DeepakManmohanS7

ਸੋ ਲੋੜ ਹੈ ਕਿ ਇਸ ਲਿਫਾਫੇਬਾਜ਼ੀਦੰਭੀਪੁਣੇ ਅਤੇ ਅਨੈਤਿਕਤਾ ਦੀ ਦੁਨੀਆਂ ਵਿੱਚੋਂ ਬਾਹਰ ਆਈਏ ਅਤੇ ...
(21 ਸਤੰਬਰ 2016)


ਗੱਲ ਬਹੁਤ ਸਾਲ ਪਹਿਲਾਂ ਦਿੱਲੀ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਤੋਂ ਸ਼ੁਰੂ ਕਰਦੇ ਹਾਂ। ਮੇਰੇ ਸੰਗੀਆਂ-ਸਾਥੀਆਂ ਵਿੱਚੋਂ ਬਹੁਤਿਆਂ ਨੇ ਤਾਂ ਸ਼ਾਇਦ ਪਹਿਲਾਂ ਸੁਣੀ ਹੀ ਹੋਵੇਗੀ। ਇਸ ਕਾਨਫਰੰਸ ਵਿਚ ਹੋਰਨਾਂ ਮੁਲਕਾਂ ਤੋਂ ਇਲਾਵਾ ਲਹਿੰਦੇ ਪੰਜਾਬ ਤੋਂ ਬਹੁਤ ਸਾਰੇ ਪੰਜਾਬੀ ਅਦੀਬ ਸ਼ਿਰਕਤ ਕਰਨ ਲਈ ਪੁੱਜੇ ਹੋਏ ਸਨ। ਕਾਨਫਰੰਸ ਦੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਹੁੰਦਿਆਂ ਹੀ ਸਾਡੇ ਇੱਧਰਲੇ ਇਕ ਵੱਡੇ ਵਿਦਵਾਨ ਨੇ ਆਪਣਾ ਪਰਚਾ ਆਪਣੀ ਪੰਜਾਬੀ ਵਿਚ ਪੜ੍ਹਨਾ ਸ਼ੁਰੂ ਕਰ ਦਿੱਤਾ। ਪਰਚੇ ਵਿਚਲੀ ਸ਼ਬਦਾਵਲੀ ਐਨੀ ਬੋਝਲ ਸੀ ਕਿ ਇਹ ਗੱਲ ਸਭ ਦੇ ਸਿਰਾਂ ਉੱਪਰੋਂ ਲੰਘ ਰਹੀ ਸੀ ਕਿ ਉਹ ਵਿਦਵਾਨ ਆਖਰ ਚਾਹੁੰਦਾ ਕੀ ਹੈ
? ਪਰਚੇ ਦੀ ਸ਼ੁਰੂਆਤ ਸਮੇਂ ਤਾਂ ਬਹੁਤੇ ਸਰੋਤਿਆਂ ਨੇ ਉਸ ਨੂੰ ਸਮਝਣ ਲਈ ਜ਼ੋਰ ਲਾਇਆ ਪਰੰਤੂ ਫਿਰ ਬਹੁਤੇ ਜਣੇ ਆਪੋ ਆਪਣੀ ਜਗ੍ਹਾ ਹਾਰ ਮੰਨ ਗਏ। ਸ਼ਾਇਦ ਇਨ੍ਹਾਂ ਸਭ ਨੇ ਸੋਚ ਲਿਆ ਕਿ ਗੱਲ ਤਾਂ ਕੋਈ ਵਜ਼ਨਦਾਰ ਹੀ ਹੋਵੇਗੀ ਪਰ ਸੁਣਨ ਵਾਲਿਆਂ ਦੀ ਸਮਝ ਦੀ ਸੀਮਾ ਕਾਰਨ ਉਨ੍ਹਾਂ ਦੀ ਪਕੜ ਵਿਚ ਨਹੀਂ ਆ ਪਾ ਰਹੀ। ਗਜ਼ ਗਜ਼ ਦੇ ਵਾਕਾਂ ਅਤੇ ਮਣ ਮਣ ਦੇ ਸ਼ਬਦਾਂ ਦੀ ਗੋਲਾਬਾਰੀ ਕਰਦਾ ਇਹ ਵਿਦਵਾਨ ਆਪਣੇ ਮੋਰਚੇ ’ਤੇ ਐਨ ਡਟਿਆ ਹੋਇਆ ਸੀ। ਮਨ ਹੀ ਮਨ ਸ਼ਾਇਦ ਉਹ ਸੋਚ ਰਿਹਾ ਸੀ ਕਿ ਆਖਰ ਨੂੰ ਉਸ ਨੇ ਸਭ ’ਤੇ ਪ੍ਰਭਾਵ ਪਾ ਹੀ ਲਿਆ ਹੈ। ਤਸੱਲੀ ਭਰੇ ਭਾਵਾਂ ਨਾਲ ਉਸ ਨੇ ਅੰਤ ਨੂੰ ਆਪਣਾ ਪਰਚਾ ਖਤਮ ਕਰ ਦਿੱਤਾ ਅਤੇ ਸਵਾਲਾਂ ਦੇ ਉੱਤਰ ਦੇਣ ਲਈ ਡੈਸਕ ਉੱਪਰ ਖੜ੍ਹਾ ਹੋ ਗਿਆ। ਸ਼ਾਇਦ ਉਹ ਸਵਾਲਾਂ ਦੇ ਲਿਬਾਸ ਵਿਚ ਤਾਰੀਫੀ ਟਿੱਪਣੀਆਂ ਦੀ ਆਮਦ ਨੂੰ ਕਿਆਸ ਰਿਹਾ ਸੀ। ਐਨੇ ਨੂੰ ਲਹਿੰਦੇ ਪੰਜਾਬ ਤੋਂ ਆਇਆ ਇਕ ਲੇਖਕ ਉੱਠਿਆ ਅਤੇ ਬੜੇ ਹੀ ਸੁਭਾਵਿਕ ਜਿਹੇ ਲਹਿਜੇ ਵਿਚ ਨਿਮਰਤਾ ਸਹਿਤ ਕਹਿਣ ਲੱਗਾ:

“ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ਜੇ ਇਸ ਪਰਚੇ ਦਾ ਪੰਜਾਬੀ ਵਿਚ ਅਨੁਵਾਦ ਕਰ ਕੇ ਸਾਨੂੰ ਦੇ ਦੇਵੋਂ।”

ਬੋਝਲਤਾ ਅਤੇ ਨੀਰਸਤਾ ਨਾਲ ਸੁਸਤਾ ਰਹੇ ਪੰਡਾਲ ਵਿਚ ਇਕਦਮ ਹਾਸਾ ਮੱਚ ਗਿਆ। ਅਸਲ ਵਿਚ ਉਸ ਨੇ ਕਿਹਾ ਹੀ ਐਨੇ ਭੋਲ਼ੇ ਭਾਅ ਸੀ ਕਿ ਹਾਸੇ ਵਾਲਾ ਪ੍ਰਸੰਗ ਬਣ ਗਿਆ। ਡੈਸਕ ਤੇ ਖੜ੍ਹੇ ਵਿਦਵਾਨ ਦੇ ਮੂੰਹ ਦਾ ਰੰਗ ਬਦਲ ਗਿਆ ਸੀ। ਸ਼ਾਇਦ ਉਹ ਇਸ ਭੋਲੇਪਣ ਜਾਂ ਸੁਭਾਵਿਕਤਾ ਵਿਚ ਆਖੀ ਗੱਲ ਪਿੱਛੇ ਛੁਪੇ ਵਿਅੰਗ ਨੂੰ ਭਾਂਪ ਗਿਆ ਸੀ। ਇਸ ਸਹਿਜ ਪ੍ਰਸ਼ਨ ਵਿਚ ਵਾਕਿਆ ਹੀ ਵੱਡਾ ਵਿਅੰਗ ਛੁਪਿਆ ਪਿਆ ਹੈ। ਸਾਡੇ ਅਕਾਦਮਿਕ ਜਗਤ ਵਿਚ ਔਖੇ ਸ਼ਬਦ ਵਰਤ ਕੇ ਪ੍ਰਭਾਵਿਤ ਕਰਨ ਦੀ ਹੋੜ ਸਿਰਫ ਉਸ ਡੈਸਕ ’ਤੇ ਖੜ੍ਹੇ ਵਿਦਵਾਨ ਵਿਚ ਹੀ ਨਹੀਂ, ਬਲਕਿ ਸਾਡੇ ਹੋਰ ਵੀ ਅਨੇਕਾਂ ਵਿਦਵਾਨਾਂ ਵਿਚ ਲੱਗੀ ਹੋਈ ਹੈ। ਅਸੀਂ ਸਮਝਦੇ ਹਾਂ ਕਿ ਗੱਲ ਨੂੰ ਜਿੰਨੇ ਹੀ ਔਖੇ ਸ਼ਬਦਾਂ ਅਤੇ ਗੁੰਝਲਦਾਰ ਵਿਚ ਵਾਕਾਂ ਆਖਿਆ ਜਾਵੇਗਾ, ਇਹ ਓਨੀ ਹੀ ਪ੍ਰਭਾਵਸ਼ਾਲੀ ਹੋਵੇਗੀ। ਇਸ ਤਰ੍ਹਾਂ ਕਰਨ ਨਾਲ ਸਾਹਮਣੇ ਵਾਲਾ ਆਪਣੀ ਸਮਝ ਦੀ ਸੀਮਾ ਨੂੰ ਕੋਸਦਿਆਂ ਉਸ ਦੇ ‘ਵੱਡੇ’ਵਿਦਵਾਨ ਹੋਣ ਦੇ ਭਰਮ ਦਾ ਸ਼ਿਕਾਰ ਹੋ ਜਾਵੇਗਾ। ਸਾਡੇ ਅਕਾਦਮਿਕ ਜਗਤ ਦਾ ਇਹ ਵਰਤਾਰਾ ਬਹੁਤ ਹੀ ਹਾਸੋਹੀਣਾ ਅਤੇ ਸ਼ਰਮਨਾਕ ਹੈ। ਅਜਿਹਾ ਕਰ ਕੇ ਅਸੀਂ ਆਪਣੀ ਕੌਮ ਦੇ ਸਿੱਧੇ ਸਾਦੇ ਪਾਠਕਾਂ ਅਤੇ ਸਰੋਤਿਆਂ ਦੇ ਮਨਾਂ ਵਿਚ ਤਾਂ ਭਰਮ ਸਿਰਜ ਲਵਾਂਗੇ ਪਰ ਸਾਡੀ ਗਿਣਤੀ ਕਦੇ ਵੀ ਸੰਸਾਰ ਪੱਧਰ ਦੇ ਉੱਚ ਕੋਟੀ ਦੇ ਵਿਦਵਾਨਾਂ ਵਿਚ ਨਹੀਂ ਹੋ ਸਕੇਗੀ। ਹਾਂ, ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੁੱਝ ਸੰਕਲਪ ਹੀ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਵਾਹ ਵਾਸਤਾ ਅਵਾਮ ਨਾਲ ਨਾ ਹੋਣ ਕਾਰਨ ਉਨ੍ਹਾਂ ਨਾਲ ਸੰਬੰਧਤ ਸ਼ਬਦ ਵੀ ਅਵਾਮ ਵਿਚ ਪ੍ਰਚੱਲਿਤ ਨਹੀਂ ਹੁੰਦੇ। ਅਜਿਹੀ ਸਥਿਤੀ ਵਿਚ ਕਈ ਵਾਰ ਇਨ੍ਹਾਂ ਸੰਕਲਪਾਂ ਨੂੰ ਸਪਸ਼ਟ ਕਰਨ ਲਈ ਕੁੱਝ ਨਵੇਂ ਸ਼ਬਦਾਂ ਨੂੰ ਵਰਤਣ ਦੀ ਮਜਬੂਰੀ ਬਣ ਜਾਂਦੀ ਹੈ। ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਸਿਰਫ ਰੋਹਬ ਪਾਉਣ ਲਈ ਅਜੀਬ ਜਿਹੀ ਸ਼ਬਦਾਵਲੀ ਵਰਤਣ ਦੇ ਹੀ ਆਦੀ ਹੋ ਜਾਵੋ।

ਪੰਜਾਬੀ ਯੂਨੀਵਰਸਿਟੀ ਦੇ ਮੌਜੂਦਾ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨਾਲ ਵਾਪਰੀ ਘਟਨਾ ਦਾ ਜ਼ਿਕਰ ਕਰਨਾ ਵੀ ਪ੍ਰਸੰਗਿਕ ਹੋਵੇਗਾ। ਡਾ. ਜਸਪਾਲ ਸਿੰਘ ਹੋਰੀਂ ਦੱਸਦੇ ਹੁੰਦੇ ਹਨ ਕਿ ਇਕ ਵਾਰ ‘ਵੱਡਾ’ਵਿਦਵਾਨ ਉਨ੍ਹਾਂ ਨੂੰ ਆਪਣਾ ਇਕ ਆਲੋਚਨਾਤਮਕ ਪੇਪਰ ਪੜ੍ਹਨ ਲਈ ਦੇ ਕੇ ਗਿਆ। ਕੁੱਝ ਦਿਨਾਂ ਬਾਅਦ ਦੁਬਾਰਾ ਮਿਲਣ ’ਤੇ ਪਰਚੇ ਬਾਰੇ ਪੁੱਛਣ ਲੱਗਾ ਕਿ ਸਾਰਾ ਪੇਪਰ ਸਮਝ ਆ ਗਿਆ ਸੀ? ਡਾ. ਜਸਪਾਲ ਸਿੰਘ ਦੇ ‘ਹਾਂ’ਕਹਿਣ ਤੇ ਉਸ ਨੂੰ ਚਿੰਤਾ ਹੋਣ ਲੱਗੀ ਤੇ ਉਹ ਕਹਿਣ ਲੱਗਾ, “ਅੱਛਾ ਜੀ! ਸਾਰਾ ਈ ਸਮਝ ਆ ਗਿਆ? ਫੇਰ ਤਾਂ ਸ਼ਬਦਾਵਲੀ ਬਦਲਣੀ ਪਊ!”

ਇੱਥੇ ਇੱਕ ਗੱਲ ਹੋਰ ਯਾਦ ਆ ਰਹੀ ਹੈ ਜੋ ਇੱਕ ਹੋਰ ਵੱਡੇ ਵਿਦਵਾਨ ਨੇ ਇਕ ਵਾਰ ਸੁਣਾਈ ਸੀ। ਉਸ ਨੂੰ ਕਿਸੇ ਨੇ ਪੁੱਛਿਆ ਕਿ ਜਦ ਕੋਈ ਲੇਖਕ ਉਸ ਕੋਲੋਂ ਆਪਣੀ ਕਿਸੇ ਸਾਹਿਤਿਕ ਕਿਰਤ ਲਈ ਰਾਏ ਮੰਗਦਾ ਹੈ ਤਾਂ ਉਹ ਕੀ ਆਖਦਾ ਹੈ। ਉਸ ਵਿਦਵਾਨ ਨੇ ਦੱਸਿਆ ਕਿ ਜੇ ਤਾਂ ਰਚਨਾ ਵਾਕਿਆ ਹੀ ਸਲਾਹੁਣਯੋਗ ਹੋਵੇ ਤਾਂ ਉਸ ਲੇਖਕ ਦੀ ਸੌਖੇ ਸੌਖੇ ਸ਼ਬਦਾਂ ਵਿਚ ਸਿੱਧੀ ਤਾਰੀਫ ਕਰ ਦਿੰਦਾ ਹੈ ਕਿ ਭਾਈ ਤੇਰੀ ਰਚਨਾ ਬਹੁਤ ਹੀ ਵਧੀਆ ਹੈ। ਕਈ ਵਾਰ ਜਦ ਕਿਸੇ ਦੀ ਕੋਈ ਰਚਨਾ ਪਸੰਦ ਵੀ ਨਾ ਆਵੇ ਤੇ ਉਸ ਨੂੰ ਇਹ ਵੀ ਨਾ ਆਖਿਆ ਜਾ ਸਕੇ ਕਿ ਇਸ ਵਿਚ ਤਾਂ ਕੁੱਝ ਵੀ ਨਹੀਂ ਤਾਂ ਉਹ ਕੋਈ ਐਸੀ ਹੀ ਅਜੀਬ ਜਿਹੀ ਸ਼ਬਦਾਵਲੀ ਵਾਲਾ ਕੋਈ ਗੁੰਝਲਦਾਰ ਜਿਹਾ ਵਾਕ ਉਸ ਲੇਖਕ ਨੂੰ ਲਿਖ ਭੇਜਦਾ ਹੈ। ਮਸਲਨ:

“ਤੇਰੀ ਰਚਨਾ ਵਿਚਲੀ ਅਭਿਵਿਅਕਤੀ ਅਤੇ ਅਨੁਭੂਤੀ ਦੀ ਸਾਰਥਿਕਤਾ ਜੁਜ਼ ਅਤੇ ਜਾਵੀਏ ਦੇ ਸਰਲੀਕਰਨ ਵਿਚ ਰੂਪਮਾਨ ਹੁੰਦੀ ਪ੍ਰਤੀਤ ਹੁੰਦੀ ਹੈ ਪਰ ਸੰਕਲਪਮਈ ਸੰਦਰਭ ਇਸ ਦੇ ਰਚਨਾਵੀ ਯਥਾਰਥ ਨੂੰ ਉਘਾੜਨ ਵਿਚ ਅਸਾਵਾਂ ਜਾਪਦਾ ਹੈ। ਰਚਨਾ ਲਈ ਬਹੁਤ ਮੁਬਾਰਕ!”

ਅਜਿਹੀਆਂ ਅਸਪਸ਼ਟ ਟਿੱਪਣੀਆਂ ਵਿਚ ਆਪਣੀ ਤਾਰੀਫ ਛੁਪੇ ਹੋਣ ਦਾ ਭਰਮ ਪਾਲਦਾ ਉਹ ਵਿਚਾਰਾ ਲੇਖਕ ਫਿਰ ਧੜਾਧੜ ਕਾਗਜ਼ ਕਾਲੇ ਕਰਨ ਲਈ ਦਮਗਜ਼ੇ ਮਾਰਨ ਲੱਗ ਜਾਂਦਾ ਹੈ। ਫਿਰ ਦਿਨਾਂ ਵਿਚ ਹੀ ਉਸਦੀਆਂ ਕਿਤਾਬਾਂ ਦੀ ਗਿਣਤੀ ਦਰਜਨ ਤੋਂ ਅਗਾਂਹ ਲੰਘ ਜਾਂਦੀ ਹੈ। ਫਿਰ ਉਹ ਲੇਖਕ ਸਭਾਵਾਂ ਦਾ ਮੈਂਬਰ ਬਣ ਕੇ ਪ੍ਰਧਾਨਗੀਆਂ ’ਤੇ ਅੱਖ ਟਿਕਾ ਲੈਂਦਾ ਹੈ। ਆਪਣੀਆਂ ਇਨ੍ਹਾਂ ‘ਜੁਜ਼ ਅਤੇ ਜਾਵੀਏ ਦੇ ਸਰਲੀਕਰਨ’ਵਾਲੀਆਂ ‘ਮਹਾਨ’ਰਚਨਾਵਾਂ ਨੂੰ ਥਾਂ ਥਾਂ ਮੁਫਤ ਵੰਡਦਾ ਫਿਰਦਾ ਹੈ। ਜਲਦੀ ਜਲਦੀ ਖਤਮ ਕਰ ਕੇ ਅਗਲਾ ਐਡੀਸ਼ਨ ਕੱਢ ਕੇ ਸਿੱਧ ਕਰਦਾ ਹੈ ਕਿ ਉਸਦੀਆਂ ਕਿਤਾਬਾਂ ਦੀ ਮਾਰਕੀਟ ਵਿਚ ਭਾਰੀ ਮੰਗ ਹੈ। ਜਿਸ ਜਿਸ ਘਰ ਜਾਂ ਲਾਇਬਰੇਰੀ ਵਿਚ ਉਸਦੀਆਂ ਮਹਾਨ ਪੁਸਤਕਾਂ ਚਰਨ ਪਾ ਲੈਂਦੀਆਂ ਹਨ, ਉੱਥੇ ਜਦ ਵੀ ਕੋਈ ਨਵਾਂ ਪਾਠਕ ਉਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪੱਕੇ ਤੌਰ ’ਤੇ ਸਾਹਿਤ ਨੂੰ ਨਫਰਤ ਕਰਨ ਲੱਗ ਜਾਂਦਾ ਹੈ। ਉਸ ਵਿਚਾਰੇ ਪਾਠਕ ਦਾ ਸਮੁੱਚੇ ਸਾਹਿਤ ਪ੍ਰਤੀ ਹੀ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ। ਉਸ ਦੀ ਸਾਹਿਤ ਪ੍ਰਤੀ ਪੱਕੀ ਧਾਰਨਾ ਬਣ ਜਾਂਦੀ ਹੈ ਕਿ ਪੂਰਾ ਸਾਹਿਤ ਹੀ ਅਜਿਹਾ ਹੋਵੇਗਾ। ਆਪਣੇ ਇਸ ਅਨੁਭਵ ਨੂੰ ਉਹ ਦਸ ਹੋਰ ਆਪਣੇ ਵਰਗਿਆਂ ਨੂੰ ਦੱਸਦਾ ਹੈ। ਫਿਰ ਇਹੀ ਭਾਰੇ ਭਾਰੇ ਸ਼ਬਦਾਂ ਵਾਲੇ ਵਿਦਵਾਨ ਭਾਰੇ ਭਾਰੇ ਸ਼ਬਦਾਂ ਵਿਚ ਹੀ ਇਹ ਸ਼ਿਕਵਾ ਕਰਦਿਆਂ ਭੋਰਾ ਸ਼ਰਮ ਨਹੀਂ ਕਰਦੇ ਕਿ ਸਾਡੇ ਕੋਲ ਪਾਠਕਾਂ ਦੀ ਘਾਟ ਹੈ। ਸਾਹਿਤ ਵੱਲ ਲੋਕਾਂ ਦੀ ਰੁਚੀ ਖਤਮ ਹੋ ਰਹੀ ਹੈ। ਵਗੈਰਾ ਵਗੈਰਾ।

ਹੁਣ ਤੁਸੀਂ ਆਪ ਹੀ ਸੋਚੋ ਕਿ ਕਿੱਥੇ ਗੱਜਿਆ ਤੇ ਕਿੱਥੇ ਵਰ੍ਹਿਆ! ਨਿੱਜੀ ਫਾਇਦਿਆਂ ਅਤੇ ਪ੍ਰਭਾਵਾਂ ਦੇ ਚਲਦਿਆਂ ਕੀਤੀਆਂ ਜਾਂਦੀਆਂ ਅਜਿਹੀਆਂ ਆਪਹੁਦਰੀਆਂ ਪੂਰੀ ਕੌਮ ਦਾ ਬੇੜਾ ਗਰਕ ਕਰਨ ਵਿਚ ਆਪਣੀ ਬਣਦੀ ਭੂਮਿਕਾ ਨਿਭਾਉਣ ਦਾ ਕਾਰਜ ਬੜੇ ਹੀ ਸਹਿਜ ਢੰਗ ਨਾਲ ਕਰ ਰਹੀਆਂ ਹਨ। ਸੋ ਲੋੜ ਹੈ ਕਿ ਇਸ ਲਿਫਾਫੇਬਾਜ਼ੀ, ਦੰਭੀਪੁਣੇ ਅਤੇ ਅਨੈਤਿਕਤਾ ਦੀ ਦੁਨੀਆਂ ਵਿੱਚੋਂ ਬਾਹਰ ਆਈਏ ਅਤੇ ਆਪਣੀ ਮਾਂ ਬੋਲੀ ਦਾ ਕਰਜ਼ ਚੁਕਾਉਣ ਲਈ ਆਪਣਾ ਹਰ ਸਾਹ ਇਸ ਉੱਪਰੋਂ ਕੁਰਬਾਨ ਕਰ ਦੇਈਏ।

ਇਸ ਸ਼ਰਾਰਤੀ ਦੌਰ ਦੀ ਚੂਹੇ ਦੌੜ ਵਿਚ ਇਕ ਦੂਸਰੇ ਨੂੰ ਠਿੱਬੀ ਲਾਉਂਦਿਆਂ ਕਿਤੇ ਪੂਰੀ ਕੌਮ ਨੂੰ ਹੀ ਠਿੱਬੀ ਨਾ ਲਾ ਬੈਠੀਏ!

ਅਜੇ ਵੀ ਮੌਕਾ ਹੈ ... ਸੰਭਲ ਜਾਉ!

*****

(435)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)


About the Author

ਡਾ. ਦੀਪਕ ਮਨਮੋਹਨ ਸਿੰਘ

ਡਾ. ਦੀਪਕ ਮਨਮੋਹਨ ਸਿੰਘ

Senior Fellow, Punjabi University Patiala, Punjab, India.
Phone: (91 - 98762 - 00380)
Email: (seniorfellowofpunjabiuni@gmail.com)