Sukirat7ਨੈਤਿਕਤਾ ਜਾਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਅਰਵਿੰਦ ਕੇਜਰੀਵਾਲ ਦੇ ਇਹੋ ਜਿਹੇ ਸਖਤ ਰੁਖ ...
(7 ਸਤੰਬਰ 2016)


ਸਾਡਾ ਦੇਸ ਵੀ ਅਨੋਖਾ ਹੈ
, ਅਤੇ ਅਸੀਂ ਲੋਕ ਵੀ।

ਦਿੱਲੀ ਸਰਕਾਰ ਦੇ ਇੱਕ ਮੰਤਰੀ ਦੀ 9 ਮਿੰਟ ਦੀ ਕੋਈ ਵੀਡੀਓ ਨਸ਼ਰ ਹੋ ਗਈ ਹੈ। ਅਤੇ ਦੇਸ ਭਰ ਦੇ ਚੈਨਲਾਂ, ਸੋਸ਼ਲ ਮੀਡੀਆ ਉੱਤੇ ਕੁਹਰਾਮ ਮਚ ਗਿਆ ਹੈ।

ਟੀ.ਵੀ. ਚੈਨਲਾਂ ਵਾਲੇ ਚਸਕੇ ਲੈ ਲੈ ਕੇ ਲਗਾਤਾਰ ਇਸ ਵੀਡੀਓ ਦੇ ਕੁਝ ਹਿੱਸੇ ਦਿਖਾ ਰਹੇ ਹਨ, ਅਤੇ ਨਾਲ ਹੀ ਕਹੀ ਜਾ ਰਹੇ ਹਨ ਕਿ ਦਿਖਾਣ ਵਾਲਾ ਤਾਂ ਹੋਰ ਵੀ ਬਹੁਤ ਕੁਝ ਹੈ, ਪਰ ਅਸੀਂ ਇਸ ਤੋਂ ਵੱਧ ਨੰਗੇਜ ਦਿਖਾਉਣੋਂ ਮਜਬੂਰ ਹਾਂ। ਪਰ ਦਰਸ਼ਕ ਕਿਸੇ ਅਗਲੇ ਸੀਨ ਦੀ ਝਲਕ ਦੀ ਇੰਤਜ਼ਾਰ ਵਿਚ ਵਾਰ ਵਾਰ ਉਹੋ ਖਬਰ ਦੇਖੀ ਜਾ ਰਹੇ ਹਨ। ਸ਼ਾਇਦ ਕੁਝ ਹੋਰ ਵੀ ਨਜ਼ਰ ਆ ਜਾਵੇ!

ਸੋਸ਼ਲ ਮੀਡੀਏ ਉੱਤੇ ਸਰਗਰਮ ਕਲਮਾਂ ਨੈਤਿਕਤਾ ਦੇ ਨੁਕੀਲੇ ਅਸਤਰ ਹੱਥ ਵਿਚ ਫੜੀ ਇਸ ਸਾਰੀ ਘਟਨਾ ਦੀ ਚੀਰਫ਼ਾੜ ਇੰਜ ਕਰ ਰਹੀਆਂ ਹਨ, ਜਿਵੇਂ ਉਹ ਧਾਰਮਕ ਪ੍ਰਵਚਨਕਰਤਾ ਹੋਣ। ਇਹ ਉਨ੍ਹਾਂ ਦਾ ਸੋਸ਼ਲ ਮੀਡੀਆ ਉੱਪਰ ਜਨਤਕ ਚਿਹਰਾ ਹੈ। ਪਰ ਅੰਦਰਖਾਤੇ ਉਹ ਇਕ ਦੂਜੇ ਨੂੰ ਪੁੱਛ-ਦੱਸ ਰਹੇ ਹਨ ਕਿ ਇਸ ਮਾਮਲੇ ਦਾ ਪੂਰਾ ਵੀਡੀਓ ਯੂਟਿਊਬ ਵਰਗੀਆਂ ਥਾਂਵਾਂ ’ਤੇ ਕਿੱਥੋਂ ਅਤੇ ਕਿਵੇਂ ਲੱਭਿਆ ਜਾ ਸਕਦਾ ਹੈ। ਇਹ ਉਨ੍ਹਾਂ ਦਾ ਅਸਲੀ ਚਸਕਾ-ਲਊ ਚਿਹਰਾ ਹੈ।

