JatinderPannu7ਇਸ ਤੋਂ ਵੀ ਵੱਡੀ ਅਗਲੀ ਗੱਲ ਇਹ ਹੈ ਕਿ ਤੇਲ ਬਦਲੇ ਅਨਾਜ ਦੇ ਜਿਸ ...”
(ਜੁਲਾਈ 7, 2015)

 

 

ਭਾਰਤ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ ਬੀ ਆਈ ਸਿਰਫ ਇੱਕ ਤੋਤਾ ਹੈ, ਸਿਆਸੀ ਆਗੂਆਂ ਦੇ ਪਿੰਜਰੇ ਵਿੱਚ ਤੜਿਆ ਹੋਇਆ ਤੋਤਾ। ਇਹ ਗੱਲ ਇਸ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਦੇ ਜੱਜ ਸਾਹਿਬਾਨ ਨੇ ਜਦੋਂ ਕਹੀ ਸੀ, ਉਦੋਂ ਇਸ ਏਜੰਸੀ ਦੇ ਮੁਖੀ ਰਣਜੀਤ ਸਿਨਹਾ ਨੂੰ ਥੋੜ੍ਹੀ ਜਿਹੀ ਸ਼ਰਮ ਦਾ ਅਹਿਸਾਸ ਵੀ ਹੁੰਦਾ ਤਾਂ ਸੂਰਜ ਡੁੱਬਣ ਤੋਂ ਪਹਿਲਾਂ ਅਸਤੀਫਾ ਦੇ ਕੇ ਘਰ ਜਾ ਬੈਠਦਾ। ਰਣਜੀਤ ਸਿਨਹਾ ਨੇ ਇਸ ਤਰ੍ਹਾਂ ਕਰਨ ਦੀ ਥਾਂ ਲੀਡਰਾਂ ਦੇ ਤੋਤੇ ਵਾਲੀ ਆਪਣੀ ਪੇਸ਼ਕਾਰੀ ਜਾਰੀ ਰੱਖੀ ਸੀ। ਹੁਣ ਉਹ ਆਪ ਕਈ ਕੇਸਾਂ ਵਿੱਚ ਉਲਝਿਆ ਪਿਆ ਹੈ। ਚਿੰਤਾ ਵਾਲੀ ਕੋਈ ਗੱਲ ਫੇਰ ਵੀ ਨਹੀਂ, ਕੇਸ ਬਣਨ ਤੇ ਕੇਸ ਵਿੱਚੋਂ ਨਿੱਕਲ ਜਾਣ ਦੇ ਢੰਗ ਉਹ ਜਾਣਦਾ ਹੈ। ਅਸਲ ਵਿੱਚ ਇਕੱਲੀ ਸੀ ਬੀ ਆਈ ਨਹੀਂ, ਇਸ ਦੇਸ਼ ਦੀ ਲੱਗਭੱਗ ਹਰ ਜਾਂਚ ਏਜੰਸੀ ਵਿੱਚ ਲੀਡਰਾਂ ਦੀ ਪੜ੍ਹਾਈ ਹੋਈ ਪੱਟੀ ਰਟਣ ਵਾਲੇ ਤੋਤੇ ਭਰੇ ਪਏ ਹਨ। ਗੈਰਤ ਨਾਂਅ ਦੀ ਕੋਈ ਚੀਜ਼ ਆਪਣੇ ਕੋਲ ਉਹ ਨਹੀਂ ਰੱਖ ਸਕਦੇ। ਸਰਕਾਰ ਬਦਲਣ ਤੋਂ ਰੁਖ ਬਦਲਣ ਦੀ ਥਾਂ ਉਹ ਕਿਸੇ ਸਰਕਾਰ ਜਾਂ ਸ਼ਖਸੀਅਤ ਦੇ ਢਲ਼ ਰਹੇ ਪ੍ਰਛਾਵੇਂ ਵੇਖ ਕੇ ਹੀ ਮੌਕੇ ਦੇ ਮਾਹੌਲ ਵਿੱਚੋਂ ਨਵੇਂ ਹਾਕਮਾਂ ਦੇ ਨਕਸ਼ ਪਛਾਨਣੇ ਸ਼ੁਰੂ ਕਰ ਦੇਂਦੇ ਹਨ ਤੇ ਫਿਰ ਉਸੇ ਕਿਸਮ ਦਾ ਸਾਹਿਬ ਚਾਲੀਸਾ’ ਰਟਣਾ ਸ਼ੁਰੂ ਹੋ ਜਾਂਦਾ ਹੈ।

