ShamSingh7ਲੋਕਾਂ ਨੂੰ ਦੁੱਖਾਂ-ਕਸ਼ਟਾਂਤੰਗੀਆਂ-ਤੁਰਸ਼ੀਆਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਦੇਖ ਕੇ ਜਿਹੜਾ ਵੀ ਨੇਤਾ ਉਹਨਾਂ ਦੀ ਮਦਦ ...
(25 ਅਗਸਤ 2016)


ਸਿਆਸਤ ਕਦੇ ਮਿਸ਼ਨ
, ਪਰਉਪਕਾਰ, ਸਾਫ਼ਗੋਈ ਅਤੇ ਸੇਵਾ ਦੀ ਭਾਵਨਾ ਸੀ, ਜਿਸ ਕਾਰਨ ਦੇਸ ਲਈ ਵੀ ਬਹੁਤ ਕੁਝ ਹੋਇਆ ਅਤੇ ਲੋਕਾਂ ਲਈ ਵੀ। ਸਿਆਸਤ ਵਿਚ ਇਮਾਨਦਾਰੀ ਹੋਣ ਕਾਰਨ ਲੋਕ-ਹਿਤਾਂ ਲਈ ਤਰਜੀਹੀ ਆਧਾਰ ’ਤੇ ਸਰਗਰਮ ਸੀ ਅਤੇ ਨੇਤਾ ਲੋਕ ਜਨਤਾ ਦੇ ਕੰਮਾਂ ਨੂੰ ਹੱਲ ਕਰਵਾਉਣ ਵਾਸਤੇ ਤੱਤਪਰ ਰਹਿੰਦੇ ਸਨ, ਤਾਂ ਕਿ ਲੋਕਾਂ ਦਾ ਵਿਸ਼ਵਾਸ ਜਿੱਤੀ ਰੱਖਣ ਅਤੇ ਨਾਲ ਦੀ ਨਾਲ ਪ੍ਰਸ਼ੰਸਾ ਵੀ ਖੱਟਦੇ ਰਹਿਣ। ਉਹਨਾਂ ਨੂੰ ਦੇਸ ਅਤੇ ਲੋਕਾਂ ਦੇ ਕੰਮ ਕਰ ਕੇ ਖੁਸ਼ੀ ਵੀ ਮਿਲਦੀ ਸੀ ਅਤੇ ਸੰਤੁਸ਼ਟੀ ਵੀ। ਉਹ ਸਾਰਾ ਕੁਝ ਫਰਜ਼ ਸਮਝ ਕੇ ਮਿਸ਼ਨ ਵਜੋਂ ਕਰਦੇ ਸਨ, ਕਦੇ ਅਹਿਸਾਨ ਨਹੀਂ ਸਨ ਜਤਾਉਂਦੇ।

ਉਹ ਸੋਚ ਦੇ ਖੁੱਲ੍ਹੇ ਅੰਬਰਾਂ ਵਿੱਚ ਉੱਚੀਆਂ ਉਡਾਰੀਆਂ ਭਰਦੇ ਅਤੇ ਦੇਸ ਦੇ ਵਿਕਾਸ ਲਈ ਵੱਡੇ ਸੁਫ਼ਨੇ ਲੈਂਦੇ, ਤਾਂ ਕਿ ‘ਸੋਨੇ ਦੀ ਚਿੜੀ’ ਰਹਿ ਚੁੱਕੇ ਮੁਲਕ ਨੂੰ ਮੁੜ ‘ਸੋਨੇ ਦੀ ਚਿੜੀ’ ਬਣਾਇਆ ਜਾ ਸਕੇ। ਉਹ ਸੌੜੀਆਂ ਸੋਚਾਂ ਅਤੇ ਤੰਗ-ਦਿਲੀਆਂ ਤੋਂ ਉੱਪਰ ਉੱਠ ਕੇ ਨਿਰਪੱਖਤਾ ਦੀ ਤੋਰ ਤੁਰਦੇ ਸਨ ਅਤੇ ਜਤਨ ਕਰਦੇ ਸਨ ਕਿ ਦੇਸ ਦੁਨੀਆ ਦੇ ਬਾਕੀ ਮੁਲਕਾਂ ਨਾਲ ਬਰ ਮੇਚ ਕੇ ਤੁਰਨ ਦੇ ਸਮਰੱਥ ਹੋ ਸਕੇ। ਅੱਜ ਇਸ ਸੋਚ ਦੇ ਬਹੁਤ ਵਿਰਲੇ-ਟਾਵੇਂ ਹੀ ਨੇਤਾ ਰਹਿ ਗਏ ਹਨ। ਹੁਣ ਤਾਂ ਸੇਵਾ ਦੇ ਨਾਂਅ ’ਤੇ ਫੱਟਾ ਚੁੱਕੀ ਫਿਰਨ ਵਾਲਿਆਂ ਦੀ ਭਰਮਾਰ ਹੈ, ਜਿਨ੍ਹਾਂ ਵਿਚ ਸੇਵਾ ਦੀ ਭਾਵਨਾ ਹੁੰਦੀ ਹੀ ਨਹੀਂ। ਸਿਆਸਤ ਪਹਿਲਾਂ ਵਰਗੀ ਨਹੀਂ ਰਹੀ, ਸਗੋਂ ਵਪਾਰ-ਕਾਰੋਬਾਰ ਹੋ ਗਈ ਹੈਜੋ ਸੇਵਾ ਦੇ ਹੋਕੇ ਨਾਲ ਚਲਾਈ ਜਾਂਦੀ ਹੈ। ਅਮਲ ਵਿੱਚ ਅਜਿਹਾ ਕੁਝ ਨਹੀਂ ਹੁੰਦਾ, ਜਿਸ ਵਿੱਚ ਸੇਵਾ ਦੀ ਭਾਵਨਾ ਕੰਮ ਕਰਦੀ ਹੋਵੇ। ਰਾਜਨੀਤਕ ਲੋਕ ਸਿਆਸੀ ਪਾਰਟੀਆਂ ਵਿਚ ਲੋਕ-ਸੇਵਾ ਵਾਸਤੇ ਹੀ ਆਉਂਦੇ ਹਨ, ਪਰ ਮੇਵੇ ਦੀ ਇੱਛਾ ਬਿਨਾਂ ਨਹੀਂ ਰਹਿੰਦੇ। ਮੇਵਾ ਹੀ ਮੁੱਖ ਨਿਸ਼ਾਨਾ ਹੋ ਜਾਂਦਾ ਹੈ, ਸੇਵਾ ਨਹੀਂ।

ਕਿਸੇ ਸਮੇਂ ਸਿਆਸਤ ਅੰਦਰ ਪਰਉਪਕਾਰ ਹੁੰਦਾ ਸੀ, ਜੋ ਅੱਜ ਕੇਵਲ ਨਾਮ-ਮਾਤਰ ਹੀ ਰਹਿ ਗਿਆ ਹੈ। ਥਾਂ ਬਣਾ ਲੈਣ ਬਾਅਦ ਨੇਤਾ ਆਪਣਾ ਕਾਰੋਬਾਰ ਕਰਦੇ ਹਨ ਅਤੇ ਆਪਣਾ ਹੀ ਪਰਉਪਕਾਰ। ਉਹ ਨੇੜਲਿਆਂ ਨੂੰ ਰਾਜ਼ੀ ਰੱਖਦੇ ਹਨ ਅਤੇ ਦੂਰ ਵਾਲਿਆਂ ਨੂੰ ਪੁੱਛਦੇ ਤੱਕ ਨਹੀਂ। ਜਿਨ੍ਹਾਂ ਅੱਗੇ ਹੱਥ ਜੋੜ-ਜੋੜ ਕੇ ਵੋਟਾਂ ਲਈਆਂ ਹੁੰਦੀਆਂ ਹਨ, ਉਹਨਾਂ ਕੋਲੋਂ ਮੂੰਹ ਮੋੜ ਕੇ ਇੰਜ ਲੰਘ ਜਾਂਦੇ ਹਨ, ਜਿਵੇਂ ਜਾਣਦੇ ਹੀ ਨਾ ਹੋਣ। ਇਹ ਵਿਹਾਰ ਬਹੁਤੀ ਦੇਰ ਨਹੀਂ ਚੱਲਣਾ, ਕਿਉਂਕਿ ਹੁਣ ਆਮ ਲੋਕ ਵੀ ਪਹਿਲਾਂ ਵਾਂਗ ਭੋਲੇ-ਭਾਲੇ ਨਹੀਂ ਰਹੇ।

ਸਿਆਸਤ ਨੇ ਸਮਾਜ ’ਤੇ ਅਜਿਹਾ ਗਲਬਾ ਪਾਇਆ ਹੋਇਆ ਹੈ ਕਿ ਸਭ ਕੁਝ ਨਿਗਲੀ ਜਾ ਰਹੀ ਹੈ, ਭਾਵੇਂ ਹਜ਼ਮ ਹੋਵੇ ਭਾਵੇਂ ਨਾ। ਸ਼ਰਧਾਲੂਆਂ ਦੀ ਸ਼ਰਧਾ ਨੂੰ ਉਦੋਂ ਠੇਸ ਪਹੁੰਚਦੀ ਹੈ, ਜਦੋਂ ਧਰਮ ਦੇ ਨਾਂਅ ’ਤੇ ਉਹ ਕੰਮ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਧਰਮ ਨਾਲ ਕੋਈ ਵਾਸਤਾ ਤੱਕ ਨਹੀਂ ਹੁੰਦਾ। ਸਿਆਸਤ ਦਾ ਧਰਮ ਸਦਾਚਾਰ ਅਤੇ ਨਿਰਪੱਖਤਾ ਹੁੰਦਾ ਹੈ, ਪਰਉਪਕਾਰ ਅਤੇ ਸੇਵਾ ਹੁੰਦਾ ਹੈ, ਜਿਨ੍ਹਾਂ ਬਗ਼ੈਰ ਉੱਚੇ ਅਤੇ ਮਿੱਥੇ ਨਿਸ਼ਾਨੇ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਭਾਵੇਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕੀਤੀਆਂ ਜਾਣ, ਪਰ ਅਸੂਲਾਂ ’ਤੇ ਅਮਲ ਕੀਤੇ ਬਿਨਾਂ ਉਹ ਕੁਝ ਹਾਸਲ ਨਹੀਂ ਕੀਤਾ ਜਾ ਸਕਦਾ, ਜਿਸ ਦੀ ਪ੍ਰਾਪਤੀ ਅਸੂਲਾਂ ਦੀ ਪਾਲਣਾ ਬਿਨਾਂ ਨਹੀਂ ਹੋ ਸਕਦੀ।

ਸੇਵਾ ਕਰਨ ਲਈ ਆਉਣ ਵਾਲਿਆਂ ਤੋਂ ਪੁੱਛਿਆ ਜਾ ਸਕਦਾ ਹੈ ਕਿ ਉਹ ਸੇਵਾ ਲਈ ਸੇਵਾ ਦੇ ਹੋਰ ਖੇਤਰਾਂ ਵਿੱਚ ਕਿਉਂ ਨਹੀਂ ਜਾਂਦੇ, ਤਾਂ ਉਹ ਸਮਾਜ ਸੇਵਾ, ਸਿੱਖਿਆ ਸੇਵਾ, ਧਰਮ ਸੇਵਾ, ਅਪਾਹਜ ਸੇਵਾ ਅਤੇ ਹੋਰ ਖੇਤਰਾਂ ਵਿੱਚ ਨਾ ਜਾਣ ਬਾਰੇ ਕੋਈ ਢੁੱਕਵਾਂ ਉੱਤਰ ਨਹੀਂ ਦੇ ਸਕਦੇ। ਇਸ ਲਈ ਕਿ ਉੱਧਰ ਮੰਡੇ-ਪੂੜੇ ਨਹੀਂ ਮਿਲ ਸਕਦੇ, ਕੁਰਸੀਆਂ ਨਹੀਂ, ਮਾਇਆ ਨਹੀਂ, ਚੌਧਰ ਨਹੀਂ ਅਤੇ ਸਰਦਾਰੀ ਨਹੀਂ ਮਿਲ ਸਕਦੀ।