ਕਿਸੇ ਵੇਲੇ ਪੀਲੀ ਪੱਤਰਕਾਰੀ ਕਰਦੀਆਂ ਅਖਬਾਰਾਂ ਇਹੋ ਜਿਹੀਆਂ ਖਬਰਾਂ ਨੂੰ ‘ਰੰਗਰਲੀਆਂ ਮਨਾਉਂਦੇ ਫੜੇ ਗਏ’ ਵਰਗੇ ਸਿਰਲੇਖ ਹੇਠ ਛਾਪਦੀਆਂ ਹੁੰਦੀਆਂ ਸਨ; ਹੁਣ ਮੁੱਖ ਧਾਰਾ ਦੇ ਟੀ ਵੀ ਚੈਨਲਾਂ ਨੇ ਇਹ ਕੰਮ ਫੜ ਲਿਆ ਜਾਪਦਾ ਹੈ। ਕੀ ਸਾਡੇ ਮੁਲਕ ਵਿਚ ਹੋਰ ਕੋਈ ਸਮੱਸਿਆ ਨਹੀਂ, ਜਿਸ ’ਤੇ ਵਿਚਾਰ ਕਰਨ ਦੀ ਲੋੜ ਹੈ? ਕੀ ਲੋਕਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਹੋਰ ਕੋਈ ਮਸਲੇ ਨਹੀਂ ਹਲੂਣਦੇ, ਜਿਨ੍ਹਾਂ ਬਾਰੇ ਉਹ ਜਾਣਨਾ ਚਾਹੁੰਦੇ ਹੋਣ?

ਇਕ ਮਹਾਂ-ਮੂਰਖ ਦਿੱਲੀ ਸਰਕਾਰ ਦਾ ਮੰਤਰੀ ਸੰਦੀਪ ਕੁਮਾਰ ਹੈ ਜਿਸਨੇ ਆਪਣੇ ਜਿਸਮਾਨੀ ਸਬੰਧਾਂ ਦੀ ਫਿਲਮ ਬਣਾਈ (ਜਾਂ ਬਣਨ ਦਿੱਤੀ) ਅਤੇ ਇਸਦੀ ਸਜ਼ਾ ਉਸ ਨੂੰ ਮਿਲ ਗਈ ਹੈ। ਉਸਦਾ ਮੰਤਰੀ-ਅਹੁਦਾ ਖੋਹ ਲਿਆ ਗਿਆ ਹੈ। ਗੱਲ ਇੱਥੇ ਮੁੱਕ ਜਾਣੀ ਚਾਹੀਦੀ ਸੀ, ਪਰ ਮੁੱਕੀ ਨਹੀਂ। ਕਿਉਂ?

ਕਿਉਂਕਿ ਦੂਜੇ ਪਾਸੇ ਮਹਾਂ-ਦੋਗਲੇ ਅਸੀਂ ਲੋਕ ਹਾਂ (ਚੈਨਲਾਂ ਦੇ ਐਂਕਰਾਂ ਤੋਂ ਲੈ ਕੇ ਦਰਸ਼ਕਾਂ ਤਕ) ਜੋ ਇਸ ਸਾਰੀ ਘਟਨਾ ਨੂੰ ਇੰਨਾ ਤੂਲ ਦੇ ਰਹੇ ਹਾਂ ਜਿਵੇਂ ਕੋਈ ਅਣਹੋਣੀ ਹੋ ਗਈ ਹੋਵੇ। ਦੋ ਬਾਲਗ ਲੋਕਾਂ ਦੇ ਆਪਸੀ ਸਬੰਧਾਂ ਬਾਰੇ ਕੀ ਇਹੋ ਜਿਹੀ ਗੱਲ ਪਹਿਲੀ ਵਾਰ ਸੁਣਨ ਵਿਚ ਆਈ ਹੈ? ਕੀ ਸੰਤਾਂ ਤੋਂ ਲੈ ਕੇ ਸਿਆਸੀ ਆਗੂਆਂ ਤਕ ਦੇ ਇਹੋ ਜਿਹੇ ਵੀਡੀਓ ਪਹਿਲੋਂ ਕਦੇ ਨਸ਼ਰ ਹੋਏ ਸੁਣਨ ਵਿਚ ਨਹੀਂ ਆਏ? ਨਾਲੇ ਅਜੇ ਤਕ ਕੋਈ ਇਹੋ ਜਿਹਾ ਇਲਜ਼ਾਮ ਵੀ ਨਹੀਂ ਲੱਗਾ ਕਿ ਮੰਤਰੀ ਸਾਹਬ ਆਪਣੇ ਅਹੁਦੇ ਦਾ ਫ਼ਾਇਦਾ ਉਠਾ ਕੇ ਕਿਸੇ ਮਜਬੂਰ ਦੀ ਵਰਤੋਂ ਕਰ ਰਹੇ ਸਨ। ਤੇ ਫੇਰ ਏਡੀ ਉਤੇਜਨਾ ਕਾਹਦੀਮੰਤਰੀ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ ਹੈਹੁਣ ਗੱਲ ਨੂੰ ਮੁੱਕ ਜਾਣ ਦਿਓ। ਪਰ ਨਹੀਂ, ਅਸੀਂ ਚਸਕਾ ਵੀ ਲਈ ਜਾਣਾ ਹੈ, ਅਤੇ ਨਾਲ ਹੀ ਸ਼ਰਾਫ਼ਤ ਬਾਰੇ ਪ੍ਰਵਚਨ ਵੀ ਕਰੀ ਜਾਣੇ ਹਨ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕਿਸੇ ਹੋਰ ਦੇ ਸਰੀਰਕ-ਸਬੰਧਾਂ ਦੀ ਨਿਖੇਧੀ ਬਾਰੇ ਅਸੀਂ ਇੰਨਾ ਰੌਲਾ ਕਿਤੇ ਇਸ ਲਈ ਤਾਂ ਨਹੀਂ ਪਾਉਂਦੇ ਕਿਉਂਕਿ ਅਸੀਂ ਦਰਅਸਲ ਆਪਣੀ ਬੁੱਕਲ ਵਿਚਲੇ ਚੋਰ ਨੂੰ ਰਤਾ ਹੋਰ ਕੱਸ ਕੇ ਲੁਕਾਉਣ ਦੀ ਕੋਸ਼ਿਸ਼ ਰਹੇ ਹੁੰਦੇ ਹਾਂ!

