UjagarSingh7“ਸੁਖਪਾਲ ਨੇ ਆਪਣੇ ਗੀਤਾਂ ਅਤੇ ਬੋਲੀਆਂ ਵਿਚ ਪਰਵਾਸ ਦੀ ਜ਼ਿੰਦਗੀ ਦੇ ਖੱਟੇ ਮਿੱਠੇ ਤਜਰਬਿਆਂ ...”
(ਜੁਲਾਈ 14, 2016)

SukhpalParmarBookAB

ਪੰਜਾਬ ਦੇਸ਼ ਭਗਤਾਂ, ਪੀਰ ਪੈਗੰਬਰਾਂ, ਕਲਾਕਾਰਾਂ, ਅਜ਼ਾਦੀ ਸੰਗਰਾਮੀਆਂ, ਗਦਰੀਆਂ ਅਤੇ ਵਾਰਿਸ ਸ਼ਾਹ ਵਰਗੇ ਕਵੀਆਂ ਦੀ ਧਰਤੀ ਹੈ ਜਿਨ੍ਹਾਂ ਨੇ ਪੰਜਾਬ ਦੀ ਵਿਰਾਸਤ ਤੇ ਪਹਿਰਾ ਦਿੰਦਿਆਂ ਪੰਜਾਬੀ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਨ੍ਹਾਂ ਮਹਾਨ ਵਿਅਕਤੀਆਂ ਦੀ ਵੱਖ ਵੱਖ ਤਰ੍ਹਾਂ ਦੀ ਫੁਲਵਾੜੀ ਪੰਜਾਬ ਵਿਚ ਪਰਫੁੱਲਤ ਹੋਈ ਹੈ ਤੇ ਉਹ ਹਰ ਤਰ੍ਹਾਂ ਦੀਆਂ ਖ਼ੁਸਬੋਆਂ ਖਿਲਾਰਦੀ ਹੋਈ ਪੰਜਾਬੀਆਂ ਦੇ ਦਿਲਾਂ ਨੂੰ ਸਰਸ਼ਾਰ ਕਰਦੀ ਰਹਿੰਦੀ ਹੈ। ਪੰਜਾਬ ਦੇ ਵਿਦਵਾਨਾਂ ਅਤੇ ਲਿਖਾਰੀਆਂ ਨੇ ਆਪੋ ਆਪਣੇ ਖੇਤਰ ਵਿਚ ਮਾਅਰਕੇ ਮਾਰੇ ਹਨ। ਜੇ ਭਗਤੀ ਅਤੇ ਸ਼ਕਤੀ ਦੀ ਗੱਲ ਕਰੀਏ ਤਾਂ ਗੁਰੂਆਂ ਅਤੇ ਪੀਰਾਂ ਨੇ ਗੁਰੂ ਗਰੰਥ ਸਾਹਿਬ ਦੀ ਰਚਨਾ ਕਰਕੇ ਮਾਨਵਤਾ ਨੂੰ ਸਚਾਈ, ਇਨਸਾਨੀਅਤ, ਸਰਬਤ ਦਾ ਭਲਾ ਅਤੇ ਪੰਗਤ ਤੇ ਸੰਗਤ ਦੀ ਵਿਚਾਰਧਾਰਾ ਦੇ ਕੇ ਸੱਚ ਦੇ ਮਾਰਗ ’ਤੇ ਚੱਲਣ ਦੀ ਪਰੇਰਨਾ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਨੇ ਸ਼ਕਤੀ ਦਾ ਮਾਰਗ ਚੁਣਕੇ ਜਦੋਂ ਅਤਿਆਚਾਰਾਂ ਵਿਚ ਵਾਧਾ ਹੋ ਜਾਵੇ ਤੇ ਹੋਰ ਕੋਈ ਹੀਲਾ ਨਾ ਰਹੇ ਤਾਂ ਗ਼ਰੀਬਾਂ ਅਤੇ ਮਜ਼ਲੂਮਾਂ ਦੇ ਬਚਾਓ ਲਈ ਤਲਵਾਰ ਚੁੱਕ ਕੇ ਸ਼ਕਤੀ ਦਾ ਪਰਯੋਗ ਕਰਨ ਨੂੰ ਤਰਜੀਹ ਦੇ ਕੇ ਅਗਵਾਈ ਕੀਤੀ ਹੈ।

