ShamSingh7ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਦੋ ਵੱਡੀਆਂ ਪਾਰਟੀਆਂ ਲੋਕਾਂ ਨੇ ਵਾਰ-ਵਾਰ ਅਜ਼ਮਾ ਕੇ ਦੇਖ ਲਈਆਂ ਹਨ ...
(6 ਅਕਤੂਬਰ 2016)

 

ਸਿਆਸੀ ਆਗੂ ਅਤੇ ਸਿਆਸੀ ਪਾਰਟੀਆਂ ਦੇ ਪੈਰੋਕਾਰ ਜਿੰਨੇ ਮਰਜ਼ੀ ਦਾਅਵੇ ਕਰੀ ਜਾਣ, ਪਰ ਪੰਜਾਬ ਦੇ ਲੋਕਾਂ ਦੇ ਰੌਂਅ ਮੁਤਾਬਕ ਇੱਕ ਵੀ ਸਿਆਸੀ ਪਾਰਟੀ ਅਜਿਹੀ ਨਹੀਂ, ਜਿਹੜੀ ਪੰਜਾਬ ਵਿਧਾਨ ਸਭਾ ਦੀਆਂ ਨੇੜ-ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਇਕੱਲਿਆਂ ਆਪਣੇ ਬਲਬੂਤੇ ਬਹੁਮੱਤ ਹਾਸਲ ਕਰ ਲਵੇ। ਥੋੜ੍ਹਾ ਅਰਸਾ ਪਹਿਲਾਂ ਲੋਕ-ਮਨਾਂ ਵਿੱਚ ਬਦਲਾਅ ਦੀ ਹਵਾ ਚੱਲੀ ਸੀ ਅਤੇ ਲੋਕ ਮਨੋਮਨੀ ਉਸ ਨਵੀਂ ਸਿਆਸੀ ਪਾਰਟੀ ਵੱਲ ਝੁਕਾਅ ਰੱਖਣ ਲੱਗ ਪਏ ਸਨ, ਪਰ ਛੇਤੀ ਹੀ ਪਾਰਟੀ ਦੀਆਂ ਨਾ-ਮਾਫ਼ ਕੀਤੀਆਂ ਜਾਣ ਵਾਲੀਆਂ ਵੱਡੀਆਂ ਗ਼ਲਤੀਆਂ ਅਤੇ ਆਪਸੀ ਭਿਆਨਕ ਫੁੱਟ ਕਾਰਨ ਉਹ ਸਿਆਸੀ ਹਵਾ ਸਮੇਂ ਦੇ ਸਿਰ ’ਤੇ ਸਵਾਰ ਨਹੀਂ ਰਹਿ ਸਕੀ, ਸਗੋਂ ਤੁਰਤ-ਫੁਰਤ ਹੀ ਕਾਫ਼ੀ ਹੱਦ ਤੱਕ ਉੱਡ ਗਈ। ਲੋਕ ਫੇਰ ਭੰਬਲਭੂਸੇ ਵਿੱਚ ਪੈ ਗਏ ਅਤੇ ਧੁੰਦਲੀਆਂ ਸੋਚਾਂ ਦੀ ਘੁੰਮਣਘੇਰੀ ਵਿੱਚੋਂ ਨਿਕਲਣ ਲਈ ਉਨ੍ਹਾਂ ਨੂੰ ਕੋਈ ਚਾਨਣ ਦੀ ਕਿਨ ਦਿਖਾਈ ਨਹੀਂ ਦੇ ਰਹੀ।

ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਦੋ ਵੱਡੀਆਂ ਪਾਰਟੀਆਂ ਲੋਕਾਂ ਨੇ ਵਾਰ-ਵਾਰ ਅਜ਼ਮਾ ਕੇ ਦੇਖ ਲਈਆਂ ਹਨ, ਜੋ ਪੰਜਾਬ ਦੇ ਰਾਜਨੀਤਕ, ਆਰਥਿਕ, ਸਮਾਜਿਕ ਅਤੇ ਧਾਰਮਿਕ ਮਸਲੇ ਹੱਲ ਨਹੀਂ ਕਰ ਸਕੀਆਂ। ਇਸ ਲਈ ਉਹ ਦੋਹਾਂ ਨੂੰ ਰੱਦ ਕਰਨ ਦੇ ਰੌਂਅ ਵਿੱਚ ਹੋ ਗਏ। ਕਿਉਂਕਿ ਸੱਤਾਧਾਰੀ ਗੱਠਜੋੜ ਦੀ ਸਰਕਾਰ ਲੋਕਾਂ ਦੀਆਂ ਇੱਛਾਵਾਂ ’ਤੇ ਪੂਰੀ ਨਹੀਂ ਉੱਤਰ ਸਕੀ, ਨੌਜਵਾਨ ਨੌਕਰੀਆਂ ਨੂੰ ਉਡੀਕਦੇ, ਤਰਸਦੇ ਰਹਿ ਗਏ, ਗ਼ਰੀਬਾਂ ਨੂੰ ਆਟਾ-ਦਾਲ਼ ਤੋਂ ਵੱਧ ਕੁਝ ਨਸੀਬ ਨਹੀਂ ਹੋ ਸਕਿਆ। ਕਿਸਾਨਾਂ ਅਤੇ ਮਜ਼ਦੂਰਾਂ ਨੂੰ ਖ਼ੁਦਕੁਸ਼ੀਆਂ ਤੋਂ ਮੁਕਤ ਕਰਾਉਣ ਲਈ ਫ਼ੌਰੀ ਕਦਮ ਨਹੀਂ ਉਠਾਏ ਗਏ। ਨਵੇਂ ਰੱਖੇ ਜਾਂਦੇ ਕਰਮਚਾਰੀਆਂ ਦੀ ਪੈਨਸ਼ਨ ਤੱਕ ਬੰਦ ਕਰ ਕੇ ਨਿਰਾਸ਼ਾ ਪੈਦਾ ਕਰ ਦਿੱਤੀ ਗਈ। ਲਟਕਦੇ ਮਸਲੇ ਹੋਰ ਵੀ ਬਹੁਤ ਹਨ, ਪਰ ਇਸ਼ਾਰੇ ਮਾਤਰ ਇੰਨੇ ਵੀ ਘੱਟ ਨਹੀਂ, ਜਿਹੜੇ ਹੁਣ ਤੱਕ ਲਮਕਦੇ ਨਹੀਂ ਸਨ ਰਹਿਣੇ ਚਾਹੀਦੇ।

