ShamSingh7ਹੁਣ ਇੱਕੀਵੀਂ ਸਦੀ ਦੇ ਚਕਾਚੌਂਧ ਚਾਨਣ ਵਿੱਚ ਵੀ ... ਮੂਰਖਾਂ ਦੀ ਹੀ ਤਾਜਪੋਸ਼ੀ ਹੁੰਦੀ ਦੇਖਦੇ ਰਹਾਂਗੇ ...
(16 ਸਤੰਬਰ 2016)


ਦੁਨੀਆ ਭਰ ਵਿੱਚ ਇਹ ਬੜਾ ਵੱਡਾ ਦੁਖਾਂਤ ਹੈ ਕਿ ਦੇਸਾਂ ਲਈ ਕੁਰਬਾਨੀਆਂ ਕਰਨ ਵਾਲੇ ਹੋਰ ਹਨ ਅਤੇ ਰਾਜ ਕਰਨ ਵਾਲੇ ਹੋਰ। ਵੱਖ-ਵੱਖ ਮੁਲਕਾਂ ਵਿੱਚ ਰਾਜ-ਪ੍ਰਬੰਧ ਕਰਨ ਦੇ ਵੱਖ-ਵੱਖ ਵਰਤਾਰੇ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਣਾਲੀਆਂ। ਜਿੱਥੇ ਦੇ ਹਾਕਮਾਂ ਨੂੰ ਜਿਸ ਪ੍ਰਕਾਰ ਠੀਕ ਲੱਗਦਾ ਰਿਹਾ
, ਉਹ ਉਸੇ ਤਰ੍ਹਾਂ ਕਰਦੇ ਰਹੇ। ਪਹਿਲਾਂ-ਪਹਿਲ ਹਰ ਮੁਲਕ ਵਿੱਚ ਹਾਕਮਾਂ ਦੀ ਹੀ ਤੂਤੀ ਬੋਲਦੀ ਸੀ, ਆਮ ਲੋਕਾਂ ਨੂੰ ਕੋਈ ਨਹੀਂ ਸੀ ਪੁੱਛਦਾ। ਫ਼ਿਰਕਿਆਂ, ਜਾਤਾਂ-ਪਾਤਾਂ ਦੇ ਆਧਾਰ ’ਤੇ ਕਈ ਥਾਂ ਲੋਕਾਂ ਨੂੰ ਅਧਿਕਾਰ ਹੀ ਨਹੀਂ ਸਨ, ਜਿਸ ਵਿਰੁੱਧ ਆਵਾਜ਼ ਉਠਾਉਣ ਤੋਂ ਸਿਵਾ ਉਹ ਕੁਝ ਨਹੀਂ ਸੀ ਕਰ ਸਕਦੇ। ਸਮੇਂ-ਸਮੇਂ ਆਵਾਜ਼ ਤਾਂ ਉੱਠਦੀ ਰਹੀ, ਪਰ ਉਸ ਨੂੰ ਕੋਈ ਹਾਕਮ ਨਾ ਸੁਣਦਾ। ਬੋਲੇ ਬਣੇ ਹਾਕਮਾਂ ਦੇ ਕੰਨਾਂ ਵਿੱਚ ਦੁੱਖ-ਦਰਦ ਦੀ ਆਵਾਜ਼ ਪਹੁੰਚਾਉਣ ਲਈ ਕਈ ਤਰੀਕਿਆਂ ਨਾਲ ਸਮਝਾਇਆ ਗਿਆ, ਪਰ ਉਹ ਸੱਭਿਅਕ ਤਰੀਕਿਆਂ ਨੂੰ ਸਮਝਣ ਲਈ ਤਿਆਰ ਹੀ ਨਾ ਹੋਏ। ਹਾਕਮਾਂ ਦੀ ਮੂਰਖਤਾ, ਮਾਨਵ ਦੀ ਬਦਕਿਸਮਤੀ!

