JaswantAjit7ਫਿਰ ਉਸਨੇ ਫੋਨ ਕੀਤਾ ਕਿ ਦੋ ਲੱਖ ਵੀਹ ਹਜ਼ਾਰ ਰੁਪਏ ਹੋਰ ਭੇਜਣੇ ਹੋਣਗੇ ...
(2 ਅਕਤੂਬਰ 2016)

 

ਅੱਜ ਦੇ ਯੁਗ ਵਿੱਚ ਸੋਸ਼ਲ ਮੀਡੀਆ ਇੱਕ ਅਜਿਹਾ ਮਹੱਤਵਪੂਰਣ ਸਾਧਨ ਬਣ ਗਿਆ ਹੈ, ਜਿਸ ਰਾਹੀਂ ਅਨੇਕਾਂ ਨਵੇਂ ਮਿੱਤਰ ਤਾਂ ਬਣਦੇ ਹੀ ਹਨ, ਉਨ੍ਹਾਂ ਦੇ ਨਾਲ ਕਈ ਅਜਿਹੇ ਪੁਰਾਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਮੁੜ ਸਾਂਝ ਪੈ ਜਾਂਦੀ ਹੈ, ਜਿਨ੍ਹਾਂ ਨੂੰ ਮਿਲਿਆਂ ਤਾਂ ਕੀ ਦੁਆ-ਸਲਾਮ ਹੋਇਆਂ ਵੀ ਦਹਾਕੇ ਬੀਤ ਗਏ ਹੁੰਦੇ ਹਨ ਅਤੇ ਕਈ ਤਾਂ ਯਾਦਾਂ ਦੇ ਪਰਦੇ ਤੋਂ ਵੀ ਗਾਇਬ ਹੋ ਗਏ ਹੁੰਦੇ ਹਨ। ਪ੍ਰੰਤੂ ਬੀਤੇ ਕੁਝ ਸਮੇਂ ਤੋਂ ਇਸਦੇ ਕਈ ਸਾਈਡ ਇਫੈਕਟ ਵੀ ਸਾਹਮਣੇ ਆਉਣ ਲੱਗੇ ਹਨ। ਇਸ ਸੰਬੰਧ ਵਿੱਚ ਕੀਤੇ ਗਏ ਇੱਕ ਸਰਵੇ ਵਿੱਚ ਦੱਸਿਆ ਗਿਆ ਹੈ ਕਿ ਇਸ ਸਾਲ ਜਨਵਰੀ ਤੋਂ ਜੁਲਾਈ ਤਕ ਸਮੇਂ ਵਿੱਚ ਸੋਸ਼ਲ ਮੀਡੀਆ ਦੀ ਫੇਸ-ਬੁੱਕ ਸਈਟ ’ਤੇ ਸ਼ੁਰੂ ਹੋਏ ਰੋਮਾਂਸ ਦੇ ਫਲਸਰੂਪ ਹੋਈਆਂ ਸ਼ਾਦੀਆਂ ਵਿੱਚੋਂ 80 ਤੋਂ ਵੱਧ ਜੋੜੇ ਆਪਸੀ ਝਗੜਿਆਂ ਨੂੰ ਲੈ ਕੇ ਅਦਲਤਾਂ ਵਿੱਚ ਜਾ ਪੁੱਜੇ, ਜਿਨ੍ਹਾਂ ਵਿੱਚੋਂ 50 ਪ੍ਰਤੀਸ਼ਤ ਵਿੱਚ ਤਾਂ ਇੱਕ-ਦੂਸਰੇ ਦੇ ਆਚਰਣ ਪੁਰ ਸ਼ੱਕ ਪ੍ਰਗਟ ਕੀਤਾ ਗਿਆ ਹੋਇਆ ਸੀ। 