GSGurditt7ਜੇਕਰ ਸਾਰਕ ਦੇ ਮੈਂਬਰ ਦੇਸ਼ਾਂ ਦਾ ਆਪਸੀ ਤਨਾਅ ਖਤਮ ਹੋ ਸਕੇ ਤਾਂ ਇਹਨਾਂ ਦੇਸ਼ਾਂ ਵਿੱਚ ...
(13 ਸਤੰਬਰ 2016)


ਆਸੀਆਨ ਬਾਰੇ ਆਮ ਭਾਰਤੀਆਂ ਨੂੰ ਬਹੁਤ ਹੀ ਘੱਟ ਜਾਣਕਾਰੀ ਹੈ ਪਰ ਅਸਲੀਅਤ ਇਹ ਹੈ ਕਿ ਇਸ ਬਾਰੇ ਜਾਨਣ ਦੀ ਸਭ ਤੋਂ ਵੱਧ ਲੋੜ ਭਾਰਤ – ਪਾਕਿਸਤਾਨ ਵਰਗੇ ਦੇਸ਼ਾਂ ਨੂੰ ਹੀ ਹੈ, 
ਕਿਉਂਕਿ ਇਹ ਸਫਲਤਾ ਦੀ ਇੱਕ ਅਜਿਹੀ ਕਹਾਣੀ ਹੈ ਜਿਸ ਦੀ ਥਾਂ-ਥਾਂ ਬਾਤ ਪਾਉਣੀ ਬਣਦੀ ਹੈ। ਪਰ ਇਹ ਇੱਕ ਦੁਖਦ ਪਹਿਲੂ ਹੀ ਹੈ ਕਿ ਅੱਜ ਜਦੋਂ ਆਸੀਆਨ ਸੰਗਠਨ ਦੇ ਦਸ ਛੋਟੇ-ਛੋਟੇ ਦੇਸ਼, ਤਰੱਕੀ ਦੀ ਇੱਕ ਨਵੀਂ ਇਬਾਰਤ ਲਿਖ ਰਹੇ ਹਨ ਤਾਂ ਭਾਰਤ ਅਤੇ ਪਾਕਿਸਤਾਨ ਵਰਗੇ ਦੇਸ਼ ਆਪਣੀਆਂ ਬੇਮਤਲਬ ਦੁਸ਼ਮਣੀਆਂ ਕਾਰਨ ਤਬਾਹੀ ਦੇ ਹਥਿਆਰ ਬਣਾਉਣ ਵਿੱਚ ਅਤੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਵਿੱਚ ਗਲਤਾਨ ਹਨ। ਪਾਕਿਸਤਾਨ ਨੂੰ ਕਸ਼ਮੀਰ ਦੀ ਜਨਤਾ ਦਾ ਫਿਕਰ ਸਤਾ ਰਿਹਾ ਹੈ ਅਤੇ ਭਾਰਤ ਨੂੰ ਬਲੋਚਿਸਤਾਨ ਦੀ ਚਿੰਤਾ ਵੱਢ-ਵੱਢ ਖਾ ਰਹੀ ਹੈ ਪਰ ਆਪੋ ਆਪਣੇ ਦੇਸ਼ ਵਾਸੀਆਂ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਮੌਕੇ ਗੁਆਏ ਜਾ ਰਹੇ ਹਨ

ਹੁਣੇ ਜਿਹੇ ਸਤੰਬਰ ਦੇ ਪਹਿਲੇ ਹਫ਼ਤੇ ਵੀ ਆਸੀਆਨ ਸੰਮੇਲਨ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਦੁਸ਼ਮਣੀ ਦੀ ਚਰਚਾ ਹੀ ਹੋਈਪਰ ਇਹਨਾਂ ਰਵਾਇਤੀ ਦੁਸ਼ਮਣਾਂ ਨੂੰ ਜਰੂਰ ਸੋਚਣਾ ਬਣਦਾ ਹੈ ਕਿ ਜੇਕਰ ਦਸ ਗੁਆਂਢੀ ਦੇਸ਼ ਆਪਸ ਵਿੱਚ ਇੰਨੇ ਇਤਫ਼ਾਕ ਨਾਲ ਰਹਿ ਸਕਦੇ ਹਨ ਤਾਂ ਫਿਰ ਦੋ ਗੁਆਂਢੀ ਆਪਸੀ ਦੁਸ਼ਮਣੀ ਨੂੰ ਕਿਉਂ ਨਹੀਂ ਨਜਿੱਠ ਸਕਦੇ? ਜੇਕਰ ਛੋਟੇ-ਛੋਟੇ ਦੇਸ਼ ਆਪਸੀ ਇਤਫ਼ਾਕ ਨਾਲ ਇੰਨੀ ਤਰੱਕੀ ਕਰ ਸਕਦੇ ਹਨ ਤਾਂ ਸਾਡੇ ਕੋਲ ਤਾਂ ਕੁਦਰਤੀ ਸੋਮੇ ਹੀ ਇੰਨੇ ਜ਼ਿਆਦਾ ਹਨ ਸਾਡੇ ਦੋਹਾਂ ਦੇਸ਼ਾਂ ਦੇ ਲੋਕ ਇਹ ਗੁਰਬਤ ਵਾਲੀ ਜ਼ਿੰਦਗੀ ਕਿਉਂ ਜੀਅ ਰਹੇ ਹਨ? ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ, ਮਨੁੱਖੀ ਵਸੀਲਿਆਂ ਪੱਖੋਂ ਇੰਨੇ ਅਮੀਰ ਦੋਹਾਂ ਦੇਸ਼ਾਂ ਦੇ ਲੋਕ, ਗਰੀਬੀ ਦੀ ਦਲਦਲ ਵਿੱਚੋਂ ਬਾਹਰ ਕਿਉਂ ਨਹੀਂ ਨਿਕਲ ਸਕੇ?

ਆਸੀਆਨ ਦੱਖਣ-ਪੂਰਬੀ ਏਸ਼ੀਆ ਵਿੱਚ ਦਸ ਦੇਸ਼ਾਂ ਦਾ ਇੱਕ ਸੰਗਠਨ ਹੈ। ਭਾਵੇਂ ਇਸ ਸੰਗਠਨ ਦੀ ਨੀਂਹ ਠੰਢੀ ਜੰਗ ਦੇ ਦਿਨਾਂ ਵਿੱਚ, 8 ਅਗਸਤ 1967 ਨੂੰ ਅਮਰੀਕਾ ਦੀਆਂ ਕੋਸ਼ਿਸ਼ਾਂ ਸਦਕਾ ਹੀ ਰੱਖੀ ਗਈ ਸੀ ਕਿਉਂਕਿ ਉਹ ਇਸ ਖਿੱਤੇ ਵਿੱਚ ਰੂਸ ਅਤੇ ਚੀਨ ਦੇ ਸਮਾਜਵਾਦ ਦਾ ਪ੍ਰਭਾਵ ਰੋਕਣਾ ਚਾਹੁੰਦਾ ਸੀ, ਪਰ ਅੱਜ ਇਹ ਮੁੱਖ ਤੌਰ ’ਤੇ ਇੱਕ ਨਿਰੋਲ ਆਰਥਿਕ ਸੰਗਠਨ ਵਜੋਂ ਹੀ ਵਿਚਰ ਰਿਹਾ ਹੈ ਅੱਜ ਦੇ ਸਮੇਂ ਇਸ ਦੇ ਮੈਂਬਰ ਦੇਸ਼ ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ, ਥਾਈਲੈਂਡ, ਬਰੂਨੇਈ, ਵੀਅਤਨਾਮ, ਲਾਉਸ, ਕੰਬੋਡੀਆ, ਫਿਲਿਪੀਨਜ਼ ਅਤੇ ਮਿਆਂਮਾਰ ਹਨ ਇਹ ਦੇਸ਼ ਮਿਲਕੇ ਧਰਤੀ ਦਾ ਕੁੱਲ ਤਿੰਨ ਫੀਸਦੀ ਰਕਬਾ ਅਤੇ ਤਕਰੀਬਨ ਨੌਂ ਫੀਸਦੀ ਆਬਾਦੀ ਰੱਖਦੇ ਹਨ ਜੇਕਰ ਇਸ ਸੰਗਠਨ ਨੂੰ ਇੱਕੋ ਹੀ ਦੇਸ਼ ਵਜੋਂ ਵੇਖੀਏ ਤਾਂ ਇਹ ਅਮਰੀਕਾ, ਚੀਨ, ਜਾਪਾਨ, ਜਰਮਨੀ, ਫਰਾਂਸ ਅਤੀ ਬਰਤਾਨੀਆ ਤੋਂ ਬਾਅਦ ਦੁਨੀਆਂ ਦੀ ਸੱਤਵੀਂ ਵੱਡੀ ਆਰਥਿਕਤਾ ਹੈ। ਇਹਨਾਂ ਦਸ ਦੇਸ਼ਾਂ ਨੇ ਆਪਸੀ ਸੰਬੰਧ ਇੰਨੇ ਕੁ ਵਧੀਆ ਬਣਾ ਕੇ ਰੱਖੇ ਹੋਏ ਹਨ ਕਿ ਇਹ ਸਾਰੇ ਦੇਸ਼ ਅਸਲ ਵਿੱਚ ਇੱਕ ਹੀ ਦੇਸ਼ ਵਜੋਂ ਵਰਤਾਅ ਕਰਦੇ ਹਨ ਇਹਨਾਂ ਦੇਸ਼ਾਂ ਦੇ ਨਾਗਰਿਕ, ਬਿਨਾਂ ਕਿਸੇ ਵੀਜ਼ੇ ਦੇ, ਇੱਕ ਦੂਸਰੇ ਦੇਸ਼ ਵਿੱਚ ਘੁੰਮ-ਫਿਰ ਸਕਦੇ ਹਨ ਇਸ ਨਾਲ ਸਾਰੇ ਹੀ ਦੇਸ਼ਾਂ ਨੂੰ ਰੱਜਵੀਂ ਕਮਾਈ ਹੁੰਦੀ ਹੈ, ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਦੇ ਹਨ, ਵਪਾਰ ਵਧਦਾ ਹੈ ਅਤੇ ਸੈਰ-ਸਪਾਟਾ ਸਨਅਤ ਨੂੰ ਹੁਲਾਰਾ ਮਿਲਦਾ ਹੈ। ਇਸ ਨਾਲ ਇਹਨਾਂ ਦੇਸ਼ਾਂ ਦੇ ਲੋਕਾਂ ਵਿੱਚ ਏਕਤਾ ਦੀ ਭਾਵਨਾ ਵੀ ਪੈਦਾ ਹੁੰਦੀ ਹੈ

ਅੱਜ ਸਿੰਗਾਪੁਰ ਅਤੇ ਬਰੂਨੇਈ ਵਿੱਚ ਮਨੁੱਖੀ ਜੀਵਨ ਪੱਧਰ ਬਹੁਤ ਉੱਚਾ ਹੈ। ਇੰਡੋਨੇਸ਼ੀਆ ਖਣਿਜ ਤੇਲ ਦੀ ਬਰਾਮਦ ਤੋਂ ਮਾਲਾਮਾਲ ਹੋ ਰਿਹਾ ਹੈ ਮਲੇਸ਼ੀਆ ਅਤੇ ਸਿੰਗਾਪੁਰ ਦੀਆਂ ਤਾਨਾਸ਼ਾਹੀ ਪਰ ਲੋਕ-ਹਿਤੂ ਸਰਕਾਰਾਂ ਨੇ ਇਹਨਾਂ ਨੂੰ ਤਰੱਕੀ ਦੀ ਰਾਹ ਉੱਤੇ ਤੋਰਿਆ ਹੋਇਆ ਹੈ। ਏਸ਼ੀਆ ਵਿਕਾਸ ਬੈਂਕ ਦੀ ਅਗਵਾਈ ਵਿੱਚ ਇਹਨਾਂ ਦੇਸ਼ਾਂ ਨੇ ਆਪਣੀ ਕਰੰਸੀ ਵਿੱਚ ਇੱਕਸਾਰਤਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਕਾਰਨ ਇਹਨਾਂ ਦੇਸ਼ਾਂ ਵਿੱਚ ਵਪਾਰ ਬਹੁਤ ਸੁਖਾਲਾ ਹੋ ਗਿਆ ਹੈ ਇਹਨਾਂ ਦੇ ਆਪਸੀ ਆਰਥਿਕ ਸੰਬੰਧ ਇੱਕ ਮਿਸਾਲ ਦੀ ਹੱਦ ਤੱਕ ਸਫਲ ਹਨ ਦੁਨੀਆਂ ਦੇ ਹੋਰ ਵੱਡੇ ਦੇਸ਼ਾਂ ਨਾਲ ਵੀ ਇਹਨਾਂ ਦੇ ਬਹੁਤ ਬਿਹਤਰ ਆਰਥਿਕ ਸੰਬੰਧ ਹਨ ਅਤੇ ਫਰੀ ਵਪਾਰਕ ਏਰੀਆ ਸਮਝੌਤੇ (ਐਫ਼.ਟੀ.ਏ.) ਤਾਂ ਬਹੁਤ ਸਾਰੇ ਦੇਸ਼ਾਂ ਨਾਲ ਕੀਤੇ ਹੋਏ ਹਨ। ਭਾਵੇਂ ਇਹਨਾਂ ਦਾ ਆਪਸੀ ਵਪਾਰ ਮਹਿਜ਼ 20 ਫੀਸਦੀ ਅਤੇ ਬਾਹਰੀ ਦੇਸ਼ਾਂ ਨਾਲ ਵਪਾਰ 80 ਫੀਸਦੀ ਹੈ ਪਰ ਫਿਰ ਵੀ ਇਹਨਾਂ ਦੇਸ਼ਾਂ ਦੀ ਆਰਥਿਕਤਾ ਦੀ ਕਾਇਆ ਕਲਪ ਹੋ ਚੁੱਕੀ ਹੈ

ਪਰ ਇਸ ਦੇ ਉਲਟ ਭਾਰਤ ਅਤੇ ਪਾਕਿਸਤਾਨ ਦੀ ਮੈਂਬਰੀ ਵਾਲੇ ਸੰਗਠਨ, ਸਾਰਕ ਦੀ ਕਹਾਣੀ ਆਸੀਆਨ ਦੀ ਕਹਾਣੀ ਦੇ ਉਲਟ ਹੈ ਸਾਰਕ ਵਿੱਚ ਵਿੱਚ 8 ਦੇਸ਼ ਹਨ – ਭਾਰਤ, ਪਾਕਿਸਤਾਨ, ਬੰਗਲਾ ਦੇਸ਼, ਸ੍ਰੀ ਲੰਕਾ, ਨੇਪਾਲ, ਭੂਟਾਨ, ਮਾਲਦੀਵ ਅਤੇ ਅਫਗਾਨਿਸਤਾਨ। ਇਹ ਰਕਬੇ ਅਤੇ ਆਬਾਦੀ ਪੱਖੋਂ ਆਸੀਆਨ ਤੋਂ ਕਿਤੇ ਵੱਡਾ ਹੈ ਪਰ ਸਫਲਤਾ ਵਾਲੇ ਪੱਖ ਤੋਂ ਬੁਰੀ ਤਰ੍ਹਾਂ ਨਿਰਾਸ਼ਾਜਨਕ ਹੈ ਇਹਨਾਂ ਦੇਸ਼ਾਂ ਵਿੱਚ ਨਾ ਤਾਂ ਕੋਈ ਵੀਜ਼ੇ ਦੀ ਸਾਂਝ ਹੈ ਅਤੇ ਨਾ ਹੀ ਆਰਥਿਕ ਸਾਂਝ ਦੀ ਕੋਈ ਮਿਸਾਲ ਕਾਇਮ ਹੋ ਸਕੀ ਹੈ। ਭਾਰਤ ਅਤੇ ਪਾਕਿਸਤਾਨ ਦੇ ਮਾੜੇ ਸੰਬੰਧ ਹੀ ਸਾਰਕ ਵਿੱਚ ਸਾਰੀ ਲੜਾਈ ਦੀ ਅਸਲੀ ਜੜ੍ਹ ਹਨ ਪਰ ਜੇਕਰ ਸਾਰਕ ਦੇ ਮੈਂਬਰ ਦੇਸ਼ਾਂ ਦਾ ਆਪਸੀ ਤਨਾਅ ਖਤਮ ਹੋ ਸਕੇ ਤਾਂ ਇਹਨਾਂ ਦੇਸ਼ਾਂ ਵਿੱਚ ਸਹਿਯੋਗ ਵਧਣ ਦੀਆਂ ਅਪਾਰ ਸੰਭਾਵਨਾਵਾਂ ਹਨ ਨੇਪਾਲ ਅਤੇ ਭੂਟਾਨ ਵਿੱਚ ਪਣ-ਬਿਜਲੀ ਪ੍ਰੋਜੈਕਟ ਚਲਾ ਕੇ ਬਾਕੀ ਦੇ ਸਾਰੇ ਦੇਸ਼ਾਂ ਵਿੱਚ ਬਿਜਲੀ ਦੀ ਸਮੱਸਿਆ ਨੂੰ ਬਹੁਤ ਹੱਦ ਤੱਕ ਖਤਮ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਅਫਗਾਨਿਸਤਾਨ ਭਾਰਤ ਨਾਲ ਵਪਾਰ ਕਰਨਾ ਚਾਹੁੰਦਾ ਹੈ ਪਰ ਪਾਕਿਸਤਾਨ ਉਸ ਲਈ ਸੜਕੀ ਰੂਟ ਨਹੀਂ ਮੁਹੱਈਆ ਕਰਵਾ ਰਿਹਾ ਸਾਰਕ ਦੇਸ਼ਾਂ ਵਿੱਚ ਏਕੀਕ੍ਰਿਤ ਟਰਾਂਸਪੋਰਟ ਪ੍ਰਣਾਲੀ ਨੂੰ ਅਪਣਾਇਆ ਜਾ ਸਕਦਾ ਹੈ ਅਤੇ ਹਵਾਈ ਰਸਤਿਆਂ ਦੀ ਬਜਾਇ ਸੜਕੀ ਰਸਤਿਆਂ ਦੀ ਵਰਤੋਂ ਵੱਲ ਧਿਆਨ ਦਿੱਤਾ ਜਾ ਸਕਦਾ ਹੈ ਕਾਬਲ, ਲਾਹੌਰ, ਦਿੱਲੀ, ਢਾਕਾ ਤੋਂ ਰੰਗੂਨ ਤੱਕ ਟਰਾਂਸਪੋਰਟ ਕੋਰੀਡੋਰ ਬਣਾਇਆ ਜਾ ਸਕਦਾ ਹੈ ਪਾਕਿਸਤਾਨ ਬਹੁਤ ਸਾਰੀਆਂ ਭਾਰਤੀ ਵਸਤਾਂ ਸਿੰਗਾਪੁਰ ਅਤੇ ਦੁਬਈ ਦੇ ਰਸਤੇ ਖਰੀਦਦਾ ਹੈ ਇਸਦਾ ਨੁਕਸਾਨ ਤਾਂ ਦੋਹਾਂ ਹੀ ਗੁਆਂਢੀਆਂ ਨੂੰ ਹੁੰਦਾ ਹੈ ਕਿਉਂਕਿ ਦੋਹਾਂ ਨੂੰ ਇੱਕ ਦੂਜੇ ਦੀਆਂ ਚੀਜ਼ਾਂ ਮਹਿੰਗੀਆਂ ਮਿਲਦੀਆਂ ਹਨ

ਜੇਕਰ ਸਾਰਕ ਵੀ ਆਸੀਆਨ ਵਾਂਗੂੰ ਸਫਲਤਾ ਨਾਲ ਕੰਮ ਕਰੇ ਤਾਂ ਇਹ ਦੁਨੀਆਂ ਦਾ ਇੱਕ ਬਹੁਤ ਹੀ ਤਾਕਤਵਰ ਸੰਗਠਨ ਬਣ ਸਕਦਾ ਹੈ ਪਰ ਹਾਲਤ ਇਹ ਹੈ ਕਿ ਇਸ ਵੇਲੇ ਇਹ ਦੁਨੀਆਂ ਦਾ ਬਹੁਤ ਹੀ ਗਰੀਬ ਖਿੱਤਾ ਬਣਿਆ ਹੋਇਆ ਹੈ। ਇੱਥੇ ਇੱਕ ਦੇਸ਼ ਵਿੱਚ ਕਿਸੇ ਚੀਜ਼ ਦੀ ਥੁੜ ਨਾਲ ਲੋਕ ਮਰ ਰਹੇ ਹਨ ਤੇ ਦੂਸਰੇ ਦੇਸ਼ ਕੋਲ ਉਹ ਚੀਜ਼ ਫਾਲਤੂ ਪਈ ਸੜ ਰਹੀ ਹੈ ਜਿਵੇਂ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿੱਚ ਜੇਕਰ ਵਪਾਰ ਵਧੇ ਤਾਂ ਇਸ ਨਾਲ ਉੱਤਰੀ ਭਾਰਤ ਅਤੇ ਖਾਸ ਕਰਕੇ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ ਇਸੇ ਤਰ੍ਹਾਂ ਜੇਕਰ ਪਾਕਿਸਤਾਨ ਸਾਨੂੰ ਅਫਗਾਨਿਸਤਾਨ ਵਾਸਤੇ ਰਸਤਾ ਦੇ ਦੇਵੇ ਤਾਂ ਕਿੰਨੀਆਂ ਜਰੂਰੀ ਵਸਤਾਂ ਸਾਨੂੰ ਆਸਾਨੀ ਨਾਲ ਅਤੇ ਸਸਤੀਆਂ ਮਿਲ ਸਕਦੀਆਂ ਹਨ ਨਾਲ ਹੀ ਅਸੀਂ ਅਫਗਾਨਿਸਤਾਨ ਵਰਗੇ ਗਰੀਬ ਦੇਸ਼ ਨੂੰ ਕਿੰਨੇ ਪੱਖਾਂ ਤੋਂ ਮਦਦ ਦੇ ਸਕਦੇ ਹਾਂ ਇੰਜ ਹੀ ਇਰਾਨ ਅਤੇ ਇਰਾਕ ਵਰਗੇ ਦੇਸ਼ਾਂ ਤੋਂ ਸਾਨੂੰ ਤੇਲ ਸਿੱਧਾ ਅਤੇ ਸਸਤਾ ਮਿਲ ਸਕਦਾ ਹੈ ਤੁਰਕਮੇਨਿਸਤਾਨ ਤੋਂ ਗੈਸ ਪਾਇਪਲਾਇਨ ਮਿਲਣ ਕਰਕੇ ਸਾਡੀ ਬਿਜਲੀ ਦੀ ਸਮੱਸਿਆ ਹੱਲ ਹੋ ਸਕਦੀ ਹੈ ਪੰਜਾਬ ਦੇ ਆਲੂ, ਕਣਕ ਅਤੇ ਬਾਸਮਤੀ ਆਦਿ ਸਿੱਧੇ ਹੀ ਕੇਂਦਰੀ ਏਸ਼ੀਆ ਅਤੇ ਖਾੜੀ ਦੇਸ਼ਾਂ ਨੂੰ ਭੇਜੇ ਜਾ ਸਕਦੇ ਹਨ ਪਾਕਿਸਤਾਨ ਨੂੰ ਵੀ ਰਾਹਦਾਰੀ ਟੈਕਸ ਮਿਲਣ ਨਾਲ ਵਾਧੂ ਦੀ ਕਮਾਈ ਹੋ ਸਕਦੀ ਹੈ

ਭਾਰਤ ਅਤੇ ਪਾਕਿਸਤਾਨ ਦੇ ਮਾਮਲੇ ਵਿੱਚ ਮਹਾਂ ਸ਼ਕਤੀਆਂ ਦੀ ਬੇਲੋੜੀ ਦਖਲ-ਅੰਦਾਜ਼ੀ ਵੀ ਸਮੱਸਿਆ ਨੂੰ ਵਧਾ ਰਹੀ ਹੈ ਚੀਨ ਨੇ ਬੰਗਲਾ ਦੇਸ਼, ਸ੍ਰੀ ਲੰਕਾ, ਮਾਲਦੀਵ ਆਤੇ ਪਾਕਿਸਤਾਨ ਰਾਹੀਂ ਭਾਰਤ ਨੂੰ ਘੇਰਨ ਦੀ ਨੀਤੀ ਅਪਣਾਈ ਹੋਈ ਹੈ। ਉਂਜ ਵੀ ਚੀਨ ਅਤੇ ਅਮਰੀਕਾ ਨੇ ਅੱਤਵਾਦ ਬਾਰੇ ਵੀ ਦੋਗਲੀ ਨੀਤੀ ਅਪਣਾਈ ਹੋਈ ਹੈ। ਉਹਨਾਂ ਨੂੰ ਤਾਲਿਬਾਨ ਅਤੇ ਸੀਰੀਆ ਵਿਚਲਾ ਅੱਤਵਾਦ ਤਾਂ ਨਜ਼ਰ ਆਉਂਦਾ ਹੈ ਪਰ ਪਾਕਿਸਤਾਨ ਵਿਚਲਾ ਅੱਤਵਾਦ ਦਾ ਅਸਲੀ ਗੜ੍ਹ ਨਜ਼ਰ ਨਹੀਂ ਆਉਂਦਾ। ਇਸ ਤੋਂ ਇਲਾਵਾ ਪਾਕਿਸਤਾਨ, ਨੇਪਾਲ, ਅਫਗਾਨਿਸਤਾਨ ਅਤੇ ਮਾਲਦੀਵ ਆਦਿ ਵਿੱਚ ਰਾਜਨੀਤਕ ਅਸਥਿਰਤਾ ਵੀ ਇੱਕ ਵੱਡੀ ਅੜਚਨ ਹੈ। ਜੇਕਰ ਭਾਰਤ, ਪਾਕਿਸਤਾਨ, ਬੰਗਲਾ ਦੇਸ਼, ਸ੍ਰੀ ਲੰਕਾ, ਨੇਪਾਲ ਅਤੇ ਭੂਟਾਨ ਵਰਗੇ ਦੇਸ਼ ਆਪਸੀ ਖਹਿਬਾਜ਼ੀ ਨੂੰ ਛੱਡ ਦੇਣ ਅਤੇ ਵਿਕਾਸ ਵੱਲ ਧਿਆਨ ਦੇ ਲੈਣ ਤਾਂ ਇਹ ਆਸੀਆਨ ਤੋਂ ਕਿਤੇ ਵੱਡੀ ਮਿਸਾਲ ਕਾਇਮ ਕਰ ਸਕਦੇ ਹਨ। ਭਾਰਤ ਅਤੇ ਪਾਕਿਸਤਾਨ ਨੂੰ ਤਾਂ ਅਜਿਹੇ ਉਪਰਾਲੇ ਦੀ ਸਭ ਤੋਂ ਵੱਧ ਲੋੜ ਹੈ ਕਿਉਂਕਿ ਆਪਸੀ ਦੁਸ਼ਮਣੀ ਦਾ ਸਭ ਤੋਂ ਵੱਧ ਖਮਿਆਜਾ ਉਹ ਖੁਦ ਹੀ ਭੁਗਤ ਰਹੇ ਹਨ। ਕਸ਼ਮੀਰ ਵਿੱਚ ਹਰ ਰੋਜ਼ ਦੀ ਕਤਲੋਗਾਰਤ ਦੋਵਾਂ ਦੇਸ਼ਾਂ ਦੀ ਦੁਸ਼ਮਣੀ ਕਾਰਨ ਹੀ ਕਾਇਮ ਹੈ ਨਹੀਂ ਤਾਂ ਇਸਦਾ ਹੱਲ ਕਦੋਂ ਦਾ ਹੋ ਚੁੱਕਾ ਹੁੰਦਾ ਪਰ ਆਪਸੀ ਇਤਫ਼ਾਕ ਵਾਸਤੇ ਜਿਹੜੀ ਸੁਹਿਰਦ ਭਾਵਨਾ ਦੀ ਲੋੜ ਹੈ ਉਹ ਅਜੇ ਤੱਕ ਤਾਂ ਕਿਤੇ ਵੀ ਨਜ਼ਰ ਨਹੀਂ ਆਉਂਦੀ

*****

(426)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜੀ. ਐੱਸ. ਗੁਰਦਿੱਤ

ਜੀ. ਐੱਸ. ਗੁਰਦਿੱਤ

Phone: (91 - 94171 - 93193)
Email: (gurditgs@gmail.com)

More articles from this author