HarpalSPannu7“ਜਿੰਨੀ ਛੇਤੀ ਆਪਣੀ ਕਰਤੂਤ ਦੀ ਮਾਫੀ ਮੰਗ ਲਉ ਉੱਨਾ ਠੀਕ ਰਹੇਗਾ ...
(28 ਅਗਸਤ 2016)

 

ਅਲਾਲੇ, ਈਰਾਨੀ ਮੂਲ ਦੀ ਅਮਰੀਕਣ ਵਕੀਲ ਹੈ, ਗ੍ਰਾਹਮ ਅਮਰੀਕਣ ਪਾਰਲੀਮੈਂਟ ਮੈਂਬਰ, ਰਿਪਬਲਿਕ ਪਾਰਟੀ ਦਾ ਲੀਡਰ। ਚੋਣ ਜਲਸੇ ਵਿਚ ਬੋਲਦਿਆਂ ਉਸਨੇ ਕਹਿ ਦਿੱਤਾ ਕਿ ਈਰਾਨੀ ਗੱਪੀ ਹੁੰਦੇ  ਹਨ। ਅਲਾਲੇ ਨੇ ਗ੍ਰਾਹਮ ਨੂੰ ਖੁੱਲ੍ਹਾ ਖ਼ਤ ਲਿਖਿਆ:

ਲਿਨਸੇ ਗ੍ਰਾਹਮ ਸਰ, ਈਰਾਨੀ ਮੂਲ ਦੀ ਜ਼ਿੰਮੇਵਾਰ ਅਮਰੀਕਣ ਨਾਗਰਿਕ, ਪਤਨੀ, ਮਾਂ, ਵਕੀਲ, ਸੰਵਿਧਾਨ ਦੀ ਪਹਿਰੇਦਾਰ, ਈਰਾਨੀ ਸਮਾਜ ਦੀ ਨੇਤਾ ਮੈਂ ਟੈਕਸ ਅਦਾ ਕਰਨ ਵਾਲੀ ਔਰਤ ਹਾਂ। ਤੇ ਤੁਹਾਡੇ ਪਾਸ ਸਰ ਜਾਣਕਾਰੀ ਦੀ ਘਾਟ ਹੈ। ਈਰਾਨੀਆਂ ਬਾਰੇ ਤੁਹਾਡੀ ਟਿੱਪਣੀ ਜ਼ਹਿਰੀਲੀ ਅਤੇ ਭੜਕਾਊ ਤਾਂ ਹੈ ਹੀ, ਪਤਾ ਲਗਦਾ ਹੈ ਤੁਹਾਨੂੰ ਈਰਾਨੀ ਕਲਚਰ ਅਤੇ ਇਤਿਹਾਸ ਦਾ ਗਿਆਨ ਨਹੀਂ।

ਸ਼੍ਰੀਮਾਨ ਜੀ, ਤੁਹਾਡੇ ਕੋਲ ਗਲਤ ਸੂਚਨਾ ਹੈ। ਅੱਜ ਤੋਂ 2500 ਸਾਲ ਪਹਿਲਾਂ ਸਾਈਰਸ ਮਹਾਨ ਨੇ ਦੁਨੀਆਂ ਨੂੰ ਧਾਰਮਿਕ ਸਹਿਨਸ਼ੀਲਤਾ ਬਾਰੇ ਦੱਸਿਆ ਸੀ। ਜਦੋਂ ਯੋਰਪ ਹਨੇਰਿਆਂ ਦੀ ਧੁੰਦ ਵਿਚ ਲਿਪਟਿਆ ਹੋਇਆ ਸੀ, ਉਦੋਂ ਐਵੀਸਿਨਾ ਨੇ ਵਿਗਿਆਨ ਅਤੇ ਮੈਡਿਸਿਨ ਦੇ ਸ਼ਾਹਰਾਹ ਖੋਲ੍ਹ ਕੇ ਦੁਨੀਆਂ ਨੂੰ ਅੰਧਵਿਸ਼ਵਾਸਾਂ ਵਿੱਚੋਂ ਕਢਿਆ ਸੀ।