40 ਕੁ ਜੋੜੇ ਅਜਿਹੇ ਵੀ ਸਨ, ਜੋ ਆਪੋ ਵਿੱਚ ਨਿਭ ਨਾ ਪਾਣ ਦੀ ਸ਼ਿਕਾਇਤ ਲੈ ਕੇ ਆਪਸੀ ਸਹਿਮਤੀ ਨਾਲ ਇੱਕ-ਦੂਸਰੇ ਤੋਂ ਵੱਖ ਹੋਣਾ ਚਾਹੁੰਦੇ ਸਨ, ਜਦਕਿ 30 ਕੁ ਜੋੜਿਆਂ ਦੀ ਛੇ ਮਹੀਨੇ ਵੀ ਆਪੋ ਵਿੱਚ ਨਿਭ ਨਹੀਂ ਸਕੀ ਤੇ ਉਹ ਤਲਾਕ ਲੈਣ ਲਈ ਅਦਾਲਤ ਦਾ ਦਰਵਾਜ਼ਾ ਖਟਖਟਾਉਣ ਜਾ ਪੁੱਜੇ। ਇਸੇ ਤਰ੍ਹਾਂ 50 ਕੁ ਅਜਿਹੇ ਮਾਮਲੇ ਵੀ ਅਦਾਲਤਾਂ ਵਿੱਚ ਸੁਣਵਾਈ ਲਈ ਆਏ ਜਿਨ੍ਹਾਂ ਵਿੱਚ ਗੁਜ਼ਾਰਾ-ਭੱਤੇ ਦੀ ਮੰਗ ਕੀਤੀ ਗਈ ਹੋਈ ਸੀ। ਇਨ੍ਹਾਂ ਸਾਰੇ ਹਾਲਾਤ ਦਾ ਕਾਰਣ, ਸਰਵੇ-ਕਰਤਾਵਾਂ ਨੂੰ ਆਪਣੇ ਇਸ ਸਰਵੇ ਦੌਰਾਨ ਇਹ ਜਾਪਿਆ ਕਿ ਅੱਜ ਦੇ ਨੌਜਵਾਨਾਂ ਦੀ ਸੋਚ ਵਿੱਚ ਇੱਕ ਅਜੀਬ ਜਿਹੀ ਤਬਦੀਲੀ ਆ ਗਈ ਹੋਈ ਹੈ। ਸੋਸ਼ਲ ਸਾਈਟ ਪੁਰ ਜਾਣ-ਪਛਾਣ ਹੋਈ ਨਹੀਂ ਕਿ ਉਹ ਝੱਟ ਹੀ ਸ਼ਾਦੀ ਕਰਨ ਦੇ ਰਾਹ ਤੁਰ ਪੈਂਦੇ ਹਨ। ਇਸ ਤਰ੍ਹਾਂ ਕਾਹਲ ਵਿੱਚ, ਇੱਕ-ਦੂਸਰੇ ਨੂੰ ਚੰਗੀ ਤਰ੍ਹਾਂ ਸਮਝੇ ਬਿਨਾਂ ਕੀਤੀ ਗਈ ਸ਼ਾਦੀ ਬਹੁਤਾ ਸਮਾਂ ਨਹੀਂ ਚੱਲ ਪਾਉਂਦੀ। ਜਿਉਂ ਹੀ ਇੱਕ ਜਾਂ ਦੂਸਰੇ ਦੀ ਕੋਈ ਛੋਟੀ ਜਿਹੀ ਵੀ ਨਾ-ਪਸੰਦ ਗੱਲ ਜਾਂ ਗਲਤੀ ਸਾਹਮਣੇ ਆਉਂਦੀ ਹੈ, ਤਾਂ ਝੱਟ ਹੀ ਸੰਬੰਧ-ਵਿਛੇਦ ਦੀ ਮੰਗ ਨੂੰ ਲੈ ਕੇ ਗੱਲ ਅਦਾਲਤ ਤੱਕ ਪੁਜ ਜਾਂਦੀ ਹੈ।

ਅਜਿਹਾ ਸਰਵੇ ਕਰਨ ਵਾਲੇ ਤਾਂ ਇਹ ਆਖਦੇ ਹਨ ਕਿ ਫੇਸਬੁੱਕ ’ਤੇ ਅਨਜਾਣਾਂ ਨੂੰ ਉਨ੍ਹਾਂ ਦੇ ਸੁਹਣੇ ਚਿਹਰੇ ਵੇਖ, ਤੁਰੰਤ ਹੀ ਮਿੱਤਰਾਂ ਦੀ ਸੂਚੀ ਵਿੱਚ ਸ਼ਾਮਲ ਕਰ ਲੈਣਾ, ਖਤਰੇ ਤੋਂ ਖਾਲੀ ਨਹੀਂ ਹੁੰਦਾ। ਉਨ੍ਹਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਉਹ ਤੁਹਾਡੀ ਪ੍ਰੋਫਾਈਲ ਤੋਂ ਤੁਹਾਡੇ ‘ਸਟੇਟਸ’ ਦਾ ਅਨੁਮਾਨ ਲਾ, ਤੁਹਾਡੇ ਪਾਸੋਂ ਪੈਸਾ ਠੱਗਣ ਦੇ ਉਦੇਸ਼ ਨਾਲ, ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾ ਰਹੇ ਹੋਣ। ਉਹ ਇਹ ਵੀ ਦੱਸਦੇ ਹਨ ਕਿ ਬੀਤੇ ਦੋ ਮਹੀਨਿਆਂ ਵਿੱਚ ਲਗਭਗ 20 ਮਾਮਲੇ ਅਜਿਹੇ ਉਨ੍ਹਾਂ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਫਰਜ਼ੀ ਪ੍ਰੋਫਾਈਲ ਬਣਾ ਅਜਿਹੇ ਅਨਸਰਾਂ ਵਲੋਂ ਕੁੜੀਆਂ ਨਾਲ ਦੋਸਤੀ ਕੀਤੀ ਗਈ, ਜਿਨ੍ਹਾਂ ਨੇ ਉਨ੍ਹਾਂ ਕੁੜੀਆਂ ਦਾ ਵਿਸ਼ਵਾਸ ਜਿੱਤ, ਉਨ੍ਹਾਂ ਤੋਂ ਹੀ ਉਨ੍ਹਾਂ ਦੇ ਨਿੱਜੀ ਜੀਵਨ ਸੰਬੰਧੀ ਜਾਣਕਾਰੀ ਹਾਸਲ ਕੀਤੀ, ਫਿਰ ਉਨ੍ਹਾਂ ਦੀ ਉਹੀ ਨਿੱਜੀ ਜਾਣਕਾਰੀ ਜੱਗ-ਜ਼ਾਹਿਰ ਕਰਨ ਦੀ ਧਮਕੀ ਦੇ, ਉਹ ਉਨ੍ਹਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।

ਦੱਸਿਆ ਗਿਆ ਹੈ ਕਿ ਅਜਿਹੀਆਂ ਘਟਨਾਵਾਂ ਤੋਂ ਪ੍ਰੇਰਿਤ ਹੋ ਕੇ ਕੁਝ-ਇੱਕ ਨੇ ਆਪਣੇ ਹੀ ਪੱਧਰ ’ਤੇ ਬੀਤੇ ਤਿੰਨ-ਕੁ ਮਹੀਨਿਆਂ ਵਿੱਚ ਸਾਹਮਣੇ ਆਈਆਂ ਘਟਨਾਵਾਂ ਦੀ ਪੜਤਾਲ ਕੀਤੀ, ਜਿਸ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਕਿਸੇ ਨੇ ਸਰਵੇ ਦੇ ਨਾਂ ਪੁਰ, ਕਿਸੇ ਨੇ ਸੋਸ਼ਲ ਮੀਡੀਆ ’ਤੇ ਮੈਟ੍ਰੀਮੋਨੀਅਲ ਦਾ ਇਸ਼ਤਿਹਾਰ ਦੇ ਜਾਂ ਚੈਰਿਟੀ ਸ਼ੋਅ ਕਰਨ ਦਾ ਭੁਲਾਵਾ ਦੇ ਠੱਗੀ ਮਾਰ ਲਈ। ਇਸਦੇ ਨਾਲ ਹੀ ਕਈ ਮਾਮਲਿਆਂ ਵਿੱਚ ਮੁਟਿਆਰਾਂ ਨੂੰ ਪ੍ਰੇਸ਼ਾਨ ਅਤੇ ਤੰਗ ਕੀਤੇ ਜਾਣ ਦੀਆਂ ਸ਼ਿਕਾਇਤਾਂ ਵੀ ਮਿਲੀਆਂ।