ਇਸੇ ਤਰ੍ਹਾਂ ਜੇਕਰ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿਚ ਮੋਹਰੀ ਦੀ ਭੂਮਿਕਾ ਨਿਭਾਉਣ ਦਾ ਮੁਲਾਂਕਣ ਕਰੀਏ ਤਾਂ ਪੰਜਾਬੀਆਂ ਨੇ ਦੇਸ਼ ਦੀ ਦੋ ਫੀ ਸਦੀ ਆਬਾਦੀ ਹੋਣ ਦੇ ਬਾਵਜੂਦ ਵੀ ਮਹੱਤਵਪੂਰਨ ਯੋਗਦਾਨ ਪਾ ਕੇ ਦੇਸ਼ ਦੀ ਅਗਵਾਈ ਕੀਤੀ ਹੈ। ਗ਼ਦਰੀ ਬਾਬਿਆਂ ਨੇ ਪਰਵਾਸ ਵਿਚ ਰਹਿੰਦਿਆਂ ਮਹਿਸੂਸ ਕੀਤਾ ਕਿ ਨਸਲੀ ਵਿਤਕਰੇ ਦਾ ਮੁਕਾਬਲਾ ਕਰਨ ਲਈ ਕਲਮ ਅਤੇ ਤਲਵਾਰ ਚੁੱਕਣਾ ਕੋਈ ਔਖਾ ਕੰਮ ਨਹੀਂ। ਕਿਉਂਕਿ ਪੰਜਾਬੀ ਅਣਖ਼ੀ ਹਨ ਜੇਕਰ ਉਨ੍ਹਾਂ ਦੀ ਅਣਖ ਨੂੰ ਕੋਈ ਵੰਗਾਰਦਾ ਹੈ ਤਾਂ ਉਹ ਹਰ ਕੁਰਬਾਨੀ ਦੇਣ ਲਈ ਤੱਤਪਰ ਰਹਿੰਦੇ ਹਨ। ਦੇਸ਼ ਅਤੇ ਕੌਮ ਦੀ ਅਣਖ ਲਈ ਕੁਰਬਾਨੀ ਦੇਣਾ ਅਤਿਅੰਤ ਜਰੂਰੀ ਸਮਝਦੇ ਹਨ। ਗ਼ਦਰੀ ਬਾਬਿਆਂ ਨੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਪਰਵਾਸ ਵਿਚ ਆਪਣੇ ਅਖ਼ਬਾਰ ਕੱਢਕੇ ਉਨ੍ਹਾਂ ਵਿਚ ਦੇਸ ਭਗਤੀ ਦੀਆਂ ਕਵਿਤਾਵਾਂ ਪਰਕਾਸ਼ਤ ਕੀਤੀਆਂ।