ਜਦੋਂ ਸੰਸਾਰ ਜੰਗਾਂ ਯੁੱਧਾਂ ਵਿਚ ਉਲਝਿਆ ਵੱਢਣ ਟੁੱਕਣ ਵਿਚ ਮਸਰੂਫ ਸੀ, ਮੌਲਾਨਾ ਰੂਮ ਰਾਹੀਂ ਈਰਾਨ ਨੇ ਮਨੁੱਖਤਾ ਰੂਹਾਨੀਅਤ ਅਤੇ ਮੁਹੱਬਤ ਨਾਲ ਸ਼ਰਸਾਰ ਕੀਤੀ ਸੀ।

ਤੇ ਤੁਸੀਂ ਸਰ ਅਗਿਆਨੀ ਹੋ। ਤੁਹਾਨੂੰ ਪਤਾ ਨਹੀਂ ਪਹਿਲੀ ਪੁਲਾੜ-ਖੋਜੀ ਔਰਤ ਅਨੂਸ਼ੇ ਅਨਸਾਰੀ ਈਰਾਨੀ ਸੀ ਜਿਸਨੇ ਆਮ ਨਾਗਰਿਕਾਂ ਵਾਸਤੇ ਪੁਲਾੜ ਦੇ ਦਰ ਖੋਲ੍ਹੇ।

ਪੀਅਰੀ ਉਮੀਦਵਾਰ, ਈ-ਬੇਅ ਦਾ ਪਹਿਲਾ ਚੀਫ, ਈਰਾਨੀ-ਅਮਰੀਕਣ ਹੈ, ਉਸਨੇ ਆਮ ਬੰਦੇ ਤੱਕ ਪਹੰਚਾਣ ਵਾਸਤੇ ਇੰਟਰਨੈੱਟ ਦੀ ਤਾਨਾਸ਼ਾਹੀ ਤੋੜੀ ਸੀ। ਦਾਰਾ ਖੁਸਰੋਸ਼ਾਹੀ ਐਕਸਪੀਡੀਆ ਦਾ ਚੀਫ ਹੈ ਜਿਸਨੇ ਗਲੋਬ ਦੁਆਲੇ ਨਵੇਂ ਸਿਰੇ ਤੋਂ ਹਵਾਈ-ਪੰਧ ਉਲੀਕੇ।

ਅਤੋਸਾ ਸੁਲਤਾਨੀ ਨੇ ਅਮੇਜ਼ੋਨ ਵਾਚ ਦੀ ਸਥਾਪਨਾ ਕੀਤੀ, ਇਸਦੀ ਪ੍ਰਧਾਨ ਵਜੋਂ ਔਰਤਾਂ ਨੂੰ ਕਾਰਪੋਰੇਟ ਦੇ ਡਾਕਿਆਂ ਤੋਂ ਬਚਾਇਆ। ਪਾਰਸੀ ਖੁਸਰਵੀ ਸੀ.ਐੱਨ.ਐੱਨ. ਚੈਨਲ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਜਿਸਨੇ ਦੁਨੀਆਂ ਨੂੰ ਸਿਖਾਇਆ ਸੰਤੁਲਿਤ ਪੱਤਰਕਾਰੀ ਕਿਵੇਂ ਕਰੀਦੀ ਹੈ।

ਫਿਰੋਜ਼ ਮਿਸ਼ੇਲ ਨਾਦਿਰ, ਨਾਸਾ ਸੂਰਜੀ ਖੋਜ ਕੇਂਦਰ ਦਾ ਡਾਇਰੈਕਟਰ ਸੰਸਾਰ ਪ੍ਰਸਿੱਧ ਵਿਗਿਆਨੀ ਹੈ। ਪ੍ਰੋ. ਸਮਾਈ ਦੁਨੀਆਂ ਦਾ ਸ਼੍ਰੋਮਣੀ ਨਿਊਰੋ-ਸਰਜਨ ਹੈ ਜਿਸ ਨੂੰ ਵਿਸ਼ਵ ਅਕਾਦਮੀ ਨੇ ਸੋਨ-ਤਗਮਾ ਦੇ ਕੇ ਸਨਮਾਨਿਆ।