ਲੋਕਾਂ ਨੂੰ ਦੁੱਖਾਂ-ਕਸ਼ਟਾਂ, ਤੰਗੀਆਂ-ਤੁਰਸ਼ੀਆਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਦੇਖ ਕੇ ਜਿਹੜਾ ਵੀ ਨੇਤਾ ਉਹਨਾਂ ਦੀ ਮਦਦ ’ਤੇ ਆਉਂਦਾ ਹੈ, ਉਹ ਸੱਚ ਦੀ ਧਰਾਤਲ ’ਤੇ ਵਿਚਰਦਾ ਹੋਇਆ ਉਹ ਕੁਝ ਕਰ ਜਾਂਦਾ ਹੈ, ਜਿਸ ਦਾ ਦੇਣਾ ਦਿੱਤਾ ਨਹੀਂ ਜਾ ਸਕਦਾ। ਜਿਹੜਾ ਵੀ ਨੇਤਾ ਅਜਿਹਾ ਕਰਦਾ ਹੈ, ਉਸ ਨੂੰ ਲੋਕ ਚੇਤਿਆਂ ਵਿੱਚੋਂ ਕਦੇ ਨਹੀਂ ਵਿਸਾਰਦੇ।

ਬਹੁਤੇ ਤਾਂ ਸੇਵਾ ਕਰਨ ਦਾ ਨਾਹਰਾ ਲਾ ਕੇ ਆਉਂਦੇ ਹਨ, ਪਰ ਖ਼ੁਦ ਦੀ ਸੇਵਾ ਕਰਾਉਣ ਲੱਗ ਪੈਂਦੇ ਹਨ, ਕਦੇ ਕਿਸੇ ਦੀ ਨਹੀਂ ਕਰਦੇ। ਅਜਿਹੇ ਭੱਦਰ-ਪੁਰਸ਼ ਲੋਕਾਂ ਦਾ ਵਿਸ਼ਵਾਸ ਵੀ ਤੋੜਦੇ ਹਨ ਅਤੇ ਸੱਚ ਦਾ ਸਾਹਮਣਾ ਵੀ ਨਹੀਂ ਕਰ ਸਕਦੇ। ਲੋਕਾਂ ਦਾ ਭਰਮ ਵੀ ਟੁੱਟ ਜਾਂਦਾ ਹੈ, ਜੋ ਅਜਿਹੇ ਅਖੌਤੀ ‘ਸੇਵਾਦਾਰਾਂ’ ਨੂੰ ਮੁੜ ਮੂੰਹ ਲਾਉਣ ਲਈ ਤਿਆਰ ਨਹੀਂ ਹੁੰਦੇ। ਅਜਿਹੇ ਹਾਲਾਤ ਵਿੱਚ ਹੋਣ ਵੀ ਕਿਉਂ?

ਜਿਹੜੇ ਲੋਕ ਸੇਵਾ ਦੇ ਨਾਂਅ ’ਤੇ ਸਿਆਸਤ ਵਿੱਚ ਆਉਂਦੇ ਹਨ, ਪਰ ਕਰਦੇ ਨਹੀਂ, ਉਹ ਸਿਆਸਤ ਨੂੰ ਹੀ ਬਦਨਾਮ ਨਹੀਂ ਕਰਦੇ, ਸਗੋਂ ਸੇਵਾ ਦੀ ਨਿਰਮਲਤਾ, ਪਵਿੱਤਰਤਾ ਅਤੇ ਸ਼ਰਧਾ ਨੂੰ ਵੀ ਨਹੀਂ ਬਖਸ਼ਦੇ। ਅਜਿਹਾ ਕਰਨਾ ਸੋਭਦਾ ਤਾਂ ਨਹੀਂ, ਪਰ ਸੇਵਾ ਦੇ ਨਾਂਅ ’ਤੇ ਸਿਆਸਤ ਚਮਕਾਉਣ ਵਾਲਿਆਂ ਦਾ ਕੋਈ ਕੀ ਕਰੇ? ਉਹਨਾਂ ਨੂੰ ਆਪਣੇ ਆਪ ’ਤੇ ਨਹੀਂ, ਸੇਵਾ ’ਤੇ ਤਰਸ ਕਰਨਾ ਚਾਹੀਦਾ ਹੈ ਅਤੇ ‘ਸਿਆਸਤ ਹੱਥੋਂ ਹੋ ਗਈ ਹੁਣ ਤਾਂ ਸੇਵਾ ਵੀ ਬਦਨਾਮ’ ਜਿਹੇ ਫ਼ਿਕਰੇ ਤੋਂ ਡਰਨਾ ਚਾਹੀਦਾ ਹੈ, ਤਾਂ ਕਿ ਲੋਕਾਂ ਦਾ ਵਿਸ਼ਵਾਸ ਨਾ ਟੁੱਟੇ ਅਤੇ ਸੱਚ ਦਾ ਸ਼ੀਸ਼ਾ ਕਿਰਚਾਂ-ਕਿਰਚਾਂ ਹੋਣ ਤੋਂ ਬਚਾਇਆ ਜਾ ਸਕੇ।