ਇਸ ਕਿੱਸੇ ਨਾਲ ਜੁੜਿਆ ਇਕ ਹੋਰ ਪਹਿਲੂ ਵੀ ਵਿਚਾਰਨ ਵਾਲਾ ਹੈ। ਦੋ ਬਾਲਗ ਲੋਕਾਂ ਦੇ ਨਿੱਜੀ ਸਹਿਮਤੀ ਨਾਲ ਹੋਏ ਸਬੰਧਾਂ ਬਾਰੇ ਕਿੰਤੂ ਕਰਨ ਵਾਲੇ ਉਨ੍ਹਾਂ ਦੇ ਨੇੜਲੇ ਲੋਕ ਹੀ ਹੋਣੇ ਚਾਹੀਦੇ ਹਨ, ਹਰ ਜਣਾ-ਖਣਾ ‘ਸਮਾਜ ਸੁਧਾਰਕ’ ਨਹੀਂ। ਜੇ ਸੰਦੀਪ ਕੁਮਾਰ ਆਪਣੇ ਬਚਾ ਵਿਚ ਇਹ ਗੱਲ ਆਖੇ ਕਿ ਮੇਰੇ ਕੋਲੋਂ ਗਲਤੀ ਹੋਈ ਪਰ ਇਹ ਮੇਰਾ ਨਿੱਜੀ ਮਾਮਲਾ ਹੈ, ਤਾਂ ਮੈਂ (ਅਤੇ ਮੇਰੇ ਵਰਗੇ ਬਹੁਤ ਸਾਰੇ ਹੋਰ) ਉਸਦੇ ਨਾਲ ਸਹਿਮਤ ਹੋਵਾਂਗੇ। ਪਰ ਉਸਦਾ ਇਹ ਪੈਂਤੜਾ ਕਿ ਉਸ ਨੂੰ ‘ਦਲਿਤ’ ਹੋਣ ਕਾਰਨ ਫਸਾਇਆ ਜਾ ਰਿਹਾ ਹੈ, ਨਿਹਾਇਤ ਬੋਗਸ ਅਤੇ ਨਿਖੇਧੀ-ਯੋਗ ਹੈ। ਇਸ ਢਕੌਂਸਲੇ ਨਾਲ ਉਹ ਆਪਣੇ ਪੱਖ ਨੂੰ ਕਮਜ਼ੋਰ ਕਰ ਰਿਹਾ ਹੈ, ਮਜ਼ਬੂਤ ਨਹੀਂ। ਮੰਤਰੀ-ਪੱਧਰ ਦੇ ਮਨੁੱਖ ਦਾ ਇਹੋ ਜਿਹੇ ਮਾਮਲੇ ਵਿਚ ਫਸ ਜਾਣ ਉੱਤੇ ‘ਦਲਿਤ’ ਹੋਣ ਦਾ ਪੱਤਾ ਖੇਡਣਾ ਉਸ ਵੱਲੋਂ ਆਪਣੇ ਉਨ੍ਹਾਂ ਦਲਿਤ ਵੀਰਾਂ ਨਾਲ ਸਰਾਸਰ ਨਾ-ਇਨਸਾਫ਼ੀ ਹੈ, ਜੋ ਸੱਚਮੁੱਚ ਰੋਜ਼ਾਨਾ ਜ਼ਿੰਦਗੀ ਵਿਚ ਦਲਿਤ ਹੋਂਦ ਦਾ ਸੰਤਾਪ ਭੋਗਦੇ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਦੀਪ ਕੁਮਾਰ ਨੂੰ ਅਹੁਦਿਉਂ ਲਾਹੁਣ ਵਿਚ ਰਤਾ ਵੀ ਢਿੱਲ ਨਹੀਂ ਕੀਤੀ ਅਤੇ ਮਾਮਲੇ ਨੂੰ ਅੱਗੇ ਵਧਣ ਨਹੀਂ ਦਿੱਤਾ। ਇਸ ਗੱਲ ਨੂੰ ਉਹ ਵਾਰ-ਵਾਰ ਦੁਹਰਾ ਵੀ ਰਹੇ ਹਨ ਕਿ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਨਾਲੋਂ ਵੱਖਰੀ ਹੈ ਅਤੇ ਇਹੋ ਜਿਹੇ ਮਾਮਲਿਆਂ ਨੂੰ ਬਿਲਕੁਲ ਸਹਿਣ ਨਹੀਂ ਕਰਦੀ। ਉਨ੍ਹਾਂ ਇੱਥੋਂ ਤਕ ਕਹਿ ਦਿੱਤਾ ਹੈ ਕਿ ਪਾਰਟੀ ਭਾਵੇਂ ਖਤਮ ਹੋ ਜਾਵੇ, ਉਨ੍ਹਾਂ ਨੂੰ ਕੋਈ ਪਰਵਾਹ ਨਹੀਂ, ਪਰ ਉਹ ਅਜਿਹੇ ਜਾਂ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਵਿਚ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕਰਨਗੇ। ਇਹ ਲਫ਼ਜ਼ ਕਹਿੰਦਿਆਂ ਸ਼ਾਇਦ ਉਨ੍ਹਾਂ ਦੇ ਮਨ ਵਿਚ ਕੁਝ ਹੀ ਦਿਨ ਪਹਿਲਾਂ ਨਸ਼ਰ ਹੋਈ ਸੁੱਚਾ ਸਿੰਘ ਛੋਟੇਪੁਰ ਵਾਲੀ ਵੀਡੀਓ ਦਾ ਝਾਉਲਾ ਵੀ ਸਾਹਮਣੇ ਰਿਹਾ ਹੋਵੇ। ਨੈਤਿਕਤਾ ਜਾਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਅਰਵਿੰਦ ਕੇਜਰੀਵਾਲ ਦੇ ਇਹੋ ਜਿਹੇ ਸਖਤ ਰੁਖ ਜਾਂ ਤੱਤ-ਫੱਟ ਫੈਸਲੇ ਸੱਚਮੁੱਚ ਬਾਕੀ ਦਲਾਂ ਦੇ ਇਹੋ ਜਿਹੇ ਸਮਿਆਂ ਉੱਤੇ ਨਜ਼ਰ ਆਉਣ ਵਾਲੇ ਜੱਕੋਤੱਕਿਆਂ ਤੋਂ ਲਾਂਭੇ ਦਿਸਦੇ ਹਨ। ਪਰ ਕੁਝ ਸਿਧਾਂਤਕ ਮਾਮਲਿਆਂ ਵਿਚ ਅਰਵਿੰਦ ਕੇਜਰੀਵਾਲ ਓਨੀ ਹੀ ਕਾਹਲ ਨਾਲ ਗੋਡੇ ਟੇਕਦੇ ਵੀ ਨਜ਼ਰ ਆਉਂਦੇ ਹਨ।