ਕ੍ਰਿਕਟ ਦੀ ਖੇਡ ਵਿੱਚ ਲਲਿਤ ਮੋਦੀ ਵਾਲੀ ਕਚਿਆਣ ਦਾ ਕਿੱਸਾ ਵੀ ਅੰਤ ਨੂੰ ਇਨ੍ਹਾਂ ਤੋਤਿਆਂ ਦੇ ਹਵਾਲੇ ਹੋਣਾ ਹੈ ਤੇ ਜਿੰਨੇ ਆਗੂ ਇਸ ਵਿੱਚ ਫਸਦੇ ਜਾਪਦੇ ਹਨ, ਉਹ ਅਸਤੀਫੇ ਦੇਣ ਦੀ ਥਾਂ ਬੇਸ਼ਰਮੀ ਨਾਲ ਇਸ ਲਈ ਡਟੇ ਖੜ੍ਹੇ ਹਨ ਕਿ ਉਨ੍ਹਾਂ ਨੂੰ ਇਹ ਯਕੀਨ ਹੈ ਕਿ ਅੰਤਲੇ ਨਤੀਜੇ ਵਿੱਚ ਕੁਝ ਨਹੀਂ ਹੋਣਾ। ਉਹਨਾਂ ਦਾ ਇਹ ਯਕੀਨ ਹਵਾਈ ਨਹੀਂ, ਹਕੀਕਤ ਦੀ ਬੁਨਿਆਦ ਉੱਤੇ ਹੈ, ਜਿਸ ਦੀਆਂ ਬਹੁਤ ਸਾਰੀਆਂ ਮਿਸਾਲਾਂ ਭਾਰਤ ਵਿੱਚ ਮੌਜੂਦ ਹਨ।

ਅਸੀਂ ਰਾਜੀਵ ਗਾਂਧੀ ਦੇ ਵਕਤ ਹੋਏ ਉਸ ਸੌਦੇ ਲਈ ਹੁਣ ਹੋਰ ਮਗਜ਼-ਪਚੀ ਕਰਨ ਦੀ ਲੋੜ ਨਹੀਂ ਸਮਝਦੇ,ਜਿਸ ਵਿੱਚ ਸਵੀਡਨ ਦੀ ਬੋਫੋਰਜ਼ ਤੋਪ ਕੰਪਨੀ ਤੋਂ ਹਾਵਿਟਜ਼ਰ ਤੋਪਾਂ ਖਰੀਦੀਆਂ ਗਈਆਂ ਸਨ। ਜਿਹਨਾਂ ਨੇ ਉਸ ਤੋਪ ਸੌਦੇ ਵਿੱਚ ਭ੍ਰਿਸ਼ਟਾਚਾਰ ਦਾ ਰੌਲਾ ਪਾ ਕੇ ਸਰਕਾਰਾਂ ਹਿਲਾ ਦਿੱਤੀਆਂ ਹਨ, ਬਾਅਦ ਵਿੱਚ ਉਹੋ ਉਸ ਸੌਦੇ ਦੇ ਦਲਾਲਾਂ ਨਾਲ ਸੈਨਤ ਮਿਲਾ ਕੇ ਆਪਣਾ ਹਿੱਸਾ ਖਰਾ ਕਰਨ ਪਿੱਛੋਂ ਉਹਨਾਂ ਦਾ ਬਚਾ ਕਰਦੇ ਵੇਖੇ ਗਏ ਸਨ। 'ਸੋਨੀਆ ਗਾਂਧੀ ਦੇ ਪੇਕਿਆਂ ਦੇ ਦੇਸ਼ ਦਾ' ਆਖ ਕੇ ਕੁਆਤਰੋਚੀ ਦਾ ਗੁੱਡਾ ਬੰਨ੍ਹਣ ਵਾਲੇ ਇਸ ਗੱਲ ਉੱਤੇ ਜ਼ਬਾਨ ਦੱਬਦੇ ਰਹੇ ਕਿ ਬੋਫੋਰਜ਼ ਦੇ ਕੇਸ ਵਿੱਚ ਜਿਹੜੇ ਹਿੰਦੂਜਾ ਭਰਾ ਚਰਚਿਤ ਸਨ, ਉਹ ਵੀ ਕੋਈ ਸੰਬੰਧ ਵਾਜਪਾਈ ਸਾਹਿਬ ਨਾਲ ਰੱਖਦੇ ਸਨ। ਉਸ ਕੇਸ ਵਿੱਚੋਂ ਉਹਨਾਂ ਦੀ ਜਾਨ ਛੁੱਟਣ ਦਾ ਰਾਹ ਵੀ ਵਾਜਪਾਈ ਸਰਕਾਰ ਨੇ ਹੀ ਦਿੱਤਾ ਸੀ। ਹੁਣ ਲਲਿਤ ਮੋਦੀ ਦਾ ਰੌਲਾ ਪਿਆ ਹੈ ਤਾਂ ਲਲਿਤ ਦੀ ਸਾਂਝ ਵੀ ਹਿੰਦੂਜਿਆਂ ਦੇ ਵਿਆਹ-ਸ਼ਾਦੀਆਂ ਵਿੱਚ ਦਿਸਣ ਤੱਕ ਦੀ ਨਿੱਕਲ ਆਈ ਹੈ।

