BalrajSidhu7ਇੱਥੋਂ ਸੂਈ ਨਾਮਕ ਸਥਾਨ ਤੋਂ ਮਿਲਣ ਵਾਲੀ ਕੁਦਰਤੀ ਗੈਸ (ਸੂਈ ਗੈਸ) ਦੀ ਸਪਲਾਈ ...
(31 ਅਗਸਤ 2016)

 

ਭਾਰਤ ਸਰਕਾਰ ਨੇ ਪਾਕਿਸਤਾਨ ਦੇ ਗੜਬੜ ਗ੍ਰਸਤ ਸੂਬੇ ਬਲੋਚਿਸਤਾਨ ਦੇ ਹਾਲਾਤ ਬਾਰੇ ਬਿਆਨ ਦੇ ਕੇ ਪਾਕਿਸਤਾਨ ਦੀ ਦੁਖਦੀ ਰਗ ਨੂੰ ਛੇੜ ਦਿੱਤਾ ਹੈ। ਹਮੇਸ਼ਾ ਕਸ਼ਮੀਰ ਦਾ ਰੋਣਾ ਰੋਣ ਵਾਲੇ ਪਾਕਿਸਤਾਨ ਨੂੰ ਇਸ ਬਿਆਨ ਨਾਲ ਬਹੁਤ ਢਿੱਡ ਪੀੜ ਹੋਈ ਹੈ। ਭਾਰਤ ਦੀ ਵੇਖਾ ਵੇਖੀ ਹੁਣ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਵੀ ਬਲੋਚਿਸਤਾਨ ਦੇ ਹਾਲਾਤ ਬਾਰੇ ਫਿਕਰਮੰਦੀ ਜ਼ਾਹਿਰ ਕੀਤੀ ਹੈ। ਬਲੋਚਿਸਤਾਨ ਦੀ ਸਮੱਸਿਆ 1947 ਵਿੱਚ ਅਜ਼ਾਦੀ ਮਿਲਦੇ ਸਾਰ ਹੀ ਸ਼ੁਰੂ ਹੋ ਗਈ ਸੀ। ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ। ਇਸ ਦਾ ਕੁੱਲ ਖੇਤਰਫਲ 347190 ਸੁਕੇਅਰ ਕਿ.ਮੀ. ਹੈ। ਪਾਕਿਸਤਾਨ ਦੀ 44% ਧਰਤੀ ਇਸ ਦੇ ਕਬਜ਼ੇ ਹੇਠ ਹੈ। ਪਰ ਇਸ ਦੀ ਅਬਾਦੀ ਬਹੁਤ ਹੀ ਘੱਟ (13162222) ਹੈ। ਇਹ ਪਾਕਿਸਤਾਨ ਦੀ ਕੁੱਲ ਅਬਾਦੀ ਦਾ ਸਿਰਫ 15% ਹੈ। ਇਸ ਪੱਛੜੇ ਹੋਏ ਅਰਧ ਮਾਰੂਥਲੀ ਸੂਬੇ ਦੀਆਂ ਹੱਦਾਂ ਇਰਾਨ, ਅਫਗਾਨਿਸਤਾਨ ਅਤੇ ਅਰਬ ਸਾਗਰ ਨਾਲ ਲੱਗਦੀਆਂ ਹਨ। ਇੱਥੋਂ ਸੂਈ ਨਾਮਕ ਸਥਾਨ ਤੋਂ ਮਿਲਣ ਵਾਲੀ ਕੁਦਰਤੀ ਗੈਸ (ਸੂਈ ਗੈਸ) ਦੀ ਸਪਲਾਈ ਪਾਕਿਸਤਾਨ ਦੇ ਘਰ ਘਰ ਵਿੱਚ ਹੁੰਦੀ ਹੈ। ਇਸ ਦੀ ਰਾਜਧਾਨੀ ਕੋਇਟਾ ਸੁਲੇਮਾਨ ਪਹਾੜਾਂ ਵਿੱਚ ਬਹੁਤ ਹੀ ਰਮਣੀਕ ਠੰਢੀ ਪਹਾੜੀ ਸੈਰਗਾਹ ਹੈ।