ਮੁੱਖ ਵਿਰੋਧੀ ਸਿਆਸੀ ਪਾਰਟੀ ਲੰਮਾ ਚਿਰ ਪੰਜਾਬ ’ਤੇ ਰਾਜ ਕਰਦੀ ਰਹੀ ਹੈ, ਜਿਸ ਨੇ ਪੰਜਾਬ ਵਿੱਚ ਪੰਜਾਬੀਆਂ ਲਈ ਮਸਲੇ ਪੈਦਾ ਤਾਂ ਕਰ ਦਿੱਤੇ, ਪਰ ਉਨ੍ਹਾਂ ਦੇ ਹੱਲ ਨਹੀਂ ਕਰ ਸਕੀ। ਕੇਂਦਰ ਵਿੱਚ ਆਪਣੀਆਂ ਸਰਕਾਰਾਂ ਤੋਂ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਨਹੀਂ ਕਰਵਾ ਸਕੀ।ਪੰਜਾਬੀ ਬੋਲਦੇ ਇਲਾਕੇ ਵਾਪਸ ਨਹੀਂ ਲਿਆ ਸਕੀ। ਕਈ ਸੂਬਿਆਂ ਵਿਚ ਸਿੱਖਾਂ ਅਤੇ ਪੰਜਾਬੀਆਂ ’ਤੇ ਹੋਏ ਹਮਲਿਆਂ ਵਿਚ ਨਿਆਂ ਨਹੀਂ ਦੁਆ ਸਕੀ। ਪਾਣੀਆਂ ਦਾ ਮਸਲਾ ਹੱਲ ਜ਼ਰੂਰ ਕੀਤਾ, ਪਰ ਉਸ ਬਾਰੇ ਵੀ ਅਦਾਲਤੀ ਫ਼ੈਸਲੇ ਦਾ ਡਰ ਸਿਰਾਂ ’ਤੇ ਮੰਡਰਾ ਰਿਹਾ ਹੈ, ਜਿਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉੱਧਰ ਕੇਂਦਰ ਸਰਕਾਰ ’ਤੇ ਕਾਬਜ਼ ਸਿਆਸੀ ਪਾਰਟੀ ਪੰਜਾਬ ਨੂੰ ਹੀ ਇਸ ਪਾਰਟੀ ਤੋਂ ਮੁਕਤ ਨਹੀਂ ਕਰਾਉਣਾ ਚਾਹੁੰਦੀ, ਸਗੋਂ ਦੇਸ਼-ਭਰ ਵਿੱਚੋਂ ਹੀ ਇਸ ਨੂੰ ਚੱਲਦਾ ਕਰਨ ਦੀ ਇੱਛੁਕ ਹੈ, ਜਿਸ ਲਈ ਉਹ ਨਿਰੰਤਰ ਦਾਅ-ਪੇਚ ਵੀ ਖੇਡਦੀ ਹੈ ਅਤੇ ਚਾਲਾਂ ਵੀ। ਅਰੁਣਾਚਲ ਪ੍ਰਦੇਸ਼ ਵਿੱਚ ਪੂਰੀ ਸਿਆਸੀ ਪਾਰਟੀ ਦੇ ਦੂਜੀ ਪਾਰਟੀ ਵਿੱਚ ਚਲੇ ਜਾਣ ਦਾ ਅਸਰ ਵੀ ਪੂਰੇ ਦੇਸ਼ ਦੇ ਸਿਆਸੀ ਦ੍ਰਿਸ਼ ’ਤੇ ਪੈਣਾ ਲਾਜ਼ਮੀ ਹੈ, ਕਿਉਂਕਿ ਅੱਜਕੱਲ੍ਹ ਪਲ ਭਰ ਵੀ ਕੋਈ ਖ਼ਬਰ ਕਿਸੇ ਕੋਨੇ ਤੋਂ ਨਹੀਂ ਛੁਪਦੀ।

ਰਾਜ ਦੀਆਂ ਹੋਰ ਪਾਰਟੀਆਂ ਵੀ ਆਪੋ-ਆਪਣਾ ਜ਼ੋਰ-ਅਜ਼ਮਾ ਰਹੀਆਂ ਹਨ, ਪਰ ਲੋਕਾਂ ਵਿੱਚ ਉਨ੍ਹਾਂ ਨੂੰ ਬਹੁਤ ਘੱਟ ਥਾਂ ਨਸੀਬ ਹੋ ਸਕੇਗੀ। ਇਹ ਲੋਕਾਂ ਨਾਲੋਂ ਟੁੱਟੀਆਂ ਹੋਈਆਂ ਹਨ ਅਤੇ ਉਨ੍ਹਾਂ ਲਈ ਕੰਮ ਵੀ ਨਹੀਂ ਕਰ ਸਕੀਆਂ। ਉਨ੍ਹਾਂ ਦੇ ਦੁੱਖ-ਦਰਦ ਨਾਲ ਨਹੀਂ ਖੜ੍ਹੀਆਂ। ਇਹੋ ਜਿਹੀਆਂ ਪਾਰਟੀਆਂ ਨੂੰ ਵੋਟ ਮਿਲਣੀ ਆਸਾਨ ਨਹੀਂ ਹੁੰਦੀ। ਇੱਕ-ਦੋ ਨਵੀਂਆਂ ਪਾਰਟੀਆਂ ਬਣ ਰਹੀਆਂ ਹਨ, ਜਿਨ੍ਹਾਂ ਨੂੰ ਅਜੇ ਪੈਰ ਜਮਾਉਣ ਲਈ ਸਮਾਂ ਲੱਗੇਗਾ। ਇਹ ਕਿੱਥੋਂ ਕੁ ਤੱਕ ਆਪਣੀ ਥਾਂ ਬਣਾ ਸਕਣਗੀਆਂ, ਇਸ ਬਾਰੇ ਅਜੇ ਟਿੱਪਣੀ ਕਰਨੀ ਕਾਹਲੀ ਦਾ ਬੇਅਰਥ ਕੰਮ ਹੋਵੇਗਾ।