ਲੋਕਾਂ ਨੂੰ ਇਕੱਠੇ ਹੋ ਕੇ ਏਕਾ ਕਰਨ ਦੀ ਸਮਝ ਪਈ, ਸੰਘਰਸ਼ ਕਰਨ ਦਾ ਤਰੀਕਾ ਲੱਭਿਆ, ਲੜਾਈ ਦਾ ਮੈਦਾਨ ਭਖ਼ ਪਿਆ ਤਾਂ ਬੋਲੇ ਹਾਕਮਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਲੋਕ ਆਪਣੇ ਏਕੇ ਅਤੇ ਜੱਦੋ-ਜਹਿਦ ਨਾਲ ਭਾਰੂ ਹੋ ਗਏ, ਜਿਸ ਕਾਰਨ ਹਾਕਮਾਂ ਨੂੰ ਆਪਣੇ ਢੰਗ-ਤਰੀਕੇ ਬਦਲਣ ਲਈ ਮਜਬੂਰ ਹੋਣਾ ਪਿਆ।

ਬਾਦਸ਼ਾਹੀਆਂ ਅਤੇ ਤਾਨਾਸ਼ਾਹੀਆਂ ਦੇ ਜੂਲੇ ਬਹੁਤ ਥਾਂਈਂ ਲੋਕਾਂ ਨੇ ਵਗਾਹ ਮਾਰੇ, ਕਿਉਂਕਿ ਉਹਨਾਂ ਵਿੱਚ ਮਨਮਰਜ਼ੀਆਂ ਤੋਂ ਉੱਪਰ ਹੀ ਨਹੀਂ ਸੀ ਉੱਠਿਆ ਜਾਂਦਾ। ਸੋਚ-ਸਮਝ ਕੇ ਲੋਕਾਂ ਨੇ ਲੋਕਤੰਤਰ ਦੇ ਨਾਂਅ ਹੇਠ ਰਾਜ ਕਾਇਮ ਕਰ ਲਏ, ਜਿਸ ਵਿੱਚ ਲੋਕਾਂ ਦੀ ਭਰਵੀਂ ਸ਼ਮੂਲੀਅਤ ਹੋਣ ਕਰ ਕੇ ਲੋਕਾਂ ਦੇ ਭਲੇ ਬਾਰੇ ਗੰਭੀਰਤਾ ਨਾਲ ਸੋਚਿਆ ਜਾਣ ਲੱਗ ਪਿਆ। ਉਮੀਦ ਕੀਤੀ ਜਾਣ ਲੱਗ ਪਈ ਕਿ ਹੁਣ ਜ਼ਿਆਦਤੀਆਂ ਅਤੇ ਹੇਰਾ-ਫੇਰੀਆਂ ਦਾ ਦੌਰ ਨਹੀਂ ਹੋਵੇਗਾ ਅਤੇ ਜਨਤਾ ਨੂੰ ਧੱਕੇਸ਼ਾਹੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਉਮੀਦ ਅਮਲ ਵਿੱਚ ਪੂਰੀ ਨਾ ਉੱਤਰ ਸਕੀ, ਕਿਉਂਕਿ ਲੋਕਤੰਤਰ ’ਤੇ ਜਿਹੜੇ ਸਵਾਰ ਹੋ ਕੇ ਭਾਰੂ ਹੋ ਗਏ, ਉਹ ਰਾਜਿਆਂ ਨਾਲੋਂ ਵੀ ਬਦਤਰ ਹੋ ਗਏ, ਕਿਉਂਕਿ ਉਹ ਚੁਣੇ ਜਾਣ ਤੋਂ ਬਾਅਦ ਲੋਕਾਂ ਨੂੰ ਭੁੱਲ ਕੇ ਮਨਮਰਜ਼ੀਆਂ ਦੇ ਰਾਹ ਪੈ ਗਏ, ਜਿਸ ਦਾ ਭਰਵਾਂ ਨੁਕਸਾਨ ਲੋਕਤੰਤਰ ਨੂੰ ਉਠਾਉਣਾ ਪੈ ਗਿਆ।