ਬਲੋਚਿਸਤਾਨ ਦੀ ਹਿੰਸਾ ਵਿੱਚ ਹੁਣ ਤੱਕ 20000 ਦੇ ਕਰੀਬ ਬਾਗੀ ਅਤੇ ਆਮ ਨਾਗਰਿਕ ਮਾਰੇ ਜਾ ਚੁੱਕੇ ਹਨ ਅਤੇ ਡੇਢ ਲੱਖ ਦੇ ਕਰੀਬ ਬੇਘਰ ਹੋ ਚੁੱਕੇ ਹਨ। ਹਜ਼ਾਰਾਂ ਬਲੋਚ ਫੌਜ ਅਤੇ ਪੁਲਿਸ ਨੇ ਗਾਇਬ ਕਰ ਦਿੱਤੇ ਹਨ। ਇਹ ਗੁਰੀਲਾ ਯੁੱਧ ਪਾਕਿਸਤਾਨ ਅਤੇ ਇਰਾਨ ਦੇ ਬਲੋਚ ਬਹੁਗਿਣਤੀ ਵਾਲੇ ਸੀਸਤਾਨ ਪ੍ਰਾਂਤ ਵਿੱਚ ਚੱਲ ਰਿਹਾ ਹੈ। ਬਲੋਚ ਬਾਗੀ ਆਪਣੀ ਕੁਦਰਤੀ ਗੈਸ ਅਤੇ ਖਣਿਜ ਪਦਾਰਥਾਂ ਤੋਂ ਹੋਣ ਵਾਲੀ ਆਮਦਨ ਵਿੱਚੋਂ ਜ਼ਿਆਦਾ ਰਾਇਲਟੀ ਅਤੇ ਪਾਕਿਸਤਾਨ ਤੋਂ ਅਜ਼ਾਦੀ ਚਾਹੁੰਦੇ ਹਨ। ਅਸਲ ਵਿੱਚ ਸਾਰੇ ਪਾਕਿਸਤਾਨ ਵਿੱਚ ਪੰਜਾਬੀਆਂ ਦਾ ਗਲਬਾ ਹੈ। 45% ਅਬਾਦੀ ਕਾਰਨ ਉਹ ਨੌਕਰੀਆਂ ਅਤੇ ਵਪਾਰ ਵਿੱਚ ਛਾਏ ਪਏ ਹਨ। ਪੁਲਿਸ ਅਤੇ ਫੌਜ ਵਿੱਚ ਉਹਨਾਂ ਦਾ ਏਕਾਧਿਕਾਰ ਹੈ। ਬਾਕੀ ਸਾਰੇ ਸੂਬੇ ਪੰਜਾਬੀਆਂ ਨੂੰ ਬਹੁਤ ਨਫਰਤ ਕਰਦੇ ਹਨ।

ਬਲੋਚਿਸਤਾਨ ਵਿੱਚ ਹੁਣ ਤੱਕ 1948, 1958-59, 1962-63 ਅਤੇ 1973-77 ਵਿੱਚ ਬਗਾਵਤਾਂ ਹੋ ਚੁੱਕੀਆਂ ਹਨ। 2003 ਤੋਂ ਸ਼ੁਰੂ ਹੋਈ ਅਜੋਕੀ ਬਗਾਵਤ ਬਹੁਤ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਗੁਆਂਢੀ ਅਫਗਾਨਿਸਤਾਨ ਵਿੱਚ ਚੱਲ ਰਹੀ ਗੜਬੜ ਨੇ ਇਸ ਅੱਗ ਵਿੱਚ ਘਿਉ ਦਾ ਕੰਮ ਕੀਤਾ ਹੈ। ਬਲੋਚ ਬਾਗੀ ਕੇਂਦਰੀ ਸਰਕਾਰ ਦੇ ਕਈ ਵੱਡੇ ਅਦਾਰਿਆਂ ਉੱਤੇ ਹਮਲੇ ਚੁੱਕੇ ਹਨ। ਕੋਇਟਾ ਦੀ ਛਾਉਣੀ ਅਤੇ ਗਵਾਦਰ ਬੰਦਰਗਾਹ ਉੱਤੇ ਹਮਲੇ ਕਰਕੇ ਕਈ ਸੀਨੀਅਰ ਅਧਿਕਾਰੀ ਕਤਲ ਕਰ ਦਿੱਤੇ ਹਨ।