ਇਸ ਖੇਤਰ ਵਿਚ ਸੁਖਪਾਲ ਸਿੰਘ ਪਰਮਾਰ ਪੰਜਾਬੀ ਵਿਚ ਬੋਲੀਆਂ ਟੱਪੇ ਅਤੇ ਗੀਤ ਲਿਖਣ ਵਾਲਾ ਅਜਿਹਾ ਗੀਤਕਾਰ ਹੈ ਜਿਹੜਾ ਭਰ ਜਵਾਨੀ ਵਿਚ ਉੰਨੀ ਸਾਲ ਦੀ ਉਮਰ ਵਿਚ ਰੋਜ਼ਗਾਰ ਦੀ ਤਲਾਸ਼ ਵਿਚ ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਪਰਵਾਸ ਕਰ ਗਿਆ ਪਰੰਤੂ ਆਪਣੀ ਮਾਤ ਭੂਮੀ ਨਾਲ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਗੀਤਾਂ ਰਾਹੀਂ ਲਿਖਕੇ ਜੁੜਿਆ ਹੋਇਆ ਹੈ ਭਾਵੇਂ ਉਸਨੇ 2009 ਵਿਚ ਬੋਲੀਆਂ ਅਤੇ ਟੱਪਿਆਂ ਦੀ ਇੱਕ ਪੁਸਤਕ ‘ਰੂਪ ਪੰਜਾਬਣ ਦਾ’ ਪਰਕਾਸ਼ਤ ਕਰਵਾਕੇ ਸਾਹਿਤਕ ਖੇਤਰ ਵਿਚ ਪਰਵੇਸ਼ ਕੀਤਾ।

ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਪਰਕਾਸ਼ਤ ਕੀਤੀ ਪੁਸਤਕ ‘ਆਸ ਦੀਆਂ ਕਿਰਨਾਂ’ ਵਿਚ ਵੀ ਉਸਦੇ ਗੀਤ ਸ਼ਾਮਲ ਕੀਤੇ ਗਏ ਹਨ। ਪਰੰਤੂ ਉਸਦੀ ਪਛਾਣ 2016 ਵਿਚ ਉਦੋਂ ਹੋਈ ਜਦੋਂ ਕੈਨੇਡਾ ਦੇ ਨੌਜਵਾਨ ਪਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ਵਿਚ ਕਾਮਾਗਾਟਾ ਮਾਰੂ ਜਹਾਜ ਵਿਚ ਨਿਹੱਥੇ ਭਾਰਤੀਆਂ ਨੂੰ ਕੈਨੇਡਾ ਦੀ ਧਰਤੀ ’ਤੇ ਉਤਰਨ ਤੋਂ ਵਰਜਣ ਅਤੇ ਭੁੱਖੇ ਭਾਣੇ ਦੋ ਮਹੀਨੇ ਤੱਕ ਜਹਾਜ਼ ਵਿਚ ਰੱਖਣ ਅਤੇ ਅਖ਼ੀਰ ਵਿਚ ਉਨ੍ਹਾਂ ਨੂੰ ਕੈਨੇਡਾ ਸਰਕਾਰ ਵੱਲੋਂ ਵਾਪਸ ਮੋੜਨ ਕਰਕੇ ਉਸ ਸਮੇਂ ਦੀ ਸਰਕਾਰ ਦੀ ਕੀਤੀ ਗਈ ਬੇਇਨਸਾਫੀ ਦੀ ਮੁਆਫ਼ੀ ਕੈਨੇਡਾ ਦੀ ਸੰਸਦ ਵਿਚ ਮੰਗਣ ਸਮੇਂ ਕਾਮਾਗਾਟਾ ਮਾਫ਼ੀਨਾਮਾ - ਨਾਮ ਦਾ ਗੀਤ ਲਿਖਿਆ, ਜਿਸਨੂੰ ਦਰਸ਼ਨ ਖੇਲਾ ਨੇ ਗਾਇਆ। ਇਹ ਗੀਤ ਐਨ ਉਸ ਮੌਕੇ ’ਤੇ ਲਿਖਿਆ ਗਿਆ ਜਦੋਂ ਕੈਨੇਡਾ ਦੀ ਸੰਸਦ ਵਿਚ ਜਸਟਿਨ ਟਰੂਡੋ ਪਰਧਾਨ ਮੰਤਰੀ ਨੇ ਮਾਫ਼ੀ ਮੰਗੀ ਇਸ ਕਰਕੇ ਹੀ ਇਹ ਗੀਤ ਪਰਵਾਸੀ ਪੰਜਾਬੀਆਂ ਵਿਚ ਬਹੁਤ ਹੀ ਹਰਮਨ ਪਿਆਰਾ ਹੋਇਆ, ਜਿਸਨੂੰ ਸੋਸ਼ਲ ਮੀਡੀਆ ’ਤੇ ਇੱਕ ਲੱਖ ਤੋਂ ਵੱਧ ਲੋਕਾਂ ਨੇ ਸੁਣਿਆ ਅਤੇ ਪਸੰਦ ਕੀਤਾ। ਭਾਵੇਂ ਉਸਨੇ ਹੋਰ ਬਹੁਤ ਸਾਰੇ ਗੀਤ ਲਿਖੇ ਹਨ ਪਰੰਤੂ ਇਸ ਗੀਤ ਨਾਲ ਸੁਖਪਾਲ ਪਰਮਾਰ ਆਪਣੀ ਪਛਾਣ ਸਮਾਜਿਕ ਸਰੋਕਾਰਾਂ ਦਾ ਗਾਇਕ ਬਣਨ ਲਈ ਬਣਾਉਣ ਵਿਚ ਸਫਲ ਹੋਇਆ ਹੈ। ਇਸ ਗੀਤ ਦੇ ਬੋਲ ਹਨ:

ਉੱਨੀ ਸੌ ਚੌਦਾਂ ਨੂੰ ਧੱਕਾ ਨਾਲ ਭਾਰਤੀਆਂ ਹੋਇਆ
ਸੀ ਦਰ ਤੋਂ ਮੋੜ ਦਿੱਤੇ ਜੋਰਾਂ ਨਾਲ ਸੀ ਬੂਹਾ ਢੋਇਆ।
ਸਭਨਾ ਨੂੰ ਦੱਸ ਦਿੱਤਾ ਜਿਹੜੀ ਹੋਈ ਸੀ ਬੇਇਨਸਾਫੀ
ਕਾਮਾਗਾਟਾ ਮਾਰੂ ਲਈ ਮੰਗ ਲਈ ਪਾਰਲੀਮੈਂਟ ’ਚੋਂ ਮਾਫ਼ੀ।
ਖੁੱਲ੍ਹਦਿਲੀ ਵਿਖਾ ਦਿੱਤੀ ਸਭ ਤੋਂ ਮੰਗ ਕੇ ਮਾਫ਼ੀਨਾਮਾ
ਆਗੂ ਨਹੀਂ ਟਰੂਡੋ ਜਿਹਾ ਜੰਮਣਾ ਵਿਚ ਕੈਨੇਡਾ ਮਾਵਾਂ

ਕਿਸੇ ਦੇਸ ਦੇ ਪੀ ਐਮ ਦਾ ਕਹਿ ਦੇਣਾ ਇੰਨਾ ਹੀ ਕਾਫੀ
ਕਾਮਾਗਾਟਾ ਮਾਰੂ ਲਈ ਮੰਗ ਲਈ ਪਾਰਲੀਮੈਂਟ ’ਚੋਂ ਮਾਫ਼ੀ।