ਇਸੇ ਸਮੇਂ ਦੌਰਾਨ ਉੱਤਰ-ਪਛਮੀ ਦਿੱਲੀ ਦੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜੋ ਸੌ ਤੋਂ ਵੱਧ ਔਰਤਾਂ ਨੂੰ ਬਲੈਕਮੇਲ ਕਰ ਚੁੱਕਾ ਹੋਇਆ ਸੀ। ਇਸੇ ਤਰ੍ਹਾਂ ਕੁਝ ਵਿਅਕਤੀ ਅਜਿਹੇ ਪੁਲਿਸ ਦੇ ਹੱਥੇ ਚੜ੍ਹੇ, ਜੋ ਆਨਲਾਈਨ ਨੌਕਰੀਆਂ ਦੁਆਉਣ ਦੇ ਨਾਂ ’ਤੇ ਠੱਗੀ ਕਰਦੇ ਸਨ। ਦਿੱਲੀ ਪੁਲਿਸ ਨੇ ਦੇਸੀ ਹੀ ਨਹੀਂ, ਸਗੋਂ ਕਈ ਵਿਦੇਸ਼ੀਆਂ ਨੂੰ ਵੀ ਸਾਈਬਰ ਠੱਗੀ ਦੇ ਮਾਮਲੇ ’ਤੇ ਗ੍ਰਿਫਤਾਰ ਕੀਤਾ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਦਿਨਾਂ ਵਿੱਚ ਹੀ ਇੱਕ ਨਾਈਜੀਰੀਅਨ ਨੌਜਵਾਨ ਨੂੰ ਮੈਟ੍ਰੀਮੋਨੀਅਲ ਫਰਾਡ ਕਰਦਿਆਂ ਅਤੇ ਇੱਕ ਨੂੰ ਡੇਹਰਾਦੂਨ ਦੀ ਇੱਕ ਕੁੜੀ ਪਾਸੋਂ ਡੇਢ ਲੱਖ ਰੁਪਏ ਠੱਗਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ਪਾਸੋਂ 60 ਦੇ ਲਗਭਗ ਸਿੱਮ ਕਾਰਡ ਵੀ ਮਿਲੇ ਹਨ, ਜਿਨ੍ਹਾਂ ਤੋਂ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਉਹ ਇਨ੍ਹਾਂ ਸਿਮ ਕਾਰਡਾਂ ਸਹਾਰੇ ਵੱਖ-ਵੱਖ ਨਾਵਾਂ ਨਾਲ ਠੱਗੀ ਮਾਰਦਾ ਰਿਹਾ ਹੈ।

ਇਨ੍ਹਾਂ ਦਿਨਾਂ ਵਿੱਚ ਹੀ ਮਿਲੀ ਜਾਣਕਾਰੀ ਅਨੁਸਾਰ ਤਿੰਨ-ਕੁ ਮਹੀਨੇ ਪਹਿਲਾਂ ਦਿੱਲੀ ਪੁਲਿਸ ਦੇ ਹੱਥ ਇੱਕ ਅਜਿਹਾ ਗਰੋਹ (ਟੋਲਾ) ਚੜ੍ਹਿਆ ਸੀ, ਜੋ ਫਰਜ਼ੀ ਆਈਡੀ ਬਣਾ, ਚਾਲ੍ਹੀ ਵਰ੍ਹਿਆਂ ਤੋਂ ਵਧੇਰੇ ਉਮਰ ਦੀਆਂ ਔਰਤਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ। ਪਕੜੇ ਗਏ ਗਰੋਹ ਦੇ ਬੰਦਿਆਂ ਨੇ ਦੱਸਿਆ ਕਿ ਉਹ ਮਕਾਨ ਮਾਲਿਕ ਦੇ ਪਤੇ ਦੀ ਵਰਤੋਂ ਕਰ ਕੇ ਲੋਕਾਂ ਨੂੰ ਲੁੱਟਿਆ ਕਰਦੇ ਸਨ।