ਅਰਬਾਂ ਡਾਲਰ ਦੀ ਗੈਸ ਅਤੇ ਖਣਿਜਾਂ ਦਾ ਮਾਲਕ ਹੋਣ ਦੇ ਬਾਵਜੂਦ ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਗਰੀਬ ਸੂਬਾ ਹੈ। ਇਸ ਦੇ ਸ਼ਹਿਰ, ਪਿੰਡ ਅਤੇ ਸੜਕਾਂ ਅਜੇ ਵੀ ਮੱਧ ਯੁੱਗ ਦਾ ਭੁਲੇਖਾ ਪਾਉਂਦੇ ਹਨ। ਹਜ਼ਾਰਾਂ ਪਿੰਡਾਂ ਵਿੱਚ ਬਿਜਲੀ ਅਤੇ ਪੀਣ ਵਾਲਾ ਪਾਣੀ ਨਹੀਂ ਹੈ। ਉਠਾਂ ਉੱਤੇ ਪੀਣ ਵਾਲਾ ਪਾਣੀ ਢੋਂਦੇ ਕਾਫਲੇ ਆਮ ਦ੍ਰਿਸ਼ ਹੈ। ਫਸਲਾਂ ਵੀ ਜ਼ਿਆਦਾ ਨਹੀਂ ਹੁੰਦੀਆਂ। ਜ਼ਿਆਦਾਤਰ ਲੋਕ ਅਜੇ ਵੀ ਭੇਡ ਬੱਕਰੀਆਂ ਅਤੇ ਊਠ ਪਾਲ ਕੇ ਗੁਜ਼ਾਰਾ ਕਰਦੇ ਹਨ।

ਬਲੋਚਿਸਤਾਨ ਦੇ ਸਭ ਤੋਂ ਵੱਡੇ ਬਾਗੀ ਗਰੁੱਪ ‘ਬਲੋਚਿਸਤਾਨ ਲਿਬਰੇਸ਼ਨ ਆਰਮੀ’ ਅਤੇ ‘ਲਸ਼ਕਰੇ ਬਲੋਚਿਸਤਾਨ’ ਹਨ। ਇਹਨਾਂ ਗਰੁੱਪਾਂ ਨੇ ਫੌਜ, ਪੁਲਿਸ ਅਤੇ ਸਿਵਲ ਅਧਿਕਾਰੀਆਂ ਉੱਤੇ ਸੈਂਕੜੇ ਹਮਲੇ ਕੀਤੇ ਹਨ। ਇਸ ਸਮੱਸਿਆ ਦਾ ਮੁੱਢ 1666 ਈ. ਵਿੱਚ ਕਲਾਤ ਰਿਆਸਤ ਦੀ ਸਥਾਪਨਾ ਨਾਲ ਬੱਝਾ ਸੀ। 1758 ਵਿੱਚ ਇਸ ਦੇ ਨਵਾਬ ਮੀਰ ਨਸੀਰ ਖਾਨ ਨੇ ਅਹਿਮਦ ਸ਼ਾਹ ਅਬਦਾਲੀ ਦੀ ਅਧੀਨਤਾ ਸਵੀਕਾਰ ਕਰ ਲਈ ਸੀ। ਕਲਾਤ ਰਿਆਸਤ ਦੇ ਬਲੋਚਾਂ ਨੇ ਅਬਦਾਲੀ ਦੇ ਸਿੱਖਾਂ ਉੱਤੇ ਹਮਲਿਆਂ ਅਤੇ ਪਾਣੀਪੱਤ ਦੀ ਤੀਸਰੀ ਜੰਗ ਵਿੱਚ ਵੱਡਾ ਹਿੱਸਾ ਲਿਆ ਸੀ।