ਵੈਸੇ ਸੁਖਪਾਲ ਪਰਮਾਰ ਨੇ ਪੰਜਾਹ ਕੁ ਗੀਤ ਲਿਖੇ ਹਨ। ਉਸਦੇ ਸਾਰੇ ਦੇ ਸਾਰੇ ਗੀਤ ਸਮਾਜਿਕ ਹੀ ਹਨ। ਸੁਖਪਾਲ ਦੀ ਵਿਲੱਖਣਤਾ ਇਸੇ ਵਿਚ ਹੈ ਕਿ ਉਸਨੇ ਆਪਣੇ ਗੀਤਾਂ ਵਿਚ ਰੋਮਾਂਟਿਕ ਗੱਲਾਂ ਨਹੀਂ ਕੀਤੀਆਂ ਜਦੋਂ ਕਿ ਬਹੁਤੇ ਗੀਤਕਾਰ ਫੋਕੀ ਸ਼ਾਹਵਾ-ਵਾਹਵਾ ਖੱਟਣ ਲਈ ਅਜਿਹੇ ਗੀਤ ਲਿਖਦੇ ਹਨ, ਜਿਨ੍ਹਾਂ ਨਾਲ ਨੌਜਵਾਨੀ ਕੁਰਾਹੇ ਪੈ ਜਾਂਦੀ ਹੈ ਅਤੇ ਉਨ੍ਹਾਂ ਗੀਤਾਂ ਦੇ ਅਰਥ ਵੀ ਸਾਰਥਿਕ ਨਹੀਂ ਹੁੰਦੇ। ਪਰਿਵਾਰਾਂ ਵਿਚ ਬੈਠ ਕੇ ਸੁਣੇ ਵੀ ਨਹੀਂ ਜਾ ਸਕਦੇ।

ਸੁਖਪਾਲ ਨੇ ਆਪਣੇ ਗੀਤਾਂ ਅਤੇ ਬੋਲੀਆਂ ਵਿਚ ਪਰਵਾਸ ਦੀ ਜ਼ਿੰਦਗੀ ਦੇ ਖੱਟੇ ਮਿੱਠੇ ਤਜਰਬਿਆਂ ਦਾ ਜ਼ਿਕਰ ਵੀ ਕੀਤਾ ਹੈ। ਪਰਵਾਸ ਵਿਚ ਆ ਕੇ ਪੰਜਾਬੀ ਆਪਣੇ ਵਿਰਸੇ ਨਾਲੋਂ ਕਿਵੇਂ ਟੁੱਟਦੇ ਅਤੇ ਜੁੜਦੇ ਵੀ ਵਿਖਾਏ ਗਏ ਹਨ। ਉਦਾਹਰਣ ਲਈ ਪਰਵਾਸ ਵਿਚ ਲੋਕ ਆਪਣੇ ਪੰਜਾਬੀ ਨਾਮ ਵੀ ਵਿਗਾੜ ਲੈਂਦੇ ਹਨ, ਜਿਵੇਂ ਸੁਰਿੰਦਰ ਨੂੰ ਸੈਂਡੀ ਅਤੇ ਗੁਰਿੰਦਰ ਨੂੰ ਗੈਰੀ ਆਦਿ ਲਿਖਣ ਲੱਗ ਜਾਂਦੇ ਹਨ। ਉਹ ਪਰਵਾਸ ਵਿਚ ਆ ਕੇ ਆਪਣੀ ਪਛਾਣ ਨੂੰ ਵੀ ਦਾਅ ਤੇ ਲਾਅ ਦਿੰਦੇ ਹਨ। ਉਸ ਦੇ ਗੀਤਾਂ ਵਿਚ ਕੈਨੇਡਾ ਵਿਚ ਪੰਜਾਬੀਆਂ ਵੱਲੋਂ ਮਾਰੀਆਂ ਗਈਆਂ ਮੱਲਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਹੈ। ਖਾਸ ਤੌਰ ਤੇ ਕੈਨੇਡਾ ਦੀ ਸੰਸਦ ਵਿਚ ਸਤਾਰਾਂ ਲੋਕ ਸਭਾ ਦੇ ਮੈਂਬਰਾਂ ਦਾ ਜਿੱਤਣਾ ਅਤੇ ਹਰਜੀਤ ਸਿੰਘ ਸਾਜਨ ਦਾ ਦੇਸ਼ ਦਾ ਰੱਖਿਆ ਮੰਤਰੀ ਬਣਨਾ। ਸੁਖਪਾਲ ਲਿਖਦਾ ਹੈ:

ਹਰ ਪਾਸੇ ਖੜਕੀਆਂ ਤਾਰਾਂ - ਮੰਨਣ ਸਮੇਂ ਦੀਆਂ ਸਰਕਾਰਾਂ।
ਜਦ ਚੁਣ ਕੇ ਭੇਜੇ ਸਤਾਰਾਂ - ਘਰ ਘਰ ਮੈਂ ਤੱਕਿਆ ਸਭ ਦੇ।

ਪੰਜਾਬੀ ਰੇਡੀਓ ਟੀ ਵੀ ਵੱਜਦੇ - ਮੇਲੇ ਵਿਚ ਗਰਾਊਂਡਾਂ ਲੱਗਦੇ।
ਅਸੀਂ ਸਾਂਝ ਪਿਆਰ ਦੀ ਪਾਈ ਜੀ ਵਿਚ ਕੈਨੇਡਾ।

ਸੁਖਪਾਲ ਪਰਮਾਰ ਨੇ ਪੰਜਾਬੀਆਂ ਦੀ ਹਰ ਖੇਤਰ ਜਿਵੇਂ ਡਾਕਟਰ, ਇੰਜਨੀਅਰ, ਪਾਇਲਟ, ਵਿਓਪਾਰ, ਖੇਡਾਂ, ਟੈਕਸੀਆਂ, ਖੇਤੀ ਆਦਿ ਦੀਆਂ ਪਰਾਪਤੀਆਂ ਦੇ ਸੋਹਲੇ ਗਾਏ ਹਨ। ਉਸ ਦੇ ਗੀਤਾਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪੰਜਾਬੀਆਂ ਨੇ ਬੜੀ ਮਿਹਨਤ ਕਰਕੇ ਪਰਾਪਤੀਆਂ ਕੀਤੀਆਂ ਹਨ ਅਤੇ ਨਗਰ ਕੀਰਤਨਾਂ ਅਤੇ ਲੰਗਰ ਪਰਥਾ ਨਾਲ ਵੀ ਕੁਦਰਤੀ ਕਰੋਪੀਆਂ ਦੇ ਪਰਭਾਵਤ ਲੋਕਾਂ ਨੂੰ ਖਾਣਾ ਦੇ ਕੇ ਨਾਮਣਾ ਖੱਟਿਆ ਹੈ। ਉਸ ਅਨੁਸਾਰ ਪੰਜਾਬ ਕੈਨੇਡਾ ਵਿਚ ਵਸਦਾ ਹੈ। ਉਸਦੇ ਗੀਤ ਇਹ ਵੀ ਕਹਿੰਦੇ ਹਨ ਕਿ ਡਾਲਰ ਦਰਖਤਾਂ ਨੂੰ ਨਹੀਂ ਲੱਗਦੇ ਸਖਤ ਮਿਹਨਤ ਕਰਨੀ ਪੈਂਦੀ ਹੈ। ਪੰਜਾਬੀਆਂ ਨੇ ਕੈਨੇਡਾ ਦੇ ਕਾਨੂੰਨਾਂ ਅੰਦਰ ਰਹਿੰਦਿਆਂ ਆਪਣੀ ਵਿਰਾਸਤ ’ਤੇ ਵੀ ਪਹਿਰਾ ਦਿੱਤਾ ਹੈ॥. ਇਸੇ ਕਰਕੇ ਜਿਸ ਪਲਾਟੂਨ ਨੇ ਕਾਮਾਗਾਟਾਮਾਰੂ ਜਹਾਜ ਨੂੰ ਕੈਨੇਡਾ ਵਿਚ ਵੜਨ ਨਹੀਂ ਦਿੱਤਾ ਸੀ ਉਸੇ ਪਲਾਟੂਨ ਦਾ ਮੁਖੀ ਹਰਜੀਤ ਸਿੰਘ ਸਾਜਨ ਨੂੰ ਬਣਨ ਦਾ ਮਾਣ ਮਿਲਿਆ ਹੈ। ਇਹ ਕੋਈ ਛੋਟੀ ਪਰਾਪਤੀ ਨਹੀਂ ਹੈ।