ਸੱਤਾਧਾਰੀ ਗੱਠਜੋੜ ਕੋਲ ਦਸ ਵਰ੍ਹਿਆਂ ਦੇ ਕਰੀਬ ਕੀਤੇ ਕੰਮਾਂ ਦੇ ਹਾਸਲ ਹਨ, ਜਿਨ੍ਹਾਂ ਨੂੰ ਰੋਜ਼ ਸਰਕਾਰੀ ਖ਼ਜ਼ਾਨੇ ਦੇ ਸਿਰ ’ਤੇ ਅਖ਼ਬਾਰਾਂ ਵਿੱਚ ਉਛਾਲਿਆ ਜਾ ਰਿਹਾ ਹੈ, ਜਿਨ੍ਹਾਂ ਦੇ ਆਸਰੇ ਉਹ ਲੋਕਾਂ ਤੋਂ ਹਮਾਇਤ ਲੈ ਸਕਦਾ ਹੈ, ਅਤੇ ਲਵੇਗਾ। ਸੱਤਾਧਾਰੀ ਗੱਠਜੋੜ ਦੇ ਮੁਕਾਬਲੇ ’ਤੇ ਜਦ ਪੰਜ-ਛੇ ਉਮੀਦਵਾਰ ਵਿਰੋਧੀ ਧਿਰਾਂ ਦੇ ਖੜ੍ਹਨਗੇ ਤਾਂ ਉਹ ਸੱਤਾਧਾਰੀਆਂ ਨੂੰ ਹਰਾਉਣ ਦੀ ਥਾਂ ਆਪਸ ਵਿੱਚ ਇੱਕ ਦੂਜੇ ਨੂੰ ਹਰਾਉਣ ਦਾ ਕੰਮ ਕਰਨਗੇ ਅਤੇ ਇਸ ਤਰ੍ਹਾਂ ਗੱਠਜੋੜ ਨੂੰ ਜਿਤਾਉਣਗੇ। ਇਸ ਲਈ ਸਿਆਸੀ ਹਵਾ ਬਦਲਣ ਲਈ ਜ਼ਰੂਰੀ ਹੈ ਕਿ ਪੰਜਾਬ ਵਿੱਚ ਮਹਾਂ-ਗੱਠਜੋੜ ਬਣਾਉਣ ਦੇ ਸੰਜੀਦਾ ਜਤਨ ਕੀਤੇ ਜਾਣ, ਤਾਂ ਹੀ ਬਿਹਾਰ ਵਾਂਗ ਜਿੱਤ ਵੱਲ ਵਧਿਆ ਜਾ ਸਕੇਗਾ। ਅਜਿਹੇ ਜਤਨ ਨਾ ਕਰਨ ਦੀ ਸੂਰਤ ਵਿੱਚ ਵਿਰੋਧੀ ਧਿਰਾਂ ਦੇ ਪੱਲੇ ਕੁਝ ਨਹੀਂ ਪੈਣ ਲੱਗਾ।