ਲੋਕਤੰਤਰ ਜੱਦੋਜਹਿਦ ਕਰਨ ਵਾਲੇ ਉਹਨਾਂ ਲੋਕਾਂ ਨੇ ਕਾਇਮ ਕੀਤਾ, ਜਿਨ੍ਹਾਂ ਨੇ ਬਹੁਤ ਮੁਸੀਬਤਾਂ ਝੱਲੀਆਂ। ਤਸੀਹਿਆਂ ਅਤੇ ਜਾਨਾਂ ਦੀ ਪਰਵਾਹ ਨਾ ਕੀਤੀ ਅਤੇ ਉਹ ਭਾਵਨਾ ਵਿਚ ਵਹਿ ਕੇ ਮੋਰਚਿਆਂ ’ਤੇ ਡਟੇ ਰਹੇ। ਅਮੀਰਜ਼ਾਦੇ, ਚਤੁਰ ਅਤੇ ਹਾਕਮ ਬਣਨ ਦੇ ਚਾਹਵਾਨ ਆਮ ਜਨਤਾ ਨੂੰ ਹੀ ਲੜਨ ਲਈ ਪ੍ਰੇਰਦੇ ਰਹੇ, ਬਲਦੀ ਅੱਗ ਵਿੱਚ ਝੋਕਦੇ ਰਹੇ, ਪਰ ਆਪ ਲੋਕਤੰਤਰ ਆਉਣ ’ਤੇ ਉਸ ਉੱਤੇ ਅਜਿਹੀ ਸਵਾਰੀ ਕਰ ਕੇ ਬੈਠ ਗਏ ਕਿ ਮੁੜ ਉੱਤਰਨ ਦਾ ਨਾਂ ਹੀ ਨਹੀਂ ਲੈਂਦੇ। ਮਾਇਆ, ਨਸ਼ੇ ਅਤੇ ਹੋਰ ਲਾਲਚਾਂ ਦੇ ਲਾਲੀਪਾਪ ਲਟਕਾ ਕੇ ਵੋਟਰਾਂ ਨੂੰ ਅਜਿਹਾ ਵਰਗਲਾਉਂਦੇ ਹਨ ਕਿ ਲੋਕਤੰਤਰ ਕਿਤੇ ਲੱਭਦਾ ਹੀ ਨਹੀਂ। ਸਿਆਸੀ ਪਾਰਟੀ ਕੋਈ ਹੋਵੇ, ਉਸ ਦੇ ਨੇਤਾ ਲੋਕਾਂ ਨੂੰ ਇਹੋ ਆਖਦੇ ਹਨ ਕਿ ਕੁਰਬਾਨੀਆਂ ਜਨਤਾ ਕਰੇ, ਰਾਜ ਤਾਂ ਅਸੀਂ ਹੀ ਕਰਾਂਗੇ। ਕਿੱਧਰਲਾ ਇਨਸਾਫ਼ ਹੈ ਇਹ ਕਿ ਲੋਕਤੰਤਰ ਨੂੰ ਵਪਾਰ-ਕਾਰੋਬਾਰ ਬਣਾ ਕੇ ਬੰਧਕ ਬਣਾਇਆ ਜਾਵੇ? ਇਸ ’ਤੇ ਕਦੇ ਬਾਦਸ਼ਾਹੀਆਂ ਅਤੇ ਤਾਨਾਸ਼ਾਹੀਆਂ ਦੀ ਜੂਠ ਸਵਾਰ ਹੋ ਜਾਂਦੀ ਹੈ ਅਤੇ ਕਦੇ ਧਰਮ ਦੇ ਠੇਕੇਦਾਰ, ਕਦੇ ਜਾਤ-ਪਾਤਾਂ ਸਵਾਰ ਹੋ ਜਾਂਦੀਆਂ ਹਨ ਅਤੇ ਕਦੇ ਫ਼ਿਰਕਿਆਂ ਦੇ ਕਾਫ਼ਲੇ। ਉਹ ਸਭ ਕੁਝ ਨੂੰ ਆਪਣੀ ਨਜ਼ਰ ਨਾਲ ਹੀ ਵੇਖਦੇ ਹਨ ਅਤੇ ਆਪਣੇ ਤੌਰ-ਤਰੀਕਿਆਂ ਤੋਂ ਬਾਹਰ ਸੋਚਣ ਦੀ ਆਗਿਆ ਹੀ ਨਹੀਂ ਦਿੰਦੇ। ਉਹ ਲੋਕਤੰਤਰ ਵਿੱਚ ਵੀ ਆਪਣੇ ਫ਼ਰਮਾਨ ਸੁਣਾਉਂਦੇ ਹਨ, ਲੋਕਾਂ ਦੀ ਉੱਕਾ ਹੀ ਨਹੀਂ ਸੁਣਦੇ। ਲੋਕਾਂ ਨੂੰ ਗੋਲੀ-ਲਾਠੀ ਨਾਲ ਦਬਾਉਣ ਦਾ ਸਬਕ ਕਦੇ ਵੀ ਕਿਸੇ ਸਰਕਾਰ ਦੇ ਸਿਲੇਬਸ ਤੋਂ ਬਾਹਰ ਨਹੀਂ ਰਿਹਾ।