1869 ਈ. ਵਿੱਚ ਅੰਗਰੇਜਾਂ ਨੇ ਸਾਰੇ ਬਲੋਚਿਸਤਾਨ ਉੱਤੇ ਕਬਜ਼ਾ ਜਮਾ ਲਿਆ। 20ਵੀਂ ਸਦੀ ਵਿੱਚ ਪੜ੍ਹੇ ਲਿਖੇ ਮੱਧ ਵਰਗ ਨੇ ਬਲੋਚਿਸਤਾਨ ਨੂੰ ਅਜ਼ਾਦ ਦੇਸ਼ ਬਣਾਉਣ ਲਈ ਅੰਗਰੇਜਾਂ ਦੇ ਖਿਲਾਫ ਅੰਦੋਲਨ ਛੇੜ ਦਿੱਤਾ। ਅਜ਼ਾਦੀ ਵੇਲੇ ਬਲੋਚਿਸਤਾਨ ਮਰਕਾਨ, ਲਸਬੇਲਾ, ਖਾਰਾਨ ਅਤੇ ਕਲਾਤ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਭਾਰਤ ਦੀਆਂ ਸਾਰੀਆਂ 535 ਰਿਆਸਤਾਂ ਨੂੰ ਅੰਗਰੇਜ਼ਾਂ ਨੇ ਕਿਸੇ ਵੀ ਦੇਸ਼ ਵਿੱਚ ਸ਼ਾਮਲ ਹੋਣ ਜਾਂ ਅਜ਼ਾਦ ਰਹਿਣ ਦੀ ਖੁੱਲ੍ਹ ਦੇ ਦਿੱਤੀ। ਕਲਾਤ ਨੂੰ ਛੱਡ ਕੇ ਬਾਕੀ ਤਿੰਨ ਰਿਆਸਤਾਂ ਪਾਕਿਸਤਾਨ ਵਿੱਚ ਸ਼ਾਮਲ ਹੋ ਗਈਆਂ। ਪਰ ਕਲਾਤ ਦੇ ਖਾਨ ਅਹਿਮਦ ਯਾਰ ਖਾਨ ਨੇ ਖੁਦ ਨੂੰ ਅਜ਼ਾਦ ਐਲਾਨ ਦਿੱਤਾ। 27 ਮਾਰਚ 1948 ਨੂੰ ਪਾਕਿਸਤਾਨੀ ਫੌਜ ਨੇ ਧਾਵਾ ਬੋਲ ਕੇ ਕਲਾਤ ’ਤੇ ਕਬਜ਼ਾ ਜਮਾ ਲਿਆ। ਖਾਨ ਨੇ ਡਰਦੇ ਮਾਰੇ ਰਲੇਵੇਂ ਦੇ ਦਸਤਾਵੇਜ਼ਾਂ ਉੱਤੇ ਦਸਤਖਤ ਕਰ ਦਿੱਤੇ। 1955 ਪਾਕਿਸਤਾਨ ਸਰਕਾਰ ਨੇ ਸਾਰੀਆਂ ਰਿਆਸਤਾਂ ਜ਼ਬਤ ਕਰ ਲਈਆਂ। 1958 ਵਿੱਚ ਇਸ ਜ਼ਬਤੀ ਦੇ ਖਿਲਾਫ ਨਵਾਬ ਨੌਰੋਜ਼ ਖਾਨ ਨੇ ਬਗਾਵਤ ਕਰ ਦਿੱਤੀ। ਇੱਕ ਸਾਲ ਦੀ ਲੜਾਈ ਤੋਂ ਬਾਅਦ 1959 ਵਿੱਚ ਉਸ ਨੂੰ ਹਰਾ ਕੇ ਹੈਦਰਾਬਾਦ ਵਿੱਚ ਕੈਦ ਕਰ ਲਿਆ ਗਿਆ। ਉਸ ਦੇ ਤਿੰਨ ਪੁੱਤਰ ਅਤੇ ਦੋ ਭਤੀਜੇ ਫਾਂਸੀ ਉੱਤੇ ਲਟਕਾ ਦਿੱਤੇ ਗਏ। ਨਵਾਬ ਵੀ ਕੈਦ ਵਿੱਚ ਹੀ ਮਰ ਗਿਆ।

1956 ਵਿੱਚ ਪ੍ਰਧਾਨ ਮੰਤਰੀ ਸਿਕੰਦਰ ਮਿਰਜ਼ਾ ਨੇ ਸਾਰੇ ਪਾਕਿਸਤਾਨ ਨੂੰ ਇੱਕ ਯੂਨਿਟ ਘੋਸ਼ਿਤ ਕਰ ਦਿੱਤਾ। ਇਸ ਦੇ ਖਿਲਾਫ ਅਤੇ ਬਲੋਚਿਸਤਾਨ ਦੀ ਇਤਿਹਾਸਿਕ ਪਹਿਚਾਣ ਬਚਾਉਣ ਲਈ ਮੜ੍ਹੀ ਕਬੀਲੇ ਦੇ ਸ਼ੇਰ ਮੁਹੰਮਦ ਬਿਰਜਾਨੀ ਨੇ 1963 ਵਿੱਚ ਬੁਗਤੀ ਅਤੇ ਮੈਂਗਲ ਕਬੀਲੇ ਨੂੰ ਨਾਲ ਲੈ ਕੇ ਸਾਰੇ ਬਲੋਚਿਸਤਾਨ ਵਿੱਚ ਬਗਾਵਤ ਕਰ ਦਿੱਤੀ। ਬਾਗੀਆਂ ਦੀ ਗਿਣਤੀ 45000 ਤੱਕ ਪਹੁੰਚ ਗਈ। ਉਹਨਾਂ ਨੇ ਪਾਕਿਸਤਾਨੀ ਫੌਜ ਨੁੰ ਭੜਥੂ ਪਾ ਦਿੱਤਾ। ਅਨੇਕਾਂ ਛਾਉਣੀਆਂ ਤਬਾਹ ਕਰ ਦਿੱਤੀਆਂ ਅਤੇ ਸੈਨਿਕਾਂ ਅਤੇ ਅਫਸਰਾਂ ਨੂੰ ਕਤਲ ਕਰ ਦਿੱਤਾ। ਰੇਲ ਲਾਈਨਾਂ ਉਡਾ ਦਿੱਤੀਆਂ ਗਈਆਂ। ਫੌਜ ਨੇ ਬਦਲਾ ਲੈਣ ਲਈ ਮੜ੍ਹੀ ਕਬੀਲੇ ਦਾ ਇਲਾਕਾ ਤਬਾਹ ਕਰ ਦਿੱਤਾ। ਪਰ ਬਗਾਵਤ ਵਧਦੀ ਹੀ ਗਈ। ਆਖਰ ਸਰਕਾਰ ਨੂੰ ਝੁਕਣਾ ਪਿਆ। 1969 ਵਿੱਚ ਯੁੱਧ ਵਿਰਾਮ ਹੋ ਗਿਆ। 1970 ਦੀ ਸੰਧੀ ਮੁਤਾਬਿਕ ਬਲੋਚਿਸਤਾਨ ਨੂੰ ਪਾਕਿਸਤਾਨ ਦਾ ਚੌਥਾ ਸੂਬਾ ਮੰਨ ਲਿਆ ਗਿਆ।