ਸਿਆਸਤ ਦਾ ਰਾਹ ਬਹੁਤ ਉੱਚਾ-ਸੁੱਚਾ ਹੈ, ਜਿਸ ਵਿੱਚ ਫਰੇਬ ਅਤੇ ਬੇਈਮਾਨੀ ਦੀ ਕੋਈ ਥਾਂ ਨਹੀਂ। ਜੇ ਇਸ ਵਿੱਚ ਘਪਲੇ ਹੁੰਦੇ ਹਨ, ਟਿਕਟਾਂ ਵੇਚ ਕੇ ਉਮੀਦਵਾਰ ਬਣਾਏ ਜਾਂਦੇ ਹਨ, ਵੱਢੀਆਂ ਲੈ ਕੇ ਚਾਹਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ, ਸਿਰਫ਼ ਅਤੇ ਸਿਰਫ਼ ਸਿਫ਼ਾਰਸ਼ੀਆਂ ਨੂੰ ਹੀ ਨਿਵਾਜਿਆ ਜਾਂਦਾ ਹੈ, ਵਿਰੋਧੀਆਂ ਨੂੰ ਨੁਕਰੇ ਲਾਇਆ ਜਾਂਦਾ ਹੈ, ਬਦਲੇ ਦੀ ਭਾਵਨਾ ਨੂੰ ਪੂਰਿਆ ਜਾਂਦਾ ਹੈ ਅਤੇ ਲੋਕਾਂ ਉੱਤੇ ਜਿਸਮਾਨੀ, ਮਾਨਸਿਕ ਤਸ਼ੱਦਦ ਕੀਤਾ ਜਾਂਦਾ ਹੈ, ਤਾਂ ਇਹ ਸਮਝੋ ਕਿ ਲੋਕਤੰਤਰ ਫ਼ੇਲ੍ਹ ਹੈ, ਪਾਸ ਨਹੀਂ; ਲੋਕਾਂ ਦੀ ਹਾਰ ਹੈ, ਜਿੱਤ ਨਹੀਂ। ਲੋਕਤੰਤਰ ਨੂੰ ਬਰਕਰਾਰ ਰੱਖਣ ਲਈ ਲੋਕਾਂ ਨੂੰ ਨਿਰੰਤਰ ਜਾਗਣਾ ਪਵੇਗਾ, ਤਾਂ ਕਿ ਸੇਵਾ ਦੇ ਨਾਂਅ ’ਤੇ ਸਿਆਸਤ ’ਚ ਆਉਣ ਵਾਲਿਆਂ ਨੂੰ ਸੇਵਾ ਦੇ ਕਾਰਜ ਨੂੰ ਕਤੱਈ ਭੁੱਲਣ ਨਾ ਦਿੱਤਾ ਜਾਵੇ।

**

ਆਜ਼ਾਦੀ ਰੰਗੇ ਬੋਲ

ਹਰ ਸਾਲ 15 ਅਗਸਤ ਆਜ਼ਾਦੀ ਦਾ ਚੇਤਾ ਕਰਵਾਉਂਦਾ ਹੈ, ਜਿਸ ਤੋਂ ਬਾਅਦ ਭਾਰਤ ਵਾਸੀ ਗ਼ੁਲਾਮ ਨਹੀਂ ਰਹੇ। ਜਿਨ੍ਹਾਂ ਚਤੁਰਾਈ ਨਾਲ ਦੇਸ ਦਾ ਰਾਜ-ਭਾਗ ਸੰਭਾਲ ਲਿਆ ਸੀ, ਉਹਨਾਂ ਨੂੰ ਭਾਰਤੀਆਂ ਦੀ ਬੁਲੰਦ ਆਵਾਜ਼ ਅੱਗੇ ਝੁਕਣਾ ਪਿਆ। ਭਾਰਤ ਦੇ ਯੋਧਿਆਂ ਨੇ ਸੂਰਮਤਾਈ ਦਿਖਾਈ ਅਤੇ ਅੰਗਰੇਜ਼ਾਂ ਨੂੰ ਚੁਣੌਤੀ ਦਿੱਤੀ, ਜਿਹੜੇ ਅੱਗ ਲੈਣ ਆਏ ਚੁੱਲ੍ਹੇ ਦੇ ਹੀ ਨਹੀਂ, ਘਰ ਦੇ ਹੀ ਮਾਲਕ ਬਣ ਕੇ ਬਹਿ ਗਏ। ਬਹਾਦਰਾਂ ਨੇ ਤਸੀਹੇ ਝੱਲੇ, ਮੁਸੀਬਤਾਂ ਨੂੰ ਟਿੱਚ ਕਰ ਕੇ ਜਾਣਿਆ ਅਤੇ ਵਕਤ ਦੇ ਸਫ਼ੇ ’ਤੇ ਲਹੂ-ਭਿੱਜਿਆ ਇਤਿਹਾਸ ਲਿਖਿਆ। ਦੇਸ ਤੋਂ ਲਹੂ ਵਾਰਨ ਵਾਲਿਆਂ ਸੂਰਬੀਰਾਂ ਨੂੰ ਸਮੁੱਚੇ ਭਾਰਤੀਆਂ ਵੱਲੋਂ ਸਤਿਕਾਰ ਭਰਿਆ ਸਲਾਮ, ਜਿਨ੍ਹਾਂ ਕਾਰਨ ਅੱਜ ਹਿੰਦ-ਵਾਸੀ ਆਜ਼ਾਦ ਫਿਜ਼ਾ ਵਿੱਚ ਆਨੰਦ ਮਾਨਣ ਵਾਲੇ ਹੋ ਗਏ। ਲੋਕ-ਰਾਜ ਕਾਇਮ ਹੋਇਆ, ਜਿਸ ਦਾ ਚਿਹਰਾ ਦਿਸਦਾ ਵੀ ਹੈ ਅਤੇ ਚਮਕਦਾ ਵੀ। ਜਿਸ ਆਜ਼ਾਦੀ ਦੇ ਸੂਰਜ ਨੂੰ ਦੂਰ ਤੋਂ ਆਈ ਕੌਮ ਨੇ ਬੁੱਕਲ ਵਿੱਚ ਲੁਕੋਇਆ ਹੋਇਆ ਸੀ, ਉਸ ਨੇ ਚਾਨਣ-ਚਾਨਣ ਕਰ ਦਿੱਤਾ, ਜਿਸ ਕਰ ਕੇ ਭਾਰਤੀ ਲੋਕਾਂ ਦੇ ਚਿਹਰਿਆਂ ’ਤੇ ਰੌਣਕ ਛਾ ਗਈ। ਇਸੇ ਪ੍ਰਸੰਗ ਵਿੱਚ ਕਵਿਤਾ ਪੇਸ਼ ਕਰਨੀ ਕੁਥਾਂ ਨਹੀਂ ਹੋਵੇਗੀ, ਜਿਸ ਵਿੱਚ ਲੋਕ-ਰਾਜ ਦੀ ਗੱਲ ਵੀ ਹੋਵੇਗੀ ਅਤੇ ਆਜ਼ਾਦੀ ਦੀ ਵੀ:

ਲੋਕਰਾਜ ਦਾ ਚਿਹਰਾ ਨੰਗ ਮੁਨੰਗਾ ਹੈ।
ਹਰ ਪਾਸੇ ਹੀ ਜਲਸਾ ਹੁਣ ਤਾਂ ਚੰਗਾ ਹੈ।

ਹੁਣ ਤਾਂ ਸਭ ਦਾ ਮੂਡ ਆਜ਼ਾਦੀ ਰੰਗਾ ਹੈ
ਹਰ ਆਦਮ ਦਾ ਖਿੜਿਆ ਪਿਆ ਮੁੜੰਗਾ ਹੈ।

ਬੁੱਕਲ ਵਿੱਚ ਲਕੋਈ ਫਿਰਦੇ ਸਨ ਸੂਰਜ
ਅੱਜ ਤਾਂ ਉਸਦਾ ਪੂਰਾ ਚਾਨਣ ਨੰਗਾ ਹੈ।

ਬਦਬੋਈ ਸੀ ਪੌਣਾਂ ਵਿੱਚ ਗ਼ੁਲਾਮੀ ਦੀ
ਆਜ਼ਾਦ ਫਿਜ਼ਾ ਦੀ ਵਗਦੀ ਹੁਣ ਤਾਂ ਗੰਗਾ ਹੈ।

ਕਿਤੇ ਅਮੀਰੀ ਕਿਤੇ ਗ਼ਰੀਬੀ ਦੇ ਚਰਚੇ
ਸਿਸਟਮ ਮੇਰੇ ਦੇਸ ਦਾ ਰੰਗ ਬਰੰਗਾ ਹੈ।

ਤੰਗੀ-ਤੁਰਸ਼ੀ ਵਿੱਚ ਵੀ ਭਾਵੇਂ ਰਹਿੰਦੇ ਲੋਕ
ਫਿਰ ਵੀ ਅੰਦਰੋਂ ਹਰ ਕੋਈ ਸਤਰੰਗਾ ਹੈ।

ਸੀਸ ਵਾਰ ਕੇ ਜਿਨ੍ਹਾਂ ਆਜ਼ਾਦੀ ਲੈ ਆਂਦੀ
ਉਨ੍ਹਾਂ ਵਰਗਾ ਹੋਰ ਨਾ ਕੋਈ ਪਤੰਗਾ ਹੈ।

ਰੋਜ਼ ਸਲਾਮ ਉਹਨਾਂ ਨੂੰ ਜਿਨ੍ਹਾਂ ਦੇ ਕਰ ਕੇ
ਦੇਸ ਦੇ ਸਿਰ ’ਤੇ ਝੁੱਲੇ ਪਿਆ ਤਰੰਗਾ ਹੈ।

**

ਲਤੀਫ਼ੇ ਦਾ ਚਿਹਰਾ-ਮੋਹਰਾ:

ਪਤੀ-ਪਤਨੀ ਝਗੜ ਪਏ ਤਾਂ ਪਤੀ ਗੁੱਸੇ ਵਿਚ ਭੜਕਿਆ, “ਤੈਥੋਂ ਆਜ਼ਾਦੀ ਪਤਾ ਨਹੀਂ ਕਦੋਂ ਮਿਲੂ?”

ਪਤਨੀ ਦਿੱਲੀ ਵੱਲ ਮੂੰਹ ਕਰ ਕੇ ਤੁਰਤ ਬੋਲੀ, “ਆਜ਼ਾਦੀ? ਜੇ ਇਹ ਮੰਗੀ ਤਾਂ ਤੇਰੇ ਵਿਰੁੱਧ ਰਿਸ਼ਤਾ-ਧਰੋਹ, ਘਰ-ਧ੍ਰੋਹ ਅਤੇ ਦੇਸ-ਧਰੋਹ ਦਾ ਕੇਸ ਦਰਜ ਕਰਵਾ ਦਿਆਂਗੀ।”

**

ਪੜ੍ਹਾਈ ਖ਼ਤਮ ਕਰਨ ਬਾਅਦ ਡਿਗਰੀਆਂ ਚੁੱਕ ਧਰਮ ਗੁਰੂ ਕੋਲ ਪਹੁੰਚੇ ਰਾਮ ਨੇ ਪੁੱਛਿਆ, “ਕਿਹੜਾ ਖੇਤਰ ਚੁਣਾ, ਜਿੱਥੇ ਕੈਰੀਅਰ ਚੰਗਾ ਬਣ ਜਾਵੇ?”

ਧਰਮ ਗੁਰੂ ਨੇ ਕਿਹਾ, “ਇਨਸਾਨ ਬਣ ਜਾ, ਚੰਗਾ ਫਲ ਮਿਲੇਗਾ, ਇਸ ਰਾਹ ’ਤੇ ਮੁਕਾਬਲੇਬਾਜ਼ੀ ਵੀ ਕੋਈ ਨਹੀਂ।”

*****

(404)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author