ਲੋਕਤੰਤਰ ਵਿੱਚ ਲੋਕਾਂ ਦੀਆਂ ਭਾਵਨਾਵਾਂ ਹੀ ਨਾ ਸੁਣੀਆਂ ਜਾਣ, ਇਸ ਤੋਂ ਮਾੜੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਲੋਕਤੰਤਰੀ ਪ੍ਰਣਾਲੀ ਵਿੱਚ ਲੋਕ ਹੀ ਮੋਹਰੀ ਅਤੇ ਮੁਖਤਿਆਰ ਹੋਣੇ ਚਾਹੀਦੇ ਹਨ, ਪਰ ਇੱਥੇ ਤਾਂ ਨਿੱਤ ਲੋਕਤੰਤਰ ਦਾ ਵੀ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਲੋਕਾਂ ਦਾ ਵੀ। ਸੋਚਣ ਵਾਲੀ ਗੱਲ ਇਹ ਹੈ ਕਿ ਕੀ ਮਾਇਆਧਾਰੀ ਲੋਕ ਹੀ ਲੋਕਤੰਤਰ ਉੱਤੇ ਛਾਏ ਰਹਿਣਗੇ, ਕੀ ਗੱਪੀ ਹੀ ਇਸ ਦਾ ਅਸਮਾਨ ਮੱਲੀ ਰੱਖਣਗੇ, ਕੀ ਬੁੱਢੇ ਹੀ ਇਸ ਦਾ ਖਹਿੜਾ ਨਹੀਂ ਛੱਡਣਗੇ ਜਾਂ ਕਦੇ ਆਮ ਲੋਕਾਂ ਨੂੰ ਵੀ ਲੋਕਤੰਤਰ ਦਾ ਆਨੰਦ ਮਾਨਣ ਦਾ ਮੌਕਾ ਮਿਲੇਗਾ? ਇਸ ਤਰ੍ਹਾਂ ਦੇ ਸਵਾਲਾਂ ਬਾਰੇ ਲੋਕਾਂ ਨੇ ਹੀ ਸੋਚਣਾ ਹੈ ਕਿ ਉਹ ਕਿਸੇ ਪਾਰਟੀ ਲਈ ਕਿੰਨਾ ਕੁ ਚਿਰ ਕੁਰਬਾਨੀਆਂ ਕਰਦੇ ਰਹਿਣਗੇ ਅਤੇ ਹਾਕਮਾਂ ਨੂੰ ਇਹ ਦਾਅਵਾ ਕਰੀ ਰੱਖਣ ਦਾ ਮੌਕਾ ਮੁਹੱਈਆ ਕਰੀ ਰੱਖਣਗੇ ਕਿ ‘ਰਾਜ ਤਾਂ ਅਸੀਂ ਹੀ ਕਰਾਂਗੇ।’

ਅੱਜ ਦੇ ਹਾਕਮਾਂ ਦੀਆਂ ਚਲਾਕੀਆਂ ਸਮਝਣ ਦੀ ਜ਼ਰੂਰਤ ਹੈ, ਤਾਂ ਕਿ ਲੋਕਤੰਤਰ ਦੀ ਹੋਂਦ ਅਤੇ ਉੱਚਤਾ ਨੂੰ ਬਰਕਰਾਰ ਰੱਖਿਆ ਜਾ ਸਕੇ। ਭਾਰਤ ਵਿੱਚ ਪਿਤਾ ਹਾਕਮ ਬਾਅਦ ਪੁੱਤਰ ਹੀ ਗੱਦੀ ’ਤੇ ਬੈਠਣ ਲੱਗ ਪਿਆ। ਇਹ ਲੋਕਤੰਤਰ ਲਈ ਸ਼ੁੱਭ ਸ਼ਗਨ ਨਹੀਂ। ਇਹ ਬਾਦਸ਼ਾਹਤ ਦਾ ਵਰਤਾਰਾ ਸੀ, ਜੋ ਲੋਕਤੰਤਰ ਵਿੱਚ ਜਬਰੀ ਘੁਸਣ ਲੱਗ ਪਿਆ, ਜਿਸ ਨੂੰ ਨਕਾਰਨਾ ਪਵੇਗਾ।