ਐਨਰਾਨ ਦੇ ਡਾਭੋਲ ਬਿਜਲੀ ਪ੍ਰਾਜੈਕਟ ਦਾ ਕੇਸ ਵੀ ਹੁਣ ਲੋਕਾਂ ਨੂੰ ਭੁੱਲ ਗਿਆ ਹੈ। ਮਹਾਰਾਸ਼ਟਰ ਵਿੱਚ ਉਹ ਕੰਪਨੀ ਜਦੋਂ ਪ੍ਰਾਜੈਕਟ ਲਾਉਣ ਲੱਗੀ, ਉਦੋਂ ਕਾਂਗਰਸ ਦੇ ਨਰਸਿਮਹਾ ਰਾਓ ਦੀ ਸਰਕਾਰ ਸੀ। ਭਾਜਪਾ ਤੇ ਸ਼ਿਵ ਸੈਨਾ ਦੇ ਗੱਠਜੋੜ ਨੇ ਦੋਸ਼ ਲਾਇਆ ਕਿ ਇਹ ਪ੍ਰਾਜੈਕਟ ਪਾਸ ਕਰਨ ਲਈ ਨਰਸਿਮਹਾ ਰਾਓ ਦੇ ਬੰਦਿਆਂ ਨਾਲ ਐਨੇ ਹਜ਼ਾਰ ਕਰੋੜ ਦੀ ਰਿਸ਼ਵਤ ਦਾ ਸੌਦਾ ਵੱਜਾ ਹੈਨਰਸਿਮਹਾ ਰਾਓ ਤ੍ਰਹਿਕ ਗਿਆ ਤਾਂ ਫਾਈਲ ਰੁਕ ਗਈ। ਚੋਣਾਂ ਪਿੱਛੋਂ ਸਿਰਫ ਤੇਰਾਂ ਦਿਨਾਂ ਦਾ ਮੌਕਾ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੂੰ ਮਿਲਿਆ ਸੀ ਤੇ ਭਰੋਸੇ ਦਾ ਵੋਟ ਲੈਣ ਤੱਕ ਉਸ ਨੂੰ ਨੀਤੀਗਤ ਫੈਸਲੇ ਲੈਣ ਦਾ ਅਧਿਕਾਰ ਨਹੀਂ ਸੀ। ਇਸ ਦੇ ਬਾਵਜੂਦ ਉਹਨਾਂ ਤੇਰਾਂ ਦਿਨਾਂ ਵਿੱਚ ਐਨਰਾਨ ਦੇ ਪ੍ਰਾਜੈਕਟ ਨੂੰ ਵਾਜਪਾਈ ਸਰਕਾਰ ਨੇ ਮਨਜ਼ੂਰੀ ਦੇ ਦਿੱਤੀਜਿਹੜੀ ਕੰਪਨੀ ਨਰਸਿਮਹਾ ਰਾਓ ਨੂੰ ਕਈ ਹਜ਼ਾਰ ਕਰੋੜ ਦੇਣ ਵਾਸਤੇ ਤਿਆਰ ਸੀ, ਉਸ ਨੇ ਇਸ ਕੱਚੀ ਸਰਕਾਰ ਦੇ ਕਿਸ ਲੀਡਰ ਦਾ ਕਿੰਨਾ ਗੁੱਗਾ ਪੂਜਿਆ, ਅੱਜ ਤੱਕ ਭਾਰਤ ਦੇ ਲੋਕਾਂ ਨੂੰ ਪਤਾ ਨਹੀਂ। ਇਸ ਪ੍ਰਾਜੈਕਟ ਵਾਲੀ ਉਸੇ ਐਨਰਾਨ ਕੰਪਨੀ ਵਾਲੇ ਮਾਲਕ ਅਮਰੀਕਾ ਦੇ ਆਪਣੇ ਦੇਸ਼ ਵਿੱਚ ਕੁਝ ਚਿਰ ਪਿੱਛੋਂ ਫਰਾਡੀਏ ਸਾਬਤ ਹੋ ਕੇ ਜੇਲ੍ਹ ਵਿੱਚ ਪਹੁੰਚ ਗਏ ਸਨ। ਇਸ ਬਾਰੇ ਹੁਣ ਕੋਈ ਗੱਲ ਹੀ ਨਹੀਂ ਕਰਦਾ।