ਮਹਾਂ-ਗੱਠਜੋੜ ਲਈ ਮੁੱਖ ਵਿਰੋਧੀ ਪਾਰਟੀ ਨੂੰ ਹੀ ਪਹਿਲ ਕਰਨੀ ਚਾਹੀਦੀ ਹੈ, ਤਾਂ ਕਿ ਧਰਮ-ਨਿਰਪੱਖ ਅਤੇ ਪੰਜਾਬ-ਹਿਤੈਸ਼ੀ ਪਾਰਟੀਆਂ ਨੂੰ ਇੱਕ ਮੰਚ ’ਤੇ ਲਿਆਂਦਾ ਜਾ ਸਕੇ। ਪੰਜਾਬ ਅਤੇ ਇਸ ਦੇ ਲੋਕਾਂ ਨੂੰ ਨਿਜਾਤ ਦਿਵਾਉਣ ਦਾ ਦਮ ਭਰਦੇ ਹੋਣ ਵਾਲੇ ਸਾਂਝੇ ਅਤੇ ਜ਼ਰੂਰੀ ਨੁਕਤਿਆਂ ’ਤੇ ਸਹਿਮਤੀ ਬਣਾ ਕੇ ਲੋਕਾਂ ਨੂੰ ਭਰੋਸਾ ਦੁਆਇਆ ਜਾਵੇ ਕਿ ਉਨ੍ਹਾਂ ਦੇ ਮਸਲੇ ਹੱਲ ਕਰਨ ਲਈ ਅਤੇ ਪੰਜਾਬ ਨੂੰ ਮੁੜ ਵਿਕਾਸ ਦੇ ਰਾਹ ’ਤੇ ਪਾਉਣ ਲਈ ਪੂਰਾ ਤਾਣ ਲਾਇਆ ਜਾਵੇਗਾ। ਅਜਿਹੇ ਮਹਾਂ-ਗੱਠਜੋੜ ਬਿਨਾਂ ਪੰਜਾਬ ਦਾ ਨਹੀਂ ਸਰਨਾ। ਅਜਿਹਾ ਗੱਠਜੋੜ ਹੀ ਬਦਲਾਅ ਦੀ ਲੋਕ ਭਾਵਨਾ ਨੂੰ ਪੂਰਾ ਕਰਨ ਦੇ ਯੋਗ ਵੀ ਹੋ ਸਕਦਾ ਹੈ ਅਤੇ ਸਮਰੱਥ ਵੀ। ਕੇਵਲ ਬਦਲਾਅ ਦਾ ਹੀ ਮਸਲਾ ਨਹੀਂ, ਸਗੋਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀ ਮੁਕਤੀ ਦਾ ਮਸਲਾ ਹੈ, ਜਿਸ ਵੱਲ ਧਿਆਨ ਦਿੱਤੇ ਬਗ਼ੈਰ ਕਿਸੇ ਤਣ-ਪੱਤਣ ਨਹੀਂ ਲੱਗ ਹੋਣਾ। ਧਰਮ-ਨਿਰਪੱਖ ਅਤੇ ਪੰਜਾਬ ਦਾ ਭਲਾ ਸੋਚਣ ਵਾਲੇ ਨੇਤਾਵਾਂ ਨੂੰ ਪੰਜਾਬ ਦੇ ਮੂੰਹ-ਮੱਥੇ ਨੂੰ ਸੰਵਾਰਨ-ਨਿਖਾਰਨ ਲਈ ਸਿਰ ਜੋੜ ਕੇ ਸੋਚਣਾ ਪਵੇਗਾ, ਤਾਂ ਕਿ ਲੋਕ ਵਹੀਰਾਂ ਘੱਤ ਕੇ ਉਨ੍ਹਾਂ ਨੂੰ ਸਮਰਥਨ ਦੇਣ ਲਈ ਮਗਰ ਤੁਰ ਪੈਣ। ਅਜਿਹੇ ਕੁਝ ਲਈ ਦਿਨ-ਰਾਤ ਇੱਕ ਕਰਨਾ ਪਵੇਗਾ।

