ਮੋਟਲ ਨੂੰ ਲਾਈ ਗਈ ਅੱਗ ਨਾਲ ਅਰਪਨ ਲਿਖਾਰੀ ਸਭਾ ਦੇ ਕਾਰਜਕਾਰਨੀ ਦੇ ਮੈਂਬਰ ਜਸਵੰਤ ਸਿੰਘ ਸੇਖੋਂ ਦੇ ਵੱਡੇ ਦਾਮਾਦ ਵਰਿੰਦਰ ਸਿੰਘ ਟਿਵਾਣਾ ਦੀ ਬੇਵਕਤ ਮੌਤ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਜ਼ਖ਼ਮੀ ਹੋਣ ’ਤੇ ਇਸ ਘਿਨਾਉਣੀ ਹਰਕਤ ਦੀ ਘੋਰ ਨਿੰਦਾ ਕੀਤੀ ਗਈ। ਅਸੀਂ ਸਾਰੇ ਕੈਲਗਰੀ ਨਿਵਾਸੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ।

ਅਖ਼ੀਰ ਉੱਤੇ ਸਭਾ ਦੀ ਪ੍ਰਧਾਨ ਕਹਾਣੀਕਾਰਾ ਸਤਪਾਲ ਕੌਰ ਬੱਲ ਨੇ ਆਏ ਹੋਏ ਸਾਰੇ ਮਹਿਮਾਨਾਂ, ਸਰੋਤਿਆਂ ਅਤੇ ਪੰਜਾਬੀ ਮੀਡੀਆ ਦਾ ਧੰਨਵਾਦ ਕੀਤਾ। ਉਨ੍ਹਾਂ ਜਾਣਕਾਰੀ ਦਿੰਦਿਆ ਆਖਿਆ ਕਿ ਸਭਾ ਦੀ ਅਗਲੀ ਮਹੀਨਾਵਾਰ ਮੀਟਿੰਗ 12 ਨੰਵਬਰ 2016 ਨੂੰ ਕੋਸੋ ਹਾਲ ਵਿੱਚ ਠੀਕ ਇਕ ਵਜੇ ਹੋਵੇਗੀ

ਹੋਰ ਜਾਣਕਾਰੀ ਲਈ ਸਤਪਾਲ ਕੌਰ ਬੱਲ ਨੂੰ 403-590-1403, ਅਤੇ ਇਕਬਾਲ ਖ਼ਾਨ ਨੂੰ 403-921-8736 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

*****

(472)

About the Author

ਇਕਬਾਲ ਖਾਨ

ਇਕਬਾਲ ਖਾਨ

Calgary, Alberta, Canada.
Phone: (403 - 921 - 8736)
Email: (i.s.kalirai@hotmail.com)