ਇੱਕ ਅਹਿਮ ਮਾਮਲਾ ਹੋਰ ਹੈ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਨਟਵਰ ਸਿੰਘ ਵਿਦੇਸ਼ ਮੰਤਰੀ ਹੁੰਦਾ ਸੀ। ਉਦੋਂ ਇੱਕ ਸੰਸਾਰ ਪੱਧਰ ਦਾ ਭ੍ਰਿਸ਼ਟਾਚਾਰੀ ਸਕੈਂਡਲ ਚਰਚਾ ਵਿੱਚ ਆ ਗਿਆ। ਇਰਾਕ ਵਿਰੁੱਧ ਅਮਰੀਕਾ ਦੀ ਪਹਿਲੀ ਜੰਗ ਦੇ ਬਾਅਦ ਜਦੋਂ ਜੰਗਬੰਦੀ ਹੋ ਗਈ ਅਤੇ ਇਰਾਕ ਦੇ ਖਿਲਾਫ ਪਾਬੰਦੀਆਂ ਲੱਗ ਗਈਆਂ ਤਾਂ ਲੰਮਾ ਸਮਾਂ ਖੁਸ਼ਹਾਲੀ ਹੰਢਾ ਚੁੱਕੇ ਉਸ ਦੇਸ਼ ਦੇ ਲੋਕਾਂ ਲਈ ਭੁੱਖ ਨਾਲ ਮਰਨ ਦੀ ਨੌਬਤ ਆ ਗਈ। ਉਦੋਂ ਇਸ ਬਾਰੇ ਖਾਸ ਚਰਚਾ ਦੇ ਬਾਅਦ ਸੰਸਾਰ ਦੀ ਸੱਥ ਯੂ ਐੱਨ ਓ ਦੀ ਸੁਰੱਖਿਆ ਕੌਂਸਲ ਨੇ ਦੋ ਵੱਖ-ਵੱਖ ਮਤੇ ਪਾਸ ਕਰ ਕੇ ਇਰਾਕ ਨੂੰ ਤੇਲ ਦੇ ਬਦਲੇ ਅਨਾਜ ਲੈਣ ਦੀ ਸੀਮਤ ਆਗਿਆ ਦੇ ਦਿੱਤੀ। ਇਰਾਕ ਦੇ ਲੋਕ ਫਸੇ ਹੋਏ ਸਨ। ਇਹੋ ਜਿਹੇ ਮੌਕੇ ਫਸੇ ਨੇ ਫਟਕਣਾ ਨਹੀਂ ਸੀ ਤੇ ਲੁਟੇਰੀ ਧਾੜ ਨੇ ਇਸ ਤੋਂ ਦਾਅ ਲਾਉਣ ਲਈ ਰਾਹ ਕੱਢ ਲਏ। ਕਰੀਬ ਸੋਲਾਂ ਸਾਲ ਬਾਅਦ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਜਰਮਨ ਬਰਾਂਚ ਨੇ ਇੱਕ ਕੇਸ ਦਰਜ ਕਰਵਾ ਦਿੱਤਾ ਕਿ ਕੁਝ ਜਰਮਨ ਕੰਪਨੀਆਂ ਨੇ ਇਰਾਕ ਨੂੰ ਤੇਲ ਬਦਲੇ ਅਨਾਜ ਦੇ ਸੌਦੇ ਵਿੱਚ ਕਰੋੜਾਂ ਦਾ ਲੈਣ-ਦੇਣ ਕੀਤਾ ਅਤੇ ਮੋਟੀ ਕਮਾਈ ਕੀਤੀ ਹੈ। ਇਸ ਤੋਂ ਬਾਕੀ ਦੇਸ਼ਾਂ ਦੀ ਚਰਚਾ ਵੀ ਚੱਲ ਪਈ ਤੇ ਗੱਲ ਚੱਲਦੀ ਭਾਰਤ ਤੱਕ ਆ ਗਈ। ਇੱਥੇ ਮਨਮੋਹਨ ਸਿੰਘ ਵਾਲੀ ਸਰਕਾਰ ਸੀ, ਜਿਹੜਾ ਨਰਿੰਦਰ ਮੋਦੀ ਵਾਂਗ ਇਹ ਭਾਵੇਂ ਨਹੀਂ ਸੀ ਕਹਿੰਦਾ ਕਿ ਮੈਂ ਕਿਸੇ ਨੂੰ ਖਾਣ ਵੀ ਨਹੀਂ ਦੇਵਾਂਗਾ, ਪਰ ਇਹ ਗੱਲ ਸਾਰੇ ਮੰਨਦੇ ਸਨ ਕਿ ਘੱਟੋ-ਘੱਟ ਉਹ ਆਪ ਕੁਝ ਨਹੀਂ ਖਾਂਦਾ। ਸੰਸਾਰ ਪੱਧਰ ਦੀ ਪੜਤਾਲ ਵਿੱਚ ਇਹ ਜ਼ਿਕਰ ਆ ਗਿਆ ਕਿ ਕਰੀਬ ਦਸ ਲੱਖ ਬੈਰਲ ਤੇਲ ਦੇ ਕੂਪਨਾਂ ਰਾਹੀਂ ਕਾਂਗਰਸ ਪਾਰਟੀ ਨੂੰ ਇਸ ਸੌਦੇ ਦਾ ਨਾਜਾਇਜ਼ ਲਾਭ ਮਿਲਿਆ ਹੈ। ਕਾਂਗਰਸ ਪਾਰਟੀ ਕਹਿੰਦੀ ਸੀ ਕਿ ਉਸ ਕੋਲ ਕਦੇ ਕੋਈ ਪੈਸੇ ਪਹੁੰਚੇ ਹੀ ਨਹੀਂ।

ਪੜਤਾਲ ਵਿੱਚੋਂ ਸਾਰੀ ਗੱਲ ਇਹ ਨਿੱਕਲੀ ਕਿ ਵਿਦੇਸ਼ ਮੰਤਰੀ ਨਟਵਰ ਸਿੰਘ ਦਾ ਮੁੰਡਾ ਜਗਤ ਸਿੰਘ ਕਾਂਗਰਸ ਦੇ ਯੂਥ ਲੀਡਰ ਵਜੋਂ ਇਰਾਕ ਜਾਂਦਾ ਤੇ ਸੱਦਾਮ ਹੁਸੈਨ ਤੱਕ ਸਿੱਧੀ ਪਹੁੰਚ ਰਾਹੀਂ ਕੂਪਨ ਲੈਂਦਾ ਰਿਹਾ ਹੈ। ਪਾਰਲੀਮੈਂਟ ਵਿੱਚ ਨਟਵਰ ਸਿੰਘ ਦੇ ਅਸਤੀਫੇ ਦੀ ਮੰਗ ਉੱਠੀ ਤਾਂ ਕਿਸੇ ਵੀ ਹੋਰ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਉਸ ਨੂੰ ਬਰਖਾਸਤ ਕਰਨ ਦੀ ਮੰਗ ਲਈ ਹੰਗਾਮਾ ਕੀਤਾ।

ਕਾਂਗਰਸ ਪਾਰਟੀ ਕਈ ਦਿਨ ਨਟਵਰ ਸਿੰਘ ਦਾ ਬਚਾ ਕਰਦੀ ਰਹੀ, ਪਰ ਨਟਵਰ ਸਿੰਘ ਦੇ ਇੱਕ ਪੁਰਾਣੇ ਜੋੜੀਦਾਰ ਨੇ ਫਸਾ ਦਿੱਤਾ। ਕਰੋਏਸ਼ੀਆ ਵਿੱਚ ਭਾਰਤੀ ਰਾਜਦੂਤ ਅਨਿਲ ਮਥਰਾਨੀ ਬੋਲ ਪਿਆ ਕਿ ਨਟਵਰ ਸਿੰਘ ਇਰਾਕ ਵਿੱਚ ਸਰਕਾਰੀ ਦੌਰੇ ਵਿੱਚ ਵੀ ਆਪਣੇ ਪੁੱਤਰ ਲਈ ਤੇਲ ਦੇ ਕੂਪਨ ਲੈਂਦਾ ਰਿਹਾ ਹੈ ਤੇ ਇਹ ਤੇਲ ਬਾਹਰ ਵੇਚ ਕੇ ਕਮਾਈ ਵੀ ਇਹਨਾਂ ਨੇ ਕੀਤੀ ਹੈ। ਥੋੜ੍ਹੇ ਦਿਨਾਂ ਵਿੱਚ ਇੱਕ ਜਾਂਚ ਏਜੰਸੀ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹ ਗੱਲ ਲੱਭ ਲਈ ਕਿ ਇੰਗਲੈਂਡ ਵਿੱਚ ਬੈਠੇ ਹੋਏ ਇੱਕ ਐੱਨ ਆਰ ਆਈ ਦੇ ਖਾਤੇ ਰਾਹੀਂ ਅੱਠ ਕਰੋੜ ਰੁਪਏ ਇੱਕ ਭਾਰਤੀ ਬੈਂਕ ਦੇ ਖਾਤੇ ਵਿੱਚ ਆਏ ਅਤੇ ਕੱਢ ਕੇ ਵੰਡੇ-ਵੰਡਾਏ ਗਏ ਹਨ। ਇਸ ਵਿੱਚ ਦੋ ਐੱਨ ਆਰ ਆਈਜ਼ ਦਾ ਨਾਂਅ ਆਇਆ। ਇੱਕ ਜਣਾ ਨਟਵਰ ਸਿੰਘ ਦਾ ਰਿਸ਼ਤੇਦਾਰ ਤੇ ਦੂਸਰਾ ਉਸ ਦੇ ਪੁੱਤਰ ਜਗਤ ਦਾ ਯਾਰ-ਬੈਲੀ ਸੀ। ਇਹ ਖੁਲਾਸੇ ਹੋਣ ਪਿੱਛੋਂ ਪਾਰਲੀਮੈਂਟ ਵਿੱਚ ਕਾਂਗਰਸ ਪਾਰਟੀ ਨੇ ਨਟਵਰ ਸਿੰਘ ਦਾ ਬਚਾ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਨਟਵਰ ਸਿੰਘ ਨੂੰ ਅਸਤੀਫਾ ਦੇਣਾ ਪੈ ਗਿਆ।

ਹੈਰਾਨ ਕਰਨ ਵਾਲੀ ਕਹਾਣੀ ਇੱਥੋਂ ਅੱਗੇ ਤੁਰਦੀ ਹੈ। ਪਾਰਲੀਮੈਂਟ ਵਿੱਚ ਨਟਵਰ ਸਿੰਘ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਭਾਜਪਾ ਆਗੂਆਂ ਨੇ ਮਜਬੂਰ ਕੀਤਾ, ਦੁਨੀਆ ਭਰ ਦਾ ਹਰ ਦੋਸ਼ ਭਾਜਪਾ ਆਗੂ ਉਸ ਉੱਤੇ ਲਾਈ ਗਏ, ਪਰ ਜਦੋਂ ਉਸ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਫਿਰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਉਸ ਨੇ ਜੈਪੁਰ ਜਾ ਕੇ ਭਾਜਪਾ ਦੀ ਉਸ ਰੈਲੀ ਵਿੱਚ ਕੀਤਾ, ਜਿੱਥੇ ਵਸੁੰਧਰਾ ਰਾਜੇ ਹਾਜ਼ਰ ਸੀ। ਨਹਿਰੂ-ਗਾਂਧੀ ਪਰਵਾਰ ਦਾ ਕੱਲ੍ਹ ਤੱਕ ਨੇੜੂ ਹੋਣ ਕਾਰਨ ਨਟਵਰ ਸਿੰਘ ਨੂੰ ਛੱਜ ਵਿੱਚ ਪਾ ਕੇ ਛੱਟਣ ਵਾਲੀ ਭਾਜਪਾ ਨੇ ਆਪਣੇ ਨਾਲ ਲਾ ਲਿਆ ਤੇ ਪਿਛਲੇ ਸਾਲ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜਸਥਾਨ ਵਿਧਾਨ ਸਭਾ ਚੋਣਾਂ ਦੌਰਾਨ ਨਟਵਰ ਸਿੰਘ ਦੇ ਉਸੇ ਬਦਨਾਮੀ ਖੱਟ ਚੁੱਕੇ ਪੁੱਤਰ ਜਗਤ ਸਿੰਘ ਨੂੰ ਟਿਕਟ ਦੇ ਦਿੱਤੀ। ਇਰਾਕ ਨਾਲ ਤੇਲ ਬਦਲੇ ਅਨਾਜ ਦੀ ਭੰਡੀ ਵਾਲਾ ਨਟਵਰ ਸਿੰਘ ਦਾ ਉਹੋ ਪੁੱਤਰ ਜਗਤ ਸਿੰਘ ਹੁਣ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਕਮਾਨ ਹਲਕੇ ਤੋਂ ਵਿਧਾਨ ਸਭਾ ਵਿੱਚ ਭਾਜਪਾ ਦਾ 'ਮਾਣਯੋਗ' ਮੈਂਬਰ ਹੈ। ਨਾ ਉਸ ਨੂੰ ਇਸ ਗੱਲ ਦੀ ਸ਼ਰਮ ਹੈ ਕਿ ਭਾਜਪਾ ਉਸ ਦੇ ਪਰਿਵਾਰ ਬਾਰੇ ਕੱਲ੍ਹ ਤੱਕ ਕੀ ਕਹਿੰਦੀ ਸੀ ਤੇ ਨਾ ਭਾਜਪਾ ਨੂੰ ਆਪਣੇ ਕਹੇ ਉਹਨਾਂ ਸ਼ਬਦਾਂ ਦੀ ਕੋਈ ਸ਼ਰਮ ਰਹੀ ਹੈ

ਇਸ ਤੋਂ ਵੀ ਵੱਡੀ ਅਗਲੀ ਗੱਲ ਇਹ ਹੈ ਕਿ ਤੇਲ ਬਦਲੇ ਅਨਾਜ ਦੇ ਜਿਸ ਸਕੈਂਡਲ ਨੇ ਉਸ ਵਕਤ ਦੇਸ਼ ਦੀ ਸਰਕਾਰ ਹਿਲਾ ਦਿੱਤੀ ਸੀ, ਕਈ ਦਿਨ ਪਾਰਲੀਮੈਂਟ ਠੱਪ ਹੋਈ ਰਹੀ ਅਤੇ ਕੋਈ ਕੰਮ ਵੀ ਨਹੀਂ ਸੀ ਹੋ ਸਕਿਆ, ਉਸ ਸਕੈਂਡਲ ਦਾ ਬਾਅਦ ਵਿੱਚ ਕੀ ਬਣਿਆ,ਕਦੇ ਕਿਸੇ ਨੇ ਪੁੱਛਿਆ ਹੀ ਨਹੀਂ। ਭਾਜਪਾ ਨੇ ਇਸ ਕਰਕੇ ਨਹੀਂ ਪੁੱਛਿਆ ਤੇ ਨਾ ਪੁੱਛਣਾ ਹੈ, ਕਿ ਪਿਤਾ-ਪੁੱਤਰ ਚੋਰ ਵੀ ਹੋਣ ਤਾਂ ਸਾਡੇ ਨਾਲ ਮਿਲ ਜਾਣ ਪਿੱਛੋਂ ਪੁੱਛਣ ਦੀ ਨਹੀਂ, ਪਰਦੇ ਢਕਣ ਦੀ ਲੋੜ ਹੈ। ਕਾਂਗਰਸ ਵਾਲੇ ਇਸ ਲਈ ਚੁੱਪ ਹਨ ਕਿ ਚਾਰ ਔਖੇ ਦਿਨ ਕੱਟਣ ਲਈ ਇਹ ਪਿਓ-ਪੁੱਤਰ ਭਾਜਪਾ ਵਿੱਚ ਚਲੇ ਵੀ ਗਏ ਤਾਂ ਕੋਈ ਖਾਸ ਗੱਲ ਨਹੀਂ, ਕਿਸੇ ਦਿਨ ਮੌਕਾ ਵੇਖ ਕੇ ਆਪਣੇ ਨਾਲ ਵੀ ਆ ਸਕਦੇ ਹਨ।

ਇਹ ਤਾਂ ਹੋਈਆਂ ਸਿਆਸੀ ਪਾਰਟੀਆਂ, ਜਿਹੜੀਆਂ ਜਦੋਂ ਰਾਜ ਕਰਨ ਤਾਂ ਭਾਰਤ ਨੂੰ ਸਿਆਸੀ ਸੇਧ ਦੇਂਦੀਆਂ ਹਨ, ਪਰ ਸਰਕਾਰੀ ਤੰਤਰ ਪਾਰਟੀਆਂ ਦੀ ਸਿਆਸਤ ਤੋਂ ਉੱਤੇ ਹੋਣਾ ਚਾਹੀਦਾ ਹੈ। ਕਿਹੜੀ ਪਾਰਟੀ ਰਾਜ ਕਰਦੀ ਤੇ ਕਿਹੜੀ ਮਹਿਲ ਵਿੱਚ ਵੜਨ ਦਾ ਮੌਕਾ ਲੱਭਦੀ ਹੈ, ਇਸ ਨਾਲ ਸਰਕਾਰੀ ਏਜੰਸੀਆਂ ਨੂੰ ਮਤਲਬ ਨਹੀਂ ਹੋਣਾ ਚਾਹੀਦਾ, ਪਰ ਇਹ ਆਦਰਸ਼ਕ ਵਿਚਾਰ ਹਨ, ਉਵੇਂ ਹੀ ਆਦਰਸ਼ਕ ਵਿਚਾਰ; ਜਿਵੇਂ ਦੇਸ਼ ਦਾ ਆਦਰਸ਼ ਚੋਣ ਜ਼ਾਬਤਾ ਹੁੰਦਾ ਹੈ, ਜਿਸ ਨੂੰ ਹਰ ਪਾਰਟੀ ਤੋੜਨ ਦਾ ਮੌਕਾ ਲੱਭਦੀ ਹੈ। ਚੋਣਾਂ ਵਿੱਚ ਜਿਵੇਂ ਚੋਣ ਕਮਿਸ਼ਨ ਨੂੰ ਤਕੜੀ ਧਿਰ ਦੇ ਨੁਕਸਾਂ ਵੱਲੋਂ ਅੱਖਾਂ ਮੀਟਣ ਵਿੱਚ ਹਰਜ ਨਹੀਂ ਹੁੰਦਾ, ਅੱਗੋਂ ਪਿੱਛੋਂ ਇਹਨਾਂ ਜਾਂਚ ਏਜੰਸੀਆਂ ਨੂੰ ਇਸ ਤਰ੍ਹਾਂ ਦੇ ਕੇਸਾਂ ਦੀਆਂ ਫਾਈਲਾਂ ਠੱਪੀ ਰੱਖਣ ਤੋਂ ਪਰਹੇਜ਼ ਨਹੀਂ ਹੁੰਦਾ। ਜਦੋਂ ਅਸੀਂ ਬੀਤੇ ਸਾਲਾਂ ਦੇ ਇਸ ਵਰਤਾਰੇ ਨੂੰ ਸਮਝ ਲਈਏ ਤਾਂ ਫਿਰ ਲਲਿਤ ਮੋਦੀ ਤੋਂ ਸੁਸ਼ਮਾ ਸਵਰਾਜ ਤੇ ਵਸੁੰਧਰਾ ਰਾਜੇ ਤੱਕ ਤੇ ਜ਼ਮੀਰਾਂ ਵੇਚਣ ਦੇ ਅਜੋਕੇ ਕਿੱਸੇ ਦਾ ਅੰਤਲਾ ਸਿਰਾ ਵੀ ਹੁਣੇ ਸਮਝ ਆ ਸਕਦਾ ਹੈ। ਚੋਰਾਂ ਦੀ ਆਪੋ ਵਿੱਚ ਬੀਤੇ ਸਮਿਆਂ ਵਿੱਚ ਵੀ ਨਾਨੀ-ਦੋਹਤੀ ਰਲ ਜਾਂਦੀ ਸੀ, ਇਸ ਨਵੇਂ ਕੇਸ ਵਿੱਚ ਵੀ ਏਦਾਂ ਹੀ ਬੁੱਤਾ ਸਰ ਜਾਵੇਗਾ, ਕਿਉਕਿ ਜਾਂਚ ਏਜੰਸੀਆਂ ਹੁਣ ਜਾਂਚ ਕਰਨ ਵਾਲੀਆਂ ਏਜੰਸੀਆਂ ਨਹੀਂ ਰਹਿ ਗਈਆਂ ਲੀਡਰਾਂ ਦੇ ਪਿੰਜਰੇ ਵਿੱਚ ਪਏ ਤੋਤੇ ਬਣ ਗਈਆਂ ਹਨ। ਏਡੀ ਹਨੇਰਗਰਦੀ ਵਾਲੇ ਦੇਸ਼ ਵਿੱਚ ਏਨਾ ਕੁ ਮਾਣ ਹੀ ਬਹੁਤ ਹੈ ਕਿ ਲੋਕਾਂ ਵੱਲੋਂ ਚੁਣੇ ਹੋਏ ਪ੍ਰਤੀਨਿਧ ਸੰਵਿਧਾਨ ਦੀ ਸਹੁੰ ਚੁੱਕ ਕੇ ਰਾਜ ਕਰਦੇ, ਜਾਂ ਰਾਜ ਕਰਨ ਦੇ ਨਾਂਅ ਉੱਤੇ ਉਹ ਸਾਰਾ ਕੁਝ ਕਰਦੇ ਹਨ, ਜਿਹੜਾ 'ਸੱਚੇ ਪਾਤਸ਼ਾਹ' ਦੀ ਦਸ ਵਾਰੀ ਝੂਠੀ ਸਹੁੰ ਖਾ ਕੇ ਕੋਈ ਪੱਕਾ ਠੱਗ ਕਰ ਸਕਦਾ ਹੈ। ਏਨਾ ਕੁ ਮਾਣ ਕੀਤਾ ਵੀ ਥੋੜ੍ਹਾ ਨਹੀਂ ਭਾਰਤ ਦੇ ਨਾਗਰਿਕਾਂ ਲਈ।

*****

(32)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author