ਤੇ ਤੁਸੀਂ ਸਰ ਅਨਪੜ੍ਹ ਹੋਣ ਕਰਕੇ ਗੱਪਾਂ ਦਾ ਸਹਾਰਾ ਲੈਂਦੇ ਹੋ। ਅਮਰੀਕਾ ਵਿਚਲੇ ਕੁਝ ਹੋਰ ਈਰਾਨੀਆਂ ਬਾਰੇ ਵੀ ਜਾਣੂ ਕਰਵਾ ਦਿਆਂ। ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ੀਰੀਂ ਇਬਾਦੀ ਨੂੰ ਨੋਬਲ-ਇਨਾਮ ਮਿਲਿਆ। ਗੋਲੀ ਅਮੇਰੀ ਅਮਰੀਕਾ ਦੇ ਸਿੱਖਿਆ ਤੇ ਕਲਚਰ ਮਹਿਕਮੇ ਦਾ ਡਿਪਟੀ ਮੰਤਰੀ ਹੈ। ਜਿਮੀ ਦਿਲਸ਼ਾਦ, ਬੇਵਰਲੀ ਹਿੱਲਜ਼ ਦਾ ਮੇਅਰ ਹੈ। ਸ਼ਾਹਲਾ ਸਾਬੇਤ ਮਾਨਯੋਗ ਜੱਜ ਹਨ। ਇਨ੍ਹਾਂ ਸਾਰਿਆਂ ਨੇ ਕਾਨੂੰਨ, ਮਨੁੱਖੀ ਅਧਿਕਾਰ ਅਤੇ ਸਿਆਸਤ ਦੇ ਰਾਹ ਰੁਸ਼ਨਾਏ ਹਨ।

ਤੇ ਸਰ ਤੁਸੀਂ ਲਕੀਰ ਦੇ ਫਕੀਰ ਤਾਂ ਹੋ ਹੀ, ਫੁੱਟ ਪਾਉਣ ਦੇ ਸ਼ੁਕੀਨ ਵੀ ਹੋ। ਸਿਆਸਤ ਦੀ ਪੌੜੀ ਦੇ ਡੰਡਿਆਂ ਉੱਪਰ ਚੜ੍ਹਨ ਵਾਸਤੇ ਤੁਸੀਂ ਅਮੀਰ ਕੌਮ ਦੀ ਬੇਇੱਜ਼ਤੀ ਕਰਨ ਦਾ ਯਤਨ ਕੀਤਾ। ਗੱਪੀ ਤਾਂ ਸਰ ਤੁਸੀਂ ਸਾਬਤ ਹੋ ਗਏ! ਜਿੰਨੀ ਛੇਤੀ ਅਪਣੀ ਕਰਤੂਤ ਦੀ ਮਾਫੀ ਮੰਗ ਲਉ ਉੱਨਾ ਠੀਕ ਰਹੇਗਾ।

ਸਾਡੇ ਆਦਿ ਨਬੀ ਜ਼ਰਤੁਸ਼ਤ ਨੇ ਕਿਹਾ:

ਚੰਗੇ ਖਿਆਲ ... ਚੰਗੇ ਬੋਲ ... ਚੰਗੇ ਕੰਮ - ਤੁਹਾਨੂੰ ਇੱਜ਼ਤ ਦੇਣਗੇ। ਹਨੇਰੇ ਵਿਰੁੱਧ ਲੜਨਾ ਹੋਵੇ, ਤਲਵਾਰ ਨਾ ਸੂਤੋ, ਦੀਵਾ ਬਾਲੋ। ਜੇਬਾਂ ਵਿੱਚੋਂ ਹੱਥ ਬਾਹਰ ਨਾ ਕੱਢੇ, ਪੌੜੀ ਦੇ ਡੰਡਿਆਂ ਉੱਪਰ ਕਿਵੇਂ ਚੜ੍ਹੋਗੇ?

ਮੈਂ ਹਾਂ:

ਅਲਾਲੇ ਕਾਮਰਾਨ। ਅਟਾਰਨੀ ਐਟ ਲਾਅ।”

*****

(407)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author