ਅਜੇ ਕੁਝ ਹੀ ਦਿਨ ਪਹਿਲਾਂ ਹਰਿਆਣਾ ਅਸੰਬਲੀ ਨੂੰ ਜੈਨ ਮੁਨੀ ਤਰੁਨ ਸਾਗਰ ਨੇ ਆਪਣੇ ਧਰਮ ਦੀ ਰਵਾਇਤ ਮੁਤਾਬਕ ਨਗਨ ਅਵਸਥਾ ਵਿਚ ਸੰਬੋਧਨ ਕੀਤਾ ਸੀ ਜਿਸ ਗੱਲ ਦੀ ਤਰਕਸ਼ੀਲ ਅਤੇ ਧਰਮ-ਨਿਰਪੱਖ ਲੋਕਾਂ ਵਲੋਂ ਕਾਫ਼ੀ ਆਲੋਚਨਾ ਹੋਈ। ਬਹੁਤਾ ਇਸ ਕਰਕੇ ਕਿ ਇਕ ਤਾਂ ਅਸੰਬਲੀ ਸੰਤਾਂ ਦੇ ਪ੍ਰਵਚਨਾਂ ਲਈ ਬਣੀ ਥਾਂ ਨਹੀਂ (ਅੱਜ ਜੇ ਕੋਈ ਜੈਨ ਸਾਧੂ ਆ ਸਕਦਾ ਹੈ ਤਾਂ ਫੇਰ ਕਲ ਕਿਸੇ ਨਿਹੰਗ ਜਾਂ ਮੌਲਵੀ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ) ਅਤੇ ਦੂਜੇ ਇਸ ਕਾਰਨ ਕਿ ਇਹ ਇਕ ਮਾੜੀ ਪਿਰਤ ਦੀ ਸ਼ੁਰੂਆਤ ਹੈ (ਅੱਜ ਹਰਿਆਣੇ ਦੀ ਅਸੰਬਲੀ ਵਿਚ ਸੰਤ ਸਦੇ ਗਏ ਹਨ, ਕੱਲ੍ਹ ਨੂੰ ਪਾਰਲੀਮੈਂਟ ਵਿਚ ਸਤਦਣੇ ਸ਼ੁਰੂ ਕਰ ਦਿਓਗੇ) ਸੋਸ਼ਲ ਮੀਡੀਏ ਉੱਤੇ ਆਮ ਆਦਮੀ ਪਾਰਟੀ ਦੇ ਸਰਗਰਮ ਸਮਰਥਕ ਅਤੇ ਮੈਂਬਰ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਵੀ ਆਪਣੀਆਂ ਟਵੀਟਾਂ ਰਾਹੀਂ ਇਸ ਵਾਪਰਨੀ ਦੀ ਬਹੁਤ ਕਾਟਵੇਂ ਸ਼ਬਦਾਂ ਵਿਚ ਆਲੋਚਨਾ ਕੀਤੀ ਸੀਅੰਗਰੇਜ਼ੀ ਦੇ ਸ਼ਬਦ ਮੰਕ (ਸੰਤ) ਅਤੇ ਮੌਕਰੀ (ਖਿੱਲੀ ਉਡਾਉਣਾ) ਨੂੰ ਜੋੜ ਕੇ ਉਸਨੇ ਇਕ ਨਵਾਂ ਸ਼ਬਦ ‘ਮੰਕਰੀ’ ਘੜ ਕੇ ਲਿਖਿਆ ਸੀ ਕਿ ਕਿਸੇ ਮੁਨੀ ਨੂੰ ਅਸੰਬਲੀ ਵਿਚ ਬੁਲਾਉਣਾ ‘ਸੰਵਿਧਾਨ ਦੀ ਮੰਕਰੀ (ਯਾਨੀ ਕਿਸੇ ਸੰਤ ਰਾਹੀਂ ਸੰਵਿਧਾਨ ਦੀ ਖਿੱਲੀ ਉਡਾਉਣ) ਦੇ ਤੁਲ ਹੈ’ ਇਹ ਨਵੀਂ ਸ਼ਬਦ ਘਾੜ ਸੁਣਨ ਵਿਚ ਬਾਂਦਰ ਲਈ ਵਰਤੇ ਜਾਂਦੇ ਅੰਗਰੇਜ਼ੀ ਸ਼ਬਦ ‘ਮੰਕੀ’ ਨਾਲ ਮੇਲ ਖਾਂਦੀ ਹੋਣ ਕਰਕੇ ਜੈਨ ਮਤ ਦੇ ਹੀ ਨਹੀਂ, ਬਹੁਤ ਸਾਰੇ ਹੋਰ ਸ਼ਰਧਾਵਾਨ ਲੋਕ ਵੀ ਡਡਲਾਨੀ ਦੇ ਪਿੱਛੇ ਪੈ ਗਏ, ਅਤੇ ਉਸਨੇ ਇਹ ਕਹਿੰਦਿਆਂ ਮੁਆਫ਼ੀ ਵੀ ਮੰਗ ਲਈ ਕਿ ਉਸਦੀ ਮਨਸ਼ਾ ਕਿਸੇ ਧਰਮ ਦੇ ਲੋਕਾਂ ਨੂੰ ਛੁਟਿਆਉਣਾ ਨਹੀਂ, ਇਕ ਗੈਰ-ਸੰਵਿਧਾਨਕ ਵਰਤਾਰੇ ਵਲ ਧਿਆਨ ਦੁਆਉਣਾ ਸੀ। ਪਰ ਗੱਲ ਇੱਥੇ ਹੀ ਨਾ ਮੁੱਕੀ, ਵਿਸ਼ਾਲ ਡਡਲਾਨੀ ਨੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿੱਪ ਤੋਂ ਵੀ ਅਸਤੀਫ਼ਾ ਦੇ ਦਿੱਤਾ। ਆਪ ਦੇ ਸਰਗਰਮ ਸਮਰਥਕ ਵਿਸ਼ਾਲ ਡਡਲਾਨੀ ਅਤੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਵਿਚਕਾਰ ਅੰਦਰਖਾਤੇ ਕੀ ਵਿਚਾਰ-ਵਟਾਂਦਰਾ ਹੋਇਆਇਸਦੀ ਕੋਈ ਉੱਘ ਸੁੱਘ ਨਾ ਨਿਕਲੀ, ਪਰ ਕੁਝ ਤਾਂ ਜ਼ਰੂਰ ਹੋਇਆ ਕਿ ਡਡਲਾਨੀ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ। ਪਰ ਤਾਂ ਵੀ ਮਾਮਲਾ ਇੱਥੇ ਤਕ ਹੀ ਸੀਮਤ ਨਾ ਰਿਹਾ।