ਸਿਆਸੀ ਫਿਜ਼ਾ ਨੂੰ ਘੋਖਦਿਆਂ ਲੱਗਦਾ ਇਹ ਹੈ ਕਿ ਮੌਜੂਦਾ ਹਾਲਾਤ ਵਿੱਚ ਇੱਕ ਵੀ ਸਿਆਸੀ ਪਾਰਟੀ ਅਜਿਹੀ ਨਹੀਂ, ਜਿਹੜੀ ਸਰਕਾਰ ਬਣਾਉਣ ਵਾਸਤੇ ਲੋੜੀਂਦੀਆਂ ਸੀਟਾਂ ਉੱਤੇ ਜਿੱਤ ਪ੍ਰਾਪਤ ਕਰ ਸਕੇ। ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਸਰਕਾਰ ਬਣਾਉਣ ਦੇ ਬਿਆਨ ਦਾਗਦੇ ਰਹਿੰਦੇ ਹਨ, ਦਾਅਵੇ ਕਰਦੇ ਰਹਿੰਦੇ ਹਨ, ਪਰ ਇਹ ਤਾਂ ਸਪਸ਼ਟ ਹੈ ਕਿ ਪੰਜਾਬ ਵਿੱਚ ਸਰਕਾਰ ਤਾਂ ਇੱਕ ਹੀ ਬਣਨੀ ਹੈ, ਬਹੁਤੀਆਂ ਨਹੀਂ। ਸਰਕਾਰ ਬਣਾਉਣ ਲਈ ਹਰ ਪਾਰਟੀ ਜ਼ੋਰ ਲਗਾਵੇਗੀ, ਪਰ ਜੇ ਮਹਾਂ-ਗੱਠਜੋੜ ਬਣ ਜਾਵੇ ਤਾਂ ਉਮੀਦ ਬੱਝ ਸਕਦੀ ਹੈ ਕਿ ਉਹ ਸਥਿਰ ਅਤੇ ਮਜ਼ਬੂਤ ਸਰਕਾਰ ਬਣਾਉਣ ਦੇ ਸਮਰੱਥ ਹੋ ਸਕੇ।

ਪੰਜਾਬ ਕਲਾ ਪ੍ਰੀਸ਼ਦ

ਪਿਛਲੇ ਕਾਫ਼ੀ ਅਰਸੇ ਤੋਂ ਪੰਜਾਬ ਕਲਾ ਪ੍ਰੀਸ਼ਦ ਦੇ ਅਹੁਦੇਕਾਰਾਂ ਦੀ ਨਿਯੁਕਤੀ ਸਿਆਸੀ ਸ਼ਕਤੀ ਦੀ ਏਨੀ ਗ਼ੁਲਾਮ ਹੋ ਗਈ ਹੈ ਕਿ ਕੱਦਾਵਰ ਸ਼ਖਸੀਅਤਾਂ ਨੂੰ ਅਣਗੌਲਿਆ ਕਰ ਕੇ ਉਨ੍ਹਾਂ ਨੂੰ ਲਾਇਆ ਜਾ ਰਿਹਾ ਹੈ, ਜਿਨ੍ਹਾਂ ਕੋਲ ਇਸ ਅਹੁਦੇ ਨੂੰ ਸੰਭਾਲਣ ਦੀ ਨਾ ਯੋਗਤਾ ਹੈ ਅਤੇ ਨਾ ਸਮਰੱਥਾ। ਕਲਮ-ਜਗਤ ਅਤੇ ਕਲਾ ਜਗਤ ਦੇ ਨਾਮਵਰ ਲੋਕਾਂ ਨੂੰ ਛੱਡ ਕੇ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣਾ ਕੁਰਸੀਆਂ ਦੀ ਵੀ ਤੌਹੀਨ ਹੈ ਅਤੇ ਉੱਚੇ-ਸੁੱਚੇ ਅਦਾਰੇ ਦੀ ਵੀ।