ਸੁਖਪਾਲ ਸਿੰਘ ਪਰਮਾਰ ਦਾ ਜਨਮ ਪਿਤਾ ਜੋਗਿੰਦਰ ਸਿੰਘ ਪਰਮਾਰ ਅਤੇ ਮਾਤਾ ਅਮਰ ਕੌਰ ਪਰਮਾਰ ਦੇ ਘਰ ਪੰਜ ਜੂਨ 1967 ਨੂੰ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਬਿੰਜੋ ਵਿਖੇ ਹੋਇਆ। ਉਹ ਦੋ ਭਰਾ ਅਤੇ ਇੱਕ ਭੈਣ ਹੈ। ਉਸਦਾ ਵਿਆਹ ਕੁਲਜੀਤ ਕੌਰ ਨਾਲ ਹੋਇਆ ਅਤੇ ਉਸਦੇ ਦੋ ਲੜਕੇ ਅਤੇ ਇੱਕ ਲੜਕੀ ਹੈ। ਜਦੋਂ ਉਹ ਬੀ ਏ ਪਾਰਟ ਫਸਟ ਵਿਚ ਪੜ੍ਹਦਾ ਸੀ ਤਾਂ ਉਸਨੂੰ ਉਸਦੇ ਵੱਡੇ ਭਰਾ ਨੇ 1986 ਵਿਚ ਕੈਨੇਡਾ ਬੁਲਾ ਲਿਆ। ਕੈਨੇਡਾ ਵਿਚ ਸੈਟਲ ਹੋਣ ਲਈ ਉਸਨੂੰ ਕਈ ਵੇਲਣ ਵੇਲਣੇ ਪਏ। ਪਹਿਲਾਂ ਫੈਕਟਰੀਆਂ ਵਿਚ ਕੰਮ ਕੀਤਾ ਫਿਰ ਟੈਕਸੀ ਚਲਾਈ ਅਤੇ ਹੁਣ ਉਹ ਸਰਕਾਰੀ ਬਸ ਚਲਾਉਂਦਾ ਹੈ। ਉਸਦੇ ਤਿੰਨੋ ਬੱਚੇ ਪੜ੍ਹੇ ਲਿਖੇ ਹਨ।

ਸਕੂਲ ਦੇ ਸਮੇਂ ਤੋਂ ਹੀ ਸੁਖਪਾਲ ਨੇ ਗੀਤ ਲਿਖਣੇ ਤੇ ਗਾਉਣੇ ਸ਼ੁਰੂ ਕਰ ਦਿੱਤੇ ਸਨ। ਸਾਹਿਤਕ ਮੱਸ ਉਸਨੂੰ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਵਿਚ ਹਿੱਸਾ ਲੈਣ ਲਈ ਪਰੇਰਦਾ ਰਿਹਾ। ਪੁਸਤਕਾਂ-ਰਸਾਲੇ-ਅਖਖ਼ਬਾਰ ਪੜ੍ਹਨਾ ਉਸਦਾ ਸ਼ੌਕ ਹੈ। ਖੇਡਾਂ ਵਿਚ ਵਿਸ਼ੇਸ਼ ਦਿਲਚਸਪੀ ਲੈਂਦਾ ਹੈ ਅਤੇ ਬੈਡਮਿੰਟਨ ਦਾ ਉਹ ਖਿਡਾਰੀ ਹੈ। ਵਿਹਲੇ ਸਮੇਂ ਵਿਚ ਲਾਇਬਰੇਰੀ ਜਾ ਕੇ ਸਾਹਿਤ ਦੀਆਂ ਪੁਸਤਕਾਂ ਪੜ੍ਹਨ ਨੂੰ ਤਰਜੀਹ ਦਿੰਦਾ ਹੈ।

*****

(352)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author