1973 ਵਿੱਚ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਨੇ ਦੇਸ਼ ਧ੍ਰੋਹ ਦਾ ਇਲਜ਼ਾਮ ਲਗਾ ਕੇ ਬਲੋਚਿਸਤਾਨ ਅਤੇ ਸੂਬਾ ਸਰਹੱਦ ਦੀਆਂ ਸਰਕਾਰਾਂ ਤੋੜ ਦਿੱਤੀਆਂ। ਦੋਵਾਂ ਸੂਬਿਆਂ ਵਿੱਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ। ਇਸ ’ਤੇ ਗੁੱਸੇ ਵਿੱਚ ਆ ਕੇ ਖੈਰ ਬਖਸ਼ ਮੜ੍ਹੀ ਅਤੇ ਮੈਂਗਲ ਕਬੀਲੇ ਨੇ ਬਲੋਚਿਸਤਾਨ ਪੀਪਲਜ਼ ਲਿਬਰੇਸ਼ਨ ਫਰੰਟ ਦੀ ਸਥਾਪਨਾ ਕਰ ਕੇ ਹਥਿਆਰਬੰਦ ਬਗਾਵਤ ਕਰ ਦਿੱਤੀ। 1977 ਤੱਕ ਚੱਲੇ ਇਸ ਸੰਘਰਸ਼ ਵਿੱਚ 900 ਪਾਕਿਸਤਾਨੀ ਫੌਜੀ ਅਤੇ 10000 ਦੇ ਕਰੀਬ ਬਲੋਚ ਬਾਗੀ ਅਤੇ ਆਮ ਸ਼ਹਿਰੀ ਮਾਰੇ ਗਏ। ਈਰਾਨ ਦੀ ਮਦਦ ਨਾਲ ਪਾਕਿਸਤਾਨੀ ਫੌਜ ਨੇ ਸਖਤੀ ਨਾਲ ਇਸ ਬਗਾਵਤ ਨੂੰ ਕੁਚਲ ਦਿੱਤਾ। ਖੈਰ ਬਖਸ਼ ਮੜ੍ਹੀ ਲੜਾਈ ਵਿੱਚ ਮਾਰਿਆ ਗਿਆ।

2004 ਵਿੱਚ ਇਹ ਬਗਾਵਤ ਦੁਬਾਰਾ ਭੜਕ ਉੱਠੀ ਜੋ ਅੱਜ ਤੱਕ ਲਗਾਤਾਰ ਚੱਲ ਰਹੀ ਹੈ। 2004 ਵਿੱਚ ਬਾਗੀਆਂ ਨੇ ਗਵਾਦਰ ਬੰਦਰਗਾਹ ’ਤੇ ਹਮਲਾ ਕਰਕੇ 3 ਚੀਨੀ ਇੰਜੀਨੀਅਰਾਂ ਨੂੰ ਕਤਲ ਕਰ ਦਿੱਤਾ ਅਤੇ 4 ਨੂੰ ਜ਼ਖਮੀ ਕਰ ਦਿੱਤਾ। ਪੰਜ ਤੇਲ ਟੈਂਕਰਾਂ ਨੂੰ ਸਖਤ ਨੁਕਸਾਨ ਪਹੁੰਚਿਆ। 2005 ਵਿੱਚ ਹਰਮਨ ਪਿਆਰੇ ਬਲੋਚ ਨੇਤਾ ਨਵਾਬ ਅਕਬਰ ਬੁਗਤੀ ਅਤੇ ਮੀਰ ਬਲੋਚ ਮੜ੍ਹੀ ਨੇ ਪਾਕਿਸਤਾਨ ਸਰਕਾਰ ਦੇ ਸਾਹਮਣੇ 15 ਨੁਕਾਤੀ ਸ਼ਾਂਤੀ ਪ੍ਰਸਤਾਵ ਪੇਸ਼ ਕੀਤਾ। ਉਹਨਾਂ ਨੇ ਗੈਸ ਅਤੇ ਖਣਿਜ ਪਦਾਰਥਾਂ ’ਤੇ ਜ਼ਿਆਦਾ ਬਲੋਚ ਕੰਟਰੋਲ ਅਤੇ ਫੌਜੀ ਛਾਉਣੀਆਂ ਹਟਾਉਣ ਦੀ ਮੰਗ ਕੀਤੀ। ਜਦੋਂ ਪਾਕਿਸਤਾਨ ਸਰਕਾਰ ਨੇ ਇਹਨਾਂ ਮੰਗਾਂ ਨੂੰ ਠੁਕਰਾ ਦਿੱਤਾ ਤਾਂ ਗੁੱਸੇ ਵਿੱਚ ਆ ਕੇ ਨਵਾਬ ਬੁਗਤੀ ਬਾਗੀਆਂ ਵਿੱਚ ਸ਼ਾਮਲ ਹੋ ਗਿਆ। ਅਗਸਤ 2006 ਵਿੱਚ ਬੁਗਤੀ ਦੀ ਅਗਵਾਈ ਹੇਠ ਪਾਕਿਸਤਾਨੀ ਫੌਜ ਨਾਲ ਗਹਿਗੱਚ ਲੜਾਈ ਹੋਈ ਜਿਸ ਵਿੱਚ 60 ਪਾਕਿਸਤਾਨੀ ਫੌਜੀ ਅਤੇ 7 ਅਫਸਰ ਮਾਰੇ ਗਏ। ਨਵਾਬ ਬੁਗਤੀ ਵੀ 79 ਸਾਲ ਦੀ ਉਮਰ ਦੇ ਬਾਵਜੂਦ ਬਹਾਦਰੀ ਨਾਲ ਲੜਦਾ ਹੋਇਆ ਮਾਰਿਆ ਗਿਆ। ਸਰਕਾਰ ਨੇ ਉਸ ’ਤੇ ਅਨੇਕਾਂ ਬੰਬ ਧਮਾਕਿਆਂ ਅਤੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਗਾਇਆ। ਅਪਰੈਲ 2009 ਵਿੱਚ ਫੌਜ ਦੇ ਕੈਟਾਂ ਨੇ ਬਲੋਚ ਨੈਸ਼ਨਲ ਮੂਵਮੈਂਟ ਪਾਰਟੀ ਦੇ ਪ੍ਰਧਾਨ ਗੁਲਾਮ ਮੁਹੰਮਦ ਬਲੋਚ, ਲਾਲਾ ਮੁਨੀਰ ਅਤੇ ਸ਼ੇਰ ਮੁਹੰਮਦ ਨੂੰ ਕਚਿਹਰੀ ਵਿੱਚੋਂ ਚੁੱਕ ਲਿਆ। ਉਹਨਾਂ ਦੀਆਂ ਬੁਰੀ ਹਾਲਤ ਵਿੱਚ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ 8 ਅਪਰੈਲ ਨੂੰ ਮਿਲੀਆਂ। ਇਸ ਕਾਰਨ ਸਾਰੇ ਬਲੋਚਿਸਤਾਨ ਵਿੱਚ ਅੱਗ ਲੱਗ ਗਈ। ਜਗ੍ਹਾ ਜਗ੍ਹਾ ਧਰਨਾ ਪ੍ਰਦਰਸ਼ਨ ਅਤੇ ਸਾੜ ਫੂਕ ਹੋਈ। ਪੁਲਿਸ ਦੀ ਗੋਲੀ ਨਾਲ ਦਰਜ਼ਨਾਂ ਲੋਕ ਮਾਰੇ ਗਏ। 12 ਅਗਸਤ 2009 ਨੂੰ ਕਲਾਤ ਦੇ ਖਾਨ ਮੀਰ ਸੁਲੇਮਾਨ ਦਾਊਦ ਨੇ ਆਪਣੇ ਆਪ ਨੂੰ ਸਾਰੇ ਬਲੋਚਿਸਤਾਨ ਦਾ ਨਵਾਬ ਐਲਾਨ ਦਿੱਤਾ ਤੇ ਮਤਵਾਜ਼ੀ ਸਰਕਾਰ ਬਣਾ ਲਈ।