ਪਹਿਲਾਂ-ਪਹਿਲ ਇਸ ਅਦਾਰੇ ਦੀ ਸੁੱਚਮਤਾ ਕਾਇਮ ਰਹੀ, ਕਿਉਂਕਿ ਇੱਥੇ ਉਹ ਸੱਜਣ ਨਿਯੁਕਤ ਕੀਤੇ ਜਾਂਦੇ ਰਹੇ, ਜਿਨ੍ਹਾਂ ਦਾ ਨਾਂ-ਥਾਂ ਵੀ ਸੀ ਅਤੇ ਚੋਖਾ ਯੋਗਦਾਨ ਵੀ। ਉਨ੍ਹਾਂ ’ਤੇ ਕਦੇ ਕਿਸੇ ਨੇ ਉਂਗਲ ਨਹੀਂ ਉਠਾਈ। ਉਨ੍ਹਾਂ ਇਸ ਅਦਾਰੇ ਨੂੰ ਮਿਆਰੀ ਅਤੇ ਸ਼ਾਨਾਂ-ਮੱਤਾ ਬਣਾਇਆ, ਪਰ ਜਦੋਂ ਤੋਂ ਪੰਜਾਬ ਸਰਕਾਰ ਪਾਰਟੀ ਕਾਰਕੁਨਾਂ ਨੂੰ ਇਸ ਵਿੱਚ ਘੁਸੇੜਨ ਲੱਗ ਪਈ, ਇਸ ਦੀ ਪਾਕੀਜ਼ਗੀ ਵੀ ਗੁਆਚ ਗਈ ਅਤੇ ਇਸ ਦੇ ਸਿਰਜੇ ਗਏ ਮਿਆਰਾਂ ਨੂੰ ਵੀ ਸੱਟ ਲੱਗੀ।

ਉਂਜ ਤਾਂ ਸਾਰੀਆਂ ਸਰਕਾਰਾਂ ਇੰਜ ਹੀ ਕਰਦੀਆਂ ਹਨ, ਪਰ ਸਾਹਿਤਕ ਅਤੇ ਕਲਾਤਮਿਕ ਖੇਤਰਾਂ ਨਾਲ ਸੰਬੰਧਤ ਅਦਾਰਿਆਂ ਦੇ ਅਹੁਦੇਦਾਰ ਇਨ੍ਹਾਂ ਖੇਤਰਾਂ ਨਾਲ ਸੰਬੰਧਤ ਉੱਚ ਹਸਤੀਆਂ ਨੂੰ ਹੀ ਲਾਇਆ ਜਾਵੇ, ਤਾਂ ਹੀ ਸੋਭਾ ਬਣੇਗੀ ਅਤੇ ਵਧੇਗੀ। ਇਸ ਤੋਂ ਪਹਿਲਾਂ ਵੀ ਇਹੋ ਹਾਲ ਸੀ ਅਤੇ ਹੁਣ ਉਸ ਤੋਂ ਵੀ ਮਾੜਾ ਹੋ ਕੇ ਰਹਿ ਗਿਆ। ਇੱਕ-ਅੱਧ ਚੰਗੀ ਨਿਯੁਕਤੀ ਵੀ ਮਾੜੀਆਂ ਵਿੱਚ ਰੁਲ਼ ਕੇ ਰਹਿ ਜਾਂਦੀ ਹੈ, ਜਿਸ ਤੋਂ ਸਰਕਾਰਾਂ ਬਚ ਕੇ ਰਹਿਣ, ਤਾਂ ਹੀ ਬਿਹਤਰ ਹੋਣ ਦਾ ਪ੍ਰਮਾਣ ਦਿੱਤਾ ਜਾ ਸਕੇਗਾ।

**

ਲਤੀਫ਼ੇ ਦਾ ਚਿਹਰਾ-ਮੋਹਰਾ

ਸ਼ਰਾਬੀ: ਡਾਕਟਰ ਸਾਹਿਬ, ਤੁਸੀਂ ਮੇਰੀ ਸ਼ਰਾਬ ਛੁਡਵਾ ਸਕਦੇ ਹੋ?

ਡਾਕਟਰ: ਹਾਂ, ਕਿਉਂ ਨਹੀਂ, ਜ਼ਰੂਰ ਛੁਡਵਾਵਾਂਗਾ।

ਸ਼ਰਾਬੀ: ਤਾਂ ਛੇਤੀ ਕਰੋ ਪੁਲਸ ਨੇ ਮੇਰੀਆਂ 20 ਬੋਤਲਾਂ ਫੜ ਲਈਆਂ ਹਨ, ਛੁਡਵਾ ਦਿਉ।

*****

(454)

ਆਪਣੇ ਵਿਚਰ ਸਾਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author