ਵਿਸ਼ਾਲ ਡਡਲਾਨੀ ਦੇ ਜੈਨ ਮੁਨੀ ਕੋਲੋਂ ਸਿੱਧੇ ਮੁਆਫ਼ੀ ਮੰਗ ਲੈਣ, ਪਾਰਟੀ ਤੋਂ ਅਸਤੀਫ਼ਾ ਦੇ ਦੇਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਨੇ ਨਿੱਜੀ ਤੌਰ ਉੱਤੇ ਟਵੀਟ ਰਾਹੀਂ ਇਹ ਬਿਆਨ ਦੇਣ ਦੀ ਫੇਰ ਵੀ ਲੋੜ ਸਮਝੀ ਕਿ ਆਮ ਆਦਮੀ ਪਾਰਟੀ ਜੈਨ ਮੁਨੀ ਤਰੁਨ ਸਾਗਰ ਦਾ ਡੂੰਘਾ ਸਤਕਾਰ ਕਰਦੀ ਹੈ ਅਤੇ ਉਨ੍ਹਾਂ ਦਾ ਆਪਣਾ ਪਰਵਾਰ ਵੀ ਉਨ੍ਹਾਂ ਦੇ ਪ੍ਰਵਚਨ ਸੁਣਨ ਜਾਂਦਾ ਹੈ।

ਕਿਸੇ ਪਾਰਟੀ ਦੇ ਮੁਖੀ, ਇਕ ਸੂਬੇ ਦੇ ਮੁੱਖ ਮੰਤਰੀ ਵਲੋਂ ਇਹੋ ਜਿਹਾ ਬਿਆਨ ਆਉਣ ਪਿੱਛੇ ਕੀ ਮਜਬੂਰੀ ਸੀ? ਕੀ ਵਿਸ਼ਾਲ ਡਡਲਾਨੀ ਦਾ ਮਾਫ਼ੀ ਮੰਗ ਲੈਣਾ ਕਾਫ਼ੀ ਨਹੀਂ ਸੀ? ਤੱਤ-ਫੱਟ ਫੈਸਲੇ ਲੈਣ ਵਾਲੇ, ਅਤੇ ਸੋਸ਼ਲ ਮੀਡੀਆ ਨੂੰ ਖੁੱਲ੍ਹ ਕੇ ਵਰਤਣ ਵਾਲੇ ਅਰਵਿੰਦ ਕੇਜਰੀਵਾਲ ਨੇ ਇਕ ਵੀ ਸ਼ਬਦ ਇਸ ਬਾਰੇ ਨਹੀਂ ਕਿਹਾ ਕਿ ਕਿਸੇ ਧਾਰਮਕ ਆਗੂ ਨੂੰ ਅਸੰਬਲੀ ਵਿਚ ਬੁਲਾਉਣ ਦੇ ਸਹੀ ਜਾਂ ਗਲਤ ਹੋਣ ਬਾਰੇ ਉਨ੍ਹਾਂ ਦੀ ਬਤੌਰ ਸੈਕੂਲਰ, ਸੰਵਿਧਾਨਕ ਅਹੁਦੇਦਾਰ ਕੀ ਰਾਏ ਹੈ।. ਜੇ ਉਹ ਦੇਣਾ ਹੀ ਚਾਹੁੰਦੇ ਸਨ ਤਾਂ ਆਪਣੀ ਰਾਏ ਇਸ ਵਰਤਾਰੇ ਬਾਰੇ ਵੀ ਦੇਂਦੇ: ਭਲਾ ਆਮ ਆਦਮੀ ਦਾ ਇਸ ਗੱਲ ਨਾਲ ਕੀ ਲੈਣਾ ਦੇਣਾ ਕਿ ਕੇਜਰੀਵਾਲ ਦਾ ਆਪਣਾ ਪਰਵਾਰ ਕਿਸ ਦੇ ਪ੍ਰਵਚਨ ਸੁਣਨ ਜਾਂਦਾ ਹੈ, ਜਾਂ ਨਹੀਂ ਜਾਂਦਾ!

ਆਪਣੇ ਆਗੂ ਵਿਚਲੀਆਂ ਇਨ੍ਹਾਂ ਕਮਜ਼ੋਰੀਆਂ ਬਾਰੇ ਕੁਝ ਵਿਚਾਰ ਉਨ੍ਹਾਂ ਦੇ ਤਰਕਸ਼ੀਲ ਪੈਰੋਕਾਰਾਂ ਨੂੰ ਵੀ ਕਰਨ ਦੀ ਲੋੜ ਹੈ।

*****

(420)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author