ਲੋਕਾਂ ਨੂੰ ਅੰਤਾਂ ਦੇ ਜਾਗਰੂਕ ਹੋਣਾ ਪਵੇਗਾਤਾਂ ਕਿ ਵਾਰ-ਵਾਰ ਉਹਨਾਂ ਭੱਦਰ-ਪੁਰਸ਼ਾਂ ਦੇ ਹੱਥ ਹੀ ਹਕੂਮਤ ਨਾ ਦੇਈ ਜਾਣ, ਜਿਹੜੇ ਕੇਵਲ ਆਪਣੇ ਸਵਾਰਥਾਂ ਦੀ ਪੂਰਤੀ ਕਰਦੇ ਹਨ, ਆਪਣੇ ਨੇੜਲਿਆਂ ਦੇ ਸਿਰ ’ਤੇ ਛਾਂ ਕਰਦੇ ਹਨ, ਪਰ ਆਮ ਲੋਕਾਂ ਨੂੰ ਕੀੜੇ-ਮਕੌੜਿਆਂ ਤੋਂ ਵੱਧ ਕੁਝ ਨਹੀਂ ਸਮਝਦੇ। ਜ਼ਰਾ ਸੋਚੀਏ, ਹੁਣ ਇੱਕੀਵੀਂ ਸਦੀ ਦੇ ਚਕਾਚੌਂਧ ਚਾਨਣ ਵਿੱਚ ਵੀ ਹਨੇਰੇ ਨੂੰ ਹੀ ਗਲਵਕੜੀ ਪਾਉਂਦੇ ਰਹਾਂਗੇ, ਅਗਿਆਨ ਨੂੰ ਹੀ ਸਿਰ ’ਤੇ ਬਿਠਾਉਂਦੇ ਰਹਾਂਗੇ, ਮੂਰਖਾਂ ਦੀ ਹੀ ਤਾਜਪੋਸ਼ੀ ਹੁੰਦੀ ਦੇਖਦੇ ਰਹਾਂਗੇ ਅਤੇ ਅਨਪੜ੍ਹ ਹਾਕਮਾਂ ਦੀ ਤਾਨਾਸ਼ਾਹੀ ਨੂੰ ਹੀ ਪ੍ਰਵਾਨ ਕਰ ਕੇ ਸਹਾਰਦੇ ਰਹਾਂਗੇ? ਇਹਨਾਂ ਸਵਾਲਾਂ ਦੇ ਸਾਹਮਣੇ ਖੜੋ ਕੇ ਇਹਨਾਂ ਦਾ ਹੱਲ ਲੱਭਣ ਦਾ ਜਤਨ ਨਾ ਕੀਤਾ ਤਾਂ ਸਮਝੋ ਅਸੀਂ ਹਨੇਰੇ ਦੀ ਪਰਿਕਰਮਾ ਕਰਨ ਤੋਂ ਵੱਧ ਕੁਝ ਨਹੀਂ ਕਰ ਰਹੇ, ਬੇਸਮਝੀ ਦੀ ਜਕੜ ਤੋਂ ਬਾਹਰ ਨਹੀਂ ਆ ਰਹੇ।