ਕੁਝ ਜਾਣਕਾਰਾਂ ਅਨੁਸਾਰ ਫੇਸਬੁੱਕ ਰਾਹੀਂ, ਮੁੱਖ ਰੂਪ ਵਿੱਚ ਧੋਖਾਧੜੀ, ਘੁਟਾਲੇ, ਸਾਈਬਰ ਧਮਕੀਆਂ, ਪਿੱਛਾ ਕਰਨ, ਚੋਰੀ ਕਰਨ ਲਈ ਨਿਸ਼ਾਨਦੇਹੀ ਕਰਨ, ਮਾਨਹਾਨੀ, ਛੇੜਛਾੜ ਅਤੇ ਜਬਰ ਆਦਿ ਵਰਗੇ ਅਪਰਾਧ ਹੁੰਦੇ ਹਨ। ਇੱਕ ਪੁਲਿਸ ਅਧਿਕਾਰੀ ਅਨੁਸਾਰ ਭਾਰਤ ਵਿੱਚ ਅਜੇ ਫਰਜ਼ੀ ਫੇਸਬੁੱਕ ਆਈਡੀ ਵਰਤੋਂ ਕਰਨ ਵਾਲਿਆਂ ਬਾਰੇ ਪੂਰਾ ਪਤਾ ਲਾਏ ਜਾਣ ਦੀ ਆਧੁਨਿਕ ਤਕਨੀਕ ਵਿਕਸਤ ਨਾ ਹੋਣ ਕਾਰਣ, ਪੁਲਿਸ ਨੂੰ ਇਸ ਸੰਬੰਧ ਵਿੱਚ ਬ੍ਰਿਟੇਨ ਤੋਂ ਜਾਣਕਾਰੀ ਮੰਗਵਾਉਣੀ ਪੈਂਦੀ ਹੈ। ਅਜੇ ਤਾਂ ਪੁਲਿਸ ਤੁਰੰਤ ਕਾਰਵਾਈ ਦੇ ਨਾਂ ’ਤੇ ਕੇਵਲ ਫੇਸਬੁੱਕ ਆਈਡੀ ਹੀ ਬੰਦ ਕਰਵਾ ਪਾਉਂਦੀ ਹੈ। ਇਸ ਤੋਂ ਬਾਅਦ ਪੁਲਿਸ ਨੂੰ ਜਾਂਚ ਕਰ ਕੇ, ਜਾਣਕਾਰੀ ਜੁਟਾਉਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ।

ਫੇਸਬੁੱਕ ਦੀ ਦੋਸਤੀ:

ਇਨ੍ਹਾਂ ਹੀ ਦਿਨਾਂ ਵਿੱਚ ਨਵੀਂ ਦਿੱਲੀ ਦੇ ਮੋਤੀਬਾਗ ਇਲਾਕੇ ਵਿੱਚ ਇੱਕੀ ਵਰ੍ਹਿਆਂ ਦੀ ਇੱਕ ਮੁਟਿਆਰ ਵਲੋਂ ਫਾਂਸੀ ਲਾ ਕੇ ਆਤਮ-ਹੱਤਿਆ ਕਰ ਲੈਣ ਦੀ ਖਬਰ ਆਈ ਹੈ, ਜਿਸਦੀ ਪਛਾਣ ਪੂਜਾ ਵਜੋਂ ਹੋਈ। ਦੱਸਿਆ ਗਿਆ ਹੈ ਕਿ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ’ਤੇ ਮੋਤੀਬਾਗ ਦੇ ਸਤਿਆ ਨਿਕੇਤਨ ਵਿੱਚ ਰਹਿਣ ਵਾਲੀ ਇਸ ਕੁੜੀ (ਪੂਜਾ) ਦੀ ਸ਼ਿਵਾ ਨਾਂ ਦੇ ਮੁੰਡੇ ਦੇ ਨਾਲ ਦੋਸਤੀ ਹੋ ਗਈ। ਕੁਝ ਹੀ ਦਿਨਾਂ ਦੀ ਆਪਸੀ ਚੈਟ ਤੋਂ ਬਾਅਦ ਦੋਹਾਂ ਨੇ ਆਪੋ ਵਿੱਚ ਸ਼ਾਦੀ ਕਰਨ ਦਾ ਫੈਸਲਾ ਕਰ ਲਿਆ। ਪੁਲਿਸ ਅਨੁਸਾਰ ਪੂਜਾ ਦੀ ਮਾਂ ਡੇਜ਼ੀ ਨੇ ਉਸ (ਪੂਜਾ) ਨੂੰ ਬਹੁਤ ਸਮਝਾਇਆ, ਪਰ ਉਹ ਨਹੀਂ ਮੰਨੀ। ਆਖਿਰ ਸ਼ਿਵਾ ਦੇ ਮਾਪਿਆਂ ਨੇ ਉਸ (ਡੇਜ਼ੀ) ਨੂੰ ਦੋਹਾਂ ਦੀ ਸ਼ਾਦੀ ਲਈ ਰਾਜ਼ੀ ਕਰ ਲਿਆ। ਪੂਜਾ ਦੀ ਮਾਂ ਅਨੁਸਾਰ ਸ਼ਾਦੀ ਤੋਂ ਬਾਅਦ ਪਤਾ ਚੱਲਿਆ ਕਿ ਸ਼ਿਵਾ ਬੇਰੁਜ਼ਗਾਰ ਹੈ। ਇਹ ਪਤਾ ਲੱਗ ਜਾਣ ਦੇ ਬਾਵਜੂਦ ਪੂਜਾ ਉਸ ਨਾਲ ਰਹਿਣ ਲਈ ਗੁੜਗਾਉਂ ਚਲੀ ਗਈ। ਉਸਨੇ ਇਹ ਵੀ ਦੱਸਿਆ ਕਿ ਸ਼ਾਦੀ ਤੋਂ ਕੁਝ ਹੀ ਦਿਨਾਂ ਬਾਅਦ ਦੋਹਾਂ ਵਿੱਚ ਝਗੜਾ ਹੋਣਾ ਸ਼ੁਰੂ ਹੋ ਗਿਆ ਸੀ। ਇੱਕ ਦਿਨ ਪੂਜਾ ਦੀ ਤਬੀਅਤ ਖਰਾਬ ਹੋ ਜਾਣ ’ਤੇ ਸ਼ਿਵਾ ਉਸ ਨੂੰ, ਡੇਜ਼ੀ ਕੋਲ ਛੱਡ ਗਿਆ। ਪੂਜਾ ਦੀ ਮਾਂ, ਡੇਜ਼ੀ ਅਨੁਸਾਰ ਆਤਮ ਹੱਤਿਆ ਕਰਨ ਤੋਂ ਪਹਿਲਾਂ ਪੂਜਾ ਨੇ ਆਪਣੇ ਪਤੀ, ਸ਼ਿਵਾ ਨਾਲ ਗੱਲ ਕੀਤੀ ਸੀ।

ਅਤੇ ਅੰਤ ਵਿੱਚ:

ਖਬਰਾਂ ਅਨੁਸਾਰ ਫੇਸਬੁੱਕ ’ਤੇ ਦੋਸਤੀ ਕਰ ਕੇ ਠੱਗੀ ਕਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦੱਖਣੀ ਦਿੱਲੀ ਦੇ ਐਡੀਸ਼ਨਲ ਪੁਲਿਸ ਕਮਿਸ਼ਨਰ ਨੇ ਪੱਤ੍ਰਕਾਰਾਂ ਨੂੰ ਦੱਸਿਆ ਹੈ ਕਿ ਸੋਸ਼ਲ ਮੀਡੀਆ ਦੀ ਮੈਟਰੀਮੋਨੀਅਲ ਸਈਟ ’ਤੇ ਹੌਜ਼ਖਾਸ ਦੀ ਇੱਕ ਮੁਟਿਆਰ ਦਾ ਸ਼ਿਕਾਗੋ ਦੇ ਇੱਕ ਏਰਿਕ ਹਸਨ ਨਾਂ ਦੇ ਇੱਕ ਵਿਅਕਤੀ ਨਾਲ ਸੰਪਰਕ ਹੋਇਆ। ਦੋਹਾਂ ਵਿੱਚ ਚੈਟਿੰਗ ਹੋਣ ਲੱਗੀ। ਇਸੇ ਚੈਟਿੰਗ ਦੌਰਾਨ ਏਰਿਕ ਨੇ ਕੁੜੀ ਨੂੰ ਕਿਹਾ ਕਿ ਉਹ ਉਸਨੂੰ ਇੱਕ ਪਾਰਸਲ ਭੇਜ ਰਿਹਾ ਹੈ। ਉਸ ਵਿੱਚ ਚਾਰ ਲੱਖ ਡਾਲਰ ਦਾ ਚੈੱਕ ਤੇ ਕੁਝ ਕੀਮਤੀ ਸਾਮਾਨ ਹੈ। ਕੁਝ ਦਿਨਾਂ ਬਾਅਦ ਉਸਨੂੰ ਫੋਨ ਆਇਆ ਕਿ ਹਵਾਈ ਅੱਡੇ ਪੁਰ ਪਾਰਸਲ ਲਈ ਉਸਨੂੰ ਸੱਠ ਹਜ਼ਾਰ ਰੁਪਏ ਕਸਟਮ ਡਿਊਟੀ ਦੇਣੀ ਹੋਵੇਗੀ। ਕੁੜੀ ਨੇ ਆਨਲਾਈਨ ਉਸ ਨੂੰ ਇਹ ਪੈਸਾ ਭੇਜ ਦਿੱਤਾ। ਫਿਰ ਉਸਨੇ ਫੋਨ ਕੀਤਾ ਕਿ ਦੋ ਲੱਖ ਵੀਹ ਹਜ਼ਾਰ ਰੁਪਏ ਹੋਰ ਭੇਜਣੇ ਹੋਣਗੇ। ਕੁੜੀ ਨੇ ਉਹ ਵੀ ਉਸ ਨੂੰ ਭੇਜ ਦਿੱਤੇ। ਜਦੋਂ ਉਸ ਪਾਸੋਂ ਫਿਰ ਹੋਰ ਪੈਸੇ ਮੰਗੇ ਗਏ ਤਾਂ ਕੁੜੀ ਨੂੰ ਕੁਝ ਸ਼ੱਕ ਪਿਆ ਤੇ ਉਸਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਇਸ ਤਰ੍ਹਾਂ ਮੈਟਰੀਮੋਨੀਅਲ ਸਾਈਟ ’ਤੇ ਦੋਸਤੀ ਕਰ ਕੇ ਉਸ ਕੁੜੀ ਪਾਸੋਂ ਦੋ ਲੱਖ ਅੱਸੀ ਹਜ਼ਾਰ ਰੁਪਏ ਠੱਗ ਲਏ ਗਏ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਜਾਂਚ-ਪੜਤਾਲ ਕਰ ਨਹਿਰੂ ਪਲੇਸ ਤੋਂ ਦੋ ਨੌਜਵਾਨਾਂ, ਪ੍ਰੇਮਨਾਥ ਸ਼ਰਮਾ ਅਤੇ ਸਾਬਿਰ ਨੂੰ ਗ੍ਰਿਫਤਾਰ ਕਰ ਲਿਆ।

*****

(450)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author