ਬਲੋਚ ਅੰਦੋਲਨ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਗੈਸ ਦੀ ਰਾਇਲਟੀ ਹੈ। ਪਾਕਿਸਤਾਨੀ ਸਰਕਾਰ ਬਲੋਚਿਸਤਾਨ ਨੂੰ ਗੈਸ ਦੀ ਪੂਰੀ ਰਾਇਲਟੀ ਨਹੀਂ ਦੇਂਦੀ। ਜੋ ਰਾਇਲਟੀ ਮਿਲਦੀ ਹੈ, ਉਹ ਭ੍ਰਿਸ਼ਟ ਨੇਤਾ ਅਤੇ ਅਫਸਰ ਰਲ ਮਿਲ ਕੇ ਛਕ ਜਾਂਦੇ ਹਨ। ਜਨਤਾ ਤੱਕ ਕੋਈ ਪੈਸਾ ਨਹੀਂ ਪਹੁੰਚਦਾ। ਦੂਸਰਾ ਕਾਰਨ ਹੈ ਕਿ ਅੰਗਰੇਜਾਂ ਨੇ ਬਲੋਚਿਸਤਾਨ ਦੇ ਉੱਤਰੀ ਇਲਾਕੇ ਵਿੱਚ ਸੜਕਾਂ ਅਤੇ ਰੇਲਵੇ ਲਾਈਨਾਂ ਦਾ ਜਾਲ ਵਿਛਾ ਦਿੱਤਾ ਸੀ। ਪਰ ਉੱਥੇ ਆਈ ਖੁਸ਼ਹਾਲੀ ਦਾ ਬਲੋਚਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਉੱਥੇ ਸਾਰੇ ਵਪਾਰ ਅਤੇ ਜ਼ਮੀਨਾਂ ’ਤੇ ਪਠਾਨਾਂ ਦਾ ਕਬਜ਼ਾ ਚੱਲਿਆ ਆ ਰਿਹਾ ਹੈ। ਇਸ ਲਈ ਬਲੋਚ ਅਤੇ ਪਠਾਨ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹਨ। ਤੀਸਰਾ ਨਵਾਂ ਕਾਰਨ ਗਵਾਦਰ ਦੀ ਬੰਦਰਗਾਹ ਦਾ ਨਿਰਮਾਣ ਹੈ। ਬਲੋਚਾਂ ਨੂੰ ਇਸ ਗੱਲ ਦਾ ਬਹੁਤ ਗਿਲਾ ਹੈ ਕਿ ਬਲੋਚਿਸਤਾਨ ਦੀ ਧਰਤੀ ’ਤੇ ਉੱਸਰ ਰਹੀ ਇਸ ਬੰਦਰਗਾਹ ਵਿੱਚ ਸਾਰੇ ਮਜ਼ਦੂਰ ਜਾਂ ਚੀਨੀ ਹਨ ਜਾਂ ਪੰਜਾਬੀ। ਇਸੇ ਗੁੱਸੇ ਵਿੱਚ ਬਾਗੀਆਂ ਨੇ ਬੰਦਰਗਾਹ ’ਤੇ ਹਮਲਾ ਕੀਤਾ ਸੀ। ਚੌਥਾ ਕਾਰਨ ਵਿੱਦਿਆ ਹੈ। ਕਾਲਜਾਂ, ਯੂਨੀਵਰਸਿਟੀਆਂ ਦੀ ਕਮੀ ਕਾਰਨ ਵਿਦਿਆਰਥੀਆਂ ਨੂੰ ਉੱਚੇਰੀ ਪੜ੍ਹਾਈ ਲਈ ਲਾਹੌਰ, ਕਰਾਚੀ ਜਾਂ ਪੇਸ਼ਾਵਰ ਜਾਣ ਪੈਂਦਾ ਹੈ। ਪੰਜਵਾਂ ਕਾਰਨ ਫੌਜ ਦੇ ਜ਼ੁਲਮ ਹਨ। ਬਹੁ ਗਿਣਤੀ ਪੰਜਾਬੀ ਹੋਣ ਕਾਰਨ ਫੌਜ ਬਲੋਚਾਂ ’ਤੇ ਅਣਮਨੁੱਖੀ ਜ਼ੁਲਮ ਕਰਦੀ ਹੈ। ਬਲੋਚਿਸਤਾਨ ਵਿੱਚ ਸੈਂਕੜੇ ਨਵੀਆਂ ਛਾਉਣੀਆਂ ਉੱਸਰੀਆਂ ਹਨ। ਫੌਜ ਦੇ ਕੈਟਾਂ ਵੱਲੋਂ ਬਲੋਚਾਂ ਨੂੰ ਅਗਵਾ ਕਰਕੇ ਮਾਰ ਕੇ ਸੜਕਾਂ ਕਿਨਾਰੇ ਸੁੱਟ ਦੇਣਾ ਬਹੁਤ ਆਮ ਗੱਲ ਹੈ। ਲਾਸ਼ਾਂ ਦੇ ਸਿਰਾਂ ਵਿੱਚ ਡਰਿੱਲ ਨਾਲ ਕੀਤੀਆਂ ਮੋਰੀਆਂ, ਨਹੁੰ ਖਿੱਚੇ ਹੋਏ ਤੇ ਲੱਤਾਂ ਬਾਹਵਾਂ ਟੁੱਟੀਆਂ ਹੋਈਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਬਾਕੀ ਸੂਬਿਆਂ ਤੋਂ ਲਗਾਤਰ ਆ ਰਹੇ ਪ੍ਰਵਾਸੀਆਂ ਕਾਰਨ ਬਲੋਚਾਂ ਦੇ ਘੱਟ ਗਿਣਤੀ ਬਣਨ ਦਾ ਖਤਰਾ ਵਧਦਾ ਜਾ ਰਿਹਾ ਹੈ।

ਬਾਗੀ ਗੁੱਟਾਂ ਦੇ ਆਪਸੀ ਝਗੜਿਆਂ ਕਾਰਨ ਹਥਿਆਰਬੰਦ ਬਗਾਵਤ ਤਾਂ ਕੁਝ ਮੱਠੀ ਪੈ ਗਈ ਹੈ ਪਰ ਹੜਤਾਲਾਂ, ਮੁਜ਼ਾਹਰੇ ਬਹੁਤ ਵਧ ਰਹੇ ਹਨ। ਹੁਣ ਔਰਤਾਂ ਅਤੇ ਬੱਚੇ ਵੀ ਇਹਨਾਂ ਵਿੱਚ ਸ਼ਾਮਲ ਹੋ ਰਹੇ ਹਨ। ਪਾਕਿਸਤਾਨੀ ਸਰਕਾਰ ਵਾਰ ਵਾਰ ਅਫਗਾਨਿਸਤਾਨ, ਭਾਰਤ ਅਤੇ ਇਜ਼ਰਾਈਲ ’ਤੇ ਬਲੋਚਾਂ ਦੀ ਹਥਿਆਰਾਂ ਅਤੇ ਪੈਸੇ ਨਾਲ ਮਦਦ ਕਰਨ ਦਾ ਇਲਜ਼ਾਮ ਲਗਾ ਰਹੀ ਹੈ।. ਭਾਰਤ ਵੱਲੋਂ ਵਿਖਾਈ ਹਮਦਰਦੀ ਦਾ ਬਲੋਚਾਂ ਨੇ ਭਾਰੀ ਸਵਾਗਤ ਕੀਤਾ ਹੈ। ਇਸ ਨਾਲ ਉਹਨਾਂ ਨੂੰ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਹੋਰ ਹਮਦਰਦੀ ਮਿਲਣ ਦੀ ਸੰਭਾਵਨਾ ਵਧ ਗਈ ਹੈ। ਨਵਾਬ ਅਕਬਰ ਬੁਗਤੀ ਦੇ ਵਾਰਸ ਬਰਾਹਮਦਾਗ ਬੁਗਤੀ ਨੇ ਇਸ ਲਈ ਭਾਰਤ ਦਾ ਧੰਨਵਾਦ ਕੀਤਾ ਹੈ। ਇਸ ਨਾਲ ਪਾਕਿਸਤਾਨ ਨੂੰ ਕਸ਼ਮੀਰ ਦਾ ਰਾਗ ਅਲਾਪਣ ਦੀ ਬਜਾਏ ਬਲੋਚਿਸਤਾਨ ਬਾਰੇ ਦੁਨੀਆਂ ਨੂੰ ਸਫਾਈ ਦੇਣੀ ਪੈ ਰਹੀ ਹੈ। ਉਹ ਬਚਾਉ ਦੀ ਮੁਦਰਾ ਵਿੱਚ ਆ ਗਿਆ ਹੈ।

*****

(411)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 98151 - 24449)

More articles from this author