ਸੰਘਰਸ਼, ਕੁਰਬਾਨੀਆਂ ਲੋਕ ਕਰਦੇ ਹਨ, ਪਰ ਫਲ ਉਹ ਹਥਿਆ ਕੇ ਲੈ ਜਾਂਦੇ ਹਨ, ਜਿਨ੍ਹਾਂ ਦੀ ਚੀਚੀ ਉਂਗਲ ਵਿੱਚੋਂ ਵੀ ਲਹੂ ਨਹੀਂ ਨਿਕਲਿਆ ਹੁੰਦਾ। ਕੁਰਬਾਨੀਆਂ ਕਰਨ ਵਾਲਿਆਂ ਦੇ ਵਾਰਸਾਂ ਨੂੰ ਜਾਗਣਾ ਪਵੇਗਾ ਕਿ ਉਹਨਾਂ ਦੇ ਪਿਤਰਾਂ ਦੀਆਂ ਕੁਰਬਾਨੀਆਂ ਦਾ ਸਿਲਾ ਕੋਈ ਹੋਰ ਨਾ ਲੈ ਜਾਵੇ। ਅੱਜ ਵੀ ਜਿਹੜੇ ਕੁਰਬਾਨੀਆਂ ਕਰਦੇ ਹਨ, ਉਹਨਾਂ ਨੂੰ ਹੀ ਲੋਕਤੰਤਰ ਵਿੱਚ ਥਾਂ ਮਿਲੇ, ਤਾਂ ਕਿ ਕਿਸੇ ਦੀ ਇਹ ਕਹਿਣ ਦੀ ਹਿੰਮਤ ਨਾ ਪਵੇ ਕਿ ‘ਕੁਰਬਾਨੀਆਂ ਜਨਤਾ ਕਰੇ, ਰਾਜ ਤਾਂ ਅਸੀਂ ਹੀ ਕਰਾਂਗੇ।’ ਜਾਗੋ ਅਤੇ ਜਗੋ, ਤਾਂ ਕਿ ਆਪ ਨੂੰ ਹੀ ਨਹੀਂ, ਦੂਜਿਆਂ ਨੂੰ ਵੀ ਲੋਅ ਦੇ ਸਕੋ, ਤਾਂ ਕਿ ਉਹਨਾਂ ਮੰਜ਼ਿਲਾਂ ਉੱਤੇ ਪਹੁੰਚ ਸਕੋ, ਜੋ ਤੁਹਾਡੀਆਂ ਹੀ ਕਮਾਈਆਂ ਹਨ, ਤੁਹਾਡੇ ਹੀ ਹਾਸਲ।

ਅੱਜ ਦੇ ਲੇਖ ਦਾ ਸਿਰਲੇਖ ਬਦਲਣ ਵਾਸਤੇ ਸੰਘਰਸ਼ ਕਰਨ ਵਾਲਿਆਂ ਨੂੰ ਕੁਰਬਾਨੀਆਂ ਕਰਨ ਦੇ ਨਾਲ-ਨਾਲ ਰਾਜ-ਪ੍ਰਬੰਧ ਨੂੰ ਸੰਭਾਲਣ ਦੇ ਦਾਅ-ਪੇਚ ਵੀ ਸਿੱਖਣੇ ਚਾਹੀਦੇ ਹਨ, ਤਾਂ ਕਿ ਇਹ ਆਖਿਆ ਜਾ ਸਕੇ ਕਿ ‘ਕੁਰਬਾਨੀਆਂ ਜਨਤਾ ਕਰੇਗੀ ਅਤੇ ਰਾਜ ਵੀ ਜਨਤਾ ਹੀ ਕਰੇਗੀ।’ ਉਹਨਾਂ ਨੂੰ ਰਾਜ ਨਹੀਂ ਕਰਨ ਦੇਵਾਂਗੇ, ਜਿਨ੍ਹਾਂ ਨੇ ਲੋਕਤੰਤਰ ਨੂੰ ਕਾਰੋਬਾਰ ਬਣਾ ਲਿਆ ਹੈ ਅਤੇ ਮਾਇਆ, ਨਸ਼ਿਆਂ, ਲਾਲਚਾਂ ਅਤੇ ਲਾਰਿਆਂ ਦਾ ਬੰਧਕ। ਸਿਆਸੀ ਪਾਰਟੀਆਂ ਨੇ ਸੱਤਾ ਹਥਿਆਉਣ ਲਈ ਗ਼ਲਤ-ਮਲਤ ਕਰਨ ਤੋਂ ਨਹੀਂ ਹਟਣਾ, ਪਰ ਲੋਕਤੰਤਰ ਨੂੰ ਨਿਰਪੱਖ ਅਤੇ ਨਿਰਮਲ ਰੱਖਣ ਲਈ ਉਨ੍ਹਾਂ ਲੋਕਾਂ ਨੂੰ ਅੱਗੇ ਆਉਣਾ ਪੈਣਾ ਹੈ, ਜਿਹੜੇ ਬੇਇਨਸਾਫ਼ੀਆਂ ਅਤੇ ਵਿਤਕਰਿਆਂ ਨੂੰ ਪ੍ਰਵਾਨ ਨਹੀਂ ਕਰਦੇ, ਅਣ-ਬਰਾਬਰੀਆਂ ਅਤੇ ਜਾਤ-ਪਾਤ ਨੂੰ ਨਹੀਂ ਮੰਨਦੇ, ਤਾਂ ਹੀ ਅਸਲ ਲੋਕਤੰਤਰ ਦੀ ਬਹਾਲੀ ਹੋ ਸਕੇਗੀ।